ਚੌਪਾ ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੌਪਾ ਸਿੰਘ. ਪਿੰਡ ਦੁਬੁਰਜੀ ਜ਼ਿਲ੍ਹਾ ਸਿਆਲਕੋਟ ਦਾ ਵਸਨੀਕ. ਇਹ ਸੱਜਨ ਦਸ਼ਮੇਸ਼ ਦਾ ਖਿਡਾਵਾ ਅਤੇ ਸਤਿਗੁਰੂ ਦਾ ਅਨੰਨ ਸਿੱਖ ਸੀ. ਇਸ ਦਾ ਬਣਾਇਆ ਇੱਕ ਰਹਿਤਨਾਮਾ ਭੀ ਹੈ, ਜੋ ਅਗ੍ਯਾਨੀ ਸਿੱਖਾਂ ਨੇ ਬਹੁਤ ਅਸ਼ੁੱਧ ਕਰ ਦਿੱਤਾ ਹੈ. ਦੇਖੋ, ਗੁਰੁਮਤਸੁਧਾਕਰ ਦੀ ਕਲਾ ੧੦.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2917, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੌਪਾ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੌਪਾ ਸਿੰਘ (ਅ.ਚ. 1724): ਪਹਿਲਾ ਨਾਂ ਚੌਪਤਿ ਰਾਇ, ਗੁਰੂ ਤੇਗ਼ ਬਹਾਦਰ (1621-75) ਅਤੇ ਫਿਰ ਗੁਰੂ ਗੋਬਿੰਦ ਸਿੰਘ ਦੇ ਲਸ਼ਕਰ ਵਿਚ ਉੱਘਾ ਸਿੱਖ ਸੀ। ਇਹ ਅਜੋਕੇ ਪਾਕਿਸਤਾਨ ਦੇ ਜਿਹਲਮ ਜ਼ਿਲੇ ਵਿਚਲੇ ਕੜਿਆਲਾ ਪਿੰਡ ਦੇ ਛਿੱਬਰ (ਬ੍ਰਾਹਮਣ) ਪਰਵਾਰ ਵਿਚ ਜੰਮਿਆ। ਇਸਦੇ ਦਾਦੇ ਗੌਤਮ ਨੇ ਸਿੱਖ ਧਰਮ ਵਿਚ ਪ੍ਰਵੇਸ਼ ਕੀਤਾ ਜਿਸਨੂੰ ਉਸਦੇ ਦੋ ਪੁੱਤਰਾਂ , ਪੈੜਾ ਅਤੇ ਪਰਾਗਾ , ਨੇ ਸ਼ਰਧਾਪੂਰਵਕ ਨਿਭਾਇਆ। ਪੈੜਾ, ਚੌਪਤਿ ਰਾਏ ਦਾ ਪਿਤਾ ਸੀ; ਪਰਾਗੇ ਦੇ ਜਿਨ੍ਹਾਂ ਵੰਸ਼ਜਾਂ ਨੇ ਅੱਗੇ ਚੱਲ ਕੇ ਗੁਰੂ ਹਰਿਗੋਬਿੰਦ (1595-1644) ਦੇ ਸਮੇਂ ਯੁੱਧ ਦੇ ਜੌਹਰ ਦਿਖਾਏ ਉਹਨਾਂ ਦੇ ਨਾਂ ਸਨ-ਦਰਗਹ ਮੱਲ , ਧਰਮ ਚੰਦ , ਗੁਰਬਖ਼ਸ਼ ਸਿੰਘ ਅਤੇ ਕੇਸਰ ਸਿੰਘ। ਚੌਪਤਿ ਰਾਇ ਨੂੰ ਉਸਦੇ ਮਾਪਿਆਂ ਨੇ ਗੁਰੂ ਘਰ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਕੀਤੀ ਜਿਸ ਉੱਤੇ ਚੱਲਦੇ ਹੋਏ ਇਹ ਗੁਰੂ ਹਰਿਰਾਇ ਸਾਹਿਬ ਦੇ ਸਮੇਂ ਤੋਂ ਗੁਰੂ ਘਰ ਦਾ ਸੇਵਕ ਬਣਿਆ ਰਿਹਾ। ਕੇਸਰ ਸਿੰਘ ਛਿੱਬਰ ਦੇ ਬੰਸਾਵਲੀਨਾਮਾ ਅਨੁਸਾਰ ਇਹ ਗੁਰੂ ਤੇਗ਼ ਬਹਾਦਰ ਜੀ ਨਾਲ ਪਟਨਾ ਗਿਆ ਜਿੱਥੇ ਇਹ (ਗੁਰੂ) ਗੋਬਿੰਦ ਸਿੰਘ ਜੀ ਦੇ ਬਚਪਨ ਵਿਚ ਉਹਨਾਂ ਦੇ ਖਿਡਾਵੇ ਦੇ ਤੌਰ ਤੇ ਸੇਵਾ ਕਰਦਾ ਰਿਹਾ। ਇਸਨੇ ਗੁਰੂ ਜੀ ਨੂੰ ਬਚਪਨ ਵਿਚ ਗੁਰਮੁਖੀ ਅਤੇ ਟਾਕਰੀ ਅੱਖਰ ਸਿਖਾਏ। ਜਦੋਂ 1699 ਵਿਚ, ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਣਾ ਕੀਤੀ ਤਾਂ ਚੌਪਤਿ ਰਾਇ ਵੀ ਖੰਡੇ ਦੀ ਪਾਹੁਲ ਲੈ ਕੇ ਚੌਪਾ ਸਿੰਘ ਬਣ ਗਿਆ। ਚੌਪਾ ਸਿੰਘ ਨਾਂ ਉਸ ਸਮੇਂ ਮਸ਼ਹੂਰ ਹੋਇਆ ਜਦੋਂ ਇਸਦਾ ਨਾਂ ਇਕ ਸਿੱਖ ਕਿਤਾਬਚੇ ਹਜ਼ੂਰੀ ਰਹਿਤਨਾਮਾ ਨਾਲ ਜੁੜ ਗਿਆ, ਜਿਸ ਨੂੰ ਆਮ ਤੌਰ ਤੇ ਰਹਿਤਨਾਮਾ ਚੌਪਾ ਸਿੰਘ ਕਿਹਾ ਜਾਂਦਾ ਹੈ। ਬੰਸਾਵਲੀਨਾਮਾ ਵਿਚ ਦਰਜ ਪਰਵਾਰਿਕ ਪਰੰਪਰਾ ਦੱਸਦੀ ਹੈ ਕਿ ਚੌਪਾ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾ ਰਹਿਤਨਾਮਾ ਲਿਖਣ ਲਈ ਕਿਹਾ, ਅਤੇ ਜਦੋਂ ਇਸਨੇ ਇਸ ਵੱਡੇ ਕੰਮ ਲਈ ਅਯੋਗਤਾ ਜਾਹਰ ਕੀਤੀ ਤਾਂ ਇਸਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਗੁਰੂ ਜੀ ਆਪ ਇਸ ਦੁਆਰਾ ਉਚਾਰੇ ਸ਼ਬਦਾਂ ਨੂੰ ਘੜਨ ਵਿਚ ਸਹਾਇਤਾ ਪ੍ਰਦਾਨ ਕਰਨਗੇ। ਇਕ ਸਿੱਖ, ਸੀਤਲ ਸਿੰਘ ਬਹਰੂਪੀਆਂ ਦੀ ਹੱਥ ਲਿਖਤ ਵਾਲੀ ਇਸ ਰਹਿਤਨਾਮੇ ਦੀ ਇਕ ਕਾਪੀ ਗੁਰੂ ਜੀ ਕੋਲ ਪ੍ਰਵਾਨਗੀ ਹਿਤ ਹਾਜ਼ਰ ਕੀਤੀ ਗਈ। ਪ੍ਰਚਲਿਤ ਰਚਨਾ ਦੀ ਅੰਤਿਮ ਟਿੱਪਣੀ ਇਸਦੇ ਲੇਖਕ ਬਾਰੇ ਸਪਸ਼ਟ ਨਹੀਂ ਅਤੇ ਇਸ ਵਿਚਲੀਆਂ ਕੁਝ ਹਿਦਾਇਤਾਂ ਪ੍ਰਵਾਨਿਤ ਸਿੱਖ ਮਰਯਾਦਾ ਨਾਲ ਮੇਲ ਨਹੀਂ ਖਾਂਦੀਆਂ। ਚੌਪਾ ਸਿੰਘ 1705 ਤਕ ਗੁਰੂ ਜੀ ਨਾਲ ਹੀ ਰਿਹਾ ਪਰ ਜਦੋਂ ਗੁਰੂ ਜੀ ਨੇ ਅਨੰਦਪੁਰ ਖ਼ਾਲੀ ਕਰ ਦਿੱਤਾ ਤਾਂ ਇਹ ਗੁਰੂ ਪਰਵਾਰ ਦੀਆਂ ਬੀਬੀਆਂ ਨਾਲ ਦਿੱਲੀ ਚੱਲਾ ਗਿਆ। 1724 ਵਿਚ, ਇਹ ਫਾਂਸੀ ਰਾਹੀਂ ਅਕਾਲ ਚਲਾਣਾ ਕਰਨ ਤਕ ਦਿੱਲੀ ਹੀ ਰਿਹਾ, 1706 ਵਿਚ ਇਹ ਕੁਝ ਸਮਾਂ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਵਾਂ ਨਾਲ ਗੁਰੂ ਜੀ ਨੂੰ ਮਿਲਣ ਤਲਵੰਡੀ ਸਾਬੋ ਗਿਆ। ਇਹ ਮਾਤਾ ਸੁੰਦਰੀ ਜੀ ਦੇ ਪਾਲਿਤ ਅਤੇ ਬਾਅਦ ਵਿਚ ਤਿਆਗ ਦਿੱਤੇ ਪੁੱਤਰ ਅਜੀਤ ਸਿੰਘ ਦੇ ਸ਼ਰਧਾਲੂ ਜਥੇ ਵਿਚ ਸ਼ਾਮਲ ਸੀ, ਜਿਸਨੇ ਖੁੱਲ੍ਹੇ-ਆਮ ਲੜਾਈ-ਝਗੜਾ ਕੀਤਾ ਜਿਸ ਵਿਚ ਇਕ ਮੁਸਲਿਮ ਫ਼ਕੀਰ ਮਾਰਿਆ ਗਿਆ। ਸਿੱਟੇ ਵਜੋਂ ਅਜੀਤ ਸਿੰਘ ਸਮੇਤ 60 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬਾਅਦ ਵਿਚ ਮਾਘ ਸੁਦੀ 4, 1780 ਬਿਕਰਮੀ/18 ਜਨਵਰੀ 1724 ਈ. ਨੂੰ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ। ਚੌਪਾ ਸਿੰਘ ਉਹਨਾਂ ਵਿਚੋਂ ਇਕ ਸੀ।


ਲੇਖਕ : ਪ.ਸ.ਪ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2893, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਚੌਪਾ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਚੌਪਾ ਸਿੰਘ : ਭਾਈ ਚਉਪਤਿ ਰਾਇਹ (ਚੌਪਾ ਸਿੰਘ) ਕੜਿਆਲਾ, ਜ਼ਿਲ੍ਹਾ ਜਿਹਲਮ (ਪਾਕਿਸਤਾਨ) ਦਾ ਰਹਿਣ ਵਾਲਾ ਛਿੱਬਰ ਬ੍ਰਾਹਮਣ ਸੀ। ਇਸ ਘਰਾਣੇ ਵਿਚ ਪਿਉ ਦਾਦੇ ਤੋਂ ਸਿੱਖੀ ਚਲੀ ਆ ਰਹੀ ਸੀ। ਇਸ ਦਾ ਬਾਬਾ ਗੋਤਮ ਗੁਰੂ ਘਰ ਦਾ ਸ਼ਰਧਾਲੂ ਸੀ ਅਤੇ ਇਸ ਦਾ ਪਿਤਾ ਪੇਰਾ ਸ੍ਰੀ ਗੁਰੂ ਹਰਿ ਗੋਬਿੰਦ ਜੀ ਦੇ ਬੀਰ ਜੋਧੇ ਭਾਈ ਪ੍ਰਾਗੇ ਦਾ ਵੱਡਾ ਭਰਾ ਸੀ। ਭਾਈ ਪੇਰੇ ਨੇ ਬਚਪਨ ਵਿਚ ਹੀ ਚਉਪਤਿ ਨੂੰ ਗੁਰੂ ਹਰਿ ਰਾਇ ਜੀ ਦੀ ਭੇਟ ਚੜ੍ਹਾ ਦਿੱਤਾ। ਪ੍ਰਾਗੇ ਦਾ ਪੋਤਾ ਦਰਗਧ ਮੱਲ ਉਸ ਸਮੇਂ ਸੱਤਵੇਂ ਗੁਰੂ ਦਾ ਦੀਵਾਨ ਸੀ, ਇਸ ਪਿੱਛੋਂ ਦਰਗਹ ਮੱਲ ਦੇ ਭਤੀਜੇ ਭਾਈ ਸਤੀ ਦਾਸ ਅਤੇ ਭਾਈ ਮਤੀ ਦਾਸ ਇਸ ਖ਼ਾਨਦਾਨ ਵਿਚੋਂ ਹੋਏ, ਜਿਨ੍ਹਾਂ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨਾਲ ਦਿੱਲੀ ਵਿਖੇ ਸ਼ਹੀਦੀ ਪ੍ਰਾਪਤ ਕੀਤੀ।

          ਚੌਪਾ ਸਿੰਘ ਨੂੰ ਚਾਰ ਗੁਰੂਆਂ ਦੀ ਲਗਾਤਾਰ ਸੰਗਤ ਕਰਨ ਦਾ ਮਾਣ ਮਿਲਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੂਰਬ ਵੱਲ ਦੇ ਦੌਰਿਆਂ ਸਮੇਂ ਇਹ ਨਾਲ ਹੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਬਚਪਨ ਵਿਚ ਖਿਡਾਉਂਦਾ ਰਿਹਾ ਸੀ। ਇਸ ਕਰਕੇ ਸਿੱਖ ਇਤਿਹਾਸ ਵਿਚ ਇਸ ਦਾ ਨਾਂ ਚੌਪਾ ਸਿੰਘ ਖਿਡਾਵਾ ਕਰਕੇ ਪ੍ਰਸਿੱਧ ਹੈ।

          ਜਦੋਂ ਪਹਿਲੀ ਵਾਰੀ ਗੁਰੂ ਦਸ਼ਮੇਸ਼ ਜੀ ਨੇ ਚੇਤ 1754 ਬਿਕ੍ਰਮੀ ਨੂੰ ਖੰਡੇ ਦੀ ਪਾਹੁਲ ਤਿਆਰ ਕੀਤੀ, ਤਾਂ ਪਹਿਲਾਂ ਇਸ ਬਜ਼ੁਰਗ ਸਿੱਖ ਨੂੰ ਪਾਹੁਲ ਦਿੱਤੀ ਗਈ ਸੀ। ਗੁਰੂ ਜੀ ਇਸ ਦਾ ਵਿਸ਼ੇਸ਼ ਆਦਰ ਕਰਦੇ ਸਨ। ਫਿਰ ਆਪ ਜੀ ਨੇ ਇਸ ਨੂੰ ਸਿੱਖੀ ਦਾ ਰਹਿਤਨਾਮਾ ਲਿਖਣ ਲਈ ਹੁਕਮ ਦਿੱਤਾ। ਇਸ ਨੇ ਬਿਬੇਕੀ ਮੁਕਤੇ ਸਿੱਖਾਂ (ਰਾਮ ਸਿੰਘ, ਫਤੇ ਸਿੰਘ, ਦੇਵਾ ਸਿੰਘ, ਈਸ਼ਰ ਸਿੰਘ ਅਤੇ ਟਹਿਲ ਸਿੰਘ) ਦੀ ਸਹਾਇਤਾ ਨਾਲ ਇਹ ਰਹਿਤਨਾਮਾ ਲਿਖਿਆ। ਪੜ੍ਹੇ ਲਿਖੇ ਮੁਨਸ਼ੀ ਮੁਸਦੀ ਸਿੱਖਾਂ ਦੀ ਇਹ ਮੰਗ ਸੀ ਕਿ ਜੋ ਰਹਿਤ ਲਿਖੀ ਜਾਵੇ, ਉਸ ਦੀ ਪੁਸ਼ਟੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਪ੍ਰਮਾਣ ਜ਼ਰੂਰ ਦਿੱਤੇ ਜਾਣ। ਭਾਈ ਚੌਪਾ ਸਿੰਘ ਨੇ ਇਹ ਸ਼ਰਤ ਵੀ ਪੂਰੀ ਕੀਤੀ ਅਤੇ ਥਾਂ-ਥਾਂ ਤੁਕਾਂ ਦਰਜ ਕੀਤੀਆਂ। ਇਹ ‘ਰਹਿਤਨਾਮਾ’ ਹਜ਼ੂਰੀ ਕਰਕੇ ਪ੍ਰਸਿੱਧ ਹੈ। ਭਾਈ ਚੌਪਾ ਸਿੰਘ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਸ ਨੇ ਨਵੀਂ ਖਾਲਸਾ ਜਥੇਬੰਦੀ ਦਾ ਧਾਰਮਿਕ ਵਿਧਾਨ ਤਿਆਰ ਕਰਨ ਵਿਚ ਮੋਹਰੀ ਹਿੱਸਾ ਪਾਇਆ।

          ਆਨੰਦਪੁਰ ਸਾਹਿਬ ਛੱਡਣ ਸਮੇਂ ਭਾਈ ਚੌਪਾ ਸਿੰਘ, ਮਾਮਾ ਕ੍ਰਿਪਾਲ ਚੰਦ ਅਤੇ ਮਾਤਾ ਸਾਹਿਬਾਨ ਨਾਲ ਦਿੱਲੀ ਚਲਿਆ ਗਿਆ ਅਤੇ ਉੱਥੇ ਕਾਫ਼ੀ ਸਮਾਂ ਰਿਹਾ। ਮਾਤਾ ਸੁੰਦਰੀ ਜੀ ਦੇ ਪਾਲਿਤ ਪੁੱਤਰ ਜੀਤ ਸਿੰਘ ਦੇ ਚੇਲਿਆਂ ਹੱਥੋਂ ਇਕ ਬੁੱਢਾ ਮੁਸਲਮਾਨ ਫ਼ਕੀਰ ਮਾਰਿਆ ਗਿਆ। ਮੁਗ਼ਲ ਹਾਕਮਾਂ ਨੇ ਬਹਾਨਾ ਬਣਾ ਕੇ ਮਾਤਾ ਜੀ ਕੋਲ ਰਹਿ ਰਹੇ 60 ਸਿੱਖਾਂ ਸਮੇਤ ਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਸ਼ਾਹੀ ਹੁਕਮ ਨਾਲ ਮਾਘ ਸੁਦੀ ਚੌਥ 1780 ਬਿ. ਨੂੰ ਸਭ ਨੂੰ ਕਤਲ ਕਰ ਦਿੱਤਾ ਗਿਆ। ਭਾਈ ਚੌਪਾ ਸਿੰਘ ਜੀ ਵੀ ਇਸੇ ਦਲ ਵਿਚ ਸ਼ਹੀਦ ਹੋ ਗਿਆ।

          ਹ. ਪੁ.––ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਰਤਨ––ਪਿਆਰਾ ਸਿੰਘ ਪਦਮ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2115, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.