ਚੌਪਾ ਸਿੰਘ, ਭਾਈ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚੌਪਾ ਸਿੰਘ, ਭਾਈ (ਮ. 1724 ਈ.): ਇਹ ਪੱਛਮੀ ਪੰਜਾਬ ਦੇ ਜੇਹਲਮ ਜ਼ਿਲ੍ਹੇ ਦੇ ਕੜਿਆਲਾ ਨਾਂ ਦੇ ਪਿੰਡ ਦਾ ਨਿਵਾਸੀ ਸੀ ਅਤੇ ਭਾਈ ਪਿਆਰਾ ਨਾਂ ਦੇ ਛਿੱਬਰ ਬ੍ਰਾਹਮਣ ਦੇ ਘਰ ਪੈਦਾ ਹੋਇਆ ਸੀ। ਇਸ ਦਾ ਪਹਿਲਾ ਨਾਂ ਚੌਪਤਿ (ਚਉਪਤਿ) ਰਾਇ ਸੀ। ਭਾਈ ਕੇਸਰ ਸਿੰਘ ਛਿੱਬਰ ਦੇ ‘ਬੰਸਾਵਲੀਨਾਮਾ ਦਸਾਂ ਪਾਤਿਸ਼ਾਹੀਆਂ ਕਾ ’ ਦੇ ਆਧਾਰ’ਤੇ ਇਹ ਗੁਰੂ ਤੇਗ ਬਹਾਦਰ ਜੀ ਦੇ ਨਾਲ ਪੂਰਬ ਦੀ ਯਾਤ੍ਰਾ ਉਤੇ ਗਿਆ ਸੀ। ਗੁਰੂ ਜੀ ਦੇ ਅਸਾਮ ਵਲ ਜਾਣ ਵੇਲੇ ਇਹ ਪਟਨਾ ਨਗਰ ਵਿਚ ਹੀ ਰਿਹਾ ਅਤੇ ਇਸ ਨੇ ਬਾਲਕ ਗੋਬਿੰਦ ਰਾਇ ਦੀ ਦੇਖ-ਭਾਲ ਕੀਤੀ। ਇਸੇ ਲਈ ਇਸ ਨੂੰ ਚੌਪਾ ਸਿੰਘ ‘ਖਿਡਾਵਾ’ ਵੀ ਕਿਹਾ ਜਾਂਦਾ ਹੈ।

            ਜਦੋਂ 1699 ਈ. ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਿਰਜਨਾ ਕੀਤੀ, ਤਾਂ ਪੰਜ ਪਿਆਰਿਆਂ ਤੋਂ ਬਾਦ ਇਸ ਨੇ ਵੀ ਅੰਮ੍ਰਿਤ ਛਕਿਆ ਅਤੇ ਚੌਪਤਿ ਰਾਇ ਤੋਂ ਚੌਪਾ ਸਿੰਘ ਬਣਿਆ। ਆਨੰਦਪੁਰ ਛਡਣ ਤਕ ਇਹ ਗੁਰੂ ਦਰਬਾਰ ਵਿਚ ਹੀ ਰਿਹਾ। ਉਸ ਤੋਂ ਬਾਦ ਮਾਤਾ ਸੁੰਦਰੀ ਨਾਲ ਦਿੱਲੀ ਚਲਾ ਗਿਆ ਅਤੇ ਮਾਤਾ ਜੀ ਦੀ ਸੇਵਾ ਵਿਚ ਹੀ ਰਿਹਾ। ਜਦੋਂ ਮਾਤਾ ਜੀ ਦੇ ਪਾਲਿਤ ਪੁੱਤਰ ਅਜੀਤ ਸਿੰਘ ਨੂੰ ਮੁਗ਼ਲ ਸਰਕਾਰ ਦੁਆਰਾ ਪਕੜ ਕੇ ਸੰਨ 1724 ਈ. ਵਿਚ ਕਤਲ ਕੀਤਾ ਗਿਆ, ਤਾਂ ਉਸ ਨਾਲ ਕਈ ਹੋਰ ਸਿੱਖ ਵੀ ਕਤਲ ਕੀਤੇ ਗਏ। ਉਨ੍ਹਾਂ ਵਿਚ ਚੌਪਾ ਸਿੰਘ ਵੀ ਸ਼ਾਮਲ ਸੀ।

            ਭਾਈ ਕੇਸਰ ਸਿੰਘ ਛਿੱਬਰ ਨੇ ਦਸਿਆ ਹੈ ਕਿ ਅੰਮ੍ਰਿਤਪਾਨ ਕਰਨ ਤੋਂ ਬਾਦ ਇਸ ਨੇ ਸਭ ਤੋਂ ਪਹਿਲਾ ‘ਰਹਿਤਨਾਮਾ ਬੁਧਿ ਬਿਬੇਕ ’ ਤਿਆਰ ਕੀਤਾ, ਜਿਸ ਲਈ ਇਸ ਨੂੰ ਕਈ ਮੁਕਤੇ ਸਿੱਖਾਂ (ਭਾਈ ਰਾਮ ਸਿੰਘ , ਫਤਹਿ ਸਿੰਘ, ਦੇਵਾ ਸਿੰਘ, ਈਸ਼ਰ ਸਿੰਘ , ਟਹਿਲ ਸਿੰਘ ਆਦਿ) ਦਾ ਸਹਿਯੋਗ ਪ੍ਰਾਪਤ ਰਿਹਾ। ਇਸ ਵਿਚਲੀ ਹਰ ਰਹਿਤ ਨੂੰ ਗੁਰਬਾਣੀ ਤੋਂ ਪ੍ਰਮਾਣ ਪੁਸ਼ਟ ਕੀਤਾ ਗਿਆ। ਇਸ ਵਿਚ ਕੁਲ 1800 ਰਹਿਤਾਂ ਦਰਜ ਹਨ। ਰਹਿਤਨਾਮੇ ਦੇ ਤਿਆਰ ਹੋ ਜਾਣ ਤੋਂ ਬਾਦ ਉਸ ਦੀ ਇਕ ਨਕਲ ਭਾਈ ਸੀਤਲ ਸਿੰਘ ਬਹੁਰੂਪੀਆ ਨੇ ਤਿਆਰ ਕੀਤੀ ਅਤੇ ਉਸ ਉਤੇ ਗੁਰੂ ਗੋਬਿੰਦ ਸਿੰਘ ਜੀ ਦੇ ਨੀਸਾਣ ਪਵਾਏ। ਪਰ ਸਾਰਾ ਕੁਝ ਇਸ ਰਹਿਤਨਾਮੇ ਨੂੰ ਪ੍ਰਮਾਣਿਕ ਬਣਾਉਣ ਦੇ ਉਦੇਸ਼ ਤੋਂ ਕੀਤਾ ਗਿਆ ਪ੍ਰਤੀਤ ਹੁੰਦਾ ਹੈ ਕਿਉਂਕਿ ਇਸ ਦੀ ਹੁਣ ਉਪਲਬਧ ਪਾਠ ਵਿਚ ਕਈ ਗੁਰਮਤਿ ਵਿਰੋਧੀ ਅਤੇ ਪੌਰਾਣਿਕ ਭਾਵਨਾ ਤੋਂ ਅਨੁਪ੍ਰਾਣਿਤ ਤੱਥ ਵੀ ਸ਼ਾਮਲ ਹੋ ਗਏ ਹਨ। ਨਾਲੇ ਇਸ ਦੀ ਭਾਸ਼ਾ ਬਹੁਤ ਨਵੀਂ ਹੈ। ਇਸ ਦਾ ਇਕ ਨਾਮਾਂਤਰ ‘ਰਹਿਤਨਾਮਾ ਹਜ਼ੂਰੀ’ ਵੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1371, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.