ਚੌਮਸਕੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਚੌਮਸਕੀ (1928): ਵੀਹਵੀਂ ਸਦੀ ਦੇ ਮਹਾਨ ਭਾਸ਼ਾ-ਵਿਗਿਆਨੀ ਚੌਮਸਕੀ (Noam Chomsky) ਦਾ ਜਨਮ 1928 ਵਿੱਚ ਅਮਰੀਕਾ ਦੇ ਸ਼ਹਿਰ ਫਿਲਾਡੇਲਫੀਆ (ਪੈਨਸਿਲਵਾਨੀਆ) ਵਿੱਚ ਪਿਤਾ ਵਿਲੀਅਮ ਚੌਮਸਕੀ ਅਤੇ ਮਾਤਾ ਐਲਸੀ ਚੌਮਸਕੀ ਦੇ ਘਰ ਹੋਇਆ। ਚੌਮਸਕੀ ਦੇ ਮਾਤਾ-ਪਿਤਾ ਰੂਸੀ ਪਿਛੋਕੜ ਦੇ ਸਨ। ਪਿਤਾ ਹਿਬਰਿਊ ਭਾਸ਼ਾ ਦੇ ਵਿਦਵਾਨ ਸਨ।

     ਚੌਮਸਕੀ ਨੇ ਆਪਣੀ ਮੁਢਲੀ ਵਿੱਦਿਆ ਸੈਂਟਰਲ ਸਕੂਲ ਆਫ਼ ਫਿਲਾਡੇਲਫੀਆ ਤੋਂ ਪ੍ਰਾਪਤ ਕੀਤੀ। 1945 ਵਿੱਚ ਭਾਸ਼ਾ-ਵਿਗਿਆਨ ਦੇ ਅਧਿਐਨ ਲਈ ਯੂਨੀਵਰਸਿਟੀ ਆਫ਼ ਪੈਨਸਿਲਵਾਨੀਆ (ਅਮਰੀਕਾ) ਵਿੱਚ ਦਾਖ਼ਲਾ ਲਿਆ। ਇੱਥੇ ਚੌਮਸਕੀ ਦਾ ਸੰਬੰਧ ਬਤੌਰ ਵਿਦਿਆਰਥੀ ਪ੍ਰਸਿੱਧ ਭਾਸ਼ਾ-ਵਿਗਿਆਨੀ ਜ਼ੈਲਿਗ ਹੈਰਿਸ ਨਾਲ ਹੋਇਆ। ਜੈਲਿਗ ਹੈਰਿਸ ਨੇ ਚੌਮਸਕੀ ਦੇ ਭਾਸ਼ਾ- ਵਿਗਿਆਨ ਅਤੇ ਸਮਾਜਿਕ-ਰਾਜਨੀਤਿਕ ਜੀਵਨ ਪ੍ਰਤਿ ਦ੍ਰਿਸ਼ਟੀਕੋਣ ਵਿੱਚ ਵੱਡਾ ਰੋਲ ਅਦਾ ਕੀਤਾ। 1949 ਵਿੱਚ ਉਸ ਦੀ ਸ਼ਾਦੀ ਕੈਰਲ ਸ਼ਾਟਜ ਨਾਲ ਹੋਈ। 1955 ਵਿੱਚ ਚੌਮਸਕੀ ਨੇ ਯੂਨੀਵਰਸਿਟੀ ਆਫ਼ ਪੈਨਸਿਲਵਾਨੀਆਂ ਤੋਂ ਪੀ-ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ।

     ਭਾਸ਼ਾ-ਵਿਗਿਆਨੀ ਵਜੋਂ ਚੌਮਸਕੀ ਦਾ ਜ਼ਿਆਦਾ ਚਰਚਾ ਇਸ ਦੀ 1957 ਵਿੱਚ ਛਪੀ ਪੁਸਤਕ ਸਿੰਟੈਕਟਿਕ ਸਟਰਕਚਰਜ (Syntactic Structures) ਨਾਲ ਹੋਇਆ। ਉਸ ਸਮੇਂ ਦੇ ਇੱਕ ਭਾਸ਼ਾ-ਵਿਗਿਆਨੀ ਈ. ਬਾਜ਼ੈਲ ਨੇ ਇਹ ਪੁਸਤਕ ਪੜ੍ਹ ਕੇ ਕਿਹਾ ਕਿ ਹੁਣ ਭਾਸ਼ਾ ਵਿਗਿਆਨ ਪਹਿਲਾਂ ਵਰਗਾ ਨਹੀਂ ਰਹੇਗਾ। ਇਸ ਪੁਸਤਕ ਨੇ ਵਾਸਤਵ ਵਿੱਚ ਭਾਸ਼ਾ-ਵਿਗਿਆਨਿਕ ਅਧਿਐਨਾਂ ਲਈ ਬਿਲਕੁਲ ਨਵੇਕਲਾ ਦ੍ਰਿਸ਼ਟੀਕੋਣ ਦਿੱਤਾ। ਚੌਮਸਕੀ ਵੱਲੋਂ ਪੇਸ਼ ਕੀਤੇ ਸਿਧਾਂਤ ਨੂੰ ਰੂਪਾਂਤਰੀ ਵਿਆਕਰਨ ਕਿਹਾ ਜਾਂਦਾ ਹੈ। ਇਸ ਸਿਧਾਂਤ ਦੀ ਸੰਖੇਪ ਅਤੇ ਸਰਲ ਵਿਆਖਿਆ ਨਿਮਨ ਅਨੁਸਾਰ ਹੋ ਸਕਦੀ ਹੈ :

     ਆਓ ਪੰਜਾਬੀ ਦੇ ਇਹਨਾਂ ਦੋ ਵਾਕਾਂ ’ਤੇ ਝਾਤ ਮਾਰੀਏ:

          1. ਮੈਂ ਚਾਹ ਪੀਤੀ।

          2. ਮੈਂ ਪਾਣੀ ਪੀਤਾ।

     ਹੁਣ ਇਹਨਾਂ ਦੀ ਤੁਲਨਾ (3) ਅਤੇ (4) ਨਾਲ ਕਰੀਏ:

          3. ਮੈਂ ਚਾਹ ਪੀਂਦਾ ਹਾਂ।

          4. ਮੈਂ ਚਾਹ ਪੀਂਦੀ ਹਾਂ।

     ਵਾਕ (3) ਵਿੱਚ ਬੋਲਣ ਵਾਲਾ ਮਰਦ ਹੈ ਅਤੇ ਕਿਰਿਆ ਦਾ ਰੂਪ (ਪੀਂਦਾ) ਪੁਲਿੰਗ ਹੈ। ਵਾਕ (4) ਵਿੱਚ ਬੋਲਣ ਵਾਲੀ ਔਰਤ ਹੈ ਅਤੇ ਕਿਰਿਆ ਦਾ ਰੂਪ (ਪੀਂਦੀ) ਇਸਤਰੀ ਲਿੰਗ ਹੈ। ਪਰ (1) ਅਤੇ (2) ਵਾਕ ਵਿੱਚ ਅਜਿਹਾ ਅੰਤਰ ਨਹੀਂ ਹੈ। ਇਹਨਾਂ ਵਾਕਾਂ ਨੂੰ ਬੋਲਣ ਵਾਲਾ ਚਾਹੇ ਮਰਦ ਹੋਵੇ ਚਾਹੇ ਔਰਤ, ਵਾਕਾਂ ਦਾ ਰੂਪ ਇਹੀ ਰਹੇਗਾ। ਇਸ ਦੇ ਕਾਰਨ ਦੀ ਵਿਆਖਿਆ ਕਰਨ ਲਈ (5) ਅਤੇ (6) ਵਾਕ ਮਦਦ ਕਰਦੇ ਹਨ :

          5. ਮੁੰਡਾ ਚਾਹ ਪੀਂਦਾ ਹੈ।

          6. ਮੁੰਡੇ ਨੇ ਚਾਹ ਪੀਤੀ।

     ਵਾਕ (5) ਵਿੱਚ ਕਿਰਿਆ (ਪੀਂਦਾ) ਪੁਲਿੰਗ ਰੂਪ ਵਿੱਚ ਹੈ ਕਿਉਂਕਿ ਵਾਕ ਦਾ ਵਿਸ਼ਾ ‘ਮੁੰਡਾ’ ਪੁਲਿੰਗ ਹੈ। ਪਰ (6) ਵਿੱਚ ਵੀ ਵਿਸ਼ਾ ‘ਮੁੰਡਾ’ ਤਾਂ ਪੁਲਿੰਗ ਹੀ ਹੈ, ਪਰ ਕਿਰਿਆ ‘ਪੀਤੀ’ ਇਸਤਰੀ ਲਿੰਗ ਵਿੱਚ ਹੈ, ਕਿਉਂਕਿ ਵਾਕ ਦਾ ਕਰਮ ‘ਚਾਹ’ ਇਸਤਰੀ ਲਿੰਗ ਹੈ। (5) ਅਤੇ (6) ਵਾਕਾਂ ਤੋਂ ਅਸੀਂ ਇਹ ਨਿਰਣਾ ਕਰ ਸਕਦੇ ਹਾਂ ਕਿ ਜੇ ਵਿਸ਼ੇ ਤੋਂ ਬਾਅਦ ਸੰਬੰਧਕ (ਨੇ) ਆਉਂਦਾ ਹੋਵੇ ਤਾਂ ਵਿਸ਼ੇ ਦਾ ਕਿਰਿਆ ਨਾਲ ਮੇਲ ਨਹੀਂ ਹੁੰਦਾ। ਪਰ (1) ਅਤੇ (2) ਵਿੱਚ ਤਾਂ ‘ਮੈਂ’ ਤੋਂ ਬਾਅਦ ‘ਨੇ’ ਨਹੀਂ ਹੈ, ਪਰ ਫਿਰ ਵੀ ਕਿਰਿਆ ਦਾ ਮੇਲ ਕਰਮ ‘ਚਾਹ’ (1) ਅਤੇ ਪਾਣੀ (2) ਨਾਲ ਹੁੰਦਾ ਹੈ। ਪਰ (1) ਤੇ (2) ਵਾਕ ਅਜਿਹੇ ਹਨ ਕਿ ਜੇ ਇਹਨਾਂ ਦਾ ਵਿਸ਼ਾ ਪਹਿਲਾ ਅਤੇ ਦੂਜਾ ਪੁਰਖ ਪੜਨਾਂਵ ਨਾ ਹੋਵੇ ਤਾਂ ਇੱਥੇ ਵੀ ‘ਨੇ’ ਆਵੇਗਾ। ਹੁਣ ਜੇ ਮੰਨ ਲਿਆ ਜਾਵੇ ਕਿ ਵਾਕ (1) ਅਤੇ (2) ਵਿੱਚ ਵੀ ਇੱਕ ਪੱਧਰ ਤੇ ‘ਨੇ’ ਮੌਜੂਦ ਹੈ ਪਰ ਬਾਅਦ ਵਿੱਚ ਇਸਦਾ ਲੋਪ ਹੋ ਗਿਆ ਹੈ ਤਾਂ (1) ਅਤੇ (2) ਵਾਕਾਂ ਦੀ ਵਿਆਕਰਨ ਅਸਾਨ ਵੀ ਹੋ ਜਾਏਗੀ ਤੇ ਇਹ ਵੀ ਦੱਸਿਆ ਜਾ ਸਕੇਗਾ ਕਿ (1) ਅਤੇ (2) ਵਾਕਾਂ ਵਿੱਚ ਕਿਰਿਆ ਦਾ ਮੇਲ ਵਿਸ਼ੇ ‘ਮੈਂ’ ਨਾਲ ਕਿਉਂ ਨਹੀਂ ਹੁੰਦਾ ਕਿਉਂਕਿ ਮੇਲ ਵੇਲੇ ‘ਨੇ’ ਵਿਦਮਾਨ ਹੈ ਪਰ ਬਾਅਦ ਵਿੱਚ ਇਸਦਾ ਲੋਪ ਹੋ ਗਿਆ ਹੈ। ਇਸ ਸਾਰੀ ਪ੍ਰਕਿਰਿਆ ਨੂੰ ਇਸ ਤਰ੍ਹਾਂ ਵਿਖਾਇਆ ਜਾ ਸਕਦਾ ਹੈ:

          ਮੈਂ ਨੇ ਚਾਹ ਪੀਤੀ।

       

          ‘ਨੇ’ ਲੋਪ

  

          ਮੈਂ ਚਾਹ ਪੀਤੀ।

     ਹੁਣ ਅਸੀਂ ‘ਮੈਂ ਨੇ ਚਾਹ ਪੀਤੀ’ ਨੂੰ ਅਰੰਭਕ ਬਣਤਰ ਅਤੇ ‘ਮੈਂ ਚਾਹ ਪੀਤੀ’ ਨੂੰ ਅੰਤਕ ਬਣਤਰ ਕਹਿ ਸਕਦੇ ਹਾਂ। ‘ਨੇ’ ਲੋਪ ਨੂੰ ਰੂਪਾਂਤਰ ਦਾ ਨਾਂ ਦਿੱਤਾ ਜਾ ਸਕਦਾ ਹੈ। ਇਸ ਤਰ੍ਹਾਂ ਵਾਕ ਦੀ ਸਿਰਜਣ ਪ੍ਰਕਿਰਿਆ ਦੀ ਤਸਵੀਰ ਕੁਝ ਇਸ ਤਰ੍ਹਾਂ ਬਣੇਗੀ :

           ਅਰੰਭਕ ਬਣਤਰ

            

           ਰੂਪਾਂਤਰ

            

          ਅੰਤਕ ਬਣਤਰ

     ਚੌਮਸਕੀ ਨੇ ਭਾਸ਼ਾ ਦੇ ਵਿਸ਼ਲੇਸ਼ਣ ਵਾਸਤੇ ਬਿਲਕੁਲ ਇਸ ਤਰ੍ਹਾਂ ਦਾ ਹੀ ਨਮੂਨਾ ਪੇਸ਼ ਕੀਤਾ। ਯਾਨੀ ਕਿ, ਵਾਕਾਂ ਦੀ ਸਿਰਜਣਾ ਇੱਕ ਤੋਂ ਵਧੇਰੇ ਪੱਧਰਾਂ ’ਤੇ ਹੁੰਦੀ ਹੈ ਅਤੇ ਇਹਨਾਂ ਦੋਹਾਂ ਪੱਧਰਾਂ ਵਿਚਕਾਰ ਕੁਝ ਤਬਦੀਲੀਆਂ ਆਉਂਦੀਆਂ ਹਨ ਜਿਨ੍ਹਾਂ ਨੂੰ ਰੂਪਾਂਤਰੀ ਨੇਮ ਕਿਹਾ ਜਾਂਦਾ ਹੈ।

     ਭਾਸ਼ਾ ਵਿਸ਼ਲੇਸ਼ਣ ਦਾ ਇਹ ਨਮੂਨਾ ਪਹਿਲੇ ਨਮੂਨਿਆਂ ਨਾਲੋਂ ਬਿਲਕੁਲ ਵੱਖਰਾ ਸੀ ਕਿਉਂਕਿ ਪਹਿਲੇ ਸਿਧਾਂਤ ਵਿੱਚ ਨਾ ਤਾਂ ਇੱਕ ਤੋਂ ਵਧੇਰੇ ਪੱਧਰ ਦਾ ਵਿਚਾਰ ਸੀ ਅਤੇ ਨਾ ਹੀ ਰੂਪਾਂਤਰੀ ਨੇਮ। ਚੌਮਸਕੀ ਦੇ ਇਸ ਸਿਧਾਂਤ ਨੇ ਭਾਸ਼ਾ ਦੇ ਅਨੇਕਾਂ ਅਜਿਹੇ ਤੱਥਾਂ ਦੀ ਵਿਆਖਿਆ ਸੰਭਵ ਬਣਾਈ ਜਿਨ੍ਹਾਂ ਦੀ ਵਿਆਖਿਆ ਪਹਿਲੇ ਸਿਧਾਂਤ ਨਹੀਂ ਸਨ ਕਰ ਸਕਦੇ। ਇਸ ਕਰ ਕੇ ਚੌਮਸਕੀ ਦੇ ਸਿਧਾਂਤ ਨੂੰ ਬਹੁਤ ਪ੍ਰਵਾਨਗੀ ਮਿਲੀ। ਇਸ ਸਿਧਾਂਤ ਨੂੰ ਕਈ ਮਿਲਦੇ-ਜੁਲਦੇ ਜਿਹੇ ਨਾਂ ਦਿੱਤੇ ਗਏ ਹਨ। ਪੰਜਾਬੀ ਵਿੱਚ ਇਸ ਲਈ ‘ਰੂਪਾਂਤਰੀ ਵਿਆਕਰਨ’ ਸਭ ਤੋਂ ਵਧੇਰੇ ਪ੍ਰਚਲਿਤ ਨਾਂ ਹੈ। ਚੌਮਸਕੀ ਅਨੁਸਾਰ ਉਸ ਦਾ ਵਿਆਕਰਨਿਕ ਸਿਧਾਂਤ ਦੁਨੀਆ ਦੇ ਮਹਾਨ ਵਿਆਕਰਨਕਾਰ, ਅਸ਼ਟਾਧਿਆਈ ਪੁਸਤਕ ਦੇ ਰਚੇਤਾ ਪੁਰਾਤਨ ਭਾਰਤ ਦੇ ਭਾਸ਼ਾ-ਵਿਗਿਆਨੀ ਪਾਣਿਨੀ ਦੇ ਸਿਧਾਂਤ ਨਾਲ ਮਿਲਦਾ ਹੈ। ਆਸਪੈਕਟ ਆਫ਼ ਦਾ ਥਿਊਰੀ ਆਫ਼ ਸਿੰਟੈਕਸ (1965) ਪੁਸਤਕ ਦੀ ਪ੍ਰਸਤਾਵਨਾ ਵਿੱਚ ਉਹ ਇਹ ਬਿਆਨ ਦਰਜ ਕਰਦਾ ਹੈ।

     ਇੱਥੇ ਅਸੀਂ ਇੱਕੋ ਤੱਥ ‘ਲੋਪ’ ਨਾਲ ਚੌਮਸਕੀ ਦੇ ਸਿਧਾਂਤ ਬਾਰੇ ਵਿਆਖਿਆ ਪੇਸ਼ ਕੀਤੀ ਹੈ ਅਤੇ ਇਸ ਤੱਥ ਦੇ ਆਧਾਰ ’ਤੇ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਚੌਮਸਕੀ ਦਾ ਸਿਧਾਂਤ ਪਹਿਲੇ ਸਿਧਾਂਤਾਂ ਨਾਲੋਂ ਕਿਵੇਂ ਵੱਖਰਾ ਅਤੇ ਬਿਹਤਰ ਹੈ। ਹੋਰ ਵੀ ਬਹੁਤ ਤੱਥ ਹਨ, ਜਿਨ੍ਹਾਂ ਨੂੰ ਇਸ ਸਿਧਾਂਤ ਦੇ ਪੱਖ ਵਿੱਚ ਸਬੂਤ ਵਜੋਂ ਪੇਸ਼ ਕੀਤਾ ਜਾ ਸਕਦਾ ਹੈ।

     ਚੌਮਸਕੀ ਨੇ ਭਾਸ਼ਾ-ਵਿਗਿਆਨ ’ਤੇ ਬਹੁਤ ਪੁਸਤਕਾਂ ਅਤੇ ਖੋਜ-ਪੱਤਰ ਲਿਖੇ ਹਨ। ਇਹਨਾਂ ਵਿੱਚੋਂ ਕੁਝ ਮੁੱਖ ਪੁਸਤਕਾਂ ਇਹ ਹਨ: ਸਿੰਟੈਕਟਿਕ ਸਟਰਕਚਰਜ਼ (1950), ਆਸਪੈਕਟਸ ਆਫ਼ ਦਾ ਥਿਊਰੀ ਆਫ਼ ਸਿੰਟੈਕਸ (1965), ਲੈਕਚਰਜ਼ ਆਨ ਗਵਰਨਮੈਂਟ ਐਂਡ ਬਾਈਂਡਿੰਗ (1980), ਨੌਲਿਜ ਆਫ਼ ਲੈਂਗੂਏਜ: ਇਟਸ ਨੇਚਰ, ਔਰਿਜਨ, ਐਂਡ ਯੂਜ਼ (1986), ਬੈਰੀਅਰਜ਼ (1986), ਦਾ ਮਿਨੀਮਲਿਸਟ ਪ੍ਰੋਗਰਾਮ (1995), ਨਿਊ ਹਰਾਈਜ਼ਨਜ਼ ਇਨ ਦਾ ਸਟੱਡੀ ਆਫ਼ ਲੈਂਗੂਏਜ ਐਂਡ ਮਾਈਂਡ (2000)।

     ਭਾਸ਼ਾ ਬਾਰੇ ਚੌਮਸਕੀ ਦੇ ਕੁਝ ਹੋਰ ਮੂਲ ਵਿਚਾਰ ਹਨ ਜਿਨ੍ਹਾਂ ਬਾਰੇ ਵਿਦਵਾਨਾਂ ਵਿੱਚ ਸਹਿਮਤੀ ਦੀ ਘਾਟ ਹੈ। ਚੌਮਸਕੀ ਅਨੁਸਾਰ ਵਿਆਕਰਨ ਦਾ ਕੇਂਦਰੀ ਹਿੱਸਾ, ਜਿਸ ਨੂੰ ਉਹ ਸਰਬਵਿਆਪਕ ਵਿਆਕਰਨ (Universal Grammar) ਕਹਿੰਦਾ ਹੈ, ਬੱਚੇ ਦੇ ਦਿਮਾਗ਼ ਵਿੱਚ ਜਨਮਜਾਤ ਰੂਪ ਵਿੱਚ ਮੌਜੂਦ ਹੁੰਦਾ ਹੈ। ਜਦੋਂ ਬੱਚੇ ਦੇ ਚਾਰ-ਚੁਫ਼ੇਰੇ ਭਾਸ਼ਾ ਬੋਲੀ ਜਾਂਦੀ ਹੈ ਤਾਂ ਦਿਮਾਗ਼ ਦਾ ਇਹ ਭਾਸ਼ਾ ਵਾਲਾ ਹਿੱਸਾ ਸਰਗਰਮ ਹੋ ਕੇ ਵਿਕਾਸ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ 4-5 ਸਾਲ ਦੀ ਉਮਰ ਤੱਕ ਇਹ ਵਿਕਸਿਤ ਹੋ ਜਾਂਦਾ ਹੈ। ਇਸ ਧਾਰਨਾ ਦੇ ਹੱਕ ਵਿੱਚ ਚੌਮਸਕੀ ਦੀ ਦਲੀਲ ਇਹ ਹੈ ਕਿ ਜੇਕਰ ਵਿਆਕਰਨ ਦੇ ਕੇਂਦਰੀ ਨੇਮ ਬੱਚੇ ਦੇ ਦਿਮਾਗ਼ ਦਾ ਜਨਮਜਾਤ ਹਿੱਸਾ ਨਾ ਹੋਣ ਤਾਂ ਬੱਚਾ ਵਿਆਕਰਨਿਕ ਨੇਮਾਂ ਤੇ ਇੰਨੀ ਜਲਦੀ ਮੁਹਾਰਤ ਹਾਸਲ ਨਹੀਂ ਕਰ ਸਕਦਾ।

     ਚੌਮਸਕੀ ਨੇ ਭਾਸ਼ਾ-ਵਿਗਿਆਨ ਦੇ ਨਾਲ-ਨਾਲ ਰਾਜਨੀਤਿਕ ਚਿੰਤਨ ਧਾਰਾ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ। ਉਹ ਆਪਣੇ-ਆਪ ਨੂੰ ਉਦਾਰਵਾਦੀ- ਸਮਾਜਵਾਦੀ (Libertarian-Socialist) ਕਹਿੰਦਾ ਹੈ ਅਤੇ ਅਨਾਰਕੋ-ਸਿੰਡੀਕੇਲਿਜ਼ਮ (Anarcho-Syndicalism) ਦੀ ਵਿਚਾਰਧਾਰਾ ਨਾਲ ਨੇੜਤਾ ਰੱਖਦਾ ਹੈ। ਅਮਰੀਕੀ ਹਾਕਮ ਜਮਾਤ ਦਾ ਉਹ ਬਹੁਤ ਤਿੱਖਾ ਆਲੋਚਕ ਹੈ, ਵਿਸ਼ੇਸ਼ ਤੌਰ ’ਤੇ ਅਮਰੀਕੀ ਸਾਮਰਾਜ ਵੱਲੋਂ ਸੰਸਾਰ ਪੱਧਰ ’ਤੇ ਕੀਤੀ ਜਾਂਦੀ ਆਰਥਿਕ ਅਤੇ ਫ਼ੌਜੀ ਦਖ਼ਲਅੰਦਾਜ਼ੀ ਦੇ। ਵੀਅਤਨਾਮ ਵਿੱਚ ਅਮਰੀਕੀ ਫ਼ੌਜੀ ਦਖ਼ਲਅੰਦਾਜ਼ੀ ਦੇ ਵਿਰੋਧ ਵਿੱਚ ਉਸ ਨੇ ਅਨੇਕਾਂ ਰੋਸ ਲਹਿਰਾਂ ਦੀ ਅਗਵਾਈ ਕੀਤੀ। ਇਸ ਅਮਰੀਕੀ ਵਿਰੋਧ ਲਈ ਉਸ ਦੀ ਜਾਨ ਨੂੰ ਕਈ ਵਾਰ ਖ਼ਤਰਾ ਪੈਦਾ ਹੋਇਆ ਅਤੇ ਉਸ ਨੂੰ ਸੁਰੱਖਿਆ ਹੇਠ ਰਹਿਣਾ ਪਿਆ ਹੈ। ਉਸ ਦੀਆਂ ਰਾਜਨੀਤਿਕ ਲਿਖਤਾਂ ਵਿੱਚੋਂ ਪ੍ਰਮੁੱਖ ਹਨ: ਅਮੈਰਕਨ ਪਾਵਰ ਐਂਡ ਦਾ ਨਿਊ ਮੈਡਾਰਿਨਜ਼ (1969), ਐਟ ਵਾਰ ਵਿਦ ਏਸ਼ੀਆ (1970), ਮੈਨੂਫੈਕਚਰਿੰਗ ਕੰਨਸੈਂਟ: ਦਾ ਪੋਲਿਟੀਕਲ ਇਕਾਨਮੀ ਆਫ਼ ਮਾਸ ਮੀਡੀਆ (1988), ਰੋਗ ਸਟੇਟਸ (2000), ਫੇਲਡ ਸਟੇਟਸ: ਦਾ ਅਬਿਊਜ਼ ਆਫ਼ ਪਾਵਰ ਐਂਡ ਦਾ ਅਸੌਲਟ ਓਨ ਡੈਮੋਕਰੇਸੀ (2006)।

     ਕਿਹਾ ਜਾ ਸਕਦਾ ਹੈ ਕਿ ਨੋਮ ਚੌਮਸਕੀ ਵੀਹਵੀਂ ਸਦੀ ਦਾ ਮਹਾਨ ਭਾਸ਼ਾ ਵਿਗਿਆਨੀ ਹੀ ਨਹੀਂ ਹੈ ਸਗੋਂ ਉਸ ਦਾ ਨਾਂ ਇਤਿਹਾਸ ਵਿੱਚ ਮਹਾਨ ਚਿੰਤਕਾਂ ਅਤੇ ਮਾਨਵਵਾਦੀਆਂ ਵਿੱਚ ਲਿਆ ਜਾਂਦਾ ਰਹੇਗਾ।


ਲੇਖਕ : ਜੋਗਾ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8206, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.