ਚੜ੍ਹਦੀ ਕਲਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੜ੍ਹਦੀ ਕਲਾ [ਵਾਕੰ] ਉਤਸ਼ਾਹ , ਉਮਾਹ, ਖ਼ੁਸ਼ਹਾਲੀ, ਖ਼ੁਸ਼ੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7349, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੜ੍ਹਦੀ ਕਲਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਚੜ੍ਹਦੀ ਕਲਾ: ਇਹ ਸ਼ਬਦ ਅਸਲ ਵਿਚ ਸਿੱਖ-ਸਮਾਜ ਵਲੋਂ ਕੀਤੀ ਜਾਂਦੀ ਅਰਦਾਸ ਦੀ ਅੰਤਲੀ ਅਰਜ਼ੋਈ ਵਿਚ ਸ਼ਾਮਲ ਹਨ— ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬੱਤ ਕਾ ਭਲਾ। ਇਹ ਉਕਤੀ ਕਿਸ ਨੇ ਬਣਾਈ ? ਅਤੇ ਅਰਦਾਸ ਵਿਚ ਇਸ ਨੂੰ ਕਦੋਂ ਤੋਂ ਸ਼ਾਮਲ ਕੀਤਾ ਜਾਣ ਲਗਿਆ ? ਇਸ ਬਾਰੇ ਹੁਣ ਕੋਈ ਤੱਥ ਉਪਲਬਧ ਨਹੀਂ ਹੈ। ਹਾਂ, ਜਿਸ ਨੇ ਵੀ ਇਸ ਉਕਤੀ ਦੀ ਸਿਰਜਨਾ ਕੀਤੀ ਉਹ ਨਿਸਚੈ ਹੀ ਬਹੁਤ ਪ੍ਰਬੁਧ ਵਿਅਕਤੀ ਸੀ। ਅਨੁਮਾਨ ਹੈ ਕਿ ਇਸ ਉਕਤੀ ਦੀ ਵਰਤੋਂ ਸਿੱਖ ਮਿਸਲਾਂ ਦੇ ਯੁਗ ਵਿਚ ਹੋਈ ਹੋਵੇਗੀ। ਵੇਖੋ ‘ਸਰਬੱਤ ਦਾ ਭਲਾ ’।
ਇਸ ਸ਼ਬਦ-ਜੁੱਟ ਵਿਚ ‘ਕਲਾ ’ ਦਾ ਅਰਥ ਹੈ— ਸ਼ਕਤੀ, ਤੇਜ, ਓਜ। ਗੁਰਬਾਣੀ ਦਾ ਪ੍ਰਮਾਣ ਹੈ— ਧਰਣਿ ਅਕਾਸੁ ਜਾ ਕੀ ਕਲਾ ਮਾਹਿ। (ਗੁ.ਗ੍ਰੰ.1183)। ‘ਚੜ੍ਹਦੀ’ ਸ਼ਬਦ ਉਥਾਨ-ਬੋਧਕ ਹੈ। ਪ੍ਰਸਤੁਤ ਪ੍ਰਸੰਗ ਵਿਚ ਇਸ ਦਾ ਅਰਥ ਬੈਠਦਾ ਹੈ— ‘ਹੇ ਨਾਨਕ! ਨਾਮ ਸਿਮਰਨ ਨਾਲ ਮਾਨਸਿਕ ਸ਼ਕਤੀ ਉੱਨਤ ਹੁੰਦੀ ਹੈ, ਅਰਥਾਤ ਵਿਜਯਸ਼ਾਲਤਾ ਦੀ ਭਾਵਨਾ ਪੈਦਾ ਹੁੰਦੀ ਹੈ। ਇਹ ਭਾਵਨਾ ਦੁਖ ਸੁਖ , ਔਖ ਸੌਖ, ਗ਼ਮੀ ਖ਼ੁਸ਼ੀ, ਹਰ ਸਥਿਤੀ ਵਿਚ ਬਣੀ ਰਹਿਣੀ ਚਾਹੀਦੀ ਹੈ। ਸਿੱਖ ਨੂੰ ਚੜ੍ਹਦੀ ਕਲਾ ਵਿਚ ਵਿਚਰਨ ਲਈ ਜ਼ਰੂਰੀ ਹੈ ਕਿ ਉਹ ਆਪਣੇ ਮਨ ਨੂੰ ਜੀਵਨ ਦੀ ਚੰਗੀ ਪਗਡੰਡੀ ਉਤੇ ਪਾਏ, ਚੰਗੀਆਂ ਕਦਰਾਂ-ਕੀਮਤਾਂ ਦਾ ਅਨੁਸਰਣ ਕਰੇ , ਮਨ ਨੂੰ ਸਦਾ ਉਚੇਰੀ ਅਵਸਥਾ ਵਿਚ ਰਖੇ , ਸਵਾਰਥ ਤੋਂ ਉੱਚਾ ਉਠ ਕੇ ਮਾਨਵ-ਕਲਿਆਣ ਲਈ ਪ੍ਰਤਿਬੱਧ ਹੋਵੇ। ਵਰਤਮਾਨ ਕਾਲ ਵਿਚ ‘ਚੜ੍ਹਦੀ ਕਲਾ’ ਸਿੱਖਾਂ ਦਾ ਇਕ ਬੋਲਾ ਬਣ ਗਿਆ ਹੈ। ਆਸ਼ਾ-ਵਾਦ ਉਤੇ ਆਧਾਰਿਤ ‘ਚੜ੍ਹਦੀ ਕਲਾ’ ਇਕ ਅਜਿਹੀ ਅਵਸਥਾ ਦਾ ਬੋਧਕ ਹੈ ਜੋ ਸਥਿਰ , ਦ੍ਰਿੜ੍ਹਤਾ ਭਰਪੂਰ, ਭੈ-ਰਹਿਤ, ਚਿੰਤਾ-ਮੁਕਤ ਅਤੇ ਹਰ ਪ੍ਰਕਾਰ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਸਮਰਥ ਹੋਵੇ।
ਇਸ ਉਕਤੀ ਦੀ ਸਿਰਜਨਾ ਪਿਛੇ ਬਾਬਾ ਬੰਦਾ ਬਹਾਦਰ ਦੇ ਯੁੱਧ ਪਰਾਕ੍ਰਮ ਤੋਂ ਬਾਦ ਸੰਕਟ ਅਤੇ ਜ਼ੁਲਮ ਵਿਚ ਗ੍ਰਸੇ ਸਿੱਖ ਸਮਾਜ ਦੀ ਮਾਨਸਿਕਤਾ ਨੂੰ ਓਜਸਵਤਾ ਪ੍ਰਦਾਨ ਕਰਨ ਦੀ ਭਾਵਨਾ ਰਹੀ ਪ੍ਰਤੀਤ ਹੁੰਦੀ ਹੈ। ਇਸ ਓਜਸਵਤਾ ਦਾ ਇਕ ਰੂਪ ਖ਼ਾਲਸੇ ਦੇ ਬੋਲਿਆਂ ਵਿਚ ਵੇਖਿਆ ਜਾ ਸਕਦਾ ਹੈ। ਛੋਲਿਆਂ ਨੂੰ ਵਦਾਮ, ਛਪੜ ਦੇ ਪਾਣੀ ਨੂੰ ਸਰਦਾਈ , ਹਰੇ ਛੋਲੀਏ ਨੂੰ ਸੌਗੀ , ਟੁਟੀ ਹੋਈ ਝੋਂਪੜੀ ਨੂੰ ਸ਼ੀਸ਼ ਮਹਲ , ਬਿਪਤਾ ਨੂੰ ਸਵਰਗ , ਮੱਖੀ ਨੂੰ ਹਰਨੀ, ਬੇਰ ਨੂੰ ਖੁਰਮਾ ਆਦਿ ਸ਼ਬਦ-ਪ੍ਰਯੋਗਾਂ ਪਿਛੇ ਸੰਕਟ ਨੂੰ ਖਿੜੇ ਮੱਥੇ ਸਹਾਰ ਕੇ ਅਦੱਬ ਉਤਸਾਹ ਦੀ ਭਾਵਨਾ ਨੂੰ ਵਿਕਸਿਤ ਕਰਨ ਦੀ ਬਿਰਤੀ ਹੀ ਕੰਮ ਕਰ ਰਹੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਸੰਸਕਾਰ ਰਾਹੀਂ ਸਿੱਖ ਨੂੰ ਮ੍ਰਿਤੂ ਦੇ ਭੈ ਦੀਆਂ ਸੀਮਾਵਾਂ ਤੋਂ ਉੱਚਾ ਚੁਕ ਦਿੱਤਾ ਸੀ। ਮੁਸੀਬਤਾਂ ਤੋਂ ਟਲਣ ਨਾਲੋਂ ਉਨ੍ਹਾਂ ਦਾ ਸਾਹਮਣਾ ਕਰਨਾ ਹੀ ਗੁਰੂ ਜੀ ਨੇ ਸਿੱਖਾਂ ਨੂੰ ਸਮਝਾਇਆ ਸੀ।
ਗੁਰੂ ਗੋਬਿੰਦ ਸਿੰਘ ਜੀ ਦੀ ਸਿਖਿਆ ਨੇ ਸਿੱਖਾਂ ਨੂੰ ਹਰ ਸੰਕਟ ਦਾ ਸਾਹਮਣਾ ਕਰਨ ਲਈ ਸਦਾ ਤਿਆਰ ਬਰ ਤਿਆਰ ਰਖਿਆ। ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਹਨ, ਉਨ੍ਹਾਂ ਦੇ ਸਿਰਾਂ ਦੇ ਗਡੇ ਭਰੇ ਹੋਏ ਜਾ ਰਹੇ ਹਨ, ਆਰਿਆਂ ਨਾਲ ਚੀਰੇ ਜਾ ਰਹੇ ਹਨ, ਇਸ ਪ੍ਰਕਾਰ ਦੇ ਹੋਰ ਅਨੇਕਾਂ ਦਿਲ ਕੰਬਾ ਦੇਣ ਵਾਲਿਆਂ ਸਾਕਿਆਂ ਨੇ ਵੀ ਸਿੱਖਾਂ ਦੇ ਮਨ ਵਿਚ ਜੁਰਤ ਨੂੰ ਕਿਸੇ ਤਰ੍ਹਾਂ ਘਟਣ ਨ ਦਿੱਤਾ। ਵੱਡੇ ਘਲੂਘਾਰੇ ਦੀ ਘਟਨਾ ਉਤੇ ਨਜ਼ਰ ਮਾਰਿਆਂ ਪ੍ਰਤੀਤ ਹੁੰਦਾ ਹੈ ਕਿ 5 ਫਰਵਰੀ 1762 ਈ. ਨੂੰ ਵੀਹ ਹਜ਼ਾਰ ਤੋਂ ਅਧਿਕ ਸਿੱਖਾਂ ਨੂੰ ਮਾਰ ਕੇ ਅਹਿਮਦ ਸ਼ਾਹ ਦੁਰਾਨੀ ਆਪਣੇ ਆਪ ਨੂੰ ਵਿਜਈ ਸਮਝ ਬੈਠਾ ਅਤੇ ਸਿੱਖਾਂ ਨੂੰ ਸਮੂਲ ਖ਼ਤਮ ਕਰਨ ਦੇ ਉਦਮ ਸਫਲ ਸਮਝਣ ਲਗਾ , ਪਰ ਚੜ੍ਹਦੀ ਕਲਾ ਦੀ ਭਾਵਨਾ ਨੇ ਹੀ ਸਿੱਖਾਂ ਨੂੰ ਹੁਲਾਰਾ ਦਿੱਤਾ ਅਤੇ 14 ਜਨਵਰੀ 1764 ਈ. ਨੂੰ ਉਨ੍ਹਾਂ ਨੇ ਸਰਹਿੰਦ ਜਿਤ ਕੇ ਦੁਰਾਨੀ ਦੀ ਸੋਚ ਨੂੰ ਵੰਗਾਰ ਦਿੱਤਾ। ਸਪੱਸ਼ਟ ਹੈ ਕਿ ਗੁਰੂ ਜੀ ਨੇ ਸਿੱਖਾਂ ਅੰਦਰ ਉਹ ਰੂਹ ਭਰੀ ਜਿਸ ਕਾਰਣ ਇਹ ਸਦਾ ਅਗੇ ਹੀ ਅਗੇ ਵਧਦੇ ਰਹੇ ਅਤੇ ਇਨ੍ਹਾਂ ਦੇ ਮੱਥੇ ਉਤੇ ਸ਼ਿਕਨ ਤਕ ਨ ਆਇਆ। ਇਹ ਭਾਵਨਾ ਸਿੱਖ ਦੇ ਵਿਅਕਤਿਤਵ ਦੇ ਸਿਪਾਹੀ ਪੱਖ ਦੀ ਲਖਾਇਕ ਹੈ। ਸਚ ਪੁਛੋ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ-ਯਾਤ੍ਰਾ ਚੜ੍ਹਦੀ ਕਲਾ ਦੀ ਭਾਵਨਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7119, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਚੜ੍ਹਦੀ ਕਲਾ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੜ੍ਹਦੀ ਕਲਾ: ਇਕ ਸੂਖਮ ਸੰਯੁਕਤ ਸੰਕਲਪ , ਉੱਚਤਮ ਮਨੋਬਲ ਜਾਂ ਉਤਸ਼ਾਹ ਦਾ ਪ੍ਰਤੀਕ ਹੈ। ਸਿੱਖ ਧਰਮ ਵਿਚ, ਜਿੱਥੇ ਇਸਦੀ ਵਰਤੋਂ ਦਾ ਮੁੱਢ ਬੱਝਾ , ਇਸਦਾ ਵਿਸ਼ੇਸ਼ ਮਹੱਤਵ ਹੈ। ਇਹ ਚਿਰ ਸਥਾਈ ਤੌਰ ਤੇ ਪ੍ਰਫੁਲਿਤ ਹੋਣ , ਸ਼ਕਤੀਵਾਨ ਆਤਮਕ ਅਵਸਥਾ, ਦੈਵੀ ਨਿਆਂ ਵਿਚ ਅਟੁੱਟ ਵਿਸ਼ਵਾਸ ਤੇ ਆਧਾਰਿਤ ਦ੍ਰਿੜਤਾ ਦੀ ਸਥਾਈ ਅਵਸਥਾ ਦਾ ਪ੍ਰਤੀਕ ਹੈ। ਇਹ ਸੂਰਬੀਰਤਾ ਦਾ ਉਹ ਸਦੀਵੀ ਉਤਸ਼ਾਹ ਹੈ ਜੋ ਕਿ ਸਮੂਹ ਮੁਸ਼ਕਲਾਂ ਅਤੇ ਰੁਕਾਵਟਾਂ ਵਿਚ ਰੋਸ਼ਨੀ ਦਿਖਾਉਂਦਾ ਹੈ। ਇਹ ਉਤਸ਼ਾਹ ਵਿਅਕਤੀ ਨੂੰ ਇਕ ਮੁੱਠ ਛੋਲਿਆਂ ਤੋਂ ਵਧੇਰੇ ਕੁਝ ਵੀ ਖਾਣ ਲਈ ਨਾ ਹੋਣ ਤੇ ਉਸਨੂੰ ਬਦਾਮ ਖਾਣਾ ਕਹਿਣ ਲਈ ਤਿਆਰ ਕਰਦਾ ਹੈ। ਇਹ ਉਹ ਜੋਸ਼ ਹੈ ਜਿਸ ਵਿਚ ਵਿਅਕਤੀ ਮੌਤ ਨੂੰ ਅਗਲੇ ਜਗਤ ਦੀ ਤਿਆਰੀ ਕਹਿੰਦਾ ਹੈ ਅਤੇ ਖ਼ਾਲੀ ਪੇਟ ਵਾਲੇ ਇਕ ਵਿਅਕਤੀ ਦੀ ਉਸਨੂੰ ਖ਼ੁਸ਼ਹਾਲੀ ਵਿਚ ਪਾਗਲ ਹੋ ਗਿਆ ਐਲਾਨ ਕਰਨ ਵਿਚ ਅਗਵਾਈ ਕਰਦਾ ਹੈ।
ਸੰਸਕ੍ਰਿਤ ਮੂਲ ਦੇ ‘ਕਲਾ ’ ਸ਼ਬਦ ਦੇ ਵੱਖ-ਵੱਖ ਅਰਥ ਹਨ, ਉਹਨਾਂ ਵਿਚੋਂ ਇਕ ਪ੍ਰਮੁਖ ‘ਸ਼ਕਤੀ’, ਪੰਜਾਬੀ ਵਿਚ ‘ਚੜ੍ਹਦੀ`, ਕਿਰਿਆ ਵਿਸ਼ੇਸ਼ਣ ਹੈ ਜਿਸਦਾ ਅਰਥ ਉਥਾਨ, ਪ੍ਰਭਾਵੀ, ਉੱਚੀ ਉਡਾਰੀ; ਇਸ ਤਰ੍ਹਾਂ ‘ਚੜ੍ਹਦੀ ਕਲਾ’ ਦਾ ਅਰਥ ਹੋਵੇਗਾ ਤੀਬਰ ਸ਼ਕਤੀ ਭਰਪੂਰ, ਗਰੁੱਪ ਜਾਂ ਵਿਅਕਤੀ ਦੇ ਉਤਸ਼ਾਹ ਦੀ ਨਿਰੰਤਰ ਪ੍ਰਭਾਵੀ ਅਵਸਥਾ। ਇਸਨੂੰ ਬਹੁਤ ਮੁਸ਼ਕਿਲਾਂ ਭਰਪੂਰ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹੋਏ ਦਿੱਤੇ ਗਏ ਕੰਮ ਦੀ ਸੰਪੂਰਨਤਾ ਲਈ ਤਿਆਰ ਰਹਿਣ ਅਤੇ ਆਦਰਸ਼ਾਂ ਨੂੰ ਕਾਇਮ ਰੱਖਣ ਲਈ ਵਿਸ਼ਵਾਸ, ਆਤਮ-ਵਿਸ਼ਵਾਸ, ਜਿੰਦਾਦਿਲੀ, ਹੌਂਸਲੇ, ਸਬਰ , ਅਨੁਸ਼ਾਸਨ ਅਤੇ ਦ੍ਰਿੜ ਇੱਛਾ ਸ਼ਕਤੀ ਰਾਹੀਂ ਬਿਆਨ ਕੀਤਾ ਜਾਂਦਾ ਹੈ।
ਵਿਸ਼ਵਾਸ ਪ੍ਰਭੂ ਤੇ ਨਿਰਭਰਤਾ ਹੈ ਅਤੇ ਦ੍ਰਿੜ ਵਿਸ਼ਵਾਸ ਉਸਦੀ ਸਮਰੱਥਾ ਤੇ ਭਰੋਸਾ ਹੈ। ਇਹ ਦੋਵੇਂ ਅਡੋਲਤਾ ਅਤੇ ਸੰਤੁਲਨ ਦੀ ਅਵਸਥਾ ਵਿਚ ਵਿਅਕਤੀ ਅੰਦਰ ਉਤਪੰਨ ਹੁੰਦੇ ਹਨ। ਚੜ੍ਹਦੀ ਕਲਾ ਵਿਚ, ਝੂਠ ਉੱਤੇ ਸੱਚਾਈ ਅਤੇ ਬੁਰਾਈ ਉੱਤੇ ਅਛਾਈ ਦੀ ਅੰਤਿਮ ਜਿੱਤ ਵਿਚ ਵੀ ਪੂਰਨ ਵਿਸ਼ਵਾਸ ਹੁੰਦਾ ਹੈ।
ਜ਼ਿੰਦਾ-ਦਿਲੀ ਨਾਲ ਜੁੜੇ ਰਹਿਣਾ ਹੀ ਚੜ੍ਹਦੀ ਕਲਾ (ਸਦਾ ਵਿਗਾਸ) ਦਾ ਪ੍ਰਮਾਣ ਹੈ ਜਿਸਨੂੰ ਜ਼ਰੂਰੀ ਤੌਰ ਤੇ ਗੌਰਵਮਈ ਖ਼ੁਸ਼ੀ ਦੇ ਬੇਰੋਕ ਪ੍ਰਵਾਹ ਦੁਆਰਾ ਚਿਤਰਿਤ ਕੀਤਾ ਜਾਂਦਾ ਹੈ ਜੋ ਕਿ ਬੁਰਾਈ, ਦੁਰਾਚਾਰ , ਅਤਿਆਚਾਰ, ਬਦਨੀਤੀ ਅਤੇ ਹੋਰਨਾਂ ਕਮਜ਼ੋਰੀਆਂ ਦੇ ਕੂੜੇ ਨੂੰ ਧੋ ਦਿੰਦਾ ਹੈ। ਚੜ੍ਹਦੀ ਕਲਾ ਦਾ ਮਨੋਬਲ ਨਾਲ ਉਹੀ ਸੰਬੰਧ ਹੈ ਜੋ ਦਇਆ ਦਾ ਬਖ਼ਸ਼ਸ਼ ਨਾਲ ਹੈ। ਇਹ ਦਿਲ ਨੂੰ ਪਰਮਾਤਮਾ ਦੀ ਭਗਤੀ ਵਿਚ ਲਵਲੀਨ ਰੱਖਦੀ ਹੈ। ਪਰਮਾਤਮਾ ਦੀ ਉਸਤਤ ਚੜ੍ਹਦੀ ਕਲਾ ਦਾ ਮੂਲ ਭਾਵ ਹੈ: “ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ”- ਇਸ ਤਰ੍ਹਾਂ ਦਿਨ ਜਾਂ ਰਾਤ ਕਿਸੇ ਸਮੇਂ ਵੀ ਕੀਤੀ ਜਾਂਦੀ ਸਿੱਖ ਅਰਦਾਸ ਸਮਾਪਤ ਹੁੰਦੀ ਹੈ।
ਹੌਂਸਲਾ ਮਨ ਅਤੇ ਆਤਮਾ ਦੀ ਉਹ ਅਵਸਥਾ ਜਾਂ ਲੱਛਣ ਹੈ ਜੋ ਵਿਅਕਤੀ ਨੂੰ ਖ਼ਤਰਿਆਂ ਦਾ ਅਡੋਲਤਾ ਅਤੇ ਦ੍ਰਿੜਤਾ ਨਾਲ ਮੁਕਾਬਲਾ ਕਰਨ ਦੇ ਯੋਗ ਬਣਾਉਂਦਾ ਹੈ। ਇਹ ਖ਼ਤਰਿਆਂ ਨੂੰ ਨਜ਼ਰਅੰਦਾਜ਼ ਕਰਨਾ ਨਹੀਂ ਹੈ ਬਲਕਿ ਇਹਨਾਂ ਨੂੰ ਅਨੁਭਵ ਕਰਕੇ ਕਾਬੁ ਕਰਨਾ ਹੈ। ਇਹ ਨਿਰਭੈ ਨੈਤਿਕ ਸ਼ਖ਼ਸੀਅਤ ਦੀ ਦ੍ਰਿੜਤਾ ਅਤੇ ਸਵੈਸੰਜਮ ਹੈ। ਅਜਿਹੀ ਨਿਰਭੈਤਾ ਉਸ ਨਿਰਭਉ ਦੇ ਲਗਾਤਾਰ ਸਿਮਰਨ ਨਾਲ ਹੀ ਪ੍ਰਾਪਤ ਹੁੰਦੀ ਹੈ।ਨਿਰਭੈ ਹੋ ਕੇ ਹੀ ਵਿਅਕਤੀ ਦਿੱਸਣ ਵਾਲੇ ਅਸੰਭਵ ਨੂੰ ਚੁਨੌਤੀ ਦਿੰਦਾ ਹੈ ਅਤੇ ਬੇਝਿਜਕ ਹੋ ਉਸ ਲਈ ਲਗਾਤਾਰ ਯਤਨ ਕਰੀ ਜਾਂਦਾ ਹੈ।
ਮਾਨਸਿਕ ਅਤੇ ਨੈਤਿਕ ਅਭਿਆਸ ਤੋਂ ਉਤਪੰਨ ਹੋਇਆ ਅਨੁਸ਼ਾਸਨ ਪੂਰਨ ਸੰਤੁਲਿਤ ਵਿਵਹਾਰ, ਵੀ ਚੜ੍ਹਦੀ ਕਲਾ ਦਾ ਜ਼ਰੂਰੀ ਤੱਤ ਹੈ। ਇਹ ਦੁਨਿਆਵੀ ਮਨੋਵੇਗਾਂ ਦੀ ਨੀਚਤਾ ਨੂੰ ਕਾਬੂ ਕਰਦਾ ਹੈ, ਹਿਰਦੇ ਨੂੰ ਗੁਣਾਂ ਨਾਲ ਮਜ਼ਬੂਤ ਕਰਦਾ ਹੈ, ਵਿਵੇਕਸ਼ੀਲ ਬੁੱਧੀ ਨਾਲ ਮਨ ਨੂੰ ਪ੍ਰਕਾਸ਼ਿਤ ਕਰਦਾ ਹੈ, ਅਤੇ ਵਿਅਕਤੀ ਨੂੰ ਅੰਦਰੂਨੀ ਅਨੰਦ ਨਾਲ ਭਰ ਦਿੰਦਾ ਹੈ।
ਦ੍ਰਿੜਤਾ ਆਦਰਸ਼ਾਂ ਵਿਚ ਲਿਪਟੀ ਦਇਆਵਾਨ ਰੁਚੀ ਹੈ ਜਿਸ ਲਈ ਵਿਅਕਤੀ ਆਵਸ਼ਕ ਤੌਰ ਤੇ ਰਾਹ ਲੱਭਦਾ ਰਹਿੰਦਾ ਹੈ ਜਾਂ ਉਸ ਵਰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ। ਬਿਨਾਂ ਘਬਰਾਏ ਆਪਾ ਕੁਰਬਾਨ ਕਰ ਦੇਣਾ (ਸਿਰ ਦੀਜੈ ਕਾਨ ਨ ਕੀਜੈ), ਇਸਦੀ ਦ੍ਰਿੜਤਾ ਦੀ ਤਾਕਤ ਨੂੰ ਸੂਚਿਤ ਕਰਦਾ ਹੈ। ਕਾਰਜ ਕਰਨ ਲਈ ਹਮੇਸ਼ਾ ਤਿਆਰ ਰਹਿਣਾ (ਤਿਆਰ-ਬਰ-ਤਿਆਰ ਰਹਿਣਾ) ਚੜ੍ਹਦੀ ਕਲਾ ਦੀ ਇਕ ਹੋਰ ਵਿਸ਼ੇਸ਼ਤਾ ਹੈ। ਕੇਵਲ ਕਾਰਜਸ਼ੀਲਤਾ ਹੀ ਚੜ੍ਹਦੀ ਕਲਾ ਹੈ; ਕਾਰਜ ਕਰਨ ਦਾ ਮਾਤਰ ਪ੍ਰਣ ਕਰਨਾ ਚੜ੍ਹਦੀ ਕਲਾ ਨਹੀਂ ਹੈ। ਚੜ੍ਹਦੀ ਕਲਾ ਵਾਲਾ ਵਿਅਕਤੀ ਆਪਣੇ ਆਦਰਸ਼ਾਂ ਦਾ ਅਨੁਸਰਨ ਕਰਦਾ ਹੈ, ਚੰਗੇ ਕੰਮ ਦਾ ਰੌਲਾ ਨਹੀਂ ਪਾਉਂਦਾ, ਅਤੇ ਕੀਤੇ ਜਾਣ ਵਾਲੇ ਹੋਰ ਕੰਮਾਂ ਲਈ ਯਤਨਸ਼ੀਲ ਬਣਿਆ ਰਹਿੰਦਾ ਹੈ।
ਕਲਾ ਦਾ ਅਰਥ “ਫ਼ਾਈਨ ਆਰਟ” ਜਾਂ ਸੌਂਦਰਯ ਕਲਾ ਵੀ ਹੈ। ਇਸ ਤਰ੍ਹਾਂ ਚੜ੍ਹਦੀ ਕਲਾ ਨੂੰ ਸੌਂਦਰਯ ਉੱਚਤਾ ਵੀ ਕਿਹਾ ਜਾਂਦਾ ਹੈ। ਚੜ੍ਹਦੀ ਕਲਾ ਵਿਚ ਵਿਅਕਤੀ ਦੇ ਕੰਮਾਂ ਦਾ ਵਰਗੀਕਰਨ ਸ਼ੋਭਾ ਅਤੇ ਸੁੰਦਰਤਾ ਦੁਆਰਾ ਕੀਤਾ ਜਾਂਦਾ ਹੈ। ਕਲਾ ਖੇਡ ਦਾ ਸੰਕੇਤ ਵੀ ਹੈ। ਇਸ ਤਰ੍ਹਾਂ ਚੜ੍ਹਦੀ ਕਲਾ ਖੇਡ ਦੇ ਪ੍ਰਵਾਨਿਤ ਨਿਯਮਾਂ ਅਨੁਸਾਰ ਜੈਤੂ ਖੇਡ ਖੇਡਣਾ ਹੈ। ਇਸ ਖੇਡ ਵਿਚ ਜਦੋਂ ਵਿਅਕਤੀ ਪਰਮਾਤਮਾ ਵੱਲੋਂ ਖੇਡ ਰਿਹਾ ਹੈ ਤਾਂ ਉਸਦੀ ਅੰਤਿਮ ਜਿੱਤ ਯਕੀਨੀ ਹੈ ਅਤੇ ਅਜਿਹਾ ਕਰਦੇ ਹੋਏ ਉਹ ਆਰਜੀ ਪ੍ਰਤੀਕੂਲਤਾਵਾਂ ਤੋਂ ਨਿਰਾਸ਼ ਨਹੀਂ ਹੁੰਦਾ। ਵਾਹਿਗੁਰੂ ਜੀ ਕਾ ਖ਼ਾਲਸਾ (ਖ਼ਾਲਸਾ, ਪਰਮਾਤਮਾ ਨਾਲ ਸੰਬੰਧਿਤ ਹੈ) ਵਾਹਿਗੁਰੂ ਜੀ ਕੀ ਫ਼ਤਿਹ ਵਿਚ ਵਿਸ਼ਵਾਸ ਨੂੰ ਯਕੀਨੀ ਬਣਾਉਂਦਾ ਹੈ।
ਸੰਖੇਪ ਰੂਪ ਵਿਚ, ਚੜ੍ਹਦੀ ਕਲਾ ਕੇਵਲ ਉੱਚ ਮਨੋਬਲ ਹੀ ਨਹੀਂ ਬਲਕਿ ਦੈਵੀ ਆਸਰੇ ਵਿਚ ਅਡੋਲ ਵਿਸ਼ਵਾਸ, ਨੈਤਿਕ ਜਿੱਤ ਵਿਚ ਦ੍ਰਿੜਤਾ ਅਤੇ ਕੰਮ ਦੀ ਪ੍ਰਭਾਵਸ਼ੀਲਤਾ ਵੀ ਹੈ। ਪ੍ਰਸੰਨਚਿਤ ਸਹਿਨਸ਼ੀਲਤਾ, ਸਦੀਵੀ ਖੇੜੇ ਵਾਲਾ ਧੀਰਜ , ਅਤੇ ਪ੍ਰਭਾਵਸ਼ਾਲੀ ਪ੍ਰੇਰਨਾ ਇਸ ਕਾਰਜ ਦੇ ਆਧਾਰ ਹਨ। ਇੱਥੋਂ ਤਕ ਕਿ ਬਹੁਤ ਹੀ ਪ੍ਰਤੀਕੂਲ ਪ੍ਰਸਥਿਤੀਆਂ ਵਿਚ ਵੀ ਇਸ ਦੀ ਸਥਿਰਤਾ ਵਿਚ ਕੋਈ ਤਬਦੀਲੀ ਨਹੀਂ ਆਉਂਦੀ।
ਚੜ੍ਹਦੀ ਕਲਾ ਦੇ ਜੋਸ਼ ਨੂੰ ਪ੍ਰਗਟ ਕਰਦੀਆਂ ਘਟਨਾਵਾਂ ਨਾਲ ਸਿੱਖ ਇਤਿਹਾਸ ਭਰਿਆ ਹੋਇਆ ਹੈ। ਘੱਲੂਘਾਰੇ ਦੇ ਦਿਨਾਂ ਵਿਚ ਜਦੋਂ ਸਿੱਖ ਆਪਣੀਆਂ ਮੁਸ਼ਕਲਾਂ ਅਤੇ ਦੁੱਖਾਂ ਨੂੰ ਘੱਟ ਕਰਨ ਲਈ ਘਰੋਂ-ਬੇਘਰ ਹੋਏ ਪਏ ਸਨ ਤਾਂ ਵੀ ਉਹਨਾਂ ਨੇ ਆਪਣੇ ਵਿਸ਼ਵਾਸ ਅਤੇ ਲੜਾਕੂ ਜੋਸ਼ ਨੂੰ ਜਿਊਂਦੇ ਰੱਖਿਆ। ਉਹਨਾਂ ਨੇ ਆਪਣੀ ਕੰਗਾਲੀ ਦੀ ਉਸਤਤੀ ਅਤੇ ਆਪਣੀ ਬਦਕਿਸਮਤੀ ਦਾ ਮੌਜੂ ਉਡਾਉਣ ਲਈ ਸਮੁੱਚੀ ਨਵੀਂ ਸ਼ਬਦਾਵਲੀ (ਸਿੰਘ ਬੋਲੇ) ਘੜ ਲਈ ਪਰ ਕਦੇ ਵੀ ਮਾੜੇ ਹਾਲਾਤ ਅੱਗੇ ਸਮਰਪਣ ਨਹੀਂ ਕੀਤਾ। ਅਨੰਦਮਈ ਅਵਸਥਾ ਵਿਚ ਉਹ ਪਰਮਾਤਮਾ ਦੀ ਇੱਛਾ ਅੱਗੇ ਝੁਕ ਜਾਂਦੇ ਸਨ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਚੜ੍ਹਦੀ ਕਲਾ ਦਾ ਇਕ ਬਹੁਤ ਹੀ ਯਾਦਗਾਰੀ ਫ਼ੁਰਮਾਨ ਜੋ ਕਿ ਉਹਨਾਂ ਨੇ ਜੰਗਲ ਵਿਚ ਪ੍ਰਵਾਸ ਸਮੇਂ ਉਚਾਰਿਆ:
ਯਾਰੜੇ ਦਾ ਸਾਨੂੰ ਸੱਥਰ ਚੰਗਾ; ਭੱਠ ਖੇੜਿਆਂ ਦਾ ਰਹਣਾ॥ (ਖਯਾਲ: ਸ਼ਬਦ ਹਜ਼ਾਰੇ ਪਾ.10)
ਲੇਖਕ : ਜ.ਸ.ਨ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7116, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First