ਚੜ੍ਹਦੀ ਸੁਰ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਚੜ੍ਹਦੀ ਸੁਰ: ਪੰਜਾਬੀ ਵਿਚ ਸੁਰ ਇਕ ਅਖੰਡੀ ਧੁਨੀ ਹੈ। ਸੁਰ ਦਾ ਸਬੰਧ ਸੁਰ-ਤੰਦਾਂ ਨਾਲ ਹੈ। ਸੁਰ-ਤੰਦਾਂ ਦੀ ਕੰਬਣੀ ਨੂੰ ਪਿੱਚ ਕਿਹਾ ਜਾਂਦਾ ਹੈ। ਜਦੋਂ ਸੁਰ-ਤੰਦਾਂ ਦੀ ਕੰਬਣੀ ਦਾ ਪਰਭਾਵ ਸ਼ਬਦ ਤੇ ਪਵੇ ਤਾਂ ਉਸ ਨੂੰ ਸੁਰ ਕਿਹਾ ਜਾਂਦਾ ਹੈ। ਪੰਜਾਬੀ ਵਿਚ ਇਨ੍ਹਾਂ ਦੀ ਗਿਣਤੀ ਤਿੰਨ ਹੈ। ਜਦੋਂ ਪਿੱਚ ਕਿਸੇ ਨਿਸ਼ਚਤ ਸਥਾਨ ਤੋਂ ਉਪਰ ਵੱਲ ਉਠੇ ਉਸ ਸਥਿਤੀ ਨੂੰ ਧੁਨੀ ਵਿਗਿਆਨ ਵਿਚ ਚੜ੍ਹਦੀ ਸੁਰ ਕਿਹਾ ਜਾਂਦਾ ਹੈ। ਸੁਰ ਦਾ ਪਰਭਾਵ ਕੇਵਲ ਸਵਰ ਧੁਨੀਆਂ ’ਤੇ ਹੀ ਪੈਂਦਾ ਹੈ। ਚੜ੍ਹਦੀ ਸੁਰ ਨਾਲ ਉਚਾਰੇ ਗਏ ਸਵਰਾਂ ਦੇ ਉਚਾਰਨ ਵੇਲੇ ਸਭ ਤੋਂ ਘੱਟ ਸਮਾਂ ਲਗਦਾ ਹੈ। ਪੰਜਾਬੀ ਧੁਨੀ-ਵਿਉਂਤ ਵਿਚੋਂ ਸਘੋਸ਼ ਮਹਾਂ-ਪਰਾਣ ਧੁਨੀਆਂ (ਘ, ਝ, ਢ, ਧ, ਭ) ਅਲੋਪ ਹੋ ਗਈਆਂ ਹਨ ਅਤੇ ਇਨ੍ਹਾਂ ਦਾ ਸਥਾਨ ਸੁਰ ਨੇ ਲੈ ਲਿਆ ਹੈ। ਜਦੋਂ ਇਹ ਧੁਨੀਆਂ ਸ਼ਬਦ ਦੀ ਅਖੀਰਲੀ ਸਥਿਤੀ ਵਿਚ ਵਿਚਰਦੀਆਂ ਹਨ ਤਾਂ ਇਨ੍ਹਾਂ ਦਾ ਉਚਾਰਨ (ਗ, ਜ, ਡ, ਦ, ਬ) ਵਰਗਾ ਹੁੰਦਾ ਹੈ ਅਤੇ ਇਨ੍ਹਾਂ ਤੋਂ ਪਹਿਲਾਂ ਵਿਚਰਦੇ ਸਵਰ ਚੜ੍ਹਦੀ ਸੁਰ ਨਾਲ ਉਚਾਰੇ ਜਾਂਦੇ ਹਨ ਜਿਵੇਂ : ਦੁੱਧ (ਦ ਉ ਦ ਦ) ਲਾਭ (ਲ ਆ ਬ) ਪਰ ਜਦੋਂ ਇਹ ਧੁਨੀਆਂ ਸ਼ਬਦ ਦੀ ਵਿਚਕਾਰਲੀ ਸਥਿਤੀ ਵਿਚ ਵਿਚਰਦੀਆਂ ਹਨ ਅਤੇ ਦਬਾ ਪਹਿਲੇ ਸਵਰ ਉਤੇ ਹੁੰਦਾ ਹੈ ਤਾਂ ਇਹ (ਗ, ਜ, ਡ, ਦ, ਬ) ਵਾਂਗ ਉਚਾਰੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਤੋਂ ਪਹਿਲਾਂ ਵਿਚਰਦਾ ਸਵਰ ਚੜ੍ਹਦੀ ਸੁਰ ਵਿਚ ਉਚਾਰਿਆ ਜਾਂਦਾ ਹੈ, ਜਿਵੇਂ : ਲੱਭੀ (ਲ ਅ ਬ ਬ ਈ) ਕੱਢੀ (ਕ ਅ ਡ ਡ ਈ) ਇਸੇ ਤਰ੍ਹਾਂ ਪੰਜਾਬੀ ਦੀਆਂ ਕੁਝ ਉਪਭਾਸ਼ਾਵਾਂ ਵਿਚ (ਹ) ਧੁਨੀ ਸੁਰ ਵਿਚ ਤਬਦੀਲ ਹੋ ਜਾਂਦੀ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.