ਛਾਪਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛਾਪਰੀ. ਸੰਗ੍ਯਾ—ਛਪਰੀ. ਫੂਸ ਦੀ ਕੁਟੀ. ਛੰਨ.“ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ.” (ਸੂਹੀ ਮ: ੫) ੨ ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ , ਥਾਣਾ ਸਰਹਾਲੀ ਦਾ ਇੱਕ ਪਿੰਡ , ਜਿੱਥੇ ਹੇਮੇ ਪ੍ਰੇਮੀ ਦੀ ਛਪਰੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਨਿਵਾਸ ਕੀਤਾ ਅਤੇ ਉੱਪਰ ਲਿਖਿਆ ਸ਼ਬਦ ਉਚਾਰਿਆ.

ਇਸ ਥਾਂ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ ਦੇ ਭੀ ਚਰਣ ਪਏ ਹਨ, ਅਰ ਗੁਰੂ ਹਰਿਗੋਬਿੰਦ ਸਾਹਿਬ ਭੀ ਪਧਾਰੇ ਹਨ. ੧੪ ਘੁਮਾਉਂ ਜ਼ਮੀਨ ਪਿੰਡ ਖਾਨਛਾਪਰੀ, ਖਾਨਰਜਾਦਾ ਅਤੇ ਚੱਕ ਮਹਿਰਾ ਵਿੱਚ ਹੈ. ਰੇਲਵੇ ਸਟੇਸ਼ਨ ਤਰਨਤਾਰਨ ਤੋਂ ਛਾਪਰੀ ੧੦ ਮੀਲ ਉੱਤਰ ਪੱਛਮ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1234, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਛਾਪਰੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਛਾਪਰੀ (ਪਿੰਡ): ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਗੋਇੰਦਵਾਲ ਨਗਰ ਤੋਂ 8 ਕਿ.ਮੀ. ਪੱਛਮ ਵਲ ਸਥਿਤ ਇਕ ਪਿੰਡ , ਜਿਥੇ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਬਿਰਾਜੇ ਸਨ। ਮੂਲ ਰੂਪ ਵਿਚ ਇਸ ਪਿੰਡ ਦਾ ਨਾਂ ‘ਖ਼ਾਨਪੁਰ’ ਸੀ ਜਿਸ ਦਾ ਥੇਹ ਹੁਣ ਵੀ ਮੌਜੂਦ ਹੈ। ਕਹਿੰਦੇ ਹਨ ਕਿ ਇਕ ਵਾਰ ਪਿੰਡ ਵਿਚ ਸੋਕੇ ਕਾਰਣ ਕਾਲ ਪੈ ਗਿਆ। ਉਥੋਂ ਦੇ ਇਕ ਜੋਗੀ ਨੇ ਦਸਿਆ ਕਿ ਲੋਕਾਂ ਵਲੋਂ ਗੁਰੂ ਅੰਗਦ ਜੀ ਨਾਂ ਦੇ ਖਤ੍ਰੀ ਪ੍ਰਤਿ ਦਰਸਾਈ ਸ਼ਰਧਾ ਹੀ ਕਾਲ ਪੈਣ ਦਾ ਕਾਰਣ ਹੈ। ਜੋਗੀ ਦੇ ਕਹਿਣ’ਤੇ ਲੋਕਾਂ ਵਲੋਂ ਗੁਰੂ ਅੰਗਦ ਦੇਵ ਜੀ ਪ੍ਰਤਿ ਅਸ਼ਰਧਾ ਦਿਖਾਉਣ ਦੇ ਬਾਵਜੂਦ ਜਦ ਬਾਰਸ਼ ਨ ਹੋਈ ਤਾਂ ਉਨ੍ਹਾਂ ਨੇ ਜੋਗੀ ਨੂੰ ਪਿੰਡੋਂ ਭਜਾ ਦਿੱਤਾ ਅਤੇ ਗੁਰੂ ਸਾਹਿਬ ਦੇ ਅਦੁੱਤੀ ਸੇਵਕ (ਗੁਰੂ) ਅਮਰਦਾਸ ਜੀ ਦੇ ਕਹੇ ਤੇ ਗੁਰੂ ਜੀ ਪਾਸੋਂ ਖਿਮਾ ਯਾਚਨਾ ਕਰਕੇ ਆਪਣੇ ਪਿੰਡ ਵਿਚ ਚਰਣ ਪਵਾਏ, ਤਾਂ ਬਾਰਸ਼ ਹੋਣ ਲਗ ਗਈ

            ਉਕਤ ਘਟਨਾ ਤੋਂ ਇਲਾਵਾ ਇਕ ਵਾਰ ਗੁਰੂ ਅਰਜਨ ਦੇਵ ਜੀ ਆਪਣੇ ਕੁਝ ਸੇਵਕਾਂ ਸਹਿਤ ਇਸ ਖੇਤਰ ਵਿਚ ਵਿਚਰ ਰਹੇ ਸਨ ਤਾਂ ਜ਼ੋਰ ਦੀ ਹਨੇਰੀ ਆ ਗਈ ਅਤੇ ਬਾਰਸ਼ ਵੀ ਹੋਣ ਲਗ ਗਈ। ਉਸ ਵੇਲੇ ਭਾਈ ਹੇਮਾ ਨੇ ਖ਼ਾਨਪੁਰ ਤੋਂ ਬਾਹਰ ਬਣੀ ਆਪਣੀ ਛੱਪਰੀ ਵਿਚ ਗੁਰੂ ਸਾਹਿਬ ਨੂੰ ਓਟ ਦਿੱਤੀ। ਗੁਰੂ ਜੀ ਨੇ ਉਸ ਵੇਲੇ ਸੂਹੀ ਰਾਗ ਵਿਚ ਸ਼ਬਦ ਗਾਇਆ—ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ (ਗੁ.ਗ੍ਰੰ.745)। ਉਸ ਦਿਨ ਤੋਂ ਉਹ ਛਾਪਰੀ (ਛਪਰੀ) ਗੁਰੂ ਜੀ ਦੀ ਠਹਿਰ ਦਾ ਸਮਾਰਕ ਬਣ ਗਈ ਅਤੇ ਲੋਕਾਂ ਦੀ ਅਧਿਕ ਸ਼ਰਧਾ ਕਾਰਣ ਪਿੰਡ ਦਾ ਨਾਂ ਪਹਿਲਾਂ ਖ਼ਾਨਪੁਰ- ਛਾਪਰੀ ਪ੍ਰਚਲਿਤ ਹੋਇਆ, ਫਿਰ ਖ਼ਾਨ-ਛਾਪਰੀ ਅਤੇ ਫਿਰ ਸਰਲੀਕਰਣ ਦੀ ਲੋਕ ਰੁਚੀ ਅਧੀਨ ਕੇਵਲ ‘ਛਾਪਰੀ’ ਪ੍ਰਸਿੱਧ ਹੋ ਗਿਆ। ਮਾਲਵਾ ਖੇਤਰ ਵਿਚ ਧਰਮ- ਪ੍ਰਚਾਰ ਲਈ ਜਾਂਦਿਆਂ ਗੁਰੂ ਹਰਿਗੋਬਿੰਦ ਜੀ ਵੀ ਇਥੇ ਠਹਿਰੇ ਸਨ। ਹੁਣ ਇਥੇ ਸੁੰਦਰ ਇਮਾਰਤ ਬਣੀ ਹੋਈ ਹੈ ਅਤੇ ਇਹ ਸਮਾਰਕ ‘ਗੁਰਦੁਆਰਾ ਛਾਪਰੀ ਸਾਹਿਬ’ ਵਜੋਂ ਜਾਣਿਆ ਜਾਂਦਾ ਹੈ। ਇਸ ਦੀ ਵਿਵਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਵਿਚ ਇਕ ਸਥਾਨਕ ਕਮੇਟੀ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1225, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਛਾਪਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਛਾਪਰੀ (ਸੰ.। ਦੇਖੋ , ਛਪਰ) ਛੋਟਾ ਛੱਪਰ , ਕੱਖਾਂ ਦੀ ਕੁੱਲੀ , ਝੌਂਪੜੀ। ਯਥਾ-‘ਭਲੀ ਸੁਹਾਵੀ ਛਾਪਰੀ’। ਤਥਾ-‘ਨਾ ਮੋੁਹਿ ਛਾਨਿ ਨ ਛਾਪਰੀ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1225, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਛਾਪਰੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਛਾਪਰੀ : ਇਹ ਭਾਰਤ ਦੇ ਪੰਜਾਬ ਰਾਜ ਦੇ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਤਰਨਤਾਰਨ ਵਿਚ ਇਕ ਇਤਿਹਾਸਕ ਪਿੰਡ ਹੈ। ਇਥੇ ਇਕ ਪ੍ਰੇਮੀ ਸਿੱਖ ਭਾਈ ‘ਹੇਮਾ’ ਦੀ ਛੱਪਰੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਿਵਾਸ ਕੀਤਾ ਹੈ ਅਤੇ “ਭਲੀ ਸੁਹਾਵੀ ਛਾਪਰੀ ਜਾ ਮਹਿਗੁਨ ਗਾਏ” (ਸੂਹੀ ਮ: ੫) ਸ਼ਬਦ ਉਚਾਰਿਆ।

          ਇਸ ਸਥਾਨ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਸ੍ਰੀ ਗੁਰੂ ਅਮਰਦਾਸ ਜੀ ਵੀ ਆਏ ਸਨ। ਬਾਅਦ ਵਿਚ ਛੇਵੇਂ ਪਾਤਸ਼ਾਹ ਸ੍ਰੀ ਹਰਿਗੋਬਿੰਦ ਜੀ ਨੇ ਇਥੇ ਚਰਨ ਪਾਏ ਸਨ। ਇਹ ਥਾਂ ਤਰਨਤਾਰਨ ਰੇਲਵੇ ਸਟੇਸ਼ਨ ਤੋਂ 16 ਕਿ. ਮੀ. ਦੂਰ ਉੱਤਰ ਪੱਛਮ ਵੱਲ ਹੈ।

          ਹ. ਪੁ.––ਮ. ਕੋ. : 489


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1005, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.