ਛੱਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੱਤ (ਨਾਂ,ਇ) 1 ਕੋਠੇ ਦੀਆਂ ਕੰਧਾਂ ਉੱਤੇ ਸ਼ਤੀਰ ਕੜੀਆਂ ਆਦਿ ਪਾ ਕੇ ਸਥਾਈ ਰੂਪ ਵਿੱਚ ਛੱਤੀ ਹੋਈ ਥਾਂ 2 ਕੋਠੇ ਦਾ ਉਤਲਾ ਪਾਸਾ 3 ਗੱਡੇ ਉੱਤੇ ਭਾਰ ਲੱਦਣ ਵਾਲਾ ਸਮਤਲ ਥਾਂ 4 ਪੈਰ ਦੇ ਪੱਬ ਨੂੰ ਢੱਕਣ ਵਾਲਾ ਜੁੱਤੀ ਦਾ ਉਤਲਾ ਹਿੱਸਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16996, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਛੱਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੱਤ [ਨਾਂਇ] ਮਕਾਨ ਆਦਿ ਦਾ ਉਪਰਲਾ ਹਿੱਸਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16989, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਛੱਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੱਤ. ਸੰਗ੍ਯਾ—ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨ ਛਤ੍ਰ. ਆਤਪਤ੍ਰ। ੩ ਦੇਖੋ, ਛੱਤ ਬਨੂੜ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16917, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਛੱਤ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਛੱਤ : ਇਮਾਰਤ ਦੇ ਸਭ ਤੋਂ ਉਪਰਲੇ ਹਿੱਸੇ ਜਾਂ ਦੋ ਮੰਜ਼ਲਾਂ ਦੇ ਵਿਚਕਾਰਲੇ ਹਿੱਸੇ ਨੂੰ ਛੱਤ ਕਹਿੰਦੇ ਹਨ। ਸਭ ਤੋਂ ਉਪਰਲੀ ਛੱਤ ਮੌਸਮ ਦੇ ਪ੍ਰਭਾਵ ਤੋਂ ਬਚਣ ਲਈ ਬਣਾਈ ਹੁੰਦੀ ਹੈ ਜਦੋਂ ਕਿ ਵਿਚਕਾਰਲੀ ਛੱਤ ਹੇਠਲੀ ਮੰਜ਼ਲ ਉੱਤੇ ਛੱਤ ਦਾ ਅਤੇ ਉਪਰਲੀ ਮੰਜ਼ਲ ਲਈ ਫਰਸ਼ ਦਾ ਕੰਮ ਕਰਦੀ ਹੈ। ਛੱਤ ਥੰਮਲਿਆਂ ਜਾਂ ਦੀਵਾਰਾਂ ਉੱਤੇ ਟਿਕੀ ਹੁੰਦੀ ਹੈ। ਘਾਹ, ਫੂਸ, ਪੱਤੇ ਜਾਂ ਕਾਨਿਆਂ ਦੀ ਛੱਤ ਨੂੰ ਛੱਪਰ ਕਹਿੰਦੇ ਹਨ ਜਿਹੜੀ ਕਿ ਅਕਸਰ ਢਾਲਵੀਂ ਹੁੰਦੀ ਹੈ। ਮਿੱਟੀ, ਪੱਥਰ, ਲੱਕੜ, ਕੰਕਰੀਟ ਅਤੇ ਇੱਟਾਂ ਦੀ ਛੱਤ ਵਿਚ ਕੇਵਲ ਨਾਂ ਮਾਤਰ ਢਲਾਣ ਹੀ ਰੱਖੀ ਜਾਂਦੀ ਹੈ। ਬਹੁਤ ਉੱਚੇ ਥਾਂ ਲਈ ਵੀ ਛੱਤ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਵੇਂ ਪਾਮੀਰ ਦੇ ਉੱਚੇ ਮੈਦਾਨਾਂ ਨੂੰ “ਦੁਨੀਆ ਦੀ ਛੱਤ” ਕਿਹਾ ਜਾਂਦਾ ਹੈ।

          ਗੁਫ਼ਾਵਾਂ ਵਿਚ ਰਹਿਣ ਵਾਲੇ ਆਦਿ ਮਨੁੱਖਾਂ ਨੂੰ ਪਹਾੜਾਂ ਵਿਚ ਗੁਫ਼ਾਵਾਂ ਕੱਟਣ ਲਈ ਕਾਫ਼ੀ ਮਿਹਨਤ ਕਰਨੀ ਪੈਂਦੀ ਸੀ। ਇਸ ਕਠਿਨ ਮਿਹਨਤ ਤੋਂ ਤੰਗ ਆ ਕੇ ਉਨ੍ਹਾਂ ਨੇ ਪੱਥਰਾਂ ਉੱਤੇ ਪੱਥਰ ਰੱਖ ਕੇ ਅਤੇ ਉੱਤੋਂ ਪੱਥਰਾਂ ਨਾਲ ਹੀ ਢੱਕ ਕੇ ਘਰ ਬਣਾਉਣੇ ਸ਼ੁਰੂ ਕੀਤੇ ਹੋਣਗੇ। ਪੁਰਾਣੇ ‘ਡੋਲਮੇਨ’ ਇਸੇ ਤਰ੍ਹਾਂ ਦੀ ਕੋਸ਼ਿਸ਼ ਦਾ ਹੀ ਸਿੱਟਾ ਸਨ। ਕਿਲਟਰਨਨ (ਡਬਲਿਨ) ਵਿਖੇ “ਦੈਤਯ ਕੀ ਸਮਾਧੀ” ਦੇ ਨਾਂ ਨਾਲ ਪ੍ਰਸਿੱਧ ਡੋਲਮੇਨ ਦੇਖਣ ਤੋਂ ਪਤਾ ਲੱਗਦਾ ਹੈ ਕਿ ਦੋ ਤਿੰਨ ਸਿੱਧੀਆਂ ਸਿੱਲਾਂ ਦੇ ਉੱਤੇ ਇਕ ਚਪਟੀ ਜਿਹੀ ਸਿੱਲ ਇਸ ਤਰ੍ਹਾਂ ਰੱਖੀ ਹੈ, ਜਿਵੇਂ ਦੀਵਾਰਾਂ ਉੱਤੇ ਛੱਤ ਟਿਕਾਈ ਹੋਵੇ।

          ਛੱਤਾਂ ਦੀਆਂ ਕਿਸਮਾਂ––ਛੱਤਾਂ ਮੁੱਖ ਤੌਰ ਤੇ ਦੋ ਕਿਸਮਾਂ ਦੀਆਂ ਅਰਥਾਤ (ੳ) ਚੌਰਸ ਅਤੇ (ਅ) ਢਾਲਵੀਆਂ ਹੁੰਦੀਆਂ ਹਨ।

          (ੳ) ਚੌਰਸ ਛੱਤਾਂ––ਚੌਰਸ ਛੱਤਾਂ ਆਮ ਤੌਰ ਤੇ ਪੱਕੀਆਂ ਸੀਮਿੰਟ, ਕੰਕਰੀਟ ਆਦਿ ਦੀਆਂ ਬਣਾਈਆਂ ਜਾਂਦੀਆਂ ਹਨ। ਚੰਗੀ ਮਿੱਟੀ ਨਾਲ ਕੱਚੀਆਂ ਚੌਰਸ ਛੱਤਾਂ ਵੀ ਆਮ ਵੇਖਣ ਵਿਚ ਆਉਂਦੀਆਂ ਹਨ। ਮਿੱਟੀ ਦੀਆਂ ਚੌਰਸ ਛੱਤਾਂ ਵਿਚ ਢਲਾਣ ਪੱਕੀਆਂ ਛੱਤਾਂ ਦੀ ਢਲਾਣ ਨਾਲੋਂ ਜ਼ਿਆਦਾ ਹੁੰਦੀ ਹੈ ਪਰੰਤੂ ਇੰਨੀ ਜ਼ਿਆਦਾ ਵੀ ਨਹੀਂ ਕਿ ਮਿੱਟੀ ਪਾਣੀ ਦੇ ਨਾਲ ਹੀ ਰੁੜ੍ਹ ਜਾਵੇ। ਸ਼ਤੀਰਾਂ ਜਾਂ ਬਾਲਿਆਂ (ਕੜੀਆਂ) ਉੱਤੇ ਪੱਥਰ ਦੇ ਚੌਕੇ, ਇੱਟਾਂ, ਲੱਕੜੀ ਦੇ ਫੱਟੇ, ਬਾਂਸ, ਸਰਕੜਾ ਜਾਂ ਖੜ ਆਦਿ ਕੋਈ ਵੀ ਚੀਜ਼ ਰੱਖ ਕੇ ਉਸ ਉੱਤੇ ਮਿੱਟੀ ਜਾਂ ਕੰਕਰੀਟ ਆਦਿ ਵਿਛਾ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਚੌਰਸ ਜਾਂ ਸਪਾਟ ਛੱਤ ਬਣਦੀ ਹੈ। ਪੱਕੀਆਂ ਛੱਤਾਂ ਵਿਚ ਸੀਮਿੰਟ ਕੰਕਰੀਟ ਦੇ ਮਸਾਲੇ ਵਿਚ ਲੋਹੇ ਦੀਆਂ ਸਲਾਖਾਂ ਪਾਈਆਂ ਜਾਂਦੀਆਂ ਹਨ ਤਾਂ ਜੋ ਇਸ ਤਰ੍ਹਾਂ ਬਣੀ ਸਿੱਲ ਵਿਚ ਲੋੜੀਂਦਾ ਤਣਾਉ ਪੈਦਾ ਕੀਤਾ ਜਾ ਸਕੇ। ਜਦੋਂ ਕਿਸੇ ਸਿੱਲ ਜਾਂ ਬੀਮ ਨੂੰ ਦੀਵਾਰਾਂ ਉੱਤੇ ਰੱਖਿਆ ਜਾਂਦਾ ਹੈ ਤਾਂ ਇਹ ਆਪਣੇ ਭਾਰ ਨਾਲ ਹੇਠਾਂ ਵੱਲ ਨੂੰ ਲਿਫਣ ਦੀ ਕੋਸ਼ਿਸ਼ ਕਰਦੀ ਹੈ। ਲੋਹੇ ਦੀਆਂ ਛੜਾਂ ਆਦਿ ਪਾ ਕੇ ਪ੍ਰਬਲਿਤ ਕੀਤੇ ਕੰਕਰੀਟ ਮਸਾਲੇ ਨਾਲ ਬਣੀ ਸਿੱਲ ਹੇਠਾਂ ਵੱਲ ਨਹੀਂ ਲਿਫਦੀ।

          (ਅ) ਢਾਲਵੀਆਂ ਛੱਤਾਂ––ਵਧੇਰੇ ਵਰਖਾ ਵਾਲੇ ਇਲਾਕਿਆਂ ਵਿਚ ਅਕਸਰ ਢਾਲੂ ਛੱਤਾਂ ਬਣਾਈਆਂ ਜਾਂਦੀਆਂ ਹਨ। ਇਹ ਇਕੋ ਪਾਸੇ ਵੱਲ ਜਾਂ ਦੋਵੇਂ ਪਾਸਿਆਂ ਵੱਲ ਢਾਲੂ ਹੋ ਸਕਦੀਆਂ ਹਨ। ਜਿਸ ਛੱਤ ਦੇ ਇਕੋ ਪਾਸੇ ਵੱਲ ਢਲਾਣ ਹੋਵੇ ਉਸ ਨੂੰ ‘ਟੇਕਦਾਰ’ ਛੱਤ ਕਹਿੰਦੇ ਹਨ। ਜਿਹੜੀ ਛੱਤ ਵਿਚਕਾਰੋਂ ਉੱਚੀ ਹੋਵੇ ਤੇ ਦੋਵੇਂ ਪਾਸੇ ਢਾਲੂ ਤਲ ਹੋਣ ਉਸ ਨੂੰ ਤਿਕੋਨੀ ਛੱਤ ਕਿਹਾ ਜਾਂਦਾ ਹੈ। ਦੋਵੇਂ ਢਾਲੂ ਤਲਾਂ ਨੂੰ ਜੋੜਨ ਵਾਲੀ ਰੇਖਾ ਨੂੰ “ਕਾਣੀ” ਕਹਿੰਦੇ ਹਨ ਅਤੇ ਚਾਰੇ ਪਾਸੇ ਢਾਲੂ ਤਲਾਂ ਵਾਲੀ ਛੱਤ ਨੂੰ ‘ਕਾਠੀ ਛੱਤ’ ਕਹਿੰਦੇ ਹਨ। ਬਦੇਸ਼ਾਂ ਵਿਚ ਆਮ ਤੌਰ ਤੇ ਦੂਹਰੀਆਂ ਢਾਲ ਛੱਤਾਂ ਬਣਾਈਆਂ ਜਾਂਦੀਆਂ ਹਨ।

          ਛੱਤ ਦੀਆਂ ਕੈਂਚੀਆਂ––ਇਕਹਿਰੀ ਢਾਲ ਵਾਲੀ ਛੱਤ ਬਣਾਉਣ ਲਈ ਇਸ ਹੇਠਾਂ ਇਕ ਪਾਸੇ ਦੀ ਦੀਵਾਰ ਦੀ ਉਚਾਈ ਜ਼ਿਆਦਾ ਰੱਖੀ ਜਾਂਦੀ ਹੈ ਪਰੰਤੂ ਜੇਕਰ ਉਚਾਈ ਸੀਮਤ ਰੱਖਣੀ ਹੋਵੇ ਤਾਂ ਦੋਹਾਂ ਪਾਸੇ ਢਾਲ ਬਣਾਉਣੀ ਜ਼ਰੂਰੀ ਹੋ ਜਾਂਦੀ ਹੈ। ਅਜਿਹੀਆਂ ਛੱਤਾਂ ਲਈ ਕੈਂਚੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕੈਂਚੀਆਂ ਦਬਾਉ ਅਨੁਸਾਰ ਲੱਕੜੀ, ਲੋਹੇ ਜਾਂ ਦੋਹਾਂ ਦੀਆਂ ਹੁੰਦੀਆਂ ਹਨ। ਲੋਹੇ ਦੀਆਂ ਕੈਂਚੀਆਂ ਵਿਚ ਇਕ ਜਾਂ ਵੱਧ ਐਂਗਲ, ਟੀ, ਚੈਨਲ ਜਾਂ ਆਈ ਸੈਕਸ਼ਨ ਲਗਾਏ ਜਾਂਦੇ ਹਨ, ਤਣਾਉ ਵਧਾਉਣ ਲਈ ਪੱਤੀ ਜਾਂ ਸਰੀਏ ਵੀ ਲਗਾਏ ਜਾ ਸਕਦੇ ਹਨ।

          ਖਣ ਦੀ ਲੰਬਾਈ ਅਤੇ ਚੌੜਾਈ ਅਨੁਸਾਰ ਕੈਂਚੀਆਂ ਦੀ ਬਣਤਰ ਵੱਖੋ ਵੱਖਰੀ ਹੁੰਦੀ ਹੈ। ਇਨ੍ਹਾਂ ਦੇ ਤਿੰਨ ਮੁੱਖ ਹਿੱਸੇ ਹੁੰਦੇ ਹਨ––(ੳ) ਵੱਡੇ ਬਾਲੇ ਜਾਂ ਕੜੀਆਂ ਜਿਨ੍ਹਾਂ ਉੱਤੇ ਦੂਜੇ ਦਾਅ ਛੋਟੇ ਬਾਲੇ ਜਾਂ ਕੜੀਆਂ (ਪਰਲਿਨ) ਰੱਖ ਕੇ ਛੱਤ ਪਾ ਦਿੱਤੀ ਜਾਂਦੀ ਹੈ। ਇਹ ਅਕਸਰ ਦਬਾਉ ਹੇਠ ਰਹਿੰਦੀਆਂ ਹਨ। (ਅ) ਵੱਡੀ ਤਾਨ ਜਾਂ ਹੇਠਲੀ ਤਾਨ ਜਿਹੜੀ ਮੁੱਖ ਕੜੀਆਂ ਦੇ ਹੇਠਲੇ ਸਿਰਿਆਂ ਨੂੰ ਬਾਹਰ ਵੱਲ ਫੈਲਣ ਤੋਂ ਰੋਕਦੀ ਹੈ। ਇਹ ਤਣਾਉ ਵਿਚ ਰਹਿੰਦੀਆਂ ਹਨ। (ੲ) ਵਿਚਕਾਰਲਾ ਭਾਗ ਜਿਹੜਾ ਬਣਤਰ ਅਨੁਸਾਰ ਦਬਾਉ ਜਾਂ ਤਣਾਉ ਵਿਚ ਰਹਿੰਦਾ ਹੈ। ਇਨ੍ਹਾਂ ਦੀ ਮਿਣਤੀ ਖਣ ਦੇ ਆਕਾਰ ਅਨੁਸਾਰ ਘੱਟ ਵੱਧ ਸਕਦੀ ਹੈ। ਦਬਾਉ ਹੇਠ ਰਹਿਣ ਵਾਲੇ ਅੰਗਾਂ ਨੂੰ “ਰੋਕਾਂ” ਕਹਿੰਦੇ ਹਨ। ਜਿਥੋਂ ਤੱਕ ਹੋ ਸਕੇ ਭਾਰ ਜੋੜਾਂ ਉੱਤੇ ਹੀ ਪਵੇ ਤਾਂ ਜੋ ਦਬਾਉ ਅਤੇ ਤਣਾਉ ਸਿੱਧਾ ਹੀ ਪਵੇ ਨਾ ਕਿ ਆਡੇ-ਦਾਅ। ਜੇਕਰ ਭਾਰ ਵਿਚਕਾਰ ਵੀ ਪੈਂਦਾ ਹੋਵੇ ਤਾਂ ਇਨ੍ਹਾਂ ਦੀ ਮੋਟਾਈ ਵੱਧ ਰੱਖੀ ਜਾਂਦੀ ਹੈ।

          ਪ੍ਰਕਾਸ਼ ਪ੍ਰਬੰਧ ਲਈ ਖਣਾਂ ਦੀ ਲੰਬਾਈ ਅਤੇ ਉਪਯੋਗ ਨੂੰ ਮੁੱਖ ਰੱਖਦੇ ਹੋਏ ਅਨੇਕ ਪ੍ਰਕਾਰ ਦੀਆਂ ਕੈਂਚੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਛੋਟੀ ਤੋਂ ਛੋਟੀ ਕੈਂਚੀ 3.048 ਮੀ. (10 ਫੁੱਟ) ਅਤੇ ਵੱਡੀ ਤੋਂ ਵੱਡੀ 30.480 ਮੀ. (100 ਫੁੱਟ) ਤੱਕ ਹੋ ਸਕਦੀ ਹੈ। ਇਨ੍ਹਾਂ ਕੈਂਚੀਆਂ ਦਾ ਡਿਜ਼ਾਈਨ ਘਰਾਂ, ਦੁਕਾਨਾਂ, ਸ਼ੈੱਡਾਂ, ਵਰਕਸ਼ਾਪਾਂ, ਫ਼ੈਕਟਰੀਆਂ ਆਦਿ ਦੀਆਂ ਛੱਤਾਂ ਲਈ ਵੱਖੋ-ਵੱਖਰਾ ਹੁੰਦਾ ਹੈ। ਇਸੇ ਕਰਕੇ ਇਨ੍ਹਾਂ ਦੇ ਨਾਂ ਵੀ ਵੱਖੋ-ਵੱਖਰੇ ਰੱਖੇ ਹੋਏ ਹਨ।

          ਕੈਂਚੀਆਂ ਦਾ ਸਿਧਾਂਤ ਇਹ ਹੈ ਕਿ ਸਮੁੱਚਾ ਫ੍ਰੇਮ ਵੱਧ ਤੋਂ ਵੱਧ ਤਿਕੋਨਾਂ ਵਿਚ ਵੰਡਿਆ ਜਾ ਸਕੇ ਕਿਉਂਕਿ ਤਿਕੋਨ ਦੀਆਂ ਭੁਜਾਵਾਂ ਦੀ ਲੰਬਾਈ ਬਦਲ ਜਾਣ ਨਾਲ ਤਿਕੋਨ ਦੀ ਸ਼ਕਲ ਨਹੀਂ ਬਦਲਦੀ। ਜਦੋਂ ਕਿ ਚਤੁਰਭੁਜ ਜਾਂ ਕੋਈ ਹੋਰ ਸੰਰਚਨਾ ਦੀਆਂ ਭੁਜਾਵਾਂ ਵਿਚ ਪ੍ਰਤਿਬਲਾਂ ਦੇ ਅਸਰ ਹੇਠ ਕੋਈ ਤਬਦੀਲੀ ਆ ਜਾਵੇ ਤਾਂ ਉਹ ਆਪਣੀ ਸ਼ਕਲ ਬਦਲ ਲੈਂਦੀਆਂ ਹਨ ਜਿਵੇਂ ਕਿ ਆਇਤ ਦੀ ਥਾਂ ਸਮਾਂਤਰ ਚਤੁਰਭੁਜ ਆਦਿ ਬਣ ਜਾਂਦੀ ਹੈ।

          ਛੱਤ ਸਮੱਗਰੀ––ਛੱਤ ਸਮੱਗਰੀ ਦੀ ਸਹੀ ਵਰਤੋਂ ਢਾਲੂ ਛੱਤਾਂ ਵਿਚ ਵਿਸ਼ੇਸ਼ ਤੌਰ ਤੇ ਦਿਖਾਈ ਦਿੰਦੀ ਹੈ। ਘਾਹ, ਫੂਸ, ਪੱਤੇ ਆਰੰਭ ਕਾਲ ਤੋਂ ਹੀ ਛੱਪਰਾਂ ਲਈ ਇਸਤੇਮਾਲ ਕੀਤੇ ਜਾਂਦੇ ਹਨ। ਠੰਢ, ਤਾਪ ਆਦਿ ਤੋਂ ਬਚਾਉ ਕਰਨ ਲਈ ਇਹ ਬਹੁਤ ਹੀ ਸਸਤਾ ਸਾਧਨ ਸੀ। ਘਟ ਬਾਰਸ਼ ਵਾਲੇ ਖੇਤਰਾਂ ਵਿਚ ਅਮੀਰ ਆਦਮੀ ਵੀ ਛੱਤ ਉੱਤੇ ਹੋਰ ਘਾਹ ਫੂਸ ਪਾ ਕੇ ਵਧੇਰੇ ਆਨੰਦ ਮਾਣਦੇ ਹਨ। ਅਜਿਹੀ ਛੱਤ ਵਿਚ ਡਰ ਸਿਰਫ ਇਹੀ ਹੁੰਦਾ ਹੈ ਕਿ ਅੱਗ ਨਾ ਲੱਗ ਜਾਵੇ।

          ਖਪਰਿਆਂ ਵਾਲੀ ਛੱਤ ਨੂੰ ਖਪਰੈਲ ਕਹਿੰਦੇ ਹਨ। ਪਿੰਡਾਂ ਵਿਚ ਕੜੀਆਂ ਜਾਂ ਬਾਲਿਆਂ ਉੱਤੇ ਬਾਂਸ, ਖੜ, ਘਾਹ ਫੂਸ ਜਾਂ ਪਤਲੀ ਲੱਕੜ ਪਾ ਕੇ ਉੱਤੇ ਖਪਰੇ ਵਿਛਾ ਦਿੱਤੇ ਜਾਂਦੇ ਹਨ ਪਰੰਤੂ ਚੰਗੀ ਛੱਤ ਲਈ ਲੱਕੜ ਦੇ ਫੱਟਿਆਂ ਨੂੰ ਕਿੱਲਾਂ ਨਾਲ ਬਾਲਿਆਂ ਜਾਂ ਕੜੀਆਂ ਉੱਤੇ ਜੋੜਕੇ ਉੱਤੇ ਖੱਪਰੇ ਵਿਛਾਏ ਜਾਂਦੇ ਹਨ। ਨਾਲੀ ਵਰਤੇ ਖੱਪਰਿਆਂ ਨੂੰ ‘ਨਰੇ’ ਕਿਹਾ ਜਾਂਦਾ ਹੈ। (ਚਿੱਤਰ 3) ਨਰੇ ਅਤੇ ਖਪਰੇ ਕਈ ਵਾਰੀ ਇਕੱਠੇ ਵੀ ਵਰਤੇ ਜਾਂਦੇ ਹਨ। ਇਲਾਹਾਬਾਦੀ ਖਪਰੇ ਮਸ਼ੀਨਾਂ ਦੁਆਰਾ ਬਣੇ ਹੋਣ ਕਰਕੇ ਵਧੇਰੇ ਸੁੰਦਰ ਤੇ ਟਿਕਾਊ ਹੁੰਦੇ ਹਨ।

          ਸਲੇਟ ਦੀ ਛੱਤਾਂ ਵਿਚ ਆਮ ਵਰਤੀ ਜਾਂਦੀ ਹੈ। ਇਹ ਸਮਅੰਗੀ, ਕਦੇ ਖ਼ਰਾਬ ਨਾ ਹੋਣ ਵਾਲਾ, ਤਹਿਦਾਰ ਖਣਿਜ ਪੱਥਰ ਹੁੰਦਾ ਹੈ ਜਿਹੜਾ ਪਤਲੀਆਂ-ਪਤਲੀਆਂ (1/16'') dl % '' pP H 𝛀''VC} R%c}G< (''P 𝛀''15)। ਛੋਟੀਆਂ ਸਲੇਟਾਂ ਵਾਲੀ ਛੱਤ ਦੀ ਢਲਾਣ ਵੱਡੀਆਂ ਸਲੇਟਾਂ ਵਾਲੀ ਛੱਤ ਦੇ ਮੁਕਾਬਲੇ ਵੱਧ ਰੱਖੀ ਜਾਂਦੀ ਹੈ। ਆਇਰਨ ਪਾਇਰਾਈਟ ਵਾਲੀਆਂ ਸਲੇਟਾਂ ਡਬ ਖੜੱਬੀਆਂ ਹੁੰਦੀਆਂ ਹਨ ਤੇ ਇਨ੍ਹਾਂ ਦਾ ਇਸਤੇਮਾਲ ਛੱਤਾਂ ਲਈ ਨਹੀਂ ਕਰਨਾ ਚਾਹੀਦਾ ਕਿਉਂਕਿ ਆਇਰਨ ਪਾਇਰਾਈਟ ਦੇ ਵਿਘਟਨ ਤੋਂ ਬਾਅਦ ਸਲੇਟਾਂ ਖੁਰ ਜਾਂਦੀਆਂ ਹਨ। ਰੇਤਲੇ ਪੱਥਰਾਂ ਨੂੰ ਵੀ ਸਲੇਟਾਂ ਦੀ ਤਰ੍ਹਾਂ ਚੌਕੇ ਬਣਾ ਕੇ ਛੱਤਾਂ ਲਈ ਉਪਯੋਗ ਕੀਤਾ ਜਾਂਦਾ ਹੈ। ਇੰਗਲੈਂਡ ਵਿਚ ਯਾਰਕਸ਼ਿਰ ਦੇ ਪੱਥਰ ਦੇ ਚੌਕੇ ਛੱਤਾਂ ਲਈ ਚੰਗੇ ਮੰਨੇ ਜਾਂਦੇ ਹਨ।

          ਛੱਤਾਂ ਦੇ ਆਧੁਨਿਕ ਸਾਮਾਨ ਵਿਚ ਵਿਸ਼ੇਸ਼ ਪ੍ਰਕਾਰ ਦਾ ਕਾਗਜ਼, ਕਿਰਮਿਚ, ਤਾਰਕੋਲ ਵਿਚ ਡੁਬੋਇਆ ਹੋਇਆ ਨਮਦਾ ਅਤੇ ਅਨੇਕ ਪ੍ਰਕਾਰ ਦੇ ਗੱਤੇ ਆਦਿ ਵੀ ਛੱਤਾਂ ਲਈ ਵਰਤੇ ਜਾਂਦੇ ਹਨ। ਤਾਂਬਾ, ਜਿਸਤ, ਸਿੱਕਾ, ਐਲੂਮਿਨੀਅਮ, ਲੋਹੇ ਆਦਿ ਧਾਤਾਂ ਦੀਆਂ ਚਾਦਰਾਂ ਦੀ ਵਰਤੋਂ ਆਮ ਹੁੰਦੀ ਹੈ। ਇਨ੍ਹਾਂ ਚਾਦਰਾਂ ਨੂੰ ਆਮ ਕਰਕੇ ਨਾਲੀਦਾਰ ਬਣਾਇਆ ਜਾਂਦਾ ਹੈ। (ਚਿੱਤਰ 6)

          ਐਸਬੈਸੱਟਾਸ ਚਾਦਰਾਂ ਵੀ ਨਾਲੀਦਾਰ ਚਾਦਰਾਂ ਦੀ ਤਰ੍ਹਾਂ ਹੀ ਵਰਤੀਆਂ ਜਾਂਦੀਆਂ ਹਨ। ਇਹ ਠੰਢ ਅਤੇ ਗਰਮੀ ਨੂੰ ਧਾਤ ਦੀਆਂ ਚਾਦਰਾਂ ਨਾਲੋਂ ਵਧੇਰੇ ਰੋਕਦੀਆਂ ਹਨ ਪਰ ਛੇਤੀ ਭੁਰ ਜਾਂਦੀਆਂ ਹਨ। (ਚਿੱਤਰ 7)

          ਗੋਲ ਛੱਤਾਂ––ਮੁੱਢਲੇ ਕਾਲ ਦੀਆਂ ਗੋਲ ਛੱਤਾਂ ‘ਐਸਕੀਮੋ’ ਦੇ ਬਰਫ ਦੇ ਘਰ “ਇਗਲੂ” ਅਤੇ ਅਫ਼ਰੀਕਾ ਦੇ ਗਰਮ ਦੇਸ਼ਾਂ ਦੇ ਜ਼ੁਲੂ ਲੋਕਾਂ ਦੀਆਂ ਝੁੱਗੀਆਂ ਦੀਆਂ ਛੱਤਾਂ ਵਰਗੀਆਂ ਹੁੰਦੀਆਂ ਸਨ। ਲੱਕੜ ਦੀਆਂ ਗੋਲ ਛੱਤਾਂ ਠੀਕ ਨਹੀਂ ਰਹਿੰਦੀਆਂ, ਇਸੇ ਕਰਕੇ ਇਹ ਜ਼ਿਆਦਾਤਰ ਪੱਕੀਆਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਨੂੰ ਗੁੰਬਦ ਕਿਹਾ ਜਾਂਦਾ ਹੈ।

          ਰੋਮ ਵਾਸੀਆਂ ਨੇ ਇੱਟਾਂ ਅਤੇ ਕੰਕਰੀਟ ਦੇ ਸੁੰਦਰ ਗੁੰਬਦ ਬਣਾਏ ਸਨ। ਇਨ੍ਹਾਂ ਵਿਚੋਂ ਅਗਰੀਪਾ ਦੁਆਰਾ 27 ਈ. ਪੂ. ਵਿਚ ਬਣਾਇਆ ਗਿਆ ਇਕ ਬਹੁਤ ਵੱਡਾ ਦੇਵ ਮੰਦਰ ਹੈ ਜੋ ਮਗਰੋਂ ਸਾਂਤਾ ਮਾਰੀਆ ਰੋਟੰਡਾ ਦੇ ਨਾਮ ਨਾਲ ਪ੍ਰਸਿੱਧ ਹੋਇਆ। ਬੀਜਾਪੁਰ ਦਾ ਗੋਲ ਗੁੰਬਦ ਸਾਦਗੀ ਅਤੇ ਭਵਨ ਉਸਾਰੀ ਕਲਾ ਦਾ ਅਜੀਬੋ ਗਰੀਬ ਨਮੂਨਾ ਹੈ। ਇਸ ਦਾ ਖੇਤਰਫਲ ਮਾਰੀਆ ਰੋਟੰਡਾ ਨਾਲੋਂ ਲਗਭਗ 196.00 ਵ. ਮੀ. (2,177 ਵ. ਫੁੱਟ) ਵੱਧ ਹੈ।

          ਕੁਸਤੁਨਤੁਨੀਆ ਦੇ ਸੇਂਟ ਸੋਫ਼ੀਆ ਗਿਰਜਾ ਘਰ ਦੀ ਗੋਲ ਛੱਤ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਇਮਾਰਤ ਵਿਚ ਬਾਜ਼ਨਤੀਨੀ ਕਲਾ ਦਾ ਪੂਰਨ ਤੌਰ ਤੇ ਇਸਤੇਮਾਲ ਕੀਤਾ ਹੋਇਆ ਹੈ (ਚਿੱਤਰ 8)।

          ਆਧੁਨਿਕ ਗੋਲ ਛੱਤਾਂ ਵਿਚ ਦਿੱਲੀ ਦੇ ਵਿਗਿਆਨ ਭਗਨ ਦੀ ਛੱਤ ਦਾ ਵਿਸ਼ੇਸ਼ ਸਥਾਨ ਹੈ, ਜਿਹੜੀ ਕਿ ਹਰ ਪੱਖੋਂ ਜਿਵੇਂ ਪ੍ਰਕਾਸ਼ ਮਜ਼ਬੂਤੀ, ਮੀਟਿੰਗ ਕਪੈਸਟੀ ਆਦਿ ਦੇ ਲਿਹਾਜ਼ ਨਾਲ ਪੁਖ਼ਤਾ ਹੈ।

          ਸ਼ੈੱਲ ਛੱਤਾਂ––ਅੱਜਕੱਲ੍ਹ ਵੱਡੀਆਂ-ਵੱਡੀਆਂ ਛੱਤਾਂ ਕੰਕਰੀਟ ਦੇ ਸ਼ੈੱਲ ਦੀਆਂ ਹੀ ਬਣਾਈਆਂ ਜਾਂਦੀਆਂ ਹਨ। ਸੰਰਚਨਾ ਅਨੁਸਾਰ ਸ਼ੈੱਲ ਛੱਤਾਂ ਤਿੰਨ ਕਿਸਮਾਂ ਦੀਆਂ ਅਰਥਾਤ ਗੋਲ ਜਾਂ ਗੁੰਬਦਨੁਮਾ, ਬੇਲਣਾਕਾਰ ਅਤੇ ਅੰਡਾਕਾਰ ਹੋ ਸਕਦੀਆਂ ਹਨ। ਸ਼ੈੱਲ ਛੱਤਾਂ ਦੀ ਵਿਸ਼ੇਸ਼ਤਾ ਇਨ੍ਹਾਂ ਦੀ ਮੋਟਾਈ ਕਰਕੇ ਹੁੰਦੀ ਹੈ। ਇਨ੍ਹਾਂ ਛੱਤਾਂ ਦੀ ਮਜ਼ਬੂਤੀ ਇਨ੍ਹਾਂ ਦੇ ਵਿਸ਼ੇਸ਼ ਆਕਾਰਾਂ ਕਰਕੇ ਹੁੰਦੀ ਹੈ। ਕੁਸ਼ੀਨਗਰ (ਉੱਤਰ ਪ੍ਰਦੇਸ਼) ਵਿਚ ਨਿਵਾਰਨ ਬਿਹਾਰ (1956-57) ਦੀ ਲਗਭਗ 7.5 ਸੈਂ. ਮੀ. ਮੋਟੀ ਬੇਲਨਾਕਾਰ ਛੱਤ ਹੈ, ਜਿਸ ਦੇ ਵਿਚਕਾਰ ਲਗਭਗ 7.6 ਮੀ. ਵਿਆਸ ਵਾਲੀ ਇਕ ਵੱਡੀ ਖਿੜਕੀ ਵੀ ਹੈ। ਇਲਿਨਾਇ (ਅਮਰੀਕਾ) ਦੇ ਵੱਡੇ ਪ੍ਰਵੇਸ਼ ਦੁਆਰ ਦੀ ਸ਼ੈੱਲ ਛੱਤ ਗੋਲਾਕਾਰ ਹੈ ਜਿਸਦਾ ਵਿਆਸ ਲਗਭਗ 122 ਮੀ. (400 ਫੁੱਟ) ਹੈ। ਇਹ ਸ਼ਾਇਦ ਆਪਣੀ ਕਿਸਮ ਦੀ ਸਭ ਤੋਂ ਵੱਡੀ ਛੱਤ ਹੈ ਜਿਸ ਦੀ ਘਟ ਤੋਂ ਘਟ ਮੋਟਾਈ 9 ਸੈਂ. ਮੀ. ਹੈ।

          ਬਿਟੂਮੈੱਨ ਜਾਂ ਐਸਫਾੱਲਟ ਦੀ ਤਹਿ ਛੱਤ ਉੱਤੇ ਵਿਛਾਉਣ ਨਾਲ ਛੱਤ 10 ਜਾਂ 15 ਸਾਲ ਤੱਕ ਜਲ ਰੋਕੂ ਬਣ ਜਾਂਦੀ ਹੈ। ਪ੍ਰਬਲਿਤ ਕੰਕਰੀਟ ਜਾਂ ਪ੍ਰਬਲਿਤ ਚਿਣਾਈ ਵਾਲੀਆਂ ਛੱਤਾਂ ਵਿਚ ਲੋੜੀਂਦੀ ਢਾਲ ਰੱਖਣ ਲਈ ਉਨ੍ਹਾਂ ਉੱਤੇ ਚੂਨੇ ਦੀ ਕੰਕਰੀਟ ਜਾਂ ਮਿੱਟੀ ਦਾ ਮਲਬਾ ਵਿਛਾਇਆ ਜਾਂਦਾ ਹੈ ਜਿਸ ਨਾਲ ਪਾਣੀ ਵੀ ਰੁਕ ਜਾਂਦਾ ਹੈ। ਜੇ ਕੰਕਰੀਟ ਜਾਂ ਮਿੱਟੀ ਦਾ ਮਲਬਾ ਵਿਛਾਉਣ ਤੋਂ ਪਹਿਲਾਂ ਛੱਤ ਉੱਤੇ ਬਿਟੂਮਨ ਦਾ ਇਕ ਕੋਟ ਫੇਰ ਦਿੱਤਾ ਜਾਵੇ ਤਾਂ ਛੱਤ ਦਾ ਜੀਵਨ-ਕਾਲ ਹੋਰ ਵੱਧ ਜਾਂਦਾ ਹੈ।

          ਹ. ਪੁ.––ਹਿੰ. ਵਿ. ਕੋ. 4 : 307; ਮੈਕ. ਐਨ. ਸ. ਟ. 11 : 620


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12534, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਛੱਤ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਛੱਤ : ਇਹ ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਤਹਿਸੀਲ ਦਾ ਇਕ ਪੁਰਾਣਾ ਤੇ ਇਤਿਹਾਸਕ ਪਿੰਡ ਹੈ ਜਿਹੜਾ ਬਨੂੜ ਤੋਂ 12 ਕਿ. ਮੀ. ਪੂਰਬ ਵੱਲ ਵਾਕਿਆ ਹੈ। ਇਸ ਦਾ ਪੁਰਾਣਾ ਨਾਂ ਲਖਨਉਤੀ ਦੱਸਿਆ ਜਾਂਦਾ ਹੈ। ਕਹਿੰਦੇ ਹਨ ਜਦ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ 1193 ਈ. ਵਿਚ ਤਰਾਵੜੀ ਦੀ ਲੜਾਈ ਵਿਚ ਗ੍ਰਿਫ਼ਤਾਰ ਕਰ ਲਿਆ ਤੇ ਉਸ ਨੂੰ ਇਕ ਅਜਿਹੇ ਮਕਾਨ ਵਿਚ ਰੱਖਿਆ ਜਿਸ ਦੀ ਛੱਤ 23 ਸੈਂ. ਮੀ. (ਨੌ ਇੰਚ) ਮੋਟੇ ਲੋਹੇ ਦੀ ਸੀ ਤਾਂ ਗੌਰੀ ਨੇ  ਛੱਤ ਉੱਤੇ ਇਕ ਆਵਾਜ਼ ਪੈਦਾ ਕੀਤੀ। ਪ੍ਰਿਥਵੀ ਰਾਜ ਚੌਹਾਨ ਸ਼ਬਦ ਬੇਧੀ ਬਾਣ ਚਲਾਉਣ ਵਿਚ ਬੜਾ ਮਾਹਰ ਸੀ। ਜਦੋਂ ਉਹ ਕਿਸੇ ਵੀ ਆਵਾਜ਼ ਪਿੱਛੇ ਬਾਣ ਚਲਾਉਂਦਾ ਤਾਂ ਇਹ ਬਾਣ ਹਰ ਅੜਚਨ ਨੂੰ ਪਾਰ ਕਰ ਕੇ ਆਪਣੇ ਨਿਸ਼ਾਨੇ ਤੇ ਪਹੁੰਚ ਜਾਂਦਾ ਸੀ। ਪ੍ਰਿਥਵੀ ਰਾਜ ਨੇ ਕੈਦਖ਼ਾਨੇ ਵਾਲੀ ਥਾਂ ਤੋਂ ਉੱਪਰ ਨੂੰ ਇਕ ਅਜਿਹਾ ਹੀ ਬਾਣ ਚਲਾਇਆ ਜੋ ਉਸ ਲੋਹੇ ਦੀ ਛੱਤ ਨੂੰ ਚੀਰ ਕੇ ਆਵਾਜ਼ ਪੈਦਾ ਕਰਨ ਵਾਲੀ ਵਸਤੂ ਨੂੰ ਜਾ ਲਗਿਆ। ਪਹਿਲੇ ਪਹਿਲ ਇਸ ਮਕਾਨ ਵਾਲਾ ਮੁਹੱਲਾ ਇਸ ਦੀ ਛੱਤ ਕਰ ਕੇ ‘ਛੱਤ ਵਾਲਾ ਮੁਹੱਲਾ’ ਦੇ ਤੌਰ ਤੇ ਪ੍ਰਸਿੱਧ ਸੀ। ਸਮਾਂ ਬੀਤਣ ਨਾਲ ਕਸਬੇ ਦਾ ਨਾਂ ਕੇਵਲ ਛੱਤ ਹੀ ਰਹਿ ਗਿਆ।

ਹੌਲੀ ਹੌਲੀ ਦੋਵੇਂ ਕਸਬਿਆਂ ਛੱਤ ਤੇ ਬਨੂੜ ਦਾ ਪਸਾਰ ਇਕ ਦੂਜੇ ਵੱਲ ਨੁੂੰ ਹੋਣ ਲੱਗਾ ਜਿਸ ਕਰ ਕੇ ਇਨ੍ਹਾਂ ਦਾ ਰਲਵਾਂ ਜਿਹਾ ਨਾਂ ਛੱਤ-ਬਨੂੜ ਸੱਦਿਆ ਜਾਣ ਲਗ ਪਿਆ। ਬਾਬਰ ਆਪਣੀ ਜੀਵਨ ਕਥਾ ‘ਤੁਜ਼ਕਿ ਬਾਬਰੀ’ ਵਿਚ ਲਿਖਦਾ ਹੈ ਕਿ 1526 ਈ. ਵਿਚ ਜਦੋਂ ਉਹ ਬਨੂੜ ਠਹਿਰਿਆ ਹੋਇਆ ਸੀ ਤਾਂ ਘੱਗਰ ਨਦੀ ਦੇ ਕੰਢੇ ਛੱਤ ਨੂੰ ਸੈਰ ਕਰਨ ਗਿਆ। ਇਸ ਦੀਆਂ ਪੁਰਾਣੀਆਂ ਢਹਿ ਚੁੱਕੀਆਂ ਇਮਾਰਤਾਂ ਦੇ ਖੰਡਰ ਅਤੇ ਥੇਹਾਂ ਤੋਂ ਲੱਗਦਾ ਹੈ ਕਿ ਇਹ ਮੁਸਲਮਾਨੀ ਕਾਲ ਵਿਚ ਬੜਾ ਵੱਡਾ ਅਤੇ ਧਨਾਢ ਕਸਬਾ ਹੁੰਦਾ ਹੋਵੇਗਾ।

ਇਸ ਸਥਾਨ ਦਾ ਹੋਰ ਇਤਿਹਾਸ ਬਨੂੜ ਨਾਲ ਮਿਲਦਾ ਜੁਲਦਾ ਹੈ। ਇਹ ਸਥਾਨ ਵੀ  ਉਨ੍ਹਾਂ ਕੁਝ ਪਹਿਲੇ ਅਸਥਾਨਾਂ ਵਿਚੋਂ ਹੈ ਜਿਨ੍ਹਾਂ ਉੱਤੇ ਸਰਹਿੰਦ ਉੱਤੇ ਹਮਲੇ ਤੋਂ ਪਹਿਲਾਂ 1710 ਈ. ਵਿਚ ਬੰਦਾ ਸਿੰਘ ਬਹਾਦਰ ਨੇ ਕਬਜ਼ਾ ਕੀਤਾ ਸੀ। ਜਦ ਬੰਦਾ ਸਿੰਘ ਬਹਾਦਰ ਰੋਪੜ ਵੱਲ ਵਧ ਰਿਹਾ ਸੀ ਤਾਂ ਇਥੋਂ ਦੇ ਹਿੰਦੂਆਂ ਨੇ ਮੁਸਲਮਾਨਾਂ ਦੀਆਂ ਵਧੀਕੀਆਂ ਵਿਰੁਧ ਉਸ ਪਾਸ ਫਰਿਆਦ ਕੀਤੀ। ਬੰਦਾ ਸਿੰਘ ਬਹਾਦਰ ਉਨ੍ਹਾਂ ਦੀ ਸਹਾਇਤਾ ਲਈ ਇਥੇ ਪੁਜ ਗਿਆ ਤੇ ਛੱਤ ਉੱਤੇ ਕਬਜ਼ਾ ਕਰ ਲਿਆ ਪਰ ਇਹ ਬਹੁਤਾ ਸਮਾਂ ਸਿੰਘਾਂ ਦੇ ਕਬਜ਼ੇ ਵਿਚ ਨਾ ਰਹਿ ਸਕਿਆ। ਸੰਨ 1710 ਵਿਚ ਬਾਦਸ਼ਾਹ ਬਹਾਦਰ ਸ਼ਾਹ ਨੇ ਜਦੋਂ ਬੰਦਾ ਸਿੰਘ ਬਹਾਦਰ ਤੇ ਚੜ੍ਹਾਈ ਕੀਤੀ ਤਾਂ ਸਰਹਿੰਦ ਦੇ ਨਾਲ ਹੀ ਇਹ ਵੀ ਸਿੰਘਾਂ ਦੇ ਹੱਥੋਂ ਖੁੱਸ ਗਿਆ। 31 ਮਾਰਚ, 1761 ਨੂੰ ਅਹਿਮਦ ਸ਼ਾਹ ਦੁਰਾਨੀ ਦੇ ਵਜ਼ੀਰ ਵਲੀ ਖ਼ਾਂ ਨੂੰ ਲਿਖੇ ਗਏ ਇਕ ਸ਼ਾਹੀ ਫ਼ਰਮਾਨ ਵਿਚ ਛੱਤ ਦਾ ਜ਼ਿਕਰ ਇਕ ਛੋਟੇ ਜਿਹੇ ਪਰਗਣੇ ਦੇ ਤੌਰ ਤੇ ਆਇਆ ਹੈ ਜਿਸ ਅਧੀਨ ਅੱਠ ਪਿੰਡ ਆਉਂਦੇ ਸਨ। ਜਨਵਰੀ, 1764 ਵਿਚ ਸਰਹਿੰਦ ਦੀ ਫ਼ਤਹਿ ਵੇਲੇ ਇਹ ਪੂਰਨ ਰੂਪ ਵਿਚ ਸਿੰਘਾਂ ਦੇ ਕਬਜ਼ੇ ਵਿਚ ਆ ਗਿਆ। ਬਾਅਦ ਵਿਚ ਇਹ ਪਟਿਆਲਾ ਰਿਆਸਤ ਵਿਚ ਮਿਲ ਗਿਆ।

ਇਥੇ ਇਕ ਪ੍ਰਾਇਮਰੀ ਤੇ ਇਕ ਮਿਡਲ ਸਕੂਲ ਤੋਂ ਇਲਾਵਾ ਡਾਕਘਰ ਵੀ ਸਥਾਪਤ ਹੈ। ਇਸ ਦਾ ਕੁਲ ਰਕਬਾ 447 ਹੈਕਟੇਅਰ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10313, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-28-12-47-18, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਰੰਧਾਵਾ ਡਿ. ਸੈਂ. ਹੈਂ. ਬੁ. -ਪਟਿਆਲਾ (1981)

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.