ਜਗਤ ਦਾ ਰਚੈਤਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜਗਤ ਦਾ ਰਚੈਤਾ: ਗੁਰਬਾਣੀ ਵਿਚ ਨਿਰਦੁਅੰਦ ਰੂਪ ਵਿਚ ਪਰਮਾਤਮਾ ਨੂੰ ਜਗਤ ਦਾ ਕਰਤਾ ਮੰਨਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਸਿਰੀ ਰਾਗ ਵਿਚ ਕਿਹਾ ਹੈ ਕਿ ਪਰਮਾਤਮਾ ਖ਼ੁਦ ਹੀ ਸ੍ਰਿਸ਼ਟੀ ਦਾ ਰਚੈਤਾ ਹੈ। ਉਹ ਬਿਨਾ ਕਿਸੇ ਨੂੰ ਪੁਛੇ ਇਸ ਦੀ ਰਚਨਾ ਕਰਦਾ ਹੈ ਅਤੇ ਬਿਨਾ ਕਿਸੇ ਦੀ ਸਲਾਹ ਲਏ ਇਸ ਦਾ ਵਿਨਾਸ਼ ਵੀ ਕਰਦਾ ਹੈ। ਆਪਣੀ ਕੁਦਰਤ (ਪ੍ਰਕ੍ਰਿਤੀ) ਨੂੰ ਆਪ ਹੀ ਜਾਣਦਾ ਹੈ ਅਤੇ ਖ਼ੁਦ ਹੀ ਉਸ ਦਾ ਕਾਰਣ-ਰੂਪ ਅਤੇ ਕਰਤਾ ਹੈ। ਉਹ ਸਾਰਿਆਂ ਉਤੇ ਆਪਣੀ ਕ੍ਰਿਪਾ-ਦ੍ਰਿਸ਼ਟੀ ਰਖਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ, ਉਸੇ ਨੂੰ ਦਿੰਦਾ ਹੈ—ਪੁਛਿ ਸਾਜੇ ਪੁਛਿ ਢਾਹੇ ਪੁਛਿ ਦੇਵੈ ਲੇਇ ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ (ਗੁ.ਗ੍ਰੰ.53)।

            ਪਰਮਾਤਮਾ ਨੇ ਖ਼ੁਦ ਹੀ ਜਗਤ ਦੀ ਉਤਪੱਤੀ ਕਰਕੇ, ਫਿਰ ਖ਼ੁਦ ਹੀ ਸਭ ਨੂੰ ਧੰਧਿਆਂ ਵਿਚ ਲਗਾਇਆ ਹੋਇਆ ਹੈ— ਤੁਧੁ ਆਪੇ ਜਗਤੁ ਉਪਾਇਕੈ ਤੁਧੁ ਆਪੇ ਧੰਧੈ ਲਾਇਆ (ਗੁ.ਗ੍ਰੰ.138)। ਆਪ ਹੀ ਸਾਰੇ ਦੇਵਤੇ ਪੈਦਾ ਕੀਤੇ ਹਨ। ਬ੍ਰਹਮਾ ਨੂੰ ਵੇਦ ਪ੍ਰਦਾਨ ਕਰਕੇ ਉਸ ਨੂੰ ਪੂਜਾ- ਵ੍ਰਿਤੀ ਵਿਚ ਲਗਾਇਆ ਹੈ। ਵਿਸ਼ਣੂ ਤੋਂ ਦਸ ਅਵਤਾਰ ਧਾਰਣ ਕਰਵਾਏ ਹਨ। ਮਹੇਸ਼ ਨੇ ਬਹੁਤ ਸੇਵਾ ਕੀਤੀ ਪਰ ਉਹ ਵੀ ਪਰਮਸੱਤਾ ਦੇ ਅੰਤ ਨੂੰ ਨਹੀਂ ਪਾ ਸਕਿਆ ਹੈ। ਇਸ ਤਰ੍ਹਾਂ ਪਰਮਾਤਮਾ ਨੇ ਸਾਰੇ ਸੰਸਾਰ ਨੂੰ ਆਪਣੇ ਆਪਣੇ ਕੰਮਾਂ ਵਿਚ ਲਗਾ ਕੇ ਆਪਣੇ ਆਪ ਨੂੰ ਲੁਪਤ ਰਖਿਆ ਹੈ— ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ ਬ੍ਰਹਮੇ ਦਿਤੇ ਬੇਦ ਪੂਜਾ ਲਾਇਆ ਦਸ ਅਵਤਾਰੀ ਰਾਮੁ ਰਾਜਾ ਆਇਆ ਦੈਤਾ ਮਾਰੇ ਧਾਇ ਹੁਕਮਿ ਸਬਾਇਆ ਈਸ ਮਹੇਸੁਰੁ ਸੇਵ ਤਿਨ੍ਹੀ ਅੰਤੁ ਪਾਇਆ ਸਚੀ ਕੀਮਤਿ ਪਾਇ ਤਖਤੁ ਰਚਾਇਆ ਦੁਨੀਆ ਧੰਧੈ ਲਾਇ ਆਪੁ ਛਪਾਇਆ (ਗੁ. ਗ੍ਰੰ.1279-80)।

            ਪਰਮਾਤਮਾ ਆਪਣੇ ਆਪ ਨੂੰ ਸ੍ਰਿਸ਼ਟੀ ਦੇ ਰੂਪ ਵਿਚ ਨਿਰਮਿਤ ਕਰਦਾ ਹੈ ਅਤੇ ਖ਼ੁਦ ਹੀ ਉਸ ਨੂੰ ਪਛਾਣਦਾ ਹੈ। ‘ਆਸਾ ਕੀ ਵਾਰ ’ ਵਿਚ ਦਸਿਆ ਗਿਆ ਹੈ ਕਿ ਪਰਮਾਤਮਾ ਖ਼ੁਦ ਹੀ ਸਾਰੀ ਸ੍ਰਿਸ਼ਟੀ ਦਾ ਸੰਚਾਲਨ ਕਰ ਰਿਹਾ ਹੈ। ਮਨੁੱਖਾਂ, ਬ੍ਰਿਛਾਂ, ਤੀਰਥਾਂ, ਤਟਾਂ, ਮੇਘਾਂ , ਖੇਤਾਂ , ਦੀਪਾਂ, ਲੋਕਾਂ, ਮੰਡਲਾਂ, ਖੰਡਾਂ , ਬ੍ਰਹਮੰਡਾਂ, ਖਾਣੀਆਂ, ਸਮੁੰਦਰਾਂ, ਪਰਬਤਾਂ, ਜੀਵ-ਜੰਤੂਆਂ ਦਾ ਅਨੁਮਾਨ ਵੀ ਉਹ ਪਰਮਾਤਮਾ ਹੀ ਲਗਾ ਸਕਦਾ ਹੈ। ਸਾਰਿਆਂ ਜੀਵਾਂ ਨੂੰ ਪੈਦਾ ਕਰਕੇ ਫਿਰ ਖ਼ੁਦ ਹੀ ਉਨ੍ਹਾਂ ਦੀ ਦੇਖ-ਭਾਲ ਕਰਦਾ ਹੈ। ਇਸ ਜਗਤ ਦਾ ਕਾਰਣ ਰੂਪ ਪਰਮਾਤਮਾ ਹੀ ਇਸ ਦੇ ਵਿਧਾਨ ਦੀ ਵੀ ਚਿੰਤਾ ਕਰਦਾ ਹੈ— ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ (ਗੁ.ਗ੍ਰੰ. 467)। ਸਪੱਸ਼ਟ ਹੈ ਕਿ ਗੁਰਬਾਣੀ ਪਰਮਾਤਮਾ ਨੂੰ ਸ੍ਰਿਸ਼ਟੀ ਦਾ ਨਿਮਿਤ ਅਤੇ ਉਪਾਦਾਨ ਦੋਵੇਂ ਕਾਰਣ ਮੰਨਦੀ ਹੈ।

            ਉਕਤ ਤੱਥਾਂ ਤੋਂ ਸਿੱਧ ਹੈ ਕਿ ਗੁਰਬਾਣੀ ਸ੍ਰਿਸ਼ਟੀ ਦੀ ਰਚਨਾ ਸੰਬੰਧੀ ਸਾਂਖੑਯਵਾਦੀਆਂ ਨਾਲ ਸਹਿਮਤ ਨਹੀਂ ਹੈ। ਸਾਂਖੑਯ-ਮਤ ਵਾਲੇ ਸ੍ਰਿਸ਼ਟੀ ਰਚਨਾ ਦਾ ਮੂਲ ਕਾਰਣ ਪੁਰਸ਼ ਅਤੇ ਪ੍ਰਕ੍ਰਿਤੀ ਦੋਹਾਂ ਨੂੰ ਮੰਨਦੇ ਹਨ, ਪਰ ਗੁਰੂ ਨਾਨਕ ਦੇਵ ਜੀ ਨੇ ਕੇਵਲ ਪੁਰਸ਼ (ਪਰਮਾਤਮਾ) ਨੂੰ ਹੀ ਸ੍ਰਿਸ਼ਟੀ- ਰਚਨਾ ਦਾ ਮੂਲ ਰਚੈਤਾ ਜਾਂ ਕਰਤਾ-ਪੁਰਖ ਮੰਨਿਆ ਹੈ, ਪ੍ਰਕ੍ਰਿਤੀ ਅਥਵਾ ਮਾਇਆ ਪਰਮਾਤਮਾ ਦੇ ਅਧੀਨ ਹੈ। ਗੁਰੂ ਨਾਨਕ ਦੇਵ ਜੀ ਨੇ ਸ੍ਰਿਸ਼ਟੀ ਦੇ ਮੂਲ ਕਾਰਣ ਉਤੇ ਪ੍ਰਕਾਸ਼ ਪਾਉਂਦੇ ਹੋਇਆਂ ‘ਪਟੀਬਾਣੀ ਵਿਚ ਲਿਖਿਆ ਹੈ ਕਿ ਪਰਮਾਤਮਾ ਨੇ ਆਪਣੀ ਲੀਲਾ ਨੂੰ ਵੇਖਣ ਲਈ ਪੰਜ-ਤੱਤ੍ਵਾਂ ਨਾਲ ਜਗਤ ਦੀ ਸਿਰਜਨਾ ਕੀਤੀ ਹੈ ਜਾਂ ਪ੍ਰਕਾਰਾਂਤਰ ਨਾਲ ਆਪਣਾ ਨਵਾਂ ਰੂਪ ਧਾਰਣ ਕੀਤਾ ਹੈ। ਉਹ ਪਰਮਾਤਮਾ ਹੀ ਸਭ ਕੁਝ ਵੇਖਦਾ ਹੈ, ਜਾਣਦਾ ਹੈ ਅਤੇ ਜੜ-ਚੇਤਨ ਦੇ ਅੰਤਰ ਬਾਹਰ ਰਮਣ ਕਰ ਰਿਹਾ ਹੈ— ਪਪੈ ਪਾਤਿਸਾਹੁ ਪਰਮੇਸਰੁ ਵੇਖਣ ਕਉ ਪਰਪੰਚੁ ਕੀਆ ਦੇਖੈ ਬੂਝੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ (ਗੁ.ਗ੍ਰੰ.433)। ਸਪੱਸ਼ਟ ਹੈ ਕਿ ਗੁਰਬਾਣੀ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਈਸ਼ਵਰੀ ਇੱਛਾ ਦਾ ਪਰਿਣਾਮ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2095, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.