ਜਨਮ-ਸਾਖੀ ਪਰੰਪਰਾ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਜਨਮ-ਸਾਖੀ ਪਰੰਪਰਾ: ਸਾਖੀ ਸ਼ਬਦ ਸਾਕਸ਼ੀ ਦਾ ਬਦਲਿਆ ਹੋਇਆ ਰੂਪ ਹੈ ਜਿਸ ਦੇ ਅਰਥ ਹਨ ਅੱਖੀਂ ਦੇਖਣ ਵਾਲਾ, ਦਰਸ਼ਕ ਜਾਂ ਗਵਾਹ। ਜਨਮ-ਸਾਖੀ ਪੰਜਾਬੀ ਸਾਹਿਤ ਵਿੱਚ ਇੱਕ ਖ਼ਾਸ ਸਾਹਿਤ ਰੂਪ ਹੈ ਜਿਸ ਵਿੱਚ ਗੁਰੂ ਨਾਨਕ ਦੇ ਜੀਵਨ, ਉਹਨਾਂ ਦੀ ਸ਼ਖ਼ਸੀਅਤ ਤੇ ਵਿਚਾਰਧਾਰਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਾਡੇ ਪ੍ਰਸੰਗ ਵਿੱਚ ਜਨਮ-ਸਾਖੀ ਦਾ ਮਤਲਬ ਇਹ ਹੈ ਕਿ ਗੁਰੂ ਨਾਨਕ ਦੇਵ ਬਾਰੇ ਉਹ ਜਾਣਕਾਰੀ ਜਿਸ ਦਾ ਕੋਈ ਸਾਖੀ ਜਾਂ ਗਵਾਹ ਹੋਵੇ। ਇਹਨਾਂ ਪੋਥੀਆਂ ਵਿੱਚ ਪੇਸ਼ ਕੀਤੀਆਂ ਘਟਨਾਵਾਂ, ਪਰਿਸਥਿਤੀਆਂ ਅਤੇ ਵਾਪਰਨਾਵਾਂ ਨੂੰ ਪ੍ਰਥਮ ਅੱਖੀਂ ਦੇਖਣ ਵਾਲੇ ਗੁਰੂ ਨਾਨਕ ਦੇਵ ਦੇ ਉਹ ਸਾਥੀ ਹੋ ਸਕਦੇ ਹਨ ਜਿਹੜੇ ਜੀਵਨ ਭਰ ਉਹਨਾਂ ਦੇ ਨਾਲ ਰਹੇ। ਉਹਨਾਂ ਨੇ ਇਹ ਕਹਾਣੀਆਂ ਸੰਗਤਾਂ ਨੂੰ, ਸ਼ਰਧਾਲੂਆਂ ਨੂੰ ਸੁਣਾਈਆਂ ਅਤੇ ਫੇਰ ਇਹ ਮੂੰਹੋਂ-ਮੂੰਹ ਅੱਗੇ ਤੁਰਦੀਆਂ ਗਈਆਂ। ਇਸ ਪ੍ਰਕਾਰ ਸੁਣਨ ਸੁਣਾਉਣ ਵਾਲੇ ਸ਼ਰਧਾਲੂ ਇਹਨਾਂ ਵਿੱਚ ਅਦਲਾ-ਬਦਲੀਆਂ ਵੀ ਕਰਦੇ ਰਹੇ। ਇਉਂ ਜਨਮ-ਸਾਖੀਆਂ ਦੀ ਇੱਕ ਮੌਖਿਕ ਪਰੰਪਰਾ ਬਣ ਗਈ।
ਉਸ ਤੋਂ ਬਾਅਦ ਗੁਰਸਿੱਖਾਂ ਨੇ ਇਹਨਾਂ ਸਾਖੀਆਂ ਨੂੰ ਕਲਮਬੰਦ ਕਰਨਾ ਅਰੰਭ ਦਿੱਤਾ। ਵੱਖ-ਵੱਖ ਲਿਖਾਰੀਆਂ ਨੇ ਵੱਖ-ਵੱਖ ਸ੍ਰੋਤਾਂ ਤੋਂ ਸੁਣੀਆਂ ਘਟਨਾਵਾਂ ਨੂੰ ਆਪਣੇ- ਆਪਣੇ ਰੰਗ ਵਿੱਚ ਪੇਸ਼ ਕਰ ਦਿੱਤਾ। ਇਉਂ ਇਹਨਾਂ ਜਨਮ-ਸਾਖੀਆਂ ਦੀ ਇੱਕ ਲਿਖਤ ਪਰੰਪਰਾ ਹੋਂਦ ਵਿੱਚ ਆ ਗਈ। ਕੋਈ ਵੀ ਜਨਮ-ਸਾਖੀ ਕਿਸੇ ਇੱਕ ਲੇਖਕ ਨੇ ਕਿਸੇ ਇੱਕ ਥਾਂ ਟਿਕ ਕੇ ਇਉਂ ਨਹੀਂ ਲਿਖੀ ਜਿਵੇਂ ਅੱਜ-ਕੱਲ੍ਹ ਕੋਈ ਲੇਖਕ ਪੁਸਤਕ ਦੀ ਰਚਨਾ ਕਰਦਾ ਹੈ। ਇਹਨਾਂ ਦੀ ਰਚਨਾ ਵੱਖ-ਵੱਖ ਸਮਿਆਂ ਵਿੱਚ, ਵੱਖ- ਵੱਖ ਥਾਵਾਂ ਤੇ ਵੱਖ-ਵੱਖ ਪੀੜ੍ਹੀਆਂ ਦੁਆਰਾ ਹੁੰਦੀ ਰਹੀ ਹੈ। ਇਸੇ ਲਈ ਨਾ ਤਾਂ ਇਹਨਾਂ ਜਨਮ-ਸਾਖੀਆਂ ਦੇ ਰਚਨਹਾਰਿਆਂ ਦਾ ਪੱਕਾ ਪਤਾ ਲੱਗਦਾ ਹੈ ਅਤੇ ਨਾ ਹੀ ਰਚਨਾ-ਕਾਲ ਬਾਰੇ ਕੋਈ ਨਿੱਗਰ ਜਾਣਕਾਰੀ ਮਿਲਦੀ ਹੈ। ਬਸ, ਇੱਕ ਗੱਲ ਨਿਸ਼ਚਿਤ ਹੈ ਕਿ ਇਹ ਜਨਮ- ਸਾਖੀਆਂ ਸਮੇਂ ਦੇ ਪ੍ਰਵਾਹ ਵਿੱਚ ਅੱਗੇ ਤੁਰਦੀਆਂ ਰਹੀਆਂ ਹਨ ਅਤੇ ਕਾਲ-ਪ੍ਰਵਾਹ ਵਿੱਚ ਤੁਰੇ ਜਾਣ ਨੂੰ ਹੀ ਪਰੰਪਰਾ ਆਖਿਆ ਜਾਂਦਾ ਹੈ।
ਵਿਦਵਾਨਾਂ ਨੇ ਜਨਮ-ਸਾਖੀਆਂ ਦੀਆਂ ਪੰਜ ਪਰੰਪਰਾਵਾਂ ਮਿੱਥੀਆਂ ਹਨ-1. ਪੁਰਾਤਨ ਜਨਮ-ਸਾਖੀ ਜਾਂ ਵਲੈਤ ਵਾਲੀ ਜਨਮ-ਸਾਖੀ; 2. ਆਦਿ-ਸਾਖੀਆਂ; 3. ਮਿਹਰਬਾਨ ਵਾਲੀ ਜਨਮ-ਸਾਖੀ; 4. ਬਾਲੇ ਵਾਲੀ ਜਨਮ-ਸਾਖੀ; ਅਤੇ 5. ਭਾਈ ਮਨੀ ਸਿੰਘ ਵਾਲੀ ਜਨਮ-ਸਾਖੀ।
ਪੁਰਾਤਨ ਜਨਮ-ਸਾਖੀ ਬਾਰੇ ਸੰਖੇਪ ਵਿੱਚ ਵੱਖਰੀ ਚਰਚਾ ਕੀਤੀ ਗਈ ਹੈ। ਇੱਥੇ ਸਿਰਫ਼ ਇਹ ਗੱਲ ਹੋਰ ਦੱਸਣ ਵਾਲੀ ਹੈ ਕਿ ਇਸ ਜਨਮ-ਸਾਖੀ ਦੀ ਇੱਕ ਹੋਰ ਹੱਥ-ਲਿਖਤ ਵੀ ਪ੍ਰਾਪਤ ਹੈ ਜਿਸ ਨੂੰ ਹਾਫ਼ਿਜ਼ਾਬਾਦ ਵਾਲੀ ਜਨਮ-ਸਾਖੀ ਕਿਹਾ ਜਾਂਦਾ ਹੈ। ਇਹਨਾਂ ਦੋਹਾਂ ਜਨਮ- ਸਾਖੀਆਂ ਵਿੱਚ ਪਾਠ ਦਾ ਬਹੁਤ ਮਾਮੂਲੀ ਅੰਤਰ ਹੈ ਅਤੇ ਭਾਈ ਵੀਰ ਸਿੰਘ ਨੇ ਸੰਪਾਦਨਾ ਦਾ ਕੰਮ ਕਰਨ ਲੱਗਿਆਂ ਦੋਵਾਂ ਹੱਥ-ਲਿਖਤਾਂ ਨੂੰ ਸਾਮ੍ਹਣੇ ਰੱਖਿਆ ਹੈ।
ਆਦਿ ਸਾਖੀਆਂ: ਸਾਖੀਆਂ ਦੇ ਇਸ ਸੰਗ੍ਰਹਿ ਦਾ ਅਸਲ ਨਾਂ ਹੈ ਜਨਮਪਤਰੀ ਬਾਬੇ ਨਾਨਕ ਜੀ ਕੀ ਅਤੇ ਇਸ ਦੇ ਅਰੰਭ ਵਿੱਚ ਇਹ ਸ਼ਬਦ ਲਿਖੇ ਹੋਏ ਹਨ, “ਬਾਬੇ ਦੀਆਂ ਸਾਖੀਆਂ ਆਦਿ ਤੇ ਲੈ ਕਰ ਚਲੀਆਂ।" ਇਸ ਨੂੰ ਸਭ ਤੋਂ ਪਹਿਲਾਂ ਮੋਹਨ ਸਿੰਘ ਦੀਵਾਨਾ ਦੀ ਖੋਜ ਨੇ ਸਾਮ੍ਹਣੇ ਲਿਆਂਦਾ ਤੇ ਉਸ ਨੇ ਇਹਦਾ ਨਾਂ ਆਦਿ ਸਾਖੀਆਂ ਰੱਖ ਦਿੱਤਾ ਜਿਹੜਾ ਪ੍ਰਚਲਿਤ ਹੋ ਗਿਆ। ਮੋਹਨ ਸਿੰਘ ਦੀਵਾਨਾ ਨੇ ਇਸ ਨੂੰ ਸ਼ੰਭੂ ਨਾਥ ਵਾਲੀ ਜਨਮ-ਸਾਖੀ ਆਖਿਆ ਹੈ ਪਰ ਇਸ ਦੀ ਇੱਕ ਹੋਰ ਹੱਥ ਲਿਖਤ ਤ੍ਰਿਲੋਚਨ ਸਿੰਘ ਬੇਦੀ ਪਾਸ ਵੀ ਮੌਜੂਦ ਦੱਸੀ ਜਾਂਦੀ ਹੈ। ਪਰ ਸ਼ੰਭੂ ਨਾਥ ਇਹਨਾਂ ਸਾਖੀਆਂ ਦਾ ਲੇਖਕ ਨਹੀਂ ਸਗੋਂ ਉਤਾਰਾ ਕਰਨ ਵਾਲਾ ਹੈ। ਬੇਦੀ ਵਾਲੀ ਹੱਥ-ਲਿਖਤ ਵੀ ਉਤਾਰਾ ਹੀ ਹੈ। ਇਸ ਜਨਮ-ਸਾਖੀ ਦੀ ਮੂਲ-ਲਿਖਤ ਅਜੇ ਤੱਕ ਖੋਜੀਆਂ ਦੇ ਹੱਥ ਨਹੀਂ ਲੱਗੀ। ਆਦਿ-ਸਾਖੀਆਂ ਵਿੱਚ ਸਾਖੀਆਂ ਦੀ ਗਿਣਤੀ ਦੂਜੀਆਂ ਜਨਮ-ਸਾਖੀਆਂ ਦੇ ਟਾਕਰੇ ਉੱਤੇ ਘੱਟ ਹੈ। ਸਾਖੀਕਾਰ ਨੇ ਇਹ ਗਿਣਤੀ 30 ਦੱਸੀ ਹੈ ਪਰ ਇਸ ਵਿੱਚ ਕੁਝ ਸਾਖੀਆਂ ਅਜਿਹੀਆਂ ਵੀ ਹਨ ਜਿਨ੍ਹਾਂ ਅੰਦਰ ਇੱਕ ਤੋਂ ਵਧੀਕ ਸਾਖੀਆਂ ਸਮੋ ਗਈਆਂ ਹਨ। ਜੇ ਉਹਨਾਂ ਨੂੰ ਵੱਖਰਾ ਸਥਾਨ ਦਿੱਤਾ ਜਾਵੇ ਤਾਂ ਸਾਖੀਆਂ ਦੀ ਗਿਣਤੀ 51 ਹੋ ਜਾਂਦੀ ਹੈ।
ਮਿਹਰਬਾਨ ਵਾਲੀ ਜਨਮ-ਸਾਖੀ: ਮਿਹਰਬਾਨ ਦਾ ਪੂਰਾ ਨਾਮ ਮਨੋਹਰਦਾਸ ਮਿਹਰਬਾਨ ਸੀ। ਇਹ ਗੁਰੂ ਅਰਜਨ ਦੇਵ ਦੇ ਵੱਡੇ ਭਰਾ ਪ੍ਰਿਥੀਚੰਦ ਦਾ ਪੁੱਤਰ ਅਤੇ ਗੁਰੂ ਰਾਮਦਾਸ ਦਾ ਪੋਤਰਾ ਸੀ। ਇਹ ਜਨਮ-ਸਾਖੀ ਅਸਲ ਵਿੱਚ ਗੋਸ਼ਟਾਂ ਦੇ ਰੂਪ ਵਿੱਚ ਲਿਖੀ ਹੋਈ ਹੈ ਅਤੇ ਤਿੰਨ ਹਿੱਸਿਆਂ ਵਿੱਚ ਵੰਡੀ ਹੋਈ ਹੈ-1. ਪੋਥੀ ਸੱਚ ਖੰਡ, 2. ਪੋਥੀ ਹਰਿ ਜੀ; ਅਤੇ 3. ‘ਪੋਥੀ ਚਤਰਭੁੱਜ`। ਪਿਛਲੇ ਦੋ ਭਾਗ ਮਿਹਰਬਾਨ ਦੇ ਚਲਾਣੇ ਤੋਂ ਬਾਅਦ ਲਿਖੇ ਗਏ ਹਨ ਅਤੇ ਪਹਿਲਾ ਭਾਗ ਲਿਖਵਾਇਆ ਮਿਹਰਬਾਨ ਨੇ ਪਰ ਲਿਖਣ ਵਾਲਾ ਪੰਡਿਤ ਕੇਸ਼ੋਦਾਸ ਹੈ। ਅਗਲੇ ਭਾਗ ਵੀ ਕੇਸ਼ੋਦਾਸ ਦੇ ਹੀ ਲਿਖੇ ਹੋਏ ਹਨ।
ਵਿਦਵਾਨਾਂ ਨੇ ਜਨਮ-ਸਾਖੀ ਨੂੰ ਪੁਰਾਣੀ ਤੇ ਮੁਢਲੀ ਮੰਨਿਆ ਹੈ ਜਿਸਦਾ ਦੂਜੀਆਂ ਜਨਮ-ਸਾਖੀਆਂ ਉੱਤੇ ਪ੍ਰਭਾਵ ਮੰਨਿਆ ਹੈ ਪਰ ਗੱਲ ਬਹੁਤੀ ਕਾਇਲ ਕਰਨ ਵਾਲੀ ਨਹੀਂ। ਇੱਕ ਤਾਂ ਇਹ ਗੋਸ਼ਟਾਂ (ਵਾਰਤਾਲਾਪੀ) ਦੇ ਰੂਪ ਵਿੱਚ ਲਿਖੀ ਗਈ ਹੈ ਦੂਜੇ ਇਸ ਵਿੱਚ ਬਾਣੀ ਦੇ ਪਰਮਾਰਥ ਵੀ ਦਿੱਤੇ ਗਏ ਹਨ। ਮਿਹਰਬਾਨ ਕੇਵਲ ਵਾਰਤਕ ਲੇਖਕ ਹੀ ਨਹੀਂ ਸਗੋਂ ਕਵੀ ਵੀ ਹੈ। ਹਰ ਗੋਸ਼ਟਿ ਦੇ ਅੰਤ ਵਿੱਚ ਉਸ ਨੇ ਆਪਣਾ ਲਿਖਿਆ ਸਲੋਕ ਦਰਜ ਕੀਤਾ ਹੈ ਤੇ ਉਪ-ਨਾਮ ਜਾਂ ਤਖ਼ੱਲਸ ਦੇ ਤੌਰ `ਤੇ ਨਾਨਕ ਜਾਂ ਨਾਨਕ ਦਾਸ ਦਾ ਨਾਂ ਵਰਤਿਆ ਹੈ। ਸਭ ਜਾਣਦੇ ਹਨ ਕਿ ਪ੍ਰਿਥੀ ਚੰਦ ਆਪਣੇ-ਆਪ ਨੂੰ ਗੁਰੂ ਅਖਵਾਉਂਦਾ ਸੀ ਇਸੇ ਲਈ ਮਿਹਰਬਾਨ ਵੀ ਨਾਨਕ ਦਾ ਨਾਮ ਵਰਤੋਂ ਵਿੱਚ ਲਿਆਉਂਦਾ ਹੈ। ਇਸੇ ਰਚਨਾ ਨੂੰ ਮੀਣਿਆਂ ਦੀ ਕੱਚੀ ਬਾਣੀ ਵੀ ਆਖਿਆ ਗਿਆ ਹੈ।
ਬਾਲੇ ਵਾਲੀ ਜਨਮ-ਸਾਖੀ: ਇਸ ਜਨਮ-ਸਾਖੀ ਵਿੱਚ ਸਭ ਤੋਂ ਵੱਧ ਰਲਾ ਪਾਇਆ ਗਿਆ ਹੈ। ਵਾਰਿਸ ਸ਼ਾਹ ਰਚਿਤ ਹੀਰ ਤੋਂ ਮਗਰੋਂ ਇਹ ਦੂਜੀ ਪੋਥੀ ਹੈ ਜਿਸਦੀ ਹਰ ਛਾਪ ਉੱਤੇ ‘ਸਭ ਤੋਂ ਪੁਰਾਤਨ ਤੇ ਵੱਡੀ` ਹੋਣ ਦਾ ਦਾਅਵਾ ਛਾਪਿਆ ਗਿਆ ਹੈ। ਜਦ ਕਿ ਪੁਰਾਣੀ ਰਚਨਾ ਸੰਖੇਪ ਹੋਣੀ ਚਾਹੀਦੀ ਹੈ ਤੇ ਜੇ ਵੱਡੀ ਹੈ ਤਾਂ ਉਹ ਪੁਰਾਣੀ ਨਹੀਂ ਹੋ ਸਕਦੀ।
ਭਾਈ ਮਨੀ ਸਿੰਘ ਵਾਲੀ ਜਨਮ-ਸਾਖੀ: ਇਸ ਪੋਥੀ ਦੇ ਵੀ ਦੋ ਨਾਂ ਹਨ-ਜਨਮ-ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗਿਆਨ ਰਤਨਾਵਲੀ। ਇਸ ਜਨਮ-ਸਾਖੀ ਦਾ ਆਧਾਰ ਭਾਈ ਗੁਰਦਾਸ ਦੀ ਪਹਿਲੀ ਵਾਰ ਹੈ। ਭਾਈ ਮਨੀ ਸਿੰਘ ਨੇ ਸੰਗਤਾਂ ਦੀ ਮੰਗ ਨੂੰ ਮੁਖ ਰੱਖ ਕੇ ਉਸ ਦੀ ਕਥਾ ਕੀਤੀ। ਸੋ ਸਪਸ਼ਟ ਹੈ ਕਿ ਵਾਰ ਵਿੱਚ ਆਈਆਂ ਘਟਨਾਵਾਂ ਨਾਲ ਕਈ ਹੋਰ ਪ੍ਰਸੰਗ ਜੋੜ ਕੇ ਗੱਲਾਂ ਸਪਸ਼ਟ ਕੀਤੀਆਂ। ਇਸੇ ਲਈ ਜਿੱਥੇ ਵਾਰ ਵਿੱਚ ਕੇਵਲ 15 ਸਾਖੀਆਂ ਹਨ ਉੱਥੇ ਜਨਮ-ਸਾਖੀ ਵਿੱਚ ਇਹਨਾਂ ਦੀ ਗਿਣਤੀ 225 ਤੋਂ ਵੱਧ ਹੋ ਗਈ ਹੈ। ਇਹ ਜਨਮ-ਸਾਖੀ ਭਾਈ ਮਨੀ ਸਿੰਘ ਨਾਲ ਸਿਰਫ਼ ਇਸ ਲਈ ਜੁੜ ਗਈ ਕਿ ਉਹਨਾਂ ਦੀ ਕੀਤੀ ਕਥਾ ਇਸ ਦਾ ਆਧਾਰ ਬਣੀ। ਉਹ ਕਥਾ ਭਾਈ ਗੁਰਬਖ਼ਸ਼ ਸਿੰਘ ਨੇ ਸੁਣੀ ਅਤੇ ਅੱਗੋਂ ਆਪਣੀ ਯਾਦ-ਸ਼ਕਤੀ ਉੱਤੇ ਆਧਾਰਿਤ ਭਾਈ ਸੂਰਤ ਸਿੰਘ ਨੂੰ ਲਿਖਵਾਈ। ਇਸ ਲਈ ਭਾਈ ਮਨੀ ਸਿੰਘ ਪਰੋਖ ਰੂਪ ਵਿੱਚ ਹੀ ਇਸਦੇ ਕਰਤਾ ਮੰਨੇ ਜਾ ਸਕਦੇ ਹਨ। ਅਨੁਮਾਨ ਹੈ ਕਿ ਇਸਦੀ ਰਚਨਾ ਅੰਮ੍ਰਿਤਸਰ ਵਿੱਚ ਹੀ ਹੋਈ ਹੈ ਪਰ ਰਚਨਾ ਦਾ ਸਮਾਂ ਨਹੀਂ ਮਿਥਿਆ ਜਾ ਸਕਦਾ ਕਿਉਂਕਿ ਇਹ ਸਾਰਾ ਕਾਰਜ ਕਿਸੇ ਇੱਕ ਵਿਅਕਤੀ ਨੇ ਸੰਪੂਰਨ ਨਹੀਂ ਕੀਤਾ। ਗਿਆਨ ਰਤਨਾਵਲੀ ਇਸ ਗ੍ਰੰਥ ਨੂੰ ਇਸ ਲਈ ਆਖਿਆ ਜਾਣ ਲੱਗਾ ਕਿ ਇਸ ਵਿੱਚ ਗੁਰੂ ਨਾਨਕ ਦੇਵ ਦੇ ਜੀਵਨ ਜਾਂ ਸ਼ਖ਼ਸੀਅਤ ਉੱਤੇ ਘੱਟ ਬੱਲ ਦਿਤਾ ਗਿਆ ਹੈ ਅਤੇ ਬਹੁਤਾ ਜ਼ੋਰ ਉਹਨਾਂ ਦੇ ਗਿਆਨ ਭਰਪੂਰ ਵਿਚਾਰਾਂ ਨੂੰ ਪੇਸ਼ ਕਰਨ ਉੱਤੇ ਰਿਹਾ ਹੈ।
ਲੇਖਕ : ਕਰਨਜੀਤ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First