ਜਮਰੌਧ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜਮਰੌਧ (ਕਿਲ੍ਹਾ): ਮਹਾਰਾਜਾ ਰਣਜੀਤ ਸਿੰਘ ਦੇ ਸੁਪ੍ਰਸਿੱਧ ਜਰਨੈਲ ਸ. ਹਰੀ ਸਿੰਘ ਨਲਵਾ ਨੇ ਅਫ਼ਗ਼ਾਨ ਆਕ੍ਰਮਣ- ਕਾਰੀਆਂ ਤੋਂ ਪਿਸ਼ਵਾਰ ਨੂੰ ਸੁਰਖਿਅਤ ਕਰਨ ਦੀ ਦ੍ਰਿਸ਼ਟੀ ਤੋਂ ਦੱਰਾ ਖ਼ੈਬਰ ਦੇ ਪ੍ਰਵੇਸ਼ ਨੇੜੇ ਜੋ ਕਿਲ੍ਹਾ ਉਸਰਵਾਇਆ, ਉਸ ਦਾ ਨਾਂ ਸਮੀਪਵਰਤੀ ਪਿੰਡ ਦੇ ਨਾਂ’ਤੇ ‘ਜਮਰੌਧ’ ਪ੍ਰਚਲਿਤ ਹੋਇਆ। ਇਸ ਤੋਂ ਪਹਿਲਾਂ ਇਸ ਦੇ ਥੇਹ ਉਤੇ ਇਕ ਕੱਚੀ ਗੜ੍ਹੀ ਹੁੰਦੀ ਸੀ। ਸ. ਹਰੀ ਸਿੰਘ ਨੇ ਹਿਫ਼ਾਜ਼ਤੀ ਦ੍ਰਿਸ਼ਟੀ ਤੋਂ ਇਥੇ ਕਿਲ੍ਹਾ ਬਣਾਉਣ ਦਾ ਫ਼ੈਸਲਾ ਕੀਤਾ। ਇਸ ਕਿਲ੍ਹੇ ਦੀ ਉਸਾਰੀ 17 ਅਕਤੂਬਰ 1836 ਈ. (1 ਕਤਕ , 1893 ਬਿ.) ਦੀ ਸਵੇਰ ਨੂੰ ਸ਼ੁਰੂ ਕਰਵਾਈ ਗਈ। ਇਸ ਕੰਮ ਲਈ ਹਜ਼ਾਰਾਂ ਮਜ਼ਦੂਰ, ਰਾਜ , ਕਾਰੀਗਰ ਆਦਿ ਲਗਾਏ ਗਏ ਅਤੇ ਬੇਲਦਾਰਾਂ ਦੀਆਂ ਦੋ ਰਜਮੈਂਟਾਂ ਵੀ ਨਿਯੁਕਤ ਕੀਤੀਆਂ ਗਈਆਂ। ਰਾਤ ਦਿਨ ਕੰਮ ਚਾਲੂ ਰਖ ਕੇ ਇਕ ਮਹੀਨਾ ਅਤੇ 25 ਦਿਨਾਂ ਵਿਚ ਕਿਲ੍ਹਾ ਉਸਾਰਿਆ ਗਿਆ। ਇਸ ਕਿਲ੍ਹੇ ਦਾ ਨਾਂ ‘ਫ਼ਤਹਿਗੜ੍ਹ’ ਰਖਿਆ ਗਿਆ। ਇਸ ਵਿਚ 800 ਪੈਦਲ, 200 ਘੋੜਸਵਾਰ, 80 ਤੋਪਚੀ, 10 ਵੱਡੀਆਂ ਤੋਪਾਂ ਅਤੇ 12 ਛੋਟੀਆਂ ਤੋਪਾਂ ਰਖਣ ਦਾ ਹੁਕਮ ਦੇ ਕੇ ਸ. ਹਰੀ ਸਿੰਘ ਨਲਵਾ ਨੇ ਆਪਣੇ ਵਿਸ਼ਵਸਤ ਨਾਇਬ ਸ. ਮਹਾਂ ਸਿੰਘ ਮੀਰਪੁਰੀਏ ਨੂੰ ਹਜ਼ਾਰੇ ਤੋਂ ਬੁਲਾ ਕੇ ਕਿਲ੍ਹੇਦਾਰ ਨਿਯੁਕਤ ਕੀਤਾ। ਇਸ ਦੇ ਅੰਦਰ ਜਲ ਲਈ ਇਕ ਵੱਡਾ ਖੂਹ ਪੁਟਵਾਇਆ ਅਤੇ ਗੋਲਾ-ਬਾਰੂਦ ਖਾਧ- ਸਾਮਗ੍ਰੀ ਦੇ ਵਿਸ਼ਾਲ ਜ਼ਖ਼ੀਰੇ ਦੀ ਵਿਵਸਥਾ ਕੀਤੀ। ਇਸ ਤਰ੍ਹਾਂ ਸੈਨਿਕ ਦ੍ਰਿਸ਼ਟੀ ਤੋਂ ਇਕ ਮਜ਼ਬੂਤ ਕਿਲ੍ਹਾ ਤਿਆਰ ਹੋਇਆ।

            ਸ. ਹਰੀ ਸਿੰਘ ਨੇ ਅਫ਼ਗ਼ਾਨਾਂ ਨੂੰ ਭਾਂਜ ਦੇ ਕੇ ਇਸੇ ਕਿਲ੍ਹੇ ਵਿਚ 30 ਅਪ੍ਰੈਲ 1837 ਈ. ਨੂੰ ਵੀਰਗਤੀ ਪ੍ਰਾਪਤ ਕੀਤੀ। ਅਫ਼ਗ਼ਾਨਾਂ ਉਤੇ ਅਨੁਸ਼ਾਸਨ ਰਖਣ ਲਈ ਸਿੱਖ-ਸ਼ਕਤੀ ਦੇ ਪ੍ਰਤੀਕ ਵਜੋਂ ਇਹ ਕਿਲ੍ਹਾ ਪ੍ਰਸਿੱਧ ਹੋਇਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.