ਜਰਮਨੀ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Prussia (ਪਰੂਸ਼ੀਆ) ਜਰਮਨੀ: ਪੁਰਾਣੇ ਰਾਜ-ਦਰਬਾਰ ਦੀ ਰਿਆਸਤ ਜਿਹੜੀ ਬਾਅਦ ਵਿੱਚ ਉੱਤਰੀ ਜਰਮਨੀ ਬਣੀ। ਇਹ ਉੱਤਰੀ ਸਾਗਰ ਅਤੇ ਬਾਲਟਿਕ ਤੋਂ ਲੈ ਕੇ ਫ਼ਰਾਂਸ ਤੱਕ ਅਤੇ ਪੱਛਮ ਦੇ ਨਿਮਨ ਦੇਸ ਜੋ ਬਵੇਰੀਆ, ਆਸਟ੍ਰੀਆ, ਸੈਕਸੋਨੀ, ਥੂਰੰਗੀਆ ਅਤੇ ਹੈਸੇ-ਧਰਮਸਟੈਟ (Hasse Daram-stadt) ਜੋ ਦੱਖਣ ਅਤੇ ਦੱਖਣ-ਪੂਰਬ ਵੱਲ ਸਥਿਤ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3263, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਜਰਮਨੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜਰਮਨੀ : ਇਹ ਯੂਰਪੀ ਮਹਾਂਦੀਪ ਦਾ ਇਕ ਵਿਕਸਿਤ ਦੇਸ਼ ਹੈ ਜਿਸਦੇ ਉੱਤਰ ਵੱਲ ਡੈਨਮਾਰਕ ਦੇਸ਼, ਬਾਲਟਿਕ ਸਾਗਰ ਅਤੇ ਉੱਤਰੀ ਸਾਗਰ ਦੇ ਵਿਸ਼ਾਲ ਸਮੁੰਦਰ; ਪੂਰਬ ਵੱਲ ਪੋਲੈਂਡ; ਪੂਰਬ ਅਤੇ ਦੱਖਣ-ਪੂਰਬ ਵੱਲ ਚੈੱਕ ਗਣਰਾਜ; ਦੱਖਣ ਪੂਰਬ ਅਤੇ ਦੱਖਣ ਵੱਲ ਆਸਟਰੀਆ; ਦੱਖਣ ਵੱਲ ਸਵਿਟਜ਼ਰਲੈਂਡ ਅਤੇ ਪੱਛਮ ਵੱਲ ਫ਼ਰਾਂਸ, ਲਕਸਮਬਰਗ, ਬੈਲਜੀਅਮ ਅਤੇ ਨੀਦਰਲੈਂਡ ਦੇ ਦੇਸ਼ ਹਨ। ਇਸ ਦੇਸ਼ ਦਾ ਖੇਤਰਫ਼ਲ 3,56,854 ਵ. ਕਿ. ਮੀ. ਅਤੇ ਆਬਾਦੀ 7,97,53,200 (1991) ਹੈ। ਬਰਲਿਨ ਇਥੋਂ ਦੀ ਰਾਜਧਾਨੀ ਹੈ।
ਭੂ-ਆਕ੍ਰਿਤੀ ਵਿਗਿਆਨ
ਧਰਾਤਲ––ਜਰਮਨੀ ਦੀ ਧਰਾਤਲ ਵਿਚ ਭਾਰੀ ਵਖਰੇਵਾਂ ਪਾਇਆ ਜਾਂਦਾ ਹੈ। ਪਹਾੜਾਂ, ਘਾਟੀਆਂ, ਪਠਾਰਾਂ, ਮੈਦਾਨਾਂ, ਝੀਲਾਂ ਆਦਿ ਦੀ ਭਰਮਾਰ ਹੈ। ਸਮੁੱਚੇ ਤੌਰ ਤੇ ਜਰਮਨੀ ਦਾ ਦੱਖਣੀ ਭਾਗ ਉੱਚਾ ਅਤੇ ਉੱਤਰੀ ਭਾਗ ਨੀਵਾਂ ਹੈ। ਆਮ ਢਲਾਣ ਦੱਖਣ ਤੋਂ ਉੱਤਰ ਵੱਲ ਹੈ। ਧਰਾਤਲ ਅਨੁਸਾਰ ਇਸ ਦੇਸ਼ ਨੂੰ ਨਿਮਨ ਭਾਗਾਂ ਵਿਚ ਵੰਡ ਸਕਦੇ ਹਾਂ––
(ੳ) ਉੱਤਰੀ ਨੀਵਾਂ ਮੈਦਾਨ––ਦੇਸ਼ ਦੇ ਉੱਤਰੀ ਹਿੱਸੇ ਵਿਚ ਇਕ ਵਿਸ਼ਾਲ, ਚੌੜਾ ਅਤੇ ਚਪਟਾ ਮੈਦਾਨ ਹੈ। ਇਸ ਮੈਦਾਨ ਦੀ ਉਚਾਈ ਸਮੁੰਦਰ ਤਲ ਤੋਂ 100 ਮੀ. ਤੋਂ ਵੀ ਘੱਟ ਹੈ। ਗਲੇਸ਼ਵਰੀ ਝੀਲਾਂ ਅਤੇ ਦਲਦਲਾਂ ਆਦਿ ਇਸ ਮੈਦਾਨ ਵਿਚ ਆਮ ਵੇਖਣ ਨੂੰ ਮਿਲਦੇ ਹਨ। ਤਟ ਦੇ ਨਾਲ ਮੋਰੇਨ ਵੀ ਮਿਲਦੇ ਹਨ। ਦਰਿਆ ਐਲਬ ਇਸ ਮੈਦਾਨ ਵਿਚੋਂ ਲੰਘਦਾ ਹੈ। ਇਸ ਮੈਦਾਨ ਵਿਚ ਨੀਵੀਆਂ ਪਹਾੜੀਆਂ ਵੀ ਮਿਲਦੀਆਂ ਹਨ। ਅਜਿਹੀ ਇਕ ਪਹਾੜੀ ਵਿਲਸਡੇਰਬਰਗ (169 ਮੀ.) ਹੈ। ਨੋਰਡਲੀਚਰ ਅਤੇ ਸੁਡਲੀਚਰ ਦੀਆਂ ਪਹਾੜੀਆਂ ਮੈਦਾਨ ਵਿਚ ਪੂਰਬ-ਪੱਛਮ ਦਿਸ਼ਾ ਵਿਚ ਫੈਲੀਆਂ ਹੋਈਆਂ ਹਨ। ਇਨ੍ਹਾਂ ਦੀ ਉਚਾਈ ਵੀ 100 ਮੀ. ਹੈ। ਇਸ ਮੈਦਾਨੀ ਖੇਤਰ ਦੀਆਂ ਚਟਾਨਾਂ ਨਵੀਆਂ ਹੀ ਹੋਂਦ ਵਿਚ ਆਈਆਂ ਹਨ ਅਤੇ ਪਲੀਸਟੋਸੀਨ ਯੁੱਗ ਦੀਆਂ ਬਣੀਆਂ ਹੋਈਆਂ ਹਨ। ਇਸ ਮੈਦਾਨ ਦੇ ਦੱਖਣੀ ਭਾਗ ਵਿਚ ਗਲੇਸ਼ੀਅਰੀ ਭੂ-ਭਾਗਾਂ ਤੋਂ ਅੱਗੇ ਲੋਅਸ ਮਿੱਟੀ ਵਾਲਾ ਮੈਦਾਨੀ ਖੇਤਰ ਹੈ।
(ਅ) ਮੱਧ ਉੱਚਵਰਤੀ ਪ੍ਰਦੇਸ਼––ਇਸ ਖੇਤਰ ਵਿਚ ਉੱਤਰੀ ਰ੍ਹਾਈਨ, ਵੈਸਟਫੈਲਯਾ ਦਾ ਦੱਖਣੀ ਭਾਗ, ਹੈਸੇਨ ਰ੍ਹਾਈਨਲੈਂਡ, ਪਫਾਲਟਜ਼, ਸਾਰਲੈਂਡ, ਉੱਤਰੀ ਬੇਅਰਨ ਅਤੇ ਉੱਤਰੀ ਬਾਡਨ-ਵਰਟਮਬਰਗ ਸ਼ਾਮਲ ਹਨ। ਇਹ ਪਠਾਰੀ ਇਲਾਕਾ ਹੈ ਅਤੇ ਕੁਝ ਪਹਾੜੀਆਂ ਵੀ ਇਥੇ ਹਨ ਜਿਨ੍ਹਾਂ ਦੀ ਆਮ ਉਚਾਈ 1,100 ਮੀ. ਤੱਕ ਹੈ। ਪਹਾੜੀਆਂ ਦੇ ਉਪਰਲੇ ਭਾਗ ਗੋਲ ਹਨ ਅਤੇ ਇਨ੍ਹਾਂ ਉੱਪਰ ਸੰਘਣੇ ਜੰਗਲ ਮਿਲਦੇ ਹਨ। ਤੇਜ਼ ਵਹਿਣ ਵਾਲੇ ਦਰਿਆਵਾਂ ਨੇ ਇਸ ਉੱਚ ਪ੍ਰਦੇਸ਼ ਵਿਚ ਡੂੰਘੀਆਂ ਘਾਟੀਆਂ ਵੀ ਬਣਾਈਆਂ ਹੋਈਆਂ ਹਨ। ਇਸੇ ਪ੍ਰਦੇਸ਼ ਦੇ ਦੱਖਣ-ਪੱਛਮੀ ਭਾਗ ਵਿਚ ਬਲੈਕ ਫਾਰੈਸਟ ਪਹਾੜ ਹਨ ਜਿਥੇ ਡੈਨਿਊਬ ਦਰਿਆ ਦਾ ਸੋਮਾ ਹੈ। ਰ੍ਹਾਈਨਲੈਂਡ ਦੇ ਪੂਰਬ ਵੱਲ ਹੈਸੀ ਮੱਧ ਉੱਚਵਰਤੀ ਪ੍ਰਦੇਸ਼ ਹੈ। ਇਸ ਦੀ ਔਸਤ ਉਚਾਈ 500-600 ਮੀ. ਹੈ।
ਲੋਅਸ ਖੇਤਰ ਦੇ ਦੱਖਣ-ਪੱਛਮ ਵਿਚ ਪਹਾੜੀ ਮਿਟਲਜੇਬਿਹਜ ਖ਼ੇਤਰ ਹੈ। ਇਥੇ ਹਾਰਟਜ ਅਤੇ ਐਰਟਸਜਬਰਗ ਦੇ ਪਹਾੜੀ ਸਿਲਸਿਲੇ ਹਨ। ਫਿਟਲਬਰਗ ਨਾਂ ਦੀ ਸਿਖ਼ਰ ਐਰਟਸਜਬਰਗ ਪਹਾੜੀ ਵਿਚ ਹੀ ਪੈਂਦੀ ਹੈ। ਹਾਰਟਜ਼ ਪਹਾੜਾਂ ਉੱਪਰਲੀ ਬਰੋਕਨ ਚੋਟੀ 1,142 ਮੀ. ਉੱਚੀ ਹੈ। ਥਿਉਰਿੰਜੀਅਨ ਵਾਲਟ ਪਹਾੜੀ ਇਥੇ ਹੀ ਹਨ।
ਇਹ ਪਹਾੜੀ ਖੇਤਰ ਵੀ ਪੁਰਾਣੀਆਂ ਚਟਾਨਾਂ ਦਾ ਬਣਿਆ ਹੋਇਆ ਹੈ। ਪਲੀਸਟੋਸੀਨ ਯੁੱਗ ਵਿਚ ਇਹ ਖੁਰਚਣ ਕਰਕੇ ਨੀਵੇਂ ਹੋ ਗਏ ਸਨ ਅਤੇ ਨੀਵੇਂ ਸਥਾਨਾਂ ਵਿਚ ਮਿੱਟੀ ਭਰ ਗਈ ਸੀ। ਫਿਰ ਟਰਸ਼ਰੀ ਯੁੱਗ ਵਿਚ ਇਹ ਖੇਤਰ ਥੱਲੇ ਧਸ ਗਿਆ ਜਿਹੜਾ ਕਿ ਮਗਰੋਂ ਫਿਰ ਉੱਚਾ ਉਠ ਗਿਆ ਸੀ। ਇਹ ਸਾਰਾ ਪ੍ਰਦੇਸ਼ ਸਖ਼ਤ ਰਵੇਦਾਰ ਚਟਾਨਾਂ ਦਾ ਬਣਿਆ ਹੋਇਆ ਹੈ। ਇਸ ਪਹਾੜੀ ਖੇਤਰ ਦੀਆਂ ਚਟਾਨਾਂ ਦਾ 30 ਕਰੋੜ ਸਾਲ ਪੁਰਾਣੀਆਂ ਹੋਣ ਦਾ ਕਿਆਸ ਕੀਤਾ ਜਾਂਦਾ ਹੈ।
(ੲ) ਐਲਪਸ ਪਹਾੜ––ਇਹ ਪਹਾੜ ਦੇਸ਼ ਦੇ ਦੱਖਣੀ ਹਿੱਸੇ ਵਿਚ ਸਥਿਤ ਹਨ। ਇਹ ਨੀਵੇਂ ਪਹਾੜ ਹਨ ਅਤੇ ਇਨ੍ਹਾਂ ਵਿਚਕਾਰ ਪਠਾਰਾਂ ਵੀ ਮਿਲਦੀਆਂ ਹਨ। ਦੇਸ਼ ਦੀ ਸਭ ਤੋਂ ਉੱਚੀ ਚੋਟੀ ਜਰਾਸਪਿਟਜ (2,962 ਮੀ.) ਬਾਵੇਰੀਆ ਪਹਾੜੀ ਉੱਤੇ ਸਥਿਤ ਹੈ। ਇਕ ਹੋਰ ਉੱਚੀ ਚੋਟੀ ਮਾਡੇਲੇਗੇਬਲ (2,645 ਮੀ.) ਹੈ। ਇਹ ਚੋਟੀ ਐਲਗਾਉ ਪਹਾੜੀ ਉੱਪਰ ਹੈ। ਇਸ ਪਹਾੜ ਵਿਚ ਡੂੰਘੀਆਂ ਦਰਿਆਈ ਘਾਟੀਆਂ ਅਤੇ ਐਲਪਸ ਪਹਾੜ ਵਿਚ ਕੋਨਿਗਸੀ ਅਤੇ ਕਾਨਸੈਂਟਸ ਝੀਲਾਂ ਮਿਲਦੀਆਂ ਹਨ।
ਜਲਵਾਯੂ––ਜਰਮਨੀ ਦੀ ਜਲਵਾਯੂ ਵਿਚ ਕਾਫ਼ੀ ਭਿੰਨਤਾ ਮਿਲਦੀ ਹੈ। ਉੱਤਰੀ ਭਾਗ ਦੀ ਜਲਵਾਯੂ ਉੱਤੇ ਸਮੁੰਦਰ ਦਾ ਅਸਰ ਸਾਫ਼ ਵਿਖਾਈ ਦਿੰਦਾ ਹੈ। ਦੱਖਣੀ ਖੇਤਰਾਂ ਦੀ ਜਲਵਾਯੂ ਮਹਾਂਦੀਪੀ ਕਿਸਮ ਦੀ ਹੈ। ਇਥੇ ਸਰਦੀਆਂ ਵਿਚ ਤਾਪਮਾਨ ਜਮਾਉ ਦਰਜੇ ਤੋਂ ਹੇਠਾਂ ਡਿੱਗ ਜਾਂਦਾ ਹੈ। ਗਰਮੀ ਦੇ ਮੌਸਮ ਵਿਚ ਕੁੱਝ ਘਾਟੀਆਂ ਵਿਚ ਸਖ਼ਤ ਗਰਮੀ ਪੈਂਦੀ ਹੈ। ਅਕਤੂਬਰ ਤੋਂ ਮਾਰਚ ਤੱਕ ਆਕਾਸ਼ ਵਿਚ ਬੱਦਲ ਛਾਏ ਰਹਿੰਦੇ ਹਨ। ਦੇਸ਼ ਭਰ ਦੀ ਜਲਵਾਯੂ ਨੂੰ ਤਿੰਨ ਖੰਡਾਂ ਵਿਚ ਵੰਡਿਆ ਜਾ ਸਕਦਾ ਹੈ। ਉੱਤਰੀ ਹਿੱਸਿਆਂ ਦੀ ਜਲਵਾਯੂ ਸ਼ੀਤ ਊਸ਼ਣ ਕਿਸਮ ਦੀ ਹੈ। ਉੱਤਰੀ ਸਾਗਰ ਵੱਲੋਂ ਆਉਣ ਵਾਲੀ ਨਮੀ ਭਰਪੂਰ ਹਵਾ ਤਾਪਮਾਨ ਨੂੰ ਘਟਾ ਦਿੰਦੀ ਹੈ। ਸਰਦੀ ਦੇ ਮੌਸਮ ਵਿਚ ਸਮੁੰਦਰ ਦੇ ਪ੍ਰਭਾਵ ਕਾਰਨ ਤਾਪਮਾਨ ਜ਼ਿਆਦਾ ਨਹੀਂ ਘਟਦਾ ਹੈ। ਹੈਮਬਰਗ ਵਿਖੇ ਜਨਵਰੀ ਦਾ ਔਸਤ ਤਾਪਮਾਨ–0.6° ਸੈਂ. ਰਹਿੰਦਾ ਹੈ। ਗਰਮੀਆਂ ਵਿਚ ਇਥੋਂ ਦਾ ਤਾਪਮਾਨ 17.2 ਸੈਂ. ਹੁੰਦਾ ਹੈ। ਸਰਦੀਆਂ ਵਿਚ ਪੱਛਮੀ ਹਵਾਵਾਂ ਵਰਖਾ ਵਰ੍ਹਾਉਂਦੀਆਂ ਹਨ। ਹੈਮਬਰਗ ਵਿਖੇ ਸਲਾਨਾ ਵਰਖਾ 72.6 ਸੈਂ. ਹੈ। ਸਰਦੀ ਦੇ ਮੌਸਮ ਵਿਚ ਸਕੰਡੇਨੇਵੀਆ ਵੱਲੋਂ ਠੰਢੀਆਂ ਪੌਣਾਂ ਆਉਂਦੀਆਂ ਹਨ।
ਮੱਧ ਉੱਚ ਪ੍ਰਦੇਸ਼ ਅਤੇ ਦੱਖਣੀ ਹਿੱਸਿਆਂ ਦੀ ਜਲਵਾਯੂ ਮਹਾਂਦੀਪੀ ਹੈ। ਸਰਦੀਆਂ ਵਿਚ ਸਖ਼ਤ ਠੰਢ ਪੈਂਦੀ ਹੈ। ਗਰਮੀ ਦੇ ਮੌਸਮ ਵਿਚ ਪਹਾੜਾਂ ਵਿਚ ਸਥਿਤ ਘਾਟੀਆਂ ਵਿਚ ਸਖ਼ਤ ਗਰਮੀ ਪੈਂਦੀ ਹੈ। ਮਿਊਨਿਖ ਵਿਖੇ ਜਨਵਰੀ ਅਤੇ ਜੁਲਾਈ ਦਾ ਔਸਤ ਤਾਪਮਾਨ ਕ੍ਰਮਵਾਰ 2.2° ਸੈਂ. ਅਤੇ 17.2° ਸੈਂ. ਹੈ। ਇਥੇ ਸਾਲਾਨਾ ਵਰਖਾ 85.5 ਸੈਂ. ਹੈ। ਜਰਮਨੀ ਦਾ ਦੱਖਣ-ਪੂਰਬੀ ਭਾਗ ਗਰਮੀਆਂ ਵਿਚ ਸਖ਼ਤ ਗਰਮ ਅਤੇ ਸਰਦੀਆਂ ਵਿਚ ਸਖ਼ਤ ਠੰਡਾ ਹੁੰਦਾ ਹੈ। ਦੇਸ਼ ਭਰ ਵਿਚ ਔਸਤ ਤਾਪਮਾਨ 9° ਸੈਂ. ਹੈ ਪਰ ਕੁੱਝ ਕੁ ਘਾਟੀਆਂ ਵਿਚ ਔਸਤ ਤਾਪਮਾਨ 20° ਸੈਂ. ਤੱਕ ਵੀ ਪਹੁੰਚ ਜਾਂਦਾ ਹੈ। ਮੱਧ ਉੱਚ ਪ੍ਰਦੇਸ਼ ਵਿਚ ਸਾਲਾਨਾ ਵਰਖਾ 200 ਸੈਂ. ਮੀ. ਹੈ। ਦੇਸ਼ ਦੇ ਪੂਰਬੀ ਭਾਗ ਵਿਚ ਸਾਲਾਨਾ ਔਸਤ ਵਰਖਾ 50 ਸੈਂ. ਮੀ. ਹੈ। ਸਰਦੀ ਦੇ ਮੌਸਮ ਵਿਚ ਐਲਪਸ ਪਹਾੜ ਦੀ ਉੱਤਰੀ ਢਲਾਣ ਨਾਲ ਥੱਲੇ ਵੱਲ ਨੂੰ ਗਰਮ ਅਤੇ ਖ਼ੁਸ਼ਕ ਹਵਾ ਚਲਦੀ ਹੈ। ਇਸ ਹਵਾ ਨੂੰ ‘ਫਾਹਨ’ ਆਖਦੇ ਹਨ।
ਜਲ ਪ੍ਰਵਾਹ––ਐਲਬ ਅਤੇ ਓਡਰ ਦਰਿਆ ਦੇਸ਼ ਦੇ ਉੱਤਰ ਵੱਲ ਵੱਗਦੇ ਹਨ। ਐਲਬ 1,093 ਕਿ. ਮੀ. ਲੰਬਾ ਹੈ। ਪਹਾੜੀ ਖੇਤਰ ਵਿਚ ਐਲਬ ਦੀਆਂ ਕਈ ਸਹਾਇਕ ਨਦੀਆਂ ਹਨ। ਇਸ ਦਰਿਆ ਦੀਆਂ ਸਹਾਇਕ ਨਦੀਆਂ ਉੱਤੇ ਬੰਨ੍ਹ ਮਾਰ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ। ਓਡਰ ਦਰਿਆ ਦੇ ਖੱਬੇ ਪਾਸਿਓਂ ਗਲਾਟਜਾਰ, ਨਾਈਸ, ਕਾਰਜਬੈਲ, ਬੋਬਰ ਆਦਿ ਸਹਾਇਕ ਨਦੀਆਂ ਹਨ। ਵਾਗਨਾਓ ਰੈਕਨਿਟਜ ਆਦਿ ਛੋਟੀਆਂ ਨਦੀਆਂ ਹਨ। ਇਹ ਨਦੀਆਂ ਉੱਤਰੀ ਨੀਵੇਂ ਮੈਦਾਨ ਵਿਚ ਝੀਲਾਂ ਵਿਚੋਂ ਨਿਕਲ ਕੇ ਬਾਲਟਿਕ ਸਾਗਰ ਵਿਚ ਜਾ ਡਿੱਗਦੀਆਂ ਹਨ। ਉੱਤਰੀ ਨੀਵੇਂ ਮੈਦਾਨ ਵਿਚ ਅਨੇਕ ਛੋਟੀਆਂ ਗਲੇਸ਼ਵਰੀ ਝੀਲਾਂ ਹਨ। ਇਕੱਲੇ ਨਿਊਬਰੈਨਡਨਬਰਗ ਕਾਉਂਟੀ ਵਿਚ 800 ਝੀਲਾਂ ਹਨ। ਸਭ ਤੋਂ ਵੱਡੀ ਮੁਰਟਿਜ਼ ਝੀਲ ਹੈ।
ਮਿੱਟੀ––ਉੱਤਰੀ ਨੀਵੇਂ ਮੈਦਾਨ ਵਿਚ ਮਿੱਟੀ ਗਲੇਸ਼ਵਰੀ ਹੈ। ਮਿੱਟੀ ਵਿਚ ਪੱਥਰ ਅਤੇ ਕੰਕਰ ਮਿਲਦੇ ਹਨ। ਇਸ ਮੈਦਾਨੀ ਖੇਤਰ ਦੀ ਮਿੱਟੀ ਵਿਚ ਚਰਾਗਾਹਾਂ ਮਿਲਦੀਆਂ ਹਨ। ਜਟਲੈਂਡ ਪ੍ਰਾਇਦੀਪ ਦਾ ਪੂਰਬੀ ਭਾਗ ਚੀਕਨੀ ਮਿੱਟੀ ਦਾ ਬਣਿਆ ਹੋਇਆ ਹੈ। ਰੂਹਰ ਖੇਤਰ ਵਿਚ ਸਿਲਟ ਵਰਗੀ ਲੋਇਸ ਮਿੱਟੀ ਮਿਲਦੀ ਹੈ।
ਬਨਸਪਤੀ ਅਤੇ ਜੀਵ ਜੰਤੂ––ਕੁੱਝ ਸਦੀਆਂ ਪਹਿਲਾਂ ਇਹ ਦੇਸ਼ ਜੰਗਲਾਂ ਨਾਲ ਢਕਿਆ ਹੋਇਆ ਸੀ। ਮਗਰੋਂ ਇਹ ਜੰਗਲ ਸਾਫ਼ ਕੀਤੇ ਗਏ ਅਤੇ ਜ਼ਮੀਨ ਨੂੰ ਖੇਤੀਬਾੜੀ ਯੋਗ ਬਣਾ ਲਿਆ ਗਿਆ ਪਰ ਜਰਮਨੀ ਦੇ ਦੱਖਣੀ ਭਾਗ ਵਿਚ ਸੰਘਣੇ ਜੰਗਲ ਹਨ। ਸੰਨ 1990 ਵਿਚ ਪੱਛਮੀ ਜਰਮਨੀ ਦੇ 5.36 ਮਿਲੀ. ਹੈਕ. ਖੇਤਰ ਵਿਚ ਜੰਗਲ ਸਨ। ਸੰਨ 1988 ਵਿਚ 2,981,303 ਹੈਕਟੇਅਰ ਪੂਰਬੀ ਜਰਮਨੀ ਦਾ ਖੇਤਰ ਜੰਗਲਾਂ ਅਧੀਨ ਸੀ। ਵਧੇਰੇ ਰਕਬੇ ਵਿਚ ਕੋਣਧਾਰੀ ਜੰਗਲ ਹਨ। ਮੁੱਖ ਦਰਖ਼ਤ ਫ਼ਰ, ਦਿਆਰ ਅਤੇ ਚੀਲ ਹਨ। ਇਨ੍ਹਾਂ ਜੰਗਲਾਂ ਤੋਂ ਇਮਾਰਤੀ ਲੱਕੜੀ ਪ੍ਰਾਪਤ ਹੁੰਦੀ ਹੈ। ਕੋਣਧਾਰੀ ਜੰਗਲਾਂ ਤੋਂ ਇਲਾਵਾ ਇਥੇ ਪਤਝੜ ਦੇ ਜੰਗਲ ਵੀ ਮਿਲਦੇ ਹਨ। ਇਸ ਕਿਸਮ ਦੇ ਦਰਖ਼ਤਾਂ ਵਿਚ ਬੀਚ, ਓਕ ਅਤੇ ਬਰਚ ਹਨ।
ਜੰਗਲਾਂ ਦੀ ਭਰਮਾਰ ਨੇ ਇਥੇ ਕਈ ਤਰ੍ਹਾਂ ਦੇ ਜੀਵ-ਜੰਤੂਆਂ ਨੂੰ ਜਨਮ ਦਿੱਤਾ ਹੈ। ਜੰਗਲਾਂ ਵਿਚ ਹਿਰਨ, ਸੂਰ, ਤਿੱਤਰ ਆਦਿ ਬਹੁਤ ਮਿਲਦੇ ਹਨ। ਝੀਲਾਂ ਅਤੇ ਨਦੀਆਂ ਦੇ ਪਾਣੀ ਵਿਚ ਮੱਛੀਆਂ ਦੀ ਭਰਮਾਰ ਹੈ ਅਤੇ 60 ਤੋਂ ਵੀ ਵੱਧ ਕਿਸਮ ਦੀਆਂ ਮੱਛੀਆਂ ਪਾਈਆਂ ਜਾਂਦੀਆਂ ਹਨ।
ਇਤਿਹਾਸ
ਇਹ ਆਮ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਰਮਨੀ ਦਾ ਇਤਿਹਾਸ ਨੌਵੀਂ ਸਦੀ ਈ. ਤੋਂ ਆਰੰਭ ਹੁੰਦਾ ਹੈ। ਇਸ ਸਮੇਂ ਚੇਰੂਸੀ ਕਬੀਲੇ ਦਾ ਸ਼ਹਿਜ਼ਾਦਾ ਅਰਮੀਨੀਅਸ ਜਰਮਨੀ ਉੱਪਰ ਰਾਜ ਕਰਦਾ ਸੀ। ਅਰਮੀਨੀਅਸ ਬਾਰੇ ਜਰਮਨ ਇਤਿਹਾਸਕਾਰਾਂ ਨੂੰ ਜ਼ਿਆਦਾ ਨਹੀਂ ਪਤਾ ਹੈ ਪਰ ਇਤਿਹਾਸਕਾਰ ਆਰਮੀਨੀਅਸ ਨੂੰ ਪਹਿਲਾਂ ਜਰਮਨ ਰਾਸ਼ਟਰੀ ਹੀਰੋ ਆਖਦੇ ਹਨ। ਡੇਟਮੋਲਡ ਨੇੜੇ ਆਰਮੀਨੀਅਸ ਦੀ ਇਕ ਵੱਡੀ ਯਾਦਗਾਰ ਬਣੀ ਹੋਈ ਹੈ।
ਜਰਮਨ ਰਾਜ ਬਣਨ ਲਈ ਅਨੇਕਾਂ ਸਾਲ ਲੱਗੇ ਹਨ। 8ਵੀਂ ਸਦੀ ਵਿਚ ਜਰਮਨ ਇਲਾਕੇ ਨੂੰ ਡਿਉਟਸ ਆਖਦੇ ਸਨ। ਇਸ ਸਮੇਂ ਚਾਰਲੇਮਾਗਨੇ ਇਸ ਇਲਾਕੇ ਦਾ ਰਾਜਾ ਸੀ। ਇਸ ਖੇਤਰ ਵਿਚ ਦੋਵੇਂ ਜਰਮਨ ਅਤੇ ਰੋਮਨ ਭਾਸ਼ਾਵਾਂ ਬੋਲਣ ਵਾਲੇ ਲੋਕ ਰਹਿੰਦੇ ਸਨ। ਇਸ ਸਮੇਂ ਜਰਮਨੀ ਦੀ ਪੱਛਮੀ ਹੱਦ ਤਕਰੀਬਨ ਸਥਿਰ ਰਹੀ ਪਰ ਪੂਰਬੀ ਹੱਦ ਬਦਲਦੀ ਰਹੀ। 9ਵੀਂ ਸਦੀ ਵਿਚ ਐਲਬ ਅਤੇ ਸਾਰ ਦਰਿਆ ਇਸ ਦੀ ਪੂਰਬੀ ਹੱਦ ਨਿਸ਼ਚਿਤ ਕਰਦੇ ਸਨ। 9ਵੀਂ ਤੋਂ 14ਵੀਂ ਸਦੀ ਤੱਕ ਜਰਮਨੀ ਦੀ ਪੂਰਬੀ ਹੱਦ ਬਦਲਦੀ ਰਹੀ। ਸੰਨ 1211 ਵਿਚ ਕਾਰੋਲਿੰਗੀਅਨ ਬੰਸਾਵਲੀ ਦਾ ਖਾਤਮਾ ਹੋ ਗਿਆ ਅਤੇ ਫਰੈਕੋਨੀਆ ਡਿਊਕ ਰਾਜਾ ਚੁਣਿਆ ਗਿਆ। ਸੰਨ 1273 ਵਿਚ ਰੂਡਲਫ ਜਰਮਨੀ ਦਾ ਬਾਸ਼ਦਾਹ ਬਣਿਆ। ਇਸ ਸਮੇਂ ਰਾਜੇ ਦੀ ਚੋਣ ਹੋਇਆ ਕਰਦੀ ਸੀ। ਰਾਜਾ ਚੁਣਨ ਦਾ ਅਧਿਕਾਰ ਥੋੜ੍ਹੇ ਲੋਕਾਂ ਨੂੰ ਪ੍ਰਾਪਤ ਸੀ। ਚਾਰਲਸ ਪੰਜਵੇਂ ਦੇ ਰਾਜਕਾਲ ਸਮੇਂ ਜਰਮਨੀ ਰਾਜ ਦਾ ਖੇਤਰ ਪਹਿਲਾਂ ਨਾਲੋਂ ਵੱਡਾ ਸੀ। ਇਸ ਤੋਂ ਬਾਅਦ ਜਰਮਨ ਰਾਜ ਦੇ ਟੁਕੜੇ ਹੋ ਗਏ। ਰਾਜਸੀ ਤਾਕਤ ਪ੍ਰਾਪਤ ਕਰਨ ਲਈ ਪ੍ਰੋਟੈਸਟੈਂਟ ਅਤੇ ਕੈਥੋਲਿਕ ਧਰਮ ਦੇ ਲੋਕਾਂ ਵਿਚ ਜੱਦੋ-ਜਹਿਦ ਆਰੰਭ ਹੋ ਗਈ। ਦੇਸ਼ ਵਿਚ ਕੈਥੋਲਿਕ ਲੀਗ ਅਤੇ ਪ੍ਰੋਟੈਸਟੈਂਟ ਯੂਨੀਅਨਾਂ ਬਣ ਗਈਆਂ। ਸੰਨ 1618-48 ਵਿਚਕਾਰ ਲੜਾਈ ਕਾਰਨ ਜਰਮਨੀ ਦਾ ਕਾਫ਼ੀ ਇਲਾਕਾ ਤਬਾਹ ਹੋ ਗਿਆ। ਆਬਾਦੀ ਘੱਟ ਗਈ।
ਸੰਨ 1789 ਵਿਚ ਫ਼ਰਾਂਸ ਵਿਚ ਇਨਕਲਾਬ ਆਇਆ। ਭਾਵੇਂ ਇਸ ਇਨਕਲਾਬ ਦਾ ਅਸਰ ਜਰਮਨੀ ਵਿਚ ਨਹੀਂ ਹੋਇਆ ਪਰ ਇਨਕਲਾਬ 1848 ਈ. ਵਿਚ ਆਇਆ ਅਤੇ ਇਸ ਦਾ ਅਸਰ ਜਰਮਨੀ ਉੱਪਰ ਪਿਆ। ਰਾਜੇ ਵਿਰੁੱਧ ਲੋਕ ਖੜੇ ਹੋ ਗਏ। ਸੰਨ 1848 ਵਿਚ ਫਰੈਂਕਫਰਟ ਵਿਖੇ ਰਾਸ਼ਟਰੀ ਅਸੈਂਬਲੀ ਬੁਲਾਈ ਗਈ। ਇਸ ਅਸੈਂਬਲੀ ਨੇ ਆਸਟਰੀਆ ਦੇ ਆਰਕਡਿਊਕ ਜੋਹਾਨ ਨੂੰ ਪ੍ਰਬੰਧਕ ਚੁਣ ਲਿਆ ਅਤੇ ਜਰਮਨ ਮਨਿਸਟਰੀ ਬਣਾ ਲਈ ਗਈ।
ਸੰਨ 1850 ਵਿਚ ਜਰਮਨੀ ਇਕ ਪ੍ਰਸਿੱਧ ਉਦਯੋਗਿਕ ਦੇਸ਼ ਬਣ ਗਿਆ। ਆਰਥਿਕ ਖੁਸ਼ਹਾਲੀ ਨਾਲ ਦੇਸ਼ ਵਿਚ ਰਾਜਸੀ ਸਥਿਰਤਾ ਆ ਗਈ। ਜਰਮਨ ਪ੍ਰੋਗਰੈਸਿਵ ਪਾਰਟੀ ਇਕ ਮੁੱਖ ਸ਼ਕਤੀਸ਼ਾਲੀ ਪਾਰਟੀ ਬਣ ਗਈ। ਸੰਨ 1862 ਈ. ਵਿਚ ਜਰਮਨੀ ਹੱਥੋਂ ਆਸਟਰੀਆ ਹਾਰ ਗਿਆ ਅਤੇ 1870 ਵਿਚ ਜਰਮਨੀ ਨੇ ਫ਼ਰਾਂਸ ਨੂੰ ਵੀ ਹਰਾ ਦਿੱਤਾ। ਹੁਣ ਦੱਖਣੀ ਜਰਮਨੀ ਦੀਆਂ ਛੋਟੀਆਂ ਰਿਆਸਤਾਂ ਨੇ ਉੱਤਰੀ ਫੈਡਰੇਸ਼ਨ ਨਾਲ ਮਿਲ ਕੇ ਇਕ ਵੱਡਾ ਜਰਮਨ ਰਾਜ ਬਣਾ ਲਿਆ। ਵਿਲਹੈਲਮ (ਵਿਲੀਅਮ I) 8 ਜਨਵਰੀ, 1877 ਨੂੰ ਜਰਮਨ ਸਾਮਰਾਜ ਦਾ ਬਾਦਸ਼ਾਹ ਬਣਾ ਦਿੱਤਾ। ਬਿਸਮਾਰਕ ਨੇ ਬਤੌਰ ਚਾਂਸਲਰ (ਪ੍ਰਧਾਨ ਮੰਤਰੀ) ਜਰਮਨੀ ਉੱਪਰ 19 ਸਾਲ ਰਾਜ ਕੀਤਾ। ਇਸਨੇ ਆਪਣੀਆਂ ਠੀਕ ਨੀਤੀਆਂ ਨਾਲ ਯੂਰਪ ਵਿਚ ਜਰਮਨੀ ਦਾ ਸਿਰ ਉੱਚਾ ਕੀਤਾ ਪਰ ਥੋੜ੍ਹੇ ਸਾਲਾਂ ਬਾਅਦ ਮਜ਼ਦੂਰ ਲਹਿਰ ਬਿਸਮਾਰਕ ਦੇ ਉਲਟ ਚੱਲ ਪਈ ਅਤੇ ਵਿਲਹੈਲਮ ਦੂਜੇ ਨੇ 1890 ਈ. ਵਿਚ ਬਿਸਮਾਰਕ ਨੂੰ ਖਾਰਜ ਕਰ ਦਿੱਤਾ। ਵਿਲਹੈਲਮ ਦੂਜਾ ਆਪ ਦੇਸ਼ ਉੱਪਰ ਰਾਜ ਕਰਨਾ ਚਾਹੁੰਦਾ ਸੀ।
28 ਜੂਨ, 1914 ਨੂੰ ਆਸਟਰੀਆ ਦੇ ਰਾਜੇ ਦਾ ਕਤਲ ਕਰ ਦਿੱਤਾ ਅਤੇ ਇਸ ਕਤਲ ਦੇ ਨਾਲ ਹੀ ਪਹਿਲੀ ਸੰਸਾਰ ਜੰਗ ਦਾ ਆਰੰਭ ਹੋ ਗਿਆ। ਲੜਾਈ ਵਿਚ ਜਰਮਨੀ ਨੂੰ ਹਾਰ ਹੋਈ। ਜਰਮਨੀ ਦਾ ਚਾਂਸਲਰ ਫੌਜੀ ਸੈਨਾਪਤੀ, ਫੀਲਡ ਮਾਰਸ਼ਲ ਪਾਲ ਵੋਨ ਹਿੰਡਨਬਰਗ ਦੀਆਂ ਨੀਤੀਆਂ ਅਨੁਸਾਰ ਕੰਮ ਕਰਦਾ ਸੀ। ਸੰਨ 1929 ਦੇ ਆਰਥਿਕ ਮੰਦਵਾੜੇ ਨੇ ਜਰਮਨੀ ਉੱਪਰ ਆਪਣਾ ਪ੍ਰਭਾਵ ਪਾਇਆ। ਬੇਰੁਜ਼ਗਾਰੀ ਵੱਧ ਗਈ। 30 ਜਨਵਰੀ, 1933 ਨੂੰ ਆਡਾੱਲਫ ਹਿਟਲਰ ਜਰਮਨੀ ਦਾ ਚਾਂਸਲਰ ਬਣ ਗਿਆ। ਉਸਨੇ ਆਪਣੇ ਮੰਤਰੀ ਮੰਡਲ ਵਿਚ ਪਾਰਟੀ ਅਤੇ ਗ਼ੈਰ ਪਾਰਟੀ ਲੋਕਾਂ ਨੂੰ ਵਜ਼ੀਰ ਬਣਾਇਆ। ਥੋੜ੍ਹੇ ਸਮੇਂ ਵਿਚ ਹਿਟਲਰ ਇਕ ਸ਼ਕਤੀਸ਼ਾਲੀ ਡਿਕਟੇਟਰ ਬਣ ਗਿਆ। ਆਪਣੀ ਪਾਰਟੀ ਤੋਂ ਇਲਾਵਾ ਬਾਕੀ ਰਾਜਸੀ ਪਾਰਟੀਆਂ ਉੱਪਰ ਪਾਬੰਦੀ ਲਗਾ ਦਿੱਤੀ। ਟਰੇਡ ਯੂਨੀਅਨਾਂ ਅਤੇ ਅਖ਼ਬਾਰਾਂ ਉੱਪਰ ਵੀ ਪਾਬੰਦੀ ਲਗਾ ਦਿੱਤੀ। ਸਰਕਾਰ ਦੇ ਵਿਰੋਧੀਆਂ ਨੂੰ ਸਖ਼ਤੀ ਨਾਲ ਕੁਚਲ ਦਿੱਤਾ। ਸੰਸਦ ਸਭਾਵਾਂ ਖਤਮ ਕਰ ਦਿੱਤੀਆਂ। ਹਜ਼ਾਰਾਂ ਲੋਕ ਡਰ ਕਾਰਨ ਜਰਮਨੀ ਤੋਂ ਭੱਜ ਗਏ। ਸੰਨ 1934 ਵਿਚ ਹਿੰਡਨਬਰਗ ਦਾ ਦੇਹਾਂਤ ਹੋ ਗਿਆ ਅਤੇ ਦੇਸ਼ ਦਾ ਰਾਸ਼ਟਰਪਤੀ ਅਤੇ ਚਾਂਸਲਰ ਹਿਟਲਰ ਬਣ ਗਿਆ। ਹੁਣ ਜਰਮਨੀ ਵਿਚ ਆਜ਼ਾਦੀ ਅਤੇ ਲੋਕ ਰਾਜ ਦਾ ਖਾਤਮਾ ਹੋ ਗਿਆ। ਆਰਥਿਕ ਮੰਦਵਾੜੇ ਕਾਰਣ ਬੇਰੁਜ਼ਗਾਰੀ ਵੱਧ ਗਈ। ਹਿਟਲਰ ਨੇ ਦੇਸ਼ ਵਿਚ ਹਥਿਆਰਾਂ ਦੀ ਉਤਪਾਦਨ ਵਧਾਉਣ ਲਈ ਕਾਰਖ਼ਾਨੇ ਲਗਾ ਕੇ ਲੋਕਾਂ ਨੂੰ ਰੁਜ਼ਗਾਰ ਦਿੱਤਾ। ਸੰਨ 1935 ਈ. ਵਿਚ ਸਾਰ ਖੇਤਰ ਜਰਮਨੀ ਦਾ ਹਿੱਸਾ ਬਣ ਗਿਆ ਅਤੇ 1938 ਵਿਚ ਸੂਡੈਟਨਲੈਂਡ ਉੱਪਰ ਵੀ ਕਬਜ਼ਾ ਕਰ ਲਿਆ। ਜਦ ਹਿਟਲਰ ਸ਼ਕਤੀਸ਼ਾਲੀ ਬਣ ਗਿਆ ਤਾਂ ਇਸ ਨੇ ਯਹੂਦੀਆਂ ਤੋਂ ਸਾਰੇ ਰਾਜਸੀ ਅਤੇ ਮਾਨਵੀ ਅਧਿਕਾਰ ਖੋਹ ਲਏ। ਯਹੂਦੀਆਂ ਨੂੰ ਕਤਲ ਕਰ ਦਿੱਤਾ ਗਿਆ ਅਤੇ ਹਜ਼ਾਰਾਂ ਲੋਕ ਦੇਸ਼ ਛੱਡ ਕੇ ਚਲੇ ਗਏ। ਬਹੁਤ ਸਾਰੇ ਜਰਮਨ ਲੇਖਕ, ਕਲਾਕਾਰ ਅਤੇ ਵਿਗਿਆਨੀ ਦੇਸ਼ ਵਿਚੋਂ ਭੱਜ ਗਏ। ਹਿਟਲਰ ਚਾਹੁੰਦਾ ਸੀ ਕਿ ਉਹ ਸਾਰੇ ਯੂਰਪ ਨੂੰ ਜਿੱਤ ਲਏ। ਸਤੰਬਰ 1939 ਵਿਚ ਹਿਟਲਰ ਨੇ ਪੋਲੈਂਡ ਉੱਪਰ ਹਮਲਾ ਕਰਕੇ ਦੂਜੀ ਸੰਸਾਰ ਜੰਗ ਦਾ ਆਰੰਭ ਕਰ ਦਿੱਤਾ। ਇਹ ਜੰਗ 5 ਸਾਲ ਚਲਦੀ ਰਹੀ ਅਤੇ ਜੰਗ ਦੌਰਾਨ ਯੂਰਪ ਤਬਾਹ ਹੋ ਗਿਆ। ਤਕਰੀਬਨ 5 ਕਰੋੜ 50 ਲੱਖ ਲੋਕ ਇਸ ਜੰਗ ਵਿਚ ਮਾਰੇ ਗਏ। ਜਰਮਨ ਫੌਜਾਂ ਨੇ ਪੋਲੈਂਡ, ਡੈਨਮਾਰਕ, ਨਾਰਵੇ, ਹਾਲੈਂਡ, ਬੈਲਜੀਅਮ, ਫ਼ਰਾਂਸ, ਯੋਗੋਸਲਾਵੀਆ ਅਤੇ ਯੂਨਾਨ ਨੂੰ ਹਰਾ ਦਿੱਤਾ। ਜਰਮਨ ਫ਼ੌਜਾਂ ਸੋਵੀਅਤ ਰੂਸ ਵਿਚ ਮਾਸਕੋ ਨੇੜੇ ਪਹੁੰਚ ਗਈਆਂ ਅਤੇ ਉੱਤਰੀ ਅਫਰੀਕਾ ਵਿਚ ਵੀ ਜਿੱਤ ਪ੍ਰਾਪਤ ਕਰ ਲਈ। 60 ਲੱਖ ਯਹੂਦੀਆਂ ਨੂੰ ਪੋਲੈਂਡ ਵਿਚ ਲੈ ਜਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਹੁਣ ਲੜਾਈ ਦਾ ਰੁੱਖ ਬਦਲਣ ਲੱਗਾ। ਜਰਮਨੀ ਇਟਲੀ ਅਤੇ ਜਾਪਾਨ ਦੀਆਂ ਫੌਜਾਂ ਨੂੰ ਹਰ ਫਰੰਟ ਤੇ ਹਾਰ ਲੱਗੀ। 20 ਜੁਲਾਈ, 1944 ਨੂੰ ਹਿਟਲਰ ਦੇ ਵਿਰੁੱਧ ਰਾਜ ਪਲਟਾ ਆਉਣ ਲੱਗਾ ਪਰ ਹਿਟਲਰ ਬਚ ਗਿਆ ਅਤੇ 4000 ਅਫਸਰਾਂ ਅਤੇ ਹੋਰਨਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਿਟਲਰ ਦੇ ਰਹਿਣ ਵਾਲੇ ਸਥਾਨ ਤੇ ਬੰਬਾਂ ਨਾਲ ਹਮਲਾ ਕੀਤਾ ਗਿਆ ਪਰ ਵਾਲ-ਵਾਲ ਬਚ ਗਿਆ। ਜਰਮਨ ਫ਼ੌਜਾਂ ਹਾਰ ਕੇ ਅੰਤ ਤਕ ਲੜਦੀਆਂ ਰਹੀਆਂ ਅਤੇ 30 ਅਪ੍ਰੈਲ, 1945 ਨੇ ਹਿਟਲਰ ਨੇ ਆਤਮ ਹੱਤਿਆ ਕਰ ਲਈ।
8 ਮਈ, 1945 ਨੂੰ ਜਰਮਨ ਹਥਿਆਰਬੰਦ ਫ਼ੌਜਾਂ ਨੇ ਬਿਨਾਂ ਸ਼ਰਤ ਆਤਮ-ਸਮਰਪਣ ਕਰ ਦਿੱਤਾ। ਇਸ ਨਾਲ ਦੂਜਾ ਵਿਸ਼ਵ ਯੁੱਧ ਸਮਾਪਤ ਹੋ ਗਿਆ। ਇਸ ਉਪਰੰਤ ਸਮੁੱਚੇ ਜਰਮਨੀ ਵਿਚ ਕੋਈ ਵੀ ਕੇਂਦਰੀ ਸ਼ਕਤੀ ਨਹੀਂ ਸੀ ਜਿਸਦਾ ਕੋਈ ਹੁਕਮ ਚਲਦਾ ਹੋਵੇ। ਨਤੀਜੇ ਵਜੋਂ ਅਮਨ-ਸੰਧੀ ਨਾ ਹੋ ਸਕੀ। 5 ਜੂਨ, 1945 ਦੇ ‘ਬਰਲਿਨ ਐਲਾਨ’ ਦੁਆਰਾ ਫ਼ਰਾਂਸ, ਯੂ. ਐਸ. ਐਸ. ਆਰ., ਯੂ. ਕੇ. ਅਤੇ ਯੂ. ਐਸ. ਏ. ਨੇ ਜਰਮਨੀ ਉੱਤੇ ਆਪਣੀ ਸ੍ਰੇਸ਼ਟ ਤਾਕਤ ਪ੍ਰਾਪਤ ਕਰ ਲਈ। ਚਾਰਾਂ ਹਸਤਾਖਰ ਕਰਤਾਵਾਂ ਵਿਚੋਂ ਹਰ ਇਕ ਨੂੰ ਇਕ ਕਬਜ਼ਾ ਖੇਤਰ ਅਲਾਟ ਕੀਤਾ ਗਿਆ ਅਤੇ ਉਸ ਖੇਤਰ ਵਿਚ ਸਰਬ ਉੱਚ ਅਖ਼ਤਿਆਰਾਂ ਦੀ ਵਰਤੋਂ ਕੇਵਲ ਉਸ ਖੇਤਰ ਦੇ ਕਮਾਂਡਰ-ਇਨ-ਚੀਫ਼ ਦੁਆਰਾ ਹੀ ਕੀਤੀ ਜਾਣੀ ਸੀ। ਇਨ੍ਹਾਂ ਚਾਰਾਂ ਕਮਾਂਡਰ-ਇਨ-ਚੀਫ਼ਾਂ ਦੀ ਹੀ ਬਰਲਿਨ ਵਿਚ ਇਕ ਸਾਂਝੀ ਇਤਹਾਦੀ ਕੰਟਰੋਲ ਪਰਿਸ਼ਦ (Allied Control Council) ਸਥਾਪਿਤ ਸੀ ਜੋ ਕਿ ਸਮੁੱਚੇ ਜਰਮਨੀ ਨੂੰ ਪ੍ਰਭਾਵਿਤ ਕਰਨ ਵਾਲੇ ਮਾਮਲਿਆਂ ਸਬੰਧੀ ਗੱਲਬਾਤ ਕਰਨ ਦੇ ਸਮਰੱਥ ਸੀ। ਚਾਰ ਸੈਕਟਰਾਂ ਵਿਚ ਵੰਡੇ ਹੋਏ ਗ੍ਰੇਟਰ ਬਰਲਿਨ ਦੇ ਇਲਾਕੇ ਉੱਤੇ ਚਾਰੇ ਕਾਬਜ਼ ਤਾਕਤਾਂ ਨੇ ਉਸ ਦੀ ਇਕ ਵੱਖਰੀ ਹੋਂਦ ਕਾਇਮ ਰੱਖਦਿਆਂ ਹੀ ਸ਼ਾਸਨ ਕਰਨਾ ਸੀ।
ਜੁਲਾਈ-ਅਗਸਤ 1945 ਦੀ ਪੋਸਟਡੈਮ ਕਾਨਫ਼ਰੰਸ ਵਿਚ ਪੂਰਬੀ ਪ੍ਰਸ਼ਆ ਪ੍ਰਾਂਤ ਦਾ ਉੱਤਰੀ ਹਿੱਸਾ–ਰਾਜਧਾਨੀ ਸ਼ਹਿਰ, ਕਾਨਿਗਜ਼ਬਰਗ ਜਿਸਦਾ ਮਗਰੋਂ ਕਲੀਨਿਨਗਰਾਦ ਨਾਂ ਰੱਖਿਆ ਗਿਆ ਸੀ ਸਹਿਤ ਯੂ. ਐਸ. ਐਸ. ਆਰ. ਨੂੰ ਸੌਂਪ ਦਿੱਤਾ ਗਿਆ ਸੀ। ਇਹ ਵੀ ਸਮਝੌਤਾ ਕੀਤਾ ਗਿਆ ਕਿ ਪੋਲੈਂਡ ਜਰਮਨੀ ਦੇ ਉਨ੍ਹਾਂ ਹਿੱਸਿਆਂ ਉੱਤੇ ਰਾਜ ਪ੍ਰਬੰਧ ਚਲਾਵੇਗਾ ਜਿਹੜੇ ਕਿ ਓਡਰ-ਨਾਈਸਾ ਰੇਖਾ (Oder-Neisse-Line) ਦੇ ਪੂਰਬ ਵੱਲ ਨੂੰ ਪੈਂਦੇ ਸਨ। ਇਹ ਰੇਖਾ ਸਫੀਨਾਊਈਸ਼ਚਾ (Swinoujscie) ਨਾਂ ਦੇ ਬੰਦਰਗਾਹੀ ਸ਼ਹਿਰ ਦੇ ਪੱਛਮ ਵੱਲ ਬਾਲਟਿਕ ਸਾਗਰ ਤੋਂ ਦਰਿਆ ਓਡਰ ਪੱਛਮੀ ਨਾਈਸਾ (Western Neisse) ਦਰਿਆ ਨਾਲ ਸੰਗਮ ਹੋਣ ਵਾਲੇ ਸਥਾਨ ਤੱਕ ਨਾਲ ਨਾਲ ਤੁਰੀ ਜਾਂਦੀ ਸੀ ਅਤੇ ਫਿਰ ਇਹ ਰੇਖਾ ਪੱਛਮੀ ਨਾਈਸਾ ਦਰਿਆ ਦੇ ਨਾਲ ਨਾਲ ਚੈਕੋਸਲੋਵਾਕ ਸਰਹੱਦ ਤੱਕ ਜਾਂਦੀ ਸੀ।
ਜੂਨ, 1948 ਵਿਚ ਸੰਯੁਕਤ ਰਾਜ ਅਮਰੀਕਾ, ਯੂ. ਕੇ. ਅਤੇ ਫ਼ਰਾਂਸ ਵਿਚਕਾਰ ਤਿੰਨ ਪੱਛਮੀ ਖੇਤਰਾਂ ਲਈ ਇਕ ਕੇਂਦਰੀ ਸਰਕਾਰ ਸਥਾਪਿਤ ਕਰਨ ਲਈ ਸਮਝੌਤਾ ਹੋ ਗਿਆ। 30 ਸਤੰਬਰ, 1949 ਨੂੰ ਲਾਗੂ ਹੋਏ ਇਕ ਕਾਬਜ਼ ਸਟੈਚੂਟ (An Occupation Statute) ਨੇ ਕਾਬਜ਼ ਤਾਕਤਾਂ ਦੀਆਂ ਜ਼ਿੰਮੇਵਾਰੀਆਂ ਘਟਾ ਦਿੱਤੀਆਂ। ਰਸਮੀ ਤੌਰ ਤੇ ਪੱਛਮੀ ਜਰਮਨੀ (ਫੈਡਰਲ ਰਿਪਬਲਿਕ ਆਫ਼ ਜਰਮਨੀ) 22 ਸਤੰਬਰ, 1949 ਨੂੰ ਹੋਂਦ ਵਿਚ ਆਇਆ। 22 ਨਵੰਬਰ, 1949 ਦੇ ਪੀਟਰਜ਼ਬਰਗ ਸਮਝੌਤੇ ਨੇ ਫ਼ੈਡਰਲ ਰਿਪਬਲਿਕ ਨੂੰ ‘ਕਾਬਜ਼ ਸਟੈਚੂਟ’ ਦੀਆਂ ਕਈਆਂ ਪਾਬੰਦੀਆਂ ਤੋਂ ਆਜ਼ਾਦ ਕਰਵਾ ਦਿੱਤਾ।
ਸੰਨ 1951 ਵਿਚ ਸੰਯੁਕਤ ਰਾਜ ਅਮਰੀਕਾ, ਯੂ. ਕੇ. ਅਤੇ ਫ਼ਰਾਂਸ ਅਤੇ ਹੋਰਨਾਂ ਦੇਸ਼ਾਂ ਨੇ ਜਰਮਨੀ ਨਾਲ ਯੁੱਧ ਬੰਦ ਕਰ ਦਿੱਤਾ। 25 ਜਨਵਰੀ, 1955 ਨੂੰ ਯੂ. ਐਸ. ਐਸ. ਆਰ. ਨੇ ਵੀ ਯੁੱਧ ਬੰਦ ਕਰ ਦਿੱਤਾ। 5 ਮਈ, 1955 ਨੂੰ ਸੰਯੁਕਤ ਰਾਜ ਅਮਰੀਕਾ, ਯੂ. ਕੇ. ਅਤੇ ਫ਼ਰਾਂਸ ਦੇ ਹਾਈ ਕਮਿਸ਼ਨਰਾਂ ਨੇ ਇਕ ਐਲਾਨ ਉੱਤੇ ਹਸਤਾਖ਼ਰ ਕਰਕੇ ‘ਕਾਬਜ਼ ਸਟੈਚੂਟ’ ਨੂੰ ਮਨਸੂਖ਼ ਕਰ ਦਿੱਤਾ। ਉਸੇ ਹੀ ਦਿਨ, ਅਕਤੂਬਰ, 1954 ਨੂੰ ਹਸਤਾਖ਼ਰਿਤ ਹੋਈਆਂ ਪੈਰਿਸ ਅਤੇ ਲੰਡਨ ਦੀਆਂ ਸੰਧੀਆਂ ਲਾਗੂ ਹੋਈਆਂ ਅਤੇ ਪੱਛਮੀ ਜਰਮਨੀ ਇਕ ਪ੍ਰਭੁਤਾਧਾਰੀ ਆਜ਼ਾਦ ਦੇਸ਼ ਬਣ ਗਿਆ।
ਪੂਰਬੀ ਖੇਤਰ ਦਾ ਰਾਜ ਪ੍ਰਬੰਧ ਯੂ. ਐਸ. ਐਸ. ਆਰ. ਦੁਆਰਾ ਸਥਾਪਿਤ ਇਕ ਫ਼ੌਜੀ ਸਰਕਾਰ ਦੁਆਰਾ ਚਲਾਇਆ ਗਿਆ। ਇਕ ਲੋਕ ਸਦਨ (People’s Chamber/Volkskammer) ਸਥਾਪਿਤ ਕੀਤਾ ਗਿਆ। ਇਸ ਸਦਨ ਨੇ ਅਕਤੂਬਰ 1949 ਵਿਚ ਸੋਵੀਅਤ ਕਿਸਮ ਦਾ ਇਕ ਸੰਵਿਧਾਨ ਜਾਰੀ ਕੀਤਾ ਅਤੇ ਪੂਰਬੀ ਜਰਮਨੀ (ਜਰਮਨ ਡੈਮੋਕ੍ਰੇਟਿਕ ਰਿਪਬਲਿਕ) ਦਾ ਐਲਾਨ ਕਰ ਦਿੱਤਾ। ਸੰਨ 1954 ਵਿਚ ਪੂਰਬੀ ਜਰਮਨੀ ਨੇ ਪ੍ਰਭੁਤਾ ਪ੍ਰਾਪਤ ਕਰ ਲਈ ਅਤੇ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਨੇ ਇਸ ਨੂੰ ਵਾਸਤਵਿਕ, ਅੰਤਰ-ਰਾਜਨੀਤਕ ਮਾਨਤਾ ਦੇ ਦਿੱਤੀ। ਸੰਨ 1961 ਵਿਚ ਪੂਰਬੀ ਜਰਮਨੀ ਨੇ ਪੂਰਬੀ ਹਿੱਸੇ ਨੂੰ ਪੱਛਮੀ ਬਰਲਿਨ ਨਾਲੋਂ ਵੱਖਰਾ ਕਰਨ ਲਈ ਇਕ ‘ਬਰਲਿਨ ਦੀਵਾਰ’ ਉਸਾਰ ਦਿੱਤੀ ਜਿਸਦੇ ਹੇਠਾਂ ਇਕ ਬਾਰੂਦੀ ਸੁਰੰਗ ਵਿਛਾ ਦਿੱਤੀ ਅਤੇ ਕੰਧ ਉੱਤੇ ਸਖ਼ਤ ਪਹਿਰਾ ਲਾ ਦਿੱਤਾ। 21 ਦਸੰਬਰ, 1972 ਨੂੰ ਪੂਰਬੀ ਅਤੇ ਪੱਛਮੀ ਜਰਮਨੀ ਵਿਚਕਾਰ ਹੋਈ ਸੰਧੀ ਵਿਚ ਦੋਵੇਂ ਦੇਸ਼ ਆਪਸੀ ਸੰਬੰਧਾਂ ਦੇ ਆਧਾਰ ਸਥਾਪਿਤ ਕਰਨ ਸਬੰਧੀ ਸਹਿਮਤ ਹੋ ਗਏ।
ਸੰਨ 1989 ਦੀ ਪੱਤਝੜ ਵੇਲੇ ਪੂਰਬੀ ਜਰਮਨੀ ਦੀ ਸਿਆਸੀ ਜ਼ਿੰਦਗੀ ਦੇ ਲੋਕਰਾਜੀਕਰਣ ਦੇ ਹੱਕ ਵਿਚ ਕੀਤੇ ਗਏ ਜਨਤਕ ਮੁਜ਼ਾਹਰਿਆਂ ਅਤੇ ਪੱਛਮੀ ਜਰਮਨੀ ਵਿਚ ਭਾਰੀ ਗਿਣਤੀ ਵਿਚ ਦਾਖ਼ਲ ਹੋਏ ਸ਼ਰਨਾਰਥੀਆਂ ਉਪਰੰਤ ਐਗੋਨ ਕ੍ਰੈਂਜ਼ (Egon Krenz) ਨੇ 18 ਅਕਤੂਬਰ ਨੂੰ ਐਰਿਕ ਹੋਨੈਕਰ (Erich Honecker) ਨੂੰ ਕਮਿਊਨਿਸਟ ਪਾਰਟੀ ਦਾ ਨੇਤਾ ਥਾਪ ਦਿੱਤਾ।
9 ਨਵੰਬਰ, 1989 ਨੂੰ ਪੱਛਮੀ ਜਰਮਨੀ ਨਾਲ ਲੱਗਦੀ ਸਰਹੱਦ ਅਤੇ ਬਰਲਿਨ ਦੀਵਾਰ ਦੇ ਖੁੱਲ੍ਹ ਜਾਣ ਕਾਰਨ ਬਾਹਰੀ ਪਾਬੰਦੀਆਂ ਕਾਫ਼ੀ ਘੱਟ ਗਈਆਂ। 13 ਨਵੰਬਰ ਨੂੰ ਲੋਕ ਸਦਨ ਨੇ ਵਿਲੀ ਸਟਾਫ (Willi Stoph) ਦੀ ਥਾਂ ਤੇ ਹੈਂਸ ਮੋਡਰੋ (Hans Modrow) ਪ੍ਰਧਾਨ ਮੰਤਰੀ ਚੁਣਿਆ ਅਤੇ ਕਈ ਹੋਰ ਕਮਿਊਨਿਸਟ ਨੇਤਾ ਵੀ ਬਦਲ ਦਿੱਤੇ। ਐਗੋਨ ਕ੍ਰੈਂਜ਼ ਅਤੇ ਸਮੁੱਚੀ ਕਮਿਊਨਿਸਟ ਲੀਡਰਸ਼ਿਪ ਨੇ ਅਸਤੀਫ਼ਾ ਦੇ ਦਿੱਤਾ। 11 ਦਸੰਬਰ, 1989 ਨੂੰ ਗ੍ਰੈਗਰ ਜਿਸੀ (Gregor Gysi) ਨੂੰ ਪਾਰਟੀ ਨੇਤਾ ਚੁਣਿਆ ਗਿਆ।
1 ਫ਼ਰਵਰੀ, 1990 ਨੂੰ ਹੈਂਸ ਮੋਡਰੋ ਨੇ ਐਲਾਨ ਕੀਤਾ ਕਿ ਜਰਮਨੀ ਫਿਰ ਤੋਂ ਜਰਮਨ ਰਾਸ਼ਟਰ ਦੇ ਸਾਰੇ ਨਾਗਰਿਕਾਂ ਦੀ ਜਨਮ-ਭੂਮੀ ਘਟਨਾ ਚਾਹੀਦਾ ਹੈ।
ਨਵੰਬਰ 1989 ਵਿਚ ਪੂਰਬੀ ਜਰਮਨੀ ਵਿਚ ਲਿਆਂਦੇ ਗਏ ਸੁਧਾਰਾਂ ਉਪਰੰਤ, ਫੈਡਰਲ ਚਾਂਸਲਰ ਹੇਲਮੰਟ ਕੋਹਲ ਨੇ ਜਰਮਨੀ ਕਨਫੈਡਰੇਸ਼ਨ ਲਈ 10-ਨੁਕਾਤੀ ਪਲਾਨ ਜਾਰੀ ਕੀਤੀ। 11 ਫ਼ਰਵਰੀ, 1990 ਨੂੰ ਚਾਂਸਲਰ ਕੋਹਲ ਨਾਲ ਗੱਲਬਾਤ ਕਰਨ ਉਪਰੰਤ ਪ੍ਰੈਜ਼ੀਡੈਂਟ ਗੋਰਬਾਚੇਵ ਨੇ ਕਿਹਾ ਕਿ ਯੂ. ਐਸ. ਐਸ. ਆਰ. ਨੂੰ ਸਿਧਾਂਤਕ ਤੌਰ ਤੇ ਜਰਮਨੀ ਦੇ ਪੁਨਰ-ਏਕੀਕਰਣ ਤੇ ਕੋਈ ਵੀ ਇਤਰਾਜ਼ ਨਹੀਂ। 13 ਫ਼ਰਵਰੀ, 1990 ਨੂੰ ਪੱਛਮੀ ਜਰਮਨੀ, ਪੂਰਬੀ ਜਰਮਨੀ ਅਤੇ ਯੁੱਧ ਕਾਲੀ ਇਤਹਾਦੀ ਦੇਸ਼ ਪੁਨਰ-ਏਕੀਕਰਣ ਸਬੰਧੀ ਵਾਰਤਾਲਾਪ ਕਰਨ ਲਈ ‘ਦੋ-ਜਮ੍ਹਾ-ਚਾਰ’ (Two-Plus-Four) ਦੇ ਇਕ ਫਾਰਮੂਲੇ ਲਈ ਸਹਿਮਤ ਹੋ ਗਏ। ਇਹ ਵਾਰਤਾਲਾਪ ਪੂਰਬੀ ਜਰਮਨੀ ਦੀਆਂ 18 ਮਾਰਚ ਦੀਆਂ ਚੋਣਾਂ ਉਪਰੰਤ ਹੋਣੀ ਸੀ। 5 ਮਈ, 1990 ਨੂੰ ‘ਦੋ-ਜਮ੍ਹਾ-ਚਾਰ’ ਵਾਰਤਾਲਾਪ ਸ਼ੁਰੂ ਹੋਈ। 18 ਮਈ ਨੂੰ ਪੱਛਮੀ ਜਰਮਨੀ ਅਤੇ ਪੂਰਬੀ ਜਰਮਨੀ ਨੇ ਇਕ ਸੰਧੀ ਤੇ ਹਸਤਾਖ਼ਰ ਕੀਤੇ ਜਿਸ ਅਨੁਸਾਰ 1 ਜੁਲਾਈ ਨੂੰ ਪੱਛਮੀ ਜਰਮਨੀ ਦੀ ਪ੍ਰਚਲਿਤ ਕਰੰਸੀ ਅਤੇ ਉਸਦੀ ਆਰਥਿਕ, ਮੁਦ੍ਰਿਕ ਅਤੇ ਸਮਾਜਿਕ ਕਾਨੂੰਨਸਾਜ਼ੀ ਪੂਰਬੀ ਜਰਮਨੀ ਨੂੰ ਸੌਂਪ ਦਿੱਤੀ ਗਈ। ਬੇਸਿਕ ਲਾਅ ਦੇ ਅਨੁਛੇਦ 23 ਵਿਚ ਇਹ ਉਪਬੰਧ ਕੀਤਾ ਗਿਆ ਸੀ ਕਿ ਯੁੱਧ ਪੂਰਵ ਜਰਮਨੀ ਦਾ ਕੋਈ ਵੀ ਰਾਜ ਪੱਛਮੀ ਜਰਮਨੀ ਵਿਚ ਸ਼ਾਮਲ ਹੋ ਸਕਦਾ ਸੀ। 23 ਅਗਸਤ ਨੂੰ ਲੋਕ ਸਦਨ ਨੇ 62 ਵੋਟਾਂ ਦੇ ਮੁਕਾਬਲੇ 294 ਵੋਟਾਂ ਨਾਲ 3 ਅਕਤੂਬਰ ਤੋਂ ਪੱਛਮੀ ਜਰਮਨੀ ਦੇ ਅਧਿਕਾਰ ਖੇਤਰ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
12 ਸਤੰਬਰ ਨੂੰ ‘ਜਰਮਨੀ ਸਬੰਧੀ ਅੰਤਿਮ ਬੰਦੋਬਸਤ ਕਰਨ ਬਾਰੇ ਸੰਧੀ’ (The Treaty on the Final Settlement with Respect to Germany) ਸਬੰਧੀ ਪੱਛਮੀ ਜਰਮਨੀ, ਪੂਰਬੀ ਜਰਮਨੀ ਅਤੇ 4 ਯੁੱਧਕਾਲੀ ਇਤਹਾਦੀ ਦੇਸ਼ਾਂ (ਫ਼ਰਾਂਸ, ਯੂ. ਐਸ. ਐਸ. ਆਰ., ਯੂ. ਕੇ. ਅਤੇ ਯੂ. ਐਸ. ਏ.), ਨੇ ਹਸਤਾਖ਼ਰ ਕੀਤੇ। ਇਸ ਦੀ ਪੁਸ਼ਟੀ ਲੋਕ ਸਦਨ ਨੇ 80 ਵੋਟਾਂ ਦੇ ਮੁਕਾਬਲੇ 200 ਵੋਟਾਂ ਨਾਲ, ਫ਼ੈਡਰਲ ਅਸੈਂਬਲੀ ਵਿਚ 47 ਵੋਟਾਂ ਦੇ ਮੁਕਾਬਲੇ 442 ਵੋਟਾਂ ਨਾਲ ਅਤੇ ਫ਼ੈਡਰਲ ਕੌਂਸਲ ਵਿਚ ਸਰਬਸੰਮਤੀ ਨਾਲ ਕੀਤੀ ਗਈ।
ਆਰਥਿਕਤਾ
ਖਣਿਜ––ਜਰਮਨੀ ਵਿਚ ਕੋਲਾ, ਕੱਚਾ ਲੋਹਾ, ਖਣਿਜ ਤੇਲ, ਪੋਟਾਸ਼ ਆਦਿ ਖਣਿਜ ਪਦਾਰਥ ਕੱਢੇ ਜਾਂਦੇ ਹਨ। ਰੂਹਰ ਖੇਤਰ ਵਿਚੋਂ ਬਿਟੂਮਿਨਸ ਕਿਸਮ ਦਾ ਕੋਲਾ ਕੱਢਿਆ ਜਾਂਦਾ ਹੈ। ਉੱਤਰੀ-ਰ੍ਹਾਈਨ ਵੈਸਟਫੇਲੀਆ ਖੇਤਰ ਵਿਚ ਕੋਲੇ ਅਤੇ ਕੱਚੇ ਲੋਹੇ ਦੇ ਮੱਧਵਰਤੀ ਜਰਮਨੀ ਵਿਚ ਲਿਗਨਾਈਟ ਅਤੇ ਦੱਖਣੀ ਸੈਕਸਨੀ ਖੇਤਰ ਵਿਚ ਕੱਚੇ ਲੋਹੇ ਦੇ ਭੰਡਾਰ ਹਨ। ਸੰਨ 1991 ਵਿਚ 66,442,610 ਟਨ ਕੋਲੇ ਦਾ ਉਤਪਾਦਨ ਹੋਇਆ। ਪੱਛਮੀ ਐਰਟਸਜਾ ਬਰਜਾ ਅਤੇ ਪੂਰਬੀ ਥੁਰਿੰਜੀਅਨ ਪਹਾੜਾਂ ਵਿਚ ਯੂਰੇਨੀਅਮ, ਕੋਬਾਲਟ, ਐਂਟੀਮਨੀ, ਬਿਸਮਥ ਅਤੇ ਸੰਖੀਆ ਆਦਿ ਖਣਿਜ ਵੀ ਕੱਢੇ ਜਾਂਦੇ ਹਨ। ਐਮਸਲੈਂਡ (ਲੋਅਰ ਸੈਕਸਨੀ) ਵਿਖੇ ਕੁਦਰਤੀ ਗੈਸ ਅਤੇ ਤੇਲ ਦੇ ਭੰਡਾਰ ਹਨ।
ਖੇਤੀਬਾੜੀ––ਜਰਮਨੀ ਖੇਤੀਬਾੜੀ ਦੇ ਖੇਤਰ ਵਿਚ ਵੀ ਅਗਾਂਹਵਧੂ ਦੇਸ਼ ਹੈ। ਦੇਸ਼ ਵਿਚ 1,71,36,800 ਹੈਕਟੇਅਰ (1991) ਰਕਬੇ ਵਿੱਚ ਖੇਤੀਬਾੜੀ ਹੁੰਦੀ ਹੈ। ਸੰਨ 1990 ਵਿਚ ਪੱਛਮੀ ਜਰਮਨੀ ਵਿਚ 6,32,400 ਫਾਰਮ ਸਨ ਜਿਨ੍ਹਾਂ ਵਿਚੋਂ 32,800 ਫਾਰਮ ਇਕ ਹੈਕਟੇਅਰ ਤੋਂ ਵੀ ਵੱਧ ਰਕਬੇ ਵਾਲੇ ਸਨ। ਇਸ ਸਮੇਂ ਦੌਰਾਨ, 11,73,438 ਟਰੈਕਟਰ ਅਤੇ 1,40,109 ਕੰਬਾਈਨ ਹਾਰਵੈਸਟਰ ਵਰਤੋਂ ਵਿਚ ਲਿਆਂਦੇ ਗਏ। ਸੰਨ 1990 ਵਿਚ ਪੂਰਬੀ ਜਰਮਨੀ (ਜਰਮਨ ਡੈਮੋਕ੍ਰੇਟਿਕ ਰਿਪਬਲਿਕ) ਵਿਚ 2,861 ਫਾਰਮ ਸਨ ਜਿਨ੍ਹਾਂ ਵਿਚੋਂ 1167 ਫਾਰਮ, 50 ਹੈਕ. ਤੋਂ ਘੱਟ ਰਕਬੇ ਵਾਲੇ ਸਨ ਅਤੇ 457 ਫਾਰਮ, 5000 ਹੈਕ. ਤੋਂ ਵੱਧ ਰਕਬੇ ਵਾਲੇ ਸਨ। ਸੰਨ 1992 ਤੋਂ ਸਟੇਟ ਫਾਰਮ 12 ਸਾਲ ਲਈ ਕਿਸਾਨਾਂ ਨੂੰ ਲੀਜ਼ ਤੇ ਦੇ ਦਿੱਤੇ ਗਏ ਹਨ ਅਤੇ ਬਾਅਦ ਵਿਚ ਉਨ੍ਹਾਂ ਨੂੰ ਵੇਚ ਦਿੱਤਾ ਜਾਵੇਗਾ। ਜਰਮਨੀ ਵਿਚ ਖੇਤੀਬਾੜੀ ਦਾ ਕੰਮ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ। ਦੇਸ਼ ਵਿਚ ਕਿਸਾਨ ਖੇਤੀਬਾੜੀ ਦੇ ਨਾਲ-ਨਾਲ ਮੁਰਗੀਆਂ, ਸੂਰ ਅਤੇ ਪਸ਼ੂ-ਪਾਲਣ ਦਾ ਕੰਮ ਵੀ ਕਰਦੇ ਹਨ। ਕਣਕ, ਰਾਈ, ਜੌਂ, ਆਲੂ, ਚੁਕੰਦਰ ਆਦਿ ਇਥੋਂ ਦੀਆਂ ਮੁੱਖ ਫਸਲਾਂ ਹਨ। ਸੰਨ 1991 ਵਿਚ 1,66,10,400 ਟਨ ਕਣਕ, 33,24,100 ਟਨ ਰਾਈ ਅਤੇ 1,44,93,700 ਟਨ ਜੌਂ ਦਾ ਉਤਪਾਦਨ ਹੋਇਆ।
ਉਦਯੋਗ––ਜਰਮਨੀ ਇਕ ਮੁੱਖ ਉਦਯੋਗਿਕ ਦੇਸ਼ ਹੈ। ਦੂਜੀ ਸੰਸਾਰ ਜੰਗ ਮਗਰੋਂ ਉਦਯੋਗ ਨੇ ਬਹੁਤ ਤਰੱਕੀ ਕੀਤੀ ਹੈ। ਲੋਹਾ ਅਤੇ ਇਸਪਾਤ ਦੇਸ਼ ਦਾ ਮੁੱਖ ਉਦਯੋਗ ਹੈ। ਇਥੇ ਵਧੇਰੇ ਕਾਰਖ਼ਾਨੇ ਰੂਹਰ ਘਾਟੀ ਵਿਚ ਸਥਿੱਤ ਹਨ। ਦੇਸ਼ ਵਿਚ ਰਸਾਇਣਕ ਉਦਯੋਗ ਦੇ ਕਾਰਖ਼ਾਨੇ ਕਈ ਸਥਾਨਾਂ ਤੇ ਲੱਗੇ ਹੋਏ ਹਨ। ਜਰਮਨੀ ਭਾਰੀ ਗਿਣਤੀ ਵਿਚ ਮਸ਼ੀਨਾਂ, ਮੋਟਰਕਾਰਾਂ, ਸਮੁੰਦਰੀ ਅਤੇ ਹਵਾਈ ਜਹਾਜ਼, ਬਿਜਲੀ ਦਾ ਸਮਾਨ ਤਿਆਰ ਕਰਦਾ ਹੈ। ਬਿਜਲੀ ਦੇ ਸਮਾਨ ਦੇ ਕਾਰਖ਼ਾਨੇ, ਮਿਊਨਿਖ, ਐਸਨ ਅਤੇ ਸਟੱਟਗਾਰਟ ਵਿਖੇ ਹਨ। ਦੇਸ਼ ਵਿਚ ਜ਼ਿਆਦਾਤਰ ਕਾਰਖ਼ਾਨੇ ਉੱਤਰੀ ਰ੍ਹਾਈਨ, ਵੈਸਟਫੇਲਯਾ, ਬਾਵੇਰੀਆ, ਬਾਡਨ ਵਾਰਟਮਬਰਗ, ਲੋਅਰ ਸੈਕਸਨੀ, ਹੈਂਸਨ ਅਤੇ ਗਾਰਲੈਂਡ ਰਾਜਾਂ ਵਿਚ ਸਥਾਪਿਤ ਹਨ। ਸੰਨ 1989 ਵਿਚ ਪੂਰਬੀ ਜਰਮਨੀ ਵਿਚ ਰਾਸ਼ਟਰੀ ਆਮਦਨ ਦਾ 70% ਉਦਯੋਗ ਤੋਂ ਪ੍ਰਾਪਤ ਹੋਇਆ ਹੈ।
ਆਵਾਜਾਈ ਦੇ ਸਾਧਨ––ਆਵਾਜਾਈ ਦੇ ਸਾਧਨਾਂ ਨੇ ਦੇਸ਼ ਦੇ ਆਰਥਿਕ ਵਿਕਾਸ ਵਿਚ ਕਾਫ਼ੀ ਹਿੱਸਾ ਪਾਇਆ ਹੈ। ਦੇਸ਼ ਦੇ ਮੱਧਵਰਤੀ ਭਾਗ ਵਿਚ ਰੇਲਾਂ ਅਤੇ ਸੜਕਾਂ ਦਾ ਜਾਲ ਵਿਛਿਆ ਹੋਇਆ ਹੈ। ਦੇਸ਼ ਦੇ ਉੱਤਰੀ ਭਾਗ ਵਿਚ ਆਵਾਜਾਈ ਦੇ ਸਾਧਨ ਘੱਟ ਹਨ। ਪਹਾੜੀ ਖੇਤਰ ਵਿਚ ਸੜਕਾਂ ਅਤੇ ਰੇਲ ਪਟੜੀਆਂ ਬਣਾਉਣਾ ਔਖਾ ਹੈ। ਉੱਤਰੀ ਨੀਵੇਂ ਮੈਦਾਨ ਦਾ ਦਲਦਲੀ ਧਰਾਤਲ ਵੀ ਸੜਕਾਂ ਬਣਾਉਣ ਦੇ ਰਾਹ ਵਿਚ ਰੁਕਾਵਟ ਹੈ। ਬਾਲਟਿਕ ਸਾਗਰ ਨਾਲ ਲਗਵਾਂ ਤਟ ਵੀ ਚੰਗੀਆਂ ਬੰਦਰਗਾਹਾਂ ਬਣਾਉਣ ਦੇ ਯੋਗ ਨਹੀਂ ਹੈ। ਧੁੰਦ, ਸਰਦੀਆਂ ਵਿਚ ਨੀਵਾਂ ਤਾਪਮਾਨ ਅਤੇ ਪਾਣੀ ਦਾ ਜੰਮ ਜਾਣਾ ਆਵਾਜਾਈ ਦੇ ਸਾਧਨਾਂ ਉੱਪਰ ਆਉਂਦੀ ਲਾਗਤ ਅਤੇ ਕੁਸ਼ਲਤਾ ਉੱਪਰ ਅਸਰ ਪਾਉਂਦਾ ਹੈ। ਦੇਸ਼ ਵਿਚ ਆਵਾਜਾਈ ਦੇ ਸਾਧਨ ਇਸ ਤਰ੍ਹਾਂ ਹਨ :––
ਰੇਲਾਂ––ਜਰਮਨੀ ਵਿਚ 1991 ਵਿਚ 41,154 ਕਿ. ਮੀ. ਲੰਬੀ ਰੇਲ-ਪਟੜੀ ਸੀ ਜਿਸ ਵਿਚੋਂ 15,854 ਕਿ. ਮੀ. ਉੱਤੇ ਬਿਜਲੀ ਨਾਲ ਗੱਡੀਆਂ ਚਲਦੀਆਂ ਹਨ। ਰੇਲ-ਪਟੜੀ ਦੀ ਵਧੇਰੇ ਲੰਬਾਈ ਉਦਯੋਗਿਕ ਖੇਤਰ ਵਿਚ ਹੈ ਅਤੇ ਦੇਸ਼ ਦੇ ਮੁੱਖ ਸ਼ਹਿਰ ਬਰਲਿਨ, ਹੈਮਬਰਗ, ਫਰੈਂਕਫਰਟ, ਮਿਊਨਿਖ ਆਦਿ ਰੇਲ-ਗੱਡੀਆਂ ਰਾਹੀਂ ਇਕ ਦੂਜੇ ਨਾਲ ਜੁੜੇ ਹੋਏ ਹਨ।
ਸੜਕਾਂ––ਸੜਕਾਂ ਦੀ ਆਵਾਜਾਈ ਦਾ ਵਧੀਆ ਵਸੀਲਾ ਹਨ। ਸੰਨ 1990 ਵਿਚ ਦੇਸ਼ ਵਿਚ ਸੜਕਾਂ ਦੀ ਕੁੱਲ ਲੰਬਾਈ 2,21,062 ਕਿ. ਮੀ. ਸੀ। ਸੜਕਾਂ ਦਾ ਸੰਘਣਾ ਜਾਲ ਨਾਰਡਰ੍ਹਾਈਨ-ਵੈਸਟਫੇਲਯਾ ਰਾਜ ਵਿਚ ਹੈ। ਪੂਰਬੀ ਬਰਲਿਨ ਦੇ ਦੁਆਲੇ ਰਿੰਗ ਸੜਕ ਹੈ।
ਜਲ ਆਵਾਜਾਈ––ਇਥੋਂ ਦੇ ਦਰਿਆ ਅਤੇ ਨਹਿਰਾਂ ਆਵਾਜਾਈ ਲਈ ਵਰਤੇ ਜਾਂਦੇ ਹਨ। ਰ੍ਹਾਈਨ, ਐਲਬ ਅਤੇ ਇਸ ਦੀਆਂ ਸਹਾਇਕ ਨਦੀਆਂ, ਸਾਰ ਅਤੇ ਹਵੇਲ ਆਵਾਜਾਈ ਲਈ ਵਰਤੇ ਜਾਂਦੇ ਹਨ। ਓਡਰ ਸਪਰੀ ਨਹਿਰ ਦੇਸ਼ ਦੀ ਸਭ ਤੋਂ ਵੱਡੀ ਨਹਿਰ ਹੈ। ਜਰਮਨੀ ਦੇ ਵਿਦੇਸ਼ੀ ਵਪਾਰ ਨੂੰ ਉੱਨਤ ਕਰਨ ਲਈ ਸਮੁੰਦਰੀ ਬੰਦਰਗਾਹਾਂ ਨੇ ਭਾਰੀ ਹਿੱਸਾ ਪਾਇਆ ਹੈ। ਦੇਸ਼ ਦੇ ਉੱਤਰੀ ਤਟ ਨਾਲ ਹੈਮਬਰਗ, ਬ੍ਰੇਮੇਨ, ਬਰਮੇਰਹੈਵਲ, ਲੂਬੇਕ ਆਦਿ ਮੁੱਖ ਬੰਦਰਗਾਹਾਂ ਹਨ। ਕੀਲ ਨਹਿਰ ਆਵਾਜਾਈ ਲਈ ਵਰਤੀ ਜਾਂਦੀ ਹੈ।
ਹਵਾਈ ਆਵਾਜਾਈ––ਹਵਾਈ ਸੇਵਾਵਾਂ ਵੀ ਦੇਸ਼ ਵਿਚ ਆਮ ਹਨ। ਲੁਫਥਾਂਸਾ ਹਵਾਈ ਲਾਈਨ ਸੰਸਾਰ ਪ੍ਰਸਿੱਧ ਹੈ। ਅੰਤਰਰਾਸ਼ਟਰੀ ਹਵਾਈ ਅੱਡੇ ਡਸੇਲਡੌਰਫ, ਫਰੈਂਕਫਰਟ, ਹੈਮਬਰਗ, ਹਨੋਵਰ, ਬੌਨ, ਲਾਈਪਸਿਕ, ਮਿਊਨਿਖ, ਕੋਲਨੋ, ਸਟੱਟਗਾਰਟ ਅਤੇ ਬਰਲਿਨ ਵਿਖੇ ਸਥਾਪਿਤ ਹਨ।
ਵਪਾਰ––ਜਰਮਨੀ ਦਾ ਅਨੇਕ ਦੇਸ਼ਾਂ ਨਾਲ ਲੈਣ ਦੇਣ ਹੁੰਦਾ ਹੈ। ਇਹ ਦੇਸ਼ ਮੋਟਰ-ਕਾਰਾਂ, ਬਿਜਲੀ ਤੇ ਇੰਜੀਨੀਅਰਿੰਗ ਦਾ ਸਾਮਾਨ, ਕੋਲਾ, ਪੋਟਾਸ਼ ਆਦਿ ਬਾਹਰ ਭੇਜਦਾ ਹੈ ਅਤੇ ਉਦਯੋਗਾਂ ਤੋਂ ਬਣੀਆਂ ਵਸਤਾਂ ਬਾਹਰੋਂ ਮੰਗਵਾਉਂਦਾ ਹੈ।
ਲੋਕ
ਆਬਾਦੀ––ਜਰਮਨੀ ਇਕ ਸੰਘਣੀ ਆਬਾਦੀ ਵਾਲਾ ਦੇਸ਼ ਹੈ ਜਿਥੇ ਵਸੋਂ ਦੀ ਘਣਤਾ 223 ਵਿਅਕਤੀ ਪ੍ਰਤੀ ਵ. ਕਿ. ਮੀ. ਹੈ। ਦੇਸ਼ ਵਿਚ ਆਬਾਦੀ ਦੀ ਵੰਡ ਇਕੋ ਜਿਹੀ ਨਹੀਂ ਹੈ। ਸੰਨ 1991 ਵਿਚ ਇਥੇ 85.3% ਲੋਕ ਸ਼ਹਿਰਾਂ ਵਿਚ ਅਤੇ 14.7% ਲੋਕ ਪਿੰਡਾਂ ਵਿਚ ਰਹਿੰਦੇ ਸਨ। ਬਰਲਿਨ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ ਆਬਾਦੀ 34,20,600 (1990) ਹੈ। ਇਸੇ ਸਮੇਂ ਦੌਰਾਨ ਹੋਰ ਵੱਡੇ ਸ਼ਹਿਰਾਂ ਦੀ ਆਬਾਦੀ ਦੀ ਵੰਡ ਇਸ ਤਰ੍ਹਾਂ ਹੈ––ਹੈਮਬਰਗ––16,40,100; ਮਿਊਨਿਖ––12,19,600; ਕੋਲੋਨ––9,50,200; ਫਰੈਂਕਫਰਟ––6,41,300; ਐਮਨ––6,26,100; ਡਾਰਟਮੰਡ––5,97,400; ਸਟੱਟਗਾਰਟ––5,75,600; ਲਾਈਪਸਿਕ––5,13,600 ਆਦਿ।
ਸੰਨ 1991 ਵਿਚ ਵੱਖ-ਵੱਖ ਰਾਜਾਂ ਦੀ ਵੰਡ ਹੇਠ ਲਿਖੇ ਅਨੁਸਾਰ ਹੈ––
ਪ੍ਰਾਂਤ
|
ਆਬਾਦੀ (1991)
|
1. ਬਾਡਨ ਵਰਟਮਬਰਗ
|
9,822,000
|
2. ਬਾਵੇਰੀਆ
|
11,449,000
|
3. ਬਰਲਿਨ
|
3,434,000
|
4. ਬਰੈਨਡਨਬਰਗ
|
2,578,000
|
5. ਬਰੈਮਨ
|
682,000
|
6. ਹੈਮਬਰਗ
|
1,652,000
|
7. ਹੈਸਨ
|
5,763,000
|
8. ਲੋਅਰ ਸੈਕਸਨੀ
|
7,387,000
|
9. ਮੈਕਲਨਬਰਗ-ਵੈਸਟ ਪਾਮਾਰੇਨੀਆ
|
1,924,000
|
10. ਨਾਰਥ ਰ੍ਹਾਈਨ ਵੈਸਟਫੇਲੀਆ
|
17,350,000
|
11. ਰ੍ਹਾਈਨਲੈਂਡ-ਪਾਲੈਟਨਟ
|
3,764,000
|
12. ਸਾਰਲੈਂਡ
|
1,073,000
|
13. ਸੈਕਸਨੀ
|
4,764,000
|
14. ਸੈਕਸਨੀ ਆਨਹਾਲਟ
|
2,874,000
|
15. ਸਲੈਸ਼ਵਿਗ ਹੋਲਸਟਾਈਨ
|
2,626,000
|
16. ਥੁਰਿੰਜੀਆ
|
2,611,000
|
ਧਰਮ––ਇਥੋਂ ਦੇ ਲੋਕਾਂ ਨੂੰ ਕੋਈ ਵੀ ਧਰਮ ਧਾਰਨ ਦੀ ਖੁੱਲ੍ਹ ਹੈ। ਦੇਸ਼ ਦੀ 90% ਆਬਾਦੀ ਈਸਾਈ ਧਰਮ ਨੂੰ ਮੰਨਦੀ ਹੈ। ਯਹੂਦੀ ਥੋੜ੍ਹੇ ਹਨ। ਕੈਥੋਲਿਕ ਅਤੇ ਪ੍ਰੋਟੈਸਟੈਂਟ ਧਰਮਾਂ ਦੇ ਲੋਕਾਂ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ ਅੱਧੋ ਅੱਧ ਹੈ। ਪਹਿਲਾਂ-ਪਹਿਲ ਇਥੇ ਈਸਾਈ ਲੋਕਾਂ ਦੀ ਵੰਡ ਖੇਤਰ ਦੇ ਅਨੁਸਾਰ ਹੁੰਦੀ ਸੀ। ਇਕ ਖੇਤਰ ਵਿਚ ਸਿਰਫ ਇਕ ਧਰਮ ਦੇ ਲੋਕ ਹੀ ਰਹਿੰਦੇ ਹਨ ਪਰ 1648 ਈ. ਵਿਚ ਲੋਕਾਂ ਨੂੰ ਮਰਜ਼ੀ ਅਨੁਸਾਰ ਰਹਿਣ ਦੀ ਖੁੱਲ੍ਹ ਦੇ ਦਿੱਤੀ ਗਈੇ। ਹੁਣ ਜਰਮਨੀ ਵਿਚ ਕੋਈ ਵੀ ਸਰਕਾਰੀ ਗਿਰਜਾਘਰ ਨਹੀਂ ਹੈ ਅਤੇ ਨਾ ਹੀ ਸਰਕਾਰ ਗਿਰਜਾਘਰ ਦੇ ਪ੍ਰਬੰਧ ਵਿਚ ਕੋਈ ਦਖ਼ਲ ਦਿੰਦੀ ਹੈ। ਇਨ੍ਹਾਂ ਦੀ ਤਨਖ਼ਾਹ ਸਰਕਾਰ ਦਿੰਦੀ ਹੈ। ਗਿਰਜਾਘਰ ਆਪਣੇ ਮੈਂਬਰਾਂ ਉੱਪਰ ਟੈਕਸ ਲਗਾ ਸਕਦੇ ਹਨ ਪਰ ਟੈਕਸ ਦੀ ਉਗਰਾਹੀ ਸਰਕਾਰ ਹੀ ਕਰਦੀ ਹੈ। ਇਥੇ ਯਹੂਦੀ ਵੀ ਹਨ ਜਿਹੜੇ ਬਰਲਿਨ ਤੇ ਫਰੈਂਕਫਰਟ ਵਿਚ ਵੱਸੇ ਹੋਏ ਹਨ।
ਸਿੱਖਿਆ––ਜਰਮਨੀ ਵਿਚ ਸਕੂਲਾਂ ਦੀ ਦੇਖਭਾਲ ਸਰਕਾਰ ਕਰਦੀ ਹੈ। ਵੱਖ-ਵੱਖ ਰਾਜਾਂ ਵਿਚ ਆਪਣੇ ਵਿੱਦਿਅਕ ਮਹਿਕਮੇ ਹਨ। 6 ਤੋਂ 15 ਸਾਲ ਦੀ ਉਮਰ ਤੱਕ ਹਰੇਕ ਲਈ ਵਿੱਦਿਆ ਜ਼ਰੂਰੀ ਹੈ। ਲੋੜੀਂਦੇ ਵਿਦਿਆਰਥੀਆਂ ਨੂੰ ਪੁਸਤਕਾਂ ਅਤੇ ਹੋਰ ਸਾਮਾਨ ਮੁਫ਼ਤ ਦਿੱਤਾ ਜਾਂਦਾ ਹੈ। ਧਰਮ ਅਤੇ ਖੇਡਾਂ ਆਦਿ ਵਿਸ਼ੇ ਵੀ ਸਕੂਲ ਵਿਚ ਪੜ੍ਹਾਏ ਜਾਂਦੇ ਹਨ। ਇਥੇ ਸਕੂਲੀ ਵਿੱਦਿਆ ਕਿੰਡਰਗਾਰਟਨ ਤੋਂ ਆਰੰਭ ਹੁੰਦੀ ਹੈ। ਕਿੰਡਰਗਾਰਟਨ ਇਕ ਜਰਮਨ ਸੰਸਥਾ ਹੈ ਅਤੇ ਹੁਣ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਅਜਿਹੇ ਸਕੂਲ ਖੁੱਲ੍ਹ ਗਏ ਹਨ। ਇਨ੍ਹਾਂ ਸਕੂਲਾਂ ਵਿਚ 3 ਤੋਂ 6 ਸਾਲ ਦੇ ਬੱਚੇ ਪੜ੍ਹਦੇ ਹਨ। ਆਮ ਤੌਰ ਤੇ ਕਿੰਡਰਗਾਰਟਨ ਸਵੇਰੇ ਦੇ ਸਮੇਂ ਲਈ ਹੁੰਦੇ ਹਨ ਪਰ ਜਿਹੜੇ ਮਾਪੇ ਨੌਕਰੀਆਂ ਕਰਦੇ ਹਨ ਉਨ੍ਹਾਂ ਲਈ ਇਹ ਦਿਨ ਭਰ ਖੁੱਲ੍ਹੇ ਰਹਿੰਦੇ ਹਨ। ਇਨ੍ਹਾਂ ਸਕੂਲਾਂ ਵਿਚ ਬੱਚਿਆਂ ਨੂੰ ਭੇਜਣਾ ਜ਼ਰੂਰੀ ਨਹੀਂ ਹੈ। ਕਿੰਡਰਗਾਰਟਨ ਤੋਂ ਪਿੱਛੋਂ ਬੱਚੇ ਪ੍ਰਾਇਮਰੀ ਸਕੂਲਾਂ ਵਿਚ ਦਾਖ਼ਲ ਹੁੰਦੇ ਹਨ। ਜਰਮਨ ਭਾਸ਼ਾ ਵਿਚ ਇਨ੍ਹਾਂ ਸਕੂਲਾਂ ਨੂੰ 'Grandsctivle' ਆਖਦੇ ਹਨ। ਪ੍ਰਾਇਮਰੀ ਸਕੂਲਾਂ ਵਿਚ ਬੱਚੇ 4 ਸਾਲ ਲਈ ਪੜ੍ਹਦੇ ਹਨ। ਪ੍ਰਾਇਮਰੀ ਵਿੱਦਿਆ ਤੋਂ ਬਾਅਦ ਇਥੇ ਚਾਰ ਤਰ੍ਹਾਂ ਦੇ ਸਕੂਲ ਹਨ। ਇਨ੍ਹਾਂ ਸਕੂਲਾਂ ਨੂੰ ਕਿੱਡਾ ਸਕੂਲ ਆਖਦੇ ਹਨ। ਓਰੀਏਨਟੇਸ਼ਨ ਗ੍ਰੇਡ ਪਾਸ ਕਰਨ ਬਾਅਦ ਬੱਚਾ ਇੰਟਰਮਿਡੀਏਟ ਸਕੂਲ ਵਿਚ ਦਾਖ਼ਲਾ ਪ੍ਰਾਪਤ ਕਰ ਸਕਦਾ ਹੈ। ਇਹ ਸਕੂਲ ਦਸਵੀਂ ਕਲਾਸ ਤੱਕ ਹੁੰਦੇ ਹਨ। ਇੰਟਰਮਿਡੀਏਟ ਸਕੂਲਾਂ ਤੋਂ ਉਚੇਰੀ ਵਿੱਦਿਆ ਵਿਚ ਦਾਖ਼ਲਾ ਲੈ ਸਕਦੇ ਹਨ। ਤੀਜੀ ਕਿਸਮ ਦੇ ਸਕੂਲ ਜਿਮਨੇਜ਼ੀਅਮ ਹਨ। ਹਾਈ ਸਕੂਲਾਂ ਨੂੰ ਗ੍ਰਾਮਰਜ਼ ਹਾਈ ਸਕੂਲ ਆਖਦੇ ਹਨ। ਚੌਥੀ ਕਿਸਮ ਦੇ ਸਰੀਰਕ ਜਾਂ ਮਾਨਸਿਕ ਰੋਗੀਆਂ ਲਈ ਸਕੂਲ ਹਨ। ਜਰਮਨੀ ਵਿਚ ਯੂਨੀਵਰਸਿਟੀਆਂ ਦਾ ਇਕ ਲੰਬਾ ਇਤਿਹਾਸ ਹੈ। ਦੇਸ਼ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੀਡਲਬਰਗ ਵਿਖੇ ਹੈ। ਅੱਜਕੱਲ੍ਹ ਤਕਰੀਬਨ ਦੇਸ਼ ਦੇ ਹਰੇਕ ਵੱਡੇ ਸ਼ਹਿਰ ਵਿਚ ਯੂਨੀਵਰਸਿਟੀ ਜਾਂ ਵੱਡਾ ਕਾਲਜ ਹੈ। ਸੰਨ 1991-92 ਵਿਚ ਦੇਸ਼ ਵਿਚ 91 ਯੂਨੀਵਰਸਿਟੀਆਂ ਸਥਾਪਿਤ ਸਨ।
ਸਿਹਤ––ਜਰਮਨੀ ਵਿਚ ਸਿਹਤ ਦੀ ਸੰਭਾਲ ਰੱਖਣਾ ਹਰ ਇਕ ਵਿਅਕਤੀ ਦੀ ਜ਼ਿੰਮੇਵਾਰੀ ਹੈ ਪਰ ਇਹ ਰਾਜ ਸਰਕਾਰਾਂ ਅਤੇ ਸਮਾਜ ਦਾ ਵੀ ਫਰਜ਼ ਹੈ ਕਿ ਲੋਕਾਂ ਦੀ ਸਿਹਤ ਦਾ ਖਿਆਲ ਰੱਖੇ। ਭਾਵੇਂ ਜਰਮਨੀ ਵਿਚ ਸਿਹਤ ਸਹੂਲਤਾਂ ਸਰਕਾਰ ਵੱਲੋਂ ਮੁਹੱਈਆ ਹੋਈਆਂ ਹਨ ਪਰ ਫਿਰ ਵੀ ਇਥੇ ਮੌਤ ਦਰ ਜਨਮ ਨਾਲੋਂ ਵੱਧ ਹੈ। ਜਿੰਨੀਆਂ ਇਥੇ ਮੌਤਾਂ ਹੁੰਦੀਆਂ ਹਨ ਉਨ੍ਹਾਂ ਦਾ ਅੱਧ ਤੋਂ ਵਧ ਦਿਲ ਦੀ ਬੀਮਾਰੀ ਕਰਕੇ ਹੁੰਦੀਆਂ ਹਨ। ਕੈਂਸਰ ਅਤੇ ਤਪਦਿਕ ਦੀ ਬੀਮਾਰੀ ਨਾਲ ਵੀ ਕਾਫ਼ੀ ਲੋਕ ਮਰਦੇ ਹਨ।
ਮਨੋਰੰਜਨ ਲਈ ਇਥੇ ਸਿਨੇਮਾ ਘਰ ਹਨ। ਆਡਾੱਲਫ ਹਿਟਲਰ ਦੇ ਡਿਕਟੇਟਰ ਬਣਨ ਤੋਂ ਪਹਿਲਾਂ ਜਰਮਨੀ ਫਿਲਮਾਂ ਦੇ ਖੇਤਰ ਵਿਚ ਪ੍ਰਸਿੱਧ ਸੀ ਪਰ ਹਿਟਲਰ ਦੇ ਰਾਜ ਸਮੇਂ ਇਸ ਕਲਾ ਦਾ ਖਾਤਮਾ ਹੋ ਗਿਆ। ਦੂਰਦਰਸ਼ਨ ਦੇ ਵਿਕਾਸ ਨੇ ਵੀ ਫਿਲਮਾਂ ਦੇ ਵਿਕਾਸ ਉੱਪਰ ਉਲਟਾ ਅਸਰ ਪਾਇਆ।
ਇਥੇ ਥੀਏਟਰ ਲੋਕਾਂ ਲਈ ਇਕ ਸੇਵਾ ਸਮਝੀ ਜਾਂਦੀ ਹੈ। ਦੇਸ਼ ਵਿਚ ਦੋਵੇਂ ਸਰਕਾਰੀ ਅਤੇ ਪ੍ਰਾਈਵੇਟ ਥੀਏਟਰ ਹਨ। ਥੀਏਟਰ ਵਿਚ ਜਾ ਕੇ ਪ੍ਰੋਗਰਾਮ ਦੇਖਣੇ ਲੋਕਾਂ ਦੀ ਦਿਲਚਸਪੀ ਹੈ। ਪ੍ਰਸਿੱਧ ਥੀਏਟਰ ਬਰਲਿਨ, ਬੋਕਮ, ਬ੍ਰੈਮਨ, ਫਰੈਂਕਫਰਟ, ਹੈਮਬਰਗ, ਕੋਲੋਨ ਅਤੇ ਮਿਊਨਿਖ ਵਿਖੇ ਹਨ।
ਪ੍ਰਸਾਰ ਸੇਵਾਵਾਂ ਵਿਚ ਅਖ਼ਬਾਰ ਵੀ ਵਰਣਨਯੋਗ ਹੈ। ਹਰ ਇਕ ਸ਼ਹਿਰੀ ਨੂੰ ਬੋਲਣ ਦੀ ਪੂਰੀ ਆਜ਼ਾਦੀ ਹੈ। ਅਖ਼ਬਾਰਾਂ ਉੱਪਰ ਸੈਂਸਰਸਿਪਰ ਨਹੀਂ ਲਗਾਇਆ ਜਾ ਸਕਦਾ। ਦੇਸ਼ ਵਿਚ ਭਾਵੇਂ ਰੇਡੀਓ ਅਤੇ ਦੂਰਦਰਸ਼ਨ ਆਮ ਹਨ ਪਰ ਅਖ਼ਬਾਰਾਂ ਦੀ ਆਪਣੀ ਮਹੱਤਤਾ ਹੈ। ਦੇਸ਼ ਵਿਚ 80% ਲੋਕ ਰੋਜ਼ ਅਖ਼ਬਾਰ ਪੜ੍ਹਦੇ ਹਨ। ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਪਣੇ ਹਫਤਾਵਾਰ ਰਸਾਲੇ ਛਪਦੇ ਹਨ। ਜਰਮਨੀ ਵਿਚ ਰੇਡੀਓ ਅਤੇ ਟੈਲੀਵੀਜ਼ਨ ਆਮ ਹਨ। 95% ਘਰਾਂ ਪਾਸ ਰੇਡੀਓ ਅਤੇ 87% ਘਰਾਂ ਪਾਸ ਟੈਲੀਵੀਜ਼ਨ ਹੈ। ਪ੍ਰਸਾਰਣ ਉੱਪਰ ਕੰਟਰੋਲ ਨਹੀਂ ਹੈ। ਦੇਸ਼ ਵਿਚ 9 ਪ੍ਰਦੇਸ਼ਕ ਸੰਯੁਕਤ ਰੇਡੀਓ ਅਤੇ ਟੈਲੀਵੀਜ਼ਨ ਕਾਰਪੋਰੇਸ਼ਨਾਂ ਹਨ। ਟੈਲੀਵਿਜ਼ਨਾਂ ਉੱਪਰ ਰੰਗਦਾਰ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ। ਰੇਡੀਓ ਬਰਲਿਨ ਇੰਟਰਨੈਸ਼ਨਲ 11 ਭਾਸ਼ਾਵਾਂ ਵਿਚ ਬਦੇਸ਼ਾਂ ਨੂੰ ਪ੍ਰੋਗਰਾਮ ਦਾ ਪ੍ਰਸਾਰਣ ਕਰਦਾ ਹੈ।
ਇਸ ਦੇਸ਼ ਵਿਚ 2000 ਅਜਾਇਬ ਘਰ ਹਨ। ਇਨ੍ਹਾਂ ਅਜਾਇਬ ਘਰਾਂ ਵਿਚ ਕਲਾ, ਕੁਦਰਤੀ ਦ੍ਰਿਸ਼, ਤਕਨੀਕੀ ਅਤੇ ਸਭਿਆਚਾਰਕ ਵਿਰਸਾ ਵਿਖਾਇਆ ਗਿਆ ਹੈ। ਮਿਊਨਿਖ ਅਜਾਇਬ ਘਰ ਵਿਚ ਵਿਗਿਆਨ ਅਤੇ ਤਕਨੀਕ ਦਾ ਵਿਕਾਸ ਵਿਖਾਇਆ ਗਿਆ ਹੈ।
ਬਾਵੇਰੀਅਨ ਪਿੰਡਾਂ ਵਿਚ ਇਹੋ ਜਿਹੇ ਗਿਰਜਾ ਖਿੱਚ ਦੀ ਥਾਂ ਹਨ।
ਰਾਜ ਪ੍ਰਬੰਧ
ਪ੍ਰਬੰਧਕੀ ਢਾਂਚਾ––ਪਾਰਲੀਮੈਂਟਰੀ ਕੌਂਸਲ ਦੀ ਬਾੱਨ ਵਿਖੇ 1 ਸਤੰਬਰ, 1948 ਨੂੰ ਮੀਟਿੰਗ ਹੋਈ ਅਤੇ ਦੇਸ਼ ਲਈ ਵਿਧਾਨ ਤਿਆਰ ਕੀਤਾ। ਇਸ ਵਿਧਾਨ ਨੂੰ 2/3 ਰਾਜਾਂ ਨੇ ਮਨਜ਼ੂਰ ਕੀਤਾ ਅਤੇ 23 ਮਈ, 1949 ਨੂੰ ਵਿਧਾਨ ਲਾਗੂ ਕੀਤਾ।
ਵਿਧਾਨ ਵਿਚ ਇਕ ਪ੍ਰੀਐਂਬਲ ਅਤੇ 146 ਧਾਰਾਵਾਂ ਹਨ। ਵਿਧਾਨ ਦੇ ਆਰੰਭ ਵਿਚ ਮੂਲ ਅਧਿਕਾਰਾਂ ਬਾਰੇ ਬਿਆਨ ਕੀਤਾ ਗਿਆ ਹੈ। ਇਹ ਲੋਕਰਾਜੀ ਅਤੇ ਸਮਾਜਿਕ ਵਿਧਾਨਕ ਰਾਜ ਹੈ। ਇਹ ਇਕ ਫੈਡਰਲ ਰਾਜ ਹੈ ਜਿਸ ਵਿਚ 16 ਰਾਜ ਸ਼ਾਮਲ ਹਨ। ਰਾਜਾਂ ਦੇ ਆਪਣੇ ਕਾਨੂੰਨ ਹਨ ਪਰ ਫੈਡਰਲ ਕਾਨੂੰਨ ਸਰਵ ਉੱਚ ਹੈ। ਕਾਨੂੰਨ ਬਣਾਉਣ ਦੀਆਂ ਸ਼ਕਤੀਆਂ ਫੈਡਰਲ ਅਸੈਂਬਲੀ ਅਤੇ ਫੈਡਰਲ ਕੌਂਸਲ ਪਾਸ ਹਨ। ਫੈਡਰਲ ਅਸੈਂਬਲੀ ਦੀ ਚੋਣ ਚਾਰ ਸਾਲਾਂ ਲਈ ਕੀਤੀ ਜਾਂਦੀ ਹੈ। ਫੈਡਰਲ ਕੌਂਸਲ ਦੇ 79 ਮੈਂਬਰ ਹੁੰਦੇ ਹਨ ਅਤੇ ਫੈਡਰਲ ਅਸੈਂਬਲੀ ਦੇ 662 ਮੈਂਬਰ ਹੁੰਦੇ ਹਨ।
ਦੇਸ਼ ਦੇ ਮੁੱਖੀ ਨੂੰ ਫੈਡਰਲ ਪ੍ਰੈਜ਼ੀਡੈਂਟ ਆਖਦੇ ਹਨ ਜਿਹੜਾ ਕਿ 5 ਸਾਲਾਂ ਲਈ ਚੁਣਿਆ ਜਾਂਦਾ ਹੈ। ਪ੍ਰੈਜ਼ੀਡੈਂਟ ਨੂੰ ਦੁਬਾਰਾ ਵੀ ਚੁਣਿਆ ਜਾ ਸਕਦਾ ਹੈ। ਪ੍ਰੈਜ਼ੀਡੈਂਟ ਦੀ ਚੋਣ ਫੈਡਰਲ ਅਸੈਂਬਲੀ ਅਤੇ ਰਾਜਾਂ ਦੇ ਪਾਰਲੀਮੈਂਟ ਦੇ ਮੈਂਬਰ ਕਰਦੇ ਹਨ। ਕਾਰਜਕਾਰੀ ਸ਼ਕਤੀ ਫੈਡਰਲ ਸਰਕਾਰ ਕੋਲ ਹੁੰਦੀ ਹੈ। ਫੈਡਰਲ ਸਰਕਾਰ ਦੇ ਮੁੱਖੀ ਨੂੰ ਚਾਂਸਲਰ ਆਖਦੇ ਹਨ। ਫੈਡਰਲ ਪ੍ਰੈਜ਼ੀਡੈਂਟ ਚਾਂਸਲਰ ਅਤੇ ਮੰਤਰੀ ਮੰਡਲ ਦੀ ਚੋਣ ਕਰਦਾ ਹੈ। ਫੈਡਰਲ ਅਸੈਂਬਲੀ ਦੇਸ਼ ਲਈ ਕਾਨੂੰਨ ਬਣਾਉਂਦੀ ਹੈ।
ਰਾਜਸੀ ਪਾਰਟੀਆਂ––ਰਾਜਸੀ ਸੰਸਥਾਵਾਂ ਦਾ ਇਕ ਮਹੱਤਵਪੂਰਨ ਅੰਸ਼ ਹੁੰਦਾ ਹੈ। ਇਥੇ ਲੋਕ ਰਾਜੀ ਨੀਹਾਂ ਉੱਪਰ ਰਾਜਸੀ ਪਾਰਟੀਆਂ ਬਣਾਉਣ ਦਾ ਹੱਕ ਹੈ। ਜਰਮਨੀ ਦੀ ਫੈਡਰਲ ਅਸੈਂਬਲੀ ਵਿਚ ਸੋਸ਼ਲ ਡੈਮੋਕ੍ਰੇਟਿਕ ਪਾਰਟੀ, ਕ੍ਰਿਸ਼ਚੀਅਨ ਡੈਮੋਕ੍ਰੇਟਿਕ ਯੂਨੀਅਨ, ਕ੍ਰਿਸ਼ਚੀਅਨ ਸੋਸ਼ਲ ਯੂਨੀਅਨ, ਫ੍ਰੀ ਡੈਮੋਕ੍ਰੇਟਿਕ ਪਾਰਟੀ ਅਤੇ ਗਰੀਨਜ਼ ਹਨ। ਇਹ ਪਾਰਟੀਆਂ 1945-47 ਵਿਚ ਹੋਂਦ ਵਿਚ ਆਈਆਂ ਸਨ। ਸਾਰੀਆਂ ਵਿਧਾਨਕ ਸੰਸਥਾਵਾਂ ਲਈ ਵੋਟਾਂ ਸਿੱਧੀਆਂ ਅਤੇ ਗੁਪਤ ਢੰਗ ਨਾਲ ਪਾਈਆਂ ਜਾਂਦੀਆਂ ਹਨ।
ਕਰੰਸੀ––ਇਥੋਂ ਦੀ ਕਰੰਸੀ ਨੂੰ ਡਿਉਟਕਮੇ ਮਾਰਕ (DM) ਆਖਦੇ ਹਨ। ਡਿਉਟਕਮੇ ਇਕ ਮਾਰਕ (DM) ਵਿਚ 100 ਪਫੇਨਿਗਜ਼ ਹੁੰਦੇ ਹਨ। ਇਹ ਕਰੰਸੀ 1948 ਵਿਚ ਚਾਲੂ ਕੀਤੀ ਗਈ ਸੀ। ਇਸ ਕਰੰਸੀ ਨੂੰ ਪਹਿਲਾਂ ਰੈਚਸਮਾਰਕ ਆਖਦੇ ਸਨ। ਸੰਨ 1948 ਵਿਚ ਇਕ ਅਮਰੀਕੀ ਡਾਲਰ ਵਿਚ 3.33 ਡਿਉਟਕਮੇ ਮਾਰਕ (DM) ਹੁੰਦੇ ਹਨ ਪਰ ਇਹ ਵਟਾਂਦਰਾ-ਮੁੱਲ ਸਮੇਂ ਸਮੇਂ ਤੇ ਬਦਲਦਾ ਰਹਿੰਦਾ ਹੈ। ਜਰਮਨੀ ਦੇ ਕੇਂਦਰੀ ਬੈਂਕ ਦਾ ਨਾਂ ਡਿਉਟਕਮੇ ਬੁੰਡਰਜ਼ਬੈਲ ਹੈ। ਇਹ ਫਰੈਂਕਫਰਟ ਵਿਖੇ ਹੈ।
ਕੌਮੀ ਝੰਡਾ––ਰਾਸ਼ਟਰੀ ਝੰਡੇ ਵਿਚ ਤਿੰਨ ਸਮਾਨਾਂਤਰ ਪੱਟੀਆਂ ਹਨ। ਉੱਪਰਲੀ ਪੱਟੀ ਦਾ ਰੰਗ ਕਾਲਾ, ਵਿਚਲੀ ਦਾ ਲਾਲ ਅਤੇ ਹੇਠਲੀ ਦਾ ਸੁਨਹਿਰੀ ਹੈ।
ਹ. ਪੁ.––ਐਨ. ਬ੍ਰਿ. ਮਾ. 5 : 218; ਐਨ. ਅਮੈ. 12 : 592; ਸਟੇ. ਯੀ. ਬੁ.––1993-94
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2409, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-26, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
ਮਿਹਰਬਾਨੀ ਕਰਕੇ "ਨਿਮਨ" ਵਰਗੇ ਹਿੰਦੀ ਜਾਂ ਸੰਸਕ੍ਰਿਤ ਸ਼ਬਦਾਂ ਨਾਲ਼ ਪੰਜਾਬੀ ਵਿੱਚ ਮਿਲਾਵਟ ਕਰਨ ਤੋਂ ਪਰਹੇਜ਼ ਕਰੋ, ਖ਼ਾਸ ਕਰਕੇ ਜਦੋਂ ਪੰਜਾਬੀ ਵਿੱਚ ਸ਼ਬਦ ਮੌਜੂਦ ਹਨ।ਜੇਕਰ ਸ਼ਬਦ ਨਹੀਂ ਮਿਲਦੇ ਤਾਂ ਤੁਸੀਂ ਇੱਕ ਮਿਆਰੀ ਅਦਾਰਾ ਹੋ ਜੋ ਸ਼ਬਦ ਇਜਾਦ ਵੀ ਕਰ ਸਕਦਾ ਹੈ ਪਰ ਅੰਨ੍ਹੇਵਾਹ ਹਿੰਦੀ ਤੋਂ ਸ਼ਬਦ ਨਾ ਲਿਆਈ ਜਾਓ।
ਬਬਨਦੀਪ ਸਿੰਘ,
( 2014/08/19 12:00AM)
Please Login First