ਜਾਤੀਵਾਦ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Racism (ਰੇਇਸਇਜ਼ਅਮ) ਜਾਤੀਵਾਦ: ਜਿਥੇ ਕਿਤੇ ਵੀ ਜਾਤੀ ਦੀਆਂ ਸੱਭਿਆਚਾਰਿਕ ਆਧਾਰਿਤ ਸ਼੍ਰੇਣੀਆਂ ਹਨ, ਉਥੇ ਭਿੰਨਤਾਪੂਰਵਕ ਵਿਚਾਰਧਾਰਾ (ideology) ਵਿੱਚ ਭਿੰਨਤਾ ਪਾਈ ਜਾਂਦੀ ਹੈ। ਵਿਚਾਰਧਾਰਿਕ ਵਿਭਿੰਨਤਾਵਾਂ ਹੀ ਨਸਲ ਵਿਤਕਰਿਆਂ ਨੂੰ ਉਤੇਜਿਤ ਕਰਦੀਆਂ ਹਨ। ਦੱਖਣੀ ਅਫ਼ਰੀਕਾ ਵਿੱਚ ਇਸ ਦੀ ਹੁਣ ਤੱਕ ਭਰਮਾਰ ਰਹੀ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2971, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਜਾਤੀਵਾਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਾਤੀਵਾਦ [ਨਾਂਪੁ] ਨਸਲਪ੍ਰਸਤੀ, ਨਸਲਵਾਦ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2966, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜਾਤੀਵਾਦ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਜਾਤੀਵਾਦ : ਜਾਤੀ ਪ੍ਰਨਾਲੀ ਨੇ ਜਾਤੀਵਾਦ ਨੂੰ ਜਨਮ ਦਿੱਤਾ ਹੈ। ਕਿਸੇ ਜਾਤੀ ਨਾਲ ਸੰਬੰਧਿਤ ਲੋਕਾਂ ਵਿੱਚ ਜਾਤੀ ਭਾਵਨਾਵਾਂ ਪ੍ਰਬਲ ਹੁੰਦੀਆਂ ਹਨ ਅਤੇ ਉਹ ਨਿਆਂ ਦੇ ਸਮਾਜਿਕ ਮਿਆਰਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਆਪਣੀ ਜਾਤੀ ਪ੍ਰਤਿ ਅੰਨ੍ਹੀ ਅਤੇ ਭਾਰੀ ਵਫ਼ਾਦਾਰੀ ਦਾ ਪ੍ਰਗਟਾਵਾ ਕਰਦੇ ਹਨ। ਉਹ ਇਮਾਨਦਾਰੀ, ਨਿਰਪੱਖਤਾ ਅਤੇ ਭਰਾਤਰੀ-ਭਾਵ ਨੂੰ ਵਿਸਾਰ ਦਿੰਦੇ ਹਨ। ਬ੍ਰਾਹਮਣਵਾਦ ਅਤੇ ਕਾਇਸਵਾਦ ਜਿਹੇ ਸ਼ਬਦ ਜਾਤੀਵਾਦ ਦੀ ਹੀ ਦੇਣ ਹਨ। ਜਾਤੀਵਾਦ ਦੇ ਪ੍ਰਭਾਵ ਅਧੀਨ ਇੱਕ ਜਾਤੀ ਦੇ ਲੋਕ ਦੂਜੀਆਂ ਜਾਤੀਆਂ ਦੇ ਲੋਕਾਂ ਦੇ ਹਿਤਾਂ ਨੂੰ ਹਾਨੀ ਪਹੁੰਚਾਉਣ ਤੋਂ ਸੰਕੋਚ ਨਹੀਂ ਕਰਦੇ। ਜਾਤੀਵਾਦ ਭਰਾਤਰੀ-ਭਾਵ ਤੇ ਆਧਾਰਿਤ ਪ੍ਰਨਾਲੀ ਦੀ ਥਾਂ ਨਿਰੰਕੁਸ਼ਤਾ ਦਾ ਪ੍ਰਤੀਕ ਬਣ ਜਾਂਦਾ ਹੈ। ਸਿਆਸਤਦਾਨ ਰਾਸ਼ਟਰੀ ਹਿਤ ਦੇ ਮੁੱਲਾਂ ਤੇ ਆਪਣੇ ਲਾਭ ਲਈ ਜਾਤੀਵਾਦ ਦੀ ਭਾਵਨਾ ਦਾ ਲਾਭ ਉਠਾਉਂਦੇ ਹਨ।
ਜਾਤੀਵਾਦ ਅਧੀਨ ਸਮਾਜ ਜਾਤੀਆਂ ਦੇ ਆਪਣੇ ਵਿਕਸਿਤ ਜੀਵਨ ਦੇ ਆਧਾਰ ਤੇ ਵੱਖ-ਵੱਖ ਜਾਤੀਆਂ ਵਿੱਚ ਵੰਡਿਆ ਜਾਂਦਾ ਹੈ। ਹਰ ਜਾਤੀ ਦੀ ਮੈਂਬਰਸ਼ਿਪ ਵਿਅਕਤੀ ਦੇ ਜਨਮ ਕਾਰਨ ਨਿਰਧਾਰਿਤ ਕੀਤੀ ਜਾਂਦੀ ਹੈ। ਵਿਅਕਤੀ ਦਾ ਰੁਤਬਾ ਉਹਦੀ ਦੌਲਤ ਕਾਰਨ ਨਹੀਂ ਸਗੋਂ ਉਹ ਜਾਤੀ ਦੀ ਰਵਾਇਤੀ ਮਹੱਤਤਾ ਕਾਰਨ ਸਮਝਿਆ ਜਾਂਦਾ ਹੈ ਜਿਸ ਵਿੱਚ ਕਿ ਉਹ ਪੈਦਾ ਹੋਇਆ ਹੋਵੇ। ਜਾਤੀ ਵਿਰਸੇ ਵਿੱਚ ਮਿਲਦੀ ਹੈ। ਧਨ, ਪਸ਼ਚਾਤਾਪ ਜਾਂ ਪੂਜਾ ਕਿਸੇ ਦੀ ਜਾਤੀ ਨੂੰ ਨਹੀਂ ਬਦਲ ਸਕਦੇ। ਵਿਅਕਤੀ ਦਾ ਰੁਤਬਾ ਉਸਦੇ ਜਨਮ ਤੇ ਨਿਰਭਰ ਕਰਦਾ ਹੈ ਨਾ ਕਿ ਉਸਦੇ ਕਿੱਤੇ ਤੇ। ਭਾਰਤ ਵਿੱਚ ਅਜੇ ਤੱਕ ਵੀ ਪਿੰਡਾਂ ਵਿੱਚ ਹਰ ਜਾਤੀ ਦੀਆਂ ਆਪਣੀਆਂ ਪੰਚਾਇਤਾਂ ਹਨ ਜੋ ਸਾਰੀ ਜਾਤੀ ਤੇ ਰਾਜ ਕਰਦੀਆਂ ਹਨ ਅਤੇ ਇਹ ਬਹੁਤ ਸ਼ਕਤੀਸ਼ਾਲੀ ਸੰਗਠਨ ਹਨ ਜੋ ਆਪਣੀ ਜਾਤੀ ਦੇ ਮੈਂਬਰਾਂ ਨੂੰ ਉਹਨਾਂ ਦੇ ਉਚਿਤ ਸਥਾਨ ਤੇ ਟਿਕਾਈ ਰੱਖਦੀਆਂ ਹਨ। ਇਹ ਜਾਤੀ ਦੁਆਰਾ ਆਪਣੇ ਮੈਂਬਰਾਂ ਤੇ ਲਗਾਈਆਂ ਪਾਬੰਦੀਆਂ ਦਾ ਧਿਆਨ ਰੱਖਦੀਆਂ ਹਨ ਅਤੇ ਇਹਨਾਂ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾਵਾਂ ਪ੍ਰਦਾਨ ਕਰਦੀਆਂ ਹਨ। ਇਹਨਾਂ ਜਾਤੀਆਂ ਨੂੰ ਦੂਜੀਆਂ ਜਾਤੀਆਂ ਦੇ ਮੈਂਬਰਾਂ ਨਾਲ ਬੈਠ ਕੇ ਖਾਣ-ਪੀਣ ਦੀ ਵੀ ਮਨਾਹੀ ਹੁੰਦੀ ਹੈ ਅਤੇ ਇੱਕ ਜਾਤੀ ਦਾ ਵਿਅਕਤੀ ਦੂਜੀ ਜਾਤੀ ਦੀ ਲੜਕੀ ਨਾਲ ਵਿਆਹ ਵੀ ਨਹੀਂ ਕਰਾ ਸਕਦਾ। ਕਿਸੇ ਸਮੇਂ ਇਹ ਪੰਚਾਇਤਾਂ ਬਹੁਤ ਸ਼ਕਤੀਸ਼ਾਲੀ ਹੁੰਦੀਆਂ ਸਨ ਅਤੇ ਆਪਣੀ ਜਾਤੀ ਦੇ ਮੈਂਬਰਾਂ ਨੂੰ ਜਾਤੀ ਦੇ ਨਿਯਮਾਂ ਦੀ ਉਲੰਘਣਾਵਾਂ ਤੇ ਸਜ਼ਾਵਾਂ ਵੀ ਦਿੰਦੀਆਂ ਸਨ।
ਭਾਵੇਂ ਹੁਣ ਅਦਾਲਤਾਂ ਦੇ ਹੋਂਦ ਵਿੱਚ ਆਉਣ ਨਾਲ ਅਤੇ ਗ੍ਰਾਮ ਪੰਚਾਇਤ ਦੀ ਸਥਾਪਤੀ ਕਾਰਨ ਜਾਤੀ ਪੰਚਾਇਤਾਂ ਦੀ ਸ਼ਕਤੀ ਕੁਝ ਘੱਟ ਗਈ ਹੈ, ਫਿਰ ਵੀ ਆਧੁਨਿਕ ਜਾਤੀ ਅਜੇ ਵੀ ਆਪਣੇ ਮੈਂਬਰਾਂ ਤੇ ਕੰਟ੍ਰੋਲ ਰੱਖਦੀ ਹੈ ਅਤੇ ਉਹਨਾਂ ਦੇ ਵਿਹਾਰ ਤੇ ਅਸਰ-ਅੰਦਾਜ਼ ਹੁੰਦੀ ਹੈ।
ਜਾਤੀਵਾਦ ਦੀ ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਹਰ ਜਾਤੀ ਦਾ ਸਮਾਜਿਕ ਢਾਂਚੇ ਵਿੱਚ ਇੱਕ ਨਿਸ਼ਚਿਤ ਸਥਾਨ ਹੈ। ਸਮੁੱਚਾ ਸਮਾਜ ਉੱਚ ਅਤੇ ਨੀਵੀਆਂ ਜਾਤੀਆਂ ਵਿੱਚ ਵੰਡਿਆ ਹੋਇਆ ਹੈ। ਜਾਤੀਵਾਦ ਦੀ ਪ੍ਰਥਾ ਅਨੁਸਾਰ ਬ੍ਰਾਹਮਣਾਂ ਨੂੰ ਸਮਾਜ ਵਿੱਚ ਉੱਚਾ ਸਥਾਨ ਪ੍ਰਾਪਤ ਹੈ ਜਦੋਂ ਕਿ ਸ਼ੂਦਰ ਜਾਤੀ ਦੇ ਲੋਕ ਬਹੁਤ ਹੀ ਨੀਵੀਂ ਜਾਤੀ ਦੇ ਲੋਕ ਸਮਝੇ ਜਾਂਦੇ ਹਨ। ਸ਼ੂਦਰਾਂ ਨੂੰ ਤਾਂ ਦਾਸਾਂ ਨਾਲੋਂ ਵੀ ਨੀਵਾਂ ਸਮਝਿਆ ਜਾਂਦਾ ਹੈ। ਸ਼ੂਦਰ ਹੋਰ ਜਾਤੀਆਂ ਦੇ ਮੈਂਬਰਾਂ ਨਾਲ ਸਫ਼ਰ ਨਹੀਂ ਕਰ ਸਕਦੇ, ਉਹਨਾਂ ਨਾਲ ਖਾਣ-ਪੀਣ ਤਾਂ ਇੱਕ ਪਾਸੇ ਉਹਨਾਂ ਨੂੰ ਛੂਹ ਤੱਕ ਨਹੀਂ ਸਕਦੇ।
ਹਰ ਵਿਸ਼ੇਸ਼ ਜਾਤੀ ਦੇ ਲੋਕਾਂ ਪਾਸੋਂ ਆਸ ਕੀਤੀ ਜਾਂਦੀ ਹੈ ਕਿ ਉਹ ਆਪਣੀ ਜਾਤੀ ਦੇ ਪੇਸ਼ੇ ਨੂੰ ਅਪਣਾਉਣ। ਉਹ ਆਪਣੇ ਪੇਸ਼ੇ ਨੂੰ ਬਦਲ ਨਹੀਂ ਸਕਦੇ। ਜੱਦੀ ਪੇਸ਼ੇ ਨੂੰ ਤਿਆਗਣਾ ਠੀਕ ਨਹੀਂ ਸਮਝਿਆ ਜਾਂਦਾ।
ਪੁਰਾਤਨ ਸਮੇਂ ਵਿੱਚ ਜਾਤੀਵਾਦ ਅਧੀਨ ਸ਼ੁੱਧ ਅਤੇ ਅਸ਼ੁੱਧ ਜਾਤੀਆਂ ਬਣ ਜਾਂਦੀਆਂ ਸਨ। ਆਮ ਕਰਕੇ ਅਸ਼ੁੱਧ ਜਾਤੀਆਂ ਨੂੰ ਸ਼ਹਿਰ ਤੋਂ ਬਾਹਰਲੇ ਪਾਸੇ ਰੱਖਿਆ ਜਾਂਦਾ ਸੀ। ਦੱਖਣੀ ਭਾਰਤ ਵਿੱਚ ਤਾਂ ਕਈ ਜਾਤੀਆਂ ਨੂੰ ਸ਼ਹਿਰ ਜਾਂ ਪਿੰਡ ਦੇ ਕੁਝ ਭਾਗਾਂ ਵਿੱਚ ਜਾਣ ਦੀ ਵੀ ਮਨਾਹੀ ਹੁੰਦੀ ਸੀ। ਸਾਰੇ ਭਾਰਤ ਵਿੱਚ ਨੀਵੀਆਂ ਜਾਤੀਆਂ ਨੂੰ ਉੱਚ ਜਾਤੀਆਂ ਦੇ ਖੂਹਾਂ ਤੋਂ ਪਾਣੀ ਲੈਣ ਦੀ ਸਖ਼ਤ ਮਨਾਹੀ ਹੁੰਦੀ ਸੀ। ਸ਼ੂਦਰ ਪਾਵਨ ਸਾਹਿਤ ਨੂੰ ਨਹੀਂ ਪੜ੍ਹ ਸਕਦੇ। ਅਛੂਤਾਂ ਨੂੰ ਮੰਦਰਾਂ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਨਹੀਂ ਹੁੰਦੀ ਸੀ।
ਭਾਰਤ ਦੇ ਅਜ਼ਾਦ ਹੋਣ ਤੋਂ ਬਾਅਦ ਸੰਵਿਧਾਨ ਵਿੱਚ ਜਾਤੀਵਾਦ ਨੂੰ ਖ਼ਤਮ ਕਰਨ ਲਈ ਕਈ ਉਪਬੰਧ ਕੀਤੇ ਗਏ ਹਨ। ਨੀਵੀਆਂ ਜਾਤੀਆਂ ਨੂੰ ਉੱਚ ਜਾਤੀਆਂ ਦੇ ਬਰਾਬਰ ਖੜ੍ਹਾ ਕਰਨ ਦੇ ਯਤਨ ਕੀਤੇ ਗਏ ਹਨ। ਹੁਣ ਸ਼ੂਦਰਾਂ ਨੂੰ ਮੰਦਰਾਂ ਵਿੱਚ ਜਾਣ ਦੀ ਖੁੱਲ੍ਹ ਹੈ ਅਤੇ ਉਹ ਉੱਚ ਜਾਤੀ ਦੇ ਖੂਹਾਂ ਤੋਂ ਪਾਣੀ ਵੀ ਲੈ ਸਕਦੇ ਹਨ। ਉਹਨਾਂ ਨੂੰ ਹੋਰ ਉੱਚਾ ਉਠਾਉਣ ਲਈ ਉਹਨਾਂ ਲਈ ਸਰਕਾਰ ਅਤੇ ਹਰ ਪ੍ਰਕਾਰ ਦੀਆਂ ਸੰਸਥਾਵਾਂ ਵਿੱਚ ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ। ਉਹਨਾਂ ਨੂੰ ਹੁਣ ਅਛੂਤ ਆਖਣਾ ਅਪਰਾਧ ਮੰਨਿਆ ਜਾਂਦਾ ਹੈ। ਇਸ ਪ੍ਰਕਾਰ ਹੋਰ ਵੀ ਬਹੁਤ ਸਾਰੇ ਉਪਬੰਧ ਕੀਤੇ ਗਏ ਹਨ ਜਿਨ੍ਹਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਭਵਿਖ ਵਿੱਚ ਜਾਤੀਵਾਦ ਦੀ ਇਹ ਲਾਹਨਤ ਭਾਰਤ ਤੋਂ ਖ਼ਤਮ ਹੋ ਜਾਵੇਗੀ।
ਲੇਖਕ : ਪਰਦੀਪ ਸਚਦੇਵਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 1701, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-27-03-02-32, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First