ਜਾਸੂਸੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਾਸੂਸੀ. ਫ਼ਾਸੰਗ੍ਯਾ—ਭੇਤ ਲੈਣ ਦੀ ਕ੍ਰਿਯਾ। ੨ ਮੁਖ਼ਬਰੀ. ਖ਼ਬਰ ਦੇਣ ਦੀ ਕ੍ਰਿਯਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1383, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜਾਸੂਸੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Espionage or spying_ਜਾਸੂਸੀ: ਕੌਮਾਂਤਰੀ ਕਾਨੂੰਨ ਵਿਚ ਜੰਗ ਦੇ ਦੌਰਾਨ ਯੁੱਧ ਕਰ ਰਹੀ ਕੌਮ ਬਾਰੇ ਚੋਰੀ ਛੁਪੀ ਜਾਂ ਕਿਸੇ ਬਹਾਨੇ ਨਾਲ ਸੂਚਨਾ ਇਕੱਤਰ ਕਰਨਾ ਅਤੇ ਦੂਜੇ ਜੰਗਜੂ ਮੁਲਕ ਨੂੰ ਪਹੁੰਚਾਉਣ ਨੂੰ ਜਾਸੂਸੀ ਕਿਹਾ ਜਾਂਦਾ ਹੈ। ਜੇ ਇਸ ਤਰ੍ਹਾਂ ਦਾ ਵਿਅਕਤੀ ਪਕੜਿਆ ਜਾਵੇ ਤਾਂ ਉਸ ਨੂੰ ਜੰਗੀ ਮੁਜਰਮ ਦੇ ਤੌਰ ਤੇ ਸਜ਼ਾ ਦਿੱਤੀ ਜਾ ਸਕਦੀ ਹੈ। ਜਾਸੂਸ ਦਾ ਵਿਚਾਰਣ ਕੋਰਟ ਮਾਰਸ਼ਲ ਦੁਆਰਾ ਕੀਤਾ ਜਾ ਸਕਦਾ ਹੈ। ਜੇ ਜਾਸੂਸੀ ਕਰਨ ਵਾਲਾ ਵਿਅਕਤੀ ਜੰਗ ਵਿਚ ਜੁਟੀਆਂ ਫ਼ੌਜਾਂ ਵਿਚੋਂ ਕਿਸੇ ਦਾ ਮੈਂਬਰ ਹੋਵੇ ਅਤੇ ਜਾਸੂਸੀ ਕਰਨ ਤੋਂ ਬਾਅਦ ਆਪਣੀ ਫ਼ੌਜ ਵਿਚ ਮੁੜ ਹਾਜ਼ਰ ਹੋ ਜਾਵੇ ਅਤੇ ਉਸ ਤੋਂ ਪਿਛੋਂ ਪਕੜਿਆ ਜਾਵੇ ਤਾਂ ਉਸ ਨੂੰ ਪਹਿਲਾਂ ਕੀਤੀ ਜਾਸੂਸੀ ਬਾਰੇ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਸੇ ਤਰ੍ਹਾਂ ਬਾਵਰਦੀ ਕਰਮਚਾਰੀ ਦਾ ਵਿਰੋਧੀ ਫ਼ੌਜ ਬਾਰੇ ਰੈਕੀ ਕਰਨਾ, ਸਕਾਊਟਿੰਗ ਕਰਨਾ ਆਦਿ ਨੂੰ ਜਾਸੂਸੀ ਨਹੀਂ ਸਮਝਿਆ ਜਾ ਸਕਦਾ। ਇਸੇ ਤਰ੍ਹਾਂ ਸੰਦੇਸ਼ ਪਹੁੰਚਾਉਣ, ਮੁਹਾਸਰੇ ਵਾਲੀ ਥਾਂ ਤੋਂ ਭੱਜ ਨਿਕਲਣ ਨੂੰ ਜਾਸੂਸੀ ਨਹੀਂ ਸਮਝਿਆ ਜਾ ਸਕਦਾ।
ਰੋਜ਼ਨਬਰਗ ਬਨਾਮ ਯੂਨਾਈਟਿਡ ਸਟੇਟਸ [97 ਐਲ ਐਡ 1609] ਅਨੁਸਾਰ ਕੌਮੀ ਸੁਰੱਖਿਆ ਨਾਲ ਸਬੰਧਤ ਸੂਚਨਾ ਇਸ ਇਰਾਦੇ ਨਾਲ ਜਾਂ ਵਿਸ਼ਵਾਸ ਕਰਨ ਦਾ ਵਾਜਬ ਕਾਰਨ ਰਖਦੇ ਹੋਏ ਇਕੱਤਰ ਕਰਨਾ ਅਤੇ ਭੇਜਣਾ ਕਿ ਉਹ ਸੂਚਨਾ ਉਸ ਮੁਲਕ ਨੂੰ ਨੁਕਸਾਨ ਪਹੁੰਚਾਉਣ ਲਈ ਵਰਤੀ ਜਾਵੇਗੀ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1347, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਜਾਸੂਸੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜਾਸੂਸੀ : ਜਾਸੂਸੀ ਜਾਂ ਭੇਦ ਕੱਢਣ ਦਾ ਕੰਮ ਜਾਸੂਸਾਂ ਤੇ ਭੇਤੀਆਂ ਦੁਆਰਾ ਕੀਤਾ ਜਾਂਦਾ ਹੈ। ਖ਼ਾਸ ਕਰਕੇ ਜੰਗ ਦੇ ਦੌਰਾਨ ਸਭ ਦੇਸ਼ ਆਪਣੇ ਜਾਸੂਸਾਂ ਰਾਹੀਂ ਦੂਜੇ ਦੇਸ਼ਾਂ ਦੀ ਫ਼ੌਜ, ਸਰਕਾਰ, ਉਤਪਾਦਨ, ਵਿਗਿਆਨਕ ਉੱਨਤੀ ਆਦਿ ਦੇ ਤੱਥਾਂ ਬਾਰੇ ਸੂਚਨਾ ਪ੍ਰਾਪਤ ਕਰਨ ਦਾ ਯਤਨ ਕਰਦੇ ਹਨ। ਜਾਸੂਸੀ ਨੈਤਿਕਤਾ ਦੀ ਦ੍ਰਿਸ਼ਟੀ ਤੋਂ ਇਤਰਾਜ਼ਯੋਗ ਹੈ ਅਤੇ ਅਕਸਰ ਉਹ ਲੋਕ ਹੀ ਇਸ ਕੰਮ ਵਿਚ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ ਜਿਨ੍ਹਾਂ ਨੂੰ ਚੰਗੇ-ਮਾੜੇ ਦਾ ਵਿਚਾਰ ਨਾ ਹੋਵੇ।
ਨਿੱਜੀ ਜਾਸੂਸੀ––ਇਸ ਵਿਚ ਜਾਸੂਸ ਦਾ ਉਦੇਸ਼ ਕਿਸੇ ਵਿਸ਼ੇਸ਼ ਵਿਅਕਤੀ ਜਾਂ ਕਿਸੇ ਵਪਾਰ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਹੁੰਦਾ ਹੈ। ਇਹ ਸੂਚਨਾ ਸਮਾਜਕ ਗੱਲਬਾਤ ਜਾਂ ਮਿਲਾਪ ਦੇ ਆਧਾਰ ਤੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਤਕਨੀਕੀ ਸੂਚਨਾ ਖੁਫ਼ੀਆ ਵਿਭਾਗ ਜਾਂ ਨਿੱਜੀ ਜਾਸੂਸਾਂ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਨਿੱਜੀ ਜਾਸੂਸੀ ਲਈ ਤਾਂ ਕਈ ਵਾਰ ਅਸਭਿਅ ਨੀਤੀ ਵੀ ਅਪਣਾ ਲਈ ਜਾਂਦੀ ਹੈ ਜਿਵੇਂ ਗਵਾਂਢੀਆਂ ਜਾਂ ਖ਼ਾਸ ਵਿਅਕਤੀ ਰਾਹੀਂ ਸਬੰਧਤ ਲੋਕਾਂ ਬਾਰੇ ਸੂਚਨਾ ਪ੍ਰਾਪਤ ਕਰਨਾ।
ਅੰਤਰ-ਰਾਜਨੀਤਿਕ ਜਾਸੂਸੀ––ਅਕਸਰ ਸਾਰੀਆਂ ਸਰਕਾਰਾਂ ਕੁਝ ਜਾਸੂਸ ਤੇ ਸੂਚਕ ਇਸ ਲਈ ਰੱਖਦੀਆਂ ਹਨ ਕਿ ਉਸ ਨੂੰ ਜਨਤਾ ਦੇ ਵਿਚਾਰਾਂ ਦੀ ਜਾਣਕਾਰੀ ਰਹੇ ਤੇ ਆਪਣੇ ਵਿਰੋਧੀਆਂ ਦੇ ਪ੍ਰੋਗਰਾਮਾਂ ਤੇ ਵਿਚਾਰਾਂ ਦੀ ਜਾਣਕਾਰੀ ਮਿਲਦੀ ਰਹੇ। ਅਜਿਹੇ ਕਾਰਜ ਲਈ ਸਮਾਜ ਦੇ ਸਾਰੇ ਵਰਗਾਂ ਨਾਲ ਮੇਲ-ਜੋਲ ਰੱਖਕੇ ਹੀ ਸੂਚਨਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਸ਼ਾਂਤੀਕਾਲੀਨ ਦੂਤ ਕਾਰਜਾਂ ਵਿਚ ਜਾਸੂਸੀ––ਸ਼ਾਂਤੀ ਕਾਲ ਵਿਚ ਦੂਤਾਂ ਦਾ ਫ਼ਰਜ਼ ਸਿਰਫ਼ ਇਕ ਹੀ ਨਹੀਂ ਹੁੰਦਾ ਕਿ ਆਪਣੇ ਦੇਸ਼ ਦੇ ਪ੍ਰਤੀਨਿਧ ਰਹਿਣ ਸਗੋਂ ਇਹ ਵੀ ਦੇਖਣਾ ਹੁੰਦਾ ਹੈ ਕਿ ਜਿਸ ਦੇਸ਼ ਵਿਚ ਭੇਜੇ ਗਏ ਹਨ, ਉਥੋਂ ਦੀਆਂ ਸਰਗਰਮੀਆਂ ਕਿਹੋ ਜਿਹੀਆਂ ਹਨ? ਉਨ੍ਹਾਂ ਤੋਂ ਇਹ ਵੀ ਆਸ ਕੀਤੀ ਜਾਂਦੀ ਹੈ ਕਿ ਉਹ ਉਥੋਂ ਦੀਆਂ ਵਰਤਮਾਨ ਘਟਨਾਵਾਂ ਦਾ ਠੀਕ ਵੇਰਵਾ ਪ੍ਰਾਪਤ ਕਰਨ ਜੋ ਉਨ੍ਹਾਂ ਦੇ ਆਪਣੇ ਦੇਸ਼ ਤੇ ਪ੍ਰਤੱਖ ਜਾਂ ਅਪ੍ਰੱਤਖ ਪ੍ਰਭਾਵ ਪਾ ਸਕਦੀਆਂ ਹੋਣ ਜਾਂ ਪਾਉਂਦੀਆਂ ਹੋਣ।
ਆਧੁਨਿਕ ਰਾਜਦੂਤਾਂ ਪਾਸ ਹਰ ਕਾਰਜ ਵਿਚ ਨਿਪੁੰਨ ਜਲ, ਥਲ ਤੇ ਹਵਾਈ ਸੈਨਾ ਤੇ ਵਪਾਰ ਸਬੰਧੀ ਮਾਹਰ ਹੁੰਦੇ ਹਨ। ਇਨ੍ਹਾਂ ਦਾ ਕੰਮ ਦੂਸਰੇ ਦੇਸ਼ਾਂ ਦੀਆਂ ਹਰ ਕਿਸਮ ਦੀਆਂ ਰਾਜਨੀਤਿਕ ਸਰਗਰਮੀਆਂ ਦਾ ਧਿਆਨ ਰੱਖਣਾ ਹੁੰਦਾ ਹੈ। ਜਦੋਂ ਤੱਕ ਰਾਜਦੂਤ ਕੋਈ ਅਣਉਚਿਤ ਕਾਰਜ ਨਹੀਂ ਕਰਦਾ, ਜਿਵੇਂ ਅਧਿਕਾਰੀਆਂ ਨੂੰ ਰਿਸ਼ਵਤ ਦੇਣਾ ਜਾਂ ਕੰਮ ਦੀਆਂ ਲਿਖਤਾਂ ਨੂੰ ਚੋਰੀ ਕਰਨਾ ਆਦਿ ਉਦੋਂ ਤੱਕ ਉਹ ਜਾਸੂਸੀ ਦੀ ਪਰਿਭਾਸ਼ਾ ਦੇ ਘੇਰੇ ਵਿਚ ਨਹੀਂ ਆਉਂਦਾ।
ਫ਼ੌਜੀ ਜਾਸੂਸੀ––ਫ਼ੌਜੀ ਜਾਸੂਸੀ ਦੇ ਸਿਧਾਂਤ ਤੇ ਸੂਚਨਾ ਪ੍ਰਾਪਤ ਕਰਨ ਦੇ ਸਾਧਨ ਸ਼ਾਂਤੀ ਕਾਲ ਤੇ ਯੁੱਧਕਾਲ ਵਿਚ ਵੱਖ-ਵੱਖ ਹੁੰਦੇ ਹਨ। ਅੱਜਕੱਲ੍ਹ ਇਸ ਕੰਮ ਲਈ ਦੋ ਵਿਭਾਗ ਖੋਲ੍ਹੇ ਜਾਂਦੇ ਹਨ ਇਕ ਪੁਲਿਸ ਵਿਭਾਗ ਅਤੇ ਦੂਜਾ ਫ਼ੌਜੀ ਵਿਭਾਗ। ਇਹ ਵਿਭਾਗ ਇਕ ਦੂਸਰੇ ਦੀ ਸਹਾਇਤਾ ਕਰਦੇ ਹਨ।
ਜਾਸੂਸੀ ਦੇ ਤਰੀਕੇ ਉਦੇਸ਼ ਤੇ ਨਿਰਭਰ ਕਰਦੇ ਹਨ। ਦੋ ਗੱਲਾਂ ਧਿਆਨ ਵਿਚ ਰੱਖਣੀਆਂ ਜ਼ਰੂਰੀ ਹਨ। ਇਕ ਸੂਚਨਾ ਪ੍ਰਾਪਤ ਕਰਨਾ ਤੇ ਫਿਰ ਉਨ੍ਹਾਂ ਨੂੰ ਆਪਣੇ ਅਧਿਕਾਰੀਆਂ ਪਾਸ ਪਹੁੰਚਾਉਣਾ। ਸੂਚਨਾ ਪ੍ਰਾਪਤ ਕਰਨ ਲਈ ਜਾਂ ਤਾਂ ਜਾਸੂਸਾਂ ਨੂੰ ਆਪ ਕੰਮ ਕਰਨਾ ਪੈਂਦਾ ਹੈ ਜਾਂ ਦੂਸਰਿਆਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ। ਜੇਕਰ ਪ੍ਰਾਪਤ ਕੀਤੀ ਸੂਚਨਾ ਜ਼ਬਾਨੀ ਨਾ ਭੇਜੀ ਜਾ ਸਕੇ ਤਾਂ ਕਈ ਪ੍ਰਕਾਰ ਦੇ ਸਾਧਨ ਅਪਣਾਏ ਜਾਂਦੇ ਹਨ ਜਿਵੇਂ ਗੁਪਤ ਭਾਸ਼ਾ ਦੇ ਸੰਕੇਤਾਂ ਦੀ ਵਰਤੋਂ ਆਦਿ।
ਜੇ ਫ਼ੌਜੀ ਜਾਸੂਸ ਫੜੇ ਜਾਂਦੇ ਹਨ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਸ਼ਾਂਤੀ ਕਾਲ ਵਿਚ ਅਕਸਰ ਉਨ੍ਹਾਂ ਨੂੰ ਜੁਰਮਾਨੇ ਤੇ ਕੈਦ ਦਾ ਦੰਡ ਦਿੱਤਾ ਜਾਂਦਾ ਹੈ ਪਰ ਯੁੱਧ ਕਾਲ ਵਿਚ ਅਜਿਹੇ ਜਾਸੂਸਾਂ ਬਾਰੇ ਕੋਰਟ ਮਾਰਸ਼ਲ ਵਿਚ ਫ਼ੈਸਲਾ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਤੱਕ ਵੀ ਦਿੱਤੀ ਜਾਂਦੀ ਹੈ।
ਹ. ਪੁ.––ਹਿੰ. ਵਿ. ਕੋ. 4 : 165
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1185, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First