ਜਿਊਰੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Jury_ਜਿਊਰੀ: ਮੌਜ਼ਲੇ ਐਂਡ ਵਿਟਲੇ ਦੀ ਲਾ ਡਿਕਸ਼ਨਰੀ ਅਨੁਸਾਰ ਜਿਉਰੀ ਦਾ ਮਤਲਬ ਕੁਝ ਵਿਅਕਤੀਆਂ ਤੋਂ ਮਿਲਕੇ ਬਣੀ ਬਾਡੀ ਹੈ ਜੋ ਤੱਥ ਦੇ ਮਾਮਲੇ ਦੀ ਜਾਂਚ ਕਰਨ ਲਈ ਸਹੁੰ ਅਧੀਨ ਹੋਵੇ ਅਤੇ ਅਜਿਹੀ ਸ਼ਹਾਦਤ ਜੋ ਉਸ ਦੇ ਸਾਹਮਣੇ ਰਖੀ ਜਾਵੇ ਉਸ ਦੇ ਆਧਾਰ ਤੇ ਸੱਚ ਦਾ ਐਲਾਨ ਕਰੇ ।
ਕੁਝ ਵਿਅਕਤੀ (ਆਮ ਤੌਰ ਤੇ ਬਾਰ੍ਹਾਂ) ਜਿਨ੍ਹਾਂ ਦੇ ਫ਼ੈਸਲੇ ਲਈ ਮੁੱਦਈ ਅਤੇ ਮੁੱਦਾਲਾ ਦਾ ਮੁਕਦਮਾ ਪੇਸ਼ ਕੀਤਾ ਜਾਂਦਾ ਹੈ। ਉਹ ਵਿਅਕਤੀ ਵਿਚਾਰਣ ਵਿਚ ਜਾਂ ਦਾਵੇ ਦੇ ਦੌਰਾਨ ਆਈ ਸ਼ਹਾਦਤ ਦੇ ਆਧਾਰ ਤੇ ਉਸ ਝਗੜੇ ਦਾ ਫ਼ੈਸਲਾ ਕਰਨ ਲਈ ਸਹੁੰ ਅਧੀਨ ਪਾਬੰਦ ਹੁੰਦੇ ਹਨ।
ਜਿਊਰੀ ਦੁਆਰਾ ਵਿਚਾਰਣ ਮੁਢਲੇ ਐਂਗਲੋ ਸੈਕਸਨ ਕਾਲ ਤੋਂ ਤੁਰਿਆ ਆਉਂਦਾ ਹੈ। ਸੈਕਸਨ ਕਾਨੂੰਨ ਅਧੀਨ ਇਹ ਕਾਨੂੰਨੀ ਰਵਾਜ ਸੀ ਕਿ ਜਦੋਂ ਕਿਸੇ ਵਿਅਕਤੀ ਤੇ ਕੋਈ ਇਲਜ਼ਾਮ ਲਾਇਆ ਜਾਂਦਾ ਸੀ ਤਾਂ ਜੇ ਕੁਝ ਗਿਣਤੀ ਦੇ ਨਿਯੁਕਤ ਕੀਤੇ ਵਿਅਕਤੀ ਸਹੁੰ ਖਾ ਕੇ ਇਹ ਫ਼ੈਸਲਾ ਦੇ ਦਿੰਦੇ ਸਨ ਕਿ ਉਨ੍ਹਾਂ ਦੇ ਵਿਸ਼ਵਾਸ ਅਨੁਸਾਰ ਉਹ ਨਿਰਦੋਸ਼ ਸੀ ਤਾਂ ਉਸ ਨੂੰ ਇਲਜ਼ਾਮ ਤੋਂ ਮੁਕਤ ਕਰ ਦਿੱਤਾ ਜਾਂਦਾ ਸੀ। ਵੱਡੇ ਇਲਜ਼ਾਮ ਵਿਚ ਨਿਯੁਕਤ ਕੀਤੇ ਵਿਅਕਤੀਆਂ ਦੀ ਗਿਣਤੀ ਬਾਰ੍ਹਾਂ ਹੁੰਦੀ ਸੀ। ਇਸੇ ਤਰ੍ਹਾਂ ਦੇ ਰਵਾਜ ਰੋਮ ਅਤੇ ਯੂਨਾਨ ਵਿਚ ਵੀ ਪ੍ਰਚਲਤ ਸਨ। ਇੰਗਲੈਂਡ ਦੇ ਕਾਨੂੰਨ ਅਨੁਸਾਰ (ਦ ਜਿਉਰੀਜ਼ ਐਕਟ, 1974) ਅਨੁਸਾਰ ਜਿਉਰੀ ਤੇ ਉਸ ਵਿਅਕਤੀ ਨੂੰ ਹੀ ਨਿਯੁਕਤ ਕੀਤਾ ਜਾ ਸਕਦਾ ਹੈ ਜੋ (1) ਸੰਸਦੀ ਜਾਂ ਸਥਾਨਕ ਸਰਕਾਰ ਲਈ ਚੋਣਕਾਰ ਹੋਵੇ; (2) ਅਠਾਰ੍ਹਾ ਸਾਲ ਤੋਂ ਘਟ ਅਤੇ 65 ਸਾਲ ਤੋਂ ਵਧ ਨ ਹੋਵੇ; (3) ਤੇਰ੍ਹਾਂ ਸਾਲ ਦੀ ਉਮਰ ਤੋਂ ਪਿਛੋਂ ਘਟ ਤੋਂ ਘਟ ਪੰਜ ਸਾਲ ਲਈ ਬਰਤਾਨੀਆਂ, ਚੈਨਲ ਆਈ ਲੈਂਡਜ਼ ਜਾਂ ਆਈਲ ਔਫ਼ ਮੈਨ ਵਿਚ ਰਿਹਾ ਹੋਵੇ। ਨਿਆਂ ਪਾਲਕਾਂ ਦੇ ਅਫ਼ਸਰ ਅਤੇ ਬੈਰਿਸਟਰ ਜਿਉਰੀ ਦੇ ਮੈਂਬਰ ਨਹੀਂ ਬਣ ਸਕਦੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2070, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਜਿਊਰੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜਿਊਰੀ : ਇਹ ਇਕ ਇਹਿਤਾਸਕ ਐਂਗਲੋ-ਅਮਰੀਕੀ ਕਾਨੂੰਨੀ ਸੰਸਥਾ ਹੈ, ਜਿਸ ਵਿਚ ਸਾਧਾਰਣ ਆਦਮੀ ਅਦਾਲਤੀ ਮੁਕੱਦਮਿਆਂ ਦੇ ਫ਼ੈਸਲਿਆਂ ਸਬੰਧੀ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਵੱਖ-ਵੱਖ ਦੇਸ਼ਾਂ, ਪ੍ਰਾਂਤਾਂ ਜਾਂ ਰਾਜਾਂ ਦੇ ਕਾਨੂੰਨ ਅਤੇ ਵਿਵਹਾਰ ਅਨੁਸਾਰ ਜਿਊਰੀ ਦੀ ਨੁਹਾਰ ਅਤੇ ਅਧਿਕਾਰ ਵੱਖ-ਵੱਖ ਤਰ੍ਹਾਂ ਦੇ ਹਨ। ਆਪਣੀਆਂ ਬੁਨਿਆਦੀ ਵਿਸ਼ੇਸ਼ਤਾਵਾਂ ਕਾਰਨ ਇਹ ਇਕ ਮਹੱਤਵਪੂਰਨ ਰਾਜਸੀ ਸੰਸਥਾ ਬਣ ਗਈ ਹੈ। ਕਿਸੇ ਖ਼ਾਸ ਅਦਾਲਤੀ ਮੁਕੱਦਮੇ ਲਈ ਜਿਊਰੀ ਬਿਲਕੁਲ ਹੀ ਸਾਧਰਣ ਵਿਅਕਤੀਆਂ ਨੂੰ ਚੁਣ ਕੇ ਗੁਪਤ ਰੂਪ ਵਿਚ ਕੇਸ ਦੀ ਪੜਤਾਲ ਕਰਨ, ਸੋਚ-ਵਿਚਾਰ ਕਰਨ ਅਤੇ ਫ਼ੈਸਲੇ ਉੱਤੇ ਅਪੜਨ ਦੀ ਆਗਿਆ ਦਿੰਦੀ ਹੈ। ਜਿਊਰੀ ਦੀ ਸੰਸਥਾ ਦੇ ਹੋਂਦ ਵਿਚ ਆਉਂਣ ਤੋਂ ਲੈ ਕੇ ਹੀ ਅੱਜ ਤੱਕ ਇਸ ਨੂੰ ਸਲਾਹਿਆ ਵੀ ਬਥੇਰਾ ਗਿਆ ਹੈ ਅਤੇ ਭੰਡਿਆਂ ਵੀ ਗਿਆ ਹੈ।
ਸੰਭਵ ਹੈ ਕਿ ਜਿਊਰੀ ਦਾ ਮੁੱਢ ਇੰਗਲੈਂਡ ਵਿਚ ਹੀ ਬੱਝਾ ਹੋਵੇ ਜਾਂ ਨਾਰਮਨ ਹਮਲਾਵਰ 1066 ਵਿਚ ਇਸ ਨੂੰ ਇਥੇ ਲਿਆਏ ਹੋਣ। ਸ਼ੁਰੂ ਸ਼ੁਰੂ ਵਿਚ ਜਿਊਰੀ ਦੇ ਮੈਂਬਰ ਆਂਢ-ਗੁਆਂਢ ਵਿਚੋਂ ਹੀ ਹੁੰਦੇ ਸਨ ਅਤੇ ਆਪਣੀ ਨਿੱਜੀ ਜਾਣਕਾਰੀ ਦੇ ਆਧਾਰ ਤੇ ਆਪਣਾ ਫ਼ੈਸਲਾ ਦਿੰਦੇ ਸਨ। ਮੱਧਕਾਲੀ ਸਮਾਜ ਦੇ ਟੁੱਟਣ ਅਤੇ ਸ਼ਹਿਰਾਂ ਦੇ ਹੋਂਦ ਵਿਚ ਆਉਣ ਨਾਲ ਇਸ ਵਿਚ ਪਰਿਵਰਤਨ ਆ ਗਿਆ ਅਤੇ ਜਿਊਰੀ ਮੁਕੱਦਮਿਆਂ ਦਾ ਫ਼ੈਂਸਲਾ ਅਦਾਲਤ ਵਿਚ ਸਬੂਤ ਪੇਸ਼ ਕਰਨ ਤੋਂ ਬਾਅਦ ਹੀ ਦੇਣ ਲੱਗੀ।
ਦੋ ਕਾਰਨਾਂ ਕਰਕੇ ਜਿਊਰੀ ਦੀ ਪ੍ਰਥਾ ਬਾਹਰਲੇ ਦੇਸ਼ਾਂ ਵਿਚ ਪ੍ਰਚਲਤ ਹੋਈ––ਪਹਿਲਾ ਕਾਰਨ ਬਰਤਾਨਵੀ ਰਾਜ ਦਾ ਪ੍ਰਸਾਰ ਸੀ, ਜਿਸ ਨਾਲ ਜਿਊਰੀ ਏਸ਼ੀਆ, ਅਫ਼ਰੀਕਾ ਅਤੇ ਅਮਰੀਕੀ ਮਹਾਂਦੀਪਾਂ ਵਿਚ ਜਾ ਪਹੁੰਚੀ ਅਤੇ ਦੂਜਾ ਕਾਰਨ ਫ਼ਰਾਂਸੀਸੀ ਅੰਦੋਲਨ ਅਤੇ ਇਸ ਦੇ ਬਾਅਦ ਦੇ ਪ੍ਰਭਾਵ ਹਨ, ਜਿਸ ਨਾਲ ਯੂਰਪੀ ਮਹਾਂਦੀਪ ਵਿਚ ਲੋਕਪ੍ਰਿਯ ਸਰਕਾਰ ਹੋਂਦ ਵਿਚ ਆਈ। 19ਵੀਂ ਸਦੀ ਦੇ ਮੱਧ ਵਿਚ ਸ਼ੁਰੂ ਹੋਈ ਜਿਊਰੀ ਹੌਲੀ ਹੌਲੀ ਨਿਤਾਣੀ ਬਣਾ ਦਿਤੀ ਗਈ। ਇਸ ਦੇ ਅਧਿਕਾਰ ਖੇਤਰ ਤੋਂ ਵੱਖ ਵੱਖ ਵਿਸ਼ੇ ਖੋਹੇ ਜਾਂਦੇ ਰਹੇ। ਸੋਵੀਅਤ ਗੁੱਟ ਦੇ ਦੇਸ਼ਾਂ ਅਤੇ ਫਾਸ਼ੀਵਾਦ ਰਾਜਾਂ ਨੇ ਇਸ ਨੂੰ ਪੂਰੀ ਤਰ੍ਹਾਂ ਹੀ ਖ਼ਤਮ ਕਰ ਦਿੱਤਾ। ਸੰਨ 1940 ਦੇ ਦਹਾਕੇ ਵਿਚ ਜਰਮਨੀ ਦੇ ਕਬਜ਼ੇ ਵੇਲੇ ਖ਼ਤਮ ਕੀਤੀ ਜਿਊਰੀ ਨੂੰ ਫ਼ਰਾਂਸ ਨੇ ਮੁੜ ਤੋਂ ਬਹਾਲ ਨਹੀਂ ਕੀਤਾ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਸਟ੍ਰੀਆ ਨੇ ਇਸ ਪ੍ਰਥਾ ਨੂੰ ਮੁੜ ਤੋਂ ਸ਼ੁਰੂ ਕੀਤਾ।
ਅੱਜ ਕੱਲ੍ਹ ਸੰਯੁਕਤ ਰਾਜ ਅਮਰੀਕਾ ਵਿਚ ਜਿਊਰੀ ਪ੍ਰਣਾਲੀ ਦੀ ਜ਼ਾਬਤਾ ਦੀਵਾਨੀ ਅਤੇ ਜ਼ਾਬਤਾ ਫ਼ੌਜਦਾਰੀ ਦੋਹਾਂ ਹੀ ਸੂਰਤਾਂ ਵਿਚ ਵਰਤੋਂ ਕੀਤੀ ਜਾਂਦੀ ਹੈ। ਉਥੇ ਹਰ ਸਾਲ ਤਕਰੀਬਨ 1,20,000 ਅਦਾਲਤੀ ਮੁਕੱਦਮੇ ਜਿਊਰੀ ਸਾਹਮਣੇ ਆਉਂਦੇ ਹਨ। ਸੰਯੁਕਤ ਰਾਜ ਅਮਰੀਕਾ ਵਿਚ ਇਸ ਦੀ ਵਰਤੋਂ ਦੋ ਕਾਰਨਾਂ ਤੇ ਨਿਰਭਰ ਕਰਦੀ ਹੈ ਪਹਿਲਾ ਇਹ ਕਿ ਅਧਿਕਾਰ ਪੱਖੋਂ ਇਹ ਕਿਸ ਹੱਦ ਤੱਕ ਉਪਲਬਧ ਹੈ ਅਤੇ ਦੂਜਾ ਇਹ ਕਿ ਕਿਸ ਹੱਦ ਤੱਕ ਦੋਵੇਂ ਧੜੇ ਇਸ ਨੂੰ ਵਰਤੋਂ ਵਿਚ ਲਿਆਉਣਾ ਚਾਹੁੰਦੇ ਹਨ। ਸੰਨ 1968 ਵਿਚ ਸੰਯੁਕਤ ਰਾਜ ਦੀ ਸੁਪਰੀਮ ਕੋਰਟ ਨੇ ਜਿਊਰੀ ਦੀ ਵਰਤੋਂ ਨੂੰ ਉਨ੍ਹਾਂ ਸਾਰੇ ਫ਼ੌਜਦਾਰੀ ਮੁਕੱਦਮਿਆਂ ਵਿਚ ਸੰਵਿਧਾਨਿਕ ਅਧਿਕਾਰ ਘੋਸ਼ਿਕ ਕੀਤਾ ਹੈ ਜਿਨ੍ਹਾ ਵਿਚ ਸਜ਼ਾ ਛੇ ਮਹੀਨੇ ਤੋਂ ਵੱਧ ਸਮੇਂ ਦੀ ਹੋਵੇ। ਦੀਵਾਨੀ ਮੁਕੱਦਮਿਆਂ ਬਾਰੇ ਜਿਊਰੀ ਸਬੰਧੀ ਸੰਵਿਧਾਨਕ ਅਧਿਕਾਰ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹਨ।
ਇਤਿਹਾਸਕ ਤੌਰ ਤੇ ਜਿਊਰੀ ਦੇ ਮੈਂਬਰਾਂ ਦੀ ਕੁਝ ਘੱਟੋ-ਘੱਟ ਸੰਪਤੀ ਅਤੇ ਯੋਗਤਾ ਰੱਖੀ ਜਾਂਦੀ ਸੀ। ਰਵਾਇਤ ਅਨੁਸਾਰ ਜਿਊਰੀ ਵਿਚ 12 ਮੈਂਬਰ ਹੁੰਦੇ ਸਨ ਅਤੇ ਉਨ੍ਹਾਂ ਨੇ ਸਰਬ ਸੰਮਤੀ ਨਾਲ ਆਪਣੇ ਫ਼ੈਸਲਿਆਂ ਉੱਤੇ ਪਹੁੰਚਣਾ ਹੁੰਦਾ ਸੀ। ਅਮਰੀਕੀ ਦੇਸ਼ਾਂ ਵਿਚ ਫ਼ੈਸਲੇ ਬਹੁ-ਸੰਮਤੀ ਨਾਲ ਹੁੰਦੇ ਸਨ। ਹੁਣ ਜਿਊਰੀ ਦੀ ਬਣਤਰ ਵਿਚ ਤਬਦੀਲੀ ਕੀਤੀ ਗਈ ਹੈ। ਕਈ ਖੇਤਰਾਂ ਵਿਚ ਛੋਟੇ ਮੁੱਕਦਮਿਆਂ ਲਈ ਛੇ ਵਿਅਕਤੀਆਂ ਦੀ ਜਿਊਰੀ ਦੀ ਮਨਜ਼ੂਰੀ ਦਿੱਤੀ ਗਈ। ਯੂਰਪ ਵਿਚ ਜਿਊਰੀਆਂ ਅਲੱਗ ਸਿਧਾਂਤ ਅਧੀਨ ਕੰਮ ਕਰਦੀਆਂ ਹਨ। ਜੇਕਰ ਜਿਊਰੀ ਦੇ ਘੱਟੋ ਘੱਟ ਦੋ-ਤਿਹਾਈ ਮੈਂਬਰ ਦੋਸ਼ੀ ਦੇ ਵਿਰੁੱਧ ਵੋਟ ਨਾ ਦੇਣ ਤਾਂ ਦੋਸ਼. ਨੂੰ ਬਰੀ ਕਰ ਦਿੱਤਾ ਜਾਂਦਾ ਹੈ। ਸੰਯੁਕਤ ਰਾਜ ਅਮਰੀਕਾ ਦੀ ਕੋਰਟ ਮਾਰਸ਼ਲ ਜਿਊਰੀ ਵੀ ਇਸੇ ਸਿਧਾਂਤ ਅਨੁਸਾਰ ਕੰਮ ਕਰਦੀ ਹੈ।
ਦੀਵਾਨੀ ਮੁਕੱਦਮਿਆਂ ਵਿਚ ਜਿਊਰੀ ਨੁਕਸਾਨ ਦੀ ਰਕਮ ਅਤੇ ਦੇਣਦਾਰੀ ਬਾਰੇ ਵਿਚਾਰ ਕਰਦੀ ਹੈ ਪਰ ਫ਼ੌਜਦਾਰੀ ਮੁਕੱਦਮਿਆਂ ਵਿਚ ਕੇਵਲ ਕਸੂਰ ਤੱਕ ਹੀ ਮਹਿਦੂਦ ਰਹਿੰਦੀ ਹੈ ਅਤੇ ਜੱਜ ਜੁਰਮ ਲਈ ਸਜ਼ਾ ਨਿਸ਼ਚਿਤ ਕਰਦਾ ਹੈ। ਸੰਯੁਕਤ ਰਾਜ ਦੇ ਕੁਝ ਦੱਖਣੀ ਰਾਜਾਂ ਵਿਚ ਜਿਊਰੀ ਕਾਨੂੰਨ ਅਨੁਸਾਰ ਸਜ਼ਾ ਬਾਰੇ ਵੀ ਆਪਣਾ ਫ਼ੈਸਲਾ ਦਿੰਦੀ ਹੈ। ਜਿਊਰੀ ਅਤੇ ਜੱਜ ਦੇ ਅਧਿਕਾਰਾਂ ਦਾ ਮਾਮਲਾ ਬੜਾ ਪੇਚੀਦਾ ਹੈ। ਇਹ ਗੱਲ ਜੱਜ ਨਿਸ਼ਚਿਤ ਕਰਦਾ ਹੈ ਕਿ ਜਿਊਰੀ ਨੇ ਨਿਯਮਾਂ ਅਨੁਸਾਰ ਗਵਾਹ ਤੋਂ ਕੀ ਪੁੱਛਣਾ ਹੈ ਤੇ ਕੀ ਨਹੀਂ ਪੁੱਛਣਾ। ਜੇ ਜੱਜ ਨੂੰ ਇਹ ਲਗੇ ਕਿ ਪੇਸ਼ ਕੀਤੇ ਗਏ ਮੁਕੱਦਮੇ ਵਿਚ ਕੋਈ ਅਸਲੀਅਤ ਨਹੀਂ ਹੈ ਤਾਂ ਉਹ ਮੁਕੱਦਮੇ ਨੂੰ ਜਿਊਰੀ ਤੋਂ ਵਾਪਸ ਲੈ ਸਕਦਾ ਹੈ ਅਤੇ ਜਿਊਰੀ ਦੇ ਦੋਸ਼ੀ ਨੂੰ ਬਰੀ ਕਰਨ ਦਾ ਆਦੇਸ਼ ਦੇ ਸਕਦਾ ਹੈ। ਕੁਝ ਅਧਿਕਾਰ ਖੇਤਰਾਂ ਵਿਚ ਜੱਜ ਮੁਕੱਦਮੇ ਨੂੰ ਸੰਖੇਪ ਵਿਚ ਪੇਸ਼ ਕਰਦਾ ਹੈ ਜਾਂ ਉਸ ਦੇ ਮਹੱਤਵ ਬਾਰੇ ਵਿਚਾਰ ਕਰਦਾ ਹੈ। ਜੱਜ ਜਿਊਰੀ ਨੂੰ ਆਦੇਸ਼ ਦਿੰਦਾ ਹੈ ਕਿ ਉਹ ਇਨਸਾਫ਼ ਅਨੁਸਾਰ ਫ਼ੈਸਲਾ ਕਰੇ। ਜੇ ਕਰ ਜੱਜ ਨੂੰ ਜਿਊਰੀ ਦਾ ਫ਼ੈਸਲਾ ਸਪੱਸ਼ਟ ਤੌਰ ਤੇ ਸ਼ਹਾਦਤ ਦੇ ਵਿਰੁੱਧ ਲਗੇ ਤਾਂ ਉਹ ਮੁਕੱਦਮੇ ਨੂੰ ਨਵੇਂ ਸਿਰਿਉਂ ਪੇਸ਼ ਕਰਨ ਦਾ ਆਦੇਸ਼ ਦੇ ਸਕਦਾ ਹੈ।
ਜਿਊਰੀ ਦੀ ਹੋਂਦ ਬਾਰੇ ਵੀ ਕਈ ਵਿਵਾਦ ਚਲਦੇ ਰਹੇ ਹਨ, ਜਿਵੇਂ ਇਹ ਇਕ ਮਹਿੰਗੀ ਪ੍ਰਣਾਲੀ ਹੈ, ਇਸ ਨਾਲ ਅਨੁਚਿਤ ਦਬਾਉ ਪੈਂਦਾ ਹੈ ਅਤੇ ਇਸ ਨਾਲ ਬਹੁਤ ਦੇਰ ਹੋ ਜਾਂਦੀ ਹੈ। ਇਹ ਵੀ ਮੰਨਿਆ ਗਿਆ ਹੈ ਕਿ ਸਿਖਲਾਈ ਤਜਰਬੇ ਆਦਿ ਕਾਰਨ ਜੱਜ ਨਿਯਮਾਂ ਅਤੇ ਤੱਥਾਂ ਨੂੰ ਸਾਧਾਰਨ ਵਿਅਕਤੀ ਨਾਲੋਂ ਵਧੇਰੇ ਚੰਗੀ ਤਰ੍ਹਾਂ ਸਮਝ ਸਕਦਾ ਹੈ ਪਰ ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ 12 ਵਿਅਕਤੀਆਂ ਦੇ ਵਿਚਾਰ ਇਕ ਨਾਲੋਂ ਵਧੇਰੇ ਚੰਗੇ ਹੁੰਦੇ ਹਨ। ਕੁਝ ਆਲੋਚਕਾਂ ਅਨੁਸਾਰ ਜਿਊਰੀ ਨਿਯਮਾਂ ਅਨੁਸਾਰ ਨਹੀਂ ਚਲਦੀ।
ਫਿਰ ਵੀ ਜਿਊਰੀ ਦੀ ਬਹੁਤ ਮਹੱਤਤਾ ਮੰਨੀ ਗਈ ਹੈ। ਹਾਲ ਵਿਚ ਹੋਏ ਸਰਵੇਖਣ ਅਨੁਸਾਰ ਦੀਵਾਨੀ ਅਤੇ ਫ਼ੌਜਦਾਰੀ ਦੋਵੇਂ ਤਰ੍ਹਾਂ ਦੇ 78% ਮੁਕੱਦਮਿਆਂ ਵਿਚ ਜਿਊਰੀ ਅਤੇ ਜੱਜਾਂ ਦੇ ਵਿਚਾਰ ਇਕੋ ਜਿਹੇ ਸਨ। ਅੱਜ ਪੱਛਮੀ ਜਰਮਨੀ, ਆਸਟ੍ਰੀਆ ਅਤੇ ਕੁਝ ਸਕੈਡੋਨੇਵੀਆਈ ਦੇਸ਼ਾਂ ਵਿਚ ਮਿਲੇ ਜੁਲੇ ਟ੍ਰਿਬਿਊਨਲ ਹਨ, ਜਿਨ੍ਹਾਂ ਵਿਚ ਦੀਵਾਨੀ ਅਤੇ ਫ਼ੌਜਦਾਰੀ ਦੋਹਾਂ ਤਰ੍ਹਾਂ ਦੇ ਮੁਕੱਦਮਿਆਂ ਵਿਚ ਗ਼ੈਰ ਪੇਸ਼ਾਵਰ ਜੱਜ ਅਲੱਗ-ਅਲੱਗ ਅਨੁਪਾਤ ਵਿਚ ਵਿਦਵਾਨ ਜੱਜਾਂ ਨਾਲ ਬੈਠ ਕੇ ਫ਼ੈਸਲੇ ਦਿੰਦੇ ਹਨ। ਪੱਛਮੀ ਜਰਮਨੀ ਅਤੇ ਫ਼ਰਾਂਸ ਵਿਚ ਇਸ ਤਰ੍ਹਾਂ ਦੇ ਮਿਲੇ ਜੁਲੇ ਟ੍ਰਿਬਿਊਨਲ ਜਿਨ੍ਹਾਂ ਨੂੰ ਜਿਊਰੀ ਕਿਹਾ ਜਾਂਦਾ ਹੈ, ਬਹੁਤ ਹਨ। ਇਸ ਵਿਚ ਤਿੰਨ ਵਿਦਵਾਨ ਅਤੇ ਛੇ ਗ਼ੈਰ-ਮਾਹਰ ਜੱਜ ਹੁੰਦੇ ਹਨ।
ਇੰਗਲੈਂਡ ਵਿਚ ਅੱਜਕੱਲ੍ਹ ਫ਼ੌਜਦਾਰੀ ਮੁਕੱਦਮਿਆਂ ਲਈ ਕਈ ਤਰ੍ਹਾਂ ਦੀਆਂ ਜਿਊਰੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਕਾਰੋਨਰ ਜਿਊਰੀ ਵਿਚ 12 ਵਿਅਕਤੀ ਹੁੰਦੇ ਹਨ ਜੋ ਕਿ ਅਚਾਨਕ ਹੋਈ ਮੌਤ ਬਾਰੇ ਜਾਂਚ ਪੜਤਾਲ ਕਰਦੇ ਹਨ। ਵੱਡੀ ਜਿਊਰੀ ਜਿਸ ਨੂੰ 1933 ਵਿਚ ਮਨਸੂਖ ਕੀਤਾ ਗਿਆ, ਵਿਚ ਘੱਟ ਤੋਂ ਘੱਟ 12 ਅਤੇ ਵੱਧ ਤੋਂ ਵੱਧ 23 ਵਿਅਕਤੀ ਹੁੰਦੇ ਸਨ। ਛੋਟੀ ਜਿਊਰੀ 12 ਵਿਅਕਤੀਆਂ ਦੀ ਹੁੰਦੀ ਹੈ। ਲੰਡਨ ਸ਼ਹਿਰ ਵਿਚਲੇ ਵਪਾਰਕ ਮਾਮਲਿਆਂ ਦੀਆਂ ਜਿਊਰੀਆਂ ਨੂੰ ਛੱਡ ਕੇ ਜਿਊਰੀਜ਼ ਐਕਟ 1949 ਦੀ ਧਾਰਾ 18 ਅਨੁਸਾਰ ਜਿਊਰੀ ਦੇ ਮੈਂਬਰਾਂ ਦੀ ਖ਼ਾਸ ਨਿਯੁਕਤੀ ਖ਼ਤਮ ਕਰ ਦਿੱਤੀ ਗਈ ਹੈ।
ਹ. ਪੁ.––ਐਨ. ਬ੍ਰਿ. ਮੈ. 10 : 360; ਕੋਲ. ਐਨ. 8 : 158
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1821, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First