ਜਿਹਲਮ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਿਹਲਮ (ਨਾਂ, ਪੁ) ਇੱਕ ਪ੍ਰਸਿੱਧ ਦਰਿਆ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3773, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਜਿਹਲਮ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜਿਹਲਮ : ਦਰਿਆ––ਇਹ ਅਣਵੰਡੇ ਪੰਜਾਬ ਦੇ ਉਨ੍ਹਾਂ ਪੰਜ ਦਰਿਆਵਾਂ ਵਿਚੋਂ ਇਕ ਦਰਿਆ ਹੈ, ਜਿਨ੍ਹਾਂ ਕਾਰਣ ਪੰਜਾਬ ਨੂੰ ਪੰਜਾਬ ਕਿਹਾ ਜਾਂਦਾ ਹੈ। ਇਸ ਦੀ ਲੰਬਾਈ ਲਗਭਗ 725 ਕਿ. ਮੀ. ਹੈ। ਮੁਸਲਮਾਨ ਇਤਿਹਾਸਕਾਰ ਇਸ ਨੂੰ ਬਿਹਾਤ, ਵਿਹਾਤ ਜਾਂ ਬਿਹਾਤਾਬ ਕਹਿੰਦੇ ਹਨ ਜਿਹੜਾ ਸੰਸਕ੍ਰਿਤ ਦੇ ਵਿਤਸਤਾ ਨਾਂ ਤੋਂ ਵਿਗੜ ਕੇ ਬਣਿਆ ਹੈ। ਸਿਕੰਦਰੀਆ ਦੇ ਇਤਿਹਾਸਕਾਰਾਂ ਨੇ ਇਸ ਨੂੰ ਹਾਈਦਾਸਪਸ ਕਿਹਾ ਹੈ ਜਦ ਕਿ ਟਾਲਮੀ ਨੇ ਇਸ ਨੂੰ ਬਿਦਾਸਪਸ ਕਿਹਾ ਹੈ। ਆਧੁਨਿਕ ਕਸ਼ਮੀਰੀ ਵਿਚ ਇਸ ਨੂੰ ਵੈੱਥ ਕਿਹਾ ਜਾਂਦਾ ਹੈ। ਇਹ ਦਰਿਆ ਕਸ਼ਮੀਰ ਵਿਚ ਇਕ ਕਾਫ਼ੀ ਉੱਚੀ ਪਹਾੜੀ ਦੇ ਹੇਠਾਂ ਵੈਰੀ ਨਾਗ ਨਾਂ ਦੇ ਸਾਫ਼ ਪਾਣੀ ਦੇ ਝਰਨੇ ਤੋਂ ਨਿਕਲਦਾ ਹੈ। ਖ਼ਾਨ ਬਾਲ ਵਿਖੇ ਇਸ ਦਰਿਆ ਨਾਲ ਆਦਪਤ, ਬ੍ਰਿੰਗ ਅਤੇ ਸਨਡ੍ਰਾਨ ਆਦਿ ਨਦੀਆਂ ਆ ਕੇ ਰਲ ਜਾਂਦੀਆਂ ਹਨ। ਵੁਲਰ ਝੀਲ, ਜਿਸ ਨੂੰ ਇਸ ਦਰਿਆ ਦਾ ਡੈਲਟਾ ਵੀ ਕਿਹਾ ਜਾਂਦਾ ਹੈ, ਵਿਚ ਪਹੁੰਚਣ ਤੱਕ ਇਹ ਦਰਿਆ ਕਾਫ਼ੀ ਤੇਜ਼ ਰਫਤਾਰ ਨਾਲ ਵਹਿੰਦਾ ਹੈ। ਵੁਲਰ ਝੀਲ ਵਿਚ ਮਿਲਣ ਨਾਲ ਇਸ ਦੀ ਰਫਤਾਰ ਮੱਧਮ ਪੈ ਜਾਂਦੀ ਹੈ।
ਇਸ ਦਰਿਆ ਦੀਆਂ ਬਹੁਤ ਸਾਰੀਆਂ ਸਹਾਇਕ ਨਦੀਆਂ ਹਨ। ਸੱਜੇ ਪਾਸੇ ਤੋਂ ਸਦਾ ਬਰਫ਼ ਨਾਲ ਢਕੀ ਰਹਿਣ ਵਾਲੀ ਲਿਦੜ ਘਾਟੀ ਤੋਂ ਆਉਣ ਵਾਲੀ ਲਿਦੜ ਨਦੀ ਇਸ ਨਾਲ ਆ ਕੇ ਮਿਲ ਜਾਂਦੀ ਹੈ। ਸ੍ਰੀ ਨਗਰ ਤੋਂ ਹੇਠਾਂ ਸਾਦੀਪੁਰ ਦੇ ਨਜ਼ਦੀਕ ਸਿੰਧ ਦਰਿਆ ਇਸ ਨਾਲ ਮਿਲ ਜਾਂਦਾ ਹੈ। ਇਸ ਦੇ ਖੱਬੇ ਪਾਸੇ ਤੋਂ, ਵਿਸ਼ਵ, ਰਾਜ ਜੀ, ਦੁੱਧ ਗੰਗਾ, ਸੁਕਨਾਗ ਅਤੇ ਫਿਰੋਜ਼ਪੁਰਾ ਆਦਿ ਨਦੀਆਂ ਇਸ ਨਾਲ ਆ ਕੇ ਰਲ ਜਾਂਦੀਆਂ ਹਨ। ਬਾਰਾਮੂਲਾ ਤੋਂ ਹੇਠਾਂ ਇਹ ਦਰਿਆ ਉਪਜਾਊ ਘਾਟੀ ਨੂੰ ਛੱਡ ਕੇ ਕੁਹਾਲਾ ਤੱਕ ਕਾਜੀਨਾਗ ਪਰਬਤ ਲੜੀ ਤੇ ਪੀਰ ਪੰਜਾਲ ਪਹਾੜ ਦੇ ਵਿਚਕਾਰਲ ਇਕ ਡੂੰਘੇ ਦੱਰੇ ਰਾਹੀਂ ਵਹਿੰਦਾ ਹੈ। ਮੁਜ਼ਫ਼ਰਾਬਾਦ ਵਿਖੇ ਪਹੁੰਚਣ ਸਮੇਂ ਇਸ ਨਾਲ ਸੱਜੇ ਪਾਸੇ ਤੋਂ ਆ ਕੇ ਕਿਸ਼ਨਗੰਗਾ ਦਰਿਆ ਮਿਲ ਜਾਂਦਾ ਹੈ ਤੇ ਇਸ ਤੋਂ ਕੁਝ ਕੁ ਹੋਰ ਕਿਲੋ ਮੀਟਰ ਅਗਾਂਹ ਜਾਣ ਸਮੇਂ ਹਜਾਰਾ ਜ਼ਿਲ੍ਹੇ ਦੀ ਜਲ ਨਿਕਾਸੀ ਕਰਨ ਵਾਲਾ ਕੁੰਨਹਾਰ ਦਰਿਆ ਇਸ ਨਾਲ ਮਿਲ ਜਾਂਦਾ ਹੈ। ਖ਼ਾਨਬਾਲ ਅੇਤ ਬਾਰਾਂਮੂਲਾ ਦੇ ਵਿਚਕਾਰ ਇਸ ਦਰਿਆ ਉਪਰ ਬਹੁਤ ਸਾਰੇ ਪੁਲ ਬਣੇ ਹੋਏ ਹਨ। ਕਸ਼ਮੀਰ ਦਾ ਬਹੁਤ ਸਾਰਾ ਅੰਦਰੂਨੀ ਵਪਾਰ ਵੀ ਇਸੇ ਦਰਿਆ ਉਪਰ ਨਿਰਭਰ ਕਰਦਾ ਹੈ ਤੇ ਇਸ ਵਿਚ ਬਹੁਤ ਸਾਰੀਆਂ ਕਿਸ਼ਤੀਆਂ ਵੀ ਚਲਦੀਆਂ ਹਨ। ਜਿਹਲਮ ਸ਼ਹਿਰ ਕੋਲ ਪਹੁੰਚ ਕੇ ਇਸ ਦੀ ਚੌੜਾਈ ਲਗਭਗ 160 ਮੀਟਰ ਹੋ ਜਾਂਦੀ ਹੈ। ਇਸ ਤੋਂ ਅਗਾਂਹ ਇਹ ਦਰਿਆ ਪੱਛਮ ਵੱਲ ਮੁੜ ਜਾਂਦਾ ਹੈ ਤੇ ਜਲਾਲਪੁਰ ਮੋਂਗਾ, ਭੇੜਾ ਅਤੇ ਖੁਸਾਬ ਦੇ ਇਲਾਕਿਆਂ ਵਿਚੋਂ ਦੀ ਲੰਘਦਾ ਹੈ। ਫੇਰ ਦੱਖਣ ਵੱਲ ਮੁੜ ਕੇ, ਗਿਰੋਤ, ਸਾਹੀਵਾਲ ਵਿਚੋਂ ਦੀ ਲੰਘ ਕੇ ਝੰਗ ਦੇ ਇਲਾਕੇ ਵਿਚ ਚਲਾ ਜਾਂਦਾ ਹੈ। ਝੰਗ ਦੇ ਇਲਾਕੇ ਵਿਚ ਇਸ ਦੇ ਦੋਹੀਂ ਪਾਸੀਂ ਘਣੇ ਜੰਗਲ ਹਨ, ਇਸ ਕਾਰਣ ਇਥੇ ਵਰਖਾ ਬਹੁਤ ਹੁੰਦੀ ਹੈ ਤੇ ਦਰਿਆ ਵਿਚ ਅਕਸਰ ਹੜ੍ਹ ਆਉਂਦੇ ਰਹਿੰਦੇ ਹਨ। ਮੁਲਤਾਨ ਦੇ ਨਜ਼ਦੀਕ ਇਹ ਚਨਾਬ ਦਰਿਆ ਨਾਲ ਰਲ ਜਾਂਦਾ ਹੈ। ਜਿਸ ਥਾਂ ਤੇ ਇਹ ਦੋਵੇਂ ਦਰਿਆ ਮਿਲਦੇ ਹਨ, ਉਸ ਨੂੰ ਤ੍ਰਿਮੂ ਕਹਿੰਦੇ ਹਨ।
ਚਨਾਬ ਦਰਿਆ ਵਿਚ ਅੱਗੇ ਚਲ ਕੇ ਰਾਵੀ ਦਰਿਆ ਮਿਲ ਜਾਂਦਾ ਹੈ ਅਤੇ ਉੱਚ ਦੇ ਇਲਾਕੇ ਵਿਚ ਸਤਲੁਜ ਵੀ ਇਸ ਨਾਲ ਆ ਰਲਦਾ ਹੈ ਤੇ ਇਹ ਸਾਰੇ ਇਕੱਠੇ ਹੋ ਕੇ ਮਿਥਨਕੋਟ ਵਿਖੇ ਸਿੰਧ ਦਰਿਆ ਨਾਲ ਰਲ ਜਾਂਦੇ ਹਨ। ਇਨ੍ਹਾਂ ਪੰਜ ਦਰਿਆਵਾਂ ਕਾਰਣ ਹੀ ਪੰਜ ਨਾਦ ਨਾਂ ਪਿਆ।
ਕੁਝ ਦੂਰੀ ਤੱਕ ਪੰਜਨਾਦ ਅਤੇ ਸਿੰਧ ਦਰਿਆ ਸਮਾਂਤਰ ਵਗਦੇ ਹਨ ਅਤੇ ਫਿਰ ਇਹ ਰਲ ਕੇ ਵੱਡਾ ਸਿੰਧ ਦਰਿਆ ਬਣਾ ਦਿੰਦੇ ਹਨ। ਜਿਹਲਮ ਦਰਿਆ ਉਪਰ ਪ੍ਰਸਿੱਧ ਸ਼ਹਿਰ ਸ੍ਰੀ ਨਗਰ, ਜਿਹਲਮ, ਪਿੰਡ ਦਾਦਨ ਖਾਨ, ਭੇੜਾ ਮਿਆਨੀ ਅਤੇ ਸ਼ਾਹਪੁਰ ਵਸੇ ਹੋਏ ਹਨ। ਇਸ ਉਪਰ ਮੰਗਲਾ ਡੈਮ ਬਣਾ ਕੇ 1000,000 ਕਿਊਬਕ ਵਾਟ ਬਿਜਲੀ ਪੈਦਾ ਕੀਤੀ ਜਾਂਦੀ ਹੈ ਅਤੇ 300,000 ਏਕੜ ਰਕਬੇ ਦੀ ਸਿੰਜਾਈ ਕੀਤੀ ਜਾਂਦੀ ਹੈ। ਸਿੰਕਦਰ ਮਹਾਨ ਅਤੇ ਪੋਰਸ ਵਿਚਕਾਰ ਯੁੱਧ ਵੀ ਇਸੇ ਦਰਿਆ ਦੇ ਕੰਢੇ ਉੱਤੇ ਹੋਇਆ ਸੀ। ਜਨਰਲ ਕਨਿੰਘਮ ਅਨੁਸਾਰ ਸਿੰਕਦਰ ਨੇ ਜਿਹਲਮ ਜ਼ਿਲ੍ਹੇ ਵਿਚ ਪੈਂਦੇ ਜਲਾਲਪੁਰ ਦੇ ਸਥਾਨ ਤੋਂ ਇਸ ਦਰਿਆ ਨੂੰ ਪਾਰ ਕੀਤਾ ਸੀ।
ਹ. ਪੁ.––ਇੰਪ. ਗ. ਇੰਡ. 14 : 160-61; ਐਨ. ਬ੍ਰਿ. ਮਾ. 6 : 548
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3097, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no
ਜਿਹਲਮ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜਿਹਲਮ : ਨਹਿਰ ਲੋਇਰ––ਪੱਛਮੀ ਪੰਜਾਬ (ਪਾਕਿ.) ਵਿਚ ਜਿਹਲਮ ਦਰਿਆ ਦੇ ਖੱਬੇ ਕੰਢਿਓਂ ਕੱਢੀ ਗਈ ਨਹਿਰ ਹੈ ਜਿਹੜੀ ਜਿਹਲਮ ਅਤੇ ਚਨਾਬ ਦਰਿਆਵਾਂ ਦਰਮਿਆਨ ਪੈਂਦੇ ਇਲਾਕੇ ਦੀ ਸਿੰਜਾਈ ਕਰਦੀ ਹੈ। ਇਹ ਗੁਜਰਾਤ ਜ਼ਿਲ੍ਹੇ ਵਿਚ ਮੋਂਗ ਰਸੂਲ ਪਿੰਡ ਦੇ ਨਜ਼ਦੀਕ ਕੱਢੀ ਗਈ ਹੈ। 30 ਅਕਤੂਬਰ, 1901 ਨੂੰ ਇਹ ਨਹਿਰ ਚਾਲੂ ਕੀਤੀ ਗਈ। ਜਿਹਲਮ ਦਰਿਆ ਤੋਂ ਨਿਕਲੀ ਇਸ ਨਹਿਰ ਤੇ 4,100 ਫੁੱਟ ਉੱਚਾ ਬੰਨ੍ਹ ਤੇ 241/2 ਫੁੱਟ ਦੇ ਅੱਠ ਮਜ਼ਬੂਤ ਖਾਣ ਬਣਾ ਕੇ ਪੁਲ ਬਣਾਇਆ ਗਿਆ ਹੈ, ਇਸ ਦੀ ਚੌੜਾਈ 140 ਫੁੱਟ ਅਤੇ ਲੰਬਾਈ 167 ਮੀਲ ਹੈ।
ਨਹਿਰ ਵਿਚੋਂ ਕਈ ਹੋਰ ਉਪ ਨਹਿਰਾਂ ਕੱਢੀਆਂ ਗਈਆਂ ਹਨ। ਲਗਭਗ 2400 ਵ. ਮੀਲ ਖੇਤਰ ਨੂੰ ਇਸ ਨਹਿਰ ਦੇ ਪਾਣੀ ਤੋਂ ਸਿੰਜਾਈ ਦੀ ਸਹੂਲਤ ਪ੍ਰਾਪਤ ਹੋਈ। ਨਹਿਰ ਦੇ ਨਾਲ ਲਗਦੇ ਖੇਤਰ ਤੇ ਕਲੋਨੀ ਵਸਾਈ ਗਈ ਜਿਸ ਵਿਚ ਚੰਗੀ ਨਸਲ ਦੇ ਘੋੜੇ ਤਿਅਰ ਕਰਨ ਲਈ ਲੋਕਾਂ ਨੂੰ ਗਰਾਂਟ ਆਦਿ ਦਿੱਤੀ ਗਈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3096, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no
ਜਿਹਲਮ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜਿਹਲਮ : ਜ਼ਿਲ੍ਹਾ––ਇਹ ਪਾਕਿਸਤਾਨ ਵਿਚ ਪੰਜਾਬ ਰਾਜ ਦੀ ਰਾਵਲਪਿੰਡ ਡਿਵੀਜਨ ਦਾ ਇਕ ਜ਼ਿਲ੍ਹਾ ਹੈ, ਜਿਸ ਦਾ ਰਕਬਾ 7179 ਵ. ਕਿ. ਮੀ. ਅਤੇ ਆਬਾਦੀ 1162000 (1981) ਹੈ। ਇਸੇ ਨਾਂ ਦਾ ਸ਼ਹਿਰ ਇਸ ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਸ਼ਾਹਪੁਰ ਅਤੇ ਅਟਕ ਜ਼ਿਲ੍ਹੇ ਇਸ ਦੀ ਪੱਛਮੀ ਹੱਦ ਬਣਾਉਂਦੇ ਹਨ, ਦੱਖਣ ਪੂਰਬ ਵੱਲ ਗੁਜਰਾਤ ਜ਼ਿਲ੍ਹਾ ਹੈ––ਜਿਹਲਮ ਦਰਿਆ ਉੱਤਰ ਪੂਰਬ ਵੱਲੋਂ ਇਸ ਨੂੰ ਕਸ਼ਮੀਰ ਨਾਲੋਂ ਵੱਖ ਕਰਦਾ ਹੈ ਅਤੇ ਦੱਖਣ ਵੱਲ ਇਹ ਗੁਜਰਾਤ ਅਤੇ ਸ਼ਾਹਪੁਰ ਨਾਲੋਂ ਵੱਖ ਹੁੰਦਾ ਹੈ।
ਧਰਾਤਲ ਪੱਖੋਂ ਤਿੰਨ ਹਿੱਸਿਆਂ ਵਿਚ ਵੰਡੇ ਇਸ ਜ਼ਿਲ੍ਹੇ ਦੇ ਉੱਤਰ ਪੂਰਬੀ ਹਿੱਸੇ ਵਿਚ ਚਕਵਾਨ ਅਤੇ ਜਿਹਲਮ ਤਹਿਸੀਲਾਂ ਦੇ ਉੱਤਰ ਵੱਲ ਤੰਗ ਪੱਬੀ ਖੇਤਰ ਆਉਂਦਾ ਹੈ। ਇਹ ਵਿਸ਼ਾਲ ਖੇਤਰ ਪਠਾਰ ਰੂਪ ਵਿਚ ਹੈ ਅਤੇ ਉੱਤਰ ਪੱਛਮ ਵੱਲ ਢਾਲਵਾਂ ਹੈ। ਜ਼ਿਲ੍ਹੇ ਦਾ ਦੂਜਾ ਹਿੱਸਾ ਦੱਖਣੀ ਭਾਗ ਹੈ ਜਿਸ ਵਿਚ ਸਾਲਟ ਰੇਂਜ ਪਰਬਤ ਖੇਤਰ ਹੈ। ਇਹ ਪਰਬਤ ਲੜੀਆਂ ਕਟਾਸ ਦੇ ਪੂਰਬ ਵੱਲ ਰਲ ਜਾਂਦੀਆਂ ਹਨ ਅਤੇ ਹੋਰ ਅਗਾਂਹ ਜਾ ਕੇ ਦੁਬਾਰਾ ਨਿਖੜ ਜਾਂਦੀਆਂ ਹਨ। ਸਾਲਟ ਰੇਂਜ ਪਹਾੜਾਂ ਦੀ ਉਚਾਈ 750 ਮੀ. ਹੈ ਅਤੇ ਚੈਲ ਚੋਟੀ 1100 ਮੀ. ਦੇ ਕਰੀਬ ਉੱਚੀ ਹੈ। ਇਸ ਜ਼ਿਲ੍ਹੇ ਦਾ ਤੀਜਾ ਹਿੱਸਾ ਟਿੱਲਾ ਪਰਬਤ ਲੜੀ ਹੈ ਅਤੇ ਦੱਖਣ ਵੱਲ ਦਰਿਆ ਜਿਹਲਮ ਦੇ ਨਾਲ ਨਾਲ ਜਿਹਲਮ ਸ਼ਹਿਰ ਤੋਂ ਸ਼ਾਹਪੁਰ ਦੀ ਹੱਦ ਤੱਕ ਜਾਂਦਾ ਹੈ। ਇਹ ਭਾਗ ਕਾਫ਼ੀ ਉਪਜਾਊ ਹੈ।
ਪਹਿਲਾਂ ਪਹਿਲ ਇਥੇ ਜੰਜੂਆ, ਜੱਟ ਅਤੇ ਹੋਰ ਕਈ ਜਾਤਾਂ ਦੇ ਲੋਕ ਵਸਦੇ ਸਨ। ਬਾਅਦ ਵਿਚ ਗੋਖੜ ਅਤੇ ਅਵਾਣ ਕਬੀਲੇ ਦੇ ਲੋਕ ਵੀ ਇਥੇ ਆ ਕੇ ਵਸ ਗਏ। ਮੁਗ਼ਲ ਕਾਲ ਸਮੇਂ ਇਥੇ ਗੌਖੜਾਂ ਦੀ ਸਰਦਾਰੀ ਸੀ। ਬਾਅਦ ਵਿਚ ਇਥੇ ਸਿੱਖ ਰਾਜ ਸਥਾਪਤ ਹੋਣ ਨਾਲ 1810 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਇਸ ਜ਼ਿਲ੍ਹੇ ਨੂੰ ਸ਼ਾਮਲ ਕਰ ਲਿਆ ਗਿਆ। ਸੰਨ 1849 ਵਿਚ ਇਹ ਜ਼ਿਲ੍ਹਾ ਵੀ ਬਾਕੀ ਇਲਾਕੇ ਨਾਲ ਬਰਤਾਨਵੀ ਹਕੂਮਤ ਅਧੀਨ ਚਲਾ ਗਿਆ। ਇਤਿਹਾਸਕ ਪੱਖ ਤੋਂ ਵੀ ਇਸ ਜ਼ਿਲ੍ਹੇ ਦੀ ਕਾਫ਼ੀ ਮਹਾਨਤਾ ਹੈ। ਹਿੰਦੂ ਪਰੰਪਰਾ ਅਨੁਸਾਰ ਸਾਲਟ ਰੇਂਜ ਪਰਬਤ ਵਾਲਾ ਖੇਤਰ ਜਲਾਵਤਨ ਪਾਂਡਵਾਂ ਦੀ ਪਨਾਹਗਾਹ ਸੀ। ਮਹਾਨ ਸਿੰਕਦਰ ਤੇ ਪੋਰਸ ਵਿਚਕਾਰ ਵੀ ਲੜਾਈ ਇਸੇ ਖੇਤਰ ਵਿਚ ਹੋਈ ਮੰਨੀ ਜਾਂਦੀ ਹੈ। ਕਟਾਸ ਵਿਚ ਮੰਦਰਾਂ ਦੇ ਖੰਡਰਾਤ ਯਕੀਨਨ ਹੀ 8ਵੀਂ 9ਵੀਂ ਸਦੀ ਵਿਚ ਇਥੇ ਫੈਲੇ ਬੁੱਧ ਧਰਮ ਦਾ ਪ੍ਰਤੀਕ ਹਨ। ਵਿਦੇਸ਼ੀ ਹਮਲਾਵਰਾਂ ਦਾ ਮੁੱਖ ਦੁਆਰਾ ਹੋਣ ਕਾਰਣ ਇਸ ਖੇਤਰ ਵਿਚ ਬਹੁਤ ਸਾਰੇ ਕਿਲੇ ਵੀ ਬਣੇ ਹੋਏ ਹਨ।
ਇਸ ਜ਼ਿਲ੍ਹੇ ਵਿਚ ਜਿਪਸਮ, ਸੰਗਮਰਮਰ, ਤੇਲ, ਲੂਣਾ ਪਾਣੀ ਤੇ ਡਲਾ ਨਮਕ ਦੇ ਭੰਡਾਰ ਹਨ। ਇਥੇ ਇਕ ਬਹੁਤ ਵੱਡੀ ਸੀਮਿੰਟ ਦੀ ਫੈਕਟਰੀ ਵੀ ਹੈ। ਅਪਰ ਜਿਹਲਮ ਨਹਿਰ ਇਸ ਜ਼ਿਲ੍ਹੇ ਦੇ ਵਿਚਕਾਰ ਦੀ ਲੰਘਦੀ ਹੈ ਅਤੇ 300,000 ਏਕੜ ਰਕਬੇ ਦੀ ਸਿੰਜਾਈ ਕਰਦੀ ਹੈ। ਕਣਕ ਅਤੇ ਕਪਾਹ ਇਥੋਂ ਦੀਆਂ ਮੁੱਖ ਫ਼ਸਲਾਂ ਹਨ। ਇਨ੍ਹਾਂ ਤੋਂ ਇਲਾਵਾ ਬਾਜਰੇ, ਤੇਲ ਵਾਲੇ ਬੀਜਾਂ ਅਤੇ ਫ਼ਲਦਾਰ ਫ਼ਸਲਾਂ ਦੀ ਵੀ ਕਾਸ਼ਤ ਕੀਤੀ ਜਾਂਦੀ ਹੈ।
ਹ. ਪੁ.––ਐਨ. ਬ੍ਰਿ. ਮਾ. 6 : 548; ਇੰਪ. ਗ. ਇੰ. 150 ਇੰਪ. ਗ. ਇੰਡ. 14 : 161
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3096, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no
ਜਿਹਲਮ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜਿਹਲਮ : ਸ਼ਹਿਰ––ਇਹ ਪਾਕਿਸਤਾਨ ਦੇ ਰਾਵਲਪਿੰਡੀ ਮੰਡਲ ਦੇ ਇਸੇ ਨਾਂ ਦੇ ਜ਼ਿਲ੍ਹੇ ਦਾ ਇਕ ਪ੍ਰਸਿੱਧ ਸ਼ਹਿਰ ਤੇ ਸਦਰ-ਮੁਕਾਮ ਹੈ। ਸ਼ਹਿਰ ਦਰਿਆ ਜਿਹਲਮ ਦੇ ਪੱਛਮੀ ਕੰਢੇ ਉਪਰ ਪੱਛਮੀ ਰੇਲ ਮਾਰਗ ਤੇ ਵਾਕਿਆ ਹੈ। ਇਥੋਂ ਪੇਸ਼ਾਵਰ ਤੇ ਲਾਹੌਰ ਤੱਕ ਰੇਲ-ਮਾਰਗ ਤੇ ਸੜਕਾਂ ਜਾਂਦੀਆਂ ਹਨ। ਸ਼ੇਰਸ਼ਾਹ ਦੇ ਸਮੇਂ ਦੀ ਕਲਕੱਤਾ ਤੋਂ ਪੇਸ਼ਾਵਰ ਤੱਕ ਜਾਂਦੀ ਜਰਨੈਲੀ ਸੜਕ (Grand Trunk Road) ਵੀ ਜਿਹਲਮ ਸ਼ਹਿਰ ਦੇ ਵਿਚੋਂ ਦੀ ਗੁਜ਼ਰਦੀ ਹੈ। ਕੋਈ ਸਮਾਂ ਸੀ ਜਦੋਂ ਜਿਹਲਮ ਲੂਣ ਦੇ ਵਪਾਰ ਦੇ ਕੇਂਦਰ ਦੇ ਰੂਪ ਵਿਚ ਜਾਣਿਆ ਜਾਂਦਾ ਸੀ, ਪਰ ਹੁਣ ਇਹ ਟਿੰਬਰ ਦੀ ਭਾਰੀ ਮੰਡੀ ਦੇ ਤੌਰ ਤੇ ਪ੍ਰਸਿੱਧ ਹੈ।
ਦਰਿਆ ਦੇ ਪੂਰਬੀ ਕੰਢੇ ਉਪਰ ਦਾ ਪ੍ਰਾਚੀਨ ਸ਼ਹਿਰ ਸਿਕੰਦਰ ਦੇ (Bucephale of Alexander) ਨਾਂ ਨਾਲ ਮਸ਼ਹੂਰ ਸੀ। ਕਿਹਾ ਜਾਂਦਾ ਹੈ ਕਿ ਸਿਕੰਦਰ ਨੇ ਇਹ ਚੌਥੀ ਸਦੀ ਈ. ਪੂ. ਦੌਰਾਨ ਵਸਾਇਆ। ਸਿੱਖ ਰਾਜ ਸਮੇਂ ਇਸ ਸਥਾਨ ਦੀ ਕੋਈ ਵਿਸ਼ੇਸ਼ਤਾ ਨਾ ਰਹੀ। ਉਸ ਸਮੇਂ ਇਹ ਮਾਹੀਗੀਰਾਂ ਦੀ ਇਕ ਬਸਤੀ ਦੇ ਰੂਪ ਵਿਚ ਸੀ। ਅੰਗਰੇਜ਼ੀ ਰਾਜ ਵਿਚ ਸ਼ਾਮਲ ਹੋਣ ਸਮੇਂ ਇਥੇ 500 ਦੇ ਲਗਭਗ ਮਕਾਨ ਸਨ। ਅੰਗਰੇਜ਼ਾਂ ਨੇ ਇਥੇ ਫ਼ੌਜੀ ਛਾਉਣੀ ਬਣਾਈ ਅਤੇ ਸਿਵਲ ਪ੍ਰਸ਼ਾਸਨ ਦਾ ਸਦਰ-ਮੁਕਾਮ ਵੀ ਇਥੇ ਹੀ ਸਥਾਪਤ ਕੀਤਾ। ਕੁਝ ਕੁ ਸਮਾਂ ਇਥੇ ਡਵੀਜ਼ਨ ਦੇ ਕਮਿਸ਼ਨਰ ਦਾ ਦਫ਼ਤਰ ਵੀ ਰਿਹਾ ਫਿਰ 1859 ਈ. ਵਿਚ ਇਹ ਦਫ਼ਤਰ ਰਾਵਲਪਿੰਡੀ ਚਲਾ ਗਿਆ।
ਬਰਤਾਨਵੀ ਰਾਜ ਸਮੇਂ ਜਿਹਲਮ ਸ਼ਹਿਰ ਨੇ ਕਾਫ਼ੀ ਤਰੱਕੀ ਕੀਤੀ ਤੇ ਵਧਿਆ ਫੁਲਿਆ। ਜ਼ਿਲ੍ਹੇ ਦੇ ਤਕਰੀਬਨ ਸਮੁੱਚੇ ਵਪਾਰ ਦਾ ਹੀ ਇਹ ਦਾਖਲ ਦੁਆਰ ਵੀ ਰਿਹਾ। ਉੱਤਰ-ਪੱਛਮੀ ਰੇਲਵੇ ਦੀ ਸਿੰਧ ਸਾਗਰ ਸ਼ਾਖਾ ਮੁਕੰਮਲ ਹੋਣ ਤੇ ਲੂਣ ਦਾ ਵਪਾਰ ਜਿਹਲਮ ਵੱਲੋਂ ਦੀ ਬੰਦ ਹੋ ਗਿਆ। ਇਸ ਉਪਰੰਤ ਹੌਲੀ ਹੌਲੀ ਇਹ ਟਿੰਬਰ ਦਾ ਇਕ ਪ੍ਰਸਿੱਧ ਡਿਪੂ ਬਣ ਗਿਆ। ਜਿਹਲਮ ਦਰਿਆ ਰਾਹੀਂ ਪਹਾੜਾਂ ਤੋਂ ਆਉਣ ਵਾਲੀ ਸਾਰੀ ਦੀ ਸਾਰੀ ਟਿੰਬਰ ਇਥੇ ਇਕੱਠੀ ਕੀਤੀ ਜਾਣ ਲਗ ਪਈ।
ਛਾਉਣੀ ਦੀ ਸਥਾਪਨਾ ਦੇ ਨਾਲ ਹੀ ਇਥੇ ਇਕ ਡਾਕ ਘਰ ਤੇ ਇਕ ਗਿਰਜਾ ਘਰ ਬਣਾਏ ਗਏ। ਸੰਨ 1867 ਵਿਚ ਮਿਉਂਸਪਲਟੀ ਦੀ ਸਥਾਪਨਾ ਹੋਈ। ਹੌਲੀ ਹੌਲੀ ਇਥੇ ਪ੍ਰਾਇਮਰੀ, ਮਿਡਲ ਅਤੇ ਮਿਊਂਸਪਲ ਹਾਈ ਸਕੂਲ ਤੋਂ ਇਲਾਵਾ ਅੰਗਰੇਜ਼ੀ ਤੇ ਦੇਸੀ ਭਾਸ਼ਾ ਦਾ ਸਕੂਲ ਵੀ ਖੋਲ੍ਹਿਆ ਗਿਆ। ਸਿਵਲ ਅਤੇ ਮਿਲਟਰੀ ਹਸਪਤਾਲ ਬਣਾਏ ਗਏ।
ਅਜੋਕਾ ਜਿਹਲਮ ਇਕ ਉਦਯੋਗਿਕ ਸ਼ਹਿਰ ਹੈ ਜਿਥੇ ਲੱਕੜੀ ਚੀਰਨ ਦੇ ਆਰੇ, ਨਿਊਜ਼ ਪ੍ਰਿੰਟ ਪਲਾਂਟਸ, ਕੱਚ ਦਾ ਕੰਮ ਤੇ ਸਿਗਰਟ ਬਣਾਉਣ ਦੀਆਂ ਫੈਕਟਰੀਆਂ ਆਦਿ ਵਰਗੇ ਉਦਯੋਗ ਸਥਾਪਤ ਹਨ। ਅੱਜਕੱਲ੍ਹ ਜਿਹਲਮ ਸਿਹਤ ਭਲਾਈ, ਵਿਦਿਆ ਅਤੇ ਫ਼ੌਜੀ ਸਿਖਲਾਈ ਦਾ ਇਕ ਚੰਗਾ ਕੇਂਦਰ ਹੈ। ਪੰਜਾਬ ਯੂਨੀਵਰਸਿਟੀ ਲਾਹੌਰ ਨਾਲ ਸਬੰਧਤ ਇਕ ਸਰਕਾਰੀ ਕਾਲਜ ਵੀ ਇਥੇ ਮੌਜੂਦ ਹੈ।
32° 56' ਉ. ਵਿਥ.; 73° 47' ਪੂ. ਲੰਬ.
ਹ. ਪੁ.––ਇੰਪ. ਗ. ਇੰਡ. 14 : 159; ਐਨ. ਬ੍ਰਿ. ਮਾ. 5 : 556
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3094, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no
ਜਿਹਲਮ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜਿਹਲਮ : ਕਾਲੋਨੀ––ਅਣਵੰਡੇ ਭਾਰਤ ਵਿਚ ਪੰਜਾਬ ਰਾਜ (ਹੁਣ ਪਾਕਿਸਤਾਨ ਵਿਚ) ਦੇ ਜਿਹਲਮ ਜ਼ਿਲ੍ਹੇ ਦੀ ਸ਼ਾਹਪੁਰ ਤਹਿਸੀਲ ਵਿਚ ਇਸੇ ਹੀ ਨਾਉਂ ਦੀ ਨਹਿਰ ਤੇ ਵਸੀ ਇਕ ਨਹਿਰੀ ਕਾਲੋਨੀ ਹੈ। ਜਿਹਲਮ ਨਹਿਰ ਸ਼ਾਹਪੁਰ ਅਤੇ ਝੰਗ (ਪਾਕਿਸਤਾਨ) ਦੇ ਇਲਾਕਿਆਂ ਵਿਚ 2,392 ਵ. ਮੀਲ ਖੇਤਰ ਦੀ ਸਿੰਜਾਈ ਕਰਦੀ ਹੈ। ਇਸ ਇਲਾਕੇ ਵਿਚੋਂ 750 ਵ. ਮੀ. ਇਲਾਕਾ ਬਾਰ ਦਾ ਹੈ ਅਤੇ ਇਥੋਂ ਦੇ ਪਿੰਡਾਂ ਨੂੰ ਸਰਕਾਰ ਨੇ ਵਸਾਇਆ ਹੈ। ਇਥੇ ਰਹਿਣ ਵਾਲੇ ਲੋਕਾਂ ਨੂੰ ਮਾਲੀ ਸਹਾਇਤਾ ਇਸ ਸ਼ਰਤ ਤੇ ਦਿੱਤੀ ਗਈ ਕਿ ਉਹ ਘੋੜਿਆਂ ਦੀ ਚੰਗੀ ਨਸਲ ਤਿਆਰ ਕਰਨਗੇ। ਸੰਨ 1904 ਦੇ ਅੰਤ ਤੱਕ ਇਨ੍ਹਾਂ ਲੋਕਾਂ ਨੂੰ 231 ਵ. ਮੀ. ਜ਼ਮੀਨ ਅਲਾਟ ਕੀਤੀ ਗਈ। ਘੋੜਿਆਂ ਵਾਸਤੇ ਵੱਖਰੀ ਅਤੇ ਕਾਫ਼ੀ ਜਮੀਨ ਰੱਖੀ ਗਈ। ਇਸ ਕਾਲੋਨੀ ਦਾ ਸਦਰਮੁਕਾਮ ਸਰਗੋਧ ਵਿਖੇ ਸੀ। ਕਲੋਨੀ ਰੇਲਵੇ ਰਾਹੀਂ ਵੱਖ ਵੱਖ ਸਥਾਨਾਂ ਨਾਲ ਜੁੜੀ ਹੋਈ ਹੈ। ਪੱਕੀਆਂ ਸੜਕਾਂ ਅਤੇ ਵੱਡੇ ਬਜ਼ਾਰਾਂ ਦਾ ਨਿਰਮਾਣ ਕੀਤਾ ਗਿਆ ਸੀ।
ਹ. ਪੁ.––ਇੰਪ. ਗ. ਇੰਡ. 14 : 163
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3093, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no
ਜਿਹਲਮ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਜਿਹਲਮ : ਜ਼ਿਲ੍ਹਾ – ਇਹ ਪੰਜਾਬ ਰਾਜ (ਪਾਕਿਸਤਾਨ) ਦੀ ਰਾਵਲਪਿੰਡੀ ਡਵੀਜ਼ਨ ਦਾ ਇਕ ਜ਼ਿਲ੍ਹਾ ਹੈ ਅਤੇ ਇਸੇ ਨਾਂ ਦਾ ਸ਼ਹਿਰ ਇਥੋਂ ਦਾ ਸਦਰ ਮੁਕਾਮ ਹੈ। ਰਾਵਲਪਿੰਡੀ ਜ਼ਿਲ੍ਹੇ ਦੇ ਦੱਖਣ ਵੱਲ ਲਗਭਗ 7.179 ਵ. ਕਿ. ਮੀ. ਦੇ ਰਕਬੇ ਵਿਚ ਇਹ ਜ਼ਿਲ੍ਹਾ ਫੈਲਿਆ ਹੋਇਆ ਹੈ ਅਤੇ 1981 ਦੇ ਅੰਕੜਿਆਂ ਅਨੁਸਾਰ ਇਥੋਂ ਦੀ ਵਸੋਂ ਲਗਭਗ 11,62,000 ਹੈ। ਸ਼ਾਹਪੁਰ ਅਤੇ ਅਟਕ ਜ਼ਿਲ੍ਹੇ ਇਸ ਦੀ ਪੱਛਮੀ ਹੱਦ ਬਣਾਉਂਦੇ ਹਨ। ਇਸ ਦੇ ਦੱਖਣ-ਪੂਰਬ ਵੱਲ ਗੁਜਰਾਤ ਜ਼ਿਲ੍ਹਾ ਹੈ। ਜਿਹਲਮ ਦਰਿਆ ਉੱਤਰ-ਪੂਰਬ ਵੱਲੋਂ ਇਸ ਨੂੰ ਕਸ਼ਮੀਰ ਨਾਲੋਂ ਨਿਖੇੜਦਾ ਹੈ ਅਤੇ ਦੱਖਣ ਵੱਲ ਗੁਜਰਾਤ ਅਤੇ ਸ਼ਾਹਪੁਰ ਨਾਲੋਂ ਵੱਖ ਕਰਦਾ ਹੈ। ਇਸ ਜ਼ਿਲ੍ਹੇ ਦਾ ਪੂਰਬ ਤੋਂ ਪੱਛਮ ਵੱਲ ਫੈਲਾਅ 132 ਕਿ. ਮੀ. ਅਤੇ ਉੱਤਰ ਤੋਂ ਦੱਖਣ ਵੱਲ 43 ਕਿ. ਮੀ. ਹੈ। ਇਸ ਦੇ ਉੱਤਰ ਦੱਖਣ ਵੱਲ ਦੇ ਫੈਲਾਅ ਵਿਚ ਕੁਝ ਭਿੰਨਤਾ ਮਿਲਦੀ ਹੈ ਜਿਵੇਂ ਕਿ ਤਾਲਾਗੰਗ ਤਹਿਸੀਲ ਦੇ ਨੇੜੇ ਇਸ ਦੀ ਚੌੜਾਈ 34 ਕਿ. ਮੀ. ਤਕ ਅਤੇ ਲੀਲਾ ਤੋਂ ਡੱਲਾ ਤਕ ਜਦੋਂ ਇਹ ਲਕੀਰ ਖਿੱਚੀ ਜਾਵੇ ਤਾਂ ਇਸ ਦੀ ਚੌੜਾਈ 66 ਕਿ. ਮੀ. ਤਕ ਮਿਲਦੀ ਹੈ।
ਧਰਾਤਲ ਪੱਖੋਂ ਤਿੰਨ ਹਿੱਸਿਆਂ ਵਿਚ ਵੰਡੇ ਇਸ ਜ਼ਿਲ੍ਹੇ ਦੇ ਉੱਤਰ-ਪੂਰਬੀ ਹਿੱਸੇ ਵਿਚ ਚਕਵਾਲ ਅਤੇ ਜਿਹਲਮ ਤਹਿਸੀਲਾਂ ਦੇ ਉੱਤਰ ਵੱਲ ਤੰਗ ਪੱਬੀ ਆਉਂਦਾ ਹੈ। ਇਹ ਵਿਸ਼ਾਲ ਖੇਤਰ ਪਠਾਰ ਰੂਪ ਵਿਚ ਹੈ ਅਤੇ ਉੱਤਰ-ਪੱਛਮ ਵੱਲ ਢਾਲਵਾਂ ਹੈ। ਜ਼ਿਲ੍ਹੇ ਦਾ ਦੂਜਾ ਹਿੱਸਾ ਦੱਖਣੀ ਭਾਗ ਹੈ ਜਿਸ ਵਿਚ ਸਾਲਟ ਰੇਂਜ ਪਰਬਤ ਹੈ। ਇਹ ਪਰਬਤ ਲੜੀਆਂ ਕਟਾਸ ਦੇ ਪੂਰਬ ਵੱਲ ਰਲ ਜਾਂਦੀਆਂ ਹਨ ਅਤੇ ਹੋਰ ਅਗਾਂਹ ਜਾ ਕੇ ਦੁਬਾਰਾ ਨਿੱਖੜ ਜਾਂਦੀਆਂ ਹਨ। ਇਹ ਇਲਾਕਾ ਵੀ ਦ੍ਰਿਸ਼ਮਈ ਵਾਦੀ ਵਾਲਾ ਹੈ। ਸਾਲਟ ਰੇਂਜ ਪਹਾੜਾਂ ਦੀ ਉਚਾਈ 750 ਮੀ. ਹੈ ਅਤੇ ਚੈਲ ਚੋਟੀ 1100 ਮੀ. ਦੇ ਕਰੀਬ ਉੱਚੀ ਹੈ। ਇਸ ਜ਼ਿਲ੍ਹੇ ਦਾ ਤੀਜਾ ਹਿੱਸਾ ਟਿੱਲਾ ਪਰਬਤ ਲੜੀ ਹੈ ਅਤੇ ਦੱਖਣ ਵਿਚ ਦਰਿਆ ਜਿਹਲਮ ਦੇ ਨਾਲ ਨਾਲ ਜਿਹਲਮ ਤੋਂ ਸ਼ਾਹਪੁਰ ਦੀ ਹੱਦ ਤਕ ਜਾਂਦਾ ਹੈ। ਇਹ ਭਾਗ ਕਾਫ਼ੀ ਉਪਜਾਊ ਹੈ।
ਜਿਹਲਮ ਜ਼ਿਲ੍ਹੇ ਦਾ ਬਹੁਤਾ ਖੇਤਰ ਸ਼ਿਵਾਲਕ ਲੜੀਆਂ ਅਤੇ ਰੇਤਲੇ ਪੱਥਰਾਂ ਦਾ ਬਣਿਆ ਹੈ। ਸਾਲਟ ਰੇਂਜ ਦੀ ਦੱਖਣੀ ਢਲਾਣ ਤਲਛੱਟੀ ਵਾਲਾ ਖੇਤਰ ਹੈ। ਇਸ ਭਾਗ ਦਾ ਸਭ ਤੋਂ ਨੀਵਾਂ ਖੇਤਰ ਲੂਣੀ ਖੜੀਆ ਮਿੱਟੀ ਅਤੇ ਲੂਣੀ ਚਟਾਨ ਦਾ ਬਣਿਆ ਹੋਇਆ ਹੈ। ਪੌਣ-ਪਾਣੀ ਵੀ ਸੁਖਾਵਾਂ ਅਤੇ ਘੱਟ ਗਰਮੀ ਵਾਲਾ ਹੈ। ਪਹਾੜਾਂ ਤੇ ਸਰਦੀ ਦੀ ਰੁੱਤ ਵਿਚ ਥੋੜ੍ਹੀ ਬਰਫ਼ ਪੈਂਦੀ ਹੈ। ਪੱਬੀ ਖੇਤਰ ਅਕਸਰ ਖੁਸ਼ਕ ਰਹਿੰਦਾ ਹੈ।
ਦੇਸ਼ ਦੀ ਵੰਡ ਤੋਂ ਪਹਿਲਾਂ ਇਥੇ ਜੰਜੂਆ, ਕਾਫ਼ੀ ਜੱਟ ਕਬੀਲੇ ਅਤੇ ਕਈ ਹੋਰ ਜਾਤਾਂ ਦੇ ਲੋਕ ਵਸਦੇ ਸਨ। ਇਹ ਬਹੁਤ ਪ੍ਰਾਚੀਨ ਵਸਨੀਕ ਸਨ। ਮਗਰੋਂ ਗੱਖੜ ਅਤੇ ਅਵਾਣ ਕਬੀਲੇ ਦੇ ਲੋਕ ਵੀ ਇਸ ਖੇਤਰ ਦੇ ਵਸਨੀਕ ਰਹੇ। ਮੁਗਲ ਰਾਜ-ਕਾਲ ਸਮੇਂ ਇਸ ਖੇਤਰ ਉੱਪਰ ਗੱਖੜਾਂ ਦੀ ਸਰਦਾਰੀ ਸੀ। ਫ਼ਿਰ ਇਥੇ ਸਿੱਖਾਂ ਦਾ ਰਾਜ ਹੋ ਗਿਆ। ਸੰਨ 1810 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਇਸ ਜ਼ਿਲ੍ਹੇ ਨੂੰ ਸ਼ਾਮਲ ਕਰ ਲਿਆ ਗਿਆ । ਇਸ ਸਮੇਂ ਤਕ ਤਾਕਤਵਰ ਕਬੀਲੇ ਗੱਖੜ, ਜੰਜੂਆ ਅਤੇ ਅਵਾਣ ਖਤਮ ਹੋ ਚੁੱਕੇ ਸਨ। ਸੰਨ 1849 ਵਿਚ ਬਾਕੀ ਦੇ ਰਾਜ ਖੇਤਰ ਸਮੇਤ ਇਹ ਜ਼ਿਲ੍ਹਾ ਵੀ ਬਰਤਾਨਵੀ ਹਕੂਮਤ ਅਧੀਨ ਚਲਾ ਗਿਆ। ਇਤਿਹਾਸਕ ਪੱਖੋਂ ਵੀ ਇਹ ਜ਼ਿਲ੍ਹਾ ਕਾਫ਼ੀ ਮਹੱਤਤਾ ਵਾਲਾ ਹੈ। ਹਿੰਦੂ ਪਰੰਪਰਾ ਅਨੁਸਾਰ ਸਾਲਟ ਰੇਂਜ ਪਰਬਤ ਵਾਲਾ ਖੇਤਰ ਜਲਾਵਤਨ ਪਾਂਡਵਾਂ ਦੀ ਪਨਾਹਗੀਰ ਸੀ। ਪੋਰਸ ਅਤੇ ਸਿਕੰਦਰ ਮਹਾਨ ਵਿਚਕਾਰ ਲੜਾਈ ਵੀ ਇਸੇ ਖੇਤਰ ਵਿਚ ਹੋਈ ਮੰਨੀ ਜਾਂਦੀ ਹੈ। ਇਥੇ ਮਿਲੇ ਅੱਠਵੀਂ ਨੌਵੀਂ ਦੇ ਮੰਦਰਾਂ ਦੇ ਖੰਡਰਾਤ, ਮਲੋਟ ਅਤੇ ਸ਼ਿਵਗੰਗਾ ਖੇਤਰ ਵਿਚਲੇ ਧਾਰਮਿਕ ਥੇਹ ਆਦਿ ਇਥੋਂ ਦੀ ਪ੍ਰਾਚੀਨਤਾ ਦਾ ਪ੍ਰਮਾਣ ਹਨ। ਭਾਰਤ ਦੇ ਪੱਛਮੀ ਸਰਾਂ ਮਾਰਗ ਤੇ ਸਥਿਤ ਹੋਣ ਕਾਰਨ ਬਦੇਸ਼ੀ ਹਮਲਾਵਰਾਂ ਦੇ ਇਸ ਖੇਤਰ ਵਿਚੋਂ ਭਾਰਤ ਵਿਚ ਦਾਖਲ ਹੋਣ ਕਾਰਨ ਇਥੇ ਕਿਲੇ ਬਹੁਤ ਬਣੇ ਹੋਏ ਹਨ।
ਜਿਹਲਮ ਜ਼ਿਲ੍ਹੇ ਵਿਚ ਜਿਪਸਮ, ਸੰਗਮਰਮਰ, ਤੇਲ, ਬ੍ਰਾਈਨ ਅਤੇ ਚਟਾਨੀ ਲੂਣ ਦੇ ਭੰਡਾਰ ਹਨ। ਇਥੇ ਇਕ ਭਾਰੀ ਸੀਮਿੰਟ ਫੈਕਟਰੀ ਵੀ ਹੈ। ਕਣਕ, ਕਪਾਹ ਇਥੋਂ ਦੀਆਂ ਮੁੱਖ ਫ਼ਸਲਾਂ ਹਨ। ਬਾਜਰਾ, ਤੇਲ ਦੇ ਬੀਜ ਅਤੇ ਫਲੀਦਾਰ ਫ਼ਸਲਾਂ ਦੀ ਵੀ ਕਾਸ਼ਤ ਕੀਤੀ ਜਾਂਦੀ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2287, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-29-04-19-28, ਹਵਾਲੇ/ਟਿੱਪਣੀਆਂ: ਹ. ਪੁ. –ਐ. ਬ੍ਰਿ. ਮਾ. 6:548; ਇੰਪ. ਗ. ਇੰਡ. 14:156; ਡਿ. ਐਂਡ. ਸਟੇਟ ਗਜ਼ ਆਫ ਅਨਡਿਵਾਇਡਿਡ ਪੰਜਾਬ1.2 : 255.
ਵਿਚਾਰ / ਸੁਝਾਅ
Please Login First