ਜੀਵਨ ਦਾ ਆਰੰਭ ਸਰੋਤ :
ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪ੍ਰਿਥਵੀ ਉਪਰ ਜੀਵਨ ਆਰੰਭ ਹੋਣ ਦੀ ਘਟਨਾਂ ਲਗਭਗ 3.5 ਅਰਬ ਵਰ੍ਹੇ ਪਹਿਲਾਂ ਵਾਪਰੀ ਸੀ। ਬੀਤੇ ਦੇ ਧੁੰਧਲਚਿਆਂ `ਚ ਗ੍ਵਾਚੀ ਇਸ ਘਟਨਾਂ ਦਾ ਵਿਸਥਾਰ ਤਾਂ ਸਪਸ਼ਟ ਨਹੀਂ ,ਫਿਰ ਵੀ ਤੱਥ ਆਧਾਰਿਤ ਪ੍ਰਮਾਣਾਂ ਦੇ ਪਿਛੋਕੜ `ਚ ਇਸ ਨੂੰ ਕਿਆਸ ਸਕਣਾ ਸੰਭਵ ਹੈ। ਪ੍ਰਿਥਵੀ ਉਪਰ ਜੇਕਰ ਜੀਵਨ ਹੈ, ਅਤੇ ਜੀਵਨ ਦਾ ਵਿਕਾਸ ਹੋਇਆ ਹੈ, ਜਿਹੜਾ ਕਿ ਨਿਸ਼ਚੇ ਹੋਇਆ ਹੈ, ਤਦ ਪ੍ਰਿਥਵੀ ਉਪਰ ਇਸ ਦਾ ਆਰੰਭ ਵੀ ਜ਼ਰੂਰ ਹੋਇਆ ਹੋਵੇਗਾ। ਜੀਵਨ ਦਾ ਆਰੰਭ ਅਤੀ ਸਰਲ ਸੀ ਅਤੇ ਇਸ ਦੇ ਅਜਿਹੇ ਅਣੂ ਦੇ ਰੂਪ `ਚ ਹੋਏ ਹੋਣ ਦੀ ਸੰਭਾਵਨਾ ਹੈ, ਜਿਹੜਾ ਡੀ ਐਨ ਏ ਵਾਂਗ ਪੁਨਰਵ੍ਰਿਤ ਹੋਣ ਯੋਗ ਸੀ। ਅਜਿਹਾ ਕੋਈ ਅਣੂ ਪ੍ਰਿਥਵੀ ਉਪਰ ਹੀ ਉਪਜਿਆ ਸੀ ਅਤੇ ਜਾਂ ਫਿਰ ਬਾਹਰੋਂ ਪੁਲਾੜ ਚੋਂ, ਉਲਕਾਵਾਂ ਜਾਂ ਕਾਮਿਟਾਂ ਦੁਆਰਾ ਇਹ ਇਥੇ ਪੁੱਜਾ ਸੀ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ? ਉਨ੍ਹਾਂ ਸਮਿਆਂ `ਚ ਕਾਮਿਟ ਅਤੇ ਉਲਕਾਵਾਂ ਭਾਰੀ ਗਿਣਤੀ `ਚ ਪ੍ਰਿਥਵੀ ਉਪਰ ਡਿੱਗ ਰਹੇ ਸਨ। ਪ੍ਰਿਥਵੀ ਉਪਰ ਡਿਗੀਆਂ ਉਲਕਾਵਾਂ ਚੋਂ ਕਈਆਂ ਉਪਰ ਨਿਊਕਲਈ ਤੇਜ਼ਾਬਾਂ ਦੇ ਅਤੇ ਪ੍ਰੋਟੀਨਾਂ ਦੇ ਉਪਅਧਿਕਾਰਿਤ ਅੰਸ ਵੀ ਮਿਲਦੇ ਰਹੇ ਹਨ।
ਅੱਜ ਤੋਂ 3.5 ਅਰਬ ਵਰ੍ਹੇ ਪਹਿਲਾਂ ਜਦ ਪ੍ਰਿਥਵੀ ਉਪਰ ਜੀਵਨ ਪੁੰਗਰਿਆ ਸੀ, ਤਦ ਇਸ ਨੂੰ ਹੋਂਦ `ਚ ਆਈ ਨੂੰ 70 ਕ੍ਰੋੜ ਵਰ੍ਹੇ ਹੋ ਗਏ ਸਨ। ਤਦ ਇਸ ਉਪਰਲੇ ਹਾਲਾਤ ਅੱਜ ਨਾਲੋਂ ਭਿੰਨ ਸਨ। ਇਹ ਅੱਜ ਨਾਲੋਂ ਗਰਮ ਸੀ ਅਤੇ ਇਸ ਦੁਆਲੇ ਲਿਪਟਿਆ ਵਾਯੂਮੰਡਲ , ਬਿਨਾਂ ਅਕਸੀਜਨ, ਅੱਜ ਨਾਲੋਂ ਵਖਰਾ ਸੀ। ਪ੍ਰਿਥਵੀ ਉਪਰ ਜਵਾਲਾ-ਮੁੱਖੀਆਂ ਦੀ ਭਰਮਾਰ ਸੀ, ਜਿਨ੍ਹਾਂ ਦੇ ਧੂੰਏਂ ਨਾਲ ਆਕਾਸ਼ ਧੁਆਖਿਆ ਰਹਿੰਦਾ ਸੀ। ਪ੍ਰਿਥਵੀ ਉਪਰ ਜਿਥੇ ਜਿਥੇ ਵੀ ਜਲ ਸੀ, ਉਸ ਦੇ ਉਚੇ ਤਾਪਮਾਨ ਤੇ ਹੋਣ ਕਰਕੇ, ਇਸ ਅੰਦਰ ਪਦਾਰਥ ਸੰਘਣੇ ਘੁਲੇ ਹੋਏ ਸਨ। ਮੀਂਹ ਵੀ ਤਦ ਲਗਾਤਾਰ ਵਰ੍ਹਦੇ ਰਹਿੰਦੇ ਸਨ ਅਤੇ ਆਕਾਸ਼ `ਚ ਬਿਜਲੀਆਂ ਦਾ ਲਿਸ਼ਕਣਾ ਵੀ ਆਮ ਸੀ। ਇਸ ਪ੍ਰਕਾਰ ਦੇ ਤੁਫਾਨੀ ਵਾਤਾਵਰਨ `ਚ, ਪ੍ਰਿਥਵੀ ਉਪਰ ਕਿਧਰੇ ਵੀ ਸ਼ਾਂਤੀ ਨਹੀਂ ਸੀ ਅਤੇ ਇਸ ਦੀ ਅਲ੍ਹੜ ਅਵਸਥਾ ਨੂੰ ਰਸਾਇਣਕ ਸਰਗਰਮੀਆਂ ਨੇ ਬੌਂਦਲਾ ਰੱਖਿਆ ਸੀ।
ਰਸਾਇਣਕ ਸਰਗਰਮੀਆਂ ਵਾਲੇ ਇਸ ਮਾਹੌਲ `ਚ ਅਨੇਕਾਂ ਪ੍ਰਕਾਰ ਦੇ ਅਣੂ ਹੋਂਦ `ਚ ਆ ਆ ਖੁਰਦੇ ਰਹਿੰਦੇ ਸਨ। ਇਨ੍ਹਾਂ `ਚ ਹੀ ਤਦ ਪ੍ਰੋਟੀਨਾਂ ਅਤੇ ਨਿਊਕਲਈ ਤੇਜ਼ਾਬਾਂ ਨੂੰ ਸਿਰਜਦੇ ਅੰਸ ਵੀ ਸ਼ਾਮਲ ਹੋ ਗਏ ਸਨ। ਅਜਿਹੇ ਹੋਏ ਹੋਣ ਨੂੰ ਮਿਲਰ ਦੇ, 1953 `ਚ, ਸਿਲਸਿਲੇ ਵਾਰ ਕੀਤੇ ਗਏ ਪ੍ਰਯੋਗਾਂ ਨੇ ਪ੍ਰਮਾਣਿਤ ਕੀਤਾ ਹੈ। ਇਹ ਅੰਸ ਇਕ ਦੂਜੇ ਨਾਲ ਠਹਿਕਦੇ ਹੋਏ, ਪ੍ਰੋਟੀਨਾਂ ਅਤੇ ਨਿਊਕਲਈ ਤੇਜ਼ਾਬਾਂ `ਚ ਵਟਦੇ ਰਹੇ ਸਨ। ਜਦ ਫਿਰ ਇਨ੍ਹਾਂ ਦੋਵਾਂ ਦਾ ਕਿਧਰੇ ਇਤਫਾਕੀਆ ਮਿਲਾਪ ਆਪਸ `ਚ ਹੋਇਆ, ਤਦ ਇਹ ਮਿਲਾਪ ਇਨ੍ਹਾਂ ਦੇ ਰਾਸ ਆ ਜਾਣ ਕਾਰਨ ਬਣਿਆ ਰਹਿ ਗਿਆ ਅਤੇ ਪੁਨਰਵ੍ਰਿਤ ਹੁੰਦਾ ਹੋਇਆ ਇਹ ਸਥਾਈ ਰੂਪ ਧਾਰਨ ਕਰ ਗਿਆ। ਬਣੇ ਇਹ ਸਬੰਧ ਸਮੇਂ ਨਾਲ ਪੀਡੇ ਹੁੰਦੇ ਰਹੇ ਅਤੇ ਫਿਰ ਕਿਧਰੇ ਇਹ ਦੁਆਲਿਓਂ ਝਿਲੀ ਅੰਦਰ ਵੀ ਘਿਰ ਗਏ। ਜਦ ਝਿਲੀ ਵਲੇ ਅਜਿਹੇ ਸੰਗਠਨਾਂ ਅੰਦਰ ਊਰਜਾ ਉਪਜ ਦੇ ਸਾਧਨ ਪੈਦਾ ਹੋ ਗਏ, ਤਦ ਇਨ੍ਹਾਂ ਚੋਂ ਜੀਵਨ ਝਲਕਣ ਲੱਗ ਪਿਆ ਸੀ। ਜੀਵਨ ਦਾ ਪ੍ਰਗਟਾਵਾ ਕਰਦੇ ਮੁੱਢਲੇ ਸੈੱਲਾਂ ਦੇ ਇਸ ਪ੍ਰਕਾਰ ਹੋਂਦ `ਚ ਆਏ ਹੋਣ ਨੂੰ ਵਿਗਿਆਨੀ ਸਵੀਕਾਰ ਕਰ ਰਹੇ ਹਨ।
ਜੀਵਨ ਦੀ ਬੁਨਿਆਦ ਬਣੇ ਇਨ੍ਹਾਂ ਮੁੱਢਲੇ ਪੜਾਆਂ ਦੇ, ਜਲ ਅੰਦਰਲੀਆਂ ਜਵਾਲਾ-ਮੁੱਖੀਆਂ ਦੇ ਗੁਆਂਢ `ਚ ਬੀਤੇ ਹੋਣ ਦੀ ਸੰਭਾਵਨਾਂ ਹੈ। ਸਾਗਰ ਅੰਦਰਲੀਆਂ ਜਵਾਲਾ-ਮੁੱਖੀਆਂ ਦੁਆਲੇ ਅੱਜ ਵੀ ਕੀਟਾਣੂ ਬਹੁ ਵੰਨਗੀ `ਚ ਅਤੇ ਬਹੁ ਗਿਣਤੀ `ਚ ਵਿਚਰ ਰਹੇ ਹਨ ਅਤੇ ਇਨ੍ਹਾਂ ਦਾ ਜੀਵਨ ਵੀ ਆਕਸੀਜਨ ਉਪਰ ਨਿਰਭਰ ਨਹੀਂ ਬੀਤ ਰਿਹਾ।
ਇਹ ਸੱਭ ਕੁਝ ਝਟਪਟ ਨਹੀਂ ਸੀ ਹੋ ਗਿਆ। ਜੀਵਨ ਦਾ ਰੂਪ ਧਾਰਦੀਆਂ ਪਰਿਕ੍ਰਿਆਵਾਂ ਦੇ ਸਿਰੇ ਚੜ੍ਹਨ `ਚ ਅਰਬ ਦੇ ਲਗਭਗ ਵਰ੍ਹੇ ਲੱਗ ਗਏ ਸਨ। ਜੇਕਰ ਕੀੜੇ ਨਿਗਲਦੀ ਸੇਹ ਦੇ ਮੁਨੱਖ ਬਣਨ `ਚ 5 ਕ੍ਰੋੜ ਵਰ੍ਹੇ ਲੱਗੇ ਸਨ, ਤਦ ਫਿਰ ਇਸ ਤੋਂ 20 ਗੁਣਾਂ ਲੰਬੇ ਸਮੇਂ ਦੌਰਾਨ ਕੀ ਕੁਝ ਨਹੀਂ ਸੀ ਹੋ ਸਕਦਾ?
ਬ੍ਰਹਿਮੰਡ ਵਿਖੇ ਜਿਥੇ ਜਿਥੇ ਵੀ ਜੀਵਨ ਲਈ ਮੁਆਫਕ ਹਾਲਾਤ ਹਨ, ਉਥੇ ਉਥੇ ਜੀਵਨ ਦਾ ਹੋਂਦ `ਚ ਆ ਜਾਣਾ ਅਜਿਹੀ ਸਾਧਾਰਨ ਘਟਨਾ ਹੈ, ਜਿਹੋ ਜਿਹੀ ਕਿ ਪੁਲਾੜ `ਚ ਖਿੰਡੀ ਧੂੜ ਦਾ ਤਾਰਿਆਂ ਦਾ ਰੂਪ ਧਾਰ ਕੇ ਚਮਕਣ ਲੱਗ ਜਾਣਾ।
ਲੇਖਕ : ਡਾ. ਸੁਰਜੀਤ ਸਿੰਘ ਢਿੱਲੋਂ,
ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-16, ਹਵਾਲੇ/ਟਿੱਪਣੀਆਂ: no
ਜੀਵਨ ਦਾ ਆਰੰਭ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜੀਵਨ ਦਾ ਆਰੰਭ : ‘ਜ਼ਿੰਦਗੀ’ ਜਾਂ ‘ਜੀਵਨ’ ਸ਼ਬਦ ਦੀ ਕੋਈ ਵੀ ਸਵੈ ਸਪੱਸ਼ਟ ਪਰਿਭਾਸ਼ਾ ਨਹੀਂ ਦਿਤੀ ਜਾ ਸਕਦੀ ਅਤੇ ਨਾ ਹੀ ਜਾਨਦਾਰ ਅਤੇ ਬੇਜਾਨ ਚੀਜ਼ਾਂ ਦੇ ਵਿਚਕਾਰ ਇਕ ਨਿਸ਼ਚਿਤ ਰੇਖਾ ਖਿੱਚ ਕੇ ਉਨ੍ਹਾਂ ਨੂੰ ਵੱਖ ਕੀਤਾ ਜਾ ਸਕਦਾ ਹੈ। ‘ਜੀਵਨ’ ਬਾਰੇ ਕੁਝ ਆਮ ਪ੍ਰਚਲਿਤ ਪਰਿਭਾਸ਼ਾਵਾਂ ਇਸ ਤਰ੍ਹਾਂ ਹਨ : ਮੈਟਾਬੋਲਿਜ਼ਮ ਦੇ ਪੱਖ ਤੋਂ ਕਿਹਾ ਜਾ ਸਕਦਾ ਹੈ ਕਿ ‘ਜ਼ਿੰਦਗੀ’ ਲੜੀ ਬੱਧ ਜੀਵ ਕਿਰਿਆਵਾਂ ਦਾ ਇਕ ਖੁਲ੍ਹਾ ਸਿਸਟਮ ਹੈ ਜਿਹੜੀਆਂ ਨਿਮਨ ਤਾਪਮਾਨ ਤੇ ਵਿਸ਼ਿਸ਼ਟ ਐਨਜ਼ਾਈਮਾਂ ਨਾਲ ਉਤਪ੍ਰੇਰਿਤ ਹੁੰਦੀਆਂ ਹਨ ਜਾਂ ਜ਼ਿੰਦਗੀ ਐਨਜ਼ਾਈਮਾਂ ਦੀ ਰਚਨਾਤਮਕ ਪ੍ਰਤਿਰੂਪ (replication) ਹੈ ਜਿਹੜੇ ਪੂਰਨ ਤੌਰ ਤੇ ਮਾਲੀਕਿਊਲਾਂ ਤੋਂ ਬਣਦੇ ਹਨ।
ਧਰਤੀ ਤੇ ਜੀਵਨ ਕਿਵੇਂ ਸ਼ੁਰੂ ਹੋਇਆ ਹੋਵੇਗਾ ਇਸ ਬਾਰੇ ਕਈ ਖ਼ਿਆਲ ਅਤੇ ਵਿਚਾਰ ਦਿਤੇ ਗਏ ਹਨ ਅਤੇ ਹੇਠਾਂ ਦਿਤਾ ਵੇਰਵਾ ਉਨ੍ਹਾਂ ਵਿਚੋਂ ਹੀ ਇਕ ਹੈ।
ਜੀਵਨ ਦੇ ਆਰੰਭ ਦਾ ਪਤਾ ਲਗਾਉਣ ਵੱਲ ਬਹੁਤ ਸਮੇਂ ਤੱਕ ਵਿਗਿਆਨੀਆਂ ਨੇ ਕੋਈ ਧਿਆਨ ਨਹੀਂ ਦਿਤਾ। ਚਾਰਲਸ ਡਾਰਵਿਨ ਨੇ ਹੀ ਸਭ ਤੋਂ ਪਹਿਲਾਂ ਸਿੱਧ ਕੀਤਾ ਕਿ ਕਿਸੇ ਪੂਰਵਜ ਜੀਵ (ਜਿਹੜਾ ਪ੍ਰਾਣੀਆਂ ਅਤੇ ਪੌਦਿਆਂ ਵਿਚ ਸਾਂਝਾ ਲਿਆ ਜਾ ਸਕਦਾ ਹੈ) ਤੋਂ ਵਿਕਾਸ ਸ਼ੁਰੂ ਹੋਇਆ। ਸਤਾਰ੍ਹਵੀਂ ਸਦੀ ਦੇ ਮੱਧ ਵਿਚ ਡਬਲਿਊ. ਹਾਰਵੇ ਨੇ ਸਿੱਧ ਕੀਤਾ ਕਿ ਹਰੇਕ ਪ੍ਰਾਣੀ ਅੰਡੇ ਤੋਂ ਨਿਕਲਦਾ ਹੈ, ਸਤਾਰ੍ਹਵੀਂ ਸਦੀ ਦੇ ਅਖ਼ੀਰ ਵਿਚ ਹੀ ਐਫ. ਰੇਅਡੀ ਨੇ ਦੱਸਿਆ ਕਿ ਮਾਸ ਵਿਚ ਲਾਰਵੇ (ਮੈਗਟ) ਮੱਖੀਆਂ ਦੇ ਅੰਡਿਆਂ ਤੋਂ ਨਿਕਲਦੇ ਹਨ ਅਤੇ ਅਠਾਰ੍ਹਵੀਂ ਸਦੀ ਵਿਚ ਐਨ. ਸਪੈਲੈੱਨਜ਼ਾਨੀ ਨੇ ਦੱਸਿਆ ਕਿ ਥਣਧਾਰੀਆਂ ਦੇ ਪੈਦਾ ਹੋਣ ਲਈ ਸ਼ੁਕ੍ਰਾਣੂਆਂ ਦਾ ਹੋਣਾ ਜ਼ਰੂਰੀ ਹੈ। ਇਸ ਸਮੇਂ ਤੱਕ ਇਹ ਸਿੱਧ ਹੋ ਗਿਆ ਕਿ ਵੱਡੇ ਪ੍ਰਾਣੀ ਅੰਡਿਆਂ ਤੋਂ ਪੈਦਾ ਹੁੰਦੇ ਰਹਿੰਦੇ ਹਨ ਪਰ ਸ਼ੂਖ਼ਮਦਰਸ਼ੀ ਜੀਵ ਜਿਹੜੇ ਸਰਬ ਵਿਆਪੀ ਹਨ, ਆਪਣੇ ਆਪ ਹੀ ਪੈਦਾ ਹੁੰਦੇ ਰਹਿੰਦੇ ਹਨ ਪਰ 1850 ਦੇ ਸਾਲਾਂ ਵਿਚ ਲੂਈ ਪਾਸਚਰ ਨੇ ਸਿੱਧ ਕੀਤਾ ਕਿ ਛੋਟੇ ਤੋਂ ਛੋਟਾ ਜੀਵ ਵੀ ਆਪਣੇ ਆਪ ਪੈਦਾ ਨਹੀਂ ਹੋ ਸਕਦਾ ਸਗੋਂ ਇਹ ਆਸ ਪਾਸ ਦੀ ਹਵਾ ਵਿਚ ਘੁੰਮਦੇ ਫਿਰਦੇ ਜਰਮਾਂ ਤੋਂ ਪੈਦਾ ਹੁੰਦਾ ਹੈ। ਟੀ. ਐਚ. ਹਕਸਲੇ (1869) ਅਤੇ ਟਿਨਡੈਲ (1874) ਨੇ ਦੱਸਿਆ ਕਿ ਅਕਾਰਬਨੀ ਰਸਾਇਣਾਂ ਤੋਂ ਜ਼ਿੰਦਗੀ ਪੈਦਾ ਕੀਤੀ ਜਾ ਸਕਦੀ ਹੈ ਪਰ ਉਹ ਇਸ ਕਥਨ ਨੂੰ ਸਿੱਧ ਨਾ ਕਰ ਸਕੇ। ਅੰਤ ਵਿਚ ਸਰ ਐਫ. ਜੀ. ਨੇ ਵੀਹਵੀਂ ਸਦੀ ਵਿਚ ਜੀਵ-ਰਸਇਣ ਵਿਗਿਆਨ ਦੀ ਨੀਂਹ ਰਖੀ। ਇਹ ਵਿਗਿਆਨ ਜੀਵਨ ਨੂੰ ਰਸਾਇਣ ਵਿਗਿਆਨ ਨਾਲ ਜੋੜਦਾ ਹੈ।
1920 ਤੋਂ ਬਾਅਦ ਦੇ ਕੀਤੇ ਤਜਰਬਿਆਂ ਨਾਲ ਇਹ ਸਿੱਧ ਕੀਤਾ ਜਾ ਸਕਦਾ ਹੈ ਕਿ ਜੀਵਨ ਧਰਤੀ ਉੱਤੇ ਆਰੰਭ ਹੋਇਆ ਸੀ ਪਰ ਇਸ ਸਵਾਲ ਦਾ ਜਵਾਬ ਕਿ ਜੀਵਨ ਕਿਵੇਂ ਆਰੰਭ ਹੋਇਆ? ਪਹਿਲੇ ਸਵਾਲ ਦੇ ਪ੍ਰਮਾਣਾਂ ਅਤੇ ਸਿੱਟਿਆਂ ਦੇ ਅਧਿਐਨ ਉੱਤੇ ਨਿਰਭਰ ਕਰਦਾ ਹੈ।
ਚਟਾਨਾਂ ਵਿਚੋਂ ਮਿਲੇ ਸਭ ਤੋਂ ਪਹਿਲੇ ਪਥਰਾਟਾਂ ਦੇ ਸਮੇਂ ਤੋਂ ਵੀ ਬਹੁਤ ਪਹਿਲਾਂ ਜੀਵਨ ਆਰੰਭ ਹੋਇਆ ਹੋਵੇਗਾ। ਪਹਿਲੇ ਪਥਰਾਟ ਕਿਸੇ ਪ੍ਰਾਣੀ ਜਾਂ ਪੌਦੇ ਦੀ ਰਹਿੰਦ-ਖੂੰਹਦ ਜਾਂ ਉਨ੍ਹਾਂ ਵਰਗੇ ਵੀ ਨਹੀਂ ਹਨ ਸਗੋਂ ਇਹ ਜੀਵਨ ਦਾ ਰਸਾਇਣਿਕ ਪ੍ਰਮਾਣ ਹਨ। ਪ੍ਰੀ-ਕੈਂਬਰੀਅਨ ਸਮੇਂ ਦੀਆਂ ਚਟਾਨਾਂ ਵਿਚੋਂ ਮਿਲੇ ਕੁਝ ਐਮੀਨੋ ਐਸਿਡਾਂ ਦੀ ਹੋਂਦ ਤੋਂ ਪੀ. ਐਚ. ਅਬੈਲਸਨ ਨੇ ਉਸ ਸਮੇਂ ਵਿਚ ਜੀਵਾਂ ਦੀ ਹੋਂਦ ਦਾ ਕਿਆਸ ਕੀਤਾ ਹੈ। ਕੈਂਬਰੀਅਨ ਸਮੇਂ ਦੀਆਂ ਚਟਾਨਾਂ ਵਿਚ ਮਿਲੇ ਸਭ ਤੋਂ ਪੁਰਾਣੇ ਪਥਰਾਟ ਕੋਈ 2,800,000,000 ਸਾਲ ਤੋਂ ਵਧ ਪੁਰਾਣੇ ਨਹੀਂ ਅਤੇ ਇਹ ਸਮਾਂ ਉਸ ਸਮੇਂ ਦਾ ਸਿਰਫ਼ ਇਕ ਚੌਥਾਈ ਭਾਗ ਹੈ। ਸਿਰਫ਼ ਥਣਧਾਰੀ ਪ੍ਰਾਣੀਆਂ ਨੂੰ ਛੱਡ ਕੇ ਬਾਦੀ ਤਕਰੀਬਨ ਸਾਰੇ ਅਜੋਕੇ ਪ੍ਰਾਣੀ ਕੈਂਬਰੀਅਨ ਸਮੇਂ ਵਿਚ ਮਿਲੇ ਹਨ ਜਿਨ੍ਹਾਂ ਦਾ ਅਗੋਂ ਵਿਕਾਸ ਹੁੰਦਾ ਰਿਹਾ ਹੋਵੇਗਾ। ਇਹ ਤਾਂ ਪੱਕਾ ਦੱਸਣਾ ਮੁਸ਼ਕਿਲ ਹੈ ਕਿ ਸਭ ਤੋਂ ਪਹਿਲਾ ਸੈੱਲ ਕਦੋਂ ਬਣਿਆ ਹੋਵੇਗਾ ਪਰ ਉਸ ਸਮੇਂ ਧਰਤੀ ਦੀ ਕੀ ਹਾਲਤ ਸੀ ਇਸ ਬਾਰੇ ਦੱਸਿਆ ਜਾ ਸਕਦਾ ਹੈ।
ਇਹ ਵੀ ਕਿਆਸ ਕੀਤਾ ਗਿਆ ਹੈ ਕਿ ਜੀਵ ਜਿਹੜੇ ਪਰਮਾਣੂਆਂ ਦੇ ਬਣੇ ਹਨ ਉਹ ਸੁਭਾਵਕ ਹੀ ਠੀਕ ਫਿਟ ਨਹੀਂ ਹੋ ਜਾਂਦੇ ਸਗੋਂ ਉਹ ਕੁਝ ਸੀਮਿਤ ਤੇ ਨਿਯਮਿਤ ਤਰਤੀਬਾਂ ਵਿਚ ਜੁੜਦੇ ਹਨ ਜਿਨ੍ਹਾਂ ਵਿਚੋਂ ਹਰੇਕ ਇਸ ਤੋਂ ਹੇਠਲੇ ਪੱਧਰ ਦੇ ਤੱਤਾਂ ਤੋਂ ਬਣਦੀ ਹੈ, ਸਧਾਰਨ ਅਣੂ, ਪਰਮਾਣੂਆਂ ਤੋਂ (ਕੁਆਂਟਮ ਦੇ ਨਿਯਮਾਂ ਅਨੁਸਾਰ) ਬਣਦੇ ਹਨ ਅਤੇ ਅਣੂ ਬਹੁਲਕਾਂ ਵਿਚ ਜੁੜ ਕੇ ਕੋਲਾੱਇਡੀ ਕਣ, ਰੇਸ਼ੇ ਅਤੇ ਸੈੱਲ ਝਿੱਲੀਆਂ ਬਣਾਉਂਦੇ ਹਨ, ਸੈੱਲ ਜੁੜ ਕੇ ਟਿਸ਼ੂ, ਟਿਸ਼ੂ ਅੱਗੋਂ ਅੰਗ ਅਤੇ ਵੱਖ ਵੱਖ ਅੰਗ ਪੂਰੇ ਜੀਵ ਦਾ ਹਿੱਸਾ ਬਣਦੇ ਹਨ।
ਜੀਵਨ ਦਾ ਆਰੰਭ ਦੱਸਣ ਲਈ ਪਹਿਲਾਂ ਤਿੰਨ ਸਵਾਲਾਂ ਦਾ ਹੱਲ ਲਭਣ ਪੈਂਦਾ ਹੈ। (1) ਉਸ ਮਾਦੇ ਦਾ ਆਰੰਭ (ਜਾਂ ਉਤਪਤੀ) ਜਿਸ ਤੋਂ ਅਜੋਕੇ ਜੀਵ ਬਣੇ ਹਨ, (2) ਊਰਜਾ ਦੀਆਂ ਵਿਧੀਆਂ ਜਿਨ੍ਹਾਂ ਰਾਹੀਂ ਜੀਵਨ ਦੇ ਕਾਰਵਿਹਾਰ (ਮੈਟਾਬੋਲਿਜ਼ਮ) ਚਲਦੇ ਹਨ ਅਤੇ (3) ਜਣਨ, ਪਹਿਲਾਂ ਅਣੂਆਂ ਦਾ ਅਤੇ ਫਿਰ ਜੀਵਾਂ ਦਾ ਜਿਹੜਾ ਮੌਜੂਦਾ ਜੀਵਨ ਦਾ ਲੱਛਣਿਕ ਹੈ––ਭਾਵੇਂ ਇਹ ਸਾਰੇ ਜੀਵਨ ਲਈ ਜ਼ਰੂਰੀ ਨਹੀਂ।
ਜੀਵਨ ਦੀਆਂ ਜ਼ਰੂਰਤਾਂ––ਜੀਵਨ ਕੋਈ 4,000,000,000 ਸਾਲ ਜਾਂ ਇਸ ਤੋਂ ਵੀ ਪਹਿਲਾਂ ਆਰੰਭ ਹੋਇਆ ਹੋਵੇਗਾ। ਇਹ ਧਰਤੀ ਦੇ ਇਤਿਹਾਸ ਜਿੰਨਾ ਜਾਂ ਸ਼ਾਇਦ ਇਸ ਤੋਂ ਵੀ ਵੱਧ ਪੁਰਾਣਾ ਹੋਵੇਗਾ। ਹੋ ਸਕਦਾ ਹੈ ਕਿ ਪੂਰਵਜ ਕਿਸਮਾਂ ਧਰਤੀ ਦੇ ਹੋਂਦ ਵਿਚ ਆਉਣ ਤੋਂ ਵੀ ਪਹਿਲਾਂ ਵਿਚਰਦੀਆਂ ਰਹੀਆਂ ਹੋਣ। ਧਰਤੀ ਤੇ ਹੀ ਜੀਵਨ ਆਰੰਭ ਹੋਇਆ ਹੋਵੇਗਾ। ਇਹ ਇਸ ਲਈ ਸੋਚਿਆ ਜਾ ਸਕਦਾ ਹੈ ਕਿਉਂਕਿ ਧਰਤੀ ਇੰਨੀ ਵੱਡੀ ਹੈ ਕਿ ਆਪਣੀ ਗੁਰੂਤਾ ਸ਼ਕਤੀ ਰਾਹੀਂ ਹਾਈਡ੍ਰੋਜਨ ਤੋਂ ਬਿਨਾਂ ਤਕਰੀਬਨ ਸਾਰੇ ਤੱਤਾਂ ਨੂੰ ਪਕੜ ਵਿਚ ਰਖ ਸਕਦੀ ਹੈ ਅਤੇ ਦੂਜੀ ਗੱਲ ਇਹ ਕਿ ਸੂਰਜ ਤੋਂ ਇਸ ਦਾ ਫ਼ਾਸਲਾ ਵੀ ਐਸਾ ਹੈ ਕਿ ਪਾਣੀ ਇਸ ਉੱਤੇ ਤਰਲ ਹਾਲਤ ਵਿਚ ਰਹਿ ਸਕਦਾ ਹੈ ਅਤੇ ਇਹ ਜੰਮ ਜਾਣ ਜਾਂ ਉਬਲਦੇ ਰਹਿਣ ਤੋਂ ਬਚਿਆ ਹੋਇਆ ਹੈ।
ਜੀਵਨ ਲਈ ਜ਼ਰੂਰੀ ਤੱਤ ਹਾਈਡ੍ਰੋਜਨ, ਕਾਰਬਨ, ਨਾਈਟ੍ਰੋਜਨ ਅਤੇ ਆੱਕਸੀਜਨ ਹਨ। ਓਪੇਰਿਨ ਦੇ ਕਿਆਸ ਅਨੁਸਾਰ ਪਹਿਲੇ ਪਹਿਲ ਵਾਤਾਵਰਨ ਵਿਚ ਮੀਥੇਨ ਅਤੇ ਅਮੋਨੀਆ ਹੁੰਦੇ ਸਨ। ਪੂਰਵਜ ਸਮੁੰਦਰਾਂ ਦੇ ਅੰਦਰ ਜਾਂ ਸਤ੍ਹਾਂ ਉੱਤੇ ਕਾਰਬਨ ਅਤੇ ਨਾਈਟ੍ਰੋਜਨ ਸਨ। ਧਰਤੀ ਵਿਚ ਹਾਈਡ੍ਰੋਕਾਰਬਨ ਮੌਜੂਦ ਸਨ ਜਿਨ੍ਹਾਂ ਦੀ ਮੌਜੂਦਗੀ ਕਾਰਬਨੀ ਤਾਰੋਟਾਂ (meteorites) ਤੋਂ ਸਿੱਧ ਹੋ ਜਾਂਦੀ ਹੈ। ਸੋ ਇਹ ਸੋਚਿਆ ਜਾ ਸਕਦਾ ਹੈ ਕਿ ਪੂਰਵਜ ਧਰਤੀ ਉੱਤੇ ਨਾਈਟ੍ਰੋਜਨ ਦਾ ਵਾਤਾਵਰਨ ਸੀ ਜਿਹੜੀ ਸਮੁੰਦਰਾਂ ਦੀ ਸਤ੍ਹਾਂ ਤੋਂ ਕਿਨਾਰਿਆਂ ਤੱਕ ਉਛਲੀ ਹੋਵੇਗੀ। ਸੋ ਜੀਵਨ ਦੇ ਆਰੰਭ ਲਈ ਪਹਿਲੀਆਂ ਪ੍ਰਤਿਕਿਰਿਆਵਾਂ ਕਾਰਬਨੀ ਅਤੇ ਨਾਈਟ੍ਰੋਜਨੀ ਵਾਤਾਵਰਨ ਵਿਚ ਹੋ ਕੇ, ਜ਼ਿਆਦਾ ਗੁੰਝਲਦਾਰ ਅਣੂਆਂ ਦਾ ਜਨਮ ਹੋਇਆ ਹੋਵੇਗਾ। ਇਹ ਪ੍ਰਤਿਕਿਰਿਆਵਾਂ ਜਿਹੜੀਆਂ ਜ਼ਿੰਦਗੀ ਵਿਚ ਐਨਜ਼ਾਈਮ ਪ੍ਰਤਿਕਿਰਿਆਵਾਂ ਹਨ, ਸਲਫ਼ਰ ਫ਼ਾਸਫੋਰਸ, ਲੋਹਾ ਆਦਿ ਵਰਗੇ ਤੱਤਾਂ ਦੀ ਮੌਜੂਦਗੀ ਵਿਚ ਹੋਈਆਂ ਹੋਣਗੀਆਂ।
ਊਰਜਾ ਦਾ ਸੋਮਾ––ਦੂਜਾ ਸਵਾਲ ਉਠਦਾ ਹੈ ਕਿ ਇਨ੍ਹਾਂ ਪ੍ਰਤਿਕਿਰਿਆਵਾਂ ਲਈ ਊਰਜਾ ਕਿਥੋਂ ਆਈ। ਅਜੋਕੇ ਸਮੇਂ ਵਿਚ ਸੂਰਜ ਦੀ ਊਰਜਾ ਨੂੰ ਪੌਦੇ ਖੁਰਾਕ ਵਿਚ ਬਦਲ ਲੈਂਦੇ ਹਨ। ਪੁਰਾਤਨ ਸਮਿਆਂ ਵਿਚ ਇਸੇ ਵਿਧੀ ਰਾਹੀਂ ਕੋਲਾ ਅਤੇ ਤੇਲ ਜਮ੍ਹਾਂ ਹੁੰਦੇ ਰਹੇ ਪਰ ਕਲੋਰੋਫ਼ਿਲ ਵਰਗੇ ਅਣੂ ਬਣਨ ਤੋਂ ਪਹਿਲਾਂ ਇਸ ਊਰਜਾ ਨੂੰ ਵਰਤੋਂ ਵਿਚ ਨਹੀਂ ਲਿਆਂਦਾ ਜਾ ਸਕਦਾ ਸੀ। ਇਸ ਲਈ ਬਹੁਤੇ ਵਿਗਿਆਨੀਆਂ ਦਾ ਖਿਆਲ ਹੈ ਕਿ ਉਸ ਵਕਤ ਜੀਵਨ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਮੁਕਤ ਊਰਜਾ, ਊਰਜਾ ਭਰਪੂਰ ਯੋਗਿਕਾਂ ਦੇ ਰੂਪ ਵਿਚ ਉਪਲੱਬਧ ਹੋਵੇਗੀ। ਇਹ ਮੂਲ ਸੋਮਾ ਉਸ ਸਮੇਂ ਸੂਰਜ ਦੀ ਰੌਸ਼ਨੀ, ਪੁਲਾੜੀ ਕਿਰਨਾਂ ਜਾਂ ਰੇਡੀਓ ਐਕਟਿਵ ਤੱਤਾਂ ਰਾਹੀਂ ਜਮ੍ਹਾਂ ਹੋਈ ਹੋਵੇਗੀ। ਕਾਰਬਨੀ ਤਾਰੋਟਾਂ ਦੇ ਪ੍ਰਮਾਣਾਂ ਤੋਂ ਸਿੱਧ ਹੁੰਦਾ ਹੈ ਕਿ ਇਹ ਮੂਲਕ ਸੰਚਣ ਪੁਲਾੜ ਵਿਚਲੇ ਧੂੜ-ਘੱਟੇ ਵਿਚ ਪੈਦਾ ਹੋਏ ਹੋਣਗੇ ਜਿਸ ਤੋਂ ਉਪ ਗ੍ਰਹਿ ਬਣੇ ਹਨ। ਇਸ ਤੱਥ ਵਿਚ ਜੇ ਕੁਝ ਸਚਾਈ ਹੈ ਤਾਂ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਊਰਜਾ ਭਰਪੂਰ ਯੋਗਿਕ ਪੂਰਵਜ ਧਰਤੀ ਵਿਚ ਬਣੇ ਸਨ।
ਨਵ ਜੰਮੇ ਅਣੂਆਂ ਦਾ ਇਕੱਠਾ ਹੋਣਾ––ਹਾਲਡੇਨ ਅਤੇ ਓਪੇਰਿਨ ਅਨੁਸਾਰ ਮੂਲਕ ਸੰਚਿਤ ਪਦਾਰਥ ਸੂਰਜ ਦੀਆਂ ਪਾਰ ਵੈਗਣੀ ਕਿਰਨਾਂ ਰਾਹੀਂ ਪੈਦਾ ਹੋਏ ਹੋਣਗੇ ਅਤੇ ਫਿਰ ਟੁੱਟੇ ਨਹੀਂ। ਇਹ ਰੌਸ਼ਨੀ ਦੇ ਮੁੜ ਅਸਰ ਤੋਂ ਪਰ੍ਹੇ ਹੋ ਗਏ ਹੋਣਗੇ ਤੇ ਟੁੱਟ ਭੱਜ ਤੋਂ ਬਚ ਕੇ ਸਮੁੰਦਰ ਦੇ ਕੰਢਿਆਂ ਤੇ ਜਵਾਨ ਦਹਾਨਿਆਂ ਦੀ ਮਿੱਟੀ ਦੇ ਕਣਾਂ ਵਿਚ ਸਮਾ ਗਏ ਹੋਣਗੇ। ਇਨ੍ਹਾਂ ਪਹਿਲੀਆਂ ਹਾਲਤਾਂ ਨੂੰ ਅਲਪ-ਜੀਵਨ ਕਿਹਾ ਜਾ ਸਕਦਾ ਹੈ, ਜਿਸ ਤੋਂ ਇਹ ਮੰਨਿਆ ਜਾ ਸਕਦਾ ਹੈ ਕਿ ਜੀਵਨ ਕਿਸੇ ਪ੍ਰਤੱਖ ਜੀਵ ਦੇ ਪੈਦਾ ਹੋਣ ਤੋਂ ਵੀ ਪਹਿਲਾਂ ਸ਼ੁਰੂ ਹੋਇਆ ਹੋਵੇਗਾ।
ਬਹੁਲਕਾਂ ਦਾ ਬਣਨਾ––ਜਦੋਂ ਤੱਕ ਜੀਵਨ ਦੀਆਂ ਇਹ ਇਕਾਈਆਂ ਮਿੱਟੀ ਵਿਚ ਆਪਣੇ ਆਪ ਨੂੰ ਵੱਖ ਵੱਖ ਨਹੀਂ ਕਰ ਸਕਦੀਆਂ ਸਨ, ਜੀਵ ਦਾ ਬਣਨਾ ਮੁਸ਼ਕਿਲ ਸੀ। ਪਹਿਲਾਂ ਕੁਝ ਬਹੁਲਕੀਕਰਨ ਹੋ ਕੇ ਛੋਟੇ ਅਣੂ ਜਿਵੇਂ ਐਮੀਨੋ ਤੇਜ਼ਾਬ, ਨਾਈਟ੍ਰੋਜਨੀ ਖਾਰਾਂ, ਖੰਡ ਅਤੇ ਫ਼ਾਸਫ਼ੇਟ ਆਦਿ ਜੁੜ ਕੇ ਲੰਬੀਆਂ ਚੇਨਾਂ ਬਣੀਆਂ ਹੋਣਗੀਆਂ।
ਮੁਕਤ ਫਿਰਦੇ ਬਲਾੱਬ (ਬੂੰਦਾਂ) ਅਤੇ ਪ੍ਰੋਟੋ ਐੱਨਜ਼ਾਈਮ––ਇਕ ਵਾਰ ਬਹੁਲਕ ਬਣਨ ਤੋਂ ਬਾਅਦ ਉਹ ਮੁਕਤ ਹਾਲਤ ਵਿਚ ਵਿਚਰ ਸਕਦੇ ਸਨ ਅਤੇ ਉਨ੍ਹਾਂ ਨੂੰ ਮਿੱਟੀ ਦੇ ਕਣਾਂ ਵਿਚ ਹੀ ਰਹਿਣ ਦੀ ਫਿਰ ਲੋੜ ਨਹੀਂ ਸੀ। ਪ੍ਰਯੋਗਸ਼ਾਲਾਵਾਂ ਵਿਚ ਬਣਾਏ ਇਹੋ ਜਿਹੇ ਬਲਾੱਬਾਂ ਨੂੰ ਕੋਐਸਰਵੇਟ ਕਹਿੰਦੇ ਹਨ। (ਇਹ ਕੋਲਾੱਇਡੀ ਬੂੰਦਾਂ ਦਾ ਇਕ ਇਕੱਠ ਹੁੰਦਾ ਹੈ ਜਿਹੜਾ ਬਿਜਲੀ ਬਲਾਂ ਨਾਲ ਆਕਰਸ਼ਿਤ ਹੁੰਦਾ ਹੈ। ਇਨ੍ਹਾਂ ਕੋਐਸਰਵੇਟਾਂ ਦੀਆਂ ਵਿੱਥਾਂ ਵਿਚ ਕਈ ਤਰ੍ਹਾਂ ਦੀਆਂ ਮੈਟਾਬੋਲਿਕ ਕਿਰਿਆਵਾਂ ਸ਼ੁਰੂ ਹੋ ਗਈਆਂ। ਅਜੋਕੇ ਐੱਨਜ਼ਾਈਮ ਪ੍ਰੋਟੋ-ਐੱਨਜ਼ਾਈਮਾਂ ਤੋਂ ਬਣੇ ਹਨ ਜਿਹੜੇ ਲੋਹੇ ਜਾਂ ਤਾਂਬੇ ਵਰਗੀਆਂ ਧਾਤਾਂ (ਸਧਾਰਨ ਕਾਰਬਨੀ ਖਾਰਾਂ ਸਮੇਤ) ਦੀ ਸਿੱਧੀ ਕਿਰਿਆ ਤੋਂ ਪੈਦਾ ਹੋਏ ਸਨ। ਈਓਬਾਇਆਂਟ (ਪੁਰਾਤਨ ਵੰਡ ਅਨੁਸਾਰ ਜੀਵਿਤ ਪਦਾਰਥ ਦਾ ਇਕ ਨਿੱਖੜਵਾਂ ਅੰਗ) ਦਾ ਬਣਨਾ ਅਗਲੀ ਵਿਕਸਿਤ ਸਟੇਜ (ਪਿਰੀ ਅਨੁਸਾਰ) ਈਓਬਾਇਐਂਟ ਦਾ ਬਣਨਾ ਹੈ। (ਓਪੇਰਿਨ ਅਨੁਸਾਰ) ਇਨ੍ਹਾਂ ਨੇ ਸੰਯੁਕਤ ਬਹੁਲਕਾਂ ਦੇ ਜਾਲ ਦੀ ਸ਼ਕਲ ਅਖ਼ਤਿਆਰ ਕਰ ਲਈ ਹੋਵੇਗੀ। ਇਨ੍ਹਾਂ ਜੀਵਨ ਦੀਆਂ ਇਕਾਈਆਂ (ਈਓਬਾਇਆਂਟਾਂ) ਦੇ ਦੁਆਲੇ ਲਿਪਿਡ ਜਾਂ ਚਰਬੀਦਾਰ ਪਦਾਰਥ ਬਣ ਗਏ ਜਿਨ੍ਹਾਂ ਨੇ ਇਨ੍ਹਾਂ ਨੂੰ ਬਾਕੀ ਦੇ ਮਾਧਿਅਮ ਤੋਂ ਵਖਰਾ ਕਰ ਦਿਤਾ ਹੋਵੇਗਾ ਅਤੇ ਫਿਰ ਇਨ੍ਹਾਂ ਦੇ ਅੰਦਰ ਝਿੱਲੀਆਂ ਬਣ ਜਾਣ ਨਾਲ ਇਨ੍ਹਾਂ ਦੇ ਵੱਖ ਵੱਖ ਹਿੱਸੇ ਵੱਖ-ਵੱਖ ਕੰਮ ਕਰਨ ਦੇ ਸਮਰੱਥ ਹੋ ਗਏ। ਅਜਿਹਾ ਹੋ ਜਾਣ ਤੋਂ ਬਾਅਦ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਸ਼ੁਰੂ ਹੋਈ ਹੋਵੇਗੀ ਜਿਸ ਵਿਚ ਸੂਰਜ ਦੀਆਂ ਕਿਰਨਾਂ ਨੂੰ ਜਜ਼ਬ ਕਰਕੇ ਇਹ ਕਾਰਬਨੀ ਮਾਦਾ ਬਣਾਉਂਦੇ ਹਨ। ਊਰਜਾ ਮਿਲਣ ਨਾਲ ਇਨ੍ਹਾਂ ਵਿਚ ਵੰਡ ਜਲਦੀ ਜਲਦੀ ਹੋਈ ਹੋਵੇਗੀ ਅਤੇ ਆੱਕਸੀਜਨ ਵਾਤਾਵਰਨ ਵਿਚ ਛੱਡੀ ਜਾਂਦੀ ਰਹੀ ਹੋਵੇਗੀ ਜਿਸ ਨਾਲ ਆੱਕਸੀਕਰਨ ਦੀਆਂ ਕਿਰਿਆਵਾਂ ਜਲਦੀ ਜਲਦੀ ਹੁੰਦੀਆਂ ਰਹੀਆਂ ਹੋਣਗੀਆਂ ਤੇ ਪੂਰਵਜ ਜੀਵਾਂ ਦੀ ਕਿਰਿਆਸ਼ੀਲਤਾ ਵਧਦੀ ਰਹੀ ਹੋਵੇਗੀ। ਇਸ ਤਰ੍ਹਾਂ ਦੋ ਤਰ੍ਹਾਂ ਦੇ ਜੀਵ ਬਣ ਗਏ ਹੋਣਗੇ, ਇਕ ਤਾਂ ਜਿਹੜੇ ਸੂਰਜ ਤੋਂ ਊਰਜਾ ਲੈ ਕੇ ਕਾਰਬਨੀ ਮਾਦਾ ਬਣਾਉਂਦੇ ਹਨ ਅਤੇ ਦੂਜੇ ਜਿਹੜੇ ਇਹ ਮਾਦਾ ਅਤੇ ਵਾਤਾਵਰਨਕ ਆੱਕਸੀਜਨ ਲੈਂਦੇ ਹਨ। ਇਸ ਤਰ੍ਹਾਂ ਪੌਦਿਆਂ ਅਤੇ ਕੁਝ ਜੀਵਾਣੂਆਂ (ਸਵੈ-ਪੋਸ਼ਿਤ) ਅਤੇ ਪ੍ਰਾਣੀਆਂ (ਪਰ ਪੋਸ਼ਿਤ) ਵਿਚ ਵੰਡ ਹੋ ਗਈ ਹੋਵੇਗੀ। ਇਸ ਤੋਂ ਬਾਅਦ ਜਣਨ ਦੀਆਂ ਕਿਰਿਆਵਾਂ ਹੋਣ ਨਾਲ ਮੈਟਾਬੋਲਿਜ਼ਮ ਵਿਚ ਵੀ ਵਿਕਾਸ ਹੁੰਦਾ ਰਿਹਾ। ਜਣਨ ਨਿਊਕਲਿਕ ਤੇਜ਼ਾਬਾਂ ਦੇ ਕੁਝ ਵਿਸ਼ਿਸ਼ਟ ਅਣੂਆਂ ਚਾਰ ਨਿਊਕਲੀਓਟਾਈਡਾਂ ਦੇ ਬਹੁਲਕਾਂ (ਜਿਹੜੇ ਖੰਡ, ਅਤੇ ਫ਼ਾਸਫ਼ੇਟਾਂ ਦੇ ਬਣੇ ਹੁੰਦੇ ਹਨ) ਦੀ ਹੋਂਦ ਤੇ ਨਿਰਭਰ ਕਰਦਾ ਹੈ।
ਲਿਪਿਡ ਦੀਵਾਰਾਂ ਵਿਚ ਘਿਰਿਆ ਨਿਊਕਲਿਕ ਤੇਜ਼ਾਬਾਂ, ਐਨਜ਼ਾਈਮਾਂ ਅਤੇ ਕੋ-ਐਨਜ਼ਾਈਮਾਂ ਦਾ ਸੰਗਠਨ ਜੀਵਨ ਦੀਆਂ ਸਾਰੀਆਂ ਮੁੱਖ ਕਿਰਿਆਵਾਂ ਕਰ ਸਕਣ ਦੇ ਸਮਰੱਥ ਸੀ ਪਰ ਇਹ ਪੂਰੇ ਜੀਵ ਨਹੀਂ ਸਨ ਕਿਉਂਕਿ ਇਹ ਆਪਣੇ ਮਾਧਿਅਮ ਉੱਤੇ ਨਿਰਭਰ ਕਰਦੇ ਸਨ। ਇਨ੍ਹਾਂ ਨੂੰ ਸੈੱਲ ਅੰਦਰਲੀਆਂ ਰਚਨਾਵਾਂ ਜਿਵੇਂ ਮਾਈਟੋਕ੍ਰਾਂਡੀਆ, ਮਾਈਕ੍ਰੋਸੋਮ, ਪਲਾਸਟਿਡ ਆਦਿ ਦੇ ਬਰਾਬਰ ਦਿਤਾ ਜਾ ਸਕਦਾ ਹੈ। ਇਹ ਲਗਭਗ ਵਿਸ਼ਾਣੂਆਂ ਵਰਗੇ ਜੀਵ ਸਨ।
ਸੈੱਲ ਦਾ ਬਣਨਾ––ਸੈੱਲ ਬਣਨ ਲਈ ਪੌਸ਼ਟਿਕਤਾ ਦੀ ਕਾਫ਼ੀ ਜ਼ਰੂਰਤ ਸੀ। ਪੂਰਵਜ ਵਿਸ਼ਾਣੂਆਂ ਅਤੇ ਸੈੱਲ ਦੇ ਸਾਈਟੋਪਲਾਜ਼ਮ ਵਿਚ ਜਿਹੜਾ ਨਿਊਕਲਿਕ ਤੇਜ਼ਾਬ ਮਿਲਦਾ ਹੈ ਉਸ ਨੂੰ ਆਰ ਐਨ ਏ ਕਹਿਦੇ ਹਨ। ਇਹ ਸਾਧਾਰਨ ਅਤੇ ਅਸਥਿਰ ਰਹਿਣ ਵਾਲਾ ਨਿਉਕਲਿਤ ਤੇਜ਼ਾਬ ਹੈ। ਰਸਾਇਣਿਕ ਵਿਕਾਸ ਦੀ ਅੰਤਰ ਸਟੇਜ ਹਰੇਕ ਨਿਊਕਲੀਓਟਾਈਡ ਇਕਾਈ ਵਿਚ ਖੰਡ ਦੇ ਇਕ ਪਰਮਾਣੂ ਦਾ ਮਿਲਣਾ ਹੈ ਜਿਸ ਨਾਲ ਜ਼ਿਆਦਾ ਸਥਿਰ, ਡੀ. ਐਨ. ਏ. ਬਣਦਾ ਹੈ ਜਿਹੜਾ ਸਾਰੇ ਸੈੱਲਾਂ ਵਿਚ ਮਿਲਦਾ ਹੈ। ਇਸ ਤੋਂ ਬਾਅਦ ਜੀਵ ਵਿਕਾਸ ਅਤੇ ਪ੍ਰਕ੍ਰਿਤਿਕ ਚੋਣ ਨਾਲ ਜੀਵਾਂ ਵਿਚ ਜ਼ਿਆਦਾ ਵਿਕਸਿਤ ਕਿਸਮਾਂ ਪੈਦਾ ਹੋਈਆਂ।
ਹ. ਪੁ.––ਐਨ. ਬ੍ਰਿ. 13 : 1083
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1795, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First