ਜੌਨਪੁਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੌਨਪੁਰ. ਸੰ. ਜਮਦ੡ਗ਩ਪੁਰ. ਯੂ. ਪੀ. ਦੇ ਬਨਾਰਸ ਡਿਵੀਜ਼ਨ ਵਿੱਚ ਗੋਮਤੀ ਨਦੀ ਦੇ ਕਿਨਾਰੇ ਇੱਕ ਸ਼ਹਿਰ , ਜੋ ਜਿਲੇ ਦਾ ਪ੍ਰਧਾਨ ਅਸਥਾਨ ਅਤੇ ਬਨਾਰਸ ਤੋਂ ਰੇਲਵੇ ਰਸਤੇ ੩੪ ਮੀਲ ਹੈ. ਨੌਵੇਂ ਸਤਿਗੁਰੂ ਇਸ ਥਾਂ ਵਿਰਾਜੇ ਹਨ. ਗੁਰਦ੍ਵਾਰੇ ਦਾ ਨਾਮ “ਸੰਗਤਿ ਮ੍ਰਿਦੰਗਵਾਲੀ” ਹੈ. ਗੁਰਬਖ਼ਸ਼ ਸਿੱਖ ਦੇ ਘਰ ਗੁਰੂ ਸਾਹਿਬ ਨੇ ਡੇਰਾ ਕੀਤਾ ਅਤੇ ਕੀਰਤਨ ਲਈ ਮ੍ਰਿਦੰਗ ਬਖ਼ਸ਼ੀ, ਜੋ ਹੁਣ ਉਸ ਥਾਂ ਸਨਮਾਨ ਨਾਲ ਰੱਖੀ ਹੋਈ ਹੈ. ਜੌਨਪੁਰ ਦਾ ਇਤਰ ਅਤੇ ਫੁਲੇਲ ਬਹੁਤ ਪ੍ਰਸਿੱਧ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੌਨਪੁਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜੌਨਪੁਰ (ਨਗਰ): ਉਤਰ ਪ੍ਰਦੇਸ਼ ਦਾ ਇਕ ਨਗਰ ਜੋ ਗੋਮਤੀ ਨਦੀ ਦੇ ਕੰਢੇ ਉਤੇ ਵਸਿਆ ਹੋਇਆ ਹੈ। ਗੁਰੂ ਤੇਗ ਬਹਾਦਰ ਜੀ ਦੇ ਇਥੇ ਠਹਿਰਨ ਤੋਂ ਪਹਿਲਾਂ ਹੀ ਇਸ ਨਗਰ ਵਿਚ ਇਕ ਸਿੱਖ ਸੰਗਤ (ਧਰਮਸ਼ਾਲਾ) ਬਣੀ ਹੋਈ ਸੀ। ਜਦੋਂ ਸੰਨ 1665 ਈ. ਵਿਚ ਗੁਰੂ ਜੀ ਬਨਾਰਸ ਪਹੁੰਚੇ ਤਾਂ ਭਾਈ ਗੁਰਬਖ਼ਸ਼ ਨਾਂ ਦੇ ਰਾਗੀ ਦੀ ਅਗਵਾਈ ਵਿਚ ਜੌਨਪੁਰ ਦੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਆਈ। ਗੁਰੂ ਜੀ ਨੇ ਭਾਈ ਗੁਰਬਖ਼ਸ਼ ਨੂੰ ਇਕ ਮ੍ਰਿਦੰਗ ਪ੍ਰਦਾਨ ਕੀਤਾ। ਉਸ ਦਿਨ ਤੋਂ ਬਾਦ ਜੌਨਪੁਰ ਵਾਲੀ ਸੰਗਤ ‘ਮ੍ਰਿਦੰਗਵਾਲੀ ਸੰਗਤ’ ਦੇ ਨਾਂ ਨਾਲ ਪ੍ਰਸਿੱਧ ਹੋ ਗਈ। ਪਟਨੇ ਤੋਂ ਪੰਜਾਬ ਪਰਤਦਿਆਂ ਗੁਰੂ ਜੀ ਭਾਈ ਗੁਰਬਖ਼ਸ਼ ਪਾਸ ਜੌਨਪੁਰ ਵਿਚ ਰੁਕੇ। ਜਿਸ ਸਥਾਨ ਉਤੇ ਗੁਰੂ ਜੀ ਬੈਠ ਕੇ ਧਿਆਨ ਮਗਨ ਹੋਏ ਸਨ, ਉਥੇ ਪਹਿਲਾਂ ਇਕ ਥੜਾ ਉਸਾਰਿਆ ਗਿਆ। ਬਾਦ ਵਿਚ ‘ਗੁਰਦੁਆਰਾ ਤਪ ਅਸਥਾਨ ਸ੍ਰੀ ਗੁਰੂ ਤੇਗ ਬਹਾਦਰ ਜੀ’ ਦੀ ਇਮਾਰਤ ਬਣਵਾਈ ਗਈ। ਇਸ ਨੂੰ ਆਮ ਤੌਰ ’ਤੇ ‘ਗੁਰਦੁਆਰਾ ਬੜੀ ਸੰਗਤ’ ਕਿਹਾ ਜਾਂਦਾ ਹੈ। ਇਸ ਗੁਰੂ-ਧਾਮ ਵਿਚ ਆਪਣੀਆਂ ਮਨੋ-ਕਾਮਨਾਵਾਂ ਦੀ ਪੂਰਤੀ ਲਈ ਵਿਸ਼ੇਸ਼ ਤੌਰ’ਤੇ ਇਸਤਰੀਆਂ ਚਾਲ੍ਹੀਏ ਸੁਖਦੀਆਂ ਹਨ। ਇਸ ਨਗਰ ਵਿਚ ਕਿਸੇ ਸਿੱਖ ਦੇ ਘਰ ਵਿਚ ਇਕ ਹੋਰ ਗੁਰਦੁਆਰਾ ਵੀ ਬਣਿਆ ਹੋਇਆ ਸੀ, ਜਿਸ ਨੂੰ ਬੜੀ ਸੰਗਤ ਤੋਂ ਨਿਖੇੜਨ ਲਈ ਛੋਟੀ ਸੰਗਤ ਕਿਹਾ ਜਾਂਦਾ ਸੀ, ਪਰ ਪਿਛਲੇ ਕਈ ਸਾਲਾਂ ਤੋਂ ਉਹ ਬੰਦ ਹੋ ਗਿਆ ਹੈ। ਉਸ ਵਿਚ ਸੁਰਖਿਅਤ ਇਕ ਹੱਥ-ਲਿਖਿਤ ਬੀੜ ਅਤੇ ਇਕ ਤੀਰ ਹੁਣ ਗੁਰਦੁਆਰਾ ਬੜੀ ਸੰਗਤ ਵਿਚ ਸੁਰਖਿਅਤ ਹਨ। ਇਸ ਵੇਲੇ ਬੜੀ ਸੰਗਤ ਵਿਚ ਸੰਮਤ 1742 ਬਿ. ਅਤੇ ਸੰਮਤ 1801 ਬਿ. ਦੀਆਂ ਲਿਖੀਆਂ ਦੋ ਬੀੜਾਂ ਸੰਭਾਲੀਆਂ ਹੋਈਆਂ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5572, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਜੌਨਪੁਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੌਨਪੁਰ : ਜ਼ਿਲ੍ਹਾ––ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦਾ ਇਹ ਇਕ ਜ਼ਿਲ੍ਹਾ ਹੈ ਜਿਸ ਦੇ ਉੱਤਰ-ਪੱਛਮ ਵੱਲ ਸੁਲਤਾਨਪੁਰ, ਦੱਖਣ-ਪੱਛਮ ਵੱਲ ਇਲਾਹਾਬਾਦ, ਦੱਖਣ ਵੱਲ ਵਾਰਾਨਸੀ, ਉੱਤਰ-ਪੂਰਬ ਵੱਲ ਅਜਮਗੜ੍ਹ, ਪੂਰਬ ਵੱਲ ਗਾਜ਼ੀਪੁਰ ਅਤੇ ਪੱਛਮ ਵੱਲ ਪ੍ਰਤਾਪ ਗੜ੍ਹ ਦੇ ਜ਼ਿਲ੍ਹੇ ਲਗਦੇ ਹਨ। ਜਿਲ੍ਹੇ ਦਾ ਕੁੱਲ ਰਕਬਾ 4,040 ਵ. ਕਿ. ਮੀ. ਅਤੇ ਵਸੋ 32,14,636 (1991) ਹੈ। ਜ਼ਿਲ੍ਹੇ ਵਿਚ 7 ਕਸਬੇ ਅਤੇ 3152 ਪਿੰਡ ਹਨ।

          ਇਹ ਜਿਲ੍ਹਾ ਗੰਗਾ ਦੇ ਜਲੌਢੀ ਮੈਦਾਨ ਦਾ ਹਿੱਸਾ ਹੈ। ਇਸ ਵਿਚ ਕਈ ਉੱਘੜ ਦੁਘੜੀਆਂ ਢਲਾਣਾਂ ਵੀ ਹਨ। ਲਗਭਗ ਸਾਰਾ ਜ਼ਿਲ੍ਹਾ ਹੀ ਵਾਹੀ ਅਧੀਨ ਹੈ। ਇਥੇ ਜੰਗਲ ਵੀ ਕਾਫ਼ੀ ਹਨ। ਗੋਮਤੀ ਨਦੀ ਦਾ ਇਕ ਟੇਢਾ ਮੇਢਾ ਜਲ ਮਾਰਗ ਇਸ ਜ਼ਿਲ੍ਹੇ ਨੂੰ ਦੋ ਅਸਾਵੇਂ ਭਾਗਾਂ ਵਿਚ ਵੰਡਦਾ ਹੈ। ਗੋਮਤੀ ਇਥੋਂ ਦੀ ਇਕ ਮੁੱਖ ਨਦੀ ਹੈ। ਜੌਨਪੁਰ ਦੇ ਸਥਾਨ ਤੋਂ ਇਸ ਨਦੀ ਉੱਤੋਂ ਦੀ ਪੱਥਰਾਂ ਦਾ ਇਕ ਪੁਲ ਬਣਿਆ ਹੋਇਆ ਹੈ। ਇਸ ਨਦੀ ਵਿਚ ਬਹੁਤ ਭਿਆਨਕ ਅਤੇ ਅਚਾਨਕ ਹੜ੍ਹ ਆਉਂਦੇ ਰਹਿੰਦੇ ਹਨ। ਇਸ ਨਦੀ ਦੇ ਦੱਖਣ ਵਾਲੇ ਪਾਸਿਓਂ ਸਾਈ ਅਤੇ ਪੀਲੀ ਨਾਂ ਦੀਆਂ ਦੋ ਛੋਟੀਆਂ ਨਦੀਆਂ ਇਸ ਵਿਚ ਆ ਕੇ ਮਿਲਦੀਆਂ ਹਨ।

          ਇਥੋਂ ਦੀ ਬਨਸਪਤੀ ਗੰਗਾ ਦੇ ਮੈਦਾਨ ਵਰਗੀ ਹੀ ਹੈ। ਅੰਬ, ਮਹੂਆ, ਅੰਜੀਰ ਅਤੇ ਬਬੂਲ ਇਥੇ ਆਮ ਵਿਖਾਈ ਦਿੰਦੇ ਹਨ। ਜੰਗਲੀ ਜਾਨਵਰ ਵੀ ਇਥੇ ਘੱਟ ਹੀ ਹਨ। ਗੋਮਤੀ ਅਤੇ ਸਾਈ ਨਦੀਆਂ ਦੀਆਂ ਖੱਡਾਂ ਵਿਚ ਥੋੜ੍ਹੇ ਜਿਹੇ ਬਘਿਆੜ ਅਤੇ ਕਦੇ ਕਦਾਈਂ ਨੀਲ ਗਊ ਅਤੇ ਹੋਰ ਛੋਟੇ ਛੋਟੇ ਜਾਨਵਰ ਮਿਲਦੇ ਹਨ।

          ਜ਼ਿਲ੍ਹੇ ਦਾ ਜਲਵਾਯੂ ਨਮੀ ਵਾਲਾ ਹੈ। ਤਾਪਮਾਨ ਸਾਰਾ ਸਾਲ ਇਕ ਸਾਰ ਰਹਿੰਦਾ ਹੈ। ਸਾਲਾਨਾ ਔਸਤਨ ਵਰਖਾ 105 ਸੈਂ. ਮੀ. (42 ਇੰਚ) ਹੈ। ਸਾਲ ਬ-ਸਾਲ ਵਰਖਾ ਘਟਦੀ ਵਧਦੀ ਵੀ ਰਹਿੰਦੀ ਹੈ।

          ਪੁਰਾਣੀਆਂ ਰਵਾਇਤਾਂ ਅਨੁਸਾਰ ਇਸ ਜ਼ਿਲ੍ਹੇ ਉੱਤੇ ਭਾਰ ਅਤੇ ਸਿਓਰੀ ਕਬੀਲਿਆਂ ਦਾ ਕਬਜ਼ਾ ਹੁੰਦਾ ਸੀ। ਪਿਛਲੇਰੇ ਹਿੰਦੂ ਕਾਲ ਵੇਲੇ ਜ਼ਫਰਾਬਾਦ ਵਰਗੀਆਂ ਮਹੱਤਵਪੂਰਨ ਥਾਵਾਂ ਇਸ ਵਿਚ ਸ਼ਾਮਲ ਹੁੰਦੀਆਂ ਸਨ। ਗਿਆਰਵੀਂ ਸਦੀ ਦੇ ਖ਼ਤਮ ਹੋਣ ਤੱਕ ਇਹ ਜ਼ਿਲ੍ਹਾ ਕਨੌਜ ਦੇ ਰਾਠੌਰ ਰਾਜ ਵਿਚ ਸ਼ਾਮਲ ਹੁੰਦਾ ਸੀ। ਸੰਨ 1321 ਵਿਚ ਗਿਆਸੁਦੀਨ ਤੁਗਲਕ ਨੇ ਆਪਣੇ ਪੁੱਤਰ ਜਫ਼ਰ ਖ਼ਾਨ ਨੂੰ ਇਥੋਂ ਦਾ ਗਵਰਨਰ ਨਿਯੁਕਤ ਕੀਤਾ ਅਤੇ 38 ਸਾਲਾਂ ਪਿੱਛੋਂ 1359 ਵਿਚ ਫੀਰੋਜ਼ਸ਼ਾਹ ਤੁਗਲਕ ਨੇ ਜੌਨਪੁਰ ਸ਼ਹਿਰ ਦੀ ਨੀਂਹ ਰੱਖੀ। ਸੰਨ 1389 ਵਿਚ ਮਲਿਕ ਸਰਵਰ ਨਾਂ ਦੇ ਇਕ ਖੁਸਰੇ ਨੂੰ ਜਿਸ ਨੇ ਦਿੱਲੀ ਦਰਬਾਰ ਵਿਚ ਪਹਿਲਾਂ ਵੀ ਵੱਡੇ ਵੱਡੇ ਅਹੁਦਿਆਂ ਤੇ ਸੇਵਾ ਕੀਤੀ ਸੀ, ਖਵਾਜ਼ਾ ਇ-ਜਹਾਂ ਦੇ ਖ਼ਿਤਾਬ ਨਾਲ ਵਜ਼ੀਰ ਨਿਯੁਕਤ ਕੀਤਾ।

          ਕੁਝ ਹੀ ਸਾਲਾਂ ਪਿੱਛੋਂ 1394 ਵਿਚ ਰਾਠੌਰ ਤੋਂ ਬਿਹਾਰ ਤੱਕ ਦਾ ਸਾਰਾ ਇਲਾਕਾ ਮਲਿਕ ਸਰਵਰ ਅਧੀਨ ਹੋ ਗਿਆ। ਹਿੰਦੋਸਤਾਨ ਨੂੰ ਛੱਡਣ ਵੇਲੇ ਤੈਮੂਰ ਨੇ ਖ਼ਿਜ਼ਰ ਖ਼ਾਨ ਅਤੇ ਖਵਾਜਾ-ਇ-ਜਹਾਂ ਨੂੰ ਵੱਡੀਆਂ-ਵੱਡੀਆਂ ਜਾਗੀਰਾਂ ਦਿੱਤੀਆਂ ਅਤੇ ਖਵਾਜ਼ਾ-ਇ-ਜਹਾਂ ਨੇ ਖ਼ਿਜ਼ਰ ਖ਼ਾਨ ਦੇ ਭਤੀਜੇ ਕਰਨਫ਼ੁਲ ਨੂੰ ਆਪਣਾ ਪੁੱਤਰ ਤੇ ਉਤਰਾਧਿਕਾਰੀ ਪਰਵਾਨ ਕਰਕੇ ਆਪਣੀ ਸਥਿਤੀ ਹੋਰ ਮਜਬੂਤ ਕਰ ਲਈ। ਇਸ ਤਰ੍ਹਾਂ ਸਥਾਪਿਤ ਹੋਏ ਖ਼ਾਨਦਾਨ ਨੇ ਕੋਈ ਇਕ ਸਦੀ ਤੱਕ ਜੌਨਪੁਰ ਉੱਤੇ ਰਾਜ ਕੀਤਾ ਅਤੇ ਇਸ ਦੇ ਸ਼ਾਸਕ ਦਿੱਲੀ ਦੇ ਬਾਦਸ਼ਾਹਾਂ ਦੀ ਵੀ ਡੱਟ ਕੇ ਵਿਰੋਧਤਾ ਕਰਦੇ ਰਹੇ। ਸੰਨ 1407 ਵਿਚ ਇਬਰਾਹੀਮ (ਕਰਨਫੁਲ ਦੇ ਭਰਾ) ਨੇ ਕਨੌਜ, ਸੰਭਲ ਅਤੇ ਬਾਰਨ ਨੂੰ ਆਪਣੇ ਅਧੀਨ ਕਰ ਲਿਆ। ਉਹ ਅਜੇ ਦਿੱਲੀ ਦੇ ਨੇੜੇ ਪੁਜ ਹੀ ਰਿਹਾ ਸੀ ਕਿ ਉਸ ਨੂੰ ਗੁਜਰਾਤ ਦੇ ਮੁਜ਼ੱਫਰਸ਼ਾਹ ਪਹਿਲੇ ਹੱਥੋਂ ਮਾਲਵੇ ਦੇ ਹੌਸੰਗ ਸ਼ਾਹ ਦੀ ਹਾਰ ਅਤੇ ਜੌਨਪੁਰ ਨੂੰ ਹਥਿਆਉਣ ਸਬੰਧੀ ਉਸ ਦੀਆਂ ਸਕੀਮਾਂ ਦੀ ਖ਼ਬਰ ਪੁਜੀ। ਸੰਭਲ ਅਤੇ ਬਾਰਨ ਦੇ ਨਵੇਂ ਜਿੱਤੇ ਇਲਾਕਿਆਂ ਨੂੰ ਉਥੇ ਹੀ ਛੱਡਦਾ ਹੋਇਆ ਇਬਰਾਹੀਮ ਪਿੱਛੇ ਹੱਟ ਗਿਆ। ਸੰਨ 1440 ਵਿਚ ਇਬਰਾਹੀਮ ਦੀ ਮੌਤ ਉਪਰੰਤ ਉਸ ਦਾ ਪੁੱਤਰ ਮਹਿਮੂਦ ਗੱਦੀ ਉੱਤੇ ਬੈਠਾ।

          ਸੰਨ 1444 ਵਿਚ ਮਾਲਵੇ ਦੇ ਬਾਦਸ਼ਾਹ ਦੇ ਸੱਦੇ ਤੇ ਮਹਿਮੂਦ ਨੇ ਕਾਲਖੀ ਉੱਤੇ ਹਮਲਾ ਕੀਤਾ। ਇਸ ਪਿੱਛੋਂ ਚੁਨਾਰ ਨੂੰ ਲੁੱਟਿਆ ਅਤੇ ਬਿਹਾਰ ਨੂੰ ਤਬਾਹ ਕੀਤਾ। ਸੰਨ 1452 ਵਿਚ ਮਹਿਮੂਦ ਨੇ ਬਹਿਲੋਲ ਲੋਧੀ ਦੀ ਗੈਰ ਹਾਜ਼ਰੀ ਵਿਚ ਦਿੱਲੀ ਤੇ ਚੜ੍ਹਾਈ ਕੀਤੀ। ਮਹਿਮੂਦ ਦੀ ਮੌਤ (1459) ਉਪਰੰਤ ਉਸ ਦਾ ਵੱਡਾ ਲੜਕਾ ਗੱਦੀ ਉੱਤੇ ਬੈਠਾ ਪਰ ਕੁਝ ਮਹੀਨਿਆਂ ਪਿੱਛੋਂ ਹੀ ਮਰਵਾ ਦਿੱਤਾ ਗਿਆ। ਇਸ ਪਿੱਛੋਂ ਮਹਿਮੂਦ ਦਾ ਦੂਜਾ ਪੁੱਤਰ ਹੁਸੈਨ ਸ਼ਾਹ ਗੱਦੀ ਤੇ ਬੈਠਾ। ਸੰਨ 1480 ਵਿਚ ਹੁਸੈਨ ਨੂੰ ਕੇਂਦਰੀ ਦੁਆਬ ਵਿਚ ਦੋ ਵਾਰ ਹਾਰ ਖਾਣੀ ਪਈ ਅਤੇ ਜੌਨਪੁਰ ਦਾ ਪਤਨ ਆ ਗਿਆ। ਹੁਸੈਨ ਨੇ ਕੁਝ ਹੋਰਨਾਂ ਪਾਸਿਆਂ ਵੱਲ ਵੀ ਲੜਾਈਆਂ ਜਾਰੀ ਰੱਖੀਆਂ ਅਤੇ 1487 ਵਿਚ ਜੌਨਪੁਰ ਫਿਰ ਕੁਝ ਸਮੇਂ ਲਈ ਹੁਸੈਨ ਅਧੀਨ ਆ ਗਿਆ ਪਰ ਛੇਤੀ ਹੀ ਉਸ ਨੂੰ ਉਥੋਂ ਭਜਾ ਦਿੱਤਾ ਗਿਆ ਅਤੇ ਬਹਿਲੋਲ ਦਾ ਪੁੱਤਰ ਬਰਬਕ ਸ਼ਾਹ ਸੂਬੇਦਾਰ ਬਣਿਆ। ਲੋਧੀ ਬੰਸ ਦੇ ਅਖ਼ੀਰਲੇ ਸ਼ਾਸਕ (ਇਬਰਾਹੀਮ ਲੋਧੀ) ਦੀ ਜਦੋਂ 1526 ਵਿਚ ਪਾਨੀਪਤ ਦੇ ਮੈਦਾਨ ਵਿਚ ਹਾਰ ਹੋਈ ਤਾਂ ਬਿਹਾਰ ਅਤੇ ਜੌਨਪੁਰ ਦੇ ਸੂਬੇਦਾਰ ਬਹਾਦਰ ਖ਼ਾਨ ਨੇ ਆਪਣੀ ਆਜ਼ਾਦੀ ਦਾ ਐਲਾਨ ਕਰ ਦਿੱਤਾ। ਮੁਗਲਾਂ ਦੇ ਰਾਜ ਕਾਲ ਵੇਲੇ ਜੌਨਪੁਰ ਅਕਬਰ ਦੇ ਇਕ ਜਰਨੈਲ ਅਧੀਨ ਚਲਾ ਗਿਆ ਅਤੇ ਮੁਗਲ ਰਾਜ ਦੇ ਪਤਨ ਤੱਕ ਮੁਗਲਾਂ ਅਧੀਨ ਹੀ ਰਿਹਾ। ਸੰਨ 1575 ਵਿਚ ਮੁਗਲ ਸਾਮਰਾਜ ਦੇ ਪੁਨਰ ਗਠਨ ਵੇਲੇ ਜੌਨਪੁਰ ਅਲਾਹਾਬਾਦ ਪ੍ਰਾਂਤ ਦੀ ਰਾਜਧਾਨੀ ਬਣ ਗਿਆ। ਸੰਨ 1722 ਵਿਚ ਅਵਧ ਦੇ ਨਵਾਬ ਦੇ ਹੱਥਾਂ ਵਿਚ ਜਾਣ ਤੱਕ ਇਸ ਜ਼ਿਲ੍ਹੇ ਵਿਚ ਕੋਈ ਅਹਿਮ ਘਟਨਾ ਨਾ ਵਾਪਰੀ। ਕੁਝ ਸਾਲਾਂ ਮਗਰੋਂ ਇਹ ਜ਼ਿਲ੍ਹਾ ਬਨਾਰਸ ਜਾਗੀਰ ਦੇ ਬਾਨੀ ਮਨਸਾ ਰਾਮ ਨੂੰ ਬਖਸ਼ ਦਿੱਤਾ ਗਿਆ ਅਤੇ ਜੌਨਪੁਰ ਦੇ ਕਿਲ੍ਹੇ ਤੋਂ ਇਲਾਵਾ ਇਹ ਜਾਗੀਰ ਉਸ ਦੇ ਕਬਜ਼ੇ ਵਿਚ ਹੀ ਰਹੀ। ਸੰਨ 1775 ਵਿਚ ਬਨਾਰਸ ਦੇ ਬਾਕੀ ਪ੍ਰਾਂਤ ਦੇ ਨਾਲ ਹੀ ਇਹ ਜ਼ਿਲ੍ਹਾ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ ਗਿਆ।

          ਸੰਨ 1857 ਦੇ ਗਦਰ ਛਿੜਨ ਤੋਂ ਪਹਿਲਾਂ ਇਥੇ ਕੋਈ ਮਹੱਤਵਪੂਰਨ ਘਟਨਾ ਨਹੀਂ ਸੀ ਵਾਪਰੀ ਪਰ ਜਦੋਂ 5 ਜੂਨ 1857 ਨੂੰ ਬਨਾਰਸ ਵਿਦਰੋਹ ਦੀ ਖ਼ਬਰ ਜੌਨਪੁਰ ਪੁੱਜੀ ਤਾਂ ਸਰਕਾਰੀ ਖ਼ਜ਼ਾਨੇ ਤੇ ਪਹਿਰਾ ਦੇ ਰਹੀ ਗਾਰਦ ਨੇ ਤੁਰੰਤ ਵਿਦਰੋਹ ਖੜਾ ਕਰ ਦਿੱਤਾ ਅਤੇ ਕਈ ਅਫ਼ਸਰਾਂ ਨੂੰ ਮਾਰ ਦਿੱਤਾ। 8 ਸਤੰਬਰ, 1857 ਤੱਕ ਇਸ ਜ਼ਿਲ੍ਹੇ ਵਿਚ ਅਸ਼ਾਂਤੀ ਹੀ ਰਹੀ। ਨਵੰਬਰ 1857 ਵਿਚ ਮਹਿੰਦੀ ਹਸਨ (ਜਿਹੜਾ ਆਪਣੇ ਆਪ ਨੂੰ ਜੌਨਪੁਰ ਦਾ ਨਵਾਬ ਕਹਾਉਂਦਾ ਸੀ) ਦੇ ਭਾਰੇ ਕਰ ਲਾਉਣ ਕਾਰਨ ਆਲੇ ਦੁਆਲੇ ਦਾ ਹੋਰ ਇਲਾਕਾ ਖੁੱਸ ਗਿਆ। ਮਈ 1858 ਵਿਚ ਜੂੜੀ ਸਿੰਘ ਨਾਂ ਦੇ ਇਕ ਵਿਦਰੋਹੀ ਨੇਤਾ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਖੜਾ ਕੀਤਾ ਪਰ ਇਹ ਵਿਦਰੋਹ ਵੀ ਦਬਾ ਦਿੱਤਾ ਗਿਆ।

          ਇਸ ਜ਼ਿਲ੍ਹੇ ਦੇ ਲੋਕਾਂ ਦਾ ਮੁੱਖ ਪੇਸ਼ਾਂ ਖੇਤੀਬਾੜੀ ਹੈ। ਚੌਲ, ਮੱਕੀ, ਜੌਂ ਅਤੇ ਗੰਨਾ ਇਥੋਂ ਦੀਆਂ ਮੁੱਖ ਫ਼ਸਲਾਂ ਹਨ। ਸ਼ਾਹ ਗੰਜ ਦੇ ਸਥਾਨ ਤੇ ਇਕ ਖੰਡ ਦਾ ਕਾਰਖ਼ਾਨਾ ਸਥਾਪਿਤ ਹੈ। ਜ਼ਿਲ੍ਹੇ ਵਿਚ ਸੜਕਾਂ ਦਾ ਜਾਲ ਵਿਛਿਆ ਹੋਇਆ ਹੈ।

          ਜੌਨਪੁਰ ਵਿਖੇ ਬਣਾਈਆਂ ਗਈਆਂ ਸ਼ਰਕੀ ਬਾਦਸ਼ਾਹਾਂ ਦੀਆਂ ਆਲੀਸ਼ਾਨ ਇਮਾਰਤਾਂ ਅਤੇ ਜਫ਼ਰਾਬਾਦ ਦੀਆਂ ਪੁਰਾਣੀਆਂ ਇਮਾਰਤਾਂ ਅੰਸ਼ਿਕ ਰੂਪ ਵਿਚ ਹਿੰਦੂ ਮੰਦਰਾਂ ਅਤੇ ਖੰਡਰਾਂ ਤੋਂ ਤਿਆਰ ਕੀਤੀਆਂ ਗਈਆਂ ਸਨ। ਇਮਾਰਤਾਂ ਦੇ ਕੁਝ ਸ਼ਿਲਾਲੇਖ ਅਜੇ ਵੀ ਮੌਜੂਦ ਹਨ। ਇਸ ਤੋਂ ਇਲਾਵਾ ਇਸ ਜ਼ਿਲ੍ਹੇ ਵਿਚੋਂ ਹੀ ਕਨੌਜ ਦੇ ਬਾਦਸ਼ਾਹ ਗੋਬਿੰਦ ਚੰਦ ਦੀ ਇਕ ਤਾਂਬਾ-ਤਖ਼ਤੀ ਸਨਦ ਮਿਲੀ ਹੈ।

          ਹ. ਪੁ.––ਇੰਪ. ਗ. ਇੰਡ. 14 : 73


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4975, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਜੌਨਪੁਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੌਨਪੁਰ : ਸ਼ਹਿਰ––ਉੱਤਰੀ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਇਸੇ ਹੀ ਨਾਂ ਦੇ ਜ਼ਿਲ੍ਹੇ ਅਤੇ ਤਹਿਸੀਲ ਦਾ ਸਦਰ-ਮੁਕਾਮ ਹੈ ਜੋ ਕਲਕੱਤੇ ਤੋਂ 830 ਕਿ. ਮੀ. (510 ਮੀਲ) ਅਤੇ ਬੰਬਈ ਤੋਂ 1,557 ਕਿ. ਮੀ. (977 ਮੀਲ) ਦੇ ਫਾਸਲੇ ਤੇ ਗੋਮਤੀ ਨਦੀ ਦੇ ਕੰਢੇ ਉੱਤੇ ਸਥਿਤ ਹੈ। ਅਲਾਹਾਬਾਦ, ਫੈਜ਼ਾਬਾਦ, ਆਜ਼ਮਗੜ੍ਹ, ਬਨਾਰਸ ਅਤੇ ਮਿਰਜ਼ਾਪੁਰ ਸ਼ਹਿਰਾਂ ਵੱਲੋਂ ਜੌਨਪੁਰ ਵੱਲ ਨੂੰ ਪੱਕੀਆਂ ਸੜਕਾਂ ਆਉਂਦੀਆਂ ਹਨ।

          ਜੌਨਪੁਰ ਨੂੰ ਜਵਾਨਪੁਰ ਵੀ ਕਿਹਾ ਜਾਂਦਾ ਹੈ ਅਤੇ ਕਦੇ ਕਦਾਈ ਜਮਾਨਪੁਰ ਕਿਹਾ ਜਾਂਦਾ ਹੈ। ਇਸ ਸ਼ਹਿਰ ਦੇ ਹੋਂਦ ਵਿਚ ਆਉਣ ਬਾਰੇ ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ। ਹਿੰਦੂਆਂ ਦਾ ਮੱਤ ਹੈ ਕਿ ਇਸ ਸ਼ਹਿਰ ਦਾ ਨਾਂ ਜਮਦਾਗਨੀ ਨਾਂ ਦੇ ਇਕ ਪ੍ਰਸਿੱਧ ਰਿਸ਼ੀ ਜਿਸਦੀ ਪਵਿੱਤਰ ਯਾਦ ਵਿਚ ਇਥੇ ਇਕ ਮੰਦਰ ਵੀ ਖੜਾ ਹੈ, ਦੇ ਨਾਂ ਉੱਤੇ ਪਿਆ ਹੈ। ਮੁਸਲਮਾਨਾਂ ਦਾ ਵਿਚਾਰ ਇਹ ਹੈ ਕਿ ਇਸ ਸ਼ਹਿਰ ਦਾ ਨਾਂ ਉਲਗ ਖ਼ਾਨ ਜੂਨਾ ਜਿਹੜਾ ਮਗਰੋਂ ਦਿੱਲੀ ਦੇ ਮੁਹੰਮਦ ਸ਼ਾਹ (ਦੂਜਾ) ਬਿਨ ਤੁਗਲਤ ਵਜੋਂ ਮਸ਼ਹੂਰ ਹੋਇਆ ਸੀ, ਦੇ ਨਾਂ ਪਿੱਛੇ ਪਿਆ ਹੈ। ਚੌਧਵੀਂ ਸਦੀ ਤੱਕ ਜੌਨਪੁਰ ਦੇ ਗੁਆਂਢ ’ਚ ਪੈਂਦਾ ਸ਼ਹਿਰ ਜਫ਼ਰਾਬਾਦ ਵਧੇਰੇ ਪ੍ਰਸਿੱਧੀ ਵਾਲਾ ਸ਼ਹਿਰ ਸੀ ਪਰ ਪ੍ਰਾਚੀਨ ਖੰਡਰਾਤ ਇਸ ਗੱਲ ਦੀ ਸਾਖੀ ਭਰਦੇ ਹਨ ਕਿ ਜੌਨਪੁਰ ਦੇ ਮੌਜੂਦਾ ਟਿਕਾਣੇ ਉੱਤੇ ਪਹਿਲਾਂ ਵੀ ਇਕ ਸ਼ਹਿਰ ਮੌਜੂਦ ਸੀ। ਕਰਾਰ ਬੀਰ ਨਾਂ ਦੇ ਇਕ ਬਹੁਤ ਵੱਡੇ ਦੈਂਤ ਜਿਸ ਨੂੰ ਅਯੁੱਧਿਆ ਦੇ ਬਾਦਸ਼ਾਹ ਰਾਮ ਨੇ ਖ਼ਤਮ ਕੀਤਾ ਸੀ, ਦੀ ਕਿਲੇ ਦੇ ਨੇੜੇ ਇਕ ਪਵਿੱਤਰ ਯਾਦਗਾਰ ਬਣੀ ਹੋਈ ਹੈ ਅਤੇ ਰਵਾਇਤ ਇਹ ਹੈ ਕਿ ਕਿਲਾ ਵੀ ਆਪਣੇ ਆਪ ਵਿਚ ਬਾਰ੍ਹਵੀਂ ਸਦੀ ਵਿਚ ਕਨੌਜ ਦੇ ਬਿਜੈ ਚੰਦ ਦੁਆਰਾ ਬਣਾਏ ਮੰਦਰ ਵਾਲੇ ਟਿਕਾਣੇ ਉੱਤੇ ਹੀ ਬਣਿਆ ਹੋਇਆ ਹੈ। ਸੰਨ 1359 ਵਿਚ ਬੰਗਾਲ ਵੱਲ ਨੂੰ ਜਾਂਦਿਆਂ ਬਾਦਸ਼ਾਹ ਫੀਰੋਜ਼ਸ਼ਾਹ ਤੁਗਲਕ ਨੇ ਵੀ ਜ਼ਫਰਾਬਾਦ ਵਿਖੇ ਪੜਾ ਕੀਤਾ ਸੀ ਅਤੇ ਉਹ ਇਸ ਦੇ ਆਲੇ ਦੁਆਲੇ ਤੋਂ ਇੰਨਾ ਪ੍ਰਭਾਵਤ ਹੋਇਆ ਕਿ ਉਸਨੇ ਉਸੇ ਵਕਤ ਹੀ ਇਕ ਨਵੇਂ ਸ਼ਹਿਰ ਦੀ ਨੀਂਹ ਰੱਖ ਦਿੱਤੀ ਸੀ। ਕੁਝ ਸਾਲਾਂ ਉਪਰੰਤ ਜੌਨਪੁਰ ਇਕ ਸੂਬੇਦਾਰ ਦਾ ਸਦਰ-ਮੁਕਾਮ ਬਣ ਗਿਆ ਅਤੇ 1394 ਵਿਚ ਖਵਾਜਾ-ਇ-ਜਹਾਂ ਨਾਂ ਦਾ ਇਕ ਖੁਸਰਾ ਵਿਅਕਤੀ ਸੂਬੇਦਾਰ ਬਣਿਆ। ਛੇਤੀ ਹੀ ਪਿੱਛੋਂ ਉਸ ਨੇ ਆਪਣੇ ਆਪ ਨੂੰ ਇਕ ਆਜ਼ਾਦ ਹਾਕਮ ਐਲਾਨ ਕਰ ਦਿੱਤਾ ਅਤੇ ਲਗਭਗ ਇਕ ਸਦੀ ਤੱਕ ਉਸਦੇ ਉਤਰਾਧਿਕਾਰੀ ਵੀ ਇਸ ਘਟਦੇ-ਵਧਦੇ ਇਲਾਕੇ ਜਿਹੜਾ ਕਦੇ ਬਿਹਾਰ ਤੋਂ ਸੰਭਲ ਅਤੇ ਅਲੀਗੜ੍ਹ ਤੱਕ ਫੈਲਿਆ ਹੁੰਦਾ ਸੀ, ਉੱਤੇ ਵੀ ਰਾਜ ਕਰਦੇ ਰਹੇ ਅਤੇ ਇਥੋਂ ਤੱਕ ਕਿ ਉਨ੍ਹਾਂ ਨੇ ਦਿੱਲੀ ਤਖ਼ਤ ਦਾ ਵੀ ਨੱਕ ਵਿਚ ਦਮ ਕਰ ਛੱਡਿਆ ਸੀ। ਅਕਬਰ ਜਿਸ ਅਲਾਹਾਬਾਦ ਨੂੰ ਇਕ ਸੂਬੇ ਦੀ ਰਾਜਧਾਨੀ ਦਾ ਦਰਜਾ ਦਿੱਤਾ ਸੀ, ਦੁਆਰਾ ਸਾਰੀ ਸਲਤਨਤ ਦਾ ਪੁਨਰ-ਗਠਨ ਕਰਨ ਤੱਕ ਜੌਨਪੁਰ ਇਕ ਗਵਰਨਰ ਦਾ ਸਦਰ-ਮੁਕਾਮ ਹੀ ਰਿਹਾ।

          ਇਸ ਤਾਰੀਖ ਤੋਂ ਜੌਨਪੁਰ ਦੀ ਪ੍ਰਸਿੱਧੀ ਘਟਣੀ ਸ਼ੁਰੂ ਹੋ ਗਈ ਪਰ ਮੁਸਲਿਮ ਗਿਆਨ ਦੇ ਕੇਂਦਰ (ਭਾਰਤ ਦਾ ਸ਼ਿਰਾਜ) ਵਜੋਂ ਇਸ ਦੀ ਪ੍ਰਸਿੱਧੀ ਪਹਿਲਾਂ ਵਾਲੀ ਹੀ ਰਹੀ। ਸੰਨ 1775 ਵਿਚ ਬਨਾਰਸ ਸੂਬੇ ਦੇ ਪ੍ਰਾਪਤ ਹੋ ਜਾਣ ਤੇ, ਜੌਨਪੁਰ ਵੀ ਇਕ ਅੰਗਰੇਜ਼ੀ ਇਲਾਕਾ ਬਣ ਗਿਆ ਅਤੇ ਬਨਾਰਸ ਵਿਖੇ ਨਿਯੁਕਤ ਕੀਤੇ ਗਏ ਰੈਜ਼ੀਡੈਂਟ ਦੇ ਮਾਤਹਿਤ, ਇਥੇ ਇਕ ਐਸਿਸਟੈਂਟ ਮੈਜਿਸਟ੍ਰੇਟ ਲਾ ਦਿੱਤਾ ਗਿਆ। ਸੰਨ 1795 ਵਿਚ ਇਥੇ ਜੱਜ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ। ਸੰਨ 1818 ਵਿਚ ਇਹ ਇਕ ਸਬ ਕੁਲੈਕਟਰ ਅਤੇ ਥੋੜ੍ਹਾ ਚਿਰ ਪਿੱਛੋਂ ਇਕ ਕੁਲੈਕਟਰ ਦਾ ਸਦਰ-ਮੁਕਾਮ ਬਣ ਗਿਆ। ਸੰਨ 1867 ਵਿਚ ਇਥੇ ਮਿਉਂਸਪਲਟੀ ਸਥਾਪਿਤ ਕੀਤੀ ਗਈ।

          ਸ਼ਹਿਰ ਦਾ ਵਧੇਰੇ ਹਿੱਸਾ ਗੋਮਤੀ ਨਦੀ ਦੇ ਖੱਬੇ ਕੰਢੇ ਤੇ ਹੈ ਜਦੋਂ ਕਿ ਸ਼ਹਿਰ ਦੇ ਕੁਝ ਬਾਹਰਲੇ ਹਿੱਸੇ ਅਤੇ ਸਿਵਲ ਸਟੇਸ਼ਨ ਨਦੀ ਦੇ ਸੱਜੇ ਕੰਢੇ ਉੱਤੇ ਪੈਂਦਾ ਹੈ। ਇਸ ਨਦੀ ਦੇ ਉਪਰੋਂ ਦੀ ਸ਼ਹਿਨਸ਼ਾਹ ਅਕਬਰ ਦੇ ਮੁਨੀਮ ਖਾਂ ਨਾਂ ਦੇ ਇਕ ਸੂਬੇਦਾਰ ਦੁਆਰਾ ਬਹੁਤ ਵਧੀਆ ਪੱਥਰ ਦਾ ਬਣਾਇਆ ਪੁਲ ਲੰਘਦਾ ਹੈ। ਖ਼ਾਸ ਜੌਨਪੁਰ ਸ਼ਹਿਰ ਵਿਚ ਜੌਨਪੁਰ ਦੇ ਬਾਦਸ਼ਾਹਾਂ ਦੀਆਂ ਬਹੁਤ ਆਲੀਸ਼ਾਨ ਯਾਦਗਾਰਾਂ ਜਿਹੜੀਆਂ ਉੱਤਰੀ ਭਾਰਤ ਵਿਚ ਪਠਾਨ ਉਸਾਰੀ ਕਲਾ ਦੇ ਸਭ ਤੋਂ ਉੱਤਮ ਨਮੂਨੇ ਹਨ, ਮੌਜੂਦ ਹਨ। ਫੀਰੋਜ਼ਸ਼ਾਹ ਦੁਆਰਾ ਬਣਾਏ ਗਏ ਕਿਲੇ ਦਾ ਥੋੜ੍ਹਾ ਹਿੱਸਾ ਹੀ ਬਾਕੀ ਰਹਿ ਗਿਆ ਹੈ। ਇਹ ਗੋਮਤੀ ਨਦੀ ਦੇ ਉਪਰੋਂ ਦੀ ਦਿਸਦੀ ਇਕ ਉੱਘੜ ਦੁੱਘੜੀ ਆਇਤਾਕਾਰ ਇਮਾਰਤ ਹੁੰਦੀ ਸੀ ਅਤੇ ਮਿੱਟੀ ਦੇ ਬਣਾਏ ਇਕ ਬਣਾਵਟੀ ਟਿੱਲੇ ਦੇ ਦੁਆਲੇ ਬਣੀ ਹੋਈ ਪੱਥਰਾਂ ਦੀ ਕੰਧ ਨਾਲ ਘਿਰਿਆ ਹੋਇਆ ਹੁੰਦਾ ਸੀ। ਉਸਾਰੀ ਦਾ ਸਾਜ਼ੋ ਸਾਮਾਨ ਵਧੇਰੇ ਕਰਕੇ ਮੰਦਰਾਂ ਤੋਂ ਹੀ ਪ੍ਰਾਪਤ ਕੀਤਾ ਗਿਆ ਸੀ। ਸੰਨ 1859 ਵਿਚ ਕਿਲੇ ਦੇ ਬੁਰਜ ਅਤੇ ਕਿਲੇ ਅੰਦਰਲੀਆਂ ਬਹੁਤ ਸਾਰੀਆਂ ਇਮਾਰਤਾਂ ਢਾਹ ਦਿੱਤੀਆਂ ਗਈਆਂ। ਸੋਲ੍ਹਵੀਂ ਸਦੀ ਦਾ ਬਣਿਆ ਇਕ ਸ਼ਾਨਦਾਰ ਮੁੱਖ ਦੁਆਰ, 1376 ਦੀ ਬਣਾਈ ਇਕ ਛੋਟੀ ਜਿਹੀ ਮਸਜਿਦ ਅਤੇ ਇਬਰਾਹੀਮ ਸ਼ਾਹ ਦੁਆਰਾ ਬਣਾਏ ਖੁਲ੍ਹੇ ਤੁਰਕੀ ਇਸ਼ਨਾਨ ਘਰ ਹੀ ਕੇਵਲ ਮੁਕੰਮਲ ਰੂਪ ਵਿਚ ਬਣੇ ਹੋਏ ਹਨ। ਅਟਾਲਾ ਮਸਜਿਦ ਜਿਹੜੀ ਇਬਰਾਹੀਮ ਸ਼ਾਹ ਦੁਆਰਾ ਉਸਾਰੀ ਗਈ ਸੀ ਅਤੇ 1408 ਵਿਚ ਮੁਕੰਮਲ ਹੋਈ ਸੀ, ਇਥੋਂ ਦੀ ਸਭ ਤੋਂ ਪੁਰਾਣੀ ਮਸਜਿਦ ਹੈ। ਇਸ ਤੋਂ ਇਲਾਵਾ ਇਥੇ ਦਰੀਬਾ ਮਸਜਿਦ, ਲਾਲ ਦਰਵਾਜਾ ਮਸਜਿਦ ਅਤੇ ਜਾਮਾ ਮਸਜਿਦ ਜਾਂ ਹੁਸੈਨ ਸ਼ਾਹ ਦੀ ਵਿਸ਼ਾਲ ਮਸਜਿਦ (1438) ਮੌਜੂਦ ਹਨ।

          ਇਹ ਇਕ ਪ੍ਰਸਿੱਧ ਮੰਡੀ ਹੈ। ਅਤਰ ਇਥੋਂ ਦੀ ਮੁੱਖ ਜ਼ਰਾਇਤੀ ਉਪਜ ਹੈ। ਗੋਰਖਪੁਰ ਯੂਨੀਵਰਸਿਟੀ ਨਾਲ ਸਬੰਧਤ ਇਥੇ ਦੋ ਕਾਲਜ ਹਨ।

          ਆਬਾਦੀ––1,36,062 (1991)

          25° 45' ਉ. ਵਿਥ.; 82° 42' ਪੂ. ਲੰਬ.

          ਹ. ਪੁ.––ਇੰਪ. ਗ. ਇੰਡ. 14 : 82; ਐਨ. ਬ੍ਰਿ. ਮਾ. 5 : 529


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4966, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.