ਜੰਗ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੰਗ. ਫ਼ਾ ਜ਼ੰਗ. ਸੰਗ੍ਯਾ—ਮੈਲ. ਜ਼ੰਗਾਰ। ੨ ਘੰਟਾ. ਸੰਖ. “ਜੰਗ ਘੁੰਘਰੁ ਟੱਲਿਕਾ ਉਪਜੰਤ ਰਾਗ ਅਨੰਤ.” (ਪਰੀਛਤਰਾਜ) ੩ ਟਾਪੂ ਜ਼ੰਗਬਾਰ (Zanzibar) ਜੋ ਅਫਰੀਕਾ ਦੇ ਪੂਰਵ ਹੈ. ਦੋਖੋ, ਜੰਗੀ ਅਤੇ ਰੂਮੀ ਜੰਗੀ। ੪ ਫ਼ਾਜੰਗ. ਯੁੱਧ. ਲੜਾਈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29967, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੰਗ ਸਰੋਤ :
ਜੰਗਨਾਮਾ ਸਰੂਪ ਸਿੱਧਾਂਤ ਤੇ ਵਿਕਾਸ
ਜੰਗ : ਜੰਗ ਆਪਣੀ ‘ਨਿਰਦਈ ਅੱਡੀ ਹੇਠ’ ਸਾਰੇ ਨਿਆਂ ਤੇ ਸਾਰੀਆਂ ਖ਼ੁਸ਼ੀਆਂ ਨੂੰ ‘ਕੁਚਲ ਕੇ ਰੱਖ ਦਿੰਦੀ ਹੈ’ ਅਤੇ ਉਸ ਸਭ ਕਾਸੇ ਨੂੰ ਵੀ ਜੋ ਮਨੁੱਖ ਵਿਚ ‘ਰੱਬੀ’ ਹੈ। ਇਹ ਵਿਚਾਰ ਚਾਰਲਸ ਸਮਨੈਰ ਦਾ ਹੈ। ਏਸੇ ਤਰ੍ਹਾਂ ਨਾਰਮਨ ਏਂਜੱਲ ਦਾ ਕਥਨ ਹੈ ਕਿ ਯੁੱਧ ਭਾਵੇਂ ‘ਕਿੰਨਾ ਵੀ ਵਿਜੈਸ਼ੀਲ ਕਿਉਂ ਨਾ ਹੋਵੇ, ਇਹ ਤਬਾਹਕੁਨ ਹੁੰਦਾ ਹੈ’ ਤੇ ਇਸ ਨਾਲ ਬੇਪਨਾਹ ਬਰਬਾਦੀ ਹੁੰਦੀ ਹੈ। ਇਸ ਨਾਲ ਰਾਜਨੀਤਿਕ ਅਤੇ ਸਮਾਜਿਕ ਗੜਬੜੀ ਜਾਂ ਬੇਤਰਤੀਬੀ ਫੈਲਦੀ ਹੈ, ਜਿਸ ਬਾਰੇ ਕੋਈ ਪਤਾ ਨਹੀਂ ਹੁੰਦਾ ਕਿ ਇਹ ਕਿੱਥੇ ਜਾ ਕੇ ਮੁੱਕੇਗੀ। ‘ਯੁੱਧ ਦੀ ਨਿਆਂਸ਼ੀਲਤਾ ਲਈ’, ਸੇਂਟ ਟਾਮਸ ਐਕੂਈਨਸ ਅਨੁਸਾਰ, ‘ਤਿੰਨ ਸ਼ਰਤਾਂ ਜ਼ਰੂਰੀ ਹਨ––ਲੋਕ ਅਧਿਕਾਰ, ਨਿਆਂਪੂਰਣ ਕਾਰਣ ਅਤੇ ਠੀਕ ਉੱਦੇਸ਼।’ ਸੇਂਟ ਆਗਸਟਨ ਨੇ ਉਨ੍ਹਾਂ ਯੁੱਧਾਂ ਨੂੰ ਵੀ ‘ਬਿਲਕੁਲ ਨਿਆਂਸ਼ੀਲ’ ਮੰਨਿਆ ਹੈ ਜੋ ਖ਼ੁਦ ‘ਰੱਬੀ ਹੁਕਮ ਨਾਲ ਲੜੇ ਗਏ’। ਇਨ੍ਹਾਂ (ਧਰਮ) ਯੁੱਧਾਂ ਵਿਚ ‘ਕੋਈ ਅਨਿਆਂ ਨਹੀਂ ਹੁੰਦਾ’ (ਕਿਉਂਕਿ) ‘ਰੱਬ ਨੂੰ ਹਰ ਇਕ ਮਨੁੱਖ ਦੀ ਯੋਗਤਾ ਦਾ ਪਤਾ ਹੈ।’ ਫ਼੍ਰਾਂਸਿਸ ਪੀ. ਡੱਫ਼ੀ ਅਨੁਸਾਰ ਕੋਈ ਸਿਪਾਹੀ ਯੁੱਧ ਸ਼ੁਰੂ ਨਹੀਂ ਕਰਦਾ; ਸਿਪਾਹੀ ਕੇਵਲ ਇਸ ਵਿਚ ਆਪਣੀਆਂ ਜਾਨਾਂ ਦੀ ਬਾਜ਼ੀ ਲਾਉਂਦੇ ਹਨ। ਯੁੱਧ ਤੁਹਾਥੋਂ ਸ਼ੁਰੂ ਹੁੰਦੇ ਹਨ, ਮੈਥੋਂ, ਧਨੀ ਲੋਕਾਂ ਤੋਂ, ਸਿਆਸਤਦਾਨਾਂ ਤੋਂ, ਉੱਤੇਜਿਕ ਔਰਤਾਂ ਤੋਂ, ਅਖ਼ਬਾਰਾਂ ਦੇ ਸੰਪਾਦਕਾਂ ਤੋਂ, ਯੁੱਧ ਸ਼ੁਰੂ ਹੁੰਦੇ ਹਨ ਪਰ ਮਰਨ ਵਾਲੇ ਮਾਅਸੂਮ ਨੌਜਵਾਨ ਹੁੰਦੇ ਹਨ। ਐਲਬੇਅਰ ਆਈਨ-ਸਟਾਈਨ ਨੇ ਕਿਹਾ ਕਿ ‘ਯੁੱਧ ਅੱਜ ਦੇ ਯੁਗ ਦੀ ਇਕ ਸਮੱਸਿਆ ਹੈ।’ ਕੀ ਅਸੀਂ ਮਾਨਵਤਾ ਨੂੰ ‘ਯੁੱਧ ਦੀ ਲਾਅਨਤ ਤੋਂ ਮੁਕਤ ਨਹੀਂ ਕਰ ਸਕਾਂਗੇ?’ ਸਾਰੇ ਜਾਣਦੇ ਹਨ ਕਿ ਆਧੁਨਿਕ ਵਿਗਿਆਨਕ ਉੱਨਤੀ ਕਾਰਣ ਤਾਂ ਇਹ ਸਮੱਸਿਆ ‘ਸੱਭਿਅਤਾ ਲਈ ਜੀਵਨ ਤੇ ਮੌਤ ਦੀ ਸਮੱਸਿਆ’ ਬਣ ਗਈ ਹੈ। ਆਈਨਸਟਾਈਨ ਨੇ ਤਾਂ ਏਥੋਂ ਤੱਕ ਕਿਹਾ ਸੀ ਕਿ ਯੁੱਧ ਵਿਚ ਕਿਸੇ ਨੂੰ ਮਾਰਨਾ ਆਮ ਕਤਲ ਨਾਲੋਂ ਕਿਸੇ ਤਰ੍ਹਾਂ ਵੀ ਭਿੰਨ ਨਹੀਂ। ਸੋ ਤੀਜਾ ਸੰਸਾਰ ਯੁੱਧ ਹੋਇਆ ਤਾਂ ਇਹ ਇਸ ਕਦਰ ਭਿਆਨਕ ਅਤੇ ਤਬਾਹਕੁਨ ਹੋਵੇਗਾ ਕਿ ਮਨੁੱਖ ਦੀ ਸਾਰੀ ਉੱਨਤੀ ਤੇ ਵਿਕਾਸ ਮੁੜ ਸਿਫ਼ਰ ਉਤੇ ਆ ਜਾਣਗੇ ਤੇ ਜਦੋਂ ਚੌਥਾ ਯੁੱਧ ਲੜਨ ਲਈ ਮਨੁੱਖ ਆਪਣੇ ਆਪ ਨੂੰ ਤਿਆਰ ਕਰੇਗਾ ਤਾਂ ਉਸ ਕੋਲ, ਸਿਵਾਏ ‘ਪੱਥਰਾਂ’ ਦੇ, ਹੋਰ ਕੁਝ ਨਹੀਂ ਹੋਣਾ। ਏਸੇ ਕਰਕੇ ਆਈਨਸਟਾਈਨ ਕਹਿੰਦਾ ਹੈ ਕਿ ‘ਅਗਲਾ ਸੰਸਾਰ ਯੁੱਧ ਪੱਥਰਾਂ ਨਾਲ ਲੜਿਆ ਜਾਵੇਗਾ’, ਅਰਥਾਤ ਮਨੁੱਖ ਆਪਣੇ ਵਿਕਾਸ ਦੇ ਮੁੱਢਲੇ ਦੌਰ, ਪੱਥਰ-ਕਾਲ, ਤੋਂ ਫੇਰ ਸ਼ੁਰੂ ਕਰੇਗਾ। ਉਹ ਹਰ ਸ਼ਖ਼ਸ਼ ਯੁੱਧ ਨੂੰ ਬੁਰਾ ਕਹਿੰਦਾ ਹੈ ਜਿਸਨੇ ਬਰਬਰੀਅਤ, ਇਸ ਦੀ ਨਿਰਾਰਥਕ ਤੁੱਛਤਾ ਅਤੇ ਇਸ ਦੀ ਮੂੜ੍ਹਾਂ ਵਾਲੀ ਬੇਸਮਝੀ ਨੂੰ ਵੇਖਿਆ ਹੋਇਆ ਹੈ, ਜਿਨ੍ਹਾਂ ਨੇ ਇਸ ਦਾ ਮਜ਼ਾ ਨਹੀਂ ਚੱਖਿਆ, ਉਨ੍ਹਾਂ ਲਈ ਜ਼ਰੂਰ ਇਹ ਇਕ ਆਕ੍ਰਸ਼ਣ ਦਾ ਕਾਰਣ ਹੈ। ਪਰ ਉਨ੍ਹਾਂ ਤੋਂ ਪੁੱਛੋ ਜਿਨ੍ਹਾਂ ਤੋਂ ਇਹ ਜੀਉਣ ਦਾ ਹੱਕ ਖੋਹ ਲੈਂਦਾ ਹੈ ਤੇ ਅਨੇਕ ਹੋਣਹਾਰ ਜ਼ਿੰਦਗੀਆਂ ਨੂੰ ਮਲੀਆ-ਮੇਟ ਕਰ ਕੇ ਰੱਖ ਦਿੰਦਾ ਹੈ। ਮਨੁੱਖ ਉਹ ਕੁਝ ਕਰ ਬੈਠਦਾ ਹੈ ਜਿਸ ਨੂੰ ਮਗਰੋਂ ਸਮੀਖਿਅਤ ਕਰਕੇ ਉਹ ਆਪਣੀ ਮਨੁੱਖਤਾ ਸਾਹਮਣੇ ਸਿਵਾਏ ਸ਼ਰਮਿੰਦਗੀ ਤੋਂ ਹੋਰ ਕੁਝ ਪ੍ਰਾਪਤ ਨਹੀਂ ਕਰ ਸਕਿਆ ਹੁੰਦਾ।
ਹੁਣ ਦੇ ਯੁੱਧ ਸੂਰਬੀਰਤਾ ਦੇ ਨਹੀਂ, ਮਨੁੱਖ ਦੀ ਮੂਰਖਤਾ ਭਰੀ ਤਬਾਹੀ ਦਾ ਪ੍ਰਮਾਣ-ਪੱਤਰ ਜਾਂ ਪਰਵਾਨਾ ਹਨ। ਇਕ ਵਾਰ ਹਿਟਲਰ ਨੇ ਕਿਹਾ ਸੀ ਕਿ, ‘ਮੇਰੇ ਬਾਰੇ ਲਗਾਤਾਰ ਤੇ ਜ਼ੋਰ ਦੇ ਦੇ ਕੇ ਇਹ ਕਿਹਾ ਜਾ ਰਿਹਾ ਹੈ ਕਿ ਮੈਂ ਜੰਗ ਚਾਹੁੰਦਾ ਹਾਂ। ਮੈਂ ਕੋਈ ਮੂਰਖ ਹਾਂ ਜੋ ਅਜਿਹਾ ਚਾਹੁੰਦਾ ਹਾਂ ? ਮੈਨੂੰ ਪਤਾ ਹੈ ਜੰਗ ਨਾਲ ਕੁਝ ਨਹੀਂ ਸੰਵਰਨ ਲੱਗਾ। ਅਸੀਂ ਸ਼ਾਂਤੀ ਤੇ ਅਮਨ ਦੀ ਕਾਮਨਾ ਕਰਦੇ ਹਾਂ.....।’
ਕਿਹਾ ਜਾਂਦਾ ਹੈ ਕਿ ਮਨੁੱਖੀ ਸੁਭਾਵ ਤਿੰਨ ਵਿਸ਼ੇਸ਼ ਕਾਰਣਾਂ ਕਰਕੇ ਜੰਗ ਯੁੱਧ ਲਈ ਪ੍ਰੇਰਿਤ ਹੁੰਦਾ ਹੈ––ਪਹਿਲਾ ਕਾਰਣ ਹੈ ਉਸ ਦੀ ਪ੍ਰਾਕ੍ਰਿਤਿਕ ਪ੍ਰਤਿਯੋਗਤਾ ਦੀ ਰੁਚੀ ਜਾਂ ਮੁਕਾਬਲੇ ਦੀ ਭਾਵਨਾ; ਦੂਜਾ ਉਸ ਦੀ ਮਾਨਸਿਕਤਾ ਵਿਚ ਸਮਾਈ ਅਤੇ ਘਰ ਕਰ ਗਈ ਅੰਦੇਸ਼ੇ ਭਰੀ ਬੇਇਤਬਾਰੀ ਜਾਂ ਵਹਿਮ ਪ੍ਰਸਤੀ; ਤੀਜਾ ਉਸ ਦੀ ਹਉਮੈ ਨੂੰ ਸਰਚਾਉਣ ਲਈ ਸ਼ਾਨੋ ਸ਼ੌਕਤ, ਜਾਹੋ ਜਲਾਲ ਅਤੇ ਇੱਜ਼ਤੋ ਸ਼ੁਹਰਤ ਦੀ ਅਕਾਂਖਿਆ। ਇਹ ਤਿੰਨੇ ਕਾਰਣ ਦੂਰ ਕਰ ਦੇਈਏ ਤਾਂ ਜੰਗ ਦੀ ਹੋਣੀ ਟਾਲੀ ਜਾ ਸਕਦੀ ਹੈ। ਜੰਗ ਬਾਰੇ ਕੁਝ ਕੁ ਪ੍ਰਸਿੱਧ ਉਕਤੀਆਂ ਵਿਚਾਰਨਯੋਗ ਹਨ :
‘ਜੰਗ ਅੰਸ਼ ਹੈ ਉਸ ਪੂਰਣ ਦਾ ਜਿਸ ਦਾ ਨਾਂ ਰਾਜਨੀਤੀ ਹੈ।’ ––ਲੈਨਿਨ
‘ਹਰ ਜੰਗ ਇਕ ਰਾਸ਼ਟ੍ਰੀ ਬਦਬਖ਼ਤੀ ਹੁੰਦੀ ਹੈ।’ ––ਹ. ਵ. ਮੌਤਕੇ
‘ਜੰਗ (ਲੜਨਾ) ਵਹਿਸ਼ੀਆਂ ਜਾਂ ਜਾਹਲਾਂ ਦਾ ਕੰਮ ਹੈ।’ ––ਨੈਪੋਲੀਅਨ
‘ਹਰ ਸਮੇਂ, ਜੰਗ ਦਾ ਜੁਰਮ ਚੰਦ ਲੋਕਾਂ ਤੱਕ ਹੀ ਮਹਿਦੂਦ ਹੁੰਦਾ ਹੈ, ਬਹੁਤ ਲੋਕ ਤਾਂ ਦੋਸਤੀ ਚਾਹੁੰਦੇ ਹਨ।’ ––ਪਲੈਟੋ
‘ਜਦੋਂ ਜੰਗ ਐਲਾਨੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਜਿਸ (ਮਾਨਵੀ ਮੁੱਲ) ਦਾ ਘਾਤ ਹੁੰਦਾ ਹੈ, ਉਹ ਹੈ ਸਚਾਈ।’––ਅ. ਪੌਨਸੌਨਬੀ
‘ਜੰਗ ਸਾਮੂਹਿਕ ਤੌਰ ‘ਤੇ ਲੋਕਾਈ ਦਾ ਪਾਗਲਪਨ ਹੈ ਜਿਸ ਉੱਤੋਂ ਸੱਚ ਕੁਰਬਾਨ ਕੀਤਾ ਜਾਂਦਾ ਹੈ, ਕਲਾਕਾਰ ਦਾ ਦਮ ਘੁੱਟ ਦਿੱਤਾ ਜਾਂਦਾ ਹੈ, ਸਮਾਜ ਸੁਧਾਰ ਨੂੰ ਛਿੱਕੇ ਟੰਗ ਦਿੱਤਾ ਜਾਂਦਾ ਹੈ, ਕ੍ਰਾਂਤੀਆਂ ਖਲੋ ਜਾਂਦੀਆਂ ਹਨ ਅਤੇ ਸਮਾਜਿਕ ਸ਼ਕਤੀਆਂ ਨਿੱਘਰ ਜਾਂਦੀਆਂ ਹਨ।’ ––ਜਾਨ ਰੀਡ
‘ਇਸ ਸਦੀ ਦੇ ਅੰਤ ਤਕ, ––ਜੇ ਹਰ ਤਰ੍ਹਾਂ ਸੁੱਖ ਸਾਂਦ ਰਹੇ, ––ਤਾਂ ਤਿੰਨਾਂ ਵਿਚੋਂ ਕਿਸੇ ਵੀ ਸੰਭਾਵਨਾ ਨੂੰ ਜ਼ਰੂਰ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ। ਇਹ ਤਿੰਨ ਹਨ :
(1) ਮਨੁੱਖ ਮਾਤ੍ਰ ਤੇ ਪ੍ਰਾਣੀ ਮਾਤ੍ਰ ਦਾ ਇਸ ਧਰਤੀ ਉੱਤੇ ਸਰਬ ਨਾਸ਼।
(2) ਧਰਤੀ ਉੱਤੇ ਮਾਨਵੀ ਵਸੋਂ ਦੀ ਕਿਆਮਤ ਭਰੀ ਬੇਕਦਰੀ, ਜਿਸ ਕਾਰਣ ਮਾਨਵ ਫੇਰ ਬਰਬਰੀਅਤ ਦੇ ਕੰਢੇ ਉੱਤੇ ਪੁੱਜ ਜਾਵੇਗਾ।
(3) ਸਾਰੇ ਸੰਸਾਰ ਦਾ ਇਕ ਵਿਸ਼ਵ ਸਰਕਾਰ ਅਧੀਨ ਏਕੀ-ਕਰਣ ਜਿਸ ਕੋਲ ਸਾਰੇ ਸ਼ਸਤ੍ਰ ਰੱਖਣ ਦੀ ਅਜਾਰਾਦਾਰੀ ਹੋਵੇ। ––ਬਰਟ੍ਰੰਡ ਰਸਲ
‘ਜੇ ਮਨੁੱਖੀ ਸੋਚਾਂ ਅਤੇ ਸ਼ਕਤੀਆਂ ਦਾ ਜੰਗ ਖਹਿੜਾ ਛੱਡ ਦੇਵੇ ਤਾਂ ਅਸੀਂ ਇਕੋ ਪੀੜ੍ਹੀ ਵਿਚ ਸਾਰੇ ਸੰਸਾਰ ਦੀ ਸਮੁੱਚੀ ਗ਼ਰੀਬੀ ਨੂੰ ਦੂਰ ਕਰ ਸਕਦੇ ਹਾਂ।’ ––ਬਰਟ੍ਰੰਡ ਰਸਲ
‘ਜੰਗ ਨੂੰ ਸਾਹਸ ਅਤੇ ਪੁੰਨ ਦਾ ਨਾਂ ਦੇਣਾ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਕੋਈ ਅੱਯਾਸ਼ੀ ਤੇ ਬਦਮਸਤੀ ਨੂੰ ਪ੍ਰੇਮ ਜਾਂ ਮੁਹੱਬਤ ਦੇ ਨਾਂ ਨਾਲ ਬੁਲਾਵੇ।’ ––ਜਾਰਜ ਸੰਤਾਇਨ
‘ਜੇ ਜੰਗ ਨਾ ਕੋਈ ਹੁੰਦੀ ਤਾਂ ਦੁਨੀਆਂ ਉੱਤੇ ਇਸ ਕਦਰ ਜ਼ੁਲਮ ਨਾ ਕੀਤਾ ਗਿਆ ਹੁੰਦਾ।’ ––ਪੀ. ਬੀ. ਸ਼ੈਲੇ
‘ਜੰਗ ਮਾਨਵਤਾ ਦੀ ਪਲੇਗ ਹੈ ਤੇ ਮੇਰੀ ਪ੍ਰਬਲ ਇੱਛਾ ਹੈ ਕਿ ਇਸ ਧਰਤੀ ਉੱਤੋਂ ਖ਼ਾਤਮਾ ਕੀਤਾ ਜਾਵੇ।’
–– ਜਾਰਜ ਵਾਸ਼ਿੰਗਟਨ
ਇਹ ਉਕਤੀਆਂ ਪ੍ਰਮਾਣਿਤ ਕਰਦੀਆਂ ਹਨ ਕਿ ਹਰ ਜੰਗ ਦੇ ਪਿੱਛੇ ਕਿਸੇ ਨਾ ਕਿਸੇ ਰਾਜਨੀਤੀ ਜਾਂ ਰਾਜਨੀਤਿਕ ਵਿਚਾਰਧਾਰਾ ਦਾ ਹੱਥ ਹੁੰਦਾ ਹੈ। ਇਹ ਰਾਸ਼ਟ੍ਰਾਂ ਨੂੰ ਆਪਣੀ ਬਦਬਖ਼ਤ ਵਹਿਸ਼ਤ ਵਿਚ ਫਸਾ ਲੈਂਦੀ ਹੈ। ਜੰਗ ਤੇ ਦੋਸਤੀ, ––ਮਾਨਵੀ ਵਿਵਹਾਰ ਤੇ ਮਾਨਵੀ ਪ੍ਰਕਿਰਤੀ ਦੇ ਦੋ ਅੰਤਿਮ ਸਿਰੇ ਹਨ। ਇਕ ਵਿਚ ਮਾਨਵੀ ਕਦਰਾਂ ਕੀਮਤਾਂ ਛਿੱਕੇ ਟੰਗ ਦਿੱਤੀਆਂ ਜਾਂਦੀਆਂ ਹਨ ਤੇ ਦੂਜੇ ਵਿਚ ਰੂਹਾਨੀਅਤ ਦੀਆਂ ਸਿਖ਼ਰਾਂ ਉੱਤੇ ਲੈ ਜਾਣ ਦੀ ਸਰਬ ਸਮਰਥਾ ਹੁੰਦੀ ਹੈ। ਜੰਗ, ––ਕਲਾ ਅਤੇ ਕਲਾਕਾਰ, ––ਦੋਹਾਂ ਦੀ ਮੌਤ ਦਾ ਹਰਕਾਰਾ ਬਣ ਕੇ ਆਉਂਦੀ ਹੈ, ਸੱਚ ਦਾ ਵਰਤਾਰਾ ਰੋਕਣ ਲਈ ਆਉਂਦੀ ਹੈ ਤੇ ਮਨੁੱਖ ਦੁਆਰਾ ਮਨੁੱਖ ਦੀ ਬੇਕਦਰੀ ਦੀ ਜ਼ਾਮਿਨ ਬਣ ਕੇ ਆਉਂਦੀ ਹੈ। ਗ਼ਰੀਬੀ, ਭੁੱਖ-ਮਾਰੀ ਤੇ ਬੀਮਾਰੀ ਦਾ ਦੌਰ ਦੌਰਾ ਕਰਨਾ ਹੋਵੇ ਤਾਂ ਜੰਗ ਛੇੜ ਦਿਉ, ਇਹ ਸਾਰੀਆਂ ਆਪੇ ਆ ਜਾਣਗੀਆਂ। ਪਰ ਜੰਗ ਪਾਪ ਤੇ ਦੁਸ਼ਟਤਾ ਦਾ ਨਾਸ਼ ਵੀ ਕਰਦੀ ਹੈ।ਇਹ ਸੰਤਾਂ ਨੂੰ ਉਭਾਰਦੀ ਹੈ ਤੇ ਅਸੰਤਾਂ ਨੂੰ ਨਕਾਰਦੀ ਹੈ। ਜੇ ਜੰਗ ਦਾ ਭੈ ਜਾਂਦਾ ਰਹੇ ਤਾਂ ਮਨੁੱਖ ਦੁਆਰਾ ਮਨੁੱਖ ਦਾ, ਕੌਮ ਦੁਆਰਾ ਦੂਜੀ ਕੌਮ ਦਾ, ਇਕ ਖ਼ਿੱਤੇ ਦੁਆਰਾ ਦੂਜੇ ਦਾ ਉਹ ਹਾਲ ਕਰ ਦਿੱਤਾ ਜਾਵੇ ਜਾਂ ਹੋ ਜਾਵੇ, ਜਿਸ ਨੂੰ ਬਿਆਨ ਕਰ ਸਕਣਾ ਵੀ ਕਠਿਨ ਹੈ। ਸੋ ਜੰਗ ਕੋਈ ਐਸੀ ਹੋਣੀ ਨਹੀਂ ਜਿਸ ਨੂੰ ਟਾਲਿਆ ਹੀ ਨਾ ਜਾ ਸਕਦਾ ਹੋਵੇ।
ਸੋ ਵੱਖਰੇ ਵੱਖਰੇ ਲੋਕਾਂ ਨੇ ਜੰਗ ਨੂੰ ਵੱਖਰੀ ਵੱਖਰੀ ਦ੍ਰਿਸ਼ਟੀ ਤੋਂ ਬਿਆਨ ਕਰਨ ਦਾ ਉਪਰਾਲਾ ਕੀਤਾ ਹੈ। ਕਿਸੇ ਲਈ ਜੰਗ ਇਕ ਖ਼ਤਰਨਾਕ ਬੀਮਾਰੀ ਦੀ ਤਰ੍ਹਾਂ ਹੈ ਜਿਸ ਤੋਂ ਜਿੰਨੀ ਛੇਤੀ ਖਹਿੜਾ ਛੁਡਾਇਆ ਜਾ ਸਕੇ, ਛੁੜਾ ਲੈਣਾ ਚਾਹੀਦਾ ਹੈ ਜਾਂ ਜਿਸ ਨੂੰ ਜਿਵੇਂ ਕਿਵੇਂ ਟਾਲਿਆ ਜਾ ਸਕਦਾ ਹੋਵੇ, ਟਾਲਣਾ ਚਾਹੀਦਾ ਹੈ। ਯੁੱਧ ਮਨੁੱਖ ਦੀ ਸਭ ਤੋਂ ਵੱਡੀ ਭੁੱਲ ਮੰਨੀ ਗਈ ਹੈ ਜੋ ਉਸ ਨੂੰ ਨਹੀਂ ਕਰਨੀ ਚਾਹੀਦੀ। ਇਹ ਇਕ ਮਾਨਵਤਾ ਪ੍ਰਤਿ ਕੀਤਾ ਅਜਿਹਾ ਜੁਰਮ ਹੈ ਜਿਸ ਦਾ ਲਾਭ ਤਾਂ ਕੋਈ ਨਹੀਂ ਬਲਕਿ ਲੜਨ ਵਾਲੀਆਂ ਧਿਰਾਂ ਮਨੁੱਖਤਾ ਨਾਲ ਧ੍ਰੋਹ ਕਮਾਉਣ ਦੀਆਂ ਦੋਸ਼ੀ ਜ਼ਰੂਰ ਬਣਦੀਆਂ ਹਨ। ਇਸ ਤੋਂ ਵਿਪ੍ਰੀਤ ਸੋਚ ਰੱਖਣ ਵਾਲੇ ਯੁੱਧ ਨੂੰ ਇਕ ਸਾਹਸਪੂਰਣ ਮਨੁੱਖੀ ਕਾਰਜ ਗਿਣਦੇ ਹਨ ਤੇ ਜੰਗ ਨੂੰ ਮਨੁੱਖ ਦੇ ਬਾਕੀ ਕਾਰਜਾਂ ਵਾਂਗ ਹੀ ਇਕ ਜ਼ਰੂਰੀ ਕਾਰਜ ਮੰਨਦੇ ਹਨ ਜੋ ਦਿਲਚਸਪ ਵੀ ਹੈ ਤੇ ਲਾਭਦਾਇਕ ਵੀ।
ਜੰਗ ਤੇ ਕੈਂਪੇਨ (ਜੰਗੀ ਅੰਦੋਲਨ, ਫ਼ੌਜੀ ਕਾਰਵਾਈ, ਗਤੀਵਿਧੀ) ਦਾ ਤਜਰਬਾ ਲਗਭਗ ਹਰ ਮੁਲਕ ਅਤੇ ਹਰ ਕੌਮ ਨੂੰ ਹੈ। ਇਹ ਸਰਬ ਪ੍ਰਵਾਨਿਤ ਤੇ ਸਦੀਵੀ ਜਾਂ ਵਿਸ਼ਵ-ਵਿਆਪੀ ਸੱਚ ਹੈ ਕਿ ਸੰਸਾਰ ਦਾ ਕੋਈ ਹਿੱਸਾ ਐਸਾ ਨਹੀਂ ਜਿੱਥੇ ਜੰਗ ਨਾ ਹੋਈ ਹੋਵੇ। ਜੰਗੀ-ਕੈਂਪੇਨ ਜਾਂ ਅੰਦੋਲਨ ਵਿਚ ਕਈ ਲੜਾਈਆਂ ਹੋ ਸਕਦੀਆਂ ਹਨ।
ਯੁੱਧ ਦਾ ਕਾਰਣ ਤਿੰਨ ਪੱਖੀ ਹੈ, ––ਸ਼ਕਤੀ-ਪ੍ਰਾਪਤੀ, ਹਕ-ਪ੍ਰਾਪਤੀ ਤੇ ਵਿਚਾਰਾਂ ਦੀ ਵਿਚਾਰਾਂ ਉੱਤੇ ਵਿਜੈ-ਪ੍ਰਾਪਤੀ ਅਤੇ ਸ਼ਕਤੀ ਲਈ ਲੜੇ ਜਾਣ ਵਾਲੇ ਯੁੱਧ ਵਿਚ ਹਿੰਸਾ ਦੀ ਪ੍ਰਧਾਨਤਾ ਹੁੰਦੀ ਹੈ ਤੇ ਇਸ ਹਿੰਸਾ ਉੱਨੀ ਜ਼ਿਆਦਾ ਅਨੁਪਾਤ ਵਿਚ ਵਧਦੀ ਜਾਵੇਗੀ ਜਿੰਨੀ ਯੁੱਧਵੀਰ ਵਿੱਚ ਧਰਤੀ ਨੂੰ ਜਿੱਤਣ, ਸ਼ਕਤੀ ਨੂੰ ਵਧਾਉਣ ਅਤੇ ਧਨ ਨੂੰ ਇਕੱਤਰ ਕਰਨ ਦੀ ਲਾਲਸਾ ਵਧਣੀ ਜਾਵੇਗੀ। ਸੱਚ ਤੇ ਹੱਕ ਲਈ ਲੜੇ ਜਾਣ ਵਾਲੇ ਯੁੱਧ ਵਿਚੋਂ ਹਿੰਸਾ ਨੂੰ ਖ਼ਾਰਜ ਨਹੀਂ ਕੀਤਾ ਜਾ ਸਕਦਾ, ਪਰ ਇਸ ਹਿੰਸਾ ਦਾ ਮੰਤਵ ਮਾਨਵੀ ਹਿਤਾਂ ਦੀ ਰਾਖੀ, ਤੇ ਮਨੁੱਖ ਸ੍ਵੈਮਾਨ ਨੂੰ ਬਰਕਰਾਰ ਰੱਖਣਾ ਹੁੰਦਾ ਹੈ। ਤੀਜਾ ਮੰਤਵ ਹੈ ਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ਹਮਖ਼ਿਆਲ ਬਣਾਉਣ ਲਈ ਯੁੱਧ ਕਰਨਾ। ਠੰਡੀ ਜੰਗ ਇਸੇ ਮੰਤਵ ਦੀ ਪੂਰਤੀ ਲਈ ਕੀਤੇ ਜਾਣ ਵਾਲੇ ਯੁੱਧ ਦੀ ਇਕ ਕਿਸਮ ਹੈ।
ਜੰਗ ਇਕ ਕਲਾ ਹੈ। ਇਹ ਮਨੌਤ ਨਿਕੋਲੋ ਮੈਕਿਆਵਲੀ (1469-1527 ਈ.) ਦੀ ਹੈ। ਉਸ ਦੀ ਇਕ ਪੂਰੀ ਪੁਸਤਕ ਇਸ ਕਲਾ ਬਾਰੇ ਹੈ। ਪੁਸਤਕ ਦਾ ਨਾਂ ਹੈ ‘ਆਰਟ ਆਫ਼ ਵਾਰ’। ਪਿਛੇ ਜਿਹੇ ਕਰਨਲ ਗੁਰਦੀਪ ਸਿੰਘ ਨੇ ਇਸ ਪੁਸਤਕ ਦੇ ਹਵਾਲੇ ਨਾਲ ਸੰਬੰਧਿਤ ਲੇਖਕ ਦੀ ਯੁੱਧ ਕਲਾ ਬਾਰੇ ਦ੍ਰਿਸ਼ਟੀ ਨੂੰ ਵਿਚਾਰਨ ਹਿਤ ਇਕ ਲੇਖ ਪ੍ਰਕਾਸ਼ਿਤ ਕੀਤਾ ਜਿਸ ਵਿਚ ਕੁਝ ਕੁ ਮਹੱਤਵਪੂਰਣ ਨੁਕਤਿਆਂ ਵੱਲ ਸਾਡਾ ਧਿਆਨ ਦੁਆਇਆ। ਇਨ੍ਹਾਂ ਵਿਚੋਂ ਕੁਝ ਕੁ ਨੁਕਤੇ ਇਹ ਹਨ :
ਉਸ ਲੜਾਈ ਨੂੰ ਲੜਾਈ ਨਹੀਂ ਮੰਨਿਆ ਜਾ ਸਕਦਾ ‘ਜਿਸ ਵਿਚ ਕੋਈ ਮਾਰ-ਧਾੜ ਲੁੱਟ-ਖਸੁੱਟ ਨਾ ਹੋਵੇ। ‘ਲੜਾਈ ਦਾ ਟੀਚਾ ‘ਦੁਸ਼ਮਣ ਦਾ ਸਰਬਨਾਸ਼’ ਕਰਨਾ ਹੋਣਾ ਚਾਹੀਦਾ ਹੈ। ‘ਯੁੱਧ ਜੀਉਂਦਿਆਂ ਰਹਿਣ ਵਾਸਤੇ ਇਕ ਭੇੜ ਹੈ ਜਿਸ ਵਿਚ ਹਰ ਤਰੀਕੇ, ਹਰ ਵਸੀਲੇ ਦੀ ਵਰਤੋਂ ਜਾਇਜ਼ ਹੈ।’ ਜੰਗ ਲੜ ਰਹੀ ਧਿਰ ਦਾ ਮੁਖ ਨਿਸ਼ਾਨਾ ਕੌਮ, ਮਜ਼ਹਬ ਤੇ ਮੁਲਕ ਦੀ ਸੁਰੱਖਿਆ ਹੁੰਦਾ ਹੈ ਜਿਸ ਵਾਸਤੇ ਨਿਆਂ, ਦਇਆ, ਮਾਨ, ਅਪਮਾਨ, ਆਦਿ ਨੂੰ ਕਈ ਵਾਰ ਛਿੱਕੇ ਟੰਗਣਾ ਪੈ ਜਾਂਦਾ ਹੈ। ਇਕ ਯੋਧੇ ਦੀ ਸੋਚ, ਦੋ ਧਿਰਾਂ ਦੇ ਪਰਸਪਰ ਟਕਰਾਉ ਤਕ ਹੀ ਸੀਮਿਤ ਨਹੀਂ ਚਾਹੀਦੀ, ‘ਬਲਕਿ ਛਲ, ਕਪਟ, ਝਾਂਸੇ’ ਦੀ ਵਿਆਪਕ ਵਰਤੋਂ ਤਕ ਇਹ ਸੋਚ ਵਿਸਤ੍ਰਿਤ ਵੀ ਹੋ ਸਕਦੀ ਹੈ। ਦੁਸ਼ਮਣ ਦਾ ਹੌਸਲਾ ਪਸਤ ਕਰਨ ਵਾਸਤੇ ਕਈ ਵਾਰ ਅਫ਼ਵਾਹਾਂ ਦਾ ਸਾਹਰਾ ਲਿਆ ਜਾਂਦਾ ਹੈ। ਜਦੋਂ ਕੋਈ ਕੌਮ ਦਾ ਰਾਸ਼ਟ੍ਰ ਯੁੱਧ ਵਿਚ ਪੈਣਾ ਸਵੀਕਾਰ ਕਰ ਲਵੇ ਤਾਂ ਉਸ ਨੂੰ ਆਪਣੇ ਸਾਰੇ ਰਾਸ਼ਟ੍ਰੀ ਜਾਂ ਕੌਮੀ ਵਸੀਲੇ, ਸਾਰੀਆਂ ਸ਼ਕਤੀਆਂ, ਸ਼ਕਤੀ-ਸੋਮਿਆਂ, ਬੁੱਧ, ਦਿਲੇਰੀ ਆਦਿ ਨੂੰ ਪ੍ਰਯੋਗ ਵਿਚ ਲਿਆਉਣਾ ਪੈਂਦਾ ਹੈ। ਮੌਜੂਦਾ ਦੌਰ ਵਿਚ ਸਾਰੇ ਦੇਸ਼ ਨੂੰ ਹੀ, ਕਿਸੇ ਨਾ ਕਿਸੇ ਤਰ੍ਹਾਂ ਜੰਗ ਵਿਚ ਜੁਟ ਜਾਣਾ ਪੈਂਦਾ ਹੈ। ਸਾਰਾ ਰਾਸ਼ਟ੍ਰ ਇਕ ਅਨੁਸ਼ਾਸਨ ਵਿਚ ਬੱਝ ਜਾਂਦਾ ਹੈ ਜਿਸ ਨੂੰ ਯੁੱਧ ਅਨੁਸ਼ਾਸਨ ਦਾ ਨਾਂ ਦਿੱਤਾ ਜਾ ਸਕਦਾ ਹੈ। ਮੈਕਿਆਵਲੀ ਦੀ ਸੋਚ ਅਨੁਸਾਰ; “ਸਿਆਸੀ ਜੀਵਨ ਵਧਦੀਆਂ ਤੇ ਫੈਲਦੀਆਂ ਆਰਗਨਿਜ਼ਮਾਂ ’ਚ ਇਕ ਸੰਘਰਸ਼ ਵਾਂਗ ਹੈ, ਜਿਸ ਕਾਰਨ ਲੜਾਈ ਇਕ ਸੁਭਾਵਿਕ ਤੇ ਜ਼ਰੂਰੀ ਭਾਣਾ ਹੈ ਜੋ ਕਿਸੇ ਵੀ ਦੇਸ਼ ਦੀ ਬਚਾਊ ਯੋਗਤਾ ਨੂੰ ਸਾਬਤ ਕਰਦੈ ਜਾਂ ਮਿਟਾਉਂਦੈ। ਪਰ ਇਸ ਭਾਣੇ ਨੂੰ ਮੰਨਣ ਲਈ ਮੈਕਿਆਵਲੀ ਨੇ ਸਿਆਸੀ ਜਾਂ ‘ਰਾਜਸੀ ਚਤੁਰਾਈ’ ਨੂੰ ਅਪਣਾਉਣ ਦੀ ਵੀ ਗੱਲ ਕੀਤੀ ਜਿਸ ਨੂੰ ਕਰਨਲ ਗੁਰਦੀਪ ਸਿੰਘ ਨੇ, ਇਸ ਲੇਖਕ ਦੀ ਲਿਖਤ ਵਿਚੋਂ ਇਕ ਹਵਾਲਾ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਨੂੰ ਕਰਨਲ ਸਾਹਿਬ ਦੇ ਮੂਲ ਸ਼ਬਦਾਂ ਵਿਚ ਲਿਖਦੇ ਹਾਂ :
‘ਇਕ ਪ੍ਰਾਂਤ ਦਾ ਸ਼ਹਿਜ਼ਾਦਾ ਮੈਕਿਆਵਲੀ ਕੋਲੋਂ ਆਪਣੇ ਇਕ ਵਿਗੜੇ ਹੋਏ ਨਗਰ ਨੂੰ ਮੁੜ ਸਿੱਧਾ ਕਰਵਾਉਣ ਲਈ ਸਲਾਹ ਲੈਣ ਆਇਆ। ਮੈਕਿਆਵਲੀ ਨੇ ਸ਼ਹਿਜ਼ਾਦੇ ਨੂੰ ਆਖਿਆ ਕਿ ਉਹ ਆਪਣਾ ਸਭ ਤੋਂ ਜ਼ਿਆਦਾ ਸਾਜ਼ਿਸ਼ੀ ਜਰਨੈਲ ਉਸ ਕੋਲ ਘੱਲ ਦੇਵੇ। ਜਰਨੈਲ ਆਉਣ ’ਤੇ ਮੈਕਿਆਵਲੀ ਨੇ ਕਿਹਾ, “ਤੁਸੀਂ ਫਲਾਂ ਨਗਰ ਦੇ ਬਦਮਾਸ਼ ਲੋਕਾਂ ਦੀਆਂ ਕਰਤੂਤਾਂ ਬਾਰੇ ਚੰਗੀ ਤਰ੍ਹਾਂ ਵਾਕਿਫ਼ ਹੋ। ਤੁਹਾਡੇ ਸ਼ਹਿਜ਼ਾਦੇ ਦਾ ਆਦੇਸ਼ ਹੈ ਕਿ ਤੁਸੀਂ ਕਿਸੇ ਵੀ, ਤੇ ਹਰ, ਤਰੀਕੇ ਨਾਲ ਉਨ੍ਹਾਂ ਨੂੰ ਛੇ ਮਹੀਨਿਆਂ ’ਚ ਸਿੱਧੇ ਕਰ ਦਿਓ।’ ਜਰਨੈਲ ਨੇ ਅੱਤ ਚੁੱਕ ਦਿੱਤੀ ਜਿਸ ਨਾਲ ਲੋਕ, ਤੀਰ ਵਾਂਗ, ਸਿੱਧੇ ਤਾਂ ਹੋ ਗਏ ਪਰ ਜਰਨੈਲ ਨਾਲ ਖਾਰ ਖਾਣ ਲੱਗ ਪਏ। ਛੇਆਂ ਮਹੀਨਿਆਂ ਬਾਅਦ ਮੈਕਿਆਵਲੀ ਨੇ ਸ਼ਹਿਜ਼ਾਦੇ ਨੂੰ ਜਰਨੈਲ ’ਤੇ ਨਗਰ ਕੋਰਟ ਬੈਠਾਉਣ ਵਾਸਤੇ ਆਖਿਆ ਜੋ ਲੋਕਾਂ ਨਾਲ ਹੋਈਆਂ ਵਧੀਕੀਆਂ ਦੀ ਸੁਣਵਾਈ ਕਰੇਗੀ। ਕੋਰਟ ਨੇ ਜਰਨੈਲ ਨੂੰ ਹਰ ਪੱਖੋਂ ਦੋਸ਼ੀ ਠਹਿਰਾਇਆ। ਇਸ ਬਾਅਦ ਮੈਕਿਆਵਲੀ ਨੇ ਸ਼ਹਿਜ਼ਾਦੇ ਨੂੰ, ਜ਼ਰਨੈਲ ਦਾ ਸਿਰ ਕਢਵਾ ਕੇ ਨਗਰ ਦੇ ਵਿਚਾਲੇ ਲਟਕਾਉਣ ਵਾਸਤੇ ਕਿਹਾ ਤੇ ਇਵੇਂ ਹੀ ਕੀਤਾ ਗਿਆ।’
ਰਣਨੀਤੀ ਦੀ, ‘ਇੱਕੋ ਚਾਲ ਨਾਲ’ ਕਰਨਲ ਗੁਰਦੀਪ ਸਿੰਘ ਹੋਰਾਂ ਅਨੁਸਾਰ, ਮੈਕਿਅਵਲੀ ਨੇ ਤਿੰਨ ਸਮੱਸਿਆਵਾਂ ਨੂੰ ਹੱਲ ਕਰਕੇ ਦਿਖਾ ਦਿੱਤਾ। ਨਗਰ ਦੇ ਲੋਕਾਂ ਨੂੰ ਸਾਜ਼ਿਸ਼ੀ ਜਰਨੈਲ ਦੁਆਰਾ ਸਿੱਧੇ ਕਰ ਦਿੱਤਾ, ਇਸ ਸਾਜ਼ਿਸ਼ੀ ਜਰਨੈਲ ਨੂੰ ਸਦਾ ਲਈ ਆਪਣੇ ਰਾਹ ’ਚੋਂ ਹਟਾ ਕੇ ਰਿਆਸਤ ਨੂੰ ਸੁਰੱਖਿਅਤ ਕਰ ਲਿਆ ਤੇ ਜਰਨੈਲ ਦੀ ਮੌਤ ਤੋਂ ਬਾਅਦ ਰਿਆਸਤ ਦੇ ਲੋਕ ਮੁੜ ਸ਼ਹਿਜ਼ਾਦੇ ਦੀ ਭਰੋਸੇਯੋਗ ਰਿਆਇਆ ਬਣ ਗਏ।
ਇਕੋ ਹੀ ਨਸਲ ਦੇ ਜੀਵ ਆਪਸ ਵਿਚ ਲੜਦੇ ਭਿੜਦੇ ਵੇਖੇ ਗਏ ਹਨ। ਇਸ ਲੜਾਈ ਦੇ ਜੀਵ ਆਮ ਤੌਰ ’ਤੇ ਤਿੰਨ ਚੀਜ਼ਾਂ ਵਾਸਤੇ ਲੜਦੇ ਭਿੜਦੇ ਹਨ,––ਭੋਜਨ, ਭੂਮੀ ਅਤੇ ਨਾਰੀ (ਮਦੀਨ)। ਮਾਨਵੀ ਸੰਸਾਰ ਵਿਚ ਜੋ ਜੰਗਾਂ ਹੋਈਆਂ, ਉਨ੍ਹਾਂ ਪਿੱਛੇ ਇਨ੍ਹਾਂ ਤਿੰਨਾਂ ਨੂੰ, ਜਾਂ ਇਨ੍ਹਾਂ ਵਿਚੋਂ ਕਿਸੇ ਨੂੰ ਹਥਿਆਉਣ ਜਾਂ ਇਨ੍ਹਾਂ ਦੇ ਖੁੱਬਣ ਦੇ ਡਰੋਂ, ਹੋਈਆਂ। ਪੰਜਾਬੀ ਜੰਗਨਾਮਾ ਸਾਹਿਤ ਜਾਂ ਬਾਕੀ ਜ਼ਬਾਨਾਂ ਦੇ ਜੰਗਨਾਮਿਆਂ ਵਿਚੋਂ ਇਹ ਤੱਥ ਪ੍ਰਮਾਣਿਤ ਹੁੰਦਾ ਹੈ। ਕਈ ਵਾਰ ਇਕ ਭੂ-ਖੰਡ ਦੀ ਸੱਭਿਅਤਾ ਦੂਜੀ ਦੇ ਵਿਰੋਧ ਵਿਚ ਖਲੋਤੀ ਹੋਣ ਕਰਕੇ ਜੰਗ ਵਿੜਨ ਦਾ ਡਰ ਰਹਿੰਦਾ ਸੀ। ਵੀਰ ਗਾਥਾ ਕਾਲ ਜਾਂ ਮਹਾ ਕਾਵਿ ਕਾਲ ਵਿਚਲੇ ਯੁੱਧ ਬ੍ਰਿਤਾਂਤਾਂ ਦੇ ਅਧਿਐਨ ਤੋਂ ਇਹ ਤੱਥ ਪ੍ਰਮਾਣਿਤ ਹੁੰਦਾ ਹੈ ਕਿ ਇਸ ਕਾਲ-ਖੰਡ ਦੌਰਾਨ ਅਸੱਭਿਯ ਵਿਦੇਸ਼ੀ ਕਬੀਲਿਆਂ ਨੇ ਸੱਭਿਯ ਸਮਾਜਾਂ ਉਤੇ ਭੀਸ਼ਣ ਆਕ੍ਰਮਣ ਕੀਤੇ। ਮਿਸਰੀ, ਬੈਬੇਲੋਨੀਅਨ, ਸੀਥੀਅਨ, ਈਰਾਨੀ, ਜਰਮਨੀ, ਰੋਮਨ ਆਦਿ ਪੰਜਵੀਂ ਤੋਂ ਦੂਜੀ ਪੂਰਵ ਈਸਵੀ ਦੀਆਂ ਜੰਗਾਂ ਇਸੇ ਦੀਆਂ ਮਿਸਾਲਾਂ ਹਨ।
ਜੰਗਨਾਮਾ ਸਾਹਿਤ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਜੰਗਾਂ ਕਈ ਕਾਰਣਾਂ ਕਰਕੇ ਹੋਈਆਂ ਹਨ, ਕਈ ਕਾਰਣ ਰਾਜਨੀਤਿਕ ਸਨ, ਕਈ ਸਮਾਜਿਕ, ਕਈ ਮਨੋ-ਵਿਗਿਆਨਕ ਅਤੇ ਕਈ ਸਾਂਸਕ੍ਰਿਤਿਕ ਅਤੇ ਵਿਚਾਰਧਾਰਾਈ। ਇਨ੍ਹਾਂ ਕਾਰਣਾਂ ਤੋਂ ਛੁੱਟ ਕੁਝ ਜੰਗਾਂ ਪਿੱਛੇ ਆਰਥਕ ਕਾਰਣ ਵੀ ਵੇਖੇ ਜਾ ਸਕਦੇ ਹਨ। ਇਹ ਕਾਰਣ ਸ਼ਾਇਦ ਸਭ ਨਾਲੋਂ ਵੱਧ ਮਹੱਤਵਪੂਰਨ ਕਹੇ ਜਾ ਸਕਦੇ ਹਨ ਕਿਉਂਕਿ ਆਦਿ ਕਾਲ ਤੋਂ ਲੈ ਕੇ ਅਨੇਕ ਜੰਗ ਲੜੇ ਗਏ ਜਿਨ੍ਹਾਂ ਵਿਚੋਂ ਬਹੁਤਿਆਂ ਦੇ ਪਿੱਛੇ ਲੁਕਿਆ ਕਾਰਣ ਆਰਥਕ ਸੀ। ਜੇ ਅਸੀਂ ਵਿਸ਼ਵ ਪੱਧਰ ’ਤੇ ਰਾਸ਼ਟ੍ਰਾਂ ਵਿਚ ਸੰਬੰਧਾਂ ਦਾ ਅਧਿਐਨ ਕਰੀਏ ਤਾਂ ਪਤਾ ਲੱਗੇਗਾ ਕਿ ਇਨ੍ਹਾਂ ਨੂੰ ਇਕ ਦੂਜੇ ਨਾਲ ਜੋੜਨ ਵਾਲੀ ਕੜੀ ਆਰਥਿਕਤਾ ਹੈ। ਜਦੋਂ ਇਹ ਕੜੀ ਢਿੱਲੀ ਪੈਂਦੀ ਹੈ ਤਾਂ ਜੰਗ ਸ਼ੁਰੂ ਹੁੰਦੀ ਹੈ ਅਤੇ ਜਦੋਂ ਜੰਗ ਸ਼ੁਰੂ ਹੁੰਦੀ ਹੈ ਤਾਂ ਇਹ ਕੜੀ ਢਿੱਲੀ ਹੀ ਨਹੀਂ ਪੈ ਜਾਂਦੀ, ਟੁੱਟ ਵੀ ਜਾਂਦੀ ਹੈ।
ਲੇਖਕ : ਗੁਰਦੇਵ ਸਿੰਘ,
ਸਰੋਤ : ਜੰਗਨਾਮਾ ਸਰੂਪ ਸਿੱਧਾਂਤ ਤੇ ਵਿਕਾਸ, ਹੁਣ ਤੱਕ ਵੇਖਿਆ ਗਿਆ : 21690, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-22-02-37-59, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First