ਜੰਗਨਾਮਾ ਸਰਦਾਰ ਹਰੀ ਸਿੰਘ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜੰਗਨਾਮਾ ਸਰਦਾਰ ਹਰੀ ਸਿੰਘ (ਕਾਵਿ): ਇਹ ਕਵੀ ਰਾਮ ਦਿਆਲ ਦੀ ਰਚਨਾ ਹੈ ਜੋ ਜਾਤ ਦਾ ਅਣਦ ਖਤ੍ਰੀ ਸੀ ਅਤੇ ਨਵੇਂ ਸ਼ਹਿਰ ਦਾ ਵਸਨੀਕ ਸੀ। ਆਪਣੇ ਆਪ ਨੂੰ ਇਹ ਸ੍ਰੀ ਕ੍ਰਿਸ਼ਣ ਦਾ ਉਪਾਸਕ ਮੰਨਦਾ ਹੈ। ਇਹ ਸਰਦਾਰ ਹਰੀ ਸਿੰਘ ਨਲਵੇ ਦੀ ਜਾਗੀਰ ਵਿਚ ਕਾਰਦਾਰ ਸੀ ਅਤੇ ਨਲਵੇ ਸਰਦਾਰ ਪ੍ਰਤਿ ਅਗਾਧ ਸ਼ਰਧਾ ਰਖਦਾ ਸੀ। ਇਸ ਨੇ ਨਲਵੇ ਸਰਦਾਰ ਦੀ ਸੂਰਮਗਤੀ ਤੋਂ ਤੁਰੰਤ ਬਾਦ ਇਹ ਰਚਨਾ ਕੀਤੀ ਜਾਪਦੀ ਹੈ ਕਿਉਂਕਿ ਇਸ ਵਿਚ ਸਰਦਾਰ ਦੀ ਮ੍ਰਿਤੂ ਦਾ ਉਲੇਖ ਤਾਂ ਹੈ ਪਰ ਮਹਾਰਾਜਾ ਰਣਜੀਤ ਸਿੰਘ ਦੀ ਮ੍ਰਿਤੂ (ਸੰਨ 1839 ਈ.) ਵਲ ਕੋਈ ਸੰਕੇਤ ਨਹੀਂ

           ਇਸ ਰਚਨਾ ਵਿਚ ਕਵੀ ਨੇ ਸਰਦਾਰ ਨਲਵੇ ਦੀ ਜਮਰੌਧ ਵਾਲੀ ਲੜਾਈ, ਉਸ ਦੀ ਮ੍ਰਿਤੂ, ਮਹਾਰਾਜੇ ’ਤੇ ਉਸ ਦਾ ਅਸਰ ,ਸਰਦਾਰ ਮਹਾਂ ਸਿੰਘ ਦੀ ਬਹਾਦਰੀ ਅਤੇ ਰਾਜ-ਪ੍ਰਬੰਧ ਦੀ ਪ੍ਰਸ਼ੰਸਾ ਕੀਤੀ ਹੈ। ਇਹ ਜੰਗਨਾਮਾ ਬੈਂਤ ਛੰਦ ਵਿਚ ਲਿਖਿਆ ਗਿਆ ਹੈ, ਪਰ ਨਿਭਾ ਬਹੁਤ ਸਫਲ ਨਹੀਂ ਹੋਇਆ। ਇਸ ਵਿਚ ਕੁਲ 89 ਛੰਦ ਹਨ ਅਤੇ ਹਰ ਬੰਦ ਦੀਆਂ ਚਾਰ ਚਾਰ ਤੁਕਾਂ ਹਨ। ਕਿਤੇ ਕਿਤੇ ਦੋਹਰੇ ਅਤੇ ਕਬਿੱਤ ਦਾ ਰੂਪ ਵੀ ਮਿਲਦਾ ਹੈ ਅਤੇ ਸੀਹਰਫ਼ੀ ਕਾਵਿ-ਰੂਪ ਵੀ ਵਰਤਿਆ ਗਿਆ ਹੈ। ਬੋਲੀ ਸਰਲ ਅਤੇ ਠੇਠ ਹੈ, ਫ਼ਾਰਸੀ ਅਤੇ ਦੁਆਬੀ ਦਾ ਪ੍ਰਭਾਵ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ। ਸਰਦਾਰ ਨਲਵੇ ਦੀ ਯੁੱਧ-ਪ੍ਰਬੀਨਤਾ ਨੂੰ ਕਵੀ ਨੇ ਬਹੁਤ ਸਲਾਹਿਆ ਹੈ :

ਹਰੀ ਸਿੰਘ ਸਰਦਾਰ ਨੇ ਯੁੱਧ ਕੀਤਾ,

ਜਿਉਂ ਕਰ ਪਾਂਡਵਾਂ ਕੌਰਵਾਂ ਅੰਤ ਕੀਤਾ

ੇਖ ਜੁਧ ਸਰਦਾਰ ਦਾ ਖੁਸ਼ੀ ਹੰਦੇ,

            ਇ ਵਾਰ ਬੈਕੁੰਠ ਤੋਂ ਆਇ ਲੀਤਾ


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 929, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.