ਟਕਸਾਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟਕਸਾਲ (ਨਾਂ, ਇ) 1 ਉੱਤਮ ਸਿੱਖਿਆ ਦੇਣ ਵਾਲੀ ਪਾਠਸ਼ਾਲਾ 2 ਸਿੱਕਿਆਂ ਦੇ ਢਾਲਣ ਅਤੇ ਘੜੇ ਜਾਣ ਵਾਲੀ ਥਾਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7675, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਟਕਸਾਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟਕਸਾਲ [ਨਾਂਇ] ਉਹ ਥਾਂ ਜਿੱਥੇ ਸਿੱਕੇ ਢਾਲੇ ਜਾਂਦੇ ਹਨ; ਪ੍ਰਮਾਣਿਕ ਪਾਠਸ਼ਾਲਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7670, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਟਕਸਾਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟਕਸਾਲ. ਸੰ. टङ्ककशाला —ਟੰਕਕਸ਼ਾਲਾ. ਸੰਗ੍ਯਾ—ਟਕੇ ਬਣਾਉਣ ਦਾ ਘਰ. ਜਿੱਥੇ ਰੁਪਯਾ ਆਦਿ ਸਿੱਕੇ ਬਣਾਏ ਜਾਣ, ਉਹ ਮਕਾਨ. Mint. “ਘੜੀਐ ਸਬਦੁ ਸਚੀ ਟਕਸਾਲ.” (ਜਪੁ) ੨ ਭਾਵ—ਸਤਸੰਗ। ੩ ਉੱਤਮ ਸਿਖ੍ਯਾ ਦੇਣ ਵਾਲੀ ਪਾਠਸ਼ਾਲਾ। ੪ ਧਰਮਸ਼ਾਲਾ. ਗੁਰਦ੍ਵਾਰਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7444, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਟਕਸਾਲ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਟਕਸਾਲ: ਸੰਸਕ੍ਰਿਤ ਦੇ ‘ਟੰਕਕਸ਼ਾਲਾ’ ਸ਼ਬਦ ਤੋਂ ਬਣੇ ਇਸ ਸ਼ਬਦ ਦਾ ਅਰਥ ਹੈ ਉਹ ਥਾਂ ਜਿਥੇ ਟੱਕੇ ਅਥਵਾ ਸਿੱਕੇ ਘੜੇ ਜਾਂ ਬਣਾਏ ਜਾਂਦੇ ਹੋਣ। ‘ਜਪੁ ਜੀ’ ਵਿਚ ਘੜੀਐ ਸਬਦੁ ਸਚੀ ਟਕਸਾਲ ਦੇ ਕਥਨ ਦੁਆਰਾ ਸ਼ਬਦ ਰੂਪੀ ਸਿੱਕੇ ਦੇ ਘੜਨ ਲਈ ਸੱਚੀ ਟਕਸਾਲ ਦੀ ਰੂਪਕਾਤਮਕ ਸ੍ਰਿਸ਼ਟੀ ਕੀਤੀ ਗਈ ਹੈ। ਇਹ ਟਕਸਾਲ ਉਸ ਮਨੋਸਥਿਤੀ ਦੀ ਸੂਚਕ ਹੈ ਜਿਸ ਵਿਚੋਂ ਧੁਰ ਕੀ ਬਾਣੀ ਉਤਰੀ ਸੀ। ਭਾਵਾਰਥਕ ਤੌਰ ’ਤੇ ਇਸ ਦੀ ਵਰਤੋਂ ‘ਸਤਿਸੰਗਤ’ ਲਈ ਵੀ ਕਰ ਲਈ ਜਾਂਦੀ ਹੈ।
ਸਿੱਖ ਜਗਤ ਵਿਚ ਗੁਰਬਾਣੀ ਸੰਬੰਧੀ ਉਤਮ ਸਿਖਿਆ ਦੇਣ ਵਾਲੀ ਪਾਠਸ਼ਾਲਾ ਲਈ ਇਸ ਸ਼ਬਦ ਦੀ ਵਰਤੋਂ ਪ੍ਰਚਲਿਤ ਹੈ। ਰਵਾਇਤ ਅਨੁਸਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ‘ਤਲਵੰਡੀ ਸਾਬੋ ਕੀ ’ ਪਹੁੰਚੇ ਤਾਂ ਆਪ ਨੇ ਗ੍ਰੰਥ ਸਾਹਿਬ ਦੀ ਬੀੜ ਵਿਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕਰਕੇ ਉਸ ਨੂੰ ਅੰਤਿਮ ਰੂਪ ਦਿੱਤਾ। ਸਿੱਖਾਂ ਨੂੰ ਬਾਣੀ ਦਾ ਸਹੀ ਅਰਥ ਬੋਧ ਕਰਾਉਣ ਲਈ ਖ਼ੁਦ ਕਥਾ ਕਰਨ ਦਾ ਆਰੰਭ ਕੀਤਾ। ਉਸ ਵਕਤ ਉਸ ਕਥਾ ਨੂੰ ਸੁਣਨ ਵਾਲੇ 48 ਪ੍ਰੇਮੀ ਜਿਗਿਆਸੂਆਂ ਵਿਚ ਬਾਬਾ ਦੀਪ ਸਿੰਘ ਅਤੇ ਭਾਈ ਮਨੀ ਸਿੰਘ ਵੀ ਸ਼ਾਮਲ ਸਨ ।
ਗੁਰੂ ਜੀ ਦੇ ਦੱਖਣ ਨੂੰ ਪ੍ਰਸਥਾਨ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਅਰਥ-ਪ੍ਰਣਾਲੀ ਨੂੰ ਜਾਰੀ ਰਖਣ ਲਈ ਬਾਬਾ ਦੀਪ ਸਿੰਘ ਨੂੰ ਦਮਦਮਾ ਸਾਹਿਬ (ਤਲਵੰਡੀ ਸਾਬੋ ਕੀ) ਵਿਚ ਅਤੇ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਵਿਚ ਟਕਸਾਲਾਂ ਕਾਇਮ ਕਰਨ ਦੀ ਹਦਾਇਤ ਕੀਤੀ। ਬਾਬਾ ਦੀਪ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਬੀੜਾਂ ਲਿਖ ਕੇ ਉਨ੍ਹਾਂ ਨੂੰ ਚੌਹਾਂ ਤਖ਼ਤਾਂ ਉਤੇ ਸਥਾਪਿਤ ਕੀਤਾ। ਉਹ ਬੀੜਾਂ ‘ਦਮਦਮੀ ਬੀੜਾਂ’ ਦੇ ਨਾਂ ਨਾਲ ਪੰਥ ਵਿਚ ਪ੍ਰਸਿੱਧ ਹੋਈਆਂ। ਇਸ ਤੋਂ ਇਲਾਵਾ ਜਿਗਿਆਸੂਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਰਥ-ਬੋਧ ਕਰਾਉਣ ਲਈ ਬਾਬਾ ਦੀਪ ਸਿੰਘ ਨੇ ਗੁਰਬਾਣੀ ਦੇ ਅਰਥ ਕਰਨੇ ਵੀ ਸ਼ੁਰੂ ਕੀਤੇ। ਇਹੀ ਉਦਮ ‘ਦਮਦਮੀ ਟਕਸਾਲ’ ਦੇ ਰੂਪ ਵਿਚ ਸਾਹਮਣੇ ਆਇਆ।
ਭਾਈ ਮਨੀ ਸਿੰਘ ਨੂੰ ਗੁਰੂ ਜੀ ਨੇ ਅੰਮ੍ਰਿਤਸਰ ਭੇਜਿਆ। ਉਥੇ ਉਨ੍ਹਾਂ ਨੇ ਹਰਿਮੰਦਿਰ ਸਾਹਿਬ ਦੀ ਸੇਵਾ ਸੰਭਾਲ ਕੀਤੀਆਂ ਅਤੇ ਗੁਰਬਾਣੀ ਦੇ ਅਰਥ ਕਰਨੇ ਵੀ ਸ਼ੁਰੂ ਕੀਤੇ। ਕਹਿੰਦੇ ਹਨ ਕਿ ਭਾਈ ਸਾਹਿਬ ਹਰ ਸਾਲ ਇਕ ਵਾਰ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਸਨ। ਇਸ ਨੂੰ ਭਾਈ ਮਨੀ ਸਿੰਘ ਟਕਸਾਲ, ਸੰਪ੍ਰਦਾਈ ਟਕਸਾਲ ਜਾਂ ਗਿਆਨੀ ਟਕਸਾਲ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।
ਉਪਰੋਕਤ ਦੋਵੇਂ ਟਕਸਾਲਾਂ ਬਾਦ ਵਿਚ ਹੋਏ ਵਿਦਵਾਨਾਂ ਦੁਆਰਾ ਜਾਰੀ ਰਖੀਆਂ ਗਈਆਂ। ਇਨ੍ਹਾਂ ਵਿਚੋਂ ਪੜ੍ਹੇ ਹੋਏ ਕਈ ਵਿਦਵਾਨਾਂ ਨੇ ਆਪਣੇ ਆਪਣੇ ਡੇਰਿਆਂ ਵਿਚ ਅਰਥ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨਾਲ ਸੰਬੰਧਿਤ ਡੇਰਿਆਂ ਨੂੰ ਵੀ ਕਈ ਵਾਰ ਟਕਸਾਲਾਂ ਦਾ ਨਾਂ ਦੇ ਦਿੱਤਾ ਜਾਂਦਾ ਹੈ, ਪਰ ਅਧਿਕਾਰੀ ਤੌਰ ਉਤੇ ਦੋ ਹੀ ਟਕਸਾਲਾਂ ਹਨ— ਦਮਦਮੀ ਟਕਸਾਲ ਅਤੇ ਸੰਪ੍ਰਦਾਈ ਟਕਸਾਲ।
ਇਨ੍ਹਾਂ ਟਕਸਾਲਾਂ ਤੋਂ ਪੜ੍ਹੇ ਹੋਏ ਵਿਦਵਾਨਾਂ ਨੂੰ ‘ਟਕਸਾਲੀ ਵਿਦਵਾਨ’ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਵਿਚ ਕੀਤੇ ਗਏ ਅਰਥਾਂ ਨੂੰ ‘ਟਕਸਾਲੀ ਅਰਥ’ ਮੰਨਿਆ ਜਾਂਦਾ ਹੈ। ਪੰਥ ਵਿਚ ਟਕਸਾਲੀ ਅਰਥਾਂ ਨੂੰ ਹੀ ਪ੍ਰਮਾਣਿਕ ਅਰਥਾਂ ਵਜੋਂ ਸਵੀਕਾਰ ਕੀਤਾ ਜਾਂਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7408, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਟਕਸਾਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ
ਟਕਸਾਲ : ਟਕਸਾਲ ਉਸ ਕਾਰਖ਼ਾਨੇ ਨੂੰ ਕਹਿੰਦੇ ਹਨ, ਜਿਥੇ ਦੇਸ਼ ਦੀ ਸਰਕਾਰ ਦੁਆਰਾ ਜਾਂ ਉਸ ਦੇ ਦਿੱਤੇ ਹੋਏ ਅਧਿਕਾਰਾਂ ਨਾਲ ਸਿੱਕਿਆਂ ਦਾ ਨਿਰਮਾਣ ਹੁੰਦਾ ਹੈ। ਭਾਰਤ ਵਿਚ ਅਜਿਹੀਆਂ ਟਕਸਾਲਾਂ ਕਲਕੱਤੇ ਅਤੇ ਬੰਬਈ ਵਿਚ ਹਨ।
ਇਤਿਹਾਸ––ਸਿੱਕਿਆਂ ਦਾ ਸਭ ਤੋਂ ਪਹਿਲਾਂ ਨਿਰਮਾਣ ਸ਼ਾਇਦ ਅੱਠਵੀਂ ਸਦੀ ਈ. ਪੂ. ਵਿਚ ਛੋਟੇ ਏਸ਼ੀਆ ਦੇ ਲਿਡੀਆ ਪ੍ਰਦੇਸ਼ ਵਿਚ ਹੋਇਆ। ਚੀਨ ਵਿਚ ਵੀ ਲਗਭਗ ਇਸੇ ਹੀ ਕਾਲ ਵਿਚ ਇਨ੍ਹਾਂ ਦਾ ਆਰੰਭ ਹੋਇਆ ਅਤੇ ਇਥੋਂ ਹੀ ਇਹ ਰਵਾਇਤ ਜਾਪਾਨ ਅਤੇ ਕੋਰੀਆ ਵਿਚ ਫੈਲੀ। ਭਾਵੇਂ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਭਾਰਤ ਵਿਚ ਇਨ੍ਹਾਂ ਦਾ ਆਰੰਭ ਕਦੋਂ ਹੋਇਆ, ਫਿਰ ਵੀ ਚੌਥੀ ਸਦੀ ਈ. ਪੂ. ਵਿਚ ਸਿੱਕੇ ਬਣਨੇ ਜ਼ਰੂਰ ਸ਼ੁਰੂ ਹੋ ਗਏ ਸਨ।
ਪ੍ਰਾਚੀਨ ਕਾਲ ਤੋਂ ਹੀ ਸਿੱਕੇ ਧਾਤਾਂ ਦੇ ਬਣਦੇ ਆ ਰਹੇ ਹਨ। ਇਸ ਕੰਮ ਲਈ ਇਲੈੱਕਟਰਮ (ਇਕ ਧਾਤ ਜਿਸ ਵਿਚ ਸੋਨੇ ਅਤੇ ਚਾਂਦੀ ਕੁਦਰਤੀ ਤੌਰ ਤੇ ਰਲੇ ਹੋਏ ਹੁੰਦੇ ਹਨ), ਸੋਨਾ, ਚਾਂਦੀ, ਤਾਂਬਾ ਅਤੇ ਕਾਂਸੀ ਦਾ ਇਸਤੇਮਾਲ ਹੁੰਦਾ ਆਇਆ ਹੈ। ਇਨ੍ਹਾਂ ਤੋਂ ਇਲਾਵਾ ਸਿੱਕਾ, ਲੋਹਾ, ਐਲੂਮਿਨੀਅਮ ਅਤੇ ਨਿਕਲ ਦਾ ਵੀ ਇਸ ਆਧੁਨਿਕ ਯੁਗ ਵਿਚ ਪ੍ਰਯੋਗ ਹੋਇਆ ਹੈ।
ਪਹਿਲਾਂ ਸ਼ੁੱਧ ਸੋਨੇ ਜਾਂ ਚਾਂਦੀ ਦੇ ਸਿੱਕਿਆਂ ਨੂੰ ਮਹੱਤਤਾ ਦਿੱਤੀ ਜਾਂਦੀ ਸੀ ਕਿਉਂਕਿ ਦੂਜੇ ਦੇਸ਼ਾਂ ਦੇ ਵਿਉਪਾਰੀ ਇਨ੍ਹਾਂ ਨੂੰ ਖੁਸ਼ੀ ਨਾਲ ਸਵੀਕਾਰ ਕਰ ਲੈਂਦੇ ਸਨ ਪ੍ਰੰਤੂ ਇਹ ਦੇਖਿਆ ਗਿਆ ਹੈ ਕਿ ਸੋਨੇ ਜਾਂ ਚਾਂਦੀ ਵਿਚ ਤਾਂਬਾ ਮਿਲਾਉਣ ਨਾਲ ਨਾ ਕੇਵਲ ਉਸ ਦਾ ਖ਼ਰਚ ਘਟਦਾ ਹੈ ਸਗੋਂ ਸਿੱਕੇ ਵਿਚ ਮਜਬੂਤੀ ਅਤੇ ਕਰੜਾਈ ਵੱਧ ਜਾਂਦੀ ਹੈ, ਜਿਸ ਕਾਰਨ ਸਿੱਕੇ ਘਸਦੇ ਘੱਟ ਹਨ ਅਤੇ ਵਧੇਰੇ ਚਿਰ ਚਲਦੇ ਹਨ। ਜੇਕਰ ਤਾਂਬੇ ਦੀ ਮਾਤਰਾ ਵਧਾ ਦਿੱਤੀ ਜਾਵੇ ਤਾਂ ਜੰਗਾਲ ਲਗਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸੇ ਲਈ ਤਾਂਬੇ ਦੀ ਮਾਤਰਾ ਇੰਨੀ ਕੁ ਰਖਣੀ ਚਾਹੀਦੀ ਹੈ, ਜਿਸ ਨਾਲ ਜੰਗਾਲ ਨਾ ਲਗੇ।
ਯੂਨਾਨ ਵਿਚ ਸਭ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੇ ਸਿੱਕੇ ਸ਼ੁੱਧ ਧਾਤ ਤੋਂ ਬਣਾਏ ਜਾਂਦੇ ਸਨ ਪ੍ਰੰਤੂ ਰੋਮ ਸਮਰਾਟਾਂ ਦੇ ਸਮੇਂ ਇਨ੍ਹਾਂ ਵਿਚ ਤਾਂਬਾ ਮਿਲਾਇਆ ਜਾਣ ਲਗ ਪਿਆ ਸੀ। ਰੋਮ ਸਾਮਰਾਜ ਦੇ ਪਿਛਲੇਰੇ ਕਾਲ ਦੇ ਸਿੱਕਿਆਂ ਵਿਚ 2 ਪ੍ਰਤਿਸ਼ਤ ਜਾਂ ਇਸ ਤੋਂ ਵੀ ਘੱਟ ਸੋਨੇ ਦੀ ਮਿਕਦਾਰ ਹੁੰਦੀ ਸੀ। ਮੱਧਕਾਲ ਵਿਚ ਪੱਛਮੀ ਯੂਰਪ ਵਿਚ ਫਿਰ ਸ਼ੁਧ ਧਾਤਾਂ ਦਾ ਇਸਤੇਮਾਲ ਹੋਣ ਲਗ ਪਿਆ ਸੀ। ਇੰਗਲੈਂਡ ਵਿਚ 1526 ਈ. ਵਿਚ 22 ਕੈਰਟ (11/12 ਸ਼ੁਧ) ਸ਼ੁਧ ਸੋਨੇ ਦਾ ਇਸਤੇਮਾਲ ਆਰੰਭ ਹੋਇਆ। ਫ਼ਰਾਂਸ ਅਤੇ ਹੋਰ ਦੇਸ਼ਾਂ ਵਿਚ ਸੋਨੇ ਅਤੇ ਚਾਂਦੀ, ਦੋਨੋਂ ਤਰ੍ਹਾਂ ਦੇ, ਸਿੱਕਿਆਂ ਵਿਚ 10 ਹਿੱਸਿਆਂ ਵਿਚ 9 ਹਿੱਸੇ ਸ਼ੁਧ-ਧਾਤ ਰਲਾਈ ਜਾਂਦੀ ਸੀ। ਭਾਰਤ ਵਿਚ ਸੰਨ 1941 ਤੱਕ ਇਨ੍ਹਾਂ ਦੋਨੋਂ ਧਾਤਾਂ ਦੇ ਸਿੱਕਿਆਂ ਦੇ 12 ਹਿੱਸਿਆਂ ਵਿਚ 11 ਹਿੱਸੇ ਸ਼ੁਧ ਧਾਤ ਮਿਲਾਈ ਜਾਂਦੀ ਸੀ ਪ੍ਰੰਤੂ ਇਸ ਸਾਲ ਤੋਂ ਬਾਅਦ ਚਾਂਦੀ ਦੇ ਸਿੱਕਿਆਂ ਵਿਚ ਚਾਂਦੀ ਦਾ ਹਿੱਸਾ ਅੱਧਾ ਕਰ ਦਿੱਤਾ ਗਿਆ।
ਸੰਯੁਕਤ ਰਾਜ ਅਮਰੀਕਾ ਵਿਚ ਸੰਨ 1934 ਤੋਂ 10 ਹਿੱਸਿਆਂ ਵਿਚ ਨੌਂ ਹਿੱਸੇ ਸ਼ੁੱਧ ਅਤੇ ਭਾਰ ਅਨੁਸਾਰ 15 5/21 ਗਰੇਨ ਸੋਨੇ ਦੇ ਡਾਲਰ ਦਾ ਪ੍ਰਚਲਨ ਆਰੰਭ ਹੋਇਆ। ਦੂਜੇ ਸੰਸਾਰ ਯੁੱਧ ਸਮੇਂ ਸੰਨ 1942 ਤੋਂ ਪੰਜ ਸੈਂਟ ਦੇ ਸਿੱਕੇ 35 ਪ੍ਰਤਿਸ਼ਤ ਚਾਂਦੀ, 56 ਪ੍ਰਤਿਸ਼ਤ ਤਾਂਬਾ ਅਤੇ 9 ਪ੍ਰਤਿਸ਼ਤ ਮੈਂਗਨੀਜ਼ ਨਾਲ ਬਣਨ ਲਗੇ ਪ੍ਰੰਤੂ ਸੰਨ 1945 ਤੋਂ ਇਸ ਮਿਸ਼ਰਤ ਧਾਤ ਦੀ ਥਾਂ 75 ਪ੍ਰਤਿਸ਼ਤ ਤਾਂਬੇ ਅਤੇ 25 ਪ੍ਰਤਿਸ਼ਤ ਨਿਕਲ ਵਾਲੀ ਮਿਸ਼ਰਤ ਧਾਤ ਦਾ ਪ੍ਰਯੋਗ ਹੋਣ ਲੱਗਾ। ਸੰਨ 1946 ਤੋਂ ਪਹਿਲਾਂ ਇਸ ਦੇਸ਼ ਦੇ ਚਾਂਦੀ ਦੇ ਸਿੱਕਿਆਂ ਵਿਚ 90 ਪ੍ਰਤਿਸ਼ਤ ਚਾਂਦੀ ਅਤੇ 10 ਪ੍ਰਤਿਸ਼ਤ ਤਾਂਬਾ ਰਲਿਆ ਹੁੰਦਾ ਸੀ।
ਛੋਟੇ ਸਿੱਕਿਆਂ ਲਈ ਫ਼ਰਾਂਸ ਨੇ 95 ਪ੍ਰਤਿਸ਼ਤ ਤਾਂਬਾ, 4 ਪ੍ਰਤਿਸ਼ਤ ਟਿਨ ਅਤੇ 1 ਪ੍ਰਤਿਸ਼ਤ ਜਿਸਤ ਦਾ ਪ੍ਰਯੋਗ ਕਰਨਾ ਆਰੰਭ ਕਰ ਦਿੱਤਾ ਸੀ ਅਤੇ ਦੇਖਾ ਦੇਖੀ ਬਾਕੀ ਦੇਸ਼ਾਂ ਵਿਚ ਵੀ ਅਜਿਹਾ ਹੀ ਹੋਣ ਲਗ ਪਿਆ ਸੀ। ਸੰਨ 1861 ਬੈਲਜੀਅਮ ਵਿਚ ਚਾਂਦੀ ਦੀ ਥਾਂ ਇਕ ਤਾਂਬੇ ਅਤੇ ਨਿਕਲ ਦੀ ਮਿਸ਼ਰਤ ਧਾਤ, ਜਿਸ ਵਿਚ 75 ਪ੍ਰਤਿਸ਼ਤ ਤਾਂਬਾ ਅਤੇ 25 ਪ੍ਰਤਿਸ਼ਤ ਨਿਕਲ ਹੁੰਦਾ ਸੀ, ਪ੍ਰਯੋਗ ਹੋਣ ਲੱਗੀ। ਸੰਨ 1947 ਤੋਂ ਸਿੱਕਿਆਂ ਵਿਚ ਚਾਂਦੀ ਦੀ ਥਾਂ ਇਸ ਧਾਤ ਦਾ ਪ੍ਰਯੋਗ ਇੰਗਲੈਂਡ ਨੇ ਵੀ ਸ਼ੁਰੂ ਕੀਤਾ ਅਤੇ ਛੇਤੀ ਹੀ ਦੂਜੇ ਹੋਰ ਦੇਸ਼ਾਂ ਵਿਚ ਵੀ ਇਸੇ ਧਾਤ ਦੀ ਵਰਤੋਂ ਹੋਣ ਲਗ ਪਈ। ਨਿਕਲ-ਪਿਤਲ ਸਿੱਕੇ ਵੀ (ਜਿਸ ਵਿਚ 79 ਪ੍ਰਤਿਸ਼ਤ ਤਾਂਬਾ, 20 ਪ੍ਰਤਿਸ਼ਤ ਜਿਸਤ ਅਤੇ 1 ਪ੍ਰਤਿਸ਼ਤ ਨਿਕਲ ਹੁੰਦਾ ਹੈ) ਅਨੇਕਾਂ ਦੇਸ਼ਾਂ ਵਿਚ ਬਣਨ ਲੱਗੇ। ਸੰਯੁਕਤ ਰਾਜ ਅਮਰੀਕਾ ਦੇ ਇਕ ਸੈਂਟ ਦੇ ਸਿੱਕੇ ਫ਼ਰਵਰੀ 1943 ਤੋਂ ਕਾਂਸੀ ਦੀ ਥਾਂ ਜਿਸਤ ਚੜ੍ਹੀ ਸਟੀਲ ਦੇ ਬਣਾਏ ਜਾਣ ਲੱਗੇ ਪ੍ਰੰਤੂ 10 ਮਹੀਨੇ ਬਾਅਦ ਇਨ੍ਹਾਂ ਦਾ ਨਿਰਮਾਣ ਬੰਦ ਕਰ ਦਿੱਤਾ ਗਿਆ ਸੀ।
ਸਿੱਕਿਆਂ ਦਾ ਨਿਰਮਾਣ––ਪ੍ਰਾਚੀਨ ਕਾਲ ਵਿਚ ਸਿੱਕੇ ਦੋ ਠੱਪਿਆਂ ਦੇ ਵਿਚਕਾਰ ਰੱਖ ਕੇ, ਹਥੋੜੇ ਨਾਲ ਬਣਾਏ ਜਾਂਦੇ ਸਨ। ਭਾਰਤ ਵਿਚ ਇਹ ਵਿਧੀ 19ਵੀਂ ਸਦੀ ਤੱਕ ਪ੍ਰਚੱਲਤ ਰਹੀ। ਕਿਸੇ ਕਿਸੇ ਥਾਂ ਸਿੱਕੇ ਢਾਲ੍ਹੇ ਵੀ ਜਾਂਦੇ ਸਨ। ਆਧੁਨਿਕ ਟਕਸਾਲ ਵਿਚ ਸਿੱਕੇ ਵਿਸ਼ੇਸ਼ ਕਰਕੇ ਮਸ਼ੀਨਾਂ ਦੁਆਰਾ ਠੱਪੇ ਜਾਂਦੇ ਸਨ ਇਹ ਕੰਮ ਅੱਠ ਸਟੈਪਾਂ ਵਿਚ ਹੁੰਦਾ ਹੈ।
1. ਧਾਤ ਸ਼ੁਧ ਕਰਨਾ––ਇਸ ਕੰਮ ਲਈ ਬਿਜਲੱਈ ਅਪਘਟਨ ਵਿਧੀ ਅਪਨਾਈ ਜਾਂਦੀ ਹੈ।
2. ਸਿਲਾਂ ਤਿਆਰ ਕਰਨਾ––ਸ਼ੁੱਧ ਧਾਤਾਂ ਨੂੰ ਪਿਘਲਾ ਕੇ ਸਿਲਾਂ ਤਿਆਰ ਕੀਤੀਆਂ ਜਾਂਦੀਆਂ ਹਨ।
3. ਸਿਲਾਂ ਨੂੰ ਵੇਲ੍ਹ ਕੇ ਪਤੀਆਂ (Fillets or Strips) ਤਿਆਰ ਕਰਨਾ––ਇਹ ਕੰਮ ਢਾਲੀਆਂ ਗਈਆਂ ਸਿਲਾਂ ਜਾਂ ਪਤੀਆਂ ਨੂੰ ਵਾਰ ਵਾਰ ਕਈ ਬੇਲਨਾਂ ਦੇ ਵਿਚੋਂ ਦੀ ਲੰਘਣ ਤੋਂ ਬਾਅਦ ਪੂਰਾ ਹੁੰਦਾ ਹੈ। ਅਖੀਰਲੇ ਬੇਲਨ ਸਭ ਤੋਂ ਘੱਟ ਵਿਆਸ ਦੇ ਹੁੰਦੇ ਹਨ। ਜਦੋਂ ਲੋੜੀਂਦੀ ਮੋਟਾਈ ਦੀਆਂ ਪੱਤੀਆਂ ਬਣ ਜਾਂਦੀਆਂ ਹਨ ਤਾਂ ਇਨ੍ਹਾਂ ਵਿਚੋਂ ਇਕ ਜਾਂ ਦੋ ਟਿੱਕੀਆਂ ਕਟ ਕੇ ਤੋਲ ਲਈਆਂ ਜਾਂਦੀਆਂ ਹਨ। ਜੇਕਰ ਭਾਰੀ ਹੋਣ ਤਾਂ ਪਤੀਆਂ ਨੂੰ ਫਿਰ ਦੁਬਾਰਾ ਬੇਲ ਕੇ ਪਤਲਾ ਕੀਤਾ ਜਾਂਦਾ ਹੈ।
4. ਟਿੱਕੀਆਂ ਕਟਣਾ––ਇਹ ਕੰਮ ਚਿੱਤਰ 1 ਵਿਚ ਦਿਖਾਈਆਂ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ।
5. ਟਿੱਕੀਆਂ ਦਾ ਤਾਪ ਉਪਚਾਰ ਅਤੇ ਸਫਾਈ ਕਰਨਾ––ਟਿੱਕੀਆਂ ਨੂੰ ਭੱਠੀਆਂ ਵਿਚ ਗਰਮ ਕਰਕੇ ਠੰਢਾ ਕਰਦੇ ਹਨ, ਜਿਸ ਨਾਲ ਉਹ ਕੁਝ ਨਰਮ ਹੋ ਜਾਂਦੀਆਂ ਹਨ। ਇਸ ਕਿਰਿਆਂ ਤੋਂ ਬਾਅਦ ਇਨ੍ਹਾਂ ਦਾ ਰੰਗ ਕਾਲਾ ਜਿਹਾ ਹੋ ਜਾਂਦਾ ਹੈ। ਫਿਰ ਇਹ ਗਰਮ ਹਲਕੇ ਗੰਧਕ ਦੇ ਤੇਜ਼ਾਬ ਅਤੇ ਬਾਕਰੋਮੇਟ ਦੇ ਮਿਸ਼ਰਣ ਵਿਚ ਪਾ ਦਿੱਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਇਹ ਸਾਫ਼ ਹੋ ਕੇ ਨਿਕਲਦੀਆਂ ਹਨ। ਧੋਣ ਨਾਲ ਤੇਜ਼ਾਬ ਉਤਰ ਜਾਂਦਾ ਹੈ ਤੇ ਇਨ੍ਹਾਂ ਨੂੰ ਸੁਕਾ ਲਿਆ ਜਾਂਦਾ ਹੈ।
6. ਟਿੱਕੀਆਂ ਦੇ ਕਿਨਾਰੇ ਬਣਾਉਣੇ (Upsetting)––ਬੇਲਨ ਨਾਲ ਇਨ੍ਹਾਂ ਦੇ ਕਿਨਾਰਿਆਂ ਨੂੰ ਉਭਰਵੇਂ ਬਣਾਇਆ ਜਾਂਦਾ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿ ਪ੍ਰਚਾਲਨ ਵੇਲੇ
(ਚਾਂਦੀ ਜਾਂ ਕਿਸੇ ਹੋਰ ਧਾਤ ਦੀਆਂ ਪੱਤੀਆਂ ਵਿਚੋਂ ਇਕੋਂ ਵਾਰੀ ਦੋ-ਦੋ ਟਿੱਕੀਆਂ ਬਣਾਉਣ ਵਾਲੀ ਮਸ਼ੀਨ ਹੈ ਜਿਸ ਵਿਚ 1. ਕੱਟਣ ਵਾਲੇ ਫੌਲਾਦੀ ਬੇਲਨ 2. ਉਪਰਲਾ ਫੱਟਾ 3. ਪੱਟੀ ਭੇਜਣ ਵਾਲਾ ਬੇਲਨ 4. ਚਾਂਦੀ ਦੀ ਪੱਟੀ ਤੇ 5. ਹੇਠਲਾ ਫੱਟਾ ਹੈ।) ਇਸ ਉੱਤੇ ਲਿਖੇ ਅੱਖਰ ਆਦਿ ਘਸ ਨਾ ਜਾਣ। ਇਸੇ ਸਮੇਂ ਕਿਨਾਰਿਆਂ ਉੱਪਰ ਕੋਈ ਡਿਜ਼ਾਈਨ ਜਾਂ ਅੱਖਰ ਲਿਖ ਦਿੱਤੇ ਜਾਂਦੇ ਹਨ। ਅਜਿਹੇ ਕੁਝ ਭਾਰਤੀ ਸਿੱਕਿਆਂ ਉੱਤੇ ਖੜੀਆਂ ਧਾਰੀਆਂ ਜਾਂ ਦੰਦੇ ਬਣੇ ਹੋਏ ਹਨ।
7. ਟਿੱਕੀਆਂ ਦੇ ਭਾਰ ਦੀ ਜਾਂਚ––ਟਿੱਕੀਆਂ ਨੂੰ ਤੋਲ ਕੇ ਵਧੇਰੇ ਜਾਂ ਘੱਟ ਭਾਰ ਵਾਲੀਆਂ ਨੂੰ ਅੱਡ ਕਰ ਲਿਆ ਜਾਂਦਾ ਹੈ। ਖਰਾਬ ਟਿੱਕੀਆਂ ਨੂੰ ਕਢ ਕੇ ਫਿਰ ਪਿਘਲਾਇਆ ਜਾਂਦਾ ਹੈ।
8. ਟਿੱਕੀਆਂ ਨੂੰ ਠੱਪਿਆਂ ਦੇ ਵਿਚਕਾਰ ਦਬਾ ਕੇ ਸਿੱਕੇ ਤਿਆਰ ਕਰਨਾ––ਹਰੇਕ ਟਿੱਕੀ ਹੇਠਲੇ ਠੱਪੇ ਉੱਤੇ ਰੱਖੀ ਜਾਂਦੀ ਹੈ ਅਤੇ ਉੱਪਰ ਵਾਲਾ ਠੱਪਾ ਉਸ ਉੱਤੇ ਜ਼ੋਰ ਨਾਲ ਡਿਗਦਾ ਹੈ। ਦਬਾਉ ਪੈਣ ਨਾਲ ਨਰਮ ਧਾਤ ਠੱਪੇ ਵਿਚਲੀਆਂ ਝਿਰੀਆਂ ਵਿਚ ਭਰ ਜਾਂਦੀ ਹੈ, ਦਬਾਉ ਸਮੇਂ ਟਿੱਕੀ ਨੂੰ ਇਕ ਕੜਾ ਘੇਰੀ ਰਖਦਾ ਹੈ ਜਿਸ ਕਰਕੇ ਇਸ ਦੀ ਚੌੜਾਈ ਹੋਰ ਨਹੀਂ ਵਧਦੀ। ਇਹ ਕੰਮ ਹੁਣ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ (ਚਿੱਤਰ 2)। ਠੱਪੇ ਕਠੋਰ ਕਾਰਬਨ ਫ਼ੌਲਾਦ ਦੇ ਬਣੇ ਹੋਏ ਹੁੰਦੇ ਹਨ। ਇਹ 50,000 ਸਿੱਕੇ ਬਣਾਉਣ ਤੋਂ ਬਾਅਦ ਬੇਕਾਰ ਹੋ ਜਾਂਦੇ ਹਨ। ਅਖੀਰ ਵਿਚ ਹਰ ਇਕ ਸਿੱਕੇ ਨੂੰ ਤੋਲ ਕੇ ਅਤੇ ਦੇਖਕੇ ਜਾਂਚ ਕੀਤੀ ਜਾਂਦੀ ਹੈ।
(ਇਸ ਭਾਰੀ ਯੰਤਰ ਨਾਲ ਕਈ ਟਨਾਂ ਦੀ ਦਾਬ ਪੈਂਦੀ ਹੈ ਅਤੇ ਪਹਿਲੋਂ ਤਿਆਰ ਕੀਤੀਆਂ ਟਿੱਕੀਆਂ ਉੱਤੇ ਅੱਖਰ ਆਦਿ ਉਭਰ ਜਾਂਦੇ ਹਨ ਜਿਸ ਵਿਚ 1. ਟਿੱਕੀਆਂ ਭਰਨ ਦੀ ਥਾਂ 2. ਉਪਰ ਵਾਲਾ ਠੱਪਾ 3. ਹੇਠਲਾ ਠੱਪਾ 4. ਤਿਆਰ ਹੋਏ ਸਿੱਕੇ ਨਿਕਲਣ ਵਾਲੀ ਪਾਈਪ)
ਪੜਤਾਲ ਕਰਨ ਵਾਲੇ ਦੇ ਸਾਹਮਣੇ ਇਹ ਸਿੱਕੇ ਇਕ ਗਤੀਸ਼ੀਲ ਪੱਟੇ ਉੱਤੇ ਇਸ ਤਰ੍ਹਾਂ ਰਖੇ ਹੁੰਦੇ ਹਨ ਕਿ ਇਸ ਦੇ ਦੋਵੇਂ ਪਾਸੇ ਵਾਰੋ ਵਾਰੀ ਦਿਖਾਈ ਦਿੰਦੇ ਹਨ। ਘੱਟ ਕੀਮਤ ਵਾਲੇ ਸਿੱਕਿਆਂ ਨੂੰ ਛਡ ਕੇ ਬਾਕੀ ਸਾਰੇ ਸਿੱਕਿਆਂ ਦੀ ਤੋਲ ਕੇ ਪੜਤਾਲ ਕੀਤੀ ਜਾਂਦੀ ਹੈ। ਇਹ ਕੰਮ ਸਵੈ-ਚਾਲਿਤ ਤਕੜੀਆਂ ਨਾਲ ਕੀਤਾ ਜਾਂਦਾ ਹੈ। ਇਨ੍ਹਾਂ ਸਿੱਕਿਆਂ ਨੂੰ ਠਣਕਾ ਕੇ ਸਿੱਕਾ ਮਾਹਿਰ ਖੋਟੇ ਹੋਣ ਦਾ ਅੰਦਾਜ਼ਾ ਲਗਾਉਂਦੇ ਹਨ।
9. ਗਿਣਤੀ––ਅਖੀਰ ਵਿਚ ਸਿੱਕੇ ਗਿਣਤੀ ਕਰਨ ਵਾਲੀਆਂ ਮਸ਼ੀਨਾਂ ਵਿਚ ਦੀ ਲੰਘਾਏ ਜਾਂਦੇ ਹਨ, ਜਿਹੜੀਆਂ ਵੱਖੋ ਵੱਖਰੀ ਲੋੜੀਂਦੀ ਗਿਣਤੀ ਨਾਲ ਥੈਲੀਆਂ ਭਰਦੀਆਂ ਰਹਿੰਦੀਆਂ ਹਨ। ਇਹ ਥੈਲੀਆਂ ਟਕਸਾਲ ਤੋਂ ਬਾਹਰ ਪ੍ਰਚਲਨ ਲਈ ਭੇਜੀਆਂ ਜਾਂਦੀਆਂ ਹਨ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5384, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-07-12-46-44, ਹਵਾਲੇ/ਟਿੱਪਣੀਆਂ: ਹ. ਪੁ.––ਹਿੰ. ਵਿ. ਕੋ. 110; ਚੈਂਬ. ਐਨ. 9 : 431
ਵਿਚਾਰ / ਸੁਝਾਅ
Please Login First