ਟੱਪਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਟੱਪਾ: ਮਾਹੀਆ ਤੇ ਟੱਪਾ ਇੱਕੋ ਕਾਵਿ-ਰੂਪ ਦੇ ਦੋ ਨਾਂਹਨ। ਦੋ ਪੰਕਤੀਆਂ ਦਾ ਛੰਦ-ਬੱਧ ਕਾਵਿ-ਰੂਪ ਟੱਪਾ ਜਾਂ ਮਾਹੀਆ ਹੈ, ਜਿਸ ਦੀ ਭਾਵ ਵਸਤੂ ਬਿਰਹਾ ਦਾ ਚਿਤਰਨ ਕਰਨਾ ਹੈ। ਇਸ ਦਾ ਇਹ ਭਾਵ ਵੀ ਨਹੀਂ ਕਿ ਇਸ ਵਿੱਚ ਕਿਸੇ ਹੋਰ ਤਰ੍ਹਾਂ ਦੀ ਵਸਤੂ ਲਈ ਕੋਈ ਥਾਂ ਨਹੀਂ ਹੈ, ਕਿਉਂਕਿ ਇਸ ਵਿੱਚ ਸਿੱਧਾ ਸੰਬੋਧਨ ਮਾਹੀਏ ਲਈ ਹੋਇਆ ਹੈ, ਇਸੇ ਲਈ ਇਸ ਨੂੰ ਮਾਹੀਏ ਦਾ ਨਾਂ ਦਿੱਤਾ ਗਿਆ ਹੈ। ਨਾਹਰ ਸਿੰਘ ਨੇ ਟੱਪੇ ਨੂੰ ਨਾਚ ਗੀਤ ਮੰਨ ਕੇ ਇਸ ਦੀ ਚਰਚਾ ਕੀਤੀ ਹੈ। ਅਸਲ ਵਿੱਚ ਜਿਸ ਨੂੰ ਉਹ ਟੱਪਾ ਕਹਿੰਦਾ ਹੈ, ਉਹ ਇੱਕ ਤੁਕੀ ਬੋਲੀ ਹੀ ਹੈ, ਇਹ ਮੰਨਦਿਆਂ ਹੀ ਉਸ ਨੇ ਇਸ ਨੂੰ ਮੁਕਤ ਨਿਭਾਉ ਸੰਦਰਭ ਨਾਲ ਜੋੜਿਆ ਹੈ। ਇਸ ਨੂੰ ਨਾਟਕੀ ਹੋਂਦ ਵਿਧੀ ਵਾਲਾ ਕਾਵਿ-ਰੂਪ ਮੰਨਿਆ ਹੈ। ਨਾਚ-ਗੀਤ ਹੋਣ ਕਾਰਨ ਕੁਦਰਤੀ ਹੈ ਕਿ ਇਸ ਦੀ ਲੈਅ ਵਿੱਚ ਇੱਕ ਤਿੱਖੇਰਾਪਣ ਹੋਵੇਗਾ ਅਤੇ ਦੁਹਰਾ ਵੀ। ਇਸ ਵਿੱਚ ਇਕਾਗਰ ਸਮੂਰਤ ਬਿੰਬ ਵੀ ਹੈ ਤੇ ਇਹ ਭਾਵ ਦੀ ਸੰਪੂਰਨ ਇਕਾਈ ਵੀ ਹੈ।

     ਪਰੰਤੂ ਜਿਸ ਟੱਪੇ ਜਾਂ ਮਾਹੀਏ ਦਾ ਜ਼ਿਕਰ ਅਸੀਂ ਕਰ ਰਹੇ ਹਾਂ, ਉਹ ਦੋ ਤੁਕੀ ਬੋਲੀ ਤੋਂ ਬਿਲਕੁਲ ਭਿੰਨ ਹੈ, ਕਿਉਂਕਿ ਇਸ ਦੇ ਗਾਉਣ ਦੇ ਸੰਦਰਭ ਵੱਖ ਹਨ ਅਤੇ ਇਸ ਦੀ ਭਾਵ ਵਸਤੂ ਵੀ ਭਿੰਨ ਹੈ। ਇਸ ਦੀ ਗਾਉਣ ਸ਼ੈਲੀ ਵਿੱਚ ਇੱਕ ਵੱਖਰਾ ਸੋਜ਼ ਤੇ ਸੁਹਜ ਹੈ। ਇੱਥੇ ਅਸੀਂ ਉਹਨਾਂ ਟੱਪਿਆਂ ਦਾ ਜ਼ਿਕਰ ਕਰ ਰਹੇ ਹਾਂ ਜੋ ਵਿਆਹਾਂ ਵਿੱਚ ਬੈਠ ਕੇ ਸਮੂਹ ਵੱਲੋਂ ਗਾਏ ਜਾਂਦੇ ਹਨ। ਇਹ ਕਦੇ ਵੀ ਕਿਸੇ ਹੋਰ ਮੌਕਿਆਂ ਤੇ ਮਨ ਦੀਆਂ ਭਾਵਨਾਵਾਂ ਨੂੰ ਰਾਹਤ ਦੇਣ ਲਈ ਵੀ ਗਾ ਲਏ ਜਾਂਦੇ ਹਨ। ਇਹਨਾਂ ਟੱਪਿਆਂ ਦੀ ਸ਼ੁਰੂਆਤ ਕੁਝ ਇਸ ਤਰ੍ਹਾਂ ਹੁੰਦੀ ਹੈ :

ਟੱਪੇ ਟੱਪਿਆਂ ਦੀ ਆਈ ਵਾਰੀ

          ਮੈਂ ਕੁੜੀ ਨਵੇਂ ਸ਼ਹਿਰ ਦੀ, ਟੱਪਿਆਂ ਤੋਂ ਕਦੇ ਨਾ ਹਾਰੀ।

     ਇਸ ਦੇ ਨਾਲ ਹੀ ਟੱਪਿਆਂ ਦੀ ਲੰਬੀ ਲੜੀ ਦਾ ਅਰੰਭ ਹੋ ਜਾਂਦਾ ਹੈ। ਇੱਕ ਤੋਂ ਬਾਅਦ ਦੂਜੀ ਕੁੜੀ ਜਾਂ ਕੋਈ ਵੀ ਗਾਇਕ ਜ਼ਿਦ ਕੇ ਟੱਪੇ ਗਾਉਂਦਾ ਹੈ ਅਤੇ ਪੂਰਾ ਸਮੂਹ ਉਹਨਾਂ ਦਾ ਸਾਥ ਦਿੰਦਾ ਹੈ। ਵਣਜਾਰਾ ਬੇਦੀ ਨੇ ਟੱਪੇ ਨੂੰ ਕੇਵਲ ਧਨੀ-ਪੋਠੋਹਾਰ ਦਾ ਕਾਵਿ-ਰੂਪ ਮੰਨਿਆ ਹੈ, ਜੋ 1947 ਦੀ ਵੰਡ ਤੋਂ ਬਾਅਦ ਪੰਜਾਬ ਦੇ ਹੋਰਨਾਂ ਖਿੱਤਿਆਂ ਵਿੱਚ ਪ੍ਰਚਲਿਤ ਹੋਇਆ। ਕਾਵਿ-ਰੂਪਾਂ ਲਈ ਇਸ ਤਰ੍ਹਾਂ ਦੀ ਵੰਡ ਕਰਨਾ ਕਦੇ ਵੀ ਸੰਭਵ ਨਹੀਂ ਹੋਇਆ ਕਰਦਾ। ਹਾਂ ਕੋਈ ਇੱਕ ਕਾਵਿ-ਰੂਪ ਕਿਸੇ ਇੱਕ ਖਿੱਤੇ ਵਿੱਚ ਵਧੇਰੇ ਪ੍ਰਚਲਿਤ ਹੋਣ ਦੀ ਸੰਭਾਵਨਾ ਰਹਿੰਦੀ ਹੈ। ਟੱਪੇ ਨਾਲ ਵੀ ਕੁਝ ਇਸੇ ਤਰ੍ਹਾਂ ਵਾਪਰਿਆ ਹੈ। ਲੰਮੀ ਬੋਲੀ ਮਾਲਵੇ ਵਿੱਚ ਵਧੇਰੇ ਪ੍ਰਚਲਿਤ ਹੈ ਤੇ ਇਸੇ ਤਰ੍ਹਾਂ ਇੱਕ ਤੁਕੀ ਬੋਲੀ ਪੱਛਮੀ ਪੰਜਾਬ ਵਿੱਚ ਵਧੇਰੇ ਮਹੱਤਵ ਦੀ ਧਾਰਨੀ ਹੈ। ਇਸ ਦ੍ਰਿਸ਼ਟੀ ਤੋਂ ਸੁਖਦੇਵ ਮਾਦਪੁਰੀ ਵਧੇਰੇ ਸੰਤੁਲਿਤ ਪਹੁੰਚ ਅਪਣਾਉਂਦਾ ਹੈ। ਉਸ ਅਨੁਸਾਰ :

     ਮਾਹੀਆ ਪੰਜਾਬੀਆਂ ਦਾ ਹਰਮਨਪਿਆਰਾ ਛੋਟੇ ਆਕਾਰ ਦਾ ਕਾਵਿ-ਰੂਪ ਹੈ। ਇਹ ਪੰਜਾਬੀ ਦੀਆਂ ਸਾਰੀਆਂ ਉਪ-ਭਾਸ਼ਾਵਾਂ ਵਿੱਚ ਰਚਿਆ ਹੋਇਆ ਮਿਲਦਾ ਹੈ। ਮੁਲਤਾਨ, ਸਿਆਲਕੋਟ, ਪੋਠੋਹਾਰ ਅਤੇ ਜੰਮੂ ਦੇ ਪਹਾੜੀ ਖੇਤਰਾਂ ਵਿੱਚ ਇਹ ਪੁਰਾਤਨ ਕਾਲ ਤੋਂ ਲੋਕ-ਪ੍ਰਿਆ ਰਿਹਾ ਹੈ। ਇਹਨਾਂ ਸਾਰੇ ਖੇਤਰਾਂ ਵਿੱਚ ਇਸ ਦਾ ਰੂਪ ਵਿਧਾਨ ਤੇ ਗਾਉਣ ਦੀ ਪ੍ਰਥਾ ਇੱਕਸਾਰ ਹੈ।

     ਕੇਵਲ ਮੁਸ਼ਤਾਕ ਨੇ ਟੱਪੇ ਜਾਂ ਮਾਹੀਏ ਨੂੰ ਇੱਕ ਤੁਕੀ ਬੋਲੀ ਨਾਲ ਤੁਲਨਾਇਆ ਹੈ। ਉਸ ਅਨੁਸਾਰ ਮਾਹੀਆ ਕਾਫ਼ੀਏ ਜਾਂ ਤੁਕਾਂਤ ਦਾ ਪਾਬੰਦ ਹੈ, ਜਦ ਕਿ ਇੱਕ ਤੁਕੀ ਬੋਲੀ ਇਸ ਕਾਫ਼ੀਏ ਤੋਂ ਅਜ਼ਾਦ ਹੈ। ਜਿਵੇਂ ਅਸੀਂ ਉਪਰ ਵੀ ਕਹਿ ਚੁੱਕੇ ਹਾਂ ਕਿ ਟੱਪੇ ਦੀ ਮੁੱਖ ਵਸਤੂ ਬਿਰਹਾ ਹੈ। ਪਰ ਇਹਨਾਂ ਟੱਪਿਆਂ ਵਿੱਚ ਦੂਸਰੇ ਹੋਰ ਵਿਸ਼ੇ ਪੂਰੀ ਤਰ੍ਹਾਂ ਵਿਵਰਜਿਤ ਨਹੀਂ ਹਨ। ਇਹਨਾਂ ਟੱਪਿਆਂ ਵਿੱਚ ਮਾਪਿਆਂ ਨੂੰ ਵੱਡੀਆਂ ਹੋ ਰਹੀਆਂ ਧੀਆਂ ਨੂੰ ਵਿਆਹੁਣ ਦੀ ਨਸੀਹਤ ਹੈ; ਅਣਜੋੜ ਵਰ ਅਤੇ ਭੈੜੇ ਸਹੁਰੇ ਘਰ ਮਿਲਣ ਦੇ ਰੋਣੇ ਹਨ; ਵੀਰ ਮਾਪਿਆਂ ਅਤੇ ਪ੍ਰੇਮੀ ਨਾਲ ਜੁੜੀਆਂ ਯਾਦਾਂ ਹਨ; ਪ੍ਰੇਮੀ ਨੂੰ ਮਿਲਣ ਦੀ ਤਾਂਘ ਹੈ; ਸੱਜਣ ਦੀਆਂ ਅਦਾਵਾਂ ਦਾ ਪ੍ਰਗਟਾਵਾ ਹੈ। ਪ੍ਰੇਮੀ ਨੂੰ ਮਿਲਣ ਦੀ ਤੜਫ਼ ਹੈ, ਧਾਰਮਿਕ ਪ੍ਰਸੰਗ ਹਨ; ਨੌਕਰ ਅਤੇ ਨੌਕਰ ਦੀ ਨੌਕਰੀ ਬਾਰੇ ਵਿਅੰਗਾਤਮਿਕ ਟਿੱਪਣੀਆਂ ਹਨ; ਤਾਹਨੇ-ਮਿਹਣੇ ਹਨ; ਰੁਸੇਵੇਂ-ਮੰਨੇਵੇਂ ਹਨ; ਜੰਗ ਦੀ ਵਿਰੋਧਤਾ ਹੈ; ਸੌਂਕਣਾਂ ਲਈ ਵਿਅੰਗ ਹਨ ਅਤੇ ਸ਼ਰੀਕੇ-ਭਾਈਚਾਰੇ ਦੀਆਂ ਈਰਖਾਵਾਂ ਹਨ। ਕਈ ਵਾਰੀ ਟੱਪੇ ਦੀ ਪਹਿਲੀ ਪੰਕਤੀ ਰਿਦਮ ਨੂੰ ਪੂਰਾ ਕਰਨ ਲਈ ਹੀ ਭਰਤੀ ਕੀਤੀ ਗਈ ਹੁੰਦੀ ਹੈ। ਇਸ ਦਾ ਦੂਜੀ ਪੰਕਤੀ ਦੇ ਭਾਵ ਨਾਲ ਕੋਈ ਤਰਕ ਸੰਗਤ ਮੇਲ ਨਹੀਂ ਹੁੰਦਾ। ਦੂਜੀ ਪੰਕਤੀ ਆਪਣੇ- ਆਪ ਵਿੱਚ ਮਹੱਤਵਪੂਰਨ ਅਤੇ ਸੰਪੂਰਨ ਹੋਂਦ ਦੀ ਧਾਰਨੀ ਹੁੰਦੀ ਹੈ। ਜਿਵੇਂ :

          ਅੰਬ ਪੈਸੇ ਦੇ ਪਾ ਹੋ ਗਏ,

          ਲੱਗੀਆਂ ਟੁੱਟ ਵੇ ਗਈਆਂ,

          ਰੰਗ ਕਾਲੇ ਸ਼ਾਹ ਹੋ ਗਏ।

     ਕਈ ਟੱਪਿਆਂ ਦੀ ਦੂਜੀ ਪੰਕਤੀ ਪਹਿਲੀ ਦੇ ਸੰਦਰਭ ਵਿੱਚ ਹੀ ਆਪਣੇ ਸੰਪੂਰਨ ਅਰਥਾਂ ਨੂੰ ਪਹੁੰਚਦੀ ਹੈ। ਦੋਨੋਂ ਪੰਕਤੀਆਂ ਮਿਲ ਕੇ ਹੀ ਟੱਪੇ ਦੀ ਇੱਕ ਇਕਾਈ ਬਣਾਉਂਦੀਆਂ ਹਨ ਜਿਵੇਂ :

ਪਛਵਾੜੇ ਖੂਹ ਮਾਹੀਆ,

ਘੜਾ ਸਾਡਾ ਡੁੱਬਦਾ ਨਹੀਉਂ,

          ਸਾਡੀ ਤਰਸਦੀ ਰੂਹ ਮਾਹੀਆ।

     ਛੋਟਾ ਕਾਵਿ-ਰੂਪ ਹੋਣ ਦੇ ਬਾਵਜੂਦ ਟੱਪਿਆਂ ਵਿੱਚ ਲੋਕ ਸੱਭਿਆਚਾਰ ਦੀਆਂ ਝਾਕੀਆਂ ਹਨ। ਪਿਛੋਕੜ ਵਿੱਚ ਸ਼ਹਿਰ ਤੇ ਪਿੰਡ ਹਨ; ਗੱਡੀਆਂ, ਖੂਹ ਤੇ ਮਧਾਣੀਆਂ ਹਨ। ਹਾਰ-ਸ਼ਿੰਗਾਰ ਤੇ ਪਹਿਨ-ਪਹਿਰਾਵਾ ਹੈ; ਸੱਭਿਆਚਾਰ ਦਾ ਸੰਕੇਤਕ ਰੂਪ ਇਹਨਾਂ ਵਿੱਚ ਮਿਲ ਜਾਂਦਾ ਹੈ। ਟੱਪਾ ਆਪਣੇ-ਆਪ ਵਿੱਚ ਇੱਕ ਇਕਾਈ ਹੈ। ਪਰ ਜਦੋਂ ਇਹ ਬਾਲੋ ਮਾਹੀਆ ਦਾ ਰੂਪ ਧਾਰਨ ਕਰਦਾ ਹੈ ਤਾਂ ਦੋ ਟੱਪਿਆਂ ਦੀ ਇੱਕ ਇਕਾਈ ਬਣਦੀ ਹੈ। ਇੱਕ ਟੱਪੇ ਵਿੱਚ ਔਰਤ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੀ ਹੈ ਤਾਂ ਦੂਸਰੇ ਵਿੱਚ ਮਰਦ ਆਪਣੇ ਭਾਵਾਂ ਦਾ ਪ੍ਰਗਟਾਵਾ ਦਿੰਦਾ ਹੈ। ਕਈ ਵਾਰ ਇਹ ਸਵਾਲ-ਜਵਾਬ ਦਾ ਰੂਪ ਧਾਰਨ ਕਰ ਲੈਂਦੇ ਹਨ। ਟੱਪਿਆਂ ਦੀ ਪ੍ਰਕਿਰਤੀ ਨੂੰ ਸਮਝਣ ਲਈ ਹੇਠ ਲਿਖੇ ਕੁਝ ਟੱਪੇ ਸਾਡੀ ਮਦਦ ਕਰਨਗੇ:

     -    ਡੱਬੀ ਭਰੀ ਹੋਈ ਲੁੱਕ ਦੀ ਏ,

          ਸ੍ਹੋਣੇ ਮਾਹੀਂ ਬਾਝੋਂ,

          ਰਾਤ ਗ਼ਮਾਂ ਵਿੱਚ ਮੁੱਕਦੀ ਏ।

     -    ਰਾਵੀ ਹੌਲੀ ਵਹਿੰਦੀ ਏ,

          ਆਸ਼ਕਾਂ ਦੀ ਜਾਨ ਲੈਣ ਲਈ,

          ਲਾਈ ਹੱਥਾਂ ਉੱਤੇ ਮਹਿੰਦੀ ਏ।

     -    ਦੋ ਪੱਤਰ ਸ਼ਤੂਤਾਂ ਦੇ,

          ਸੀਨੇ `ਚੋਂ ਨਿਕਲਦੇ ਨਹੀਂ,

          ਲੱਗੇ ਤੀਰ ਮਾਸ਼ੂਕਾਂ ਦੇ।

     -    ਬਾਗਾਂ ਵਿੱਚ ਚੰਦ ਚੜ੍ਹਿਆ,

          ਗਈ ਸਾਂ ਕਪਾਹ ਚੁਗਨੇ,

          ਇਸ਼ਕ ਦਾ ਨਾਗ ਲੜਿਆ।


ਲੇਖਕ : ਕਰਮਜੀਤ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10430, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਟੱਪਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟੱਪਾ (ਨਾਂ,ਪੁ) 1 ਇੱਕ ਵੇਰੀ ਭੋਂਏਂ ਤੇ ਕਹੀ ਮਾਰਨ ’ਤੇ ਪੁੱਟੀ ਗਈ ਮਿੱਟੀ 2 ਭੋਂਏਂ ’ਤੇ ਲਾਇਆ ਕਹੀ ਦਾ ਟੱਕ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10421, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਟੱਪਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟੱਪਾ (ਨਾਂ,ਪੁ) ਮਾਹੀਆ ਢੋਲੇ ਆਦਿ ਕਾਵਿ-ਗੀਤ ਦੀ ਤੁਕ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10421, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਟੱਪਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟੱਪਾ [ਨਾਂਪੁ] ਗੇਂਦ ਦੇ ਉਛਲ਼ਨ ਦਾ ਭਾਵ, ਟਪੂਸੀ; ਕਹੀ ਜ਼ਮੀਨ ਉੱਤੇ ਮਾਰਨ ਦਾ ਭਾਵ; ਲੋਕ-ਗੀਤ ਦੀ ਇੱਕ ਦੋ ਸਤਰੀ ਵੰਨਗੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10413, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਟੱਪਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟੱਪਾ. ਸੰਗ੍ਯਾ—ਟਪੂਸੀ. ਛਾਲ। ੨ ਗੀਤ ਦੀ ਤੁਕ । ੩ ਵਿੱਥ. ਅੰਤਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10068, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਟੱਪਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਟੱਪਾ : ਇਹ ਡੇਢ ਮਿਮਰੇ ਦਾ ਇਕ ਸੰਪੂਰਣ ਬੰਦ ਹੁੰਦਾ ਹੈ ਅਤੇ ਆਪਣੇ ਵਿਸ਼ੇ ਅਨੁਸਾਰ ਬਾਲੋ, ਮਾਹੀਆ, ਢੋਲਾ, ਦੋਹੜਾ ਸੱਦ ਜਾਂ ਬੋਲੀ ਆਦਿ ਵੀ ਅਖਵਾਉਂਦਾ ਹੈ :

          (1)     ਫੁੱਲ ਪੱਕ ਗਏ ਨੇ ਕਿੱਕਰਾਂ ਦੇ,

                   ਰੱਬ ਸਾਨੂੰ ਮੇਲ ਦਿੱਤਾ, ਹੁਣ ਕਦੀ ਵੀ ਨਾ ਵਿਛੜਾਂਗੇ।

          (2)     ਦੋ ਫੁੱਲ ਨੇ ਅਨਾਰਾਂ ਦੇ,

                   ਇਕ ਵਾਰੀ ਮਿਲ ਅੜਿਆ, ਦੁੱਖ ਜਾਣ ਬੀਮਾਰਾਂ ਦੇ।

[ਸਹਾ. ਗ੍ਰੰਥ––ਬੋ. ਤੋ.]            


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7905, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no

ਟੱਪਾ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਟੱਪਾ : ਇਹ ਕਵਿਤਾ ਦੀ ਉਹ ਕਿਸਮ ਹੈ ਜਿਸ ਵਿਚ ਦਿਲ ਦੇ ਭਾਵ, ਨਿੱਕੇ ਨਿੱਕੇ ਛੰਦਾਂ ਰਾਹੀਂ ਪ੍ਰਗਟ ਕੀਤੇ ਜਾਂਦੇ ਹਨ । ਪੰਜਾਬ ਦੇ ਲੋਕ-ਗੀਤਾਂ ਦੀ ਸਭ ਤੋਂ ਪੁਰਾਣੀ ਵੰਨਗੀ ਟੱਪਾ ਹੈ। ਇਸ ਨੂੰ ਟੱਪਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਗਾਉਣ ਨਾਲ ਨੱਚਿਆ ਜਾਂ ਟੱਪਿਆ ਜਾ ਸਕਦਾ ਹੈ ।

 ਪੰਜਾਬ ਦੇ ਪੇਂਡੂ ਜੀਵਨ ਅਤੇ ਸਭਿਆਚਾਰ ਵਿਚ ਟੱਪਿਆਂ ਦਾ ਇਕ ਵਿਸ਼ੇਸ਼ ਸਥਾਨ ਹੈ। ਵੱਖ ਵੱਖ ਸਮੇਂ, ਵਿਆਹ, ਮੇਲਾ, ਤ੍ਰਿੰਝਣ, ਤੀਆਂ ਅਤੇ ਹੋਰ ਖੁਸ਼ੀ ਦੇ ਮੌਕਿਆਂ ਉਤੇ ਨੱਚਣ-ਟੱਪਣ ਵੇਲੇ ਖਾਸ ਲਹਿਜ਼ੇ ਵਿਚ ਟੱਪੇ ਗਾਏ ਜਾਂਦੇ ਹਨ । ਇਸ ਦੇ ਨਾਲ ਹੀ ਇਨ੍ਹਾਂ ਦੀ ਤਾਲ ਉਤੇ ਨੱਚਿਆ ਜਾਂਦਾ ਹੈ। ਪੰਜਾਬੀਆਂ  ਦੇ ਸੁਭਾਅ ਵਿਚ ਬਿਨਾਂ ਹੇਰ-ਫੇਰ ਅਤੇ ਵਲ ਵਲੇਵੇਂ ਤੋਂ ਸਿੱਧੀ, ਸਪੱਸ਼ਟ ਅਤੇ ਭਾਵ-ਪੂਰਨ ਢੁੱਕਵੀਂ ਗੱਲ ਕਹਿਣਾ ਇਕ ਵਿਸ਼ੇਸ਼ ਗੁਣ ਹੈ । ਇਸੇ ਲਈ ਨੌਜਵਾਨ ਮੁੰਡੇ-ਕੁੜੀਆਂ ਆਪਣੇ ਦਿਲ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਟੱਪਿਆਂ ਦੀ ਸਭ ਤੋਂ ਵੱਧ ਵਰਤੋਂ ਕਰਦੇ ਹਨ, ਜਿਵੇਂ -

1. ਕਿਹੜੀ ਗੱਲ ਦੀ ਹੋਈ ਦਿਲਗੀਰੀ

   ਕਿਹੜੀ ਗੱਲੋਂ ਮੁਖ ਮੋੜਿਆ।

2. ਕੋਲੋਂ ਲੰਘ ਗਈ ਬੁਲਾਈ ਨਹੀਂ ਬੋਲਦੀ,

    ਭਰੀ ਹੋਈ ਹਰਖਾਂ ਦੀ ।

ਭੈਣ-ਭਰਾਵਾਂ ਵਿਚਕਾਰ ਪਿਆਰ ਇਸ ਤਰ੍ਹਾਂ ਦਰਸਾਇਆ ਜਾਂਦਾ ਹੈ -

1. ਭੈਣ ਵਰਗਾ ਸਾਕ ਨਾ ਕੋਈ ,

    ਟੁਟ ਕੇ ਨਾ ਬਹਿ ਜੀਂ ਵੀਰਨਾ।

2. ਮੇਰੇ ਵੀਰ ਨੇ ਸੰਧਾਰੇ ਵਿਚ ਭੇਜੀ ,

   ਕਤਣੀ ਚਾਂਦੀ ਦੀ

ਸੱਸ-ਸਹੁਰੇ,  ਮਾਂ-ਪਿਉ ਅਤੇ ਬਜ਼ੁਰਗਾਂ ਲਈ ਵੀ ਟੱਪੇ ਬਹੁਤ ਪ੍ਰਚਲਿਤ ਹਨ-

1. ਹੁਸਨ, ਜਵਾਨੀ ਮਾਪੇ

  ਤਿੰਨ ਰੰਗ ਨਹੀ ਲੱਭਣੇ ।

2. ਵਿਹੜੇ ਵੜਦਾ ਖ਼ਬਰ ਨਹੀਂ ਕਰਦਾ,

   ਬਾਬੇ  ਗਲ ਟੱਲ ਬੰਨ੍ਹ ਦਿਓ।

ਪਰਮਾਤਮਾ ਲਈ ਵੀ ਪੰਜਾਬ ਦੇ ਸਭਿਆਚਾਰ ਵਿਚ ਟੱਪੇ ਗਾਏ ਜਾਂਦੇ ਹਨ -

1. ਰੋਟੀ ਦਿੰਦਾ ਜੋ ਪੱਥਰ ਵਿਚ ਕੀੜੇ ਨੂੰ

   ਤੈਨੂੰ ਕਿਉਂ ਨਾ ਦੇਵੇ ਬੰਦਿਆ ।

2. ਅੱਲਾ ਵਾਹਿਗੁਰੂ ਖ਼ੁਦਾ ਦਾ ਨਾਮ ਇਕ ਹੈ,

     ਭਰਮਾਂ ‘ਚ ਪੈ ਗਈ ਦੁਨੀਆ ।

ਭਾਵੇਂ ਪੱਛਮੀ ਸਭਿਅਤਾ ਅਤੇ ਸੰਗੀਤ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ, ਫਿਰ ਵੀ ਟੱਪਿਆਂ ਦੀ ਹਾਲੇ ਵੀ ਆਪਣੀ ਨਵੇਕਲੀ ਥਾਂ ਹੈ ਅਤੇ ਇਹ ਸਮੇਂ ਦੇ ਨਾਲ ਤੁਰਨ ਦੀ ਤਾਕਤ ਰੱਖਦੇ ਹਨ -

1. ਵਿਦਿਆ ਪੜ੍ਹਾ ਦੇ ਬਾਬਲਾ

   ਮੈਂ ਮੰਗਦੀ ਹੋਰ ਨਾ ਗਹਿਣੇ ।

ਬਹੁਤ ਸਾਰੇ ਪੰਜਾਬੀ ਲੋਕ-ਗਾਇਕਾਂ ਨੇ ਟੱਪਿਆਂ ਨੂੰ ਫ਼ਿਲਮਾਂ ਵਿਚ ਤੇ ਆਡੀਓ ਕੈਸਟਾਂ ਵਿਚ ਰਿਕਾਰਡ ਕਰਵਾਇਆ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-18-02-59-44, ਹਵਾਲੇ/ਟਿੱਪਣੀਆਂ: ਹ. ਪੁ. -. ਪੰ.-ਰੰਧਾਵਾ; ਪੰ. ਸਾ. ਇ.-1 (ਭਾ.ਵਿ.ਪੰ) ; ਪੰਜਾਬੀ ਸਭਿਆਚਾਰ ਬਾਰੇਜੀਤ ਸਿੰਘ ਜੋਸ਼ੀ; ਲੋਕਯਾਨ ਦਰਪਣ-ਡਾ . ਕੰਵਲਜੀਤ ਕੌਰ ਗਰੋਵਰ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.