ਡਰਾਈਡਨ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਡਰਾਈਡਨ (1631-1700): ਅੰਗਰੇਜ਼ੀ ਸਾਹਿਤ ਵਿੱਚ ਜਾਨ ਡਰਾਈਡਨ (John Dryden) ਵਿਅੰਗਾਤਮਿਕ ਕਾਵਿ ਦਾ ਸਭ ਤੋਂ ਮਾਹਰ ਲੇਖਕ ਮੰਨਿਆ ਜਾਂਦਾ ਹੈ। ਉਸ ਦਾ ਜਨਮ 9 ਅਗਸਤ 1631 ਨੂੰ ਨਾਰਥਹੈਮਪਟਨ ਸ਼ਹਿਰ ਵਿੱਚ ਹੋਇਆ। ਉਸ ਦਾ ਪਿਤਾ ਪਾਦਰੀ ਸੀ ਅਤੇ ਉਸ ਦੇ ਰਿਸ਼ਤੇਦਾਰਾਂ ਦਾ ਕਾਫ਼ੀ ਅਸਰ-ਰਸੂਖ਼ ਸੀ। ਉਸ ਨੇ ਕੈਂਬ੍ਰਿਜ ਦੇ ਵੇਸਟਮਿਨਿਸਟਰ ਸਕੂਲ ਵਿੱਚ ਸਿੱਖਿਆ ਪ੍ਰਾਪਤ ਕੀਤੀ। ਉਹ ਪਹਿਲੇ ਨਿਜੀ ਸਕੱਤਰ, ਫਿਰ ਨਾਟਕਕਾਰ, ਕਵੀ ਅਤੇ ਆਲੋਚਕ ਬਣਿਆ। ਉਸ ਦਾ ਜੀਵਨ ਸਧਾਰਨ ਸੀ। ਉਸ ਦਾ ਜੀਵਨ ਨਾਟਕ, ਵਿਅੰਗ, ਨਿਬੰਧ, ਕਵਿਤਾ ਅਤੇ ਅਨੁਵਾਦ ਲਿਖਦੇ-ਲਿਖਦੇ ਬੀਤ ਗਿਆ ਅਤੇ ਉਸ ਦੇ ਜੀਵਨ ਕਾਲ ਵਿੱਚ ਕੋਈ ਖ਼ਾਸ ਘਟਨਾ ਨਹੀਂ ਵਾਪਰੀ ਜਿਸਦਾ ਜ਼ਿਕਰ ਕੀਤਾ ਜਾ ਸਕੇ। ਅਰੰਭ ਵਿੱਚ ਉਸ ਦੇ ਕੰਮ ਨੂੰ ਜ਼ਿਆਦਾ ਕਾਮਯਾਬੀ ਨਹੀਂ ਮਿਲੀ ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ, ਡਰਾਈਡਨ ਦੀ ਮਸ਼ਹੂਰੀ ਵਧਦੀ ਗਈ ਅਤੇ ਜੀਵਨ ਦੇ ਅੰਤਿਮ ਕਾਲ ਵਿੱਚ ਆਪਣੇ ਯੁੱਗ ਦਾ ਉਸ ਨੂੰ ਸਭ ਤੋਂ ਮਹਾਨ ਲੇਖਕ ਮੰਨਿਆ ਗਿਆ। ਉਸ ਨੂੰ ਸ਼ਾਨਦਾਰ ਜਾਨ ਦਾ ਖ਼ਿਤਾਬ ਦਿੱਤਾ ਗਿਆ ਅਤੇ 1700 ਵਿੱਚ ਜਦੋਂ ਉਸ ਦੀ ਮੌਤ ਹੋਈ ਤਾਂ ਉਸ ਦਾ ਅੰਤਿਮ ਸੰਸਕਾਰ ਵੈਸਟ ਮਿਨਿਸਟਰ ਐਬੇ ਵਿੱਚ ਪੂਰੇ ਮਾਣ ਅਤੇ ਸਤਿਕਾਰ ਨਾਲ ਕੀਤਾ ਗਿਆ।
30 ਸਾਲ ਦੀ ਉਮਰ ਤੋਂ ਬਾਅਦ ਡਰਾਈਡਨ ਨੇ ਤਕਰੀਬਨ ਆਪਣਾ ਸਾਰਾ ਜੀਵਨ ਨਾਟਕ ਕਲਾ ਨੂੰ ਸਮਰਪਿਤ ਕੀਤਾ। ਉਸ ਦੇ ਕਈ ਨਾਟਕ ਉਸ ਯੁੱਗ ਦੇ ਸਭ ਤੋਂ ਹਰਮਨ ਪਿਆਰੇ ਅਤੇ ਮਸ਼ਹੂਰ ਨਾਟਕਾਂ ਵਿੱਚੋਂ ਸੀ। ਕੁੱਝ ਸਮੇਂ ਤੱਕ ਇੰਗਲੈਂਡ ਵਿੱਚ ਆਲਿਵਰ ਕਰਾਮ ਵੈਲ ਨੇ ਲੋਕ-ਰਾਜ ਸਥਾਪਿਤ ਕੀਤਾ ਸੀ ਅਤੇ ਉਸ ਦੌਰਾਨ ਸਾਰੇ ਨਾਟ-ਘਰ ਬੰਦ ਕੀਤੇ ਗਏ ਸੀ ਪਰ 1660 ਵਿੱਚ ਰਾਜਾ ਚਾਰਲਸ ਦੂਜਾ ਦੇ ਰਾਜਗੱਦੀ ਤੇ ਬੈਠਣ ਤੋਂ ਬਾਅਦ ਦੁਬਾਰਾ ਖੋਲ੍ਹੇ ਗਏ। ਡਰਾਈਡਨ ਦੇ ਨਾਟਕ ਦਾ ਇੰਡੀਅਨ ਐਮਪਰਰ, ਦਾ ਕਾਨਕੁਐਸਟ ਆਫ਼ ਗ੍ਰਨਾਡਾ, ਔਰੰਗਜ਼ੇਬ ਅਤੇ ਆਲ ਫਾਰ ਲਵ ਤਾਂ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤੇ ਗਏ। ਪਰ ਸਿਵਾਏ ਆਲ ਫ਼ਾਰ ਲਵ ਦੇ ਇਹ ਸਾਰੇ ਨਾਟਕ ਹੁਣ ਨਾ ਕੋਈ ਪੜ੍ਹਦਾ ਹੈ ਅਤੇ ਨਾ ਹੀ ਇਹਨਾਂ ਵਾਸਤੇ ਡਰਾਈਡਨ ਨੂੰ ਕੋਈ ਯਾਦ ਕਰਦਾ ਹੈ। ਆਪਣੇ ਜ਼ਮਾਨੇ ਵਿੱਚ ਇਹ ਬਹੁਤ ਹੀ ਜ਼ਿਆਦਾ ਪਸੰਦ ਕੀਤੇ ਗਏ ਅਤੇ ਆਲ ਫ਼ਾਰ ਲਵ ਜਿਸ ਵਿੱਚ ਐਨਟਨੀ ਤੇ ਕਲੀਓਪੈਟਰਾ ਦੇ ਜੀਵਨ ਦੇ ਆਖ਼ਰੀ ਦਿਨਾਂ ਦਾ ਵੇਰਵਾ ਦਿੱਤਾ ਗਿਆ ਹੈ, ਅੱਜ ਵੀ ਪਸੰਦ ਕੀਤਾ ਜਾਂਦਾ ਹੈ। ਉਸ ਦੇ ਨਾਟਕ ਉਸ ਦੇ ਯੁੱਗ ਤੱਕ ਹੀ ਸੀਮਿਤ ਹਨ।
ਡਰਾਈਡਨ ਦੀ ਕਵਿਤਾ ਵੀ ਇੱਕ ਪੱਤਰਕਾਰ ਦੀ ਤਰ੍ਹਾਂ ਆਪਣੇ ਸਮੇਂ ਦੇ ਕੁੱਝ ਐਸੇ ਮੌਕਿਆਂ ਦਾ ਜ਼ਿਕਰ ਕਰਦੀ ਹੈ ਜਿਵੇਂ ਕਿ ਕਰਾਮਵੈਲ ਦੀ ਮੌਤ, ਰੇਸਟੋਰੇਸ਼ਨ ਦੀ ਘਟਨਾ ਅਤੇ ਉਸ ਨੇ ਕੁੱਝ ਲੇਖ ਆਪਣੇ ਸਮੇਂ ਦੇ ਧਾਰਮਿਕ ਵਿਵਾਦਾਂ ਤੇ ਵੀ ਲਿਖੇ।ਉਸ ਦੀ ਸਭ ਤੋਂ ਵੱਡੀ ਖ਼ਾਸੀਅਤ ਸੀ ਕਿ ਉਹ ਕਵਿਤਾ ਰਾਹੀਂ ਵਾਦ-ਵਿਵਾਦ ਕਰ ਸਕਦਾ ਸੀ। ਜੇ ਡਰਾਈਡਨ ਆਪਣੇ ਯੁੱਗ ਤੋਂ ਉੱਪਰ ਨਹੀਂ ਉੱਠ ਸਕਿਆ ਤਾਂ ਉਸ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਉਹ ਜ਼ਮਾਨਾ ਹੀ ਥੋਥਾ, ਬਦਲਣਹਾਰ ਅਤੇ ਘੱਟ ਗੰਭੀਰ ਸੀ। ਉਸ ਨੇ ਕਰਾਮਵੈਲ ਅਤੇ ਉਸ ਦੇ ਲੋਕ ਰਾਜ ਦੀ ਹਿਮਾਇਤ ਕੀਤੀ। ਪਰ ਕਰਾਮਵੈਲ ਤੋਂ ਬਾਅਦ ਜਦੋਂ ਚਾਰਲਸ ਦੂਜਾ ਰਾਜ ਗੱਦੀ ਤੇ ਬੈਠਿਆਂ ਤਾਂ ਉਸ ਨੇ ਉਸ ਦੀ ਤਾਰੀਫ਼ ਵਿੱਚ ਲਿਖਿਆ ਅਤੇ ਉਸ ਨੂੰ ਖੁਸ਼ਆਮਦੀਦ ਕਹਿੰਦਿਆਂ ਚਾਰਲਸ ਦੀਆਂ ਕਮਜ਼ੋਰੀਆਂ ਦੇ ਬਾਵਜੂਦ ਉਸ ਨੂੰ ਪਵਿੱਤਰ ਬਾਦਸ਼ਾਹ ਆਖਿਆ।
ਰਿਲੀਜਨ ਆਫ਼ ਏਲੇਮੈਨ ਵਿੱਚ ਡਰਾਈਡਨ ਨੇ ਆਪਣੀ ਉਸ ਸਮਰੱਥਾ ਦਾ ਪ੍ਰਗਟਾਵਾ ਕੀਤਾ ਜਿਸ ਨਾਲ ਉਸ ਨੇ ਇੰਗਲੈਂਡ ਦੇ ਚਰਚ ਨੂੰ ਸਭ ਤੋਂ ਠੀਕ ਕਿਹਾ ਪਰ ਥੋੜ੍ਹੀ ਦੇਰ ਬਾਅਦ ਹੀ ਜਦੋਂ ਜੇਮਜ਼ ਦੂਜਾ ਜੋ ਕਿ ਕੈਥੋਲਿਕ ਸੀ, ਰਾਜਗੱਦੀ ਤੇ ਬੈਠਿਆ ਤਾ ਹਾਇੰਡ ਐਂਡ ਦਾ ਪੈਂਥਰ ਵਿੱਚ ਚਰਚ ਆਫ਼ ਇੰਗਲੈਂਡ ਨੂੰ ਬਾਘ ਦੇ ਤੌਰ ਤੇ ਵੇਖਿਆ। ਉਹ ਹਰ ਸਮੇਂ ਤੇ ਹਰ ਰਿਵਾਜ ਨਾਲ ਬਦਲ ਜਾਂਦਾ ਸੀ। ਸਿਰਫ਼ ਇੱਕ ਵਾਰ ਹੀ ਉਸ ਨੇ ਆਪਣੀ ਅਡੋਲਤਾ ਦਾ ਉਦਾਹਰਨ ਦਿੱਤਾ ਜਦੋਂ ਵਿਲੀਅਮ ਤੀਜਾ ਰਾਜਾ ਬਣਿਆ ਪਰ ਡਰਾਈਡਨ ਨੇ ਕੈਥੋਲਿਕ ਧਰਮ ਨੂੰ ਛੱਡ ਕੇ ਚਰਚ ਆਫ਼ ਇੰਗਲੈਂਡ ਨਹੀਂ ਅਪਣਾਇਆ। ਉਸ ਨੇ ਪੋਏਟ ਲਾਰੀਏਟ ਦੀ ਪਦਵੀ ਵੀ ਤਿਆਗ ਦਿੱਤੀ ਅਤੇ ਆਪਣੇ ਯੁੱਗ ਦੇ ਮੰਨੇ ਹੋਏ ਵਿਰੋਧੀ ਸ਼ਾਖਾ ਦੇ ਕਵੀ ਥਾਮਸ ਸ਼ੈਡਵੇਲ ਨੂੰ ਪੋਏਟ ਲਾਰੀਏਟ ਬਣਨ ਦਾ ਮੌਕਾ ਦਿੱਤਾ। ਸ਼ੈਡਵੇਲ ਨੂੰ ਉਸ ਨੇ ਆਪਣੀ ਇੱਕ ਵਿਅੰਗ ਭਰੀ ਕਵਿਤਾ ‘ਮੈਕ ਫਲੈਕਨੋ` ਦਾ ਵੀ ਵਿਸ਼ਾ ਬਣਾਇਆ ਸੀ।
ਡਰਾਈਡਨ ਨੇ ਪੁਰਾਤਨ ਯੁੱਗ ਦੇ ਕਈ ਮਹਾਨ ਲੇਖਕਾਂ ਦੇ ਕੰਮ ਦਾ ਅਨੁਵਾਦ ਕੀਤਾ ਅਤੇ ਕੁਝ ਐਸੀਆਂ ਕਵਿਤਾਵਾਂ ਦੀ ਰਚਨਾ ਕੀਤੀ ਜਿਨ੍ਹਾਂ ਵਿੱਚੋਂ ਉਸ ਦੀ ਕਾਬਲੀਅਤ ਦੀ ਝਲਕ ਸਾਫ਼ ਨਜ਼ਰ ਆਉਂਦੀ ਹੈ। ਓਡ ਆਨ ਸੇਂਟ ਸੀਸੀਲੀਆਜ਼ ਡੇ ਅਤੇ ਸੌਂਗ ਇਨ ਪਰੇਜ਼ ਆਫ਼ ਮਿਉਜ਼ਿਕ ਉਸ ਦੀ ਕਲਾ ਦਾ ਵਧੀਆ ਨਮੂਨਾ ਹਨ। ਅੰਗਰੇਜ਼ੀ ਭਾਸ਼ਾ ਵਿੱਚ ਡਰਾਈਡਨ ਵਿਅੰਗਾਤਮਿਕ ਕਾਵਿ ਦਾ ਸਭ ਤੋਂ ਮਾਹਰ ਲੇਖਕ ਮੰਨਿਆ ਜਾਂਦਾ ਹੈ ਐਬਸੇਲੋਮ ਐਂਡ ਐਕੀਟੋਫਿਲ ਅੰਗਰੇਜ਼ੀ ਵਿਅੰਗ ਸ਼ੈਲੀ ਵਿੱਚ ਲਿਖੀਆਂ ਗਈਆਂ ਕਵਿਤਾਵਾਂ ਵਿੱਚੋਂ ਹੈ। ਜਿਸ ਨੂੰ ਲਿਖ ਕੇ ਡਰਾਈਡਨ ਨੇ ਜੇਮਜ਼ ਦੂਜੇ ਨੂੰ ਰਾਜਾ ਬਣਾਉਣ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਅਤੇ ਅੰਗਰੇਜ਼ੀ ਦੇ ਸਾਰੇ ਕਵੀ ਉਸ ਦੇ ਉਦਾਹਰਨ ਨੂੰ ਸਨਮੁੱਖ ਰੱਖ ਕੇ ਵਿਅੰਗ-ਕਾਵਿ ਲਿਖਦੇ ਹਨ। ਵਿਅੰਗ-ਕਾਵਿ ਦਾ ਅਸਰ ਬਹੁਤ ਗਹਿਰਾ ਹੁੰਦਾ ਹੈ। ਪ੍ਰਾਚੀਨ ਕਾਲ ਤੋਂ ਇਸ ਦੀ ਵਰਤੋਂ ਕਵੀਆਂ ਨੇ ਮਨੁੱਖੀ ਗ਼ਲਤੀਆਂ ਨੂੰ ਸੁਧਾਰਨ ਲਈ ਵੀ ਕੀਤੀ ਹੈ। ਡਰਾਈਡਨ ਨੇ ਵੀ ਇਸ ਸ਼ੈਲੀ ਦਾ ਉਪਯੋਗ ਆਪਣੇ ਸਮੇਂ ਦੇ ਸੁਧਾਰ ਲਈ ਕੀਤਾ ਹੈ। ਉਸ ਦਾ ਯੋਗਦਾਨ ਮਹਾਨ ਭਾਵੇਂ ਨਹੀਂ ਪਰ ਵਿਚਾਰਨਯੋਗ ਹੈ। ਕਿਹਾ ਜਾਂਦਾ ਹੈ ਕਿ ਉਸ ਦੀ ਕਵਿਤਾ ਬੇਸ਼ਕ ਇੱਕ ਅਮਰ ਕੌਮੀ ਵਿਰਾਸਤ ਦਾ ਹਿੱਸਾ ਨਹੀਂ ਬਣ ਸਕੀ, ਪਰ ਅੰਗਰੇਜ਼ੀ ਸਾਹਿਤ ਦੀ ਲੜੀ ਨੂੰ ਇੱਕ ਮਜ਼ਬੂਤ ਕੜੀ ਦੇ ਤੌਰ ਤੇ ਜੋੜਦੀ ਹੈ। ਕਿਹਾ ਜਾਂਦਾ ਹੈ ਕਿ ਉਹ ਆਪਣੇ ਸਮੇਂ ਦਾ ਮੁਰੀਦ ਸੀ ਅਤੇ ਉਸ ਦੀ ਸ਼ਕਤੀਸ਼ਾਲੀ, ਤੀਬਰ ਬੁੱਧੀ ਪੂਰੀ ਤਰ੍ਹਾਂ ਉਜਾਗਰ ਨਹੀਂ ਹੋ ਸਕੀ ਕਿਉਂਕਿ ਉਹ ਅਸੂਲਾਂ ਦਾ ਪੱਕਾ ਨਹੀਂ ਸੀ ਅਤੇ ਉਸ ਦੇ ਇਰਾਦੇ ਅਤੇ ਆਦਰਸ਼ ਉੱਚੇ ਨਹੀਂ ਸਨ।
ਜਦੋਂ ਚਾਰਲਸ ਦੂਜਾ ਵਾਪਸ ਇੰਗਲੈਂਡ ਆਇਆ ਤਾਂ ਫ਼੍ਰਾਂਸੀਸੀ ਰਿਵਾਜ ਆਪਣੇ ਨਾਲ ਲੈ ਕੇ ਆਇਆ। ਸਾਹਿਤ ਵਿੱਚ ਵੀ ਇਹਨਾਂ ਰਿਵਾਜਾਂ ਦੀ ਮਿਸਾਲ ਨਜ਼ਰ ਆਉਂਦੀ ਹੈ। ਇੱਕ ਫ਼੍ਰਾਂਸੀਸੀ ਆਲੋਚਕ ਸੀ, ਬੇਏਲੋ, ਜਿਸ ਨੇ ਦੁਨੀਆ ਦੇ ਪੁਰਾਤਨ ਕਾਲ ਦੇ ਲੇਖਕਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਆਪਣਾ ਆਦਰਸ਼ ਬਣਾਇਆ। ਇੰਗਲੈਂਡ ਅਤੇ ਫ਼੍ਰਾਂਸ ਵਿੱਚ ਸਾਹਿਤ ਰਚਨਾ ਵੀ ਇਹਨਾਂ ਨਿਯਮਾਂ ਅਨੁਸਾਰ ਹੀ ਹੋਣ ਲੱਗੀ। ਇੰਗਲੈਂਡ ਵਿੱਚ ਇਸ ਤਰ੍ਹਾਂ ਦੇ ਕਵੀਆਂ ਵਿੱਚ ਡਰਾਈਡਨ ਦਾ ਵਿਸ਼ੇਸ਼ ਸਥਾਨ ਹੈ। ਉਸ ਸਮੇਂ ਦੀ ਕਵਿਤਾ ਵਿੱਚ ਦੋਹੇ ਦੀ ਨਿਪੁੰਨ ਵਰਤੋਂ ਕੀਤੀ ਗਈ ਹੈ ਅਤੇ ਡਰਾਈਡਨ ਦੀ ਕਵਿਤਾ ਦੋਹਿਆਂ ਦੀ ਸ਼ਾਨਦਾਰ ਪੂੰਜੀ ਹੈ। ਡਰਾਈਡਨ ਨੇ ਫ਼੍ਰਾਂਸੀਸੀ ਨਿਯਮਾਂ ਦਾ ਪਾਲਣ ਕੀਤਾ, ਪਰ ਉਸੇ ਨੂੰ ਉਸ ਭਾਸ਼ਾ ਦੀਆਂ ਕਮੀਆਂ ਦਾ ਵੀ ਅਹਿਸਾਸ ਸੀ। ਸੋ ਉਸ ਨੇ ਆਪਣਾ ਇੱਕ ਅਲੱਗ ਸਿਧਾਂਤ ਬਣਾਇਆ ਜਿਸ ਮੁਤਾਬਕ ਉਹ ਸਮਝਦਾਰੀ ਅਤੇ ਸਚਾਈ ਨਾਲ ਆਪਣੇ ਕੰਮ ਵਿੱਚ ਅੱਗੇ ਵੱਧਦਾ ਗਿਆ। ਉਸ ਦੀ ਕਵਿਤਾ ਹਮੇਸ਼ਾਂ ਕਿਸੇ ਸਬਕ ਨੂੰ ਮੁੱਖ ਰੱਖ ਕੇ ਲਿਖੀ ਜਾਂਦੀ ਸੀ। ਡਰਾਈਡਨ ਦੀ ਕਵਿਤਾ ਨੂੰ ਸੰਗੀਤਮਈ ਵੀ ਕਿਹਾ ਜਾਂਦਾ ਹੈ।
ਲੇਖਕ : ਰੁਪਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First