ਡਰੌਲੀ ਭਾਈ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਡਰੌਲੀ ਭਾਈ (ਕਸਬਾ): ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਇਕ ਕਸਬਾ ਜਿਸ ਨੂੰ ‘ਭਾਈ ਕੀ ਡਰੌਲੀ’ ਜਾਂ ਕੇਵਲ ‘ਡਰੌਲੀ’ ਵੀ ਕਿਹਾ ਜਾਂਦਾ ਹੈ। ਇਹ ਮੋਗਾ ਨਗਰ ਤੋਂ 14 ਕਿ.ਮੀ. ਪੱਛਮ ਵਲ ਸਥਿਤ ਹੈ। ਸਿੱਖ ਇਤਿਹਾਸ ਵਿਚ ਇਸ ਦਾ ਮਹੱਤਵ ਇਸ ਕਰਕੇ ਹੈ ਕਿ ਇਥੇ ਗੁਰੂ ਹਰਿਗੋਬਿੰਦ ਜੀ ਦਾ ਸਾਂਢੂ ਭਾਈ ਸਾਈਂ ਦਾਸ ਰਹਿੰਦਾ ਸੀ ਜੋ ਮਾਤਾ ਦਮੋਦਰੀ ਜੀ ਦੀ ਵੱਡੀ ਭੈਣ ਰਾਮੋ ਨਾਲ ਵਿਆਹਿਆ ਹੋਇਆ ਸੀ। ਇਹ ਗੁਰੂ ਜੀ ਦਾ ਇਤਨਾ ਸ਼ਰਧਾਲੂ ਸੀ ਕਿ ਇਸ ਨੇ ਆਪਣੇ ਨਵੇਂ ਬਣਵਾਏ ਮਕਾਨ ਵਿਚ ਉਦੋਂ ਤਕ ਪ੍ਰਵੇਸ਼ ਨਹੀਂ ਸੀ ਕੀਤਾ, ਜਦੋਂ ਤਕ ਗੁਰੂ ਜੀ ਨੇ ਉਸ ਵਿਚ ਆਪਣੇ ਚਰਣ ਨਹੀਂ ਪਾਏ ਸਨ। ਗੁਰੂ ਜੀ ਸੰਨ 1613 ਈ. ਵਿਚ ਨਵੇਂ ਬਣੇ ਘਰ ਵਿਚ ਆਏ ਅਤੇ ਕਾਫ਼ੀ ਦੇਰ ਲਈ ਠਹਿਰੇ। ਇਸੇ ਠਹਿਰ ਦੌਰਾਨ 15 ਨਵੰਬਰ 1613 ਈ. ਨੂੰ ਬਾਬਾ ਗੁਰਦਿੱਤਾ ਦਾ ਜਨਮ ਹੋਇਆ। ਦੂਜੀ ਵਾਰ ਅਠਾਰ੍ਹਾਂ ਵਰ੍ਹੇ ਬਾਦ ਗੁਰੂ ਜੀ ਸੰਨ 1631 ਈ. ਵਿਚ ਆਏ। ਪਰ ਇਸ ਠਹਿਰ ਦੌਰਾਨ ਮਾਤਾ ਦਮੋਦਰੀ, ਮਾਈ ਰਾਮੋ ਅਤੇ ਭਾਈ ਸਾਈਂ ਦਾਸ ਦਾ ਦੇਹਾਂਤ ਹੋ ਗਿਆ। ਥੋੜੇ ਸਮੇਂ ਬਾਦ ਮਾਤਾ ਦਮੋਦਰੀ ਦੇ ਪਿਤਾ ਭਾਈ ਨਰੈਣ ਦਾਸ ਅਤੇ ਮਾਤਾ ਦਯਾ ਕੌਰ ਨੇ ਵੀ ਪ੍ਰਾਣ ਤਿਆਗ ਦਿੱਤੇ। ਗੁਰੂ ਜੀ ਨੇ ਸਭ ਦਾ ਸਸਕਾਰ ਕੀਤਾ। ਤਦ ਉਪਰੰਤ ਬਾਬਾ ਗੁਰਦਿਤਾ ਸਮੇਤ ਆਪਣੇ ਪਰਿਵਾਰ ਨੂੰ ਕਰਤਾਰਪੁਰ ਭੇਜ ਕੇ ਆਪ ਭਾਈ ਰੂਪਾ ਵਲ ਚਲੇ ਗਏ।
ਡਰੌਲੀ ਵਿਚ ਬਹੁਤ ਸਾਰੇ ਸਮਾਰਕ ਬਣੇ ਹੋਏ ਹਨ। ਜਿਵੇਂ ਕਿ—
(1) ਗੁਰਦੁਆਰਾ ਦਮਦਮਾ ਸਾਹਿਬ ਪਾਤਿਸ਼ਾਹੀ ਛੇਵੀਂ ਜਿਥੇ ਛੇਵੇਂ ਗੁਰੂ ਜੀ ਬੈਠ ਕੇ ਸੰਗਤਾਂ ਨੂੰ ਉਪਦੇਸ਼ ਕਰਦੇ ਸਨ। ਇਸ ਦੀ ਨਵੀਂ ਇਮਾਰਤ ਦੀ ਉਸਾਰੀ ਸੰਨ 1963 ਈ. ਵਿਚ ਹੋਈ ਸੀ। ਇਸ ਦੇ ਨਾਲ ਹੀ ਇਕ ਪੁਰਾਣਾ ਸਰੋਵਰ ਬਣਿਆ ਹੋਇਆ ਹੈ।
(2) ਜਨਮ ਅਸਥਾਨ ਬਾਬਾ ਬੁੱਢਾ ਜੀ ਜੋ ਨਗਰ ਦੇ ਅੰਦਰ ਭਾਈ ਸਾਈਂ ਦਾਸ ਦੀ ਹਵੇਲੀ ਵਾਲੀ ਥਾਂ ਉਤੇ ਬਣਿਆ ਹੋਇਆ ਹੈ। ਇਸ ਦੀ ਮੌਜੂਦਾ ਇਮਾਰਤ ਸੰਨ 1970 ਈ. ਵਿਚ ਮੁਕੰਮਲ ਹੋਈ ਸੀ।
(3) ਗੁਰੂ ਕਾ ਖੂਹ, ਜਿਸ ਦੀ ਖੁਦਾਈ, ਰਵਾਇਤ ਅਨੁਸਾਰ ਗੁਰੂ ਜੀ ਨੇ ਖ਼ੁਦ ਆਦੇਸ਼ ਦੇ ਕੇ ਕਰਵਾਈ ਸੀ।
(4) ਅੰਗੀਠਾ ਮਾਤਾ ਦਮੋਦਰੀ ਜੀ, ਜਿਥੇ ਮਾਤਾ ਦਮੋਦਰੀ ਜੀ, ਉਨ੍ਹਾਂ ਦੀ ਵੱਡੀ ਭੈਣ ਰਾਮੋ ਅਤੇ ਬਹਿਨੋਈ ਭਾਈ ਸਾਈਂ ਦਾਸ ਤੋਂ ਇਲਾਵਾ ਮਾਤਾ ਜੀ ਦੇ ਮਾਤਾ-ਪਿਤਾ ਦਾ ਵੀ ਸਸਕਾਰ ਕੀਤਾ ਗਿਆ ਸੀ।
ਉਪਰੋਕਤ ਸਾਰਿਆਂ ਧਰਮ-ਧਾਮਾਂ ਦੀ ਵਿਵਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੈ। ਜਨਮ- ਅਸਥਾਨ ਬਾਬਾ ਗੁਰਦਿੱਤਾ ਜੀ ਦੇ ਨੇੜੇ ਇਕ ਪਰਿਵਾਰ ਪਾਸ ਭਾਈ ਨੰਦ ਚੰਦ ਮਸੰਦ ਵਾਲੀ ਬੀੜ , ਕੁਝ ਬਸਤ੍ਰ , ਇਕ ਮਾਲਾ, ਇਕ ਸੰਦੂਕ , ਤਿੰਨ ਪੱਤਰ ਆਦਿ ਸੁਰਖਿਅਤ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3701, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First