ਡਲੇਵਾਲੀਆ ਮਿਸਲ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਡਲੇਵਾਲੀਆ ਮਿਸਲ: ਸਿੱਖਾਂ ਦੀਆਂ ਬਾਰ੍ਹਾਂ ਮਿਸਲਾਂ ਵਿਚੋਂ ਇਕ, ਜਿਸ ਦਾ ਸੰਸਥਾਪਕ ਸ. ਗੁਲਾਬ ਸਿੰਘ ਖਤ੍ਰੀ ਡੇਰਾ ਬਾਬਾ ਨਾਨਕ ਦੇ ਨੇੜੇ ਸਥਿਤ ਪਿੰਡ ਡਲੇਵਾਲ ਦਾ ਨਿਵਾਸੀ ਸੀ। ਅੰਮ੍ਰਿਤ ਛਕਣ ਤੋਂ ਪਹਿਲਾਂ ਇਹ ਗੁਲਾਬਾ ਖਤ੍ਰੀ ਵਜੋਂ ਜਾਣਿਆ ਜਾਂਦਾ ਸੀ। ਇਸ ਦੇ ਪਿੰਡ ਦੇ ਨਾਂ ਉਤੇ ਹੀ ਇਸ ਮਿਸਲ ਦਾ ਨਾਂ ਪਿਆ। ਇਸ ਦੁਆਰਾ ਬਣਾਏ ਗਏ ਜੱਥੇ ਦਾ ਡੇਰਾ ਜਾਂ ਮੁੱਖ ਸਥਾਨ ਇਸ ਦਾ ਪਿੰਡ ਹੀ ਸੀ। ਇਸ ਨੇ ਸੰਨ 1746 ਈ. ਵਿਚ ਛੋਟੇ ਘੱਲੂਘਾਰੇ ਵਿਚ ਦਲੇਰਾਨਾ ਹਿੱਸਾ ਲਿਆ। ਜਦੋਂ 1748 ਈ. ਵਿਚ ਦਲ ਖ਼ਾਲਸਾ ਦੀ ਸਥਾਪਨਾ ਹੋਈ, ਤਾਂ ਇਸ ਦੇ ਜੱਥੇ ਨੂੰ ਮਿਸਲ ਦਾ ਨਾਂ ਦੇ ਕੇ ਇਸ ਨੂੰ ਉਸ ਦਾ ਮੁੱਖੀ ਬਣਾ ਦਿੱਤਾ ਗਿਆ। ਇਹ ਮਿਸਲ ਬੁੱਢਾ ਦਲ ਵਿਚ ਸ਼ਾਮਲ ਕੀਤੀ ਗਈ। ਇਸ ਨੇ ਅਹਿਮਦ ਸ਼ਾਹ ਦੁਰਾਨੀ ਦੇ ਦੇਸ਼ ਪਰਤਦੇ ਕਾਫ਼ਲੇ ਉਤੇ ਕਈ ਹਮਲੇ ਕੀਤੇ ਅਤੇ ਉਸ ਤੋਂ ਲੁਟ ਦਾ ਸਾਮਾਨ ਖੋਹਿਆ। ਸੰਨ 1759 ਈ. ਵਿਚ ਗੁਲਾਬ ਸਿੰਘ ਦਾ ਦੇਹਾਂਤ ਹੋ ਗਿਆ।
ਗੁਲਾਬ ਸਿੰਘ ਤੋਂ ਬਾਦ ਉਸ ਦਾ ਵਿਸ਼ਵਸਤ ਸਾਥੀ ਤਾਰਾ ਸਿੰਘ ਗਾਇਬਾ ਮਿਸਲਦਾਰ ਬਣਿਆ ਜੋ ਕਪੂਰਥਲਾ ਜ਼ਿਲ੍ਹੇ ਦੇ ‘ਕੰਗ ’ ਪਿੰਡ ਦਾ ਨਿਵਾਸੀ ਸੀ। ਇਹ ਬੜੀ ਜੁਰਤ ਵਾਲਾ ਨਿਡਰ ਯੋਧਾ ਸੀ। ਬੜੀ ਫੁਰਤੀ ਨਾਲ ਵੈਰੀ ਉਤੇ ਝਪਟਦਾ ਸੀ ਅਤੇ ਲੁਟ ਪੁਟ ਕੇ ਛਿਣਾਂ ਵਿਚ ਗ਼ਾਇਬ ਹੋ ਜਾਂਦਾ ਸੀ। ਇਸੇ ਕਰਕੇ ਇਸ ਨੂੰ ‘ਗ਼ਾਇਬਾ’ ਕਿਹਾ ਜਾਣ ਲਗਾ। ਇਸ ਨੇ ਅਹਿਮਦ ਸ਼ਾਹ ਦੁਰਾਨੀ ਦੇ ਕਾਫ਼ਲੇ ਨੂੰ ਲੁਟਣ ਤੋਂ ਇਲਾਵਾ ਸਤਲੁਜ ਦੇ ਦੋਹਾਂ ਪਾਸੇ ਬਹੁਤ ਸਾਰੇ ਇਲਾਕੇ ਅਤੇ ਨਗਰਾਂ ਉਤੇ ਕਬਜ਼ਾ ਕਰ ਲਿਆ। ਸੰਨ 1763 ਈ. ਵਿਚ ਇਸ ਨੇ ਭੰਗੀ , ਰਾਮਗੜ੍ਹੀਆ ਅਤੇ ਕਨ੍ਹਈਆ ਮਿਸਲਾਂ ਨਾਲ ਮਿਲ ਕੇ ਕਸੂਰ ਦੇ ਨਵਾਬ ਉਤੇ ਹਮਲਾ ਕੀਤਾ ਅਤੇ ਨਗਰ ਨੂੰ ਖ਼ੂਬ ਉਜਾੜਿਆ। ਕਹਿੰਦੇ ਹਨ ਕਿ ਇਸ ਦੀ ਮਿਸਲ ਦੇ ਹਿੱਸੇ ਚਾਰ ਲੱਖ ਰੁਪਏ ਆਏ। ਇਸ ਨੇ ਹੋਰ ਮਿਸਲਾਂ ਨਾਲ ਮਿਲ ਕੇ ਜਨਵਰੀ 1764 ਈ. ਵਿਚ ਸਰਹਿੰਦ ਉਤੇ ਹਮਲਾ ਕੀਤਾ ਅਤੇ ਫ਼ੌਜਦਾਰ ਜ਼ੈਨ ਖ਼ਾਨ ਨੂੰ ਹਰਾ ਕੇ ਨਗਰ ਨੂੰ ਤਹਿਸ-ਨਹਿਸ ਕਰ ਦਿੱਤਾ। ਇਹ ਭਾਵੇਂ ਮਿਸਲ ਦਾ ਮੁੱਖ ਸਰਦਾਰ ਸੀ, ਪਰ ਇਸ ਦੇ ਕਈ ਪ੍ਰਧਾਨ ਯੋਧਿਆਂ ਨੇ ਵਖ ਵਖ ਇਲਾਕੇ ਜਿਤ ਕੇ ਆਪਣੀਆਂ ਨਿੱਕੀਆਂ ਨਿੱਕੀਆਂ ਰਿਆਸਤਾਂ ਕਾਇਮ ਕਰ ਲਈਆਂ। ਉਨ੍ਹਾਂ ਦੇ ਅਧੀਨ ਦੋਆਬੇ ਦਾ ਬਹੁਤ ਸਾਰਾ ਇਲਾਕਾ, ਲੁਧਿਆਣਾ ਅਤੇ ਰੋਪੜ ਜ਼ਿਲ੍ਹਿਆਂ ਦੇ ਕਈ ਪਿੰਡ ਅਤੇ ਕਸਬੇ ਹੋ ਗਏ। ਹਰਿਆਣਾ ਰਾਜ ਦੇ ਕੈਥਲ , ਪਹੋਵਾ, ਲਾਡਵਾ, ਇੰਦਰੀ , ਬਰਾੜਾ ਆਦਿ ਨਗਰ ਇਸ ਮਿਸਲ ਦੇ ਸਰਦਾਰਾਂ ਅਧੀਨ ਸਨ। ‘ਗ਼ਾਇਬਾ’ ਮਹਾਰਾਜਾ ਰਣਜੀਤ ਸਿੰਘ ਦਾ ਨਿਕਟੀ ਮਿਤਰ ਸੀ। ਉਸ ਨੂੰ ਇਸ ਨੇ ਕਈ ਮੁਹਿੰਮਾਂ ਵਿਚ ਸਾਥ ਦਿੱਤਾ। ਸੰਨ 1807 ਈ. ਵਿਚ ਇਸ ਦੇ ਦੇਹਾਂਤ ਤੋਂ ਬਾਦ ਮਹਾਰਾਜੇ ਨੇ ਇਸ ਮਿਸਲ ਦੀਆਂ ਸਾਰੀਆਂ ਜਗੀਰਾਂ ਆਪਣੇ ਅਧੀਨ ਕਰ ਲਈਆਂ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4249, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First