ਡੇਰਾ ਬਾਬਾ ਨਾਨਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡੇਰਾ ਬਾਬਾ ਨਾਨਕ ਦੇਖੋ, ਦੇਹਰਾ ਬਾਬਾ ਨਾਨਕ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8469, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਡੇਰਾ ਬਾਬਾ ਨਾਨਕ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਡੇਰਾ ਬਾਬਾ ਨਾਨਕ (ਨਗਰ): ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਇਕ ਨਗਰ ਜੋ ਰਾਵੀ ਨਦੀ ਦੇ ਖੱਬੇ ਕੰਢੇ ਉਤੇ ਸਥਿਤ ਹੈ। ਸਿੱਖ ਇਤਿਹਾਸ ਅਤੇ ਜਨਮਸਾਖੀ ਸਾਹਿਤ ਅਨੁਸਾਰ ਗੁਰੂ ਨਾਨਕ ਦੇਵ ਜੀ ਇਕ ਉਦਾਸੀ ਤੋਂ ਬਾਦ ਇਸ ਸਥਾਨ ਉਤੇ ਬਣੇ ਇਕ ਖੂਹ ਕੋਲ ਆ ਬੈਠੇ। ਇਹ ਖੂਹ ਗੁਰੂ ਨਾਨਕ ਦੇਵ ਜੀ ਦੇ ਸਹੁਰੇ ਪਿੰਡ ਪੱਖੋਕੇ ਰੰਧਾਵੇ ਦੇ ਚੌਧਰੀ ਅਜਿਤੇ ਰੰਧਾਵੇ ਦਾ ਸੀ। ਗੁਰੂ ਜੀ ਨੂੰ ਆਇਆ ਸੁਣ ਕੇ ਉਸ ਇਲਾਕੇ ਦੇ ਲੋਗ ਦਰਸ਼ਨਾਂ ਲਈ ਆਉਣੇ ਸ਼ੁਰੂ ਹੋ ਗਏ। ਅਜਿਤਾ ਰੰਧਾਵਾ ਵੀ ਆਇਆ ਅਤੇ ਬੇਨਤੀ ਕੀਤੀ ਗੁਰੂ ਜੀ! ਪੱਖੋਕੇ ਜਾਂ ਇਸ ਦੇ ਨੇੜੇ ਤੇੜੇ ਹੀ ਆਪਣਾ ਸਥਾਈ ਨਿਵਾਸ ਬਣਾ ਲਵੋ। ਗੁਰੂ ਜੀ ਦੀ ਆਗਿਆ ਨਾਲ ਭਾਈ ਦੋਦਾ ਅਤੇ ਭਾਈ ਦੁਨੀ ਚੰਦ (ਕਰੋੜੀ ਮੱਲ) ਨੇ ਸੰਨ 1504 ਈ. ਵਿਚ ਰਾਵੀ ਦੇ ਸੱਜੇ ਕੰਢੇ ਉਤੇ ‘ਕਰਤਾਰਪੁਰ ’ ਨਗਰ ਵਸਾਇਆ। ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਤੋਂ ਬਾਦ ਸੰਨ 1522 ਈ. ਵਿਚ ਉਥੇ ਪਕੀ ਰਿਹਾਇਸ਼ ਰਖ ਲਈ। ਇਸ ਨਗਰ ਵਿਚ ਲਗਭਗ 18 ਵਰ੍ਹੇ ਨਿਵਾਸ ਕਰਨ ਉਪਰੰਤ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਿਆਈ ਬਖ਼ਸ਼ ਕੇ ਸੰਨ 1539 ਈ. ਵਿਚ ਮਹਾ ਪ੍ਰਸਥਾਨ ਕੀਤਾ। ਉਥੇ ਹੀ ਗੁਰੂ ਜੀ ਦਾ ਸਸਕਾਰ ਕੀਤਾ ਗਿਆ। ਪਰ ਕੁਝ ਸਮੇਂ ਬਾਦ ਉਸ ਨਗਰ ਨੂੰ ਰਾਵੀ ਨਦੀ ਵਿਚ ਆਉਂਦੇ ਹੜ੍ਹਾਂ ਨੇ ਰੋੜ੍ਹ ਲਿਆ।
ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਨੇ ਉਦਮ ਕਰਕੇ ਗੁਰੂ ਨਾਨਕ ਦੇਵ ਜੀ ਦਾ ਨਵਾਂ ਦੇਹਰਾ ਰਾਵੀ ਦਰਿਆ ਦੇ ਉਰਲੇ ਕੰਢੇ ਅਜਿਤੇ ਰੰਧਾਵੇ ਦੇ ਖੂਹ ਕੋਲ ਬਣਵਾਇਆ। ਬਾਦ ਵਿਚ ਬਾਬਾ ਲਖਮੀ ਦਾਸ ਦੇ ਸੁਪੁੱਤਰ ਬਾਬਾ ਧਰਮ ਦਾਸ ਨੇ ਉਥੇ ਜੋ ਨਗਰ ਵਸਾਇਆ, ਉਸ ਦਾ ਨਾਂ ਡੇਰਾ ਬਾਬਾ ਨਾਨਕ (ਦੇਹਰਾ ਬਾਬਾ ਨਾਨਕ) ਪ੍ਰਚਲਿਤ ਹੋਇਆ। ਇਸ ਨਗਰ ਵਿਚ ਦੋ ਗੁਰੂ-ਧਾਮ ਵਿਸ਼ੇਸ਼ -ਉਲੇਖ- ਯੋਗ ਹਨ।
ਇਕ ‘ਗੁਰਦੁਆਰਾ ਦਰਬਾਰ ਸਾਹਿਬ ’, ਜੋ ਨਗਰ ਦੇ ਮੱਧ ਵਿਚ ਸਥਿਤ ਹੈ। ਇਸ ਦੇ ਪਰਿਸਰ ਵਿਚ ਤਿੰਨ ਸਮਾਰਕ ਹਨ। ਇਕ ਹੈ ਅਜਿਤੇ ਰੰਧਾਵੇ ਦਾ ਉਹ ਖੂਹ ਜਿਸ ਕੋਲ ਗੁਰੂ ਨਾਨਕ ਦੇਵ ਜੀ ਆ ਕੇ ਬਿਰਾਜੇ ਸਨ। ਦੂਜਾ ਹੈ ‘ਕੀਰਤਨ ਅਸਥਾਨ ’ ਜਿਥੇ ਬਾਬਾ ਧਰਮ ਚੰਦ ਦੇ ਦੇਹਾਂਤ ਵੇਲੇ ਆਏ ਗੁਰੂ ਅਰਜਨ ਦੇਵ ਜੀ ਨੇ ਵਿਸਮਾਦੀ ਅਵਸਥਾ ਵਿਚ ਕੀਰਤਨ ਸੁਣਿਆ ਸੀ। ਤੀਜਾ ਥੜਾ ਸਾਹਿਬ ਜਿਸ ਸਥਾਨ ਉਤੇ ਗੁਰੂ ਨਾਨਕ ਦੇਵ ਜੀ ਬੈਠੇ ਸਨ ਅਤੇ ਬਾਦ ਵਿਚ ਗੁਰੂ ਜੀ ਦੇ ਸੁਪੁੱਤਰਾਂ ਨੇ ਕਰਤਾਰਪੁਰ ਵਾਲੀ ਥਾਂ ਤੋਂ ਮਿੱਟੀ ਲਿਆ ਕੇ ਸਮਾਧ (ਦੇਹਰਾ) ਬਣਾਇਆ ਸੀ। ਇਸ ਗੁਰਦੁਆਰੇ ਦੀ ਉਸਾਰੀ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1827 ਈ. ਵਿਚ ਕਰਵਾਈ। ਇਹ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ। ਹਰ ਮਸਿਆ ਨੂੰ ਇਥੇ ਦੀਵਾਨ ਸਜਦੇ ਹਨ। ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਦਾ ਪੁਰਬ ਉਚੇਚ ਨਾਲ ਮੰਨਾਇਆ ਜਾਂਦਾ ਹੈ। ਵਿਸਾਖੀ ਨੂੰ ਵੀ ਇਥੇ ਵੱਡਾ ਧਾਰਮਿਕ ਮੇਲਾ ਹੁੰਦਾ ਹੈ। ਇਸ ਗੁਰੂ-ਧਾਮ ਵਿਚ ਗੁਰੂ ਗ੍ਰੰਥ ਸਾਹਿਬ ਦੀ ਇਕ ਪੁਰਾਤਨ ਬੀੜ ਵੀ ਸੁਰਖਿਅਤ ਹੈ।
ਦੂਜਾ, ਗੁਰੂ-ਧਾਮ ‘ਗੁਰਦੁਆਰਾ ਚੋਲਾ ਸਾਹਿਬ’ ਹੈ। ਰਵਾਇਤ ਅਨੁਸਾਰ ਇਸ ਧਰਮ-ਧਾਮ ਦਾ ਸੰਬੰਧ ਗੁਰੂ ਨਾਨਕ ਦੇਵ ਜੀ ਦੇ ਉਸ ਚੋਲੇ ਨਾਲ ਹੈ ਜੋ ਬਗਦਾਦ ਦੀ ਫੇਰੀ ਵੇਲੇ ਕਿਸੇ ਮੁਸਲਮਾਨ ਨੇ ਗੁਰੂ ਜੀ ਨੂੰ ਭੇਂਟ ਕੀਤਾ ਸੀ ਅਤੇ ਜਿਸ ਉਤੇ ਕੁਰਾਨ ਸ਼ਰੀਫ਼ ਦੀਆਂ ਆਇਤਾਂ ਦੀ ਕਢਾਈ ਹੋਈ ਹੈ। ਇਹ ਚੋਲਾ ਗੁਰੂ ਜੀ ਦੇ ਵੰਸ਼ਜ ਬਾਬਾ ਕਾਬਲੀ ਮੱਲ ਨੇ ਬਗ਼ਦਾਦ ਤੋਂ 1 ਮਾਰਚ 1828 ਈ. ਨੂੰ ਲਿਆਉਂਦਾ। ਇਸ ਗੁਰੂ-ਧਾਮ ਵਿਚ ਸਦਾ ਲਿੰਗਰ ਚਲਦੇ ਰਹਿਣ ਕਾਰਣ ਇਸ ਦਾ ਨਾਂ ‘ਗੁਰਦੁਆਰਾ ਲੰਗਰ ਮੰਦਿਰ ਚੋਲਾ ਸਾਹਿਬ’ ਪ੍ਰਚਲਿਤ ਹੋ ਗਿਆ। ਗੁਰਦੁਆਰਾ ਐਕਟ ਦੇ ਪਾਸ ਹੋ ਜਾਣ ਤੋਂ ਬਾਦ ਬਾਬਾ ਕਾਬਲੀ ਦਾਸ ਦੀ ਸੰਤਾਨ ਨੇ ਗੁਰੂ-ਧਾਮ ਦੀ ਇਮਾਰਤ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਦਿੱਤੀ, ਪਰ ਚੋਲਾ ਸਾਹਿਬ ਆਪਣੇ ਪਾਸ ਹੀ ਰਖਿਆ ਜੋ ਹੁਣ ਉਨ੍ਹਾਂ ਨੇ ਆਪਣੇ ਪਰਿਵਾਰਿਕ ਘਰ ਵਿਚ ਸ਼ੀਸ਼ੇ ਦੇ ਬਾਕਸ ਵਿਚ ਸੰਭਾਲਿਆ ਹੋਇਆ ਹੈ ਅਤੇ ਲੋਕਾਂ ਨੂੰ ਦਰਸ਼ਨ ਕਰਾਉਂਦੇ ਹਨ। ‘ਗੁਰਦੁਆਰਾ ਚੋਲਾ ਸਾਹਿਬ’ ਦਾ ਪ੍ਰਬੰਧ ਗੁਰਦੁਆਰਾ ਦਰਬਾਰ ਸਾਹਿਬ ਵਾਲੀ ਕਮੇਟੀ ਹੀ ਕਰਦੀ ਹੈ। ਇਸ ਦੇ ਪਰਿਸਰ ਵਿਚ ਬਾਬਾ ਕਾਬਲੀ ਮੱਲ ਦੀ ਸਮਾਧ ਵੀ ਹੈ। ਇਥੇ ਹਰ ਸਾਲ 21 ਫਗਣ ਤੋਂ ਚਾਰ ਦਿਨਾਂ ਦਾ ਮੇਲਾ ਲਗਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8442, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਡੇਰਾ ਬਾਬਾ ਨਾਨਕ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਡੇਰਾ ਬਾਬਾ ਨਾਨਕ : ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਨਗਰ ਡੇਰਾ ਬਾਬਾ ਨਾਨਕ, ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਵਿਚ ਰਾਵੀ ਦੇ ਖੱਬੇ ਕਿਨਾਰੇ ਭਾਰਤ-ਪਾਕਿ ਸਰਹੱਦ ਤੋਂ ਤਿੰਨ ਕਿ. ਮੀ. ਬਟਾਲੇ ਤੋਂ 30 ਕਿ. ਮੀ. ਤੇ ਅੰਮ੍ਰਿਤਸਰ ਤੋਂ 60 ਕਿ. ਮੀ. ਦੀ ਦੂਰੀ ਤੇ ਸਥਿਤ ਹੈ । ਇਹ ਗੁਰਦਾਸਪੁਰ-ਫ਼ਤਹਿਗੜ੍ਹ ਚੂੜੀਆਂ ਬਟਾਲਾ ਤੇ ਅਜਨਾਲਾ ਸੜਕਾਂ ਨਾਲ ਜੁੜਿਆ ਹੋਇਆ ਹੈ।
ਇਸ ਨਗਰ ਦਾ ਇਤਿਹਾਸਕ ਪਿਛੋਕੜ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ। ਡੇਰਾ ਬਾਬਾ ਨਾਨਕ ਤੋਂ 3 ਕਿ. ਮੀ. ਦੂਰ (ਪਾਕਿਸਤਾਨ ਵਿਚ ) ਰਾਵੀ ਦਰਿਆ ਦੇ ਉੱਤਰੀ ਕਿਨਾਰੇ 1521 ਈ. ਵਿਚ ਗੁਰੂ ਜੀ ਨੇ ਕਰਤਾਰਪੁਰ ਨਗਰ ਵਸਾਇਆ ਸੀ । ਇਸਦੇ ਉੱਤਰ ਪੂਰਬ ਵੱਲ 6 ਕਿ. ਮੀ. ਦੂਰ ਪਿੰਡ ਪਖੋਕੇ ਰੰਧਾਵੇ ਜੋ ਰਾਵੀ ਤੋਂ ਪਾਰ ਹੈ , ਮਾਤਾ ਸੁਲੱਖਣੀ ਜੀ ਆਪਣੇ ਦੋ ਸਾਹਿਬਜ਼ਾਦਿਆਂ ਨਾਲ ਇਥੇ ਰਹਿੰਦੇ ਸਨ । ਆਪਣੀ ਚੌਥੀ ਉਦਾਸੀ ਤੋਂ ਪਿਛੋਂ ਗੁਰੂ ਜੀ ਇਸ ਪਿੰਡ ਵਿਚ ਆਏ ਸਨ । ਇਥੇ ਦੂਰ-ਦੂਰ ਤੋਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਸਨ । ਲੋਦੇ ਚੌਧਰੀ ਨੇ ਦਰਿਆ ਰਾਵੀ ਦੇ ਸੱਜੇ ਕੰਢੇ ਗੁਰੂ ਜੀ ਨੂੰ ਪਿੰਡ ਵਸਾਉਣ ਲਈ ਥਾਂ ਭੇਟ ਕੀਤੀ । ਇਥੇ ਗੁਰੂ ਜੀ ਨੇ ਕਰਤਾਰਪੁਰ ਨਗਰ ਵਸਾਇਆ ਅਤੇ ਇਥੇ ਰਹਿ ਕੇ ਧਰਮ ਉਪਦੇਸ਼ ਕੀਤਾ। ਗੁਰੂ ਜੀ ਇਥੇ ਹੀ ਜੋਤੀ ਜੋਤ ਸਮਾਏ ।
ਗੁਰੂ ਜੀ ਤੋਂ ਪਿਛੋਂ ਉਨ੍ਹਾਂ ਦੀ ਸੰਤਾਨ ਕਾਫੀ ਦੇਰ ਕਰਤਾਰਪੁਰ ਰਹਿੰਦੀ ਰਹੀ ਪਰ 1744 ਈ. ਵਿਚ ਜਦੋਂ ਦਰਿਆ ਰਾਵੀ ਦੇ ਵਹਿਣ ਨੇ ਕਰਤਾਰਪੁਰ ਨੂੰ ਢਾਹ ਲਾਉਣੀ ਸ਼ੁਰੂ ਕੀਤੀ ਤਾਂ ਬੇਦੀ ਵੰਸ਼ ਅਤੇ ਪਿੰਡ ਵਾਸੀਆਂ ਨੇ ਰਾਵੀ ਦੇ ਦੱਖਣੀ ਕੰਢੇ ਉਪਰ ਇਕ ਨਵਾਂ ਕਸਬਾ ਵਸਾਇਆ ਅਤੇ ਇਸਦਾ ਨਾਂ ਗੁਰੂ ਜੀ ਦੇ ਨਾਂ ਉਪਰ ਡੇਰਾ ਬਾਬਾ ਨਾਨਕ ਰਖਿਆ ।
ਇਥੇ ਤਿੰਨ ਪ੍ਰਮੁੱਖ ਗੁਰਦੁਆਰੇ ਹਨ :-
ਗੁਰਦੁਆਰਾ ਦਰਬਾਰ ਸਾਹਿਬ
ਗੁਰਦੁਆਰਾ ਦਰਬਾਰ ਸਾਹਿਬ : ਇਸ ਕਸਬੇ ਵਿਚ ਇਕ ਆਲੀਸ਼ਾਨ ਗੁਰਦੁਆਰਾ ਦਰਬਾਰ ਸਾਹਿਬ ਬਣਿਆ ਹੋਇਆ ਹੈ, ਇਥੇ ਸਾਰੇ ਪੰਜਾਬ ਵਾਸੀ ਦਰਸ਼ਨਾਂ ਲਈ ਆਉਂਦੇ ਹਨ। ਕਰਤਾਰਪੁਰ ਵਿਚ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ ਅਤੇ ਉਥੇ ਗੁਰੂ ਜੀ ਦੀ ਆਗਿਆ ਦੇ ਖਿਲਾਫ਼ ਗੁਰੂ ਜੀ ਦੀ ਸਮਾਧ ਬਣਾਈ ਗਈ ਸੀ ਜੋ ਰਾਵੀ ਵਿਚ ਅਲੋਪ ਹੋ ਗਈ । ਡੇਰਾ ਬਾਬਾ ਨਾਨਕ ਨਾਂ ਦਾ ਕਸਬਾ ਜੋ ਦੁਬਾਰਾ ਵਸਾਇਆ ਗਿਆ ਸੀ ਉੱਥੇ ਗੁਰੂ ਜੀ ਦੀ ਨਵੀਂ ਸਮਾਧ ਬਣਾਈ ਗਈ, ਸਮਾਧ ਵਾਲੀ ਥਾਂ ਉਤੇ ਹੀ ਗੁਰਦੁਆਰਾ ਦਰਬਾਰ ਸਾਹਿਬ ਬਣਾਇਆ ਗਿਆ । ਸੰਨ 1825 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਦੀ ਸੇਵਾ ਲਈ ਮਾਇਆ ਭੇਟ ਕੀਤੀ । ਇਹ ਸੇਵਾ 1827 ਈ. ਵਿਚ ਪੂਰੀ ਹੋਈ। ਰਾਣੀ ਚੰਦ ਕੌਰ ਨੇ ਨਵੰਬਰ , 1840 ਤੋਂ ਜਨਵਰੀ , 1841 ਈ. ਤੱਕ ਆਪਣੇ ਰਾਜ ਕਾਲ ਦੇ ਸਮੇਂ ਦੌਰਾਨ ਦਰਬਾਰ ਸਾਹਿਬ ਦੇ ਗੁੰਬਦ ਉੱਤੇ ਸੋਨੇ ਦਾ ਪਤਰਾ ਚੜ੍ਹਵਾਇਆ। ਇਥੇ ਵਿਸਾਖੀ, 20 ਫੱਗਣ ਅਤੇ ਸਰਾਧਾਂ ਦੀ ਚੌਥ ਨੂੰ ਭਾਰੀ ਜੋੜ ਮੇਲੇ ਲੱਗਦੇ ਹਨ ।
ਗੁਰਦੁਆਰਾ ਚੋਲਾ ਸਾਹਿਬ
ਗੁਰਦੁਆਰਾ ਚੋਲਾ ਸਾਹਿਬ : ਇਥੇ ਇਕ ਹੋਰ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਚੋਲਾ ਸਾਹਿਬ ਕਰਕੇ ਪ੍ਰਸਿੱਧ ਹੈ । ਇਥੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਚੋਲਾ, ਬੇਬੇ ਨਾਨਕੀ ਦੁਆਰਾ ਕੱਢਿਆ ਹੋਇਆ ਰੁਮਾਲ ਤੇ ਬਾਲੇ ਦੇ ਚੌਰ ਦੇ ਦਰਸ਼ਨ ਕਰਕੇ ਸੰਗਤਾਂ ਧੰਨ ਭਾਗ ਸਮਝਦੀਆਂ ਹਨ ।
ਗੁਰਦੁਆਰਾ ਟਾਹਲੀ ਸਾਹਿਬ
ਗੁਰਦੁਆਰਾ ਟਾਹਲੀ ਸਾਹਿਬ : ਇਕ ਹੋਰ ਵੱਡਾ ਗੁਰਦੁਆਰਾ ਟਾਹਲੀ ਸਾਹਿਬ ਹੈ । ਬਾਬਾ ਲਖਮੀ ਚੰਦ ਦੇ ਪੋਤਰੇ ਮਿਹਰ ਚੰਦ ਨੇ ਬਾਬਾ ਸ੍ਰੀ ਚੰਦ ਦੀ ਯਾਦ ਵਿਚ ਟਾਹਲੀ ਕੋਲ ਇਕ ਦੇਹਰਾ ਬਣਾਇਆ ਜਿਥੇ ਬੈਠ ਕੇ ਉਹ ਪ੍ਰਭੂ ਭਗਤੀ ਵਿਚ ਲੀਨ ਹੁੰਦੇ ਸਨ । ਹੜ੍ਹਾਂ ਕਾਰਨ 1876 ਈ. ਵਿਚ ਇਹ ਤਬਾਹ ਹੋ ਗਿਆ ਸੀ ਪਰ ਸ਼ਰਧਾਲੂਆਂ ਨੇ ਇਸ ਨੂੰ ਮੁੜ ਉਸਾਰਿਆ ।
ਸੰਨ 1867 ਵਿਚ ਇਥੇ ਨਗਰਪਾਲਿਕਾ ਬਣਾਈ ਗਈ ਸੀ । ਇਥੇ ਇਕ ਹਾਇਰ ਸੈਕੰਡਰੀ ਸਕੂਲ ਲੜਕਿਆਂ ਲਈ , ਇਕ ਹਾਈ ਸਕੂਲ ਲੜਕੀਆਂ ਲਈ, ਪਸ਼ੂਆਂ ਲਈ, ਹਸਪਤਾਲ, ਪੁਲਿਸ ਸਟੇਸ਼ਨ , ਡਾਕ ਤੇ ਤਾਰ ਘਰ, ਟੈਲੀਫੂਨ ਐਕਸਚੇਂਜ ਤੇ ਇਕ ਸਿਵਲ ਡਿਸਪੈਂਸਰੀ ਵੀ ਹੈ।
ਸਥਿਤੀ - 32° 2’ ਉ. ਵਿਥ; 75° 7’ ਪੂ. ਲੰਬ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3752, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-10-52-41, ਹਵਾਲੇ/ਟਿੱਪਣੀਆਂ: ਹ. ਪੁ. –ਡਿਸ. ਗਜ਼. ਗੁਰਦਾਸਪੁਰ: ਡਿ. ਸੈਂ. ਹੈਂ. ਬੁ–ਗੁਰਦਾਸਪੁਰ 1981; ਮ. ਕੋ. ; ਪੰਜਾਬ ਹਿਸਟਰੀ ਕਾਨਫਰੰਸ (26ਵਾਂ ਸੈਕਸ਼ਨ)
ਵਿਚਾਰ / ਸੁਝਾਅ
Please Login First