ਡੱਕਵੀਆਂ ਧੁਨੀਆਂ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਡੱਕਵੀਆਂ ਧੁਨੀਆਂ: ਇਸ ਸੰਕਲਪ ਦੀ ਵਰਤੋਂ ਉਚਾਰਨੀ ਧੁਨੀ ਵਿਗਿਆਨ ਵਿਚ ਕੀਤੀ ਜਾਂਦੀ ਹੈ। ਵਿਅੰਜਨ ਧੁਨੀਆਂ ਦੀ ਵਰਗ-ਵੰਡ ਉਚਾਰਨ-ਸਥਾਨ ਅਤੇ ਉਚਾਰਨ-ਵਿਧੀ ਦੇ ਅਧਾਰ ’ਤੇ ਕੀਤੀ ਜਾਂਦੀ ਹੈ। ਪੰਜਾਬੀ ਧੁਨੀ-ਵਿਉਂਤ ਵਿਚ ਸਥਾਨ ਦੇ ਅਧਾਰ ’ਤੇ ਧੁਨੀਆਂ ਨੂੰ ਮੌਖਿਕ ਤੇ ਨਾਸਕੀ, ਅਲਪ-ਪਰਾਣ ਤੇ ਮਹਾਂ-ਪਰਾਣ, ਸਘੋਸ਼ ਤੇ ਅਘੋਸ਼, ਪਾਰਸ਼ਵਿਕ, ਟਰਿਲ, ਫਲੈਪ ਅਤੇ ਸੰਘਰਸ਼ੀ ਵਿਚ ਵੰਡਿਆ ਜਾਂਦਾ ਹੈ। ਇਕ ਉਚਾਰਨ ਸਥਾਨ ਤੋਂ ਪੈਦਾ ਹੋਣ ਵਾਲੀਆਂ ਧੁਨੀਆਂ ਵਿਚ ਉਚਾਰਨ-ਵਿਧੀ ਦੇ ਲੱਛਣ ਵੱਖੋ ਵੱਖਰੇ ਹੋ ਸਕਦੇ ਹਨ। ਉਦਾਹਰਨ ਲਈ (ਟ) ਉਚਾਰਨ-ਸਥਾਨ ਦੇ ਪੱਖ ਤੋਂ ਉਲਟ-ਜੀਭੀ ਧੁਨੀ ਹੈ ਪਰ ਉਚਾਰਨ-ਵਿਧੀ ਦੇ ਪੱਖ ਤੋਂ ਇਸ ਧੁਨੀ ਨੂੰ ਪਾਰਸ਼ਵਿਕ ਦੇ ਘੇਰੇ ਵਿਚ ਲਿਆ ਜਾਂਦਾ ਹੈ। ਉਚਾਰਨ ਦੀ ਦਰਿਸ਼ਟੀ ਤੋਂ ਇਕ ਤੀਜਾ ਲੱਛਣ ਹੈ ਜਿਸ ਰਾਹੀਂ ਵਿਅੰਜਨ ਧੁਨੀਆਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਇਸ ਪੱਖ ਤੋਂ ਧੁਨੀਆਂ ਦੇ ਉਚਾਰਨ ਵਿਚ ਪੈਦਾ ਹੋਈ ਰੁਕਾਵਟ ਨੂੰ ਅਧਾਰ ਬਣਾਇਆ ਜਾਂਦਾ ਹੈ। ਰੁਕਾਵਟ ਦੇ ਅਧਾਰ ’ਤੇ ਧੁਨੀਆਂ ਨੂੰ ਡੱਕਵੀਆਂ ਅਤੇ ਅਡੱਕਵੀਆਂ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ। ਜਿਨ੍ਹਾਂ ਧੁਨੀਆਂ ਦੇ ਉਚਾਰਨ ਵੇਲੇ ਫੇਫੜਿਆਂ ਵਿਚੋਂ ਬਾਹਰ ਆ ਰਹੀ ਹਵਾ ਨੂੰ ਰੁਕਾਵਟ ਪਾਈ ਜਾਂਦੀ ਹੋਵੇ ਅਤੇ ਧੁਨੀ ਦਾ ਉਚਾਰਨ ਉਸ ਵਕਤ ਸੰਭਵ ਹੁੰਦਾ ਹੈ ਜਦੋਂ ਉਚਾਰਨ-ਸਥਾਨ ਅਤੇ ਉਚਾਰਕ ਆਪਣੀ ਥਾਂ ਤੋਂ ਅਲੱਗ ਹੋ ਜਾਣ ਅਤੇ ਇਨ੍ਹਾਂ ਦੇ ਪਿੱਛੇ ਬਣਿਆ ਹਵਾ ਦਾ ਦਬਾ ਸਫੋਟ ਵਾਂਗ ਬਾਹਰ ਨਿਕਲ ਜਾਵੇ। ਪੰਜਾਬੀ ਦੀਆਂ 15 ਧੁਨੀਆਂ ਇਸ ਵਰਗ ਵਿਚ ਆਉਂਦੀਆਂ ਹਨ, ਜਿਵੇਂ (ਪ, ਫ, ਬ, ਤ, ਥ, ਦ, ਟ, ਠ, ਡ, ਚ, ਛ, ਜ ਅਤੇ ਕ, ਖ, ਗ) ਦੂਜੇ ਪਾਸੇ ਜਿਨ੍ਹਾਂ ਧੁਨੀਆਂ ਦੇ ਉਚਾਰਨ ਵੇਲੇ ਇਸ ਤੋਂ ਉਲਟ ਸਥਿਤੀ ਹੋਵੇ ਭਾਵ ਉਚਾਰਨ-ਸਥਾਨ ਅਤੇ ਉਚਾਰਕਾਂ ਰਾਹੀਂ ਪੂਰਨ ਰੁਕਾਵਟ ਨਾ ਪਾਾਈ ਗਈ ਹੋਵੇ ਉਨ੍ਹਾਂ ਧੁਨੀਆ ਨੂੰ ਅਡੱਕਵੀਆਂ ਧੁਨੀਆਂ ਕਿਹਾ ਜਾਂਦਾ ਹੈ। ਡੱਕਵੀਆਂ ਧੁਨੀਆਂ ਨੂੰ ਛੱਡ ਕੇ ਪੰਜਾਬੀ ਦੀਆਂ ਬਾਕੀ ਸਾਰੀਆਂ ਵਿਅੰਜਨ ਧੁਨੀਆਂ ਅਡੱਕਵੀਆਂ ਹਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3645, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.