ਢਿਲਵਾਂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਢਿਲਵਾਂ. ਜਿਲਾ ਤਸੀਲ ਲਹੌਰ, ਥਾਣਾ ਬਰਕੀ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ. ਇਸ ਦੇ ਦੱਖਣ ਵੱਲ ਪਾਸ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਅਨੇਕ ਪਿੰਡਾਂ ਦਾ ਉੱਧਾਰ ਕਰਦੇ ਝੱਲੀਆਂ ਤੋਂ ਇੱਥੇ ਇੱਕ ਪਿੱਪਲ ਹੇਠ ਆ ਬੈਠੇ, ਜੋ ਹੁਣ ਸੁੱਕਾ ਹੋਇਆ ਮੌਜੂਦ ਹੈ. ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਅੱਠ ਘੁਮਾਉਂ ਜ਼ਮੀਨ ਇਸੇ ਪਿੰਡ ਗੁਰਦ੍ਵਾਰੇ ਦੇ ਨਾਉਂ ਹੈ. ਰੇਲਵੇ ਸਟੇਸ਼ਨ ‘ਅਟਾਰੀ ’ ਤੋਂ ੮ ਮੀਲ ਦੱਖਣ ਪੱਛਮ ਹੈ.
੨ ਰਿਆਸਤ ਨਾਭਾ , ਨਜਾਮਤ ਫੂਲ, ਤਸੀਲ ਅਤੇ ਥਾਣਾ ਧਨੌਲਾ ਵਿੱਚ ਇੱਕ ਪਿੰਡ ਹੈ, ਜੋ ਨਾਭੇ ਅਤੇ ਪਟਿਆਲੇ ਦੋਹਾਂ ਰਿਆਸਤਾਂ ਦਾ ਸਾਂਝਾ ਹੈ. ਨਾਭਾ ਪੱਤੀ ਦੀ ਹ਼ੱਦ ਵਿੱਚ ਦੋ ਗੁਰਦ੍ਵਾਰੇ ਹਨ:—
(ੳ) ਪਿੰਡ ਤੋਂ ਦੱਖਣ ਪੂਰਵ ਇੱਕ ਮੀਲ ਦੇ ਕ਼ਰੀਬ, ਜਿੱਥੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਨੇ ਧੌਲੇ ਤੋਂ ਆਉਂਦੇ ਪੰਜ ਇਸਨਾਨਾ ਕਰਕੇ ਥੋੜਾ ਸਮਾਂ ਆਰਾਮ ਕੀਤਾ. ਇੱਥੇ ਕੇਵਲ ਮੰਜੀ ਸਾਹਿਬ ਬਣਿਆ ਹੋਇਆ ਹੈ. ਸੇਵਾਦਾਰ ਕੋਈ ਨਹੀਂ. ਰਿਆਸਤ ਨਾਭੇ ਵੱਲੋਂ ੧੨) ਸਾਲਾਨਾ ਧੂਪਦੀਪ ਦੇ ਖ਼ਰਚ ਲਈ ਲੱਗੇ ਹੋਏ ਹਨ.
(ਅ) ਪਿੰਡ ਤੋਂ ਦੱਖਣ ਵੱਲ ਇੱਕ ਫਰਲਾਂਗ ਪੁਰ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ, ਜਿੱਥੇ ਗੁਰੂ ਸਾਹਿਬ ਨੇ ਕਈ ਦਿਨ ਨਿਵਾਸ ਕੀਤਾ. ਗੁਰਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ. ਪਾਸ ਮਕਾਨ ਭੀ ਹਨ. ੩੫ ਘੁਮਾਉਂ ਜ਼ਮੀਨ ਰਿਆਸਤ ਨਾਭੇ ਵੱਲੋਂ, ੧੫ ਘੁਮਾਉਂ ਜ਼ਮੀਨ ਬਾਬਾ ਖ਼ੁਸ਼ਹ਼ਾਲ ਸਿੰਘ ਵੱਲੋਂ ਅਤੇ ੧੦ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਰੇਲਵੇ ਸਟੇਸ਼ਨ ‘ਤਪੇ’ ਤੋਂ ਤਿੰਨ ਮੀਲ ਉੱਤਰ ਪੂਰਵ ਹੈ। ੩ ਦੇਖੋ, ਢਿਲਵਾਂ ਕਲਾਂ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3135, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਢਿਲਵਾਂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਢਿਲਵਾਂ (ਪਿੰਡ): ਗੁਰੂ ਸਾਹਿਬਾਨ ਵਲੋਂ ਵਰਸਾਏ ਅਜਿਹੇ ਦੋ ਪਿੰਡਾਂ ਦਾ ਉੱਲੇਖ ਸਿੱਖ ਇਤਿਹਾਸ ਵਿਚ ਮਿਲਦਾ ਹੈ। ਇਨ੍ਹਾਂ ਬਾਰੇ ਸੰਖਿਪਤ ਜਾਣਕਾਰੀ ਇਸ ਪ੍ਰਕਾਰ ਹੈ :
(1) ਇਹ ਪਿੰਡ ਪੱਛਮੀ ਪੰਜਾਬ ਦੇ ਲਾਹੌਰ ਜ਼ਿਲ੍ਹੇ ਦੇ ਬਰਕੀ ਕਸਬੇ ਤੋਂ 5 ਕਿ.ਮੀ. ਪੂਰਬ ਵਲ ਸਥਿਤ ਹੈ। ਗੁਰੂ ਹਰਿਗੋਬਿੰਦ ਸਾਹਿਬ ਧਰਮ-ਪ੍ਰਚਾਰ ਕਰਦੇ ਹੋਏ ਝੱਲੀ/ ਝੱਲੀਆਂ ਪਿੰਡ ਤੋਂ ਇਥੇ ਪਧਾਰੇ ਸਨ ਅਤੇ ਪਿੰਡ ਤੋਂ ਬਾਹਰ ਪੂਰਬੀ ਬਾਹੀ ਵਲ ਇਕ ਪਿਪਲ ਦੇ ਬ੍ਰਿਛ ਹੇਠਾਂ ਰੁਕੇ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਉਥੇ ‘ਗੁਰਦੁਆਰਾ ਪਾਤਿਸ਼ਾਹੀ ਛੇਵੀਂ’ ਬਣਿਆ ਹੋਇਆ ਸੀ , ਜੇ ਦੇਸ਼ ਵੰਡ ਤੋਂ ਬਾਦ ਪਾਕਿਸਤਾਨ ਵਿਚ ਚਲਾ ਗਿਆ ਹੈ।
(2) ਪੰਜਾਬ ਦੇ ਬਰਨਾਲਾ ਨਗਰ ਤੋਂ 25 ਕਿ.ਮੀ. ਦੀ ਵਿਥ ’ਤੇ ਵਸਿਆ ਇਕ ਪਿੰਡ ਜਿਸ ਵਿਚ, ਮਾਲਵੇ ਦੀ ਪ੍ਰਚਾਰ-ਯਾਤ੍ਰਾ ਵੇਲੇ, ਗੁਰੂ ਤੇਗ ਬਹਾਦਰ ਜੀ ਕਈ ਦਿਨ ਠਹਿਰੇ ਸਨ। ਉਸ ਦੌਰਾਨ ਇਸ ਇਲਾਕੇ ਦੇ ਬਹੁਤ ਸਾਰੇ ਲੋਕਾਂ ਨੇ ਸਿੱਖੀ ਧਾਰਣ ਕੀਤੀ। ਪਿੰਡ ਦੇ ਦੱਖਣ-ਉੱਤਰ ਵਾਲੇ ਪਾਸੇ ਜਿਸ ਸਥਾਨ’ਤੇ ਬੈਠ ਕੇ ਗੁਰੂ ਜੀ ਧਰਮ- ਸਾਧਨਾ ਕਰਦੇ ਸਨ, ਉਥੇ ਹੁਣ ‘ਗੁਰਦੁਆਰਾ ਪਾਤਿਸ਼ਾਹੀ ਨੌਵੀਂ’ ਬਣਿਆ ਹੋਇਆ ਹੈ। ਇਥੇ ਪਹਿਲਾਂ ‘ਮੰਜੀ ਸਾਹਿਬ’ ਹੀ ਸੀ। ਸੰਨ 1996 ਈ. ਵਿਚ ਨਵੀਂ ਇਮਾਰਤਾਂ ਦੀ ਉਸਾਰੀ ਮੁਕੰਮਲ ਹੋਈ ਹੈ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬਧਿਤ ਹੈ। ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3107, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਢਿਲਵਾਂ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਢਿਲਵਾਂ : ਇਸ ਨਾਂ ਦੇ ਕਈ ਇਤਿਹਾਸਕ ਸਥਾਨ ਹਨ। ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ, ਥਾਣਾ ਬਰਕੀ ਵਿਚ ਢਿਲਵਾਂ ਨਾਂ ਦਾ ਇਕ ਛੋਟਾ ਜਿਹਾ ਪਿੰਡ ਹੈ। ਇਸ ਦੇ ਦੱਖਣ ਵਾਲੇ ਪਾਸੇ ਨੇੇੇੇੜੇ ਹੀ ਇਕ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਬਣਿਆ ਹੋਇਆ ਹੈ। ਗੁਰੂ ਜੀ ਪਿੰਡਾਂ ਦਾ ਉਧਾਰ ਕਰਦੇ ਕਰਦੇ ਝੱਲੀਆਂ ਤੋਂ ਇਥੇ ਇਕ ਪਿੱਪਲ ਹੇਠ ਆ ਬੈਠੇ। ਇਥੇ ਇਕ ਛੋਟਾ ਜਿਹਾ ਗੁਰਦੁਆਰਾ ਹੈ ਅਤੇ ਇਸ ਦੇ ਨਾਂ ਕੁਝ ਜ਼ਮੀਨ ਲਗੀ ਹੋਈ ਹੈ। ਇਹ ਸਥਾਨ ਰੇਲਵੇ ਸਟੇਸ਼ਨ ਅਟਾਰੀ ਤੋਂ ਲਗਭਗ 13 ਕਿਲੋਮੀਟਰ ਦੱਖਣ ਪੱਛਮ ਵੱਲ ਹੈ।
ਜ਼ਿਲ੍ਹਾ ਸੰਗਰੂਰ, ਥਾਣਾ ਧਨੌਲਾ ਵਿਚ ਵੀ ਢਿਲਵਾਂ ਨਾਂ ਦਾ ਇਕ ਪਿੰਡ ਹੈ। ਇਥੇ ਦੋ ਗੁਰਦੁਆਰੇ ਹਨ। ਇਕ ਗੁਰਦੁਆਰਾ ਪਿੰਡ ਤੋਂ ਦੱਖਣ ਪੂਰਬ ਵਲ ਲਗਭਗ 2 ਕਿਲੋਮੀਟਰ ਦੂਰ ਹੈ। ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਬਣਿਆ ਹੋਇਆ ਹੈ। ਜਦੋਂ ਗੁਰੂ ਜੀ ਧੌਲੇ ਤੋਂ ਆਏ ਤਾਂ ਇਥੇ ਪੰਜ ਇਸ਼ਨਾਨਾ ਕੀਤਾ ਅਤੇ ਕੁਝ ਚਿਰ ਆਰਾਮ ਕੀਤਾ। ਇਥੇ ਮੰਜੀ ਸਾਹਿਬ ਬਣਿਆ ਹੋਇਆ ਹੈ।
ਇਸੇ ਪਿੰਡ ਤੋਂ ਦੱਖਣ ਵੱਲ ਇਕ ਫਰਲਾਂਗ ਦੀ ਵਿੱਥ ਉਤੇ ਇਕ ਹੋਰ ਗੁਰਦੁਆਰਾ ਹੈ ਅਤੇ ਇਹ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਹੀ ਬਣਿਆ ਹੈ। ਇਥੇ ਗੁਰੂ ਸਾਹਿਬ ਨੇ ਕਈ ਦਿਨ ਵਿਸ਼ਰਾਮ ਕੀਤਾ। ਸੋ ਇਸੇ ਥਾਂ ਤੇ ਗੁਰਦੁਆਰਾ ਬਣਿਆ ਹੋਇਆ ਹੈ। ਗੁਰਦੁਆਰੇ ਦੇ ਨਾਂ ਸਾਬਕਾ ਰਿਆਸਤ ਨਾਭਾ ਵੱਲੋਂ, ਬਾਬਾ ਖੁਸ਼ਹਾਲ ਸਿੰਘ ਵੱਲੋਂ ਤੇ ਪਿੰਡ ਵਾਲਿਆਂ ਵੱਲੋਂ ਜ਼ਮੀਨ ਲਗੀ ਹੋਈ ਹੈ। ਇਹ ਸਥਾਨ ਰੇਲਵੇ ਸਟੇਸ਼ਨ ਤਪੇ ਤੋਂ ਲਗਭਗ 5 ਕਿਲੋਮੀਟਰ ਉੱਤਰ ਪੂਰਬ ਵੱਲ ਹੈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2250, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-03-03-58-46, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. 423.
ਢਿਲਵਾਂ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਢਿਲਵਾਂ : ਇਸ ਨਾਮ ਦੇ ਤਿੰਨ ਗੁਰ ਅਸਥਾਨ ਗੁਰੂ ਸਾਹਿਬਾਂ ਨਾਲ ਸਬੰਧਤ ਹਨ । ਦੋ ਅਸਥਾਨ ਢਿਲਵਾਂ ਨਾਮ ਦੇ ਪਿੰਡਾਂ ਵਿਚ ਹਨ ਜਦ ਕਿ ਇਕ ਢਿਲਵਾਂ ਕਲਾਂ ਜਾਂ ਢਿਲਵਾਂ ਸੋਢੀਆਂ ਕਰ ਕੇ ਜਾਣਿਆ ਜਾਂਦਾ ਹੈ। ਇਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :-
1. ਇਹ ਗੁਰੂ ਅਸਥਾਨ ਰੇਲਵੇ ਸਟੇਸ਼ਨ ਅਟਾਰੀ ਤੋਂ 12 ਕਿ. ਮੀ. ਦੱਖਣ ਪੱਛਮ ਵਿਚ ਇਸੇ ਹੀ ਨਾਮ ਦੇ ਇਕ ਪਿੰਡ ਵਿਚ ਹੈ। ਇਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦੁਆਰਾ ਹੈ । ਗੁਰੂ ਜੀ ਕਈ ਪਿੰਡਾਂ ਵਿਚ ਉਪਦੇਸ਼ ਦਿੰਦੇ ਹੋਏ ਝੱਲੀਆਂ ਤੋਂ ਆ ਕੇ ਇਕ ਪਿੱਪਲ ਹੇਠ ਬੈਠੇ ਸਨ। ਗੁਰੂ ਜੀ ਦੀ ਯਾਦ ਵਿਚ ਇਥੇ ਗੁਰਦੁਆਰਾ ਬਣਿਆ ਹੋਇਆ ਹੈ। ਇਹ ਅਸਥਾਨ ਅੱਜਕੱਲ੍ਹ ਥਾਣਾ ਬਰਕੀ, ਤਹਿਸੀਲ ਤੇ ਜ਼ਿਲ੍ਹਾ ਲਾਹੌਰ, ਪਾਕਿਸਤਾਨ ਵਿਚ ਹੈ।
2. ਸੰਗਰੂਰ ਵਿਚ ਧਨੌਲਾ ਦੇ ਨਜ਼ਦੀਕ ਇਕ ਪਿੰਡ ਹੈ ਜੋ ਕਿ ਕਿਸੇ ਸਮੇਂ ਪਟਿਆਲਾ ਅਤੇ ਨਾਭਾ ਰਿਆਸਤਾਂ ਦਾ ਸਾਂਝਾ ਪਿੰਡ ਸੀ, ਇਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਦੋ ਗੁਰਦੁਆਰੇ ਹਨ।
ਪਹਿਲਾ ਗੁਰਦੁਆਰਾ ਢਿਲਵਾਂ ਪਿੰਡ ਤੋਂ ਇਕ ਕਿ. ਮੀ. ਦੀ ਦੂਰੀ ਤੇ ਹੈ ਜਿਹੜਾ ਕਸਬਾ ਹੰਢਿਆਇਆ ਤੋਂ 9 ਕਿ. ਮੀ. ਹੈ। ਇਸ ਪਿੰਡ ਨੂੰ ਮੌੜ ਢਿਲੋਂ ਵੀ ਕਹਿੰਦੇ ਹਨ । ਜਦੋਂ ਹੰਢਿਆਏ ਤੋਂ ਚਲ ਕੇ ਗੁਰੂ ਜੀ ਧੌਲੇ ਪਿੰਡ ਦੇ ਕੋਲ ਪਹੁੰਚੇ ਤਾਂ ਘੋੜਾ ਅੜ ਗਿਆ ਅਤੇ ਇਸ ਉਪਰੰਤ ਗੁਰੂ ਜੀ ਨੇ ਪੰਜ ਇਸ਼ਨਾਨਾ ਕਰ ਕੇ ਘੋੜਾ ਬਦਲਿਆ ਅਤੇ ਫਿਰ ਅੱਗੇ ਨੂੰ ਤੁਰੇ । ਇਥੇ ਮੰਜੀ ਸਾਹਿਬ ਹੈ।
ਦੂਸਰਾ ਗੁਰਦੁਆਰਾ ਇਸੇ ਪਿੰਡ ਦੇ ਦੱਖਣ ਵੱਲ ਥੋੜ੍ਹੀ ਦੂਰੀ ਤੇ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿਚ ਰੇਲਵੇ ਸਟੇਸ਼ਨ ਤਪੇ ਤੋਂ ਚਾਰ ਕੁ ਕਿ. ਮੀ. ਦੀ ਦੂਰੀ ਤੇ ਉੱਤਰ ਪੂਰਬੀ ਦਿਸ਼ਾ ਵੱਲ ਬਣਿਆ ਹੋਇਆ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2077, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-11-28-26, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.
ਵਿਚਾਰ / ਸੁਝਾਅ
Please Login First