ਤਨਖ਼ਾਹ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਨਖ਼ਾਹ (ਨਾਂ,ਇ) ਮਹੀਨਾਂ, ਛਿਮਾਹੀ ਜਾਂ ਵਰ੍ਹੇ ਬੱਧੀ ਨਿਯਤ ਕੀਤਾ ਵੇਤਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7065, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਤਨਖ਼ਾਹ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਨਖ਼ਾਹ [ਨਾਂਇ] ਵੇਤਨ , ਵੇਤਨਮਾਨ, ਸੇਵਾਫਲ਼, ਆਮਦਨ , ਮਜ਼ਦੂਰੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7058, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤਨਖ਼ਾਹ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਤਨਖ਼ਾਹ (ਦੰਡ): ਫ਼ਾਰਸੀ ਦੇ ਇਸ ਸ਼ਬਦ ਦਾ ਅਰਥ ਭਾਵੇਂ ‘ਵੇਤਨ ’ ਹੈ, ਪਰ ਸਿੱਖ ਧਰਮ ਵਿਚ ਇਸ ਦੀ ਵਰਤੋਂ ਉਸ ਸਜ਼ਾ (ਦੰਡ) ਲਈ ਹੁੰਦੀ ਹੈ ਜੋ ਕਿਸੇ ਸਿੱਖ ਨੂੰ ਧਾਰਮਿਕ ਮਰਯਾਦਾ ਜਾਂ ਰਹਿਤ ਦੇ ਵਿਪਰੀਤ ਕੰਮ ਕਰਨ ਕਰਕੇ ਦਿੱਤੀ ਜਾਂਦੀ ਹੈ। ਇਸ ਸ਼ਬਦ ਦੀ ਅਜਿਹੇ ਅਰਥ ਵਿਚ ਵਰਤੋਂ ਭਾਈ ਨੰਦਲਾਲ ਗੋਯਾ ਕ੍ਰਿਤ ‘ਤਨਖ਼ਾਹਨਾਮਾ ’ ਤੋਂ ਸ਼ੁਰੂ ਹੋਈ ਮੰਨੀ ਜਾਂਦੀ ਹੈ, ਜਿਸ ਵਿਚ ਉਸ ਨੇ ‘ਤਨਖ਼ਾਹ’ ਅਤੇ ‘ਤਨਖ਼ਾਹੀ’ ਦੇ ਕਰਮਾਚਾਰ ਉਤੇ ਪ੍ਰਕਾਸ਼ ਪਾਇਆ ਹੈ। ਭਾਈ ਦਯਾ ਸਿੰਘ ਨੇ ਆਪਣੇ ਰਹਿਤਨਾਮੇ ਵਿਚ ਤਨਖ਼ਾਹ ਦੇ ਸਰੂਪ ਅਤੇ ਮਾਤ੍ਰਾ ਦਾ ਵੇਰਵਾ ਵੀ ਦਿੱਤਾ ਹੈ।
ਇਸ ਪ੍ਰਕਾਰ ਦੀ ਤਨਖ਼ਾਹ ਜਾਂ ਧਰਮ-ਦੰਡ ਲਗਾਉਣ ਦਾ ਅਧਿਕਾਰ ਸੰਗਤ ਜਾਂ ਪੰਜ ਪਿਆਰਿਆਂ ਨੂੰ ਹੈ। ਪਹਿਲਾਂ, ਰਹਿਤ-ਮਰਯਾਦਾ ਦਾ ਉਲਿੰਘਣ ਕਰਨ ਵਾਲੇ ਨੂੰ ਸੁਣਿਆ ਜਾਂਦਾ ਹੈ ਅਤੇ ਜੇ ਉਸ ਦਾ ਦੋਸ਼ ਪ੍ਰਮਾਣਿਤ ਹੋ ਜਾਏ, ਤਾਂ ਤਨਖ਼ਾਹ ਦੀ ਘੋਸ਼ਣਾ ਕੀਤੀ ਜਾਂਦੀ ਹੈ। ਇਸ ਤਨਖ਼ਾਹ ਨੂੰ ਉਹ ਪੂਰੇ ਅਦਬ ਨਾਲ ਪ੍ਰਵਾਨ ਕਰਦਾ ਹੈ ਅਤੇ ਉਸ ਨੂੰ ਪੂਰੀ ਤਰ੍ਹਾਂ ਭੁਗਤਦਾ ਹੈ। ਇਹ ਤਨਖ਼ਾਹ ਕਿਸੇ ਸੇਵਾ , ਬਾਣੀ ਦੇ ਪਠਨ-ਪਾਠਨ, ਗੋਲਕ ਵਿਚ ਧਨ ਪਾਉਣ ਜਾਂ ਕੜਾਹ-ਪ੍ਰਸਾਦ ਕਰਾਉਣ ਦੇ ਰੂਪ ਵਿਚ ਦਿੱਤੀ ਜਾਂਦੀ ਹੈ। ਇਹ ਅਸਲ ਵਿਚ ਆਤਮ-ਸ਼ੁੱਧੀ ਦਾ ਇਕ ਪ੍ਰਕਾਰਜ ਹੈ। ਬਜਰ-ਕੁਰਹਿਤਾਂ—ਕੇਸ ਕਟਾਣੇ, ਤੰਬਾਕੂ ਪੀਣਾ, ਪਰ ਇਸਤਰੀ ਜਾਂ ਮਰਦ ਦਾ ਸੰਗ ਕਰਨਾ ਅਤੇ ਕੁੱਠਾ ਖਾਣਾ—ਵੇਲੇ ਪਰਾਸਚਿਤ ਤੋਂ ਬਾਦ ਦੋਬਾਰਾ ਅੰਮ੍ਰਿਤਪਾਨ ਕਰਨਾ ਵੀ ਜ਼ਰੂਰੀ ਦਸਿਆ ਗਿਆ ਹੈ। ਜਦੋਂ ਕਿਸੇ ਸਿੱਖ ਦੁਆਰਾ ਕੀਤੀ ਕੁਰਹਿਤ ਜਾਂ ਕੁਕਰਮ ਕਾਰਣ ਸਾਰੀ ਕੌਮ ਪ੍ਰਭਾਵਿਤ ਹੁੰਦੀ ਹੋਵੇ ਤਾਂ ਉਸ ਦਾ ਮਾਮਲਾ ਅਕਾਲ ਤਖ਼ਤ ਦੁਆਰਾ ਨਜਿਠਿਆ ਜਾਂਦਾ ਹੈ। ਤਨਖ਼ਾਹ ਅਨੁਰੂਪ ਕਰਮ ਨ ਕਰਨ ਵਾਲੇ ਨੂੰ ਪੰਥ ਤੋਂ ਛੇਕਿਆ ਜਾ ਸਕਦਾ ਹੈ।
ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਨਾਰਾਇਣੇ ਦੇ ਦਾਦੂ ਦੁਆਰੇ ਕੋਲੋਂ ਲਿੰਘਦਿਆਂ ਸੰਤ ਦਾਦੂ ਦੀ ਸਮਾਧ ਨੂੰ ਤੀਰ ਨਾਲ ਪ੍ਰਣਾਮ ਕੀਤਾ, ਤਾਂ ਨਾਲ ਜਾ ਰਹੇ ਸਿੰਘਾਂ ਨੇ ਇਸ ਨੂੰ ਗੋਰ ਮੜ੍ਹੀ ਮਤ ਭੂਲ ਨ ਮਾਨੋ ਦੀ ਮਰਯਾਦਾ ਦਾ ਉਲੰਘਨ ਦਸਿਆ। ਗੁਰੂ ਜੀ ਨੇ ਉਨ੍ਹਾਂ ਦੀ ਗੱਲ ਨੂੰ ਮੰਨ ਕੇ ਉਨ੍ਹਾਂ ਦੁਆਰਾ ਨਿਰਧਾਰਿਤ ਦੰਡ ਨੂੰ ਭੁਗਤਿਆ। ਤਨਖ਼ਾਹ ਲਗਾਉਣ ਦੀ ਪਿਰਤ ਸਿੱਖ ਮਿਸਲਾਂ ਦੇ ਵੇਲੇ ਤੋਂ ਪ੍ਰਚਲਿਤ ਹੋਈ ਪ੍ਰਤੀਤ ਹੁੰਦੀ ਹੈ। ਭਾਈ ਸਬੇਗ ਸਿੰਘ , ਮਹਾਰਾਜਾ ਰਣਜੀਤ ਸਿੰਘ, ਬਾਬਾ ਕਰਤਾਰ ਸਿੰਘ ਬੇਦੀ , ਜੱਥੇਦਾਰ ਤੇਜਾ ਸਿੰਘ ਭੁੱਚਰ , ਬਾਬੂ ਤੇਜਾ ਸਿੰਘ ਭਸੌੜ ਅਤੇ ਉਸ ਦੀ ਪਤਨੀ ਆਦਿ ਵਿਅਕਤੀਆਂ ਉਤੇ ਤਨਖ਼ਾਹ ਲਗਾਉਣ ਦੇ ਉਲੇਖ ਇਤਿਹਾਸ ਵਿਚ ਮਿਲਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਨੂੰ ਵੀ ਇਸ ਪ੍ਰਕਾਰ ਦੇ ਦੰਡ ਭੁਗਤਣੇ ਪਏ ਹਨ। ਬਲੂ ਸਟਾਰ ਓਪਰੇਸ਼ਨ ਕਾਰਣ ਗਿਆਨੀ ਜ਼ੈਲ ਸਿੰਘ, ਸ. ਬੂਟਾ ਸਿੰਘ, ਬੁੱਢਾ ਦਲ ਦੇ ਮੁਖੀ ਬਾਬਾ ਸੰਤਾ ਸਿੰਘ ਆਦਿ ਨੂੰ ਵੀ ‘ਤਨਖ਼ਾਹ’ ਦਾ ਭਾਗੀ ਬਣਨਾ ਪਿਆ ਹੈ। ਇਹ ਤਨਖ਼ਾਹ ਅਸਲੋਂ ਇਕ ਪ੍ਰਕਾਰ ਦਾ ਧਾਰਮਿਕ ਅਨੁਸ਼ਾਸਨ ਹੈ ਜਿਸ ਦੇ ਡਰ ਕਰਕੇ ਵਿਅਕਤੀ ਕੁਕਰਮ ਤੋਂ ਬਚਿਆ ਰਹਿੰਦਾ ਹੈ ਅਤੇ ਜੇ ਕੁਕਰਮ ਹੋ ਜਾਏ ਤਾਂ ਉਸ ਦਾ ਪਸ਼ਚਾਤਾਪ ਕਰਕੇ ਆਤਮ-ਸ਼ੁੱਧੀ ਕੀਤੀ ਜਾ ਸਕਦੀ ਹੈ। ਵੇਖੋ ‘ਅੰਮ੍ਰਿਤ ਸੰਸਕਾਰ ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6806, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਤਨਖ਼ਾਹ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Salary_ਤਨਖ਼ਾਹ: ਬਲੈਕ ਦੀ ਲਾ ਡਿਕਸ਼ਨਰੀ ਅਨੁਸਾਰ ਤਨਖ਼ਾਹ ਦਾ ਮਤਲਬ ਹੈ, ਸੇਵਾਵਾਂ-ਵਿਸ਼ੇਸ਼ਕਰ ਪੇਸ਼ਾਵਰਾਨਾ ਜਾਂ ਅਰਧ-ਪੇਸ਼ਾਵਰਾਨਾ ਸੇਵਾਵਾਂ ਲਈ ਦੋਹਾਂ ਧਿਰਾਂ ਦੀ ਸਹਿਮਤੀ ਦੁਆਰਾ ਕਰਾਰ ਪਾਇਆ ਮੁਆਵਜ਼ਾ-ਜੋ ਆਮ ਤੌਰ ਤੇ ਬਾਕਾਇਦਾ ਵਕਫ਼ਿਆਂ ਤੇ ਜਿਵੇਂ ਕਿ ਸਾਲਾਨਾ ਆਧਾਰ ਤੇ ਘੰਟਿਆਂ ਦੇ ਆਧਾਰ ਨਾਲੋਂ ਨਿਖੜਵੇਂ ਆਧਾਰ ਤੇ ਅਦਾ ਕੀਤਾ ਜਾਂਦਾ ਮੁਆਵਜ਼ਾ ।
ਬਹਾਦੁਰ ਪ੍ਰਸ਼ਾਦ ਬਨਾਮ ਬਿਹਾਰ ਰਾਜ [1989 ਐਲ ਜੇ ਆਰ 1137 (ਪਟਨਾ)] ਅਨੁਸਾਰ ਕਿਸੇ ਅਜਿਹੇ ਕਰਮਚਾਰੀ ਨੂੰ, ਜਿਸ ਦੀ ਨੌਕਰੀ ਲਗਭਗ ਸਥਾਈ ਹੁੰਦੀ ਹੈ ਅਦਾ ਕੀਤੇ ਮਿਹਨਤਾਨੇ ਨੂੰ ਤਨਖ਼ਾਹ ਕਿਹਾ ਜਾਂਦਾ ਹੈ।
ਗੈਸਟੈਟਨਰ ਡੁਪਲੀਕੇਟਰ ਪ੍ਰਾਈਵੇਟ ਲਿ. ਬਨਾਮ ਸੀ.ਆਈ ਟੀ (ਏ ਆਈ ਆਰ 1979 ਐਸ ਸੀ 607) ਅਨੁਸਾਰ ਤਨਖ਼ਾਹ ਅਤੇ ਉਜਰਤ (wages) ਵਿਚ ਕੋਈ ਖ਼ਾਸ ਫ਼ਰਕ ਨਹੀਂ , ਕਿਉਂ ਕਿ ਦੋਵੇਂ ਕੀਤੇ ਗਏ ਕੰਮ ਲਈ ਮੁਆਵਜ਼ੇ ਦੇ ਤੌਰ ਤੇ ਅਦਾ ਕੀਤੀਆਂ ਜਾਂਦੀਆਂ ਹਨ। ਤਨਖ਼ਾਹ ਦਾ ਮਤਲਬ ਉਸ ਗ਼ੈਰ-ਮਜ਼ਦੂਰੀ ਕਿਸਮ ਦੇ ਕੰਮ ਲਈ ਕੀਤੀ ਗਈ ਅਦਾਇਗੀ ਹੁੰਦੀ ਹੈ ਅਤੇ ਉਜਰਤ ਦੀ ਅਦਾਇਗੀ ਮੈਨੂਅਲ ਅਥਵਾ ਮਿਹਨਤ ਮਜ਼ਦੂਰੀ ਦੇ ਕੰਮ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਤਨਖ਼ਾਹ ਵਿਚ ਲਾਏ ਗਏ ਸਮੇਂ ਜਾਂ ਕੀਤੇ ਗਏ ਕੰਮ ਦੇ ਆਧਾਰ ਤੇ ਕੀਤੀ ਗਈ ਅਦਾਇਗੀ ਆਉਂਦੀ ਹੈ ਜਦ ਕਿ ਉਜਰਤਾਂ ਦੀ ਅਦਾਇਗੀ ਕੇਵਲ ਲਾਏ ਗਏ ਸਮੇਂ ਦੇ ਆਧਾਰ ਤੇ ਨਹੀਂ ਕੀਤੀ ਜਾਂਦੀ ਸਗੋਂ ਉਜਰਤ ਦੀ ਅਦਾਇਗੀ ਕੀਤੇ ਗਏ ਕੰਮ ਦੇ ਆਧਾਰ ਤੇ ਵੀ ਅਤੇ ਉਸ ਕੰਮ ਵਿਚ ਲਗੇ ਸਮੇਂ ਅਨੁਸਾਰ ਵੀ ਕੀਤੀ ਜਾ ਸਕਦੀ ਹੈ।
ਇਸ ਦੇ ਮੁਕਾਬਲੇ ਵਿਚ ਸਰਕਾਰੀ ਕਰਮਚਾਰੀਆਂ ਦੇ ਸਬੰਧ ਵਿਚ ਵੇਤਨ ਉਹ ਅਦਾਇਗੀ ਹੈ ਜੋ ਕੋਈ ਸਰਕਾਰੀ ਕਰਮਚਾਰੀ ਉਸ ਦੁਆਰਾ ਧਾਰਨ ਕੀਤੀ ਆਸਾਮੀ ਲਈ ਮਾਸਕ ਅਦਾਇਗੀ ਦੇ ਤੌਰ ਤੇ ਕੀਤੀ ਗਈ ਹੁੰਦੀ ਹੈ। ਉਹ ਆਸਾਮੀ ਉਸ ਨੇ ਸਬਸਟੈਂਟਿਵ ਰੂਪ ਵਿਚ ਜਾਂ ਕਾਇਮ ਮੁਕਾਮ ਦੇ ਤੌਰ ਤੇ ਵੀ ਧਾਰਨ ਕੀਤੀ ਹੋ ਸਕਦੀ ਹੈ ਜਾਂ ਅਜਿਹੀ ਆਸਾਮੀ ਹੋ ਸਕਦੀ ਹੈ ਜਿਸ ਦਾ ਉਹ ਕਿਸੇ ਕੇਡਰ ਵਿਚ ਆਪਣੀ ਪੋਜ਼ੀਸ਼ਨ ਕਾਰਨ ਹੱਕਦਾਰ ਹੋਵੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6806, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਤਨਖ਼ਾਹ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਤਨਖ਼ਾਹ : ਆਮ ਤੌਰ ਤੇ ਕਿਸੇ ਖਾਸ ਕੰਮ ਜਾਂ ਨੌਕਰੀ ਬਦਲੇ ਹਫ਼ਤੇ ਜਾਂ ਮਹੀਨੇ ਪਿੱਛੋਂ ਰੁਪਏ ਪੈਸੇ ਦੇ ਰੂਪ ਵਿਚ ਦਿੱਤੇ ਜਾਣ ਵਾਲੇ ਵੇਤਨ ਨੂੰ ਤਨਖ਼ਾਹ ਆਖਦੇ ਹਨ ਪਰ ਸਿੱਖ ਧਰਮ ਵਿਚ ਰਹਿਤ ਮਰਿਯਾਦਾ ਭੰਗ ਕਰਨ ਤੇ ਕਿਸੇ ਅੰਮ੍ਰਿਤਧਾਰੀ ਸਿੱਖ ਨੂੰ ਦਿੱਤਾ ਧਾਰਮਿਕ ਦੰਡ ਵੀ ਤਨਖ਼ਾਹ ਅਖਵਾਉਂਦਾ ਹੈ। ਰਹਿਤਨਾਮਿਆਂ ਵਿਚ ਰਹਿਤ ਮਰਿਯਾਦਾ ਦੇ ਵੇਰਵੇ ਦੇ ਨਾਲ ਨਾਲ ਭੰਗ ਕਰਨ ਉੱਤੇ ਦੰਡ ਦਾ ਵੇਰਵਾ ਵੀ ਦਿੱਤਾ ਗਿਆ ਹੈ। ਜਿਸ ਸਿੱਖ ਪਾਸੋਂ ਰਹਿਤ ਵਿਚ ਕੋਈ ਉਕਾਈ ਹੋ ਗਈ ਹੋਵੇ, ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਖੜਾ ਹੋ ਕੇ ਪੰਜ ਪਿਆਰਿਆਂ ਨੂੰ ਆਪਣਾ ਦੋਸ਼ ਬਿਆਨ ਕਰਦਾ ਹੈ। ਪੰਜ ਪਿਆਰੇ ਆਪਸੀ ਸਲਾਹ ਨਾਲ ਉਸ ਨੂੰ ਤਨਖ਼ਾਹ ਲਾਉਂਦੇ ਹਨ ਜਿਸ ਵਿਚ ਕਿਸੇ ਬਾਣੀ ਦਾ ਨਿਯਮਿਤ ਵਾਰੀ ਪਾਠ, ਸਾਧ ਸੰਗਤ ਦੇ ਜੋੜੇ ਝਾੜਨਾ, ਲੰਗਰ ਵਿਚ ਸੇਵਾ ਕਰਨੀ , ਲੰਗਰ ਅਥਵਾ ਦੇਗ ਵਿਚ ਮਾਇਆ ਦੇਣੀ ਆਦਿ ਸ਼ਾਮਲ ਹੈ। ਰਹਿਤ ਮਰਿਯਾਦਾ ਦੀ ਉਕਾਈ ਤੋਂ ਇਲਾਵਾ ਕੋਈ ਸਿੱਖ ਜਿਹੜਾ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਦਾ ਹੈ, ਨੂੰ ਵੀ ਜਥੇਦਾਰ ਸਾਹਿਬਾਨ ਵੱਲੋਂ ਤਨਖ਼ਾਹ ਲਗਾਈ ਜਾਂਦੀ ਹੈ। ਜਿਸ ਸਿੱਖ ਜਾਂ ਪਤਿਤ ਸਿੱਖ ਨੂੰ ਤਨਖ਼ਾਹ ਲਗਾਈ ਜਾਂਦੀ ਹੈ ਉਸ ਨੂੰ ਤਨਖ਼ਾਹੀਆ ਕਹਿੰਦੇ ਹਨ ਅਤੇ ਤਨਖ਼ਾਹ ਭੁਗਤਣ ਤੋਂ ਬਾਅਦ ਉਹ ਬਖਸ਼ਿਆ ਜਾਂਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4182, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-02-34-47, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ਪੰ. ਲੋ. ਵਿ. ਕੋ.
ਵਿਚਾਰ / ਸੁਝਾਅ
Please Login First