ਤਾਪ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਪ (ਨਾਂ,ਪੁ) ਪਿੰਡਾ ਤੱਤਾ ਕਰ ਦੇਣ ਵਾਲੀ ਹਰਾਰਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5646, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤਾਪ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਪ [ਨਾਂਪੁ] ਵਸਤੂਆਂ ਨੂੰ ਗਰਮ ਕਰਨ ਵਾਲ਼ੀ ਊਰਜਾ ਦਾ ਇੱਕ ਰੂਪ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5638, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤਾਪ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਪ. (ਦੇਖੋ, ਤਪੑ ਧਾ.) ਸੰ. ਸੰਗ੍ਯਾ—ਗਰਮੀ. ਤੇਜ. ਉ੄ੑਣਤਾ। ੨ ਸੰ. ਜ੍ਵਰ. .ਹੁੱਮਾ. Fever. ਬੁਖ਼ਾਰ. ਜ੍ਵਰ ਦਾ ਨਾਉਂ ਤਾਪ ਇਸ ਲਈ ਹੋ ਗਿਆ ਹੈ ਕਿ ਇਸ ਦੇ ਅਸਰ ਨਾਲ ਸ਼ਰੀਰ ਤਪ ਜਾਂਦਾ ਹੈ. ਅਯੋਗ ਅਹਾਰ ਵਿਹਾਰ ਤੋਂ ਕੋਠੇ ਦੀ ਅਗਨਿ ਲਹੂ ਨੂੰ ਤਪਾ ਦਿੰਦੀ ਹੈ, ਸ਼ਰੀਰ ਅਤੇ ਮਨ ਦਾ ਤਪਣਾ ਹੀ ਤਾਪ ਦਾ ਰੂਪ ਹੈ. ਤਾਪ ਤੋਂ ਸ਼ਰੀਰ ਵਿੱਚ ਸੁਸਤੀ ਅਤੇ ਬੇਚੈਨੀ ਵਿਆਪ ਜਾਂਦੀ ਹੈ, ਮੂੰਹ ਬੇਸੁਆਦ ਹੁੰਦਾ ਹੈ, ਅੱਖਾਂ ਤੋਂ ਪਾਣੀ ਵਹਿਂਦਾ ਹੈ, ਅਵਾਸੀਆਂ ਬਹੁਤ ਆਉਂਦੀਆਂ ਹਨ, ਦਿਲ ਦੀ ਹਰਕਤ ਕਾਹਲੀ ਹੁੰਦੀ ਹੈ, ਭੁੱਖ ਬੰਦ ਹੋ ਜਾਂਦੀ ਹੈ, ਹੱਡਭੰਨਣੀ ਲਗਦੀ ਹੈ, ਦਾਹ ਹੁੰਦਾ ਹੈ, ਆਦਿ. “ਤਾਪ ਉਤਾਰਿਆ ਸਤਿਗੁਰਿ ਪੂਰੈ.” (ਸੋਰ ਮ: ੫)

 

     ਤਾਪ ਦੇ ਅਨੇਕ ਭੇਦ ਹਨ, ਪਰ ਅਸੀਂ ਇਸ ਗ੍ਰੰਥ ਵਿੱਚ ਉਹੀ ਲਿਖੇ ਹਨ, ਜੋ ਸਿੱਖਮਤ ਦੇ ਗ੍ਰੰਥਾਂ ਵਿੱਚ ਆਏ ਹਨ. ਅੱਖਰਕ੍ਰਮ ਅਨੁਸਾਰ ਉਹ ਸਭ ਅੱਗੇ ਦਿਖਾਏ ਜਾਂਦੇ ਹਨ—

     (ੳ)         ਉਸਨ ਤਾਪ. ਦੇਖੋ, ਉਸਨ ਤਾਪ.

     (ਅ)         ਅਠਵਾੜਾ ਤਾਪ. ਇਹ ਤਾਪ ਇੱਕ ਦਿਨ ਜ਼ੋਰ ਦਾ ਅਤੇ ਛੀ ਦਿਨ ਬੇਮਾਲੂਮ ਰਹਿਂਦਾ ਹੈ. ਕਦੇ ਛੀ ਦਿਨ ਜ਼ੋਰ ਦਾ ਅਤੇ ਇੱਕ ਦਿਨ ਬੇਮਾਲੂਮ ਹੁੰਦਾ ਹੈ. ਇਸ ਦਾ ਉੱਤਮ ਇਲਾਜ ਹੈ ਕਿ—

     ਫਟਕੜੀ ਦੀ ਖਿੱਲ ਇੱਕ ਤੋਲਾ , ਲੌਂਗ ਤਿੰਨ ਮਾਸ਼ੇ, ਮਿਸ਼ਰੀ ਇੱਕ ਤੋਲਾ, ਸਭ ਬਰੀਕ ਪੀਸਕੇ ਸਤਾਈ ਪੁੜੀਆਂ ਬਣਾਉਣੀਆਂ. ਇੱਕ ਪੁੜੀ ਸਵੇਰੇ, ਇੱਕ ਦੁਪਹਿਰ ਨੂੰ, ਇੱਕ ਸੰਝ ਨੂੰ ਕੋਸੇ ਦੁੱਧ ਜਾਂ ਜਲ ਨਾਲ ਛਕਾਉਣੀ.

     ਮੁਲੱਠੀ , ਪਟੋਲਪਤ੍ਰ, ਕੜੂ, ਅੰਬ ਦੀ ਗਿਰੂ, ਹਰੜ ਦੀ ਛਿੱਲ ਸਮਾਨ ਲੈਕੇ, ਕਾੜ੍ਹਾ ਬਣਾਕੇ, ਮਿਸ਼ਰੀ ਪਾਕੇ ਪਿਆਉਣਾ.

     ਚਰਾਇਤਾ, ਨਿੰਮ , ਕੜੂ, ਨਾਗਰਮੋਥਾ, ਪਿੱਤਪਾਪੜਾ, ਗਿਲੋ, ਇਨ੍ਹਾਂ ਦਾ ਕਾੜ੍ਹਾ ਦੇਣਾ. ਖਸਰੇ ਆਦਿ ਰੋਗਾਂ ਦੇ ਤਾਪ ਭੀ ਅਠਵਾੜਾ ਤਾਪ ਕਹੇ ਜਾਂਦੇ ਹਨ.

     ਇਨ੍ਹਾਂ ਸਭਨਾਂ ਦਾ ਸਿਆਣੇ ਵੈਦ ਹਕੀਮ ਡਾਕਟਰ ਦੀ ਸਲਾਹ ਨਾਲ ਮੌਸਮ ਅਤੇ ਰੋਗੀ ਦੀ ਹਾਲਤ ਅਨੁਸਾਰ ਇਲਾਜ ਹੋਣਾ ਚਾਹੀਏ. “ਅਸਟ ਦਿਵਸਿਯਾ ਅਰੁ ਬੀਸਾਯਾ.” (ਚਰਿਤ੍ਰ ੪੦੫)

(ੲ)     ਸ਼ੀਤ ਜ੍ਵਰ ਅਥਵਾ ਸੀਤਲ ਜੁਰ. ਪਾਲਾ ਲੱਗਕੇ ਹੋਣ ਵਾਲਾ ਤਾਪ. .ਹੁੱਮਾ ਗ਼ਿੱਬ. ਕਾਂਬੇ ਦਾ ਤਾਪ. Aguefever. ਇਸ ਦਾ ਕਾਰਣ ਹੈ—ਗੰਦੀ ਸੜੀ ਹਵਾ ਵਿੱਚ ਰਹਿਣਾ, ਮੱਛਰਾਂ ਦਾ ਲੜਨਾ, ਸਲ੍ਹਾਬੇ ਵਿੱਚ ਸੌਣਾ, ਖਾਣ ਪੀਣ ਦਾ ਸੰਜਮ ਨਾ ਰੱਖਣਾ, ਅੰਤੜੀ ਵਿੱਚ ਮਲ ਦਾ ਜਮਾ ਹੋਣਾ ਆਦਿ.

     ਇਸ ਦਾ ਉਪਾਉ ਹੈ—ਰੋਟੀ ਛੱਡਕੇ ਚਾਰ ਪੰਜ ਡੰਗ ਗਊ ਦਾ ਕੋਸਾ ਦੁੱਧ ਪੀਣਾ, ਸੰਗਤਰੇ ਆਦਿ ਫਲ ਖਾਣੇ. ਨਸਾਦਰ ਇੱਕ ਤੋਲਾ, ਨੂਣ ਛੀ ਮਾਸ਼ੇ, ਕਾਲੀ ਮਿਰਚਾਂ ਤਿੰਨ ਮਾਸ਼ੇ, ਸਭ ਬਰੀਕ ਪੀਸਕੇ ਮਾਸ਼ੇ ਮਾਸ਼ੇ ਦੀਆਂ ਪੁੜੀਆਂ ਬਣਾਕੇ ਤਿੰਨ ਜਾਂ ਚਾਰ ਗਰਮ ਜਲ ਨਾਲ ਨਿੱਤ ਖਾਣੀਆਂ.

     ਤੁਲਸੀ ਦੇ ਹਰੇ ਪੱਤੇ ਪੰਜ ਤੋਲੇ, ਕਾਲੀਆਂ ਮਿਰਚਾਂ ਇੱਕ ਤੋਲਾ, ਬਰੀਕ ਪੀਸਕੇ ਰੱਤੀ ਰੱਤੀ ਦੀਆਂ ਗੋਲੀਆਂ ਬਣਾਕੇ ਦੋ ਦੋ ਚਾਰ ਚਾਰ ਗੋਲੀਆਂ ਦਿਨ ਵਿੱਚ ਪੰਜ ਵਾਰ ਗਊ ਦੇ ਦੁੱਧ ਜਾਂ ਜਲ ਨਾਲ ਖਾਣੀਆਂ.

     ਫਟਕੜੀ ਦੀ ਖਿੱਲ ਨਾਲ ਮਿਸ਼ਰੀ ਮਿਲਾਕੇ ਮਾਸ਼ੇ ਮਾਸ਼ੇ ਦੀਆਂ ਤਿੰਨ ਪੁੜੀਆਂ ਜਲ ਨਾਲ ਤਿੰਨ ਵਾਰ ਛਕਣੀਆਂ.

     ਸੀਤ ਜ੍ਵੁਰ ਲਈ ਕੁਨੀਨ ਸਿੱਧ ਔਖਧ ਹੈ. ਇਸ ਨੂੰ ਤਪ ਹੋਣ ਤੋਂ ਪਹਿਲਾਂ ਗੋਲੀਆਂ ਦੀ ਸ਼ਕਲ ਵਿੱਚ, ਜਾਂ ਗੰਧਕ ਦੇ ਤੇਜਾਬ ਵਿੱਚ ਹੱਲ ਕਰਕੇ ਅਰਕ ਦੀ ਸ਼ਕਲ ਵਿੱਚ ਵਰਤੋ.

     ਪਾਨ ਦੇ ਪੱਤੇ ਵਿੱਚ ਇੱਕ ਮਾਸ਼ਾ ਨਸਾਦਰ ਜੇ ਤਾਪ ਚੜ੍ਹਨ ਤੋਂ ਪਹਿਲਾਂ ਚੱਬਿਆ ਜਾਵੇ, ਤਾਂ ਬਹੁਤ ਲਾਭਦਾਇਕ ਹੈ. “ਸੀਤਲ ਜੁਰ ਅਰ ਉਸਨ ਤਾਪ ਭਨ.” (ਚਰਿਤ੍ਰ ੪੦੫)

     (ਸ)         ਸੂਖਾ ਜ੍ਵਰ. ਸੰ. शोष ज्वर. ਸ਼ੋ੄ਜ੍ਵਰ. Anaemia fever. ਇਸ ਦੇ ਕਾਰਣ ਹਨ—ਆਪਣੀ ਤਾਕਤ ਤੋਂ ਵਧਕੇ ਮਿਹਨਤ ਕਰਨੀ, ਮਲ ਮੂਤ੍ਰ ਭੁੱਖ ਤੇਹ ਨੀਂਦ ਆਦਿਕ ਦਾ ਵੇਗ ਰੋਕਣਾ, ਬਹੁਤ ਮੈਥੁਨ ਕਰਨਾ, ਸ਼ਰਾਬ ਦਾ ਪੀਣਾ, ਚਿੰਤਾ ਭੈ ਕ੍ਰੋਧ ਦਾ ਹੋਣਾ, ਭੁੱਖੇ ਤਿਹਾਏ ਰਹਿਣਾ, ਰੁੱਖੇ ਪਦਾਰਥ ਖਾਣੇ ਪੀਣੇ, ਸ਼ਰੀਰ ਦੀ ਤਰਾਵਤ ਦਾ ਜਾਂਦੇ ਰਹਿਣਾ, ਵੇਲੇ ਸਿਰ ਅਹਾਰ ਨੀਂਦ ਆਦਿਕ ਦਾ ਨਾ ਹੋਣਾ.

     ਇਸ ਤਾਪ ਵਿੱਚ ਸ਼ਰੀਰ ਦੀ ਤੁਚਾ ਰੁੱਖੀ ਹੋ ਜਾਂਦੀ ਹੈ, ਜੋੜ ਢਿੱਲੇ ਪੈ ਜਾਂਦੇ ਹਨ, ਸਿਰ ਭਾਰੀ ਹੁੰਦਾ ਹੈ, ਮੱਠਾ ਮੱਠਾ ਤਾਪ ਹਰ ਵੇਲੇ ਬਣਿਆ ਰਹਿਂਦਾ ਹੈ. ਜੇ ਇਸ ਦਾ ਛੇਤੀ ਇਲਾਜ ਨਾ ਕੀਤਾ ਜਾਵੇ ਤਾਂ ਕੁਝ ਸਮਾਂ ਪਾਕੇ ਤਪਦਿੱਕ ਦੀ ਸ਼ਕਲ ਵਿੱਚ ਬਦਲ ਜਾਂਦਾ ਹੈ.

     ਇਸ ਦਾ ਇਲਾਜ ਹੈ—ਦਾਲ (ਦਾਰੁ) ਚੀਨੀ ਇੱਕ ਤੋਲਾ, ਛੋਟੀ ਇਲਾਇਚੀ ਦੋ ਤੋਲੇ, ਮਘਾਂ ਚਾਰ ਤੋਲੇ, ਬੰਸਲੋਚਨ ਅੱਠ ਤੋਲੇ, ਮਿਸ਼ਰੀ ਸੋਲਾਂ ਤੋਲੇ, ਇਨ੍ਹਾਂ ਦਾ ਚੂਰਣ ਕਰਕੇ ਦੁਗਣਾ ਸ਼ਹਿਦ ਅਤੇ ਤਿੰਨ ਗੁਣਾਂ ਘੀ ਮਿਲਾਕੇ ਛੀ ਛੀ ਮਾਸ਼ੇ ਦਿਨ ਵਿੱਚ ਤਿੰਨ ਵਾਰ ਚਟਾਉਣਾ. ਖਾਣ ਲਈ ਹਲਕੇ ਅਤੇ ਤਰ ਪਦਾਰਥ ਦੇਣੇ. ਗਊ ਅਤੇ ਬੱਕਰੀ ਦਾ ਦੁੱਧ, ਚਾਵਲ ਪਾਲਕ ਆਦਿ ਭੋਜਨ ਉੱਤਮ ਹਨ. “ਸੂਖਾ ਜ੍ਵਰ ਤੇਈਆ ਚੌਥਾਯਾ.” (ਚਰਿਤ੍ਰ ੪੦੫)

     (ਹ)          ਚੌਥਾਯਾ ਤਾਪ. ਚਾਤੁਰਥਿਕ ਜ੍ਵਰ.  ਹ਼ੱਮਾ ਰੁਬਅ਼ Quartan fever. ਇਹ ਤਾਪ ਇੱਕ ਦਿਨ ਹੋਕੇ ਦੋ ਦਿਨ ਗੁਪਤ ਹੋ ਜਾਂਦਾ ਹੈ, ਫੇਰ ਚੌਥੇ ਦਿਨ ਹੁੰਦਾ ਹੈ. ਕਦੇ ਦੋ ਦਿਨ ਹੋਕੇ ਚੌਥੇ ਦਿਨ ਗੁਪਤ ਹੋ ਜਾਂਦਾ ਹੈ. ਮਾਮੂਲੀ ਤਾਪ ਪਿੱਛੋਂ ਖਾਣ ਪੀਣ ਦੀ ਬਦਪਰਹੇਜੀ ਕਰਨ ਤੋਂ ਇਹ ਹੁੰਦਾ ਹੈ. ਇਸ ਦਾ ਕਾਰਣ ਭੀ ਮਲੇਰੀਏ (malaria) ਦਾ ਅਸਰ ਹੈ. ਇਹ ਤਾਪ ਬਹੁਤ ਦੇਰ ਰਹਿਂਦਾ ਹੈ, ਪਰ ਭਿਆਨਕ ਰੋਗ ਨਹੀਂ ਹੈ. ਜੇ ਇਸ ਵਿੱਚ ਯਰਕਾਨ , ਖ਼ੂਨੀਖਾਂਸੀ ਆਦਿਕ ਰੋਗ ਹੋ ਜਾਣ, ਤਾਂ ਇਹੀ ਭਯੰਕਰ ਰੋਗ ਹੈ. ਇਸ ਤਾਪ ਦੇ ਚੜ੍ਹਨ ਵੇਲੇ ਸਰਦੀ ਲਗਦੀ ਹੈ, ਉਤਰਨ ਵੇਲੇ ਤ੍ਰੇਲੀ ਆਉਂਦੀ ਹੈ. ਸਾਧਾਰਣ ਇਲਾਜ ਇਹ ਹੈ ਕਿ—ਫਟਕੜੀ ਦੀ ਖਿੱਲ ਛੀ ਰੱਤੀ, ਖੰਡ ਇੱਕ ਮਾਸ਼ਾ, ਐਸੀਆਂ ਤਿੰਨ ਪੁੜੀਆਂ ਰੋਜ ਪਾਣੀ ਨਾਲ ਦੇਣੀਆਂ.

     ਕੁਨੀਨ ਤਿੰਨ ਵਾਰ ਪੰਜ ਪੰਜ ਗ੍ਰੇਨ ਖਵਾਉਣੀ.

     ਤੁਲਸੀ ਦੇ ਪੱਤੇ ਦਿਨ ਵਿੱਚ ਚਾਰ ਵਾਰ ਚਾਰ ਚਾਰ ਛਕਾਉਣੇ.

     ਚਿੱਟਾ ਜੀਰਾ ਤਿੰਨ ਮਾਸ਼ੇ, ਇੱਕ ਤੋਲਾ ਗੁੜ , ਤਾਪ ਦੀ ਵਾਰੀ ਤੋਂ ਇੱਕ ਘੰਟਾ ਪਹਿਲਾਂ ਖਵਾਉਣਾ.

     ਸੱਤ ਦਿਨ ਕੇਵਲ ਦੁੱਧ ਪੀਣ ਨੂੰ ਦੇਣਾ ਅਤੇ ਹੋਰ ਕੁਝ ਨਾ ਖਵਾਉਣਾ.

     ਸੁੰਢ, ਨਾਗਰਮੋਥਾ, ਕੁਟਕੀ, ਚਰਾਇਤਾ, ਲਾਲਚੰਦਨ, ਆਉਲੇ, ਗਿਲੋ, ਸਭ ਦੋ ਦੋ ਮਾਸ਼ੇ ਲੈਕੇ ਕਾੜ੍ਹਾ ਕਰਕੇ ਪਿਆਉਣੇ. “ਸੂਖਾ ਜ੍ਵਰ ਤੇਈਆ ਚੌਥਾਯਾ.” (ਚਰਿਤ੍ਰ ੪੦੫)

     (ਕ)         ਡੇਢਮਾਸੀਆ ਤਾਪ. ਇਹ ਤਾਪ ਡੇਢ ਮਹੀਨਾ ਨਿਰੰਤਰ ਰਹਿਂਦਾ ਹੈ, ਜਾਂ ਡੇਢ ਮਹੀਨੇ ਪਿੱਛੋਂ ਦੌਰਾ ਕਰਦਾ ਹੈ. ਇਹ ਭੀ ਵਿਖਮ ਜ੍ਵਰਾਂ ਵਿੱਚੋਂ ਹੈ. ਇਸ ਦਾ ਇਲਾਜ ਉਹੀ ਸਮਝਣਾ ਚਾਹੀਏ ਜੋ ਤੇਈਏ ਚੌਥਾਏ ਤਾਪ ਵਿੱਚ ਹੈ.

     ਕਦੇ ਕਦੇ ਤੋਰਕੀ ਦਾ ਤਾਪ ਭੀ ਡੇਢ ਮਹੀਨਾ ਰਹਿਂਦਾ ਹੈ. ਦੇਖੋ, ਬੀਸਾਯਾ ਤਾਪ. “ਡੇਢਮਾਸੀਆ ਫੁਨ ਤਪ ਭਯੋ.” (ਚਰਿਤ੍ਰ ੪੦੫)

     (ਖ)          ਤੇਈਆ ਤਾਪ. ਤ੍ਰਿਤੀਯਕ ਜ੍ਵਰ  .ਹੁੱਮਾ ੆ਲਾ੡੆ਯਹ. Tertian fever. ਇਹ ਤਾਪ ਇੱਕ ਦਿਨ ਚੜ੍ਹਦਾ ਹੈ, ਦੂਜੇ ਦਿਨ ਨਹੀਂ, ਫੇਰ ਤੀਜੇ ਦਿਨ ਅਸਰ ਕਰਦਾ ਹੈ. ਇਸ ਦੇ ਚੜ੍ਹਨ ਵੇਲੇ ਪਾਲਾ ਲਗਦਾ (ਕਾਂਬਾ ਹੁੰਦਾ) ਹੈ. ਇਹ ਮਲੇਰੀਏ ਦੀ ਕਿਸਮ ਦਾ ਨੌਬਤੀ ਬੁਖ਼ਾਰ ਹੈ. ਸੁਸ਼੍ਰੁਤ ਵਿੱਚ ਲਿਖਿਆ ਹੈ ਕਿ ਕੰਠ ਗਤ ਦੋ੄ ਇੱਕ ਦਿਨ ਰਾਤ ਵਿੱਚ ਹਿਰਦੇ ਵਿੱਚ ਜਾਂਦੇ ਹਨ, ਹਿਰਦੇ ਤੋਂ ਦੂਜੇ ਦਿਨ ਆਮਾਸ਼ਯ ਵਿੱਚ ਪਹੁਚਦੇ ਹਨ, ਉੱਥੇ ਪਹੁਚਕੇ ਤੇਈਆ ਤਾਪ ਪੈਦਾ ਕਰਦੇ ਹਨ. ਵੈਦਕ ਵਿੱਚ ਤੇਈਏ ਦੀਆਂ ਤਿੰਨ ਕਿਸਮਾਂ ਦੱਸੀਆਂ ਹਨ.

ਕਫ ਅਤੇ ਪਿੱਤ ਦੀ ਅਧਿਕਤਾ ਵਾਲਾ ਪਹਿਲੋਂ ਤਿਹੱਡੇ ਤੋਂ ਸ਼ੁਰੂ ਹੋਕੇ ਸਾਰੇ ਸ਼ਰੀਰ ਵਿੱਚ ਫੈਲਦਾ ਹੈ.

     ਵਾਤ ਅਤੇ ਕਫ ਦੀ ਅਧਿਕਤਾ ਵਾਲਾ ਪਿੱਠ ਤੋਂ ਸ਼ੁਰੂ ਹੋ ਕੇ ਸ਼ਰੀਰ ਵਿੱਚ ਫੈਲਦਾ ਹੈ.

     ਵਾਤ ਪਿੱਤ ਦੀ ਅਧਿਕਤਾ ਵਾਲਾ ਸਿਰ ਤੋਂ ਸ਼ੁਰੂ ਹੋਕੇ ਸਾਰੇ ਸ਼ਰੀਰ ਵਿੱਚ ਫੈਲਦਾ ਹੈ.

     ਇਸ ਦੇ ਸਾਧਾਰਣ ਇਲਾਜ ਚੌਥਾਏ ਵਾਲੇ ਹੀ ਹਨ, ਪਰ ਕੁਨੀਨ ਦਾ ਵਰਤਣਾ ਇਸ ਤਾਪ ਵਿੱਚ ਬਹੁਤ ਗੁਣਕਾਰੀ ਹੈ. ਕੁਟਕੀ ਦਾ ਚੂਰਣ, ਨਿੰਮ ਅਤੇ ਤੁਲਸੀ ਦੇ ਪੱਤੇ, ਗਿਲੋ, ਚਰਾਇਤੇ ਅਤੇ ਧਨੀਏ ਦਾ ਕਾੜ੍ਹਾ, ਪੁਠਕੰਡੇ ਦੇ ਢਾਈ ਪੱਤੇ, ਸੁਦਰਸ਼ਨ ਚੂਰਨ ਆਦਿਕ ਦਵਾਈਆਂ ਭੀ ਤੇਈਆ ਤਾਪ ਦੂਰ ਕਰਦੀਆਂ ਹਨ. ਜੇ ਕਬਜ ਹੋਵੇ ਤਾਂ ਹਲਕਾ ਜੁਲਾਬ ਦੇ ਦੇਣਾ ਚਾਹੀਏ. ਖਾਣ ਨੂੰ ਦੁੱਧ ਮੂੰਗੀ ਪਾਲਕ ਚਾਉਲ ਆਦਿਕ ਨਰਮ ਗਿਜਾ, ਪੀਣ ਨੂੰ ਨਿਰਮਲ ਪਾਣੀ ਉਬਾਲਿਆ ਹੋਇਆ ਦੇਣਾ ਲੋੜੀਏ. ਰੋਗੀ ਨੂੰ ਸ੍ਵੱਛ ਪੌਣ ਵਿੱਚ ਰੱਖਣਾ ਚਾਹੀਏ.

     ਕਈ ਲੋਕ ਤੇਈਆ ਤਾਪ ਹਟਾਉਣ ਲਈ ਜੰਤ੍ਰ ਮੰਤ੍ਰ ਟੂਣੇ ਆਦਿ ਭੀ ਕਰਦੇ ਹਨ, ਪਰ ਇਹ ਕੇਵਲ ਅਗ੍ਯਾਨ ਦਾ ਕਰਮ ਹੈ. “ਸੂਖਾ ਜ੍ਵਰ ਤੇਈਆ ਚੌਥਾਯਾ.” (ਚਰਿਤ੍ਰ ੪੦੫)

     (ਗ)         ਪੀਤਜ੍ਵਰ. ਜ਼ਰਦ ਬੁਖ਼ਾਰ. ਦੇਖੋ, ਉਸਨ ਤਾਪ ਅਤੇ ਯਰਕਾਨ.

     (ਘ)         ਬੀਸਾਯਾ ਤਾਪ. ਇਹ ਭੀ ਵਾਰੀ ਦਾ ਤਾਪ (ਨੌਬਤੀ) ਹੈ, ਜੋ ਚੌਥਾਏ ਤੇਈਏ ਵਾਂਙ ਵੀਹ ਦਿਨਾਂ ਪਿੱਛੋਂ ਆਉਂਦਾ ਹੈ.

ਜੋ ਵੀਹ ਦਿਨ ਲਗਾਤਾਰ ਤਾਪ ਰਹੇ, ਉਹ ਭੀ ਬੀਸਾਯਾ ਹੈ  .ਹੁੱਮਾ ਮੁਤ਼ਬਿਕ਼ਾ ਮੁਤਨਾਕਿ਼੉ਹ. Typhoid fever. ਅਥਵਾ ईान्त्र ज्वर —ਆਂਤ੍ਰਜ੍ਵਰ Entericd fever. ਤੋਰਕੀ ਦਾ ਤਾਪ. ਪਾਣੀਝਾਰਾ. ਇਹ ਤਾਪ ਆਂਦ ਵਿੱਚ ਸੜੇ ਬੁਸੇ ਪਦਾਰਥ ਜਾਣ ਤੋਂ ਪੈਦਾ ਹੁੰਦਾ ਹੈ. ਅੰਤੜੀ ਅੰਦਰ ਛਾਲੇ ਹੋ ਜਾਂਦੇ ਹਨ. ਇਹ ਛੂਤ ਦਾ ਰੋਗ ਹੈ. ਬੀਸਾਏ ਤਾਪ ਵਿੱਚ ਕਦੇ ਖਾਂਸੀ ਅਤੇ ਪਸਲੀ ਦੇ ਦਰਦ ਦੀ ਸ਼ਕਾਇਤ ਭੀ ਹੋ ਜਾਂਦੀ ਹੈ. ਬਦਬੂਦਾਰ ਮਲ ਦਸਤਾਂ ਨਾਲ ਝੜਦੀ ਹੈ. ਇਸ ਤਾਪ ਦਾ ਇਲਾਜ ਕਿਸੇ ਸਿਆਣੇ ਤੋਂ ਛੇਤੀ ਕਰਾਉਣਾ ਚਾਹੀਏ.

     ਅਨਾਜ ਬੰਦ ਕਰਕੇ ਕੇਵਲ ਦੁੱਧ ਦੇਣਾ ਬਹੁਤ ਗੁਣਕਾਰੀ ਹੈ. ਅਰਕ ਬੇਦਮੁਸ਼ਕ ਅਰਕ ਗਾਉਜੁਬਾਨ ਪਿਆਉਣਾ, ਮੰਜੇ ਤੇ ਆਰਾਮ ਨਾਲ ਰਹਿਣਾ, ਘਰ ਵਸਤ੍ਰ ਆਦਿ ਦੀ ਪੂਰੀ ਸਫਾਈ ਰੱਖਣੀ, ਸ੍ਵੱਛ ਹਵਾ ਵਿੱਚ ਰਹਿਣਾ, ਸੁਗੰਧ ਵਾਲੇ ਫੁੱਲਾਂ ਦਾ ਪਾਸ ਰੱਖਣਾ, ਫਲਾਂ ਦਾ ਰਸ ਪੀਣਾ, ਧਨੀਆ, ਚੰਨਣ ਦਾ ਬੂਰ , ਕਪੂਰ, ਸਿਰਕਾ , ਅਰਕ ਗੁਲਾਬ ਵਿੱਚ ਮਿਲਾਕੇ ਸੁੰਘਾਉਣਾ ਲਾਭਦਾਇਕ ਹਨ.

     ਹੇਠ ਲਿਖੀਆਂ ਪੁੜੀਆਂ ਬੀਸਾਏ ਤਾਪ ਦਾ ਸਿੱਧ ਇਲਾਜ ਹਨ—

     ਵੰਸਲੋਚਨ, ਛੋਟੀਆਂ ਇਲਾਇਚੀਆਂ, ਸਤਗਿਲੋ, ਚਿੱਟਾ ਜੀਰਾ, ਕੌਲਡੋਡੇ ਦੀ ਗਿਰੂ, ਮਿਸ਼ਰੀ, ਇਹ ਸਭ ਇੱਕ ਇੱਕ ਤੋਲਾ, ਸੁੱਚੇ ਸਿੱਪ ਅਤੇ ਅਭਰਕ ਦਾ ਕੁਸ਼ਤਾ ਤਿੰਨ ਤਿੰਨ ਮਾਸ਼ੇ, ਕਹਿਰਵਾ ਤਿੰਨ ਮਾਸ਼ੇ, ਮੋਤੀ ਅਣਵਿੱਧ ਇੱਕ ਮਾਸ਼ਾ, ਇੱਕ ਤੋਲਾ ਰੂਹ ਕੇਉੜੇ ਵਿਚ ਖਰਲ ਕਰਕੇ ਇੱਕ ਮਾਸ਼ਾ ਚਾਂਦੀ ਦੇ ਵਰਕ ਮਿਲਾਉਣੇ, ਸਵਾ ਤੋਲਾ ਸਾਬਤ ਅਤੇ ਸਾਫ਼ ਖ਼ੂਬਕਲਾਂ ਸਾਰੀ ਦਵਾਈਆਂ ਨਾਲ ਮਿਲਾਕੇ ਬਾਸਠ (੬੨) ਪੁੜੀਆਂ ਕਰਨੀਆਂ. ਜੁਆਨ ਰੋਗੀ ਨੂੰ ਚਾਰ ਪੁੜੀਆਂ ਰੋਜ ਤਿੰਨ ਤਿੰਨ ਘੰਟੇ ਪਿੱਛੋਂ ਦੁੱਧ ਜਾਂ ਗਾਉਜੁਬਾਨ ਦੇ ਅਰਕ ਨਾਲ ਦੇਣੀਆਂ. “ਅਸਟ ਦਿਵਸਿਯਾ ਅਰੁ ਬੀਸਾਯਾ.” (ਚਰਿਤ੍ਰ ੪੦੫) ੩ ਸੰਤਾਪ. ਦੁੱਖ. ਕਲੇਸ਼। ੪ ਫਿਕਰ. “ਤਾਪ ਪਾਪ ਸੰਤਾਪ ਬਿਨਾਸੇ.” (ਬਿਲਾ ਮ: ੫) ੫ ਦੇਹ ਨੂੰ ਤਪਾਉਣ ਦਾ ਕਰਮ. ਤਪਸ੍ਯਾ. “ਹਰਿਧਨ ਜਾਪ ਹਰਿਧਨ ਤਾਪ.” (ਗੂਜ ਮ: ੫) “ਜਾਪ ਤਾਪ ਗਿਆਨ ਸਭ ਧਿਆਨ.” (ਸੁਖਮਨੀ) ੬ ਦੇਖੋ, ਤਿੰਨ ਤਾਪ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5426, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਾਪ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਤਾਪ (ਸੰ.। ਸੰਸਕ੍ਰਿਤ) ੧. ਗਰਮੀ, ਤਾਉ। ੨. ਖੇਦ , ਸੰਤਾਪ।

੩. (ਪੰਜਾਬੀ) ਬੁਖਾਰ। ਯਥਾ-‘ਤਾਪੁ ਲਾਹਿਆ ਗੁਰ ਸਿਰਜਨਹਾਰਿ’।

੪. (ਸੰਸਕ੍ਰਿਤ ਤਪ) ਅੱਗਾਂ ਵਿਚ ਬੈਠਣਾ, ਪੁੱਠੇ ਲਟਕਣਾ, ਪਾਣੀ ਹੇਠ ਬੈਠਣਾ ਆਦਿ ਸਰੀਰਕ ਯਾ ਮਾਨਸਕ ਦੁਖ ਸਹਿਣਾ। ਯਥਾ-‘ਜਾਪ ਤਾਪ ਗਿਆਨ ਸਭਿ ਧਿਆਨ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5378, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਤਾਪ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਤਾਪ (Heat) : ਵਸਤੂ ਦੀ ਸਤ੍ਹਾ ਨੂੰ ਛੋਹਣ ਨਾਲ ਜੋ ਅਨੁਭਵ ਹੁੰਦਾ ਹੈ ਉਸ ਦੇ ਆਧਾਰ ਉੱਤੇ ਇਸ ਨੂੰ ਠੰਢੀ ਜਾਂ ਗਰਮ ਕਿਹਾ ਜਾਂਦਾ ਹੈ। ਵੱਖੋ ਵੱਖਰੀ ਗਰਮੀ ਵਾਲੀਆਂ ਵਸਤਾਂ ਜਿਵੇਂ ਕਿ ਸੂਰਜ ਦੀ ਤੇਜ਼ ਧੁੱਪ, ਅੱਗ ਜਾਂ ਗਰਮ ਵਸਤੂ ਦੇ ਨੇੜੇ ਜਾਣ ਨਾਲ ਇਨ੍ਹਾਂ ਦੀ ਗਰਮੀ ਦੇ ਅੰਤਰ ਦਾ ਅਨੁਭਵ ਹੁੰਦਾ ਹੈ ਪਰੰਤੂ ਕੁਝ ਸਮੇਂ ਬਾਅਦ ਇਹ ਸਾਰੀਆਂ ਇਕੋ ਜਿੰਨੀ ਗਰਮੀ ਵਾਲੀਆਂ ਅਨੁਭਵ ਹੋਣ ਲਗ ਪੈਂਦੀਆਂ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿ ਇਨ੍ਹਾਂ ਵਿਚਕਾਰ ਗਰਮੀ ਦਾ ਆਦਾਨ ਪ੍ਰਦਾਨ ਹੋਇਆ ਹੁੰਦਾ ਹੈ। ਇਸ ਨੂੰ ਹੀ ਤਾਪ ਕਿਹਾ ਜਾਂਦਾ ਹੈ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਗਰਮੀ ਦਾ ਅਨੁਭਵ ਅਤੇ ਤਾਪਮਾਨ ਦੀ ਧਾਰਨਾ ਦੋਵੇਂ ਤਾਪ ਤੋਂ ਵੱਖਰੀਆਂ ਹਨ। ਤਾਪ ਸ਼ਬਦ ਦੀ ਵਰਤੋਂ ਭੌਤਿਕ ਵਿਗਿਆਨ ਦੀ ਉਸ ਸ਼ਾਖਾ ਲਈ ਕੀਤੀ ਜਾਂਦੀ ਹੈ ਜਿਸਦਾ ਪਦਾਰਥਾਂ ਉੱਤੇ ਤਾਪ ਦੇ ਅਸਰ, ਤਾਪ ਸੰਚਾਰ ਦੇ ਨਿਯਮ ਅਤੇ ਤਾਪ ਦਾ ਹੋਰ ਦੂਜੀਆਂ ਕਿਸਮਾਂ ਦੀ ਊਰਜਾ ਵਿਚ ਬਦਲਣ ਨਾਲ ਸਬੰਧ ਹੈ।

19ਵੀਂ ਸਦੀ ਤੱਕ ਵਿਗਿਆਨ ਦੇ ਇਸ ਵਿਸ਼ਾਲ ਖੇਤਰ ਵਿਚ ਬਹੁਤ ਘੱਟ ਵਿਕਾਸ ਹੋਇਆ ਸੀ। ਯੂਨਾਨੀ ਫ਼ਿਲਾਸਫ਼ਰ ਧਰਤੀ, ਹਵਾ, ਅੱਗ ਤੇ ਪਾਣੀ ਨੂੰ ਹੀ ਤੱਤ ਮੰਨਦੇ ਸਨ ਅਤੇ ਤਾਪ ਨੂੰ ਇਨ੍ਹਾਂ ਤੋਂ ਵੱਖਰਾ ਭਾਰ ਰਹਿਤ ਇਕ ਪਦਾਰਥ ਗਿਣਦੇ ਸਨ। ਵਸਤੂ ਦਾ ਉਸ ਵਿਚ ਸਮਾਏ ਹੋਏ ਮਾਦੇ ਦੇ ਆਧਾਰ ਉੱਤੇ ਗਰਮ ਜਾਂ ਠੰਢਾ ਹੋਣਾ ਮੰਨਿਆ ਜਾਂਦਾ ਸੀ।

ਪਰਿਭਾਸ਼ਾਵਾਂ – ਸਾਧਾਰਣ ਭਾਸ਼ਾ ਵਿਚ ਤਾਪ ਸ਼ਬਦ ਦੀ ਵਰਤੋਂ ਕਈ ਵੱਖੋ ਵੱਖਰੀਆਂ ਹਾਲਤਾਂ ਲਈ ਕੀਤੀ ਜਾਂਦੀ ਹੈ। ਉਪਯੋਗ ਦੇ ਆਧਾਰ ਉੱਤੇ ਇਸ ਸ਼ਬਦ ਨੂੰ ਚਾਰ ਪ੍ਰਮੁੱਖ ਅਰਥਾਂ ਲਈ ਵਰਤਿਆ ਜਾਂਦਾ ਹੈ : 1. ਤਾਪ ਦਾ ਅਨੁਭਵ 2. ਤਾਪਮਾਨ ਜਾਂ ਗਰਮੀ ਦਾ ਦਰਜਾ 3. ਤਾਪ ਊਰਜਾ ਦੀ ਮਾਤਰਾ ਅਤੇ 4.ਵਿਕੀਰਣ-ਊਰਜਾ

1. ਤਾਪ ਦਾ ਅਨੁਭਵ ਗਰਮ ਵਸਤੂ ਨੂੰ ਦੇਖਦੇ ਸਾਰ ਉਸ ਦੇ ਬਦਲੇ ਹੋਏ ਰੂਪ ਤੋਂ ਹੋ ਜਾਂਦਾ ਹੈ ਜਿਸ ਦੇ ਫ਼ਲਸਰੂਪ ਤਾਪ ਇਕ ਵਸਤੂ ਤੋਂ ਦੂਜੀ ਵਸਤੂ ਤੱਕ ਜਾਂਦਾ ਹੈ। ਵਸਤੂ ਨੂੰ ਹੱਥ ਲਗਾ ਕੇ ਪਤਾ ਲਗ ਜਾਂਦਾ ਹੈ ਕਿ ਇਹ ਹੱਥ ਨਾਲੋਂ ਗਰਮ ਹੈ ਜਾਂ ਠੰਢੀ। ਇਕ ਖਾਸ ਸੀਮਾ ਤੱਕ ਤਾਂ ਹੱਥ ਲਗਾ ਕੇ ਦੋ ਵਸਤਾਂ ਵਿਚੋਂ ਇਹ ਦੱਸ ਸਕਦੇ ਹਾਂ ਕਿ ਕਿਹੜੀ ਕਿਸ ਨਾਲੋਂ ਕਿੰਨੀ ਗਰਮ ਜਾਂ ਠੰਢੀ ਹੈ। ਜੇਕਰ ਇਕ ਗਰਮ ਲੋਹੇ ਦੀ ਪਲੇਟ ਨੂੰ ਠੰਢੀ ਲੋਹੇ ਦੀ ਪਲੇਟ ਉੱਤੇ ਰੱਖਿਆ ਜਾਵੇ ਤਾਂ ਠੰਢੀ ਪਲੇਟ ਗਰਮ ਹੋ ਜਾਵੇਗੀ ਅਤੇ ਗਰਮ ਪਲੇਟ ਠੰਢੀ ਹੋ ਜਾਵੇਗੀ ਜਿਸ ਦੇ ਸਿੱਟੇ ਵਜੋਂ ਕੁਝ ਅਰਸੇ ਬਾਅਦ ਦੋਵੇਂ ਪਲੇਟਾਂ ਇਕੋ ਜਿੰਨੀਆਂ ਗਰਮ ਜਾਂ ਠੰਢੀਆਂ ਹੋਣਗੀਆਂ । ਇਸ ਤਰ੍ਹਾਂ ਗਰਮ ਤੋਂ ਠੰਢੀ ਪਲੇਟ ਵਲ ਜਾ ਰਹੀ ਗਰਮੀ ਦਾ ਜੋ ਆਦਾਨ ਪ੍ਰਦਾਨ ਹੁੰਦਾ ਹੈ ਉਸ ਨੂੰ ਤਾਪ ਕਹਿੰਦੇ ਹਨ।

2. ਤਾਪ ਦੇ ਅਨੁਭਵ ਸਦਕੇ ਹੀ ਗਰਮੀ ਦੀ ਮਿਕਦਾਰ ਦੇ ਆਧਾਰ ਉੱਤੇ ਇਸ ਨੂੰ ਖ਼ੂਨ ਦੀ ਗਰਮੀ, ਬੁਖ਼ਾਰ ਦੀ ਗਰਮੀ, ਲਾਲ ਸੁਰਖ਼ ਗਰਮ ਅਤੇ ਸਫ਼ੈਦ ਗਰਮ ਆਦਿ ਕਹਿੰਦੇ ਹਨ। ਇਸ ਨੂੰ ਨਿਰੰਤਰ ਸਕੇਲ ਜਾਂ ਤਰਤੀਬ ਵਿਚ ਪ੍ਰਗਟ ਕੀਤਾ ਜਾਂਦਾ ਹੈ। ਵਸਤੂ ਦੁਆਰਾ ਗ੍ਰਹਿਣ ਕੀਤੀ ਗਈ ਗਰਮੀ ਦੇ ਆਧਾਰ ਤੇ ਸਕੇਲ ਉੱਤੇ ਉਸ ਵਸਤੂ ਦਾ ਤਾਪਮਾਨ ਦਰਸਾਇਆ ਜਾਂਦਾ ਹੈ।

3. ਵਸਤੂ ਦੁਆਰਾ ਗ੍ਰਹਿਣ ਕੀਤੀ ਗਈ ਗਰਮੀ ਦੀ ਮਾਤਰਾ ਉਸ ਦੇ ਆਕਾਰ ਉੱਤੇ ਨਿਰਭਰ ਕਰਦੀ ਹੈ। ਇਸੇ ਕਰਕੇ ਉਬਲ ਰਹੇ ਪਾਣੀ ਨਾਲ ਭਰੇ ਹੋਏ ਬਰਤਨ ਵਿਚ ਇਕ ਚਾਹ ਦੇ ਪਿਆਲੇ ਨਾਲੋਂ ਗਰਮੀ ਦੀ ਮਿਕਦਾਰ ਵਧੇਰੇ ਹੋਵੇਗੀ ਭਾਵੇਂ ਇਹ ਦੋਵੇਂ ਇਕੋ ਤਾਪਮਾਨ ਉੱਤੇ ਕਿਉਂ ਨਾ ਹੋਣ। ਤਾਪਮਾਨ ਵਸਤੂ ਦੇ ਆਕਾਰ ਉੱਤੇ ਨਿਰਭਰ ਨਹੀਂ ਕਰਦਾ ਪਰੰਤੂ ਇਹ ਸਮਾਈ ਹੋਈ ਗਰਮੀ ਦੀ ਮਾਤਰਾ ਉੱਤੇ ਨਿਰਭਰ ਕਰਦਾ ਹੈ ਭਾਵ ਗਰਮੀ ਦੀ ਮਾਤਰਾ ਪ੍ਰਤਿ ਇਕਾਈ ਪੁੰਜ ਹੁੰਦੀ ਹੈ ਬੇਸ਼ਕ ਬਾਕੀ ਸਭ ਕੁਝ ਬਰਾਬਰ ਹੋਵੇ।

ਜੇਕਰ ਕਿਸੇ ਵਸਤੂ ਨੂੰ ਇਕ ਸਮਾਨ ਹਾਲਤਾਂ ਅਧੀਨ ਰੱਖਿਆ ਜਾਵੇ ਤਾਂ ਉਸ ਦੁਆਰਾ ਗ੍ਰਹਿਣ ਕੀਤੀ ਗਈ ਗਰਮੀ ਦੀ ਮਾਤਰਾ ਵੀ ਸਥਿਰ ਰਹੇਗੀ ਅਤੇ ਇਕੋ ਪਦਾਰਥ ਦੀ ਵੱਖੋ ਵੱਖਰੀ ਮਾਤਰਾ ਦੁਆਰਾ ਗ੍ਰਹਿਣ ਕੀਤੀ ਗਈ ਗਰਮੀ ਦੀ ਮਾਤਰਾ ਵੀ ਵੱਖੋ ਵੱਖਰੀ ਹੋਵੇਗੀ ਅਤੇ ਇਹ ਉਸ ਪਦਾਰਥ ਦੇ ਪੁੰਜਾਂ ਵਿਚਕਾਰਲੇ ਅਨੁਪਾਤ ਅਨੁਸਾਰ ਹੀ ਹੋਵੇਗੀ (ਕੰਪਨ-ਤਾਪ ਉੱਤੇ ਆਕਾਰ ਦੇ ਪ੍ਰਭਾਵ ਨੂੰ ਛੱਡਕੇ ਜਿਸ ਦਾ ਪਤਾ ਨਹੀਂ ਲਗਾਇਆ ਜਾ ਸਕਦਾ)। ਪ੍ਰਯੋਗਾਂ ਰਾਹੀਂ ਪਤਾ ਲਗਾਇਆ ਗਿਆ ਹੈ ਕਿ ਵਸਤੂ ਦੀਆਂ ਵੱਖੋ ਵੱਖਰੀਆਂ ਹਾਲਤਾਂ ਅਧੀਨ ਜਾਂ ਵੱਖੋ ਵੱਖਰੀਆਂ ਵਸਤਾਂ ਉੱਤੇ ਸਮਾਨ ਹਾਲਤਾਂ ਅਧੀਨ ਤਾਪ ਦਾ ਕੀ ਪ੍ਰਭਾਵ ਹੈ ਅਤੇ ਤਾਪਮਾਨ ਅਤੇ ਦਬਾਉ ਦੀ ਤਬਦੀਲੀ ਦਾ ਇਸ ਉੱਤੇ ਕੀ ਪ੍ਰਭਾਵ ਪੈਂਦਾ ਹੈ।

4. ਇਹ ਆਮ ਵੇਖਣ ਵਿਚ ਆਉਂਦਾ ਹੈ ਕਿ ਸੂਰਜ ਜਾਂ ਅੱਗ ਦੀਆਂ ਕਿਰਨਾਂ ਜਿਸ ਵਸਤੂ ਉੱਤੇ ਪੈਂਦੀਆਂ ਹਨ ਉਸ ਨੂੰ ਗਰਮ ਕਰ ਦਿੰਦੀਆਂ ਹਨ। ਵਿਕੀਰਣ ਊਰਜਾ ਅਤੇ ਤਾਪ ਇਕੋ ਚੀਜ਼ ਨਹੀਂ ਹਨ ਬੇਸ਼ਕ ਵਿਕੀਰਣ ਊਰਜਾ ਤਾਪ ਵਿਚ ਬਦਲ ਜਾਂਦੀ ਹੈ ਜਦੋਂ ਇਹ ਸੋਖਣ ਵਸਤੂ ਦੀ ਸਤ੍ਹਾ ਉੱਤੇ ਟਕਰਾਉਂਦੀ ਹੈ। ਆਮ ਕਰਕੇ ਵਿਕੀਰਣ-ਤਾਪ ਸ਼ਬਦ ਦਾ ਹੀ ਇਸਤੇਮਾਲ ਕੀਤਾ ਜਾਂਦਾ ਹੈ ਕਿਉਂਕਿ ਵਿਕੀਰਣ ਨੂੰ ਇਸ ਦੁਆਰਾ ਪੈਦਾ ਕੀਤੇ ਤਾਪ ਦੇ ਤੌਰ ਤੇ ਹੀ ਮਿਣਿਆ ਜਾਂਦਾ ਹੈ। ਵਿਕੀਰਣ ਦੁਆਰਾ ਊਰਜਾ ਦਾ ਸਥਾਨ-ਅੰਤਰਨ ਅਤੇ ਸੋਖਣ ਦੋਵੇਂ ਤਾਪ ਦੇ ਪ੍ਰਸਾਰਨ ਦੇ ਸਾਧਨ ਹਨ।

ਤਾਪ ਦਾ ਸਰੂਪ (The Nature of Heat) – ਵਿਗਿਆਨ ਦੇ ਆਰੰਭਿਕ ਕਾਲ ਵਿਚ ਇਹ ਮੰਨਿਆ ਜਾਂਦਾ ਸੀ ਕਿ ਜਿਸ ਭਾਰ ਹੀਣ ਦ੍ਰਵ ਕਾਰਨ ਇਹ ਸਾਰੀ ਤਾਪ ਕਿਰਿਆ ਹੁੰਦੀ ਹੈ ਉਸ ਨੂੰ ਕੈਲੋਰਿਕ ਕਿਹਾ ਜਾਂਦਾ ਹੈ। ਅਜਿਹਾ ਪਿੰਡਾਂ ਦੀ ਵੇਧਨ ਸਮਰੱਥਾ, ਪ੍ਰਸਰਣਸ਼ੀਲਤਾ ਅਤੇ ਵਿਭੇਦਨਤਾ ਜਾਂ ਬਤੌਰ ਵਾਸ਼ਪਾਂ ਦੇ ਵਿਘਟਨ ਹੋਣ ਕਾਰਨ ਹੁੰਦਾ ਹੈ। ਦ੍ਰਵ ਦਾ ਭਾਰਹੀਣ ਹੋਣਾ ਮੰਨਿਆ ਜਾਂਦਾ ਸੀ ਕਿਉਂਕਿ ਬਹੁਤ ਧਿਆਨ ਨਾਲ ਕੀਤੇ ਗਏ ਪ੍ਰਯੋਗ ਵੀ ਇਹ ਸਾਬਤ ਕਰਨ ਤੋਂ ਅਸਮੱਰਥ ਰਹੇ ਹਨ ਕਿ ਤਾਪ ਨਾਲ ਭਾਰ ਵਿਚ ਵਾਧਾ ਹੁੰਦਾ ਹੈ। ਇਸ ਦੇ ਉਲਟ ਹਵਾ ਦਾ ਉਪਰ ਵੱਲ ਉਠਣਾ ਤਾਪ ਦੇ ਨਾਲ ਜੋੜਿਆ ਜਾਂਦਾ ਹੈ ਪਰੰਤੂ ਇਹ ਦਰਸਾਉਣ ਲਈ ਕਈ ਖੋਜਾਂ ਹੋਈਆਂ ਹਨ ਕਿ ਤਾਪ ਕਾਰਨ ਜਿਹੜੀ ਭਾਰ ਵਿਚ ਕਮੀ ਆਉਂਦੀ ਹੈ ਉਹ ਹਵਾ ਦੀਆਂ ਉਪਰਲੇ ਰੁੱਖ ਉਠੀਆਂ ਤਰੰਗਾਂ ਜਾਂ ਵਾਸ਼ਪੀਕਰਨ ਕਰਕੇ ਹੁੰਦੀ ਹੈ। ਤਾਪ ਦੀ ਵਿਆਖਿਆ ਕਰਨ ਵਾਲੇ ਕਾਲਪਨਿਕ ਦ੍ਰਵ ਸਬੰਧੀ ਮੁੱਢਲੇ ਵਿਚਾਰ ਇਹ ਮੰਨਣ ਲਈ ਲਾਭਦਾਇਕ ਸਾਬਤ ਹੁੰਦੇ ਹਨ ਕਿ ਕੁਝ ਨਾ ਕੁਝ ਹੈ ਜਿਸ ਦੀ ਮਿਕਦਾਰ ਵਿਚ ਤਬਦੀਲੀ ਨਹੀਂ ਆਉਂਦੀ ਭਾਵੇਂ ਕਿੰਨੀਆਂ ਹਾਲਤਾਂ ਵਿਚ ਉਹ ਕਿਉਂ ਨਾ ਬਦਲਦਾ ਰਹੇ ਜਦੋਂ ਕਿ ਕੁਝ ਹਾਲਤਾਂ ਵਿਚ ਇਹ ਵਿਚਾਰ ਗੁਮਰਾਹ ਕਰਦੇ ਹਨ ਜਿਸ ਦੇ ਫਲਸਰੂਪ ਵਿਗਿਆਨ ਦੇ ਵਿਕਾਸ ਵਿਚ ਕਾਫ਼ੀ ਰੁਕਾਵਟ ਪਈ ਹੈ। ਬਹੁਤ ਸਾਰੇ ਕੈਲੋਰੀਮੀਟਰਿਕ ਪ੍ਰਯੋਗਾਂ ਉੱਤੇ ਕੈਲੋਰੀ ਸਿੱਧਾਂਤ ਨੂੰ ਲਾਗੂ ਕਰਨਾ ਬਹੁਤ ਆਸਾਨ ਹੈ ਅਤੇ ਇਸ ਨਾਲ ਅਵਸਥਾ-ਪਰਿਵਰਤਨ ਦੇ ਮੁਢਲੇ ਸਿੱਧਾਂਤ ਦੀ ਵਿਆਖਿਆ ਸੁਚੱਜੇ ਢੰਗ ਨਾਲ ਕੀਤੀ ਜਾ ਸਕਦੀ ਹੈ। ਰਗੜ ਜਾਂ ਨਪੀੜਨ ਦੌਰਾਨ ਤਾਪਮਾਨ ਦੀ ਤਬਦੀਲੀ ਜਾਂ ਗੈਸਾਂ ਦੇ ਪ੍ਰਸਰਣ ਦੌਰਾਨ ਪੈਦਾ ਹੋਣ ਵਾਲੇ ਤਾਪ ਦੀ ਵਿਆਖਿਆ ਕਰਨ ਸਬੰਧੀ ਕਈ ਔਕੜਾਂ ਪੇਸ਼ ਆਈਆਂ ਹਨ।

ਕੈਲੋਰਿਸਟਾਂ ਦੁਆਰਾ ਰਗੜ ਜਾਂ ਨਪੀੜਨ ਦੌਰਾਨ ਪੈਦਾ ਹੋਏ ਤਾਪ ਦੀ ਵਿਆਖਿਆ ਇਸ ਤਰ੍ਹਾਂ ਦਿੱਤੀ ਗਈ ਹੈ ਕਿ ਜਦੋਂ ਪਿੰਡਾਂ ਨੂੰ ਨਪੀੜਿਆ ਜਾਂ ਰਗੜਿਆ ਜਾਂਦਾ ਹੈ ਤਾਂ ਗੁਪਤ ਤਾਪ ਦਾ ਇਕ ਉਹ ਹਿੱਸਾ ਹੁੰਦਾ ਹੈ ਜੋ ਸੰਵੇਦ ਤਾਪ (Sensible Heat) ਹੁੰਦਾ ਹੈ। ਰਗੜ ਦੌਰਾਨ ਪੈਦਾ ਹੋਏ ਤਾਪ ਦੇ ਸਬੰਧ ਵਿਚ ਮੰਨ ਲਿਆ ਗਿਆ ਸੀ ਕਿ ਰਗੜੇ ਜਾ ਚੁੱਕੇ ਪਦਾਰਥ ਦਾ ਕੁਝ ਭਾਗ ਤਾਪ ਦੀ ਕੁਝ ਮਾਤਰਾ ਨੂੰ ਸੋਖਣ ਦੇ ਸਮੱਰਥ ਹੁੰਦਾ ਹੈ ਪਰੰਤੂ ਮੂਲ ਪਦਾਰਥ ਨਾਲੋਂ ਇਸ ਦੀ ਸਮੱਰਥਾ ਘੱਟ ਹੁੰਦ ਹੈ। ਇਸ ਦਲੀਲ ਦੇ ਆਧਾਰ ਉੱਤੇ ਇਹ ਇਕ ਪੂਰਨ ਤੇ ਪੱਕੀ ਪਰਿਕਲਪਨਾ ਹੈ ਅਤੇ ਇਸ ਦਾ ਖੰਡਨ ਕਰਨਾ ਸੰਭਵ ਨਹੀਂ ਹੈ।

ਇਸ ਵਿਆਖਿਆ ਦਾ ਖੰਡਨ ਕਰਨ ਲਈ 1798 ਈ. ਵਿਚ ਕਾਊਂਟ ਰਮਫੋਰਡ ਨੇ ਰਾੱਇਲ ਸੋਸਾਇਟੀ ਅੱਗੇ ਆਪਣੇ ਪ੍ਰਸਿੱਧ ਤਜਰਬਿਆਂ ਦੇ ਨਤੀਜੇ ਰੱਖੇ ਜਿਨ੍ਹਾਂ ਅਨੁਸਾਰ ਇਕ ਖੁੰਡੇ ਵਰਮੇ ਦੇ ਬਿਟ ਨਾਲ ਰਗੜ ਦੌਰਾਨ ਪੈਦਾ ਹੋਏ ਤਾਪ ਨਾਲ 21/ਘੰਟਿਆਂ ਦੇ ਅੰਦਰ ਲਗਭਗ 12 ਕਿ.ਗ੍ਰਾ. ਪਾਣੀ ਨੂੰ ਉਬਾਲਣ ਵਿਚ ਸਫ਼ਲਤ ਹਾਸਲ ਹੋਈ ਅਤੇ ਕੇਵਲ 4145 ਗ੍ਰਾ. ਧਾਤ ਦਾ ਪਾਊਡਰ ਰਗੜਿਆ ਗਿਆ। ਉਦੋਂ ਉਸ ਨੇ ਪ੍ਰਯੋਗ ਦੁਆਰਾ ਇਹ ਸਿੱਧ ਕੀਤਾ ਕਿ ਧਾਤ ਦੇ ਪਾਊਡਰ ਦਾ ਇਕ ਦਰਜਾ ਤਾਪਮਾਨ ਉੱਚਾ ਕਰਨ ਲਈ ਜਿੰਨੇ ਤਾਪ ਦੀ ਜ਼ਰੂਰਤ ਹੈ ਉਨੇ ਹੀ ਤਾਪ ਦੀ ਜ਼ਰੂਰਤ ਉਨੀ ਠੋਸ ਧਾਤ ਨੂੰ ਪਵੇਗੀ ਜਿਸ ਦਾ ਪਾਊਡਰ ਬਣਿਆ ਹੈ ਇਸਨੂੰ ਤਾਪ ਦੀ ਸਮਰੱਥਾ ਕਹਿੰਦੇ ਹਨ ਜਿਹੜੀ ਕਿ ਧਾਤ ਨੂੰ ਪਾਊਡਰ ਵਿਚ ਬਦਲਣ ਨਾਲ ਨਹੀਂ ਬਦਲਦੀ ਅਤੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਕਿਸੇ ਵੀ ਸੂਰਤ ਵਿਚ ਥੋੜ੍ਹੀ ਜਿਹੀ ਪਾਊਡਰ ਦੀ ਮਾਤਰਾ ਸਮੁੱਚੇ ਤਾਪ ਦੇ ਉਤਪੰਨ ਹੋਣ ਲਈ ਜ਼ਿੰਮੇਵਾਰ ਨਹੀਂ ਠਹਿਰਾਈ ਜਾ ਸਕਦੀ। ਤਾਪ ਦੇ ਪੈਦਾ ਹੋਣ ਦਾ ਕੇਵਲ ਅਨੁਭਵ ਹੀ ਹੁੰਦਾ ਹੈ ਕਿਉਂਕਿ ਇਸ ਵਿਚ ਕੋਈ ਮਾਦੇ ਵਾਲਾ ਪਦਾਰਥ ਪੈਦਾ ਨਹੀਂ ਹੁੰਦਾ ਸਗੋਂ ਇਹ ਕੁਦਰਤੀ ਗਤੀ ਵਾਲੀ ਇਕ ਵਸਤੂ ਹੈ।

ਬਦਕਿਸਮਤੀ ਦੀ ਗੱਲ ਹੈ ਕਿ ਰਮਫੋਰਡ ਦੇ ਵਿਚਾਰ ਸਿੱਟੇ ਭਰਪੂਰ ਨਹੀਂ ਸਨ। ਕੈਲੋਰੀ ਸਿੱਧਾਂਤ ਦੇ ਸਮਰਥਕ ਸਹਿਮਤ ਸਨ ਜਾਂ ਨਹੀਂ ਫਿਰ ਵੀ ਉਨ੍ਹਾਂ ਨੇ ‘ਤਾਪ ਦੀ ਸਮਰੱਥਾ’ ਦਾ ਪੂਰਨ ਗਿਆਨ ਨਾ ਹੋਣ ਦੇ ਬਾਵਜੂਦ ਦੋ ਪਰਿਭਾਸ਼ਾਵਾਂ ਬਣਾ ਦਿੱਤੀਆਂ। ‘ਤਾਪ ਦੀ ਸਮੱਰਥਾ’ ਸ਼ਬਦ ਦੇ ਅਰਥ ਤੋਂ ਪਤਾ ਲਗਦਾ ਹੈ ਕਿ ਇਹ ਕਿਸੇ ਵਸਤੂ ਦੁਆਰਾ ਗ੍ਰਹਿਣ ਕੀਤੀ ਗਈ ਤਾਪ ਦੀ ਕੁੱਲ ਮਾਤਰਾ ਨੂੰ ਦਰਸਾਉਂਦਾ ਹੈ, ਜਿਸ ਦੀ ਮਿਣਤੀ ਕਰਨ ਦਾ ਕੋਈ ਢੰਗ ਉਪਲੱਬਧ ਨਹੀਂ ਹੈ ਫਿਰ ਵੀ ਇਸ ਨੂੰ ਆਮ ਕਰਕੇ ਤਾਪ ਦੀ ਉਹ ਮਾਤਰਾ ਕਿਹਾ ਜਾਂਦਾ ਹੈ ਜਿਸ ਦੀ ਸਹਾਇਤਾ ਨਾਲ ਵਸਤੂ ਦਾ ਤਾਪਮਾਨ ਇਕ ਦਰਜਾ ਉੱਚਾ ਕੀਤਾ ਜਾ ਸਕਦਾ ਹੈ।

ਰਮਫੋਰਡ ਇਹ ਸਿੱਧ ਕਰਨ ਤੋਂ ਅਸਮਰੱਥ ਰਿਹਾ ਹੈ ਕਿ ਪਾਊਡਰ ਅਤੇ ਠੋਸ ਧਾਤ ਤੋਂ ਕਿਸੇ ਵਸਤੂ ਦਾ ਤਾਪਮਾਨ ਇਕ ਉੱਚਾ ਕਰਨ ਲਈ ਇਕੋ ਜਿੰਨੇ ਤਾਪ ਦੀ ਜ਼ਰੂਰਤ ਪਵੇਗੀ ਭਾਵ ਇਨ੍ਹਾਂ ਦੋਵਾਂ ਨੇ ਇਕੋ ਜਿੰਨਾ ਤਾਪ ਗ੍ਰਹਿਣ ਕੀਤਾ ਹੁੰਦਾ ਹੈ, ਇਹੋ ਹੀ ਉਸ ਸਮੇਂ ਦਾ ਅਸਲ ਇਕ ਮਾਤਰ ਵਿਚਾਰ ਸੀ। ਅਸਲ ਵਿਚ ਧਾਤ ਕੇਵਲ ਖਾਸ ਤਾਪਮਾਨ ਤੋਂ ਹੇਠਾਂ ਹੀ ਪਾਊਡਰ ਵਿਚ ਤਬਦੀਲ ਹੋ ਸਕਦੀ ਹੈ ਅਤੇ ਅਜਿਹਾ ਕਰਨ ਲਈ ਵਰਤੇ ਜਾ ਰਹੇ ਤਾਪ ਦੀ ਮਿਣਤੀ ਕੀਤੀ ਜਾ ਸਕਦੀ ਹੈ। ਜੇਕਰ ਆੱਕਸੀਜਨ ਅਤੇ ਹਾਈਡ੍ਰੋਜਨ ਦਾ ਮਿਸ਼ਰਣ ਉਸੇ ਅਨੁਪਾਤ ਵਿਚ ਲੈ ਕੇ ਜਿਹੜਾ ਪਾਣੀ ਅੰਦਰ ਇਨ੍ਹਾਂ ਦਾ ਹੁੰਦਾ ਹੈ, ਗਰਮ ਕੀਤਾ ਜਾਵੇ ਤਾਂ ਪਾਣੀ ਦੇ ਭਾਰ ਨਾਲੋਂ 30 ਗੁਣਾਂ ਵਧੇਰੇ ਭਾਰ ਲਈ ਜਿੰਨੇ ਤਾਪ ਦੀ ਲੋੜ ਪਵੇਗੀ ਉਨੇ ਤਾਪ ਨਾਲ ਜਮਾਉ ਦਰਜੇ ਵਾਲੇ ਪਾਣੀ ਨੂੰ ਉਬਾਲ ਦਰਜੇ ਤੱਕ ਗਰਮ ਕੀਤਾ ਜਾ ਸਕੇਗਾ। ਇਹੋ ਕਾਰਨ ਹੈ ਕਿ ਗੈਸਾਂ ਦੇ ਮਿਸ਼ਰਣ ਦੁਆਰਾ ਗ੍ਰਹਿਣ ਕੀਤਾ ਤਾਪ ਵੱਧ ਹੋਵੇਗਾ ਜਦੋਂ ਕਿ ਆਮ ਹਾਲਤਾਂ ਵਿਚ ਇਹ ਪਾਣੀ ਦੁਆਰਾ ਪੈਦਾ ਕੀਤੇ ਗਏ ਤਾਪ ਦੇ ਅੱਧ ਦੇ ਬਰਾਬਰ ਹੁੰਦਾ ਹੈ। ਕੈਲੋਰਿਸਟਾਂ ਅਨੁਸਾਰ ਰਗੜ ਨਾਲ ਪੈਦਾ ਹੋਏ ਤਾਪ ਦੀ ਵਿਆਖਿਆ ਦਾ ਮੁਕੰਮਲ ਤੌਰ ਤੇ ਖੰਡਨ ਕਰਨ ਲਈ ਰਮਫੋਰਡ ਲਈ ਇਹ ਸਿੱਧ ਕਰਨਾ ਜ਼ਰੂਰੀ ਸੀ ਕਿ ਪਾਊਡਰ ਨੂੰ ਠੋਸ ਧਾਤ ਵਿਚ ਬਦਲਣ ਲਈ ਉਨੇ ਤਾਪ ਦੀ ਜ਼ਰੂਰਤ ਨਹੀਂ ਹੁੰਦੀ ਜਿੰਨਾ ਕਿ ਪਾਊਡਰ ਬਣਾਉਂਦੇ ਸਮੇਂ ਰਗੜ ਦੌਰਾਨ ਤਾਪ ਪੈਦਾ ਹੋਇਆ ਸੀ, ਦੂਜੇ ਸ਼ਬਦਾਂ ਵਿਚ ਰਗੜ ਦੌਰਾਨ ਪੈਦਾ ਹੋਏ ਤਾਪ ਨੂੰ, ਪਦਾਰਥ ਦਾ ਅਵਸਥਾ ਪਰਿਵਰਤਨ ਦੌਰਾਨ ਲੋੜੀਂਦਾ ਤਾਪ ਨਹੀਂ ਕਿਹਾ ਜਾ ਸਕਦਾ।

ਸੰਨ 1749 ਤੋਂ ਥੋੜ੍ਹੇ ਚਿਰ ਮਗਰੋਂ ਹੰਫਰੀ (ਮਗਰੋਂ ਸਰ ਹੰਫਰੀ) ਡੇਵੀ ਨੇ ਇਕ ਪ੍ਰਯੋਗ ਰਾਹੀਂ ਦੱਸਿਆ ਕਿ ਜਦੋਂ ਬਰਫ਼ ਦੇ ਦੋ ਟੁਕੜਿਆਂ ਨੂੰ ਆਪਸ ਵਿਚ ਰਗੜ ਕੇ ਪਿਘਲਾਇਆ ਜਾਂਦਾ ਹੈ ਤਾਂ ਬਰਫ਼ ਤੋਂ ਪ੍ਰਾਪਤ ਹੋਏ ਪਾਣੀ ਵਿਚ ਬਰਫ਼ ਨਾਲੋਂ ਵਧੇਰੇ ਤਾਪ ਹੁੰਦਾ ਹੈ। ਇਹ ਸਿੱਧੇ ਤੌਰ ਤੇ ਕੈਲੋਰਿਸਟਾਂ ਦੇ ਖਿਆਲਾਂ ਨੂੰ ਝੁਠਲਾ ਦਿੰਦਾ ਹੈ ਕਿਉਂਕਿ ਇਹ ਇਕ ਸਚਾਈ ਹੈ ਕਿ ਬਰਫ਼ ਨੂੰ ਪਾਣੀ ਵਿਚ ਬਦਲਣ ਲਈ ਤਾਪ ਦੀ ਲੋੜ ਪੈਂਦੀ ਹੈ। ਇਸ ਤਜਰਬੇ ਦੇ ਆਧਾਰ ਉੱਤੇ ਇਹ ਕਹਿਣਾ ਠੀਕ ਹੈ ਕਿ ਰਗੜ ਨਾਲ ਵਸਤਾਂ ਦੀ ਤਾਪ ਲਈ ਸਮੱਰਥਾ ਕਦੇ ਘਟਦੀ ਨਹੀਂ। ਡੇਵੀ ਨੇ ਇਸ ਵਾਕ ਦੀ ਵਰਤੋਂ ਵਸਤੂ ਦੁਆਰਾ ਗ੍ਰਹਿਣ ਕੀਤੀ ਗਈ ਤਾਪ ਦੀ ਕੁੱਲ ਮਾਤਰਾ ਨੂੰ ਦੱਸਣ ਲਈ ਕੀਤੀ ਹੈ। ਡੇਵੀ ਦੁਆਰਾ ‘ਤਪਮਾਨ ਲਈ ਸਮੱਰਥਾ’ ਸ਼ਬਦ ਦੀ ਥਾਂ ‘ਤਾਪ ਦੀ ਸਮਰੱਥਾ’ ਸ਼ਬਦ ਦਾ ਇਸਤੇਮਾਲ ਕਰਨਾ ਬਿਲਕੁਲ ਉਚਿਤ ਸੀ।

ਕੈਲੋਰਿਕ ਸਿੱਧਾਂਤ ਨੂੰ ਅਪਰਵਾਨ ਕਰਨ ਅਤੇ ਨਵੇਂ ਵਿਚਾਰ ਨੂੰ ਪਰਵਾਨ ਕਰਨ ਵਿਚ ਜਿਹੜੀ ਦੇਰ ਹੋਈ ਉਸ ਦਾ ਕਾਰਨ ‘ਤਾਪ ਲਈ ਸਮਰੱਥਾ’ ਅਤੇ ਇਸ ਵਰਗੇ ਹੋਰ ਵਿਚਾਰਾਂ ਸਬੰਧੀ ਮੁੱਢਲਾ ਮਤਭੇਦ ਹੀ ਸਨ। ਇਕ ਹੋਰ ਵੱਡੀ ਅੜਚਨ ਕੰਪਨ ਜਾਂ ਗਤੀ ਸਿੱਧਾਂਤ ਦਾ ਸਹੀ ਗਿਆਨ ਨਾ ਹੋਣਾ ਸੀ। ਡੇਵੀ ਨੇ ਤਾਪ ਨੂੰ ‘ਪ੍ਰਤਿਆਕਰਸ਼ੀ ਬਲ’ (repulsive force) ਦੱਸਿਆ ਹੈ ਅਤੇ ਇਸ ਨੂੰ ਪ੍ਰਕਾਸ਼ ਨਾਲੋਂ ਵੱਖਰਾ ਦੱਸਿਆ ਹੈ ਜਿਹੜਾ ਕਿ ‘ਪ੍ਰਖੇਪੀ ਗਤੀ’ (Projective motion) ਹੈ ਬੇਸ਼ਕ ਤਾਪ ਪਦਾਰਥ ਨਹੀਂ ਹੈ।

ਡੇਵੀ ਅਤੇ ਰਮਫੋਰਡ ਦੇ ਸਿੱਟਿਆਂ ਨੂੰ ਸਵੀਕਾਰ ਕਰਦੇ ਹੋਏ ਕਿ ਤਾਪ ਕੋਈ ਮਾਦੇ ਵਾਲਾ ਪਦਾਰਥ ਨਹੀਂ ਹੈ ਪਰੰਤੂ ਇਹ ਗਤੀ ਦੀ ਹੀ ਇਕ ਕਿਸਮ ਹੈ ; ਇਕ ਸਵਾਲ ਫਿਰ ਸਾਹਮਣੇ ਜਿਉਂ ਦਾ ਤਿਉਂ ਖੜ੍ਹਾ ਰਹਿੰਦਾ ਹੈ ਕਿ ਤਾਪ ਦੀ ਮਾਤਰਾ ਨੂੰ ਕਿਹੜੇ ਢੁੱਕਵੇਂ ਨਿਯਮ ਅਧੀਨ ਲਿਆ ਜਾਵੇ? ਕੰਪਨਸ਼ੀਲ ਗਤੀ ਦੀ ਮਾਤਰਾ ਤੋਂ ਸਾਡਾ ਕੀ ਭਾਵ ਹੈ ਅਤੇ ਇਸ ਮਾਤਰਾ ਦੀ ਮਿਣਤੀ ਕਿਵੇਂ ਕੀਤੀ ਜਾ ਸਕਦੀ ਹੈੈੈੈ? ਇਹ ਵੱਖੋ ਵੱਖਰੀਆਂ ਅਵਸਥਾਵਾਂ ਵਿਚ ਪਰਿਵਰਤਿਤ ਹੋਣ ਦੇ ਬਾਵਜੂਦ ਬਦਲਦੀ ਕਿਉਂ ਨਹੀਂ? ਤਾਪ ਦੇ ਅਨੇਕਾਂ ਪ੍ਰਭਾਵਾਂ ਦੀ ਗੁਣਾਤਮਕ ਵਿਆਖਿਆ ਕਰਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਹ ‘ਗਤੀ ਦੀ ਕਿਸਮ’ ਹੀ ਹੈ। ਇਸ ਵਿਚ ਵਿਗਿਆਨਕ ਪਰਿਭਾਸ਼ਾ ਦੇ ਸੂਖ਼ਮ ਮਾਤਰਾਤਮਕ ਗੁਣਾਂ ਦੀ ਕਮੀ ਸੀ। ਇਸ ਕਰਕੇ ਸਹੀ ਨਤੀਜੇ ਪ੍ਰਾਪਤ ਕਰਨ ਅਤੇ ਪਰਿਕਲਨ ਕਰਨ ਲਈ ਇਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਸੀ। ਡੇਵੀ ਅਤੇ ਰਮਫੋਰਡ ਦੇ ਪ੍ਰਯੋਗ ਸਮੇਂ ਵਿਗਿਆਨਕ ਸੋਚਣੀ ਜਾਂ ਵਿਗਿਆਨ ਦੀ ਸਥਿਤੀ ਇਹ ਨਹੀਂ ਸੀ ਕਿ ਇਸ ਨੂੰ ਵਧੇਰੇ ਵਿਆਪਕ ਰੂਪ ਦਿੱਤਾ ਜਾ ਸਕਦਾ ਹੋਵੇ। ਅਨੇਕਾਂ ਪ੍ਰਯੋਗਾਂ ਅਤੇ ਸਿੱਧਾਂਤਾਂ ਨੇ ਗੈਸਾਂ ਦੇ ਨਿਯਮਾਂ ਸਬੰਧੀ ਇਸ ਦਾ ਰਸਤਾ ਖੋਲ੍ਹਿਆ ਜਿਸ ਵਿਚ ਅਨੇਕਾਂ ਜਗਤ ਪ੍ਰਸਿੱਧ ਵਿਗਿਆਨੀਆਂ ਨੇ ਉੱਘਾ ਯੋਗਦਾਨ ਪਾਇਆ ਹੈ।

ਜਲਣ ਦੇ ਤਾਪ ਦੀ ਸੁਲਭਤਾ – ਕਾਰਨੋ (Carnot) ਨੇ 100 ਸੈਂ. ਉੱਤੇ 1° ਸੈਂ. ਤਾਪਮਾਨ ਦੇ ਘੱਟਣ ਨਾਲ 1.13 ਕਿ. ਗ੍ਰਾ. ਮੀ. ਪ੍ਰਤਿ ਕਿਲੋ ਕੈਲੋਰੀ ਕਾਰਜ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦਿਆਂ 160° ਸੈਂ ਉੱਤੇ ਭਾਫ਼ ਪ੍ਰਾਪਤ ਕਰਕੇ 40° ਸੈਂ. ਉੱਤੇ ਭਾਫ਼ ਬਾਹਰ ਕੱਢਣ ਵਾਲੇ ਭਾਫ਼ ਦੇ ਇੰਜਣ ਦੀ ਸੰਭਵ ਕਾਰਜ ਕੁਸ਼ਲਤਾ ਦਾ ਅਨੁਮਾਨ ਲਗਾਉਣ ਲਈ ਉਪਰਾਲਾ ਕੀਤਾ ਸੀ। ਜੇਕਰ ਇਹ ਮੰਨ ਲਿਆ ਜਾਵੇ ਕਿ ਜਿਸ ਦਰ ਨਾਲ ਤਾਪਮਾਨ ਘੱਟਦਾ ਹੈ ਉਸੇ ਅਨੁਪਾਤ ਵਿਚ ਕਾਰਜ-ਕੁਸ਼ਲਤਾ ਵੀ ਘੱਟਦੀ ਹੈ ਤਾਂ 120° ਸੈਂ. ਤਾਪਮਾਨ ਘਟਣ ਦੌਰਾਨ ਕੀਤਾ ਗਿਆ ਕਾਰਜ 134 ਕਿ. ਗ੍ਰਾ. ਮੀ. ਪ੍ਰਤਿ ਕਿਲੋ ਕੈਲੋਰੀ ਹੋਵੇਗਾ। ਸਹੀ ਪਰਿਕਲਨ ਕਰਨ ਲਈ ਫ਼ੰਕਸ਼ਨ F (t) ਵਿਚ ਤਾਪਮਾਨ ਦੇ ਨਾਲ ਹੋਣ ਵਾਲੇ ਪਰਿਵਰਤਨ ਦਾ ਗਿਆਨ ਹੋਣ ਬਹੁਤ ਜ਼ਰੂਰੀ ਹੈ। ਸਮੀਕਰਨ ਅਨੁਸਾਰ ਪ੍ਰਾਪਤ ਕੀਤਾ

ਜਾ ਸਕਣ ਵਾਲਾ ਕਾਰਜ 118 ਕਿ. ਗ੍ਰਾ. ਮੀ. ਪ੍ਰਤਿ ਕਿਲੋ ਕੈਲੋਰੀ ਹੋਵੇਗਾ ਜਿਹੜਾ ਕਿ ਕਿ. ਗ੍ਰਾ. ਮੀ. ਵਿਚ ਕਿਲੋ ਕੈਲੋਰੀ ਦੇ ਯੰਤਰਿਕ ਤੁਲ-ਅੰਕ 426 ਦੇ 28% ਦੇ ਬਰਾਬਰ ਹੈ। ਕਾਰਨੋ ਨੇ ਇਸ ਦਾ ਵੀ ਜ਼ਿਕਰ ਕੀਤਾ ਹੈ ਕਿ ਜਲਣ ਦੌਰਾਨ ਭਾਫ਼ ਦੇ ਇੰਜਣ ਵਿਚ 120° ਸੈਂ. ਤਾਪਮਾਨ ਦਾ ਘਟਣਾ ਕੁਲ ਪ੍ਰਾਪਤੀ ਯੋਗ ਤਾਪਮਾਨ ਦਾ ਕੇਵਲ ਬਹੁਤ ਛੋਟਾ ਜਿਹਾ ਭਾਗ ਹੈ ਅਤੇ ਜੇਕਰ ਕੁਲ ਘਟੇ ਹੋਏ ਤਾਪਮਾਨ ਦਾ ਮੁਕੰਮਲ ਉਪਯੋਗ ਕੀਤਾ ਜਾਵੇ ਤਾਂ ਕੁਲ ਪ੍ਰਾਪਤੀ ਯੋਗ ਸ਼ਕਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ  : ਜਦੋਂ ਫ਼ੰਕਸ਼ਨ F'(t) ਨੂੰ ਤਾਪਮਾਨ ਦੇ ਵਾਧੇ ਨਾਲ ਅਲੋਪ ਹੁੰਦਾ ਮੰਨਿਆ ਗਿਆ ਹੋਵੇ ਤਾਂ ਕੋਲੇ ਦੇ ਸਬੰਧ ਵਿਚ ਅੰਦਾਜ਼ਾ ਲਗਾਇਆ ਕਿ ਇਹ ਸ਼ਕਤੀ 3,900,000 ਕਿ. ਗ੍ਰਾ. ਮੀ. ਪ੍ਰਤਿ ਕਿ. ਗ੍ਰਾ. ਹੈ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਅਨੁਮਾਨਤ ਅਸਲ ਨਾਲੋਂ ਵੱਧ ਸੀ ਪਰੰਤੂ ਕਾਰਨੋ ਦੁਆਰਾ ਲਏ ਗਏ ਡੈਟੇ ਦੇ ਹਿਸਾਬ ਨਾਲ ਲਗਭਗ ਠੀਕ ਹੀ ਸੀ।

ਇਕ ਆਦਰਸ਼ ਇੰਜਣ ਵਿਚ ਪ੍ਰਯੋਗਿਕ ਬੰਧਨਾ ਤੋਂ ਮੁਕਤ ਅਮਲੀ ਤੌਰ ਤੇ ਪ੍ਰਾਪਤੀ ਯੋਗ ਤਾਪ ਦੇ ਬਹੁਤ ਛੋਟੇ ਜਿਹੇ ਭਾਗ ਦਾ ਕਾਰਨੋ ਚੱਕਰ ਦੀ ਸੁਯੋਗਤਾ ਦੀ ਸੂਰਤ ਵਿਚ ਈਂਧਨ ਦੇ ਜਲਣ ਸਮੇਂ ਤਾਪਮਾਨ ਕਾਫ਼ੀ ਘੱਟ ਹੁੰਦਾ ਹੈ। ਤਾਪ ਬਿਲਕੁਲ ਬੇਕਾਰ ਨਾ ਜਾਣ ਦੀ ਸੂਰਤ ਵਿਚ ਹਵਾ ਵਿਚ ਕਾਰਬਨ ਨੂੰ ਸਥਿਰ ਦਬਾਉ ਉੱਤੇ ਜਾਲਣ ਨਾਲ ਪ੍ਰਾਪਤ ਹੋਈਆਂ ਵਸਤਾਂ ਦਾ ਤਾਪਮਾਨ 2300° ਸੈਂ. ਤੱਕ ਵਧਾਇਆ ਜਾ ਸਕਦਾ ਹੈ (ਜਦੋਂ ਕਿ ਇਨ੍ਹਾਂ ਵਸਤਾਂ ਦਾ ਵਿਸ਼ਿਸ਼ਟ ਤਾਪ ਸਥਿਰ ਮੰਨਿਆ ਜਾਵੇ ਅਤੇ ਬਿਲਕੁਲ ਕਿਸੇ ਕਿਸਮ ਦਾ ਖੈ ਨਾ ਹੋਇਆ ਹੋਵੇ) । ਜੇਕਰ ਇਸ ਤਾਪਮਾਨ ਉੱਤੇ ਕਾਰਜਕਾਰੀ ਦ੍ਰਵ ਨੂੰ ਸਮੁਚਾ ਤਾਪ ਮੁਹੱਈਆ ਕੀਤਾ ਗਿਆ ਹੋਵੇ ਤਾਂ ਕੰਡੈਂਸਰ ਦਾ ਤਾਪਮਾਨ 40° ਸੈਂ. ਹੋਵੇਗਾ ਅਤੇ ਸਮੀਕਰਨ (1) ਅਨੁਸਾਰ ਸੰਭਾਵਿਤ ਸੁਯੋਗਤਾ 89% ਹੋਵੇਗੀ ਪਰੰਤੂ ਸਚਾਈ ਇਹ ਹੈ ਕਿ ਪੂਰਨ ਆਦਰਸ਼ ਹਾਲਤਾਂ ਅਧੀਨ ਵੀ ਇੰਨੀ ਸੁਯੋਗਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਬਾਇਲਰ ਰਾਹੀਂ 2300° ਸੈਂ. ਉੱਤੇ ਵੀ ਜਲਣ ਕਾਰਨ ਪੈਦਾ ਹੋਈਆਂ ਵਸਤਾਂ ਦਾ ਵਾਯੂਮੰਡਲੀ ਤਾਪਮਾਨ ਤੱਕ ਠੰਢਾ ਹੋਣ ਦੌਰਾਨ ਛੱਡਿਆ ਗਿਆ ਤਾਪ ਗ੍ਰਹਿਣ ਨਹੀਂ ਕੀਤਾ ਜਾ ਸਕਦਾ। 2300° ਸੈਂ. ਤੋਂ 40° ਸੈਂ. ਦੇ ਵਿਚਕਾਰ ਕਿਸੇ ਮੱਧਵਰਤੀ ਤਾਪਮਾਨ ਉੱਤੇ ਜਿਸ ਨਾਲ ਤਾਪ ਪ੍ਰਗਤੀ ਦਾ ਔਸਤਨ ਪ੍ਰਭਾਵਸ਼ਾਲੀ ਤਾਪਮਾਨ 2300° ਸੈਂ. ਤੋਂ ਘੱਟ ਕੇ 1640° ਸੈਂ. ਰਹਿ ਜਾਂਦਾ ਹੈ ਅਤੇ ਸੁਯੋਗਤਾ 89% ਤੋਂ ਘੱਟ ਕੇ 62% ਰਹਿ ਜਾਂਦੀ ਹੈ, ਅਜਿਹਾ ਕੇਵਲ ਪੂਰਨ ਪੁਨਰਯੋਜਨ ਬਾਇਲਰ ਵਿਚ ਹੀ ਹੋ ਸਕਦਾ ਹੈ ਜਿਸ ਵਿਚ ਕਾਰਜਕਾਰੀ ਦ੍ਰਵ 2300° ਸੈਂ. ਉੱਤੇ ਇਸ ਤੋਂ ਬਾਹਰ ਨਿਕਲਦਾ ਹੈ। ਤਾਪ ਪ੍ਰਾਪਤੀ ਦਾ ਔਸਤਨ ਪ੍ਰਭਾਵਸ਼ਾਲੀ ਤਾਪਮਾਨ ਕਿਸੇ ਹਾਲਤ ਵਿਚ ਵੀ 1640° ਸੈਂ. ਤੋਂ ਵੱਧ ਨਹੀਂ ਹੋ ਸਕਦਾ। ਕਾਰਨੋ ਨੇ ਪੂਰਵ ਅਨੁਮਾਨ ਲਗਾ ਲਿਆ ਸੀ ਕਿ ਭਾਫ਼ ਦੇ ਇੰਜਣ ਵਿਚ ਕਾਰਜਕਾਰੀ ਦ੍ਰਵ ਕਾਰਨ ਹੋਰ ਬੰਧਨ ਵੀ ਹੋ ਸਕਦੇ ਹਨ।

ਬਾਇਲਰ ਦੇ ਅੰਦਰ ਭਾਫ਼ ਬਣਾਉਣ ਲਈ ਲੋੜੀਂਦੇ ਤਾਪ ਦਾ ਬਹੁਤਾ ਭਾਗ ਵਾਸ਼ਪੀਕਰਨ ਦੇ ਗੁਪਤ ਤਾਪ ਦਾ ਹੁੰਦਾ ਹੈ ਜਿਹੜਾ ਕਿ ਭਾਫ਼ ਪ੍ਰਾਪਤ ਕਰਨ ਲਈ ਜ਼ਰੂਰੀ ਹੁੰਦਾ ਹੈ। ਇਹ ਤਾਪ ਭਾਫ਼ ਬਾਇਲਰ ਦੇ ਕੰਮ ਕਰਨ ਵਾਲੇ ਦਬਾਉ ਉਤਲੇ ਸੰਤ੍ਰਿਪਤ ਤਾਪਮਾਨ ਉੱਤੇ ਪ੍ਰਾਪਤ ਕਰਦੀ ਹੈ। ਇਸ ਤਰ੍ਹਾਂ 47.8 ਕਿ. ਗ੍ਰਾ. ਪ੍ਰਤਿ ਵਰਗ ਸੈਂ. ਦਬਾਉ ਵਾਸ਼ਪੀਕਰਨ ਦਾ ਗੁਪਤ ਤਾਪ ਲਗਭਗ 400 ਕੈਲੋਰੀ ਹੁੰਦਾ ਹੈ ਜਿਹੜਾ ਕਿ 260° ਸੈਂ. (500F) ਉੱਤੇ ਪ੍ਰਾਪਤ ਹੁੰਦਾ ਹੈ ਜਿਸ ਨਾਲ ਇਸ ਤਾਪ ਪਰਿਵਰਤਨ ਦੀ ਸੁਯੋਗਤਾ 41% ਹੁੰਦੀ ਹੈ। ਜੇਕਰ 40° ਸੈਂ. ਉੱਤੇ ਕੰਡੈਂਸਰ ਤੋਂ ਭੇਜੇ ਜਾਣ ਵਾਲੇ ਪਾਣੀ ਨੂੰ ਸਿੱਧੇ ਤੌਰ ਤੇ ਪੰਪ ਰਾਹੀਂ ਬਾਇਲਰ ਵਿਚ ਭੇਜਿਆ ਜਾਵੇ ਅਤੇ ਇਸ ਨੂੰ 260° ਸੈਂ. ਤੱਕ ਗਰਮ ਕਰਨਾ ਹੋਵੇ ਤਾਂ ਇਸ ਲਈ ਲੋੜੀਂਦਾ ਤਾਪ ਲਗਭਗ 230 ਕੈਲੋਰੀ ਹੋਵੇਗਾ ਜਿਹੜਾ ਇਸ ਦੁਆਰਾ ਕਿਸੇ ਮੱਧਵਰਤੀ ਤਾਪਮਾਨ ਉੱਤੇ ਹਾਸਲ ਕੀਤਾ ਜਾਂਦਾ ਹੈ। ਇਸ ਦਾ ਪੂਰੀ ਤਰ੍ਹਾਂ ਨਾਲ ਉਪਯੋਗ ਨਹੀਂ ਕੀਤਾ ਜਾ ਸਕਦਾ। ਸਭ ਤੋਂ ਪਹਿਲਾਂ 1854 ਈ. ਵਿਚ ਰੈਨਕਿਨ ਨੇ ਤਾਪ ਦੇ ਇਸ ਭਾਗ ਤੋਂ ਪ੍ਰਾਪਤ ਹੋਣ ਵਾਲੇ ਕਾਰਜ ਦੀ ਮਿਕਦਾਰ ਦਾ ਪਤਾ ਲਗਾਉਣ ਦਾ ਢੰਗ ਲੱਭਿਆ ਸੀ। ਇਸ ਦਾ ਸੂਤਰ (Formula) 40° ਸੈਂ. ਤੋਂ 260° ਸੈਂ. ਦੇ ਵਿਚਕਾਰ ਤਾਪ ਨੂੰ ਕਿਸ਼ਤਾਂ ਦੇ ਰੂਪ ਵਿਚ ਪ੍ਰਦਾਨ ਕਰਨ ਦੀ ਆਦਰਸ਼ ਸੁਯੋਗਤਾ ਦਰਸਾਉਂਦਾ ਹੈ। ਇਸ ਅਨੁਸਾਰ 47.8 ਕਿ. ਗ੍ਰਾ. ਪ੍ਰਤਿ ਵਰਗ ਸੈਂ. ਦੇ ਦਬਾਉ ਉੱਤੇ ਸੰਤ੍ਰਿਪਤ ਭਾਫ਼ ਨਾਲ ਕੰਮ ਕਰ ਰਹੇ ਰੈਨਕਿਨ ਚੱਕਰ ਉੱਤੇ ਅਧਾਰਤ ਇੰਜਣ ਦੀ ਸੁਯੋਗਤਾ 35% ਰਹਿ ਜਾਂਦੀ ਹੈ ਜਦੋਂ ਕਿ ਕਾਰਨੋ ਚੱਕਰ ਵਾਲੇ ਇੰਜਣ ਦੀ ਸੁਯੋਗਤਾ 41% ਹੁੰਦੀ ਹੈ ਜਿਹੜੀ ਕਿ ਭਾਫ਼ ਦੁਆਰਾ ਪ੍ਰਾਪਤ ਅਸਲ ਤਾਪ ਦੇ ਅਨੁਸਾਰ ਹੁੰਦੀ ਹੈ। ਜੇਕਰ ਬਾਇਲਰ ਦਾ ਤਾਪਮਾਨ ਹੋਰ ਵਧਾ ਕੇ 360° ਸੈਂ. ਕਰ ਦਿੱਤਾ ਜਾਵੇ ਤਾਂ ਇਸ ਤਾਪਮਾਨ ਉੱਤੇ ਦਬਾਉ 190 ਕਿ. ਗ੍ਰਾ. ਪ੍ਰਤਿ ਵਰਗ ਸੈਂ. (ਲਗਭਗ 260° ਸੈਂ. ਵਾਲੇ ਦਬਾਉ ਨਾਲੋਂ ਚਾਰ ਗੁਣਾ) ਹੋ ਜਾਵੇਗਾ। ਕਾਰਨੋ ਚੱਕਰ ਦੀ ਆਦਰਸ਼ ਸੁਯੋਗਤਾ 50% ਨਾਲੋਂ ਥੋੜ੍ਹੀ ਵੱਧ ਹੋਵੇਗੀ ਜਾਂ ਆਦਰਸ਼ ਇੰਜਣ ਦੁਆਰਾ ਅੱਧੇ ਗੁਪਤ ਤਾਪ ਦਾ ਹੀ ਉਪਯੋਗ ਹੋ ਸਕੇਗਾ। 360° ਸੈਂ. ਉੱਤੇ ਗੁਪਤ ਤਾਪ ਕੇਵਲ 177 ਕੈਲੋਰੀ ਹੁੰਦਾ ਹੈ ਅਤੇ ਇਹ ਲੋੜੀਂਦੇ ਤਾਪ ਦੇ ਅੱਧ ਨਾਲੋਂ ਘੱਟ ਹੈ ਜਿਹੜਾ ਕਿ ਲਗਭਗ 400 ਕੈਲੋਰੀ ਹੁੰਦਾ ਹੈ। ਇਸ ਤਰ੍ਹਾਂ ਸਬੰਧਤ ਰੈਨਕਿਨ ਚੱਕਰ ਦੀ ਸੁਯੋਗਤਾ ਕੇਵਲ 38% ਹੁੰਦੀ ਹੈ ਜਿਹੜੀ ਸੰਤ੍ਰਿਪਤ ਭਾਫ਼ ਉੱਤੇ ਕੰਮ ਕਰ ਰਹੇ ਸਿੱਧਾਂਤਕ ਚੱਕਰ ਰਾਹੀਂ ਪ੍ਰਾਪਤ ਸੁਯੋਗਤਾ ਦੇ ਨਾਲ ਮੇਲ ਖਾਂਦੀ ਹੈ।

1. ਅੰਤਰ-ਦਹਿਨ ਦੇ ਲਾਭ – ਜਿਵੇਂ ਕਿ ਕਾਰਨੋ ਨੇ ਦੱਸਿਆ ਹੈ ਕਿ ਤਾਪ ਇੰਜਣ ਵਿਚ ਵਾਯੂਮੰਡਲੀ ਹਵਾ ਨੁੰ ਕਾਰਜਕਾਰੀ ਦ੍ਰਵ ਵਜੋਂ ਉਪਯੋਗ ਕਰਨ ਦਾ ਮੁੱਖ ਲਾਭ ਕੇਵਲ ਅੰਤਰ-ਦਹਿਨ ਦੁਆਰਾ ਸਿੱਧੇ ਤੌਰ ਤੇ ਇਸ ਨੂੰ ਤਾਪ ਪ੍ਰਦਾਨ ਕਰਨਾ ਹੈ। ਇਥੋਂ ਤੱਕ ਕਿ ਅੰਤਰ-ਦਹਿਨ ਨਾਲ ਵੀ ਤਾਪਮਾਨ ਦੀ ਪੂਰਨ ਸੀਮਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਕਿਉਂਕਿ ਅਮਲੀ ਤੌਰ ਤੇ ਕਾਰਜਕਾਰੀ ਦ੍ਰਵ ਨੂੰ ਸਥਿਰ ਤਾਪਮਾਨ ਉੱਤੇ ਤਾਪ ਪ੍ਰਦਾਨ ਨਹੀਂ ਕੀਤਾ ਜਾ ਸਕਦਾ। ਅਜਿਹਾ ਕਰਨਾ ਇਸ ਲਈ ਸੰਭਵ ਨਹੀਂ ਹੈ ਕਿਉਂਕਿ ਸਥਿਰ ਤਾਪਮਾਨ ਉੱਤੇ ਪ੍ਰਸਾਰ ਬਹੁਤ ਵੱਡੀ ਪੱਧਰ ਉੱਤੇ ਹੁੰਦਾ ਹੈ ਜਿਹੜਾ ਕਿ ਤਾਪ ਦੀ ਲੋੜੀਂਦੀ ਮਿਕਦਾਰ ਗ੍ਰਹਿਣ ਕਰਨ ਲਈ ਜ਼ਰੂਰੀ ਹੁੰਦਾ ਹੈ। ਇਸ ਕਿਸਮ ਦੇ ਹਵਾ ਇੰਜਣ ਸਥਿਰ ਤਾਪਮਾਨ ਉੱਤੇ ਤਾਪ ਲੈਂਦੇ ਹਨ। ਇਹ ਬੇਸ਼ਕ ਸਿੱਧਾਂਤਕ ਪੱਖੋਂ ਆਦਰਸ਼ ਹੁੰਦੇ ਹਨ ਪਰ ਯੰਤਰਿਕ ਤੌਰ ਤੇ ਅਪ੍ਰਬੀਨ ਹੁੰਦੇ ਹਨ।

ਵਿਹਾਰਕ ਇੰਜਣਾਂ ਵਿਚ ਸਥਿਰ ਦਬਾਉ ਜਾਂ ਸਥਿਰ ਆਇਤਨ ਉੱਤੇ ਵਿਸਫ਼ੋਟਕ ਮਿਸ਼ਰਣ ਦੁਆਰਾ ਤਾਪ ਪੈਦਾ ਹੁੰਦਾ ਹੈ। ਸਾਰੇ ਦਾ ਸਾਰਾ ਤਾਪ ਉੱਚਤਮ ਤਾਪਮਾਨ ਉੱਤੇ ਹੀ ਸੰਚਾਰ ਨਹੀਂ ਹੁੰਦਾ ਸਗੋਂ ਇਹ ਤਾਪਮਾਨ ਦੀ ਸੀਮਾ ਦੇ ਅੰਦਰ ਹੀ ਸੰਚਾਰ ਹੁੰਦਾ ਹੈ ਜਿਹੜਾ ਕਿ ਦਹਿਨ ਦੇ ਆਰੰਭ ਵਿਚ ਮਿਸ਼ਰਣ ਦੇ ਤਾਪਮਾਨ ਅਤੇ ਉੱਚਤਮ ਤਾਪਮਾਨ ਦੇ ਵਿਚਾਲੇ ਹੁੰਦਾ ਹੈ। ਸਭ ਤੋਂ ਪਹਿਲਾਂ ਅਜਿਹਾ ਇੰਜਣ ਜਿਸ ਉੱਤੇ ਕਾਰਨੋ ਨੇ ਵਿਚਾਰ ਕੀਤਾ ਸੀ ਉਹ ਐਮ. ਐਮ. ਨਾਈਪਸੇ (M.M.Niepce) ਦਾ ਲਾਈਕੋਪੋਡੀਅਮ ਇੰਜਣ ਸੀ। ਇਸ ਵਿਚ ਹਵਾ ਅਤੇ ਲਾਈਕੋਪੋਡੀਅਮ ਦੇ ਜਲਣਸ਼ੀਲ ਮਿਸ਼ਰਣ ਦਾ ਵਾਯੂਮੰਡਲੀ ਦਬਾਉ ਉੱਤੇ ਸਿਲਿੰਡਰ ਦੇ ਅੰਦਰ ਦਹਿਨ ਕਰਨ ਲਈ ਪ੍ਰਬੰਧ ਕੀਤਾ ਗਿਆ ਸੀ, ਜਿਸ ਨੇ ਅਗੋਂ ਪਿਸਟਨ ਉੱਤੇ ਕਾਰਜ ਕੀਤਾ। ਈ. ਲੈਨਵਾਰ (1860), ਐਨ. ਆੱਟੋ ਅਤੇ ਈ. ਲਾਂਜੈੱਨ (1867) ਦੇ ਮੁੱਢਲੇ ਗੈਸ ਇੰਜਣ ਵੀ ਇਸ ਸਿੱਧਾਂਤ ਉੱਤੇ ਕੰਮ ਕਰਦੇ ਸਨ ਜਿਨ੍ਹਾਂ ਵਿਚ ਲਾਈਕੋਪੋਡੀਅਮ ਦੀ ਥਾਂ ਪ੍ਰਦੀਪਕ ਗੈਸ ਦਾ ਪ੍ਰਯੋਗ ਕੀਤਾ ਗਿਆ ਸੀ। ਇਨ੍ਹਾਂ ਪ੍ਰਸਥਿਤੀਆਂ ਦੌਰਾਨ ਸਥਿਰ ਆਇਤਨ ਉੱਤੇ ਚਲਣਕਿਰਿਆ ਪ੍ਰਯੋਗਿਕ ਤੌਰ ਤੇ ਪ੍ਰਭਾਵਸ਼ਾਲੀ ਹੈ ਅਤੇ ਸਿੱਧਾਂਤਕ ਤੌਰ ਤੇ ਪ੍ਰਾਪਤ ਉੱਚਤਮ ਸੁਯੋਗਤਾ l-loger / (r-l) ਹੈ। ਜਿੱਥੇ r ਉੱਚਤਮ ਤਾਪਮਾਨ T ਤੇ ਆਰੰਭਿਕ ਤਾਪਮਾਨ T ਵਿਚਲਾ ਅਨੁਪਾਤ ਹੈ। ਇਸ ਸੁਯੋਗਤਾ ਨੂੰ ਹਾਸਲ ਕਰਨ ਲਈ ਕਾਰਨੋ ਦੇ ਸਿੱਧਾਂਤ ਦਾ ਅਪਨਾਉਣਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਦਹਿਨ ਉਪਰੰਤ ਬਿਨਾਂ ਤਾਪ ਦੇ ਵਾਧੇ ਜਾਂ ਘਾਟੇ ਤੋਂ ਗੈਸ ਨੂੰ ਪਸਾਰਨਾ ਤੇ ਫਿਰ T ਤਾਪਮਾਨ ਉੱਤੇ ਆਰੰਭਿਕ ਆਇਤਨ ਤੱਕ ਨਪੀੜਨਾ ਹੁੰਦਾ ਹੈ। ਜੇਕਰ ਜਲਣ ਕਿਰਿਆ ਦੌਰਾਨ ਤਾਪਮਾਨ ਵਧਕੇ 2300° ਸੈਂ. ਹੋ ਜਾਵੇ ਜਦੋਂ ਕਿ ਆਰੰਭਿਕ ਤਾਪਮਾਨ 0° ਸੈਂ. ਜਾਂ 273° ਕੈਲਵਿਨ ਹੋਵੇ ਤਾਂ ਸਿੱਧਾਂਤਕ ਸੁਯੋਗਤਾ 73.3% ਹੋਵੇਗੀ ਜਿਹੜੀ ਕਿ ਬਾਇਲਰ ਦੁਆਰਾ ਪ੍ਰਾਪਤ ਕੀਤੀ ਸੁਯੋਗਤਾ ਨਾਲੋਂ ਕਾਫ਼ੀ ਵੱਧ ਹੈ। ਬਰਾਬਰ ਦੀ ਸੁਯੋਗਤਾ ਹਾਸਲ ਕਰਨ ਲਈ ਇਹ ਜ਼ਰੂਰੀ ਹੈ ਕਿ ਮਿਸ਼ਰਣ ਨੂੰ ਆਰੰਭਿਕ ਆਇਤਨ ਨਾਲੋਂ ਲਗਭਗ 270 ਗੁਣਾ ਆਇਤਨ ਤੱਕ ਪਸਾਰਿਤ ਕੀਤਾ ਜਾਵੇ ਜਿਹੜਾ ਕਿ ਸੰਭਵ ਨਹੀਂ ਹੈ।

ਅਧੂਰੇ ਪਸਾਰ ਅਤੇ ਤੇਜ਼ੀ ਨਾਲ ਠੰਢਾ ਹੋਣ ਕਾਰਨ ਲਨਵਾਰ ਇੰਜਣ ਦੀ ਸੁਯੋਗਤਾ 5% ਨਾਲੋਂ ਘੱਟ ਰਹਿੰਦੀ ਹੈ ਜਦੋਂ ਆੱਟੋ ਅਤੇ ਲਾਂਜੈੱਨ ਇੰਜਣ ਵਿਚ ਤੇਜ਼ ਪਸਾਰ ਕਾਰਨ ਇਹੋ ਸੁਯੋਗਤਾ 10% ਦੇ ਲਗਭਗ ਹੁੰਦੀ ਹੈ।

ਕਾਰਨੋ ਨੇ ਇਸ ਗੱਲ ਦਾ ਅਨੁਮਾਨ ਲਗਾਇਆ ਕਿ ਇਸ ਕਿਸਮ ਦੇ ਇੰਜਣ ਨੂੰ ਪ੍ਰਯੋਗਿਕ ਤੌਰ ਤੇ ਸੁਯੋਗਤਾਮਈ ਬਣਾੳਣ ਲਈ ਮਿਸ਼ਰਣ ਦਾ ਦਹਿਨ ਤੋਂ ਪਹਿਲਾਂ ਨਪੀੜਿਆ  ਜਾਣਾ ਜ਼ਰੂਰੀ ਹੈ। ਨਪੀੜਨਾ ਤਿੰਨ ਤਰ੍ਹਾਂ ਨਾਲ ਲਾਹੇਵੰਦ ਹੈ: (1) ਨਪੀੜਨ ਨਾਲ ਦਹਿਨ ਤੋਂ ਬਾਅਦ ਪਸਾਰ ਨੂੰ ਕਿਸੇ ਵੀ ਸੀਮਾ ਜਾਂ ਰੇਂਜ ਤੱਕ ਵਧਾਇਆ ਜਾ ਸਕਦਾ ਹੈ, (2) ਨਪੀੜਨ ਔਸਤਨ ਪ੍ਰਭਾਵਸ਼ਾਲੀ ਦਬਾਉ ਨੂੰ ਉਚੇਰਾ ਕਰਦਾ ਹੈ, ਜਿਸ ਨਾਲ ਯੰਤਰਿਕ ਸੁਯੋਗਤਾ ਵਿਚ ਵਾਧਾ ਹੁੰਦਾ ਹੈ ਅਤੇ ਆਕਾਰ ਤੇ ਭਾਰ ਦੇ ਅਨੁਮਾਨ ਅਨੁਸਾਰ ਊਰਜਾ ਵਿਚ ਵਾਧਾ ਹੁੰਦਾ ਹੈ ; (3) ਨਪੀੜਨ ਗਰਮ ਗੈਸ ਦੇ ਸੰਪਰਕ ਵਿਚ ਆਉਣ ਵਾਲੇ ਖੇਤਰਫਲ ਨੂੰ ਘਟਾਉਂਦਾ ਹੈ ਜਿਸ ਕਾਰਨ ਦਹਿਨ ਦੇ ਦੌਰਾਨ ਤਾਪ ਬੇਕਾਰ ਹੋਣ ਦੀ ਮਿਕਦਾਰ ਘੱਟ ਜਾਂਦੀ ਹੈ। ਆਧੁਨਿਕ ਗੈਸ ਜਾਂ ਗੈਸੋਲੀਨ (ਪੈਟੋਰਲ) ਮੋਟਰ ਵਿਚ ਵੀ ਨਪੀੜਨ ਦਾ ਪ੍ਰਯੋਗ ਉਸੇ ਤਰ੍ਹਾਂ ਨਾਲ ਕੀਤਾ ਜਾਂਦਾ ਹੈ ਜਿਵੇਂ ਕਾਰਨੋ ਚੱਕਰ ਵਿਚ ਪਰੰਤੂ ਪ੍ਰਾਪਤੀਯੋਗ ਸੁਯੋਗਤਾ ਕੇਵਲ ਤਾਪਮਾਨ ਦਾ ਧਿਆਨ ਰੱਖਣ ਨਾਲ ਹੀ ਹਾਸਲ ਨਹੀਂ ਹੋ ਸਕਦੀ ਜਿਹਾ ਕਿ ਆਇਤਨ ਦੇ ਸੀਮਤ ਹੋਣ ਨਾਲ ਹੋ ਸਕਦਾ ਹੈ। ਸਥਿਰ ਆਇਤਨ ਉੱਤੇ ਚਲਣ ਕਿਰਿਆ ਤੋਂ ਪੂਰਵ ਸੰਘਣੇ ਮਿਸ਼ਰਣ ਨੂੰ ਲਗਭਗ ਆਰੰਭਿਕ ਆਇਤਲ ਦੇ 1/5 ਹਿੱਸੇ ਤੱਕ ਨਪੀੜਨਾ ਪ੍ਰਯੋਗਿਕ ਤੌਰ ਤੇ ਅਸੰਭਵ ਹੈ ਅਤੇ ਯੰਤਰਿਕ ਧਾਰਣ-ਸਮਰੱਥਾ (capacitance) ਲਈ ਪਸਾਰ ਦੀ ਸੀਮਾ ਨੂੰ ਨਪੀੜਨਯੋਗਤਾ (compressibility) ਦੇ ਲਿਹਾਜ ਨਾਲ ਰੱਖਿਆ ਜਾਂਦਾ ਹੈ।

ਆਟੋ ਚੱਕਰ ਦਾ ਉਪਯੋਗ 1862 ਈ. ਵਿਚ ਅਲਫਾਂਸੇ ਬਿਯੂ ਡੀ ਰੋਚਸ (Alphonse Beau De Rochas) ਨੇ ਕੀਤਾ ਸੀ ਜਦੋਂ 1876 ਈ. ਵਿਚ ਪਹਿਲਾਂ ਆਟੋ ਦੁਆਰਾ ਸਫ਼ਲਤਾ ਪੂਰਵਕ ਇਹ ਚੱਕਰ ਵਰਤਿਆ ਜਾ ਚੁੱਕਾ ਸੀ। ਇਹ ਕਾਰਨੋ ਚੱਕਰ ਨਾਲੋਂ ਇਸ ਗੱਲੋਂ ਵੱਖਰਾ ਹੈ ਕਿ ਇਸ ਵਿਚ ਤਾਪ ਨੂੰ ਸਥਿਰ ਆਇਤਨ ਉੱਤੇ ਦਾਖ਼ਲ ਅਤੇ ਖ਼ਾਰਜ ਕੀਤਾ ਜਾਂਦਾ ਹੈ ਜਦੋਂ ਕਿ ਕਾਰਨੋ ਚੱਕਰ ਵਿਚ ਅਜਿਹਾ ਸਥਿਰ ਤਾਪਮਾਨ ਉੱਤੇ ਕੀਤਾ ਜਾਂਦਾ ਹੈ। ਦਿੱਤੀਆਂ ਗਈਆਂ ਤਾਪਮਾਨੀ ਸੀਮਾਵਾਂ ਉੱਤੇ ਇਹ ਚੱਕਰ ਕਾਰਨੋ ਚੱਕਰ ਜਿੰਨਾ ਸੁਯੋਗਤਾਪੂਰਨ ਨਹੀਂ ਹੈ ਪਰੰਤੂ ਆਇਤਨੀ ਸੀਮਾਵਾਂ ਉੱਤੇ ਇਹ ਕਾਰਨੋ ਚੱਕਰ ਨਾਲੋਂ ਵਧੇਰੇ ਸੁਯੋਗਤਾ ਦਿੰਦਾ ਹੈ। ਸੁਯੋਗਤਾ ਕੇਵਲ ਪਸਾਰ ਤੇ ਨਪੀੜਨ ਦੇ ਤਾਪਮਾਨ ਦੀ ਰੇਂਜ ਉੱਤੇ ਨਿਰਭਰ ਕਰਦੀ ਹੈ ਜਿਸ ਨੂੰ ਨਿਮਨ ਲਿਖਤ ਸੂਤਰ ਅਨੁਸਾਰ ਦਰਸਾਇਆ ਜਾਂਦਾ ਹੈ :–

T2 = ਪਸਾਰ ਦੇ ਅਖ਼ੀਰ ਵਿਚ ਉਤਲਾ ਤਾਪਮਾਨ । ਇਹ ਸੂਤਰ ਉਸੇ ਤਾਪਮਾਨ ਉਤਲੇ ਪਸਾਰ ਦੀ ਸੀਮਾ ਲਈ ਕਾਰਨੋ ਚੱਕਰ ਦੌਰਾਨ ਵੀ ਸਹੀ ਹੈ। T1/T2 ਦਾ ਅਨੁਪਾਤ rr-1 ਹੈ ਜਿੱਥੇ r ਪਸਾਰ ਤੇ ਨਪੀੜਨ ਦਾ ਅਨੁਪਾਤ ਹੈ ਅਤੇ  r ਕਾਰਜਕਾਰੀ ਦ੍ਰਵ ਦੇ ਵਿਸ਼ਿਸ਼ਟ ਤਾਪਾਂ ਵਿਚਲਾ ਅਨੁਪਾਤ ਹੈ। ਜੇਕਰ ਕਾਰਜਕਾਰੀ ਦ੍ਰਵ ਨੂੰ ਇਕ ਆਦਰਸ਼ ਗੈਸ ਮੰਨਿਆ ਗਿਆ ਹੋਵੇ ਜਿਸ ਦੇ ਲੱਛਣ ਹਵਾ ਵਾਲੇ ਹੋਣ ਤਾਂ r =1.41 ਹੁਣ  r =5 ਰੱਖਣ ਨਾਲ ਸੁਯੋਗਤਾ 48% ਹੁੰਦੀ ਹੈ ਜਿਹੜੀ ਕਿ ਪ੍ਰਾਪਤ ਕੀਤੀ ਜਾ ਸਕਣ ਵਾਲੀ ਕੋਈ ਉੱਚਤਮ ਸੁਯੋਗਤਾ ਹੈ। ਜਲਣਕਿਰਿਆ ਦੇ ਅਸਲ ਹਿੱਸੇ ਵਰਤੇ ਜਾ ਰਹੇ ਕਾਰਜਕਾਰੀ ਦ੍ਰਵ ਦੀ ਪ੍ਰਕਿਰਤੀ ਅਨੁਸਾਰ ਬਦਲਦੇ ਰਹਿੰਦੇ ਹਨ ਪਰੰਤੂ ਸੁਯੋਗਤਾ ਨਪੀੜਨਤਾ ਅਨੁਸਾਰ ਤਬਦੀਲ ਹੁੰਦੀ ਹੈ। ਠੀਕ ਉਸੇ ਢੰਗ ਨਾਲ ਜਿਵੇਂ ਕਿ ਹਵਾ ਦੇ ਸਬੰਧ ਵਿਚ ਹੁੰਦਾ ਹੈ। ਸਿਵਲ ਇੰਜੀਨੀਅਰਾਂ ਦੀ ਸੰਸਥਾ ਦੀ ਕਮੇਟੀ ਨੇ 1905 ਈ. ਵਿਚ ਹਵਾ ਨੂੰ ਮਿਆਰ ਮੰਨਣ ਦੀ ਸਿਫ਼ਾਰਸ਼ ਕੀਤੀ ਸੀ ਤਾਂ ਜੋ ਨਪੀੜਨ ਅਨੁਪਾਤ ਵਿਚ ਹੋਣ ਵਾਲੀ ਤਬਦੀਲੀ ਦੇ ਪ੍ਰਭਾਵਾਂ ਦਾ ਅਨੁਮਾਨ ਲਗ ਸਕੇ ਅਤੇ ਅੰਤਰ-ਦਹਿਨ ਇੰਜਨ ਦੀ ਸਾਪੇਖੀ (relative) ਸੁਯੋਗਤਾ ਨੂੰ ਪਰਿਭਾਸ਼ਿਤ ਕੀਤਾ ਜਾ ਸਕੇ ਜਿਹੜੀ ਕਿ ਆਦਰਸ਼ ਹਵਾ ਇੰਜਣ ਦੀ ਸੁਯੋਗਤਾ ਅਤੇ ਉਸੇ ਨਪੀੜਨ ਉੱਤੇ ਨਿਰਪੇਖ (Absolute) ਸੁਯੋਗਤਾ ਵਿਚਲਾ ਅਨੁਪਾਤ ਹੁੰਦੀ ਹੈ।

ਵਿਘਟਨ ਦੇ ਪ੍ਰਭਾਵ ਅਤੇ ਵਿਸ਼ਿਸ਼ਟ ਤਾਪ ਵਿਚ ਵਾਧਾ– ਤਾਪ ਦੇ ਪ੍ਰਮੁੱਖ ਪ੍ਰਭਾਵਾਂ ਵਿਚ ਸਭ ਤੋਂ ਮਹੱਤਵਪੂਰਨ ਪ੍ਰਭਾਵ ਯੋਗਿਕ ਅਣੂਆਂ ਦਾ ਅਪਘਟਿਤ ਜਾਂ ਵਿਘਟਿਤ ਹੋਣਾ ਹੈ। ਇਹ ਸਿੱਧ ਹੋ ਚੁੱਕਾ ਹੈ ਕਿ ਯੋਗਿਕ ਕਾਰਬਨ ਡਾਈਆੱਕਸਾਈਡ (CO2) ਉੱਚ ਤਾਪਮਾਨ ਉੱਤੇ ਅੱਧ ਪੱਚਦੀ ਕਾਰਬਨ ਮੋਨੋਆੱਕਸਾਈਡ ਅਤੇ ਆੱਕਸੀਜਨ ਵਿਚ ਵਿਘਟਿਤ ਹੋ ਜਾਂਦੀ ਹੈ ਅਤੇ ਵਿਘਟਨ ਦਾ ਅਨੁਪਾਤ ਤਾਪਮਾਨ ਦੇ ਵਾਧੇ ਨਾਲ ਵਧਦਾ ਹੈ।

ਇਸ ਸਿੱਧਾਂਤ ਅਤੇ ਦ੍ਰਵ ਦੇ ਵਾਸ਼ਪੀਕਰਨ ਵਿਚ ਬਹੁਤ ਸਮਾਨਤਾ ਹੈ। ਜਿਹੜੇ ਨਿਯਮਾਂ ਅਨੁਸਾਰ ਵਿਘਟਨ ਹੁੰਦਾ ਹੈ, ਉਹ ਤਾਪਗਤੀ-ਵਿਗਿਆਨ (Thermodynamics) ਦੇ ਨਿਯਮ ਹੀ ਹਨ ਪਰੰਤੂ ਵੱਖੋ ਵੱਖਰੀ ਕਿਸਮ ਦੇ ਅਣੂਆਂ ਦੀ ਮੌਜੂਦਗੀ ਕਾਰਨ ਇਨ੍ਹਾਂ ਦੇ ਸੂਤਰ ਵਧੇਰੇ ਪੇਚੀਦਾ ਤੇ ਸੰਗੀਨ ਬਣ ਜਾਂਦੇ ਹਨ ਅਤੇ ਇਨ੍ਹਾਂ ਨੂੰ ਹੱਲ ਕਰਨ ਲਈ ਖ਼ਾਸ ਪ੍ਰਕਾਰ ਦੀਆਂ ਔਕੜਾਂ ਆਉਂਦੀਆਂ ਹਨ ਵਿਸ਼ੇਸ਼ ਕਰਕੇ ਜਦੋਂ ਵਿਘਟਨ ਉੱਚ ਤਾਪਮਾਨ ਉੱਤੇ ਵੀ ਹੋਣਾ ਆਰੰਭ ਨਹੀਂ ਹੁੰਦਾ।

ਕਾਰਨੋ ਸਿੱਧਾਂਤ ਦੀ ਸਹਾਇਤਾ ਨਾਲ ਸੀਮਤ ਸੰਭਾਵਿਤ ਸੁਯੋਗਤਾ ਹਰ ਇਕ ਹਾਲਤ ਵਿਚ ਲੱਭਣੀ ਸੰਭਵ ਹੈ ਜਿਹੜੀ ਕਿ ਘਾਟਿਆਂ ਨੂੰ ਭੁੱਲ ਕੇ ਕਾਰਨੋ ਚੱਕਰ ਦੀ ਸਹਾਇਤਾ ਨਾਲ ਜਾਣੀ ਜਾ ਸਕਦੀ ਹੈ। ਕਾਰਨੋ ਅਨੁਸਾਰ ਈਂਧਨ ਦੀ ਬਚਤ ਕਰਨਾ ਤਾਪ ਇੰਜਣ ਲਈ ਵਿਚਾਰੇ ਜਾਣ ਵਾਲੇ ਮੁੱਖ ਪੱਖਾਂ ਵਿਚੋਂ ਕੇਵਲ ਇਕ ਪੱਖ ਹੈ ਅਤੇ ਕਈ ਵਾਰੀ ਇਸ ਦੀ ਥਾਂ ਹੋਰ ਪੱਖਾਂ ਨੂੰ ਪਹਿਲ ਦੇਣੀ ਜ਼ਰੂਰੀ ਹੋ ਜਾਂਦੀ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3918, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-10-03-37-03, ਹਵਾਲੇ/ਟਿੱਪਣੀਆਂ: ਹ. ਪੁ. –ਐਨ. ਬ੍ਰਿ. 11:229; ਨਿਊ. ਯੂ. ਐਨ. 8 : 4136

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.