ਤਾਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਰਾ (ਨਾਂ,ਪੁ) ਅਕਾਸ਼ ਵਿੱਚ ਚਮਕਣ ਵਾਲਾ ਨਛੱਤਰ; ਸਿਤਾਰਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6739, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤਾਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਰਾ [ਨਾਂਪੁ] ਅਕਾਸ਼ ਵਿੱਚ ਚਮਕਣ ਵਾਲ਼ਾ ਸਿਤਾਰਾ, ਨਛੱਤਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6732, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤਾਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਰਾ. ਸੰ. ਸੰਗ੍ਯਾ—ਨ੖ਤ੍ਰ. ਸਿਤਾਰਾ. “ਜਿਮਿ ਤਾਰਾ ਗਣ ਮੇ ਸਸਿ ਰਾਜੈ.” (ਗੁਪ੍ਰਸੂ) ੨ ਵ੍ਰਿਹਸਪਤਿ ਦੀ ਇਸਤ੍ਰੀ , ਜਿਸ ਨੂੰ ਚੰਦ੍ਰਮਾ ਖੋਹ ਕੇ ਲੈ ਗਿਆ ਸੀ ਅਤੇ ਉਸ ਵਿੱਚੋਂ ਬੁਧ ਪੁਤ੍ਰ ਪੈਦਾ ਕੀਤਾ। ੨ ਬਾਲੀ ਦੀ ਇਸਤ੍ਰੀ ਜੋ ਸੁਖੇਣ (ਸੁ੄੥ਣ) ਦੀ ਪੁਤ੍ਰੀ ਸੀ. ਇਸ ਦਾ ਪੁਨਰਵਿਵਾਹ ਸੁਗ੍ਰੀਵ ਨਾਲ ਹੋਇਆ। ੪ ਜਿੰਦਾ (ਜੰਦ੍ਰਾ). ਦੇਖੋ, ਤਾਲਾ. “ਤਾਰਾ ਰਿਦੈ ਉਪਦੇਸ਼ ਦੈ ਖੋਲਤ.” (ਗੁਪ੍ਰਸੂ) ੫ ਸਿੱਖ ਇਤਿਹਾਸ ਵਿੱਚ ਔਰੰਗਜ਼ੇਬ ਦੇ ਪੁਤ੍ਰ ਅ਼ਾ੓ਮਸ਼ਾਹ ਦਾ ਨਾਮ ਤਾਰਾ ਅਤੇ ਤਾਰਾਆਜਮ ਆਇਆ ਹੈ। ੬ ਤਾਰਨ ਵਾਲਾ. ਤਾਰਕ. ਮਲਾਹ. “ਹਰਿ ਆਪੇ ਬੇੜੀ ਤੁਲਹਾ ਤਾਰਾ.” (ਗਉ ਮ: ੪) ੭ ਉਤਾਰਾ (ਉਤਾਰਿਆ) ਦਾ ਸੰਖੇਪ. “ਗੁਰਮੁਖਿ ਭਾਰ ਅਥਰਬਣ ਤਾਰਾ.” (ਭਾਗੁ) ੮ ਤਾਰਿਆ. ਪਾਰ ਕੀਤਾ. “ਤਾਰਾ ਭਵੋਦਧਿ ਤੇਜਨ ਕੋ ਗਨ.” (ਗੁਪ੍ਰਸੂ) ੯ ਅੱਖ ਦੀ ਪੁਤਲੀ. ਧੀਰੀ. “ਤਾਰਾ ਵਿਲੋਚਨ ਸੋਚਨ ਮੋਚਨ.” (ਗੁਪ੍ਰਸੂ) “ਮੇਚਕ ਤਾਰੇ ਬਰ ਮਧੁਕਰ ਸੇ.” (ਨਾਪ੍ਰ) ਅੱਖ ਦੇ ਕਾਲੇ ਤਾਰੇ ਭੌਰ ਜੇਹੇ। ੧੦ ਸਿਤਾਰੇ ਦੀ ਸ਼ਕਲ ਦਾ ਇਸਤ੍ਰੀਆਂ ਦਾ ਇੱਕ ਭੂਖਣ । ੧੧ ਭਾਈ ਬਹਿਲੋ ਕੇ ਗੁਰਦਾਸ ਦਾ ਛੋਟਾ ਭਾਈ, ਜੋ ਧਨੁਖਵਿਦ੍ਯਾ ਵਿੱਚ ਵਡਾ ਨਿਪੁਣ ਸੀ. ਇਹ ਰਾਮਰਾਇ ਦੀ ਸੇਵਾ ਵਿੱਚ ਰਿਹਾ ਕਰਦਾ ਸੀ. “ਭਾਈ ਬਹਿਲੋ ਕੇ ਗੁਰੁਦਾਸ। ਅਰੁ ਦੂਸਰ ਤਾਰਾ ਪਿਖ ਪਾਸ.” (ਗੁਪ੍ਰਸੂ) ਦੇਖੋ, ਤਾਰਾ ਸ਼ਬਦ ਦੇ

ਉਦਾਹਰਣ—

ਤਾਰਾ ਬਿਲੋਚਨ ਸੋਚਨ ਮੋਚਨ

ਦੇਖ ਬਿਸੇਖ ਬਿ੄੶ ਬਿ੄ ਤਾਰਾ,

ਤਾਰਾ ਭਵੋਦਧਿ ਤੇ ਜਨ ਕੋ ਗਨ

ਕੀਰਤਿ ਸੇਤ ਕਰੀ ਬਿਸਤਾਰਾ,

ਤਾਰਾ ਮਲੇਛਨ ਕੇ ਮਤ ਕੋ ਉਦਤੇ

ਦਿਨਨਾਥ ਜਥਾ ਨਿਸਿ ਤਾਰਾ,

ਤਾਰਾ ਰਿਦੈ ਉਪਦੇਸ਼ ਦੈ ਖੋਲਤ

ਸ੍ਰੀ ਹਰਿਰਾਇ ਕਰੇ ਨਿਸਤਾਰਾ.

                                                                                                                             (ਗੁਪ੍ਰਸੂ)

          ੧੨ ਦੇਖੋ, ਯੋਗਿਨੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6547, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਾਰਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਤਾਰਾ (ਸੰ.। ਸੰਸਕ੍ਰਿਤ) ਰਾਤ ਸਮੇਂ ਅਸਮਾਨ ਤੇ ਚਮਕਦੇ ਦਿੱਸਣ ਵਾਲੇ ਰੂਪ , ਸਤਾਰਾ। ਯਥਾ-‘ਤਾਰਾ ਚੜਿਆ ਲੰਮਾ ’। ਭਾਵ ਵਿਆਪਕ ਸਰੂਪ ਪਰਮੇਸ਼ਰ ਸਾਰੇ ਪ੍ਰਕਾਸ਼ ਕਰ ਰਿਹਾ ਹੈ।

੨. (ਕ੍ਰਿ.। ਦੇਸ਼ ਭਾਸ਼ਾ) ਤਾਰਿਆ, ਪਾਰ ਕੀਤਾ।

੩. (ਸੰ.। ਸੰਸਕ੍ਰਿਤ ਤਰਿ:) ਜਹਾਜ। ਯਥਾ-‘ਆਪੇ ਬੇੜੀ ਤੁਲਹਾ ਤਾਰਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6524, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਤਾਰਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਤਾਰਾ : ਇਹ ਸਵੈਪ੍ਰਕਾਸ਼ਿਤ (Self-luminous) ਅਤੇ ਗਰਮ ਗੈਸ ਦੀ ਦ੍ਰਵਮਾਤਰਾ ਨਾਲ ਭਰਪੂਰ ਵਿਸ਼ਾਲ, ਖਗੋਲੀ ਪਿੰਡ ਹੈ। ਇਸ ਦਾ ਨਿੱਜੀ ਗੁਰੂਤਾਕਰਸ਼ਣ ਇਸ ਦੇ ਦ੍ਰਵ ਨੂੰ ਸੰਗਠਤ ਰੱਖਦਾ ਹੈ।

ਚਮਕਦੇ ਤਾਰਿਆਂ ਦੇ ਸਮੂਹ ਜਿਨ੍ਹਾਂ ਨੂੰ ਤਾਰਾਮੰਡਲ ਕਹਿੰਦੇ ਹਨ, ਆਕਾਸ਼ ਨੂੰ ਵੱਖ ਵੱਖ ਭਾਗਾਂ ਵਿਚ ਵੰਡਦੇ ਹਨ। ਪੂਰੇ ਆਕਾਸ਼ ਨੂੰ 88 ਤਾਰਾ ਮੰਡਲਾਂ ਵਿਚ ਵੰਡਕੇ ਇਨ੍ਹਾਂ ਤਾਰਾ ਮੰਡਲਾਂ ਦੇ ਨਾਂ ਰਖੇ ਗਏ ਹਨ। ਰਾਸ਼ੀ ਚੱਕਰ ਅਨੁਸਾਰ ਮੇਖ, ਬ੍ਰਿਖ ਆਦਿ ਨਾਂ ਪ੍ਰਚਲਿਤ ਹਨ। ਮੇਖ ਰਾਸ਼ੀ ਦੇ ਸਭ ਤੋਂ ਚਮਕੀਲੇ ਤਾਰੇ ਦਾ ਨਾਂ ਐਲਫਾ-ਏਰੀਜ਼ ਰੱਖਿਆ ਗਿਆ ਹੈ। ਕੁਝ ਤਾਰੇ ਅਤਿ ਪ੍ਰਕਾਸ਼ਿਤ ਹੋਣ ਦੇ ਕਾਰਨ ਪ੍ਰਸਿੱਧ ਹਨ ਅਤੇ ਤਾਰਾਮੰਡਲਾਂ ਦੇ ਹਵਾਲੇ ਤੋਂ ਬਿਨਾ ਵੀ ਜਾਣੇ ਜਾ ਸਕਦੇ ਹਨ, ਜਿਵੇਂ ਲੁਬਧਕ (Siriuls), ਰੈਗੂਲਸ (Regulus), ਚਿਤਰਾ (Spica) ਆਦਿ।

ਤਾਰਾ-ਦੀਪਤੀਆਂ – ਨੰਗੀ ਅੱਖ ਨਾਲ ਦੇਖਣ ਤੇ ਕੁਝ ਤਾਰੇ ਜ਼ਿਆਦਾ ਚਮਕੀਲੇ ਅਤੇ ਕੁਝ ਘੱਟ ਚਮਕੀਲੇ ਦਿਖਾਈ ਦਿੰਦੇ ਹਨ। ਇਨ੍ਹਾਂ ਦੀ ਜੋਤੀ ਦੇ ਘੱਟ ਵੱਧ ਹੋਣ ਅਨੁਸਾਰ ਅਸੀਂ ਤਾਰਿਆਂ ਨੂੰ ਕਈ ਦੀਪਤੀਆਂ ਵਿਚ ਸ਼੍ਰੇਣੀ ਵੰਡ ਕਰ ਲੈਂਦੇ ਹਾਂ। ਕਿਸੇ ਦੀਪਤੀ ਦੇ ਤਾਰੇ ਦੇ ਮੁਕਾਬਲੇ ਉਸਦੇ ਪੂਰਵ ਵਰਤੀ ਦੀਪਤੀ ਵਾਲੇ ਤਾਰੇ ਦੀ ਚਮਕ 2.512 ਗੁਣਾ ਜ਼ਿਆਦਾ ਹੁੰਦੀ ਹੈ। ਇਸ ਦ੍ਰਿਸ਼ ਦੀਪਤੀ ਤੇ ਮਾਪ ਵਿਚ ਸੂਰਜ ਦੀ ਦੀਪਤੀ-26.72, ਚੰਦਰਮਾ ਦੀ - 12.5 ਅਤੇ ਲੁਬਧਕ ਤਾਰੇ ਦੀ ਦੀਪਤੀ -1.5 ਹੈ। ਨੰਗੀ ਅੱਖ ਨਾਲ ਅਸੀਂ ਛੇਵੀਂ ਦੀਪਤੀ ਤਕ ਦੇ ਤਾਰੇ ਦੇਖ ਸਕਦੇ ਹਾਂ ਅਤੇ ਮਾਊਂਟ ਪਾਲੋਮਾਰ ਪ੍ਰੇਖਣਸ਼ਾਲਾ ਦੀ 100 ਇੰਚ ਵਿਆਸ ਦੀ ਪਰਾਵਰਤੀ ਦੂਰਬੀਨ (ਵਰਤਮਾਨ ਕਾਲ ਦੀ ਸਭ ਤੋਂ ਵਿਸ਼ਾਲ) ਨਾਲ ਅਸੀਂ 23 ਦੀਪਤੀ ਤੱਕ ਦੇ ਤਾਰੇ ਦੇਖ ਸਕਦੇ ਹਾਂ।

ਦੀਪਤੀ ਦਾ ਮਾਪਨ – ਦੀਪਤੀ ਮਾਪਨ ਦਾ ਅਰਥ ਹੈ ਤਾਰੇ ਦੇ ਪ੍ਰਕਾਸ਼ ਦੀ ਤੀਬਰਤਾ ਦਾ ਮਾਪਨਾ। ਪਹਿਲਾਂ ਇਹ ਕੰਮ ਵਿਸ਼ੇਸ਼ ਪ੍ਰਕਾਰ ਦੇ ਫ਼ੋਟੋਮੀਟਰਾਂ ਦੀ ਸਹਾਇਤਾ ਨਾਲ ਅੱਖਾਂ ਰਾਹੀਂ ਕੀਤਾ ਜਾਂਦਾ ਸੀ ਅਤੇ ਹੁਣ ਇਹ ਕੰਮ ਫ਼ੋਟੋਗ੍ਰਾਫ਼ੀ ਦੀ ਸਹਾਇਤਾ ਨਾਲ ਕੀਤਾ ਜਾਣ ਲਗਾ ਹੈ। ਦ੍ਰਿਸ਼ਟੀ ਦੀਪਤੀਆਂ ਪੀਲੇ ਅਤੇ ਹਰੇ ਰੰਗ, ਫ਼ੋਟੋਗ੍ਰਾਫ਼ੀ ਦੀਪਤੀਆਂ ਨੀਲੇ ਰੰਗ ਦੇ ਪ੍ਰਕਾਸ਼ ਦੇ ਮਾਪਕ ਹਨ। ਪਰ ਤਾਰੇ ਕਈ ਰੰਗਾਂ ਦਾ ਪ੍ਰਕਾਸ਼ ਛੱਡਦੇ ਹਨ, ਇਸ ਲਈ ਤਾਰਿਆਂ ਦੀਆਂ ਦੀਪਤੀਆਂ ਪਤਾ ਕਰਨ ਲਈ ਵਿਭਿੰਨ ਰੰਗਾਂ ਦੀਆਂ ਸੰਵੇਦਨਸ਼ੀਲ ਪਲੇਟਾਂ ਦੁਆਰਾ ਅਤੇ ਵਰਣਸ਼ੋਧਕਾਂ (filters) ਦੇ ਉਪਯੋਗ ਨਾਲ ਉਨ੍ਹਾਂ ਦੇ ਪ੍ਰਕਾਸ਼ ਦੀ ਤੀਬਰਤਾ ਮਾਪੀ ਜਾਂਦੀ ਹੈ। ਫ਼ੋਟੋਗ੍ਰਾਫ਼ੀ (ਨੀਲੇ) ਅਤੇ ਦ੍ਰਿਸ਼ਟੀ (ਪੀਲੇ) ਦੀਪਤੀਆਂ ਦੇ ਅੰਤਰ ਨੂੰ ਵਰਣ-ਸੂਚਕ (colour index) ਕਹਿੰਦੇ ਹਨ। ਇਸ ਨਾਲ ਤਾਰਿਆਂ ਦਾ ਤਾਪ ਮਾਪਿਆ ਜਾਂਦਾ ਹੈ। ਦੀਪਤੀ ਪਤਾ ਕਰਨ ਦੀ ਆਧੁਨਿਕ ਵਿਧੀ ਪ੍ਰਕਾਸ਼ ਬਿਜਲੱਈ ਫ਼ੋਟੋਮੀਟਰੀ ਹੈ। ਦੀਪਤੀਆਂ ਦੇ ਸਹੀ ਗਿਆਨ ਨਾਲ ਤਾਰਿਆਂ ਦੀਆਂ ਦੂਰੀਆਂ ਅਤੇ ਬਹੁਤ ਸਾਰੇ ਭੌਤਿਕ ਪਦਾਰਥਾਂ ਨੂੰ ਜਾਣਨ ਵਿਚ ਸਹਾਇਤਾ ਮਿਲਦੀ ਹੈ।

ਨਿਰਪੇਖ ਦੀਪਤ (Absolute magnitude) – ਬਹੁਤ ਸਾਰੇ ਤਾਰਿਆਂ ਦਾ ਆਪਣਾ ਪ੍ਰਕਾਸ਼ ਬਹੁਤ ਜ਼ਿਆਦਾ ਹੁੰਦਾ ਹੈ ਪਰ ਬਹੁਤ ਜ਼ਿਆਦਾ ਦੂਰੀ ਉਪਰ ਹੋਣ ਕਰਕੇ ਉਨ੍ਹਾਂ ਦੀ ਦ੍ਰਿਸ਼ਟੀ ਦੀਪਤ ਬਹੁਤ ਜ਼ਿਆਦਾ ਦਿੱਸਦੀ ਹੈ। ਸਾਰੇ ਤਾਰਿਆਂ ਨੂੰ ਸਮਾਨ ਦੂਰੀ ਤੇ ਮੰਨ ਕੇ ਲੱਭੀਆਂ ਦੀਪਤੀਆਂ ਨੂੰ ਨਿਰਪੇਖ ਦੀਪਤੀਆਂ ਕਿਹਾ ਜਾਂਦਾ ਹੈ। ਜੇਕਰ ਸਾਨੂੰ ਤਾਰੇ ਦੇ ਦ੍ਰਿਸ਼ਟੀ ਦੀਪਤੀ ਅਤੇ ਤਾਰੇ ਦੀ ਦੂਰੀ ਦਾ ਪਤਾ ਹੋਵੇ ਤਦ ਅਸੀਂ ਨਿਰਪੇਖ ਦੀਪਤੀ ਜਾਣ ਸਕਦੇ ਹਾਂ । ਸੂਰਜ ਦੀ ਨਿਰਪੇਖ ਦੀਪਤੀ 4.7 ਹੈ।

ਸਪੇਖੀ ਜੋਤੀ (Relative luminosity) – ਕਿਸੀ ਤਾਰੇ ਦੀ ਸੂਰਜ ਨਾਲ ਸਪੇਖੀ ਰੌਸ਼ਨੀ ਨੂੰ ਸਪੇਖੀ ਜੋਤੀ ਕਹਿੰਦੇ ਹਨ, ਜਿਸ ਨਾਲ ਤਾਰਿਆਂ ਤੋਂ ਪ੍ਰਾਪਤ ਹੋਣ ਵਾਲੀ ਊਰਜਾ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਨਾਲ ਉਸਦੀਆਂ ਭੌਤਿਕ ਸਥਿਤੀਆਂ ਦੇ ਅਧਿਐਨ ਵਿਚ ਸਹਾਇਤਾ ਮਿਲਦੀ ਹੈ।

ਤਾਰਿਆਂ ਦੀ ਸੰਖਿਆ – ਸਾਫ਼ ਆਕਾਸ਼ ਵਿਚ ਬਿਨ੍ਹਾ ਕਿਸੇ ਦ੍ਰਿਸ਼ਟੀ ਯੰਤਰ ਦੀ ਸਹਾਇਤਾ ਤੋਂ ਬਹੁਤ ਘੱਟ ਤਾਰੇ ਦਿੱਸਦੇ ਹਨ। ਇਸ ਲਈ ਦ੍ਰਿਸ਼ਟੀ ਨਾਲ ਦੇਖੇ ਜਾ ਸਕਣ ਵਾਲੇ ਤਾਰਿਆਂ ਦੀ ਗਿਣਤੀ ਲਗਭਗ 6,500 ਹੈ, ਜੋ ਪੰਜਵੀਂ ਦੀਪਤੀ ਤੱਕ ਦੇ ਤਾਰੇ ਹਨ। ਘੱਟ ਚਮਕੀਲੇ ਤਾਰਿਆਂ ਦੀ ਸੰਖਿਆ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਉਹ ਸਾਨੂੰ ਨਜ਼ਰ ਨਹੀਂ ਆਉਂਦੇ। ਆਕਾਸ਼ ਗੰਗਾ ਵਿਚ ਸਭ ਤੋਂ ਵਿਸ਼ਾਲ ਦੂਰਦਰਸ਼ੀ ਦੁਆਰਾ ਲੱਭੇ ਤਾਰਿਆਂ ਦੀ ਸੰਖਿਆ ਲਗਭਗ 1,00,00,00,00,000 ( ਇਕ ਖਰਬ) ਹੈ।

ਤਾਰਿਆਂ ਦੀ ਗਤੀਆਂ (Stellar motions) – ਤਾਰੇ ਦੀ ਵਾਸਤਵਿਕ ਗਤੀ ਅਤੇ ਦਿਸ਼ਾ ਪਤਾ ਕਰਨ ਲਈ ਅਸੀਂ ਉਸਦੀ ਗਤੀ ਨੂੰ ਦੋ ਭਾਗਾਂ ਵਿਚ ਵੰਡ ਲੈਂਦੇ ਹਾਂ। ਇਕ ਸਾਡੀ ਦ੍ਰਿਸ਼ਟੀ ਦੀ ਦਿਸ਼ਾ ਵਿਚ ਅਤੇ ਦੂਸਰੀ ਇਸ ਤੋਂ ਲੰਬ ਦਿਸ਼ਾ ਵਿਚ। ਦ੍ਰਿਸ਼ਟੀ ਸੂਤਰ ਉਪਰ ਲੰਬ ਦਿਸ਼ਾ ਦੀ ਗਤੀ ਦੇ ਕੋਣੀ ਮਾਪ ਨੂੰ ਤਾਰੇ ਦੀ ਨਿਜੀ ਗਤੀ (proper motion) ਕਹਿੰਦੇ ਹਨ। ਤਾਰਿਆਂ ਦੀਆਂ ਨਿਜੀ ਗਤੀਆਂ ਬਹੁਤ ਹੀ ਘੱਟ ਹੁੰਦੀਆਂ ਹਨ। ਇਨ੍ਹਾਂ ਦਾ ਪਤਾ ਕਰਨ ਲਈ ਬਹੁਤ ਪੁਰਾਣੇ ਤਾਰਿਆਂ ਦੇ ਫ਼ੋਟੋਗ੍ਰਾਫ਼ਾਂ ਦੀ ਤੁਲਨਾ ਕਰਨੀ ਪੈਂਦੀ ਹੈ। ਜੋ ਤਾਰੇ ਸਾਡੇ ਨੇੜੇ ਹਨ, ਉਹ ਦੂਰਵਰਤੀ ਤਾਰਿਆਂ ਦੇ ਸਪੇਖੀ ਅੱਗੇ ਪਿੱਛੇ ਹਟ ਜਾਂਦੇ ਹਨ। ਦ੍ਰਿਸ਼ਟੀ ਸੂਤਰ ਦੀ ਦਿਸ਼ਾ ਵਿਚ ਤਾਰਾ ਗਤੀ ਨੂੰ ਰੇਡੀਅਲ ਵੇਗ (Radial velocity) ਕਹਿੰਦੇ ਹਨ। ਕਿਰਨਗਤ ਵੇਗ ਜਾਣਨ ਲਈ ਅਸੀਂ ਸਪੈੱਕਟ੍ਰੋਗ੍ਰਾਫ਼ ਦੀ ਸਹਾਇਤਾ ਲੈਂਦੇ ਹਾਂ। ਸਪੈੱਕਟ੍ਰਮੀ ਰੇਖਾਵਾਂ ਦਾ ਵਿਸਥਾਪਨ (shift) ਉਸ ਦੇ ਰੇਡੀਅਲ ਵੇਗ ਦੇ ਅਨੁਕ੍ਰਮ ਅਨੁਪਾਤੀ ਹੁੰਦਾ ਹੈ। ਬਰਨਾਰਡ ਨੇ ਓਫਿਊਕਸ (ophiucus) ਤਾਰਾਮੰਡਲ ਦੇ ਇਕ ਦਸਵੀਂ ਦੀਪਤੀ ਦੇ ਤਾਰੇ ਜੋ ਸਭ ਤੋਂ ਵਿਸ਼ਾਲ ਹੈ, ਦੀ ਨਿਜੀ ਗਤੀ 10.3'' ਪ੍ਰਤਿ ਸਾਲ ਲੱਭੀ ਹੈ। ਨਿੱਜੀ ਗਤੀ ਦਾ ਗਿਆਨ ਤਾਰਾ ਪੁੰਜਾਂ ਦੇ ਅਧਿਐਨ ਵਿਚ ਸਹਾਇਕ ਹੁੰਦਾ ਹੈ ਅਤੇ ਇਸ ਤੋਂ ਇਹ ਵੀ ਜਾਣ ਜਾਂਦੇ ਹਾਂ ਕਿ ਜ਼ਿਆਦਾ ਨਿੱਜੀ ਗਤੀ ਦੇ ਤਾਰੇ ਸਾਡੇ ਨਜ਼ਦੀਕ ਹਨ।

ਤਾਰਿਆਂ ਦੀ ਦੂਰੀਆਂ – ਤਾਰਿਆਂ ਦੀਆਂ ਦੂਰੀਆਂ ਪਤਾ ਕਰਨ ਲਈ ਤਿਕੋਣ ਮਿੱਤਈ ਵਿਧੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਸਾਥੋਂ ਨੇੜੇ ਤੋਂ ਨੇੜੇ ਦਾ ਤਾਰਾ ਵੀ ਇੰਨੀ ਦੂਰੀ ਉਪਰ ਹੈ ਕਿ ਜੇਕਰ ਅਸੀਂ ਪ੍ਰਿਥਵੀ ਦੇ ਵਿਆਸ ਨੂੰ ਆਧਾਰ ਮੰਨਕੇ ਉਸਦੀਆਂ ਦਿਸ਼ਾਵਾਂ ਨੂੰ ਵੇਖੀਏ ਤਾਂ ਉਹ ਸਮਾਂਤਰ ਪਰਤੀਤ ਹੋਣਗੀਆਂ, ਅਰਥਾਤ ਤਾਰੇ ਦਾ ਲੰਬਨ (parallax) ਸਿਫ਼ਰ ਹੀ ਆਉਂਦਾ ਹੈ। ਇਸ ਲਈ ਤਾਰਿਆਂ ਦੇ ਲੰਬਨ ਦਾ ਪਤਾ ਕਰਨ ਲਈ ਸਾਨੂੰ ਵੱਡੇ ਆਧਾਰ ਦੀ ਲੋੜ ਪੈਂਦੀ ਹੈ ਅਤੇ ਪ੍ਰਿਥਵੀ ਦੇ ਪਥ (orbit) ਨੂੰ ਅਸੀਂ ਆਧਾਰ ਮੰਨਦੇ ਹਾਂ। ਜੇਕਰ ਕਿਸੀ ਤਾਰੇ ਦੀ ਦਿਸ਼ਾ ਦੇ ਇਕ ਨਿਰੀਖਣ ਤੋਂ ਛੇ ਮਹੀਨੇ ਬਾਅਦ ਦੁਬਾਰਾ ਉਸ ਦਾ ਨਿਰੀਖਣ ਕੀਤਾ ਜਾਵੇ ਤਦ ਸਾਨੂੰ ਪ੍ਰਿਥਵੀ ਦੇ ਪਥ ਦੇ ਵਿਆਸ ਦਾ ਆਧਾਰ ਮਿਲ ਜਾਂਦਾ ਹੈ। ਇਸ ਤਰ੍ਹਾਂ ਦੇ ਨਿਰੀਖਣ ਨਾਲ ਨਜ਼ਦੀਕ ਦੇ ਤਾਰੇ ਦੂਰ ਦਿਆਂ ਤਾਰਿਆਂ ਦੇ ਮੁਕਾਬਲੇ ਥੋੜ੍ਹਾ ਦਿਸ਼ਾ ਪਰਿਵਰਤਨ ਦਿਖਾਉਂਦੇ ਹਨ। ਜੇਕਰ ਕਿਸੇ ਤਾਰੇ ਦਾ ਲੰਬਨ 1'' ਹੋਵੇ ਤਦ ਉਹ ਪ੍ਰਿਥਵੀ ਤੋਂ ਪ੍ਰਿਥਵੀ ਦੇ ਪਥ ਦੇ ਰੇਡੀਅਲ ਤੋਂ 2,06,265 ਗੁਣਾ ਦੂਰੀ ਤੇ ਹੁੰਦਾ ਹੈ। ਇਸ ਦੂਰੀ ਨੂੰ ਇਕ ਪਾਰਸੇਕ ਕਹਿੰਦੇ ਹਨ। ਪਾਰਸੇਕ ਦੀ ਮੀਲਾਂ ਵਿਚ ਦੂਰੀ ਲਗਭਗ 1,92,00,00,00,00,000 ਹੁੰਦੀ ਹੈ। ਦੂਰੀ ਮਾਪਣ ਲਈ ਪ੍ਰਕਾਸ਼ ਵਰ੍ਹਾ (light year) ਇਕਾਈ ਦਾ ਪ੍ਰਯੋਗ ਹੁੰਦਾ ਹੈ ਅਤੇ ਇਕ ਪਾਰਸੇਕ ਲਗਭਗ 3.26 ਪ੍ਰਕਾਸ਼ ਵਰ੍ਹੇ ਦੇ ਸਮਾਨ ਹੈ। ਤਿਕੋਣ ਮਿੱਤਈ ਵਿਧੀਆਂ ਨਾਲ ਸਿਰਫ਼ ਨੇੜੇ ਦੇ ਤਾਰਿਆਂ ਦੀਆਂ ਦੂਰੀਆਂ ਹੀ ਪਤਾ ਕੀਤੀਆਂ ਜਾਂਦੀਆਂ ਹਨ। ਦੂਰ ਦੇ ਤਾਰਿਆਂ ਦੀਆਂ ਦੂਰੀਆਂ ਮਾਪਣ ਲਈ ਕੁਝ ਹੋਰ ਵਿਧੀਆਂ ਵਰਤੀਆਂ ਜਾਂਦੀਆਂ ਹਨ।

ਤਾਰਿਆਂ ਦਾ ਵਰਗੀਕਰਨ – ਤਾਰਿਆਂ ਦਾ ਵਰਗੀਕਰਨ ਕਈ ਤਰ੍ਹਾਂ ਨਾਲ ਕੀਤਾ ਗਿਆ ਹੈ, ਜਿਨਾਂ ਵਿਚੋਂ ਕੁਝ ਨਿਮਨ ਲਿਖਤ ਹਨ : (1) ਰਚਨਾ ਅਤੇ ਆਕਾਰਗਤ (based on size) ਵਰਗੀਕਰਨ ; (2) ਆਕਾਸ਼ਗੰਗਾ ਦੀਆਂ ਕੁੰਡਲੀਦਰ ਭੁਜਾਵਾਂ (spiral arms) ਅਤੇ ਕੇਂਦਰਕ (nucleus) ਵਿਚ ਉਪਲਬੱਧ ਤਾਰੇ; (3) ਤਾਰਿਆਂ ਦਾ ਸਪੈੱਕਟ੍ਰਮੀ ਵਰਗੀਕਰਨ ; (4) ਪ੍ਰਕਾਸ਼ ਦੇ ਵਧਣ ਘਟਣ ਦੇ ਕਾਰਨ ਤਾਰਿਆਂ ਦਾ ਵਰਗੀਕਰਨ-ਚਲ ਤਾਰੇ (Variable Stars); (5) ਪੁੰਜਾਂ (clusters) ਵਿਚ ਉਪਲਬੱਧ ਤਾਰੇ ; (6) ਦੋਹਰੇ (double) ਅਤੇ ਬਹੁਸੰਖਿਅਕ (multiple) ਤਾਰੇ ਆਦਿ। ਇਨ੍ਹਾਂ ਵਰਗੀਕਰਨਾਂ ਦਾ ਆਪਣਾ ਮਹੱਤਵ ਹੈ ਅਤੇ ਇਨ੍ਹਾਂ ਤੋਂ ਸਾਨੂੰ ਤਾਰਿਆਂ ਦੇ ਵਿਸ਼ਲੇਸ਼ਣ ਵਿਚ ਖਾਸ ਸਹਾਇਤਾ ਮਿਲਦੀ ਹੈ। ਇਨ੍ਹਾਂ ਵਰਗੀਕਰਨਾਂ ਦੀ ਸੰਖੇਪ ਜਿਹੀ ਜਾਣਕਾਰੀ ਨਿਮਨ ਲਿਖਤ ਹੈ :–

1. ਰਚਨਾ ਅਤੇ ਆਕਾਰਗਤ ਵਰਗੀਕਰਨ – ਸੂਰਜ ਸਾਡਾ ਨਜ਼ਦੀਕੀ ਤਾਰਾ ਹੈ ਅਤੇ ਬਹੁਤੇ ਤਾਰਿਆਂ ਦੇ ਤੱਤਾਂ ਦੇ ਅਧਿਐਨ ਤੋਂ ਤਾ ਲਗਦਾ ਹੈ ਕਿ ਇਨ੍ਹਾਂ ਸਭ ਤਾ ਜਨਮ ਇਕੋ ਸਮੇਂ ਹੋਇਆ। ਇਹ ਤਾਰੇ ਤਾਪ, ਆਕਾਰ ਅਤੇ ਜੋਤੀ ਦੇ ਘਟਦੇ ਅਨੁਕ੍ਰਮ ਵਿਚ ਹਨ ਜਿਸ ਨੂੰ ਮੁੱਖ ਅਨੁਕ੍ਰਮ ਕਹਿੰਦੇ ਹਨ। ਸੂਰਜ ਇਸੇ ਅਨੁਕ੍ਰਮ ਵਿਚ ਵਿਚਕਾਰਲੇ ਆਕਾਰ ਦਾ ਤਾਰਾ ਹੈ ਜਿਸਦੀ ਦ੍ਰਵ ਮਾਤ੍ਰਾ ਅਤੇ ਤਾਪ ਔਸਤ ਤੋਂ ਘੱਟ ਹੈ। ਇਸ ਅਨੁਕ੍ਰਮ ਵਿਚ ਵਿਚਕਾਰਲੇ ਆਕਾਰ ਦਾ ਤਾਰਾ ਹੈ ਜਿਸਦੀ ਦ੍ਰਵ ਮਾਤ੍ਰਾ ਅਤੇ ਤਾਪ ਔਸਤ ਤੋਂ ਘੱਟ ਹੈ। ਇਸ ਅਨੁਕ੍ਰਮ ਦੇ ਜ਼ਿਆਦਾ ਤਾਰੇ ਸੂਰਜ ਤੋਂ ਛੋਟੇ ਅਤੇ ਘੱਟ ਤਾਪ ਵਾਲੇ ਪਰ ਤੱਤਾਂ ਦੀ ਮਾਤਰਾ ਵਿਚ ਸੂਰਜ ਵਰਗੇ ਹੁੰਦੇ ਹਨ। ਮੁੱਖ ਅਨੁਕ੍ਰਮ ਦੇ ਵਰਗ ਤੋਂ ਇਲਾਵਾ ਤਾਰਿਆਂ ਦੇ ਦੋ ਹੋਰ ਮੁੱਖ ਵਰਗ ਹਨ : ਦਾਨਵ (gaints) ਅਤੇ ਬੌਣੇ (dwarfs) ਤਾਰੇ। ਦਾਨਵ ਤਾਰੇ ਵੀ ਤਿੰਨ ਪ੍ਰਕਾਰ ਦੇ ਹਨ : ਦਾਨਵ, ਅਤਿਦਾਨਵ (super gaints) ਅਤੇ ਉਪਦਾਨਵ (subgiants)।ਅਤਿਦਾਨਵ ਤਾਰੇ ਆਕਾਰ ਵਿਚ ਬਹੁਤ ਵਿਸ਼ਾਲ ਹੁੰਦੇ ਹਨ। ਉਦਾਹਰਣ ਦੇ ਤੌਰ ਤੇ ਅਨਟੈਰੀਜ਼ (Antares) ਅਤਿਦਾਨਵ ਤਾਰਾ ਹੈ ਜਿਸ ਦਾ ਵਿਆਸ ਸੂਰਜ ਦੇ ਵਿਆਸ ਨਾਲੋਂ 480 ਗੁਣਾ ਅਤੇ ਬੀਟੇਲਜੂਜ਼ ਦਾ ਵਿਆਸ ਸੂਰਜ ਦੇ ਵਿਆਸ ਨਾਲੋਂ ਲਗਭਗ 300 ਗੁਣਾ ਹੈ। ਦਾਨਵ ਤਾਰਿਆਂ ਵਿਚੋਂ ਬੀਟਾ ਪਿਗਾਸੀ ਦਾ ਵਿਆਸ ਸੂਰਜ ਨਾਲੋਂ 170 ਗੁਣਾ ਅਤੇ ਬ੍ਰਹਮ ਹਿਰਦੇ ਦਾ ਸੂਰਜੇ ਦੇ ਵਿਆਸ ਨਾਲੋਂ 12 ਗੁਣਾ ਹੈ। ਬੌਣੇ ਤਾਰਿਆਂ ਦੀਆਂ ਵੀ ਚਾਰ ਕਿਸਮਾਂ ਹਨ ਬੌਣੇ, ਉਪ ਬੌਣੇ, ਲਾਲ ਬੌਣੇ ਅਤੇ ਸਫੈਦ ਬੌਣੇ। ਇਨ੍ਹਾਂ ਵਿਚੋਂ ਸਫ਼ੈਦ ਬੌਣੇ ਤਾਰਿਆਂ ਦਾ ਖ਼ਾਸ ਮਹੱਤਵ ਹੈ।

2. ਕੁੰਡਲੀਦਾਰ ਭੁਜਾਵਾਂ ਅਤੇ ਕੇਂਦਰਕਾਂ ਦੇ ਤਾਰੇ – ਸਾਨੂੰ ਨਜ਼ਰ ਆਉਣ ਵਾਲੇ ਜ਼ਿਆਦਾ ਤਾਰੇ ਆਕਾਸ਼ ਗੰਗਾ ਦੇ ਮੈਂਬਰ ਹਨ। ਆਕਾਸ਼ ਗੰਗਾ ਆਪਣੇ ਆਪ ਵਿਚ ਹੀ ਇਕ ਵਿਸ਼ਵ (universe) ਹੈ, ਜਿਸ ਦਾ ਆਕਾਰ ਕੁੰਢਲਦਾਰ ਹੈ। ਇਨ੍ਹਾਂ ਤਾਰਿਆਂ ਦੇ ਦੋ ਮੁੱਖ ਵਰਗ ਹਨ। ਕੁਝ ਤਾਰੇ ਸਦਾ ਆਕਾਸ਼ ਗੰਗਾ ਦੀਆਂ ਕੁੰਡਲੀਦਾਰ ਭੁਜਾਵਾਂ ਵਿਚ ਮਿਲਦੇ ਹਨ ਅਤੇ ਬਾਕੀ ਆਕਾਸ਼ ਗੰਗਾ ਦੇ ਕੇਂਦਰਕ ਦੇ ਨਜ਼ਦੀਕ ਪਾਏ ਜਾਂਦੇ ਹਨ। ਪਹਿਲੇ ਵਰਗ ਦੇ ਤਾਰੇ ਸਾਡੇ ਸੂਰਜ ਦੇ ਗੁਆਂਢੀ ਹਨ ਅਤੇ ਦੂਜੇ ਵਰਗ ਦੇ ਤਾਰੇ ਸੂਰਜ ਤੋਂ ਦੂਰ ਹਨ। ਪਹਿਲੀ ਤਾਰਾ ਸ਼੍ਰੇਣੀ ਦੇ ਤਾਰਿਆਂ ਵਿਚ ਅੰਤਰ ਤਾਰਾ ਗੈਸ ਅਤੇ ਧੂੜ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ ਅਤੇ ਇਹ ਨੀਲੇ ਰੰਗ ਦੇ ਹੁੰਦੇ ਹਨ ਜਦੋਂ ਕਿ ਦੂਸਰੀ ਤਾਰਾ ਸ਼੍ਰੇਣੀ ਦੇ ਤਾਰਿਆਂ ਵਿਚ ਇਹ ਘੱਟ ਮਾਤਰਾ ਵਿਚ ਹੁੰਦੀ ਹੈ ਅਤੇ ਇਹ ਲਾਲ ਰੰਗ ਦੇ ਹੁੰਦੇ ਹਨ। ਇਨ੍ਹਾਂ ਤਾਰਾ ਸ਼੍ਰੇਣੀਆਂ ਦੇ ਅਧਿਐਨ ਨਾਲ ਸਾਨੂੰ ਆਕਾਸ਼ ਗੰਗਾ ਦੀਆਂ ਕੁੰਡਲਦਾਰ ਭੁਜਾਵਾਂ ਅਤੇ ਕੇਂਦਰਕ ਨਿਸ਼ਚਿਤ ਕਰਨ ਲਈ ਹੀ ਨਹੀਂ, ਸਗੋਂ ਤਾਰਿਆਂ ਦੀ ਉਤਪਤੀ ਅਤੇ ਵਿਕਾਸ ਦੀ ਸਥਿਤੀ ਦਾ ਅਧਿਐਨ, ਕਰਨ ਵਿਚ ਵੀ ਸਹਾਇਤਾ ਮਿਲਦੀ ਹੈ।

3. ਸਪੈੱਕਟ੍ਰਮੀ ਵਰਗੀਕਰਨ – ਤਾਰਿਆਂ ਦੀ ਦ੍ਰਵ ਮਾਤਰਾ ਦੇ ਅਣੂ, ਜੋ ਮੂਲ ਅਵਸਥਾ ਵਿਚ ਉਦਾਸੀਨ ਰਹਿੰਦੇ ਹਨ, ਤਾਪ ਦੇ ਲਗਾਤਾਰ ਵਧਣ ਕਾਰਨ ਆਈਨੀਕ੍ਰਿਤ ਹੋ ਕੇ ਆਪਣੇ ਰਿਣ ਇਲੈੱਕਟ੍ਰਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮਾਤਰਾ ਵਿਚ ਖੁਸਣ ਲਗ ਜਾਂਦੇ ਹਨ। ਤਾਰਿਆਂ ਵਿਚ ਬਣਨ ਵਾਲੀਆਂ ਕਾਲੀਆਂ ਅਤੇ ਚਮਕੀਲੀਆਂ ਰੇਖਾਵਾਂ ਤਾਰਿਆਂ ਦੇ ਪ੍ਰਕਾਸ਼ ਛੱਡਣ ਵਾਲੇ ਅਣੂਆਂ ਦੇ ਤਾਪ ਦੀਆਂ ਵਿਭਿੰਨ ਅਵਸਥਾਵਾਂ ਨੂੰ ਪ੍ਰਗਟ ਕਰਦੀਆਂ ਹਨ।

O ਸਪੈੱਕਟ੍ਰਮੀ ਤਾਰੇ – ਇਹ ਆਈਨੀਕ੍ਰਿਤ ਹੀਲੀਅਮ ਵਾਲੇ ਤਾਰੇ ਹਨ। ਇਨ੍ਹਾਂ ਦੇ ਸਪੈੱਕਟ੍ਰਮਾਂ ਵਿਚ ਆਈਨੀਕ੍ਰਿਤ ਹੀਲੀਅਮ ਅਤੇ ਦੋਹਰੇ ਤਿਹਰੇ ਆਈਨੀਕ੍ਰਿਤ ਆੱਕਸੀਜਨ ਅਤੇ ਨਾਈਟ੍ਰੋਜਨ ਦੀਆਂ ਰੇਖਾਵਾਂ ਪ੍ਰਾਪਤ ਹੁੰਦੀਆਂ ਹਨ। ਸਪੈੱਕਟ੍ਰਮੀ ਦੇ ਤਾਰਿਆਂ ਦੀ ਸੰਖਿਆ ਸੌ ਤੋਂ ਜ਼ਿਆਦਾ ਨਹੀਂ ਹੈ ਜਿਨ੍ਹਾਂ ਵਿਚੋਂ ਜ਼ਿਆਦਾ ਨੂੰ ਨੰਗੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ।

B ਸਪੈੱਕਟ੍ਰਮੀ ਤਾਰੇ – ਇਹ ਉਦਾਸੀਨ ਹੀਲੀਅਮ ਵਾਲੇ ਬਹੁਗਿਣਤੀ ਦੇ ਤਾਰੇ ਹਨ। ਇਨ੍ਹਾਂ ਦਾ ਤਾਪ ਹੀਲੀਅਮ ਨੂੰ ਆਈਨੀਕ੍ਰਿਤ ਕਰਨ ਵਿਚ ਅਸਮਰਥ ਹੈ ਅਤੇ ਇਸ ਦੇ ਸਪੈੱਕਟ੍ਰਮ ਵਿਚ ਆਈਨੀਕ੍ਰਿਤ ਆੱਕਸੀਜਨ ਰੇਖਾਵਾਂ ਉਪਲਬੱਧ ਹੁੰਦੀਆਂ ਹਨ। B5 ਤਾਰੇ ਤੋਂ ਲੈ ਕੇ ਨੀਵੇਂ ਤਾਪ ਦੇ ਤਾਰਿਆਂ ਵਿਚ ਹੀਲੀਅਮ ਆਈਨੀਕ੍ਰਿਤ ਆੱਕਸੀਜਨ ਰੇਖਾਵਾਂ ਘੱਟ ਜਾਂਦੀਆਂ ਹਨ।

A ਸਪੈੱਕਟ੍ਰਮੀ ਤਾਰੇ – ਇਹ ਹਾਈਡ੍ਰੋਜਨ ਪ੍ਰਮੁੱਖ ਤਾਰੇ ਹਨ। ਇਨ੍ਹਾਂ ਦਾ ਸਤ੍ਹਈ ਤਾਪ ਸਪੈੱਕਟ੍ਰਮੀ ਤਾਰਿਆਂ ਨਾਲੋਂ ਬਹੁਤ ਘੱਟ ਹੁੰਦਾ ਹੈ। ਇਨ੍ਹਾਂ ਦੀ ਸੰਖਿਆ ਬਹੁਤ ਹੈ।

F ਸਪੈੱਕਟ੍ਰਮੀ ਤਾਰੇ – ਕੁਝ ਜੋਤਿਸ਼ੀ ਇਨ੍ਹਾਂ ਨੂੰ ਕੈਲਸੀਅਮ ਤਾਰੇ ਕਹਿੰਦੇ ਸਨ। ਇਨ੍ਹਾਂ ਦਾ ਸਤ੍ਹਈ ਤਾਪ 8,000 ਤੋਂ ਲੈ ਕੇ 6,000 ਸੈਂ. ਤੱਕ ਹੁੰਦਾ ਹੈ ਜੋ A ਸਪੈੱਕਟ੍ਰਮੀ ਤਾਰਿਆਂ ਨਾਲੋਂ ਬਹੁਤ ਘੱਟ ਹੁੰਦਾ ਹੈ।

G ਸਪੈੱਕਟ੍ਰਮੀ ਤਾਰੇ – ਇਹ ਸੂਰਜ ਦੀ ਸ਼੍ਰੇਣੀ ਦੇ ਲਗਭਗ 13000 ਤਾਰੇ ਹਨ। ਇਨ੍ਹਾਂ ਦੇ ਸਪੈੱਕਟ੍ਰਮ ਵਿਚ ਆਈਨੀਕ੍ਰਿਤ ਕੈਲਸੀਅਮ ਦੀਆਂ ਰੇਖਾਵਾਂ ਖੂਬ ਉਭਰੀਆਂ ਰਹਿੰਦੀਆਂ ਹਨ। ਇਨ੍ਹਾਂ ਦਾ ਸਤ੍ਹਈ ਤਾਪਮਾਨ 6,000° ਤੋਂ ਲੈ ਕੇ 4000° ਸੈਂ. ਤੱਕ ਹੈ।

K ਸਪੈੱਕਟ੍ਰਮੀ ਤਾਰੇ –  ਇਨ੍ਹਾਂ ਦਾ ਸਤ੍ਹਈ ਤਾਪਮਾਨ 5,000° ਤੋਂ ਲੈ ਕੇ 3,500° ਸੈਂ. ਤੱਕ ਹੁੰਦਾ ਹੈ। ਪਹਿਲਾਂ ਇਹ ਸੂਰਜ ਕਲੰਕ ਤਾਰਿਆਂ ਦੇ ਨਾਂ ਨਾਲ ਪ੍ਰਸਿੱਧ ਸਨ।

M ਸਪੈੱਕਟ੍ਰਮੀ ਤਾਰੇ –  ਟੀਟੋਨੀਅਮ ਓਰਾਈਡ ਤਾਰੇ। ਇਨ੍ਹਾਂ ਦਾ ਸਤ੍ਹਈ ਤਾਪ 3,500° ਤੋਂ ਲੈ ਕੇ 2,000° ਸੈਂ. ਤੱਕ ਹੈ।

S ਸਪੈੱਕਟ੍ਰਮੀ ਤਾਰੇ – ਇਨ੍ਹਾਂ ਵਿਚ ਲਗਭਗ ਸਾਰੇ ਚੱਲ ਤਾਰੇ ਹਨ ਜੋ ਨਜ਼ਰ ਨਹੀਂ ਆਉਂਦੇ।

R-N ਤਾਰੇ – ਇਨ੍ਹਾਂ ਦਾ ਸਤ੍ਹਈ ਤਾਪ 3,000° ਤੋਂ ਲੈ ਕੇ 5,000° ਸੈਂ. ਤੱਕ ਹੈ। ਇਹ ਬਹੁਤ ਘੱਟ ਗਿਣਤੀ ਦੇ ਦਾਨਵ ਅਤੇ ਜ਼ਿਆਦਾਤਰ ਚੱਲ ਤਾਰੇ ਹਨ ਜੋ ਅੱਖ ਨਾਲ ਦੇਖੇ ਨਹੀਂ ਜਾ ਸਕਦੇ।

4. ਚੱਲ ਤਾਰੇ – ਚੱਲ ਤਾਰੇ ਅਜਿਹੇ ਤਾਰੇ ਹਨ ਜਿਨ੍ਹਾ ਦੀ ਜੋਤੀ ਘਟਦੀ ਵਧਦੀ ਰਹਿੰਦੀ ਹੈ। ਲਗਭਗ 20,000 ਚੱਲ ਤਾਰੇ ਅਜਿਹੇ ਹਨ ਜਿਨ੍ਹਾਂ ਦੇ ਨਿਯਮਿਤ ਰੂਪ ਨਾਲ ਨਿਰੀਖਣ ਕੀਤੇ ਜਾ ਸਕਦੇ ਹਨ। ਕਈ ਚੱਲ ਤਾਰੇ ਗ੍ਰਹਿਣਕਾਰੀ ਯੁਗਮ ਤਾਰੇ (eclipsing binaries) ਹੁੰਦੇ ਹਨ ਜਿਨ੍ਹਾਂ ਵਿਚ ਜੋਤੀ ਘਟਣ ਦਾ ਕਾਰਨ ਇਕ ਤਾਰੇ ਦੁਆਰਾ ਦੂਜੇ ਤਾਰੇ ਦਾ ਗ੍ਰਹਿਣ ਹੁੰਦਾ ਹੈ। ਸਪੰਦਨਸ਼ੀਲ (pulsating) ਚੱਲ, ਵਿਸਫ਼ੋਟਕ ਚੱਲ (exploding) ਅਤੇ ਹੋਰ ਚੱਲ ਤਾਰਿਆਂ ਦੀ ਵੀ ਖੋਜ ਕੀਤੀ ਗਈ ਹੈ।

ਸਪੰਦਨਸ਼ੀਲ ਤਾਰੇ – ਇਨ੍ਹਾਂ ਵਿਚੋਂ ਕੁਝ ਤਾਰਿਆਂ ਦਾ ਪਰਾਵਰਤਨ ਕਾਲ ਇਕ ਦਿਨ ਤੋਂ ਵੀ ਘੱਟ ਹੁੰਦਾ ਹੈ ਅਤੇ ਕੁਝ ਦਾ 1000 ਦਿਨ ਤੱਕ ਦਾ ਵੀ ਹੋ ਸਕਦਾ ਹੈ ਲੰਬੇ ਆਵਰਤਨ ਕਾਲ ਵਾਲੇ ਤਾਰਿਆਂ ਨੂੰ ਦੀਰਘ ਆਵਰਤਕਾਲਿਕ (long period) ਚੱਲ ਤਾਰੇ ਕਹਿੰਦੇ ਹਨ। ਇਹ ਲਾਲ ਰੰਗ ਦੇ ਦਾਨਵ ਤਾਰੇ ਹੁੰਦੇ ਹਨ।

ਵਿਸਫ਼ੋਟਕ ਤਾਰੇ – ਅਜਿਹੇ ਤਾਰਿਆਂ ਵਿਚ ਨਿਯਮਤ ਜਾਂ ਅਨਿਯਮਤ ਰੂਪ ਨਾਲ ਵਿਸਫ਼ੋਟ ਹੁੰਦਾ ਹੈ। ਇਹ ਤਾਰੇ ਆਮ ਕਰਕੇ ਬਹੁਤ ਧੁੰਦਲੇ ਹੁੰਦੇ ਹਨ ਪਰ ਵਿਸਫ਼ੋਟ ਹੋਣ ਤੋਂ ਬਾਅਦ ਇਨ੍ਹਾਂ ਦੀ ਜੋਤੀ ਅਸਾਧਾਰਨ ਰੂਪ ਨਾਲ ਵੱਧ ਜਾਂਦੀ ਹੈ। ਕੁਝ ਦਿਨ ਤੱਕ ਇਸੇ ਹਾਲਤ ਵਿਚ ਰਹਿਣ ਤੋਂ ਬਾਅਦ ਇਹ ਆਪਣੀ ਪਹਿਲੀ ਸਥਿਤੀ ਵਿਚ ਆ ਜਾਂਦੇ ਹਨ, ਇਨ੍ਹਾਂ ਨੂੰ ਨਵਤਾਰਾ (Nova) ਕਹਿੰਦੇ ਹਨ। ਜਿਹੜੇ ਤਾਰੇ ਵਿਸਫ਼ੋਟ ਤੋਂ ਬਾਅਦ ਬਹੁਤ ਹੀ ਅਸਾਧਾਰਨ ਢੰਗ ਨਾਲ ਚਮਕੀਲੇ ਹੋ ਜਾਂਦੇ ਹਨ ਉਨ੍ਹਾਂ ਨੂੰ ਅਤਿਨਵਤਾਰਾ (Supernova) ਕਹਿੰਦੇ ਹਨ। ਇਹ ਤਾਰੇ ਸੂਰਜ ਨਾਲੋਂ ਲੱਖਾਂ ਗੁਣਾ ਜ਼ਿਆਦਾ ਪ੍ਰਕਾਸ਼ ਛੱਡਦੇ ਹਨ।

5. ਤਾਰਾ ਝੁੰਡ – ਰਾਤ ਨੂੰ ਕਈ ਵਾਰੀ ਆਕਾਸ਼ ਵਿਚ ਕੁਝ ਧੁੰਦਲੇ ਪ੍ਰਕਾਸ਼ ਵਾਲੇ ਧੱਬੇ ਜਿਹੇ ਦਿਖਾਈ ਦਿੰਦੇ ਹਨ ਜਿਨ੍ਹਾਂ ਵਿਚ ਤਿੰਨ ਤਰ੍ਹਾਂ ਦੀਆਂ ਵਸਤੂਆਂ ਮਿਲਦੀਆਂ ਹਨ : ਤਾਰਾ ਝੁੰਡ (Star clusters), ਨਿਹਾਰਕਾਵਾਂ (nebulae) ਅਤੇ ਆਕਾਸ਼ ਗੰਗਾਵਾਂ। ਨਿਹਾਰਕਾਵਾਂ ਚਮਕੀਲੀਆਂ ਗੈਸਾਂ ਨਾਲ ਅਤੇ ਆਕਾਸ਼ ਗੰਗਾਵਾਂ ਸੁਤੰਤਰ ਤਾਰਾ-ਪ੍ਰਣਾਲੀਆਂ ਨਾਲ ਬਣਦੀਆਂ ਹਨ। ਤਾਰਿਆਂ ਦੇ ਝੁੰਡ ਦੋ ਪ੍ਰਕਾਰ ਦੇ ਹਨ ਇਕ ਜੋ ਆਕਾਸ਼ਗੰਗਈ ਸਮਤਲ ਵਿਚ ਮਿਲਦੇ ਹਨ ਅਤੇ ਇਨ੍ਹਾਂ ਵਿਚ ਤਾਰਿਆਂ ਦੀ ਸੰਖਿਆ ਘੱਟ ਹੁੰਦੀ ਹੈ। ਦੂਜੀ ਕਿਸਮ ਦੇ ਗੋਲਾਕਾਰ ਤਾਰਾ ਝੁੰਡਾਂ ਵਿਚ ਮੁਕਾਬਲਨ ਜ਼ਿਆਦਾ ਤਾਰੇ ਹੁੰਦੇ ਹਨ। ਇਹ ਲਗਭਗ ਧੁੰਦਲੇ ਜਿਹੇ ਦਿਖਾਈ ਦਿੰਦੇ ਹਨ। ਇਨ੍ਹਾਂ ਨਾਲ ਤਾਰਿਆਂ ਦੇ ਵਿਕਾਸ ਦੀਆਂ ਅਵਸਥਾਵਾਂ ਦਾ ਗਿਆਨ ਹੁੰਦਾ ਹੈ।

6. ਦੋਹਰੇ ਬਹੁਸੰਖਿਅਕ ਤਾਰੇ – ਜ਼ਿਆਦਾਤਰ ਤਾਰੇ ਦੋਹਰੇ ਜਾਂ ਬਹੁਸੰਖਿਅਕ (ਬਹੁਤ ਨੇੜੇ ਦਿਖਾਈ ਦੇਣ ਵਾਲੇ ਦੋ ਜਾਂ ਵੱਧ ਤਾਰੇ) ਹੁੰਦੇ ਹਨ। ਇਨ੍ਹਾਂ ਵਿਚੋਂ ਤਾਰਿਆਂ ਦਾ ਆਪਸੀ ਕੋਈ ਸਬੰਧ ਨਹੀਂ ਹੁੰਦਾ, ਪਰ ਇਹ ਬਹੁਤ ਨਜ਼ਦੀਕ ਹੋਣ ਕਰਕੇ ਸਾਡੀ ਦ੍ਰਿਸ਼ਟੀ ਰੇਖਾ ਵਿਚ ਆਉਂਦੇ ਹਨ ਅਤੇ ਇਨ੍ਹਾਂ ਨੂੰ ਦਿੱਸਣ ਵਾਲੇ (optical) ਦੋਹਰੇ ਤਾਰੇ ਕਿਹਾ ਜਾਂਦਾ ਹੈ। ਦੋ ਤਾਰੇ, ਜੋ ਆਪਸੀ ਆਕਰਸ਼ਣ ਦੇ ਨਾਲ ਇਕ ਨਿਸ਼ਚਿਤ ਵੱਡੇ ਆਕਾਰ ਦੇ ਘੇਰੇ ਵਿਚ ਘੁੰਮਦੇ ਹਨ, ਤਾਰਾ-ਯੁਗਮ ਕਹਾਉਂਦੇ ਹਨ।

ਇਹ ਤਿੰਨ ਪ੍ਰਕਾਰ ਦੇ ਹੁੰਦੇ ਹਨ : ਦ੍ਰਿਸ਼ਟੀਗਤ (Visual), ਗ੍ਰਹਿਣਕਾਰੀ (eclipsing) ਅਤੇ ਸਪੈੱਕਟ੍ਰਮੀ। ਗ੍ਰਹਿਣਕਾਰੀ ਯੁਗਮ-ਤਾਰਿਆਂ ਦਾ ਪੱਥ ਸਾਡੀ ਦ੍ਰਿਸ਼ਟੀਰੇਖਾ ਦੀ ਦਿਸ਼ਾ ਵਿਚ ਥੋੜ੍ਹੇ ਜਿਹੇ ਝੁਕਾਅ ਨਾਲ ਰਹਿੰਦਾ ਹੈ, ਜਿਸ ਨਾਲ ਇਕ ਤਾਰਾ ਦੂਸਰੇ ਨੂੰ ਥੋੜ੍ਹਾ ਢੱਕ ਲੈਂਦਾ ਹੈ। ਇਹ ਸਥਿਤੀ ਨਿਯਤ ਸਮੇਂ ਤੇ ਹੁੰਦੀ ਹੈ। ਕੁਝ ਯੁਗਮ ਤਾਰਿਆਂ ਦੀਆਂ ਸਪੈੱਕਟ੍ਰਮ ਰੇਖਾਵਾਂ ਦੇ ਪਰਿਵਰਤਨ ਤੋਂ ਪਤਾ ਲਗਦਾ ਹੈ ਕਿ ਇਹ ਕਿਸਮੀ ਅਦ੍ਰਿਸ਼ ਤਾਰੇ ਦੁਆਲੇ ਘੁੰਮ ਰਿਹਾ ਹੈ। ਇਨ੍ਹਾ ਤਾਰਿਆਂ ਨੂੰ ਸਪੈੱਕਟ੍ਰਮੀ ਯੁਗਮ-ਤਾਰੇ ਕਿਹਾ ਜਾਂਦਾ ਹੈ।

ਤਾਰਿਆਂ ਦੇ ਆਕਾਰ – ਤਾਰਿਆਂ ਦੇ ਆਕਾਰ ਤਿੰਨ ਵਿਧੀਆਂ ਨਾਲ ਜਾਣੇ ਜਾਂਦੇ ਹਨ : (1) ਨਿਰਪੇਖ ਦੀਪਤੀ ਅਤੇ ਤਾਪ ਨਾਲ, (2) ਗ੍ਰਹਿਣਕਾਰੀ ਯੁਗਮ-ਤਾਰਿਆਂ ਦੇ ਗ੍ਰਹਿਣਕਾਲ ਨਾਲ ਅਤੇ (3) ਇੰਟਰਫ਼ੈਰੋਮੀਟਰ (interferometer) ਨਾਲ। ਪਹਿਲੀ ਵਿਧੀ ਪਲੈਂਕ ਦੇ ਨਿਮਨਲਿਖਿਤ ਸੂਤਰ ਉਪਰ ਆਧਾਰਿਤ ਹੈ।

ਦ੍ਰਿਸ਼ਟੀਗਤ ਨਿਰਪੇਖ ਦੀਪਤੀ = -5 logr-0.0 ਜਿਥੇ r ਤਾਰੇ ਦਾ ਅਰਧ ਵਿਆਸ ਹੈ। ਤਾਰਿਆਂ ਦੇ ਵਿਆਸ ਦੇ ਆਧਾਰ ਤੇ ਹੀ ਉਨ੍ਹਾਂ ਦੇ ਦਾਨਵ ਅਤੇ ਬੌਣੇ ਨਾਂ ਪਏ ਹਨ। 

ਦ੍ਰਵਮਾਤਰਾ (mass) ਅਤੇ ਘਣਤਾ – ਤਾਰਿਆਂ ਦੀ ਦ੍ਰਵ ਮਾਤਰਾ ਯੁਗਮ-ਤਾਰਿਆਂ ਦੇ ਸਹਿਚਾਰ ਦੀ ਗਤੀ ਦਾ ਅਧਿਐਨ ਕਰਨ ਨਾਲ ਪ੍ਰਾਪਤ ਹੁੰਦੀ ਹੈ। ਗੁਰੂਤਾਕਰਸ਼ਣ ਦੀ ਸਹਾਇਤਾ ਨਾਲ ਇਨ੍ਹਾਂ ਤਾਰਿਆਂ ਦੀ ਦ੍ਰਵਮਾਤਰਾ ਲੱਭੀ ਜਾਂਦੀ ਹੈ। ਸੂਰਜ ਦੀ ਦ੍ਰਵਮਾਤਰਾ ਦੇ ਦਸਵੇਂ ਹਿੱਸੇ ਤੋਂ ਘੱਟ ਅਤੇ ਸੂਰਜ ਤੋਂ ਦੱਸ ਗੁਣਾ ਵੱਧ ਦ੍ਰਵਮਾਤਰਾ ਕਿਸੇ ਵੀ ਤਾਰੇ ਦੀ ਨਹੀਂ ਲੱਭੀ ਗਈ। ਦਾਨਵ ਤਾਰਿਆਂ ਦੀ ਘਣਤਾ ਬਹੁਤ ਘੱਟ ਅਤੇ ਬੌਣੇ ਤਾਰਿਆਂ ਦੀ ਘਣਤਾ ਬਹੁਤ ਜ਼ਿਆਦਾ ਹੁੰਦੀ ਹੈ। ਅਨਟੇਰੀਜ਼ ਵਰਗੇ ਵਿਸ਼ਾਲ ਤਾਰੇ ਦਾ ਵਿਆਸ ਸੂਰਜ ਦੇ ਵਿਆਸ ਦਾ 480 ਗੁਣਾ ਹੈ, ਫਿਰ ਵੀ ਇਸ ਦੀ ਦ੍ਰਵਮਾਤਰਾ ਸੂਰਜ ਦੀ ਦ੍ਰਵਮਾਤਰਾ ਦੇ 20 ਗੁਣਾ ਤੋਂ ਜ਼ਿਆਦਾ ਨਹੀਂ। ਇਸ ਦੀ ਘਣਤਾ ਸੂਰਜ ਦੀ ਘਣਤਾ ਦੀ .00000002 ਨਾਲੋਂ ਵੀ ਘੱਟ ਹੈ।

ਸਤ੍ਹਈ ਤਾਪਮਾਨ – ਸਤ੍ਹਈ ਤਾਪਮਾਨ ਪਤਾ ਕਰਨ ਦਾ ਸਹੀ ਢੰਗ ਤਾਰਿਆਂ ਦੇ ਪ੍ਰਕਾਸ਼ ਦਾ ਸਪੈੱਕਟ੍ਰਮੀ ਵਿਸ਼ਲੇਸ਼ਣ ਹੈ।

ਊਰਜਾ ਦਾ ਸ੍ਰੋਤ – ਤਾਰੇ ਆਪਣੀ ਊਰਜਾ ਕੇਂਦਰਕ ਪ੍ਰਤਿ ਕਿਰਿਆ ਤੋਂ ਪ੍ਰਾਪਤ ਕਰਦੇ ਹਨ। ਤਾਰਿਆਂ ਦੇ ਕੇਂਦਰ ਦੇ ਤਾਪ ਦੇ ਕਾਰਨ ਤਾਰਿਆਂ ਦੇ ਹਾਈਡ੍ਰੋਜਨ ਦੇ ਪਰਮਾਣੂ ਕੇਂਦਰੀ ਕਿਰਿਆ ਨਾਲ ਹੀਲੀਅਮ ਦੇ ਪਰਮਾਣੂਆਂ ਵਿਚ ਪਰਿਵਰਤਤ ਹੁੰਦੇ ਰਹਿੰਦੇ ਹਨ। ਇਸ ਦੇ ਸਿੱਟੇ ਵਜੋਂ ਤਾਰਿਆਂ ਵਿਚ ਬਹੁਤ ਜ਼ਿਆਦਾ ਤਾਪ ਉਤਪੰਨ ਹੁੰਦਾ ਹੈ ਜਿਸ ਨੂੰ ਇਹ ਪ੍ਰਕਾਸ਼ ਦੇ ਰੂਪ ਵਿਚ ਛੱਡਦੇ ਹਨ।

ਤਾਰਿਆਂ ਦਾ ਵਾਯੂਮੰਡਲ – ਤਾਰਿਆਂ ਦੇ ਵਾਯੂਮੰਡਲ ਦਾ ਅਧਿਐਨ ਵੀ ਸਪੈੱਕਟ੍ਰਮ ਦੀਆਂ ਰੇਖਾਵਾਂ ਨਾਲ ਕੀਤਾ ਜਾਂਦਾ ਹੈ। ਸੂਰਜ ਦੇ ਵਾਯੂਮੰਡਲ ਵਿਚ ਹਾਈਡ੍ਰੋਜਨ ਜ਼ਿਆਦਾ ਅਤੇ ਦੂਜੇ ਸਥਾਨ ਤੇ ਹੀਲੀਅਮ ਹੁੰਦਾ ਹੈ। ਗਿਆਤ ਰਸਾਇਣਿਕ ਤੱਤਾਂ ਵਿਚੋਂ 61 ਤੱਤ ਸੂਰਜ ਦੇ ਵਾਯੂਮੰਡਲ ਵਿਚੋਂ ਪਹਿਚਾਣੇ ਜਾ ਚੁੱਕੇ ਹਨ। ਸਾਰੇ ਤਾਰਿਆਂ ਦਾ ਵਾਯੂਮੰਡਲ ਬਿਲਕੁਲ ਇਕੋ ਜਿਹਾ ਨਹੀਂ ਹੈ।

ਤਾਰਿਆਂ ਦਾ ਮੂਲ ਤੱਤ – ਤਾਰਿਆਂ ਦੇ ਮੂਲ ਤੱਤਾਂ ਨੂੰ ਸਪੈੱਕਟ੍ਰਮੀ ਰੇਖਾਵਾਂ ਦੇ ਅਧਿਐਨ ਨਾਲ ਜਾਣਿਆ ਜਾਂਦਾ ਹੈ। ਔਸਤ ਤਾਰਿਆਂ ਵਿਚ ਲਗਭਗ 70% ਹਾਈਡ੍ਰੋਜਨ, 28% ਹੀਲੀਅਮ, 1.5% ਕਾਰਬਨ, ਨਾਈਟ੍ਰੋਜਨ, ਆੱਕਸੀਜਨ ਅਤੇ ਨੀਆਨ ਅਤੇ 0.5% ਲੋਹ ਵਰਗ ਦੇ ਅਤੇ ਹੋਰ ਭਾਰੀ ਤੱਤ ਹੁੰਦੇ ਹਨ।

ਤਾਰਿਆਂ ਦਾ ਵਿਕਾਸ – ਤਾਰਿਆਂ ਦਾ ਜਨਮ ਤਾਰਿਆਂ ਦੀ ਅੰਤਰਵਰਤੀ ਗੈਸ ਅਤੇ ਧੂੜ ਦੇ ਕਣਾਂ ਨਾਲ ਹੁੰਦਾ ਹੈ। ਗੈਸ ਦੇ ਬਦਲਾਂ ਦੇ ਇਲੈੱਕਟ੍ਰਾਨ ਆਮ ਤੌਰ ਤੇ ਉਦਾਸੀਨ ਅਵਸਥਾ ਵਿਚ ਰਹਿੰਦੇ ਹਨ ਪਰ ਜਦੋਂ ਕੋਈ ਤੇਜ਼ ਤਾਪ ਵਾਲਾ ਤਾਰ ਨੇੜਿਉਂ ਲੰਘੇ ਤਾਂ ਇਹ ਆਈਨੀਕ੍ਰਿਤ ਹੋ ਕੇ ਗਤੀਸ਼ੀਲ ਹੋ ਜਾਂਦੇ ਹਨ ਅਤੇ ਇਨ੍ਹਾਂ ਵਿਚ ਇਕ ਕੇਂਦਰਕ ਬਣ ਜਾਂਦਾ ਹੈ। ਇਹ ਕੇਂਦਰਕ ਆਲੇ ਦੁਆਲੇ ਦੀ ਗੈਸ ਅਤੇ ਧੂੜ ਨੂੰ ਆਕਰਸ਼ਕ ਕਰਕੇ ਵਿਸ਼ਾਲ ਰੂਪ ਧਾਰਨ ਕਰ ਲੈਂਦਾ ਹੈ। ਗਤੀ ਅਤੇ ਸੁੰਗੜਨ ਕਾਰਨ ਕੇਂਦਰਕ ਦਾ ਤਾਪ ਵੱਧ ਜਾਂਦਾ ਹੈ ਅਤੇ ਕੇਂਦਰਕ ਪ੍ਰਤਿਕ੍ਰਿਆ ਆਰੰਭ ਹੋ ਜਾਂਦੀ ਹੈ। ਇਸ ਨਾਲ ਇਹ ਪ੍ਰਕਾਸ਼ ਤੇ ਤਾਪ ਨੂੰ ਛੱਡਣ ਲਗ ਪੈਦੇ ਹਨ ਅਤੇ ਸਾਨੂੰ ਨਵੇਂ ਤਾਰਿਆਂ ਦੇ ਰੂਪ ਵਿਚ ਦਿੱਸਣ ਲਗਦੇ ਹਨ।

ਤਾਰਿਆਂ ਦਾ ਜੀਵਨ – ਤਾਰਿਆਂ ਦੇ ਜੀਵਨ ਦਾ ਭਾਵ ਉਨ੍ਹਾਂ ਦੇ ਪ੍ਰਕਾਸ਼ਮਈ ਜੀਵਨ ਤੋਂ ਹੈ। ਇਸ ਪ੍ਰਕਾਸ਼ ਦਾ ਆਧਾਰ ਉਨ੍ਹਾਂ ਦੀ ਹਾਈਡ੍ਰੋਜਨ ਦਾ ਭੰਡਾਰ ਹੈ, ਜਿਸ ਦੇ ਕੇਂਦਰਕ ਪ੍ਰਤਿਕਿਰਿਆ ਨਾਲ ਇਹ ਤਾਪ ਪ੍ਰਾਪਤ ਕਰਦੇ ਹਨ। ਜੋ ਤਾਰੇ ਜ਼ਿਆਦਾ ਚਮਕੀਲੇ ਹੁੰਦੇ ਹਨ, ਉਹ ਆਪਣੇ ਹਾਈਡ੍ਰੋਜਨ ਦੇ ਭੰਡਾਰ ਨੂੰ ਵੱਧ ਤੋਂ ਵੱਧ ਵਰਤਦੇ ਹਨ ਅਤੇ ਉਸਨੂੰ ਬਹੁਤ ਜਲਦੀ ਨਾਲ ਹੀਲੀਅਮ ਵਿਚ ਬਦਲਦੇ ਰਹਿੰਦੇ ਹਨ। ਹਾਈਡ੍ਰੋਜਨ ਦਾ ਭੰਡਾਰ ਖ਼ਤਮ ਹੋਣ ਤੇ ਵੀ ਤਾਰੇ ਸੁਗੰੜਨ ਨਾਲ ਆਪਣੀ ਤਾਪ ਊਰਜਾ ਨੂੰ ਕਈ ਸਾਲਾਂ ਤੱਕ ਪ੍ਰਾਪਤ ਕਰ ਸਕਦੇ ਹਨ, ਜੋ ਤਾਰੇ ਜ਼ਿਆਦਾ ਚਮਕੀਲੇ ਦਿੱਸਦੇ ਹਨ, ਉਨ੍ਹਾਂ ਦੀ ਜੀਵਨਕਾਲ 106 ਸਾਲ ਦੇ ਲਗਭਗ ਹੈ ਅਤੇ ਧੁੰਦਲੇ ਤਾਰਿਆਂ ਦਾ ਜੀਵਨਕਾਲ 1013 ਸਾਲ ਦੇ ਲਗਭਗ ਹੁੰਦਾ ਹੈ। ਸੂਰਜ ਦਾ ਜੀਵਨ ਕਾਲ ਲਗਭਗ 1010 ਸਾਲ ਹੈ।

ਆਪਣੇ ਚਾਰੇ ਪਾਸੇ ਫੈਲੇ ਹੋਏ ਤਾਰਾ ਜਗਤ ਦੇ ਭੇਦ ਨੂੰ ਜਾਣਨ ਦੀ ਸਾਡੀ ਇੱਛਾ ਬਹੁਤ ਪੁਰਾਣੀ ਹੈ। ਵਿਗਿਆਨਕ ਵਿਕਾਸ ਦੀ ਵਰਤਮਾਨ ਪ੍ਰਗਤੀ ਵਿਚ ਸਾਨੂੰ ਆਸ ਹੈ ਕਿ ਰੇਡੀਉ ਦੂਰਦਰਸ਼ੀ ਸਾਨੂੰ ਤਾਰਾ-ਵਿਸ਼ਵ ਦੇ ਅਗਿਆਤ ਭੇਦਾਂ ਤੱਕ ਪਹੁੰਚਾ ਸਕੇਗੀ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4692, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-15-11-26-39, ਹਵਾਲੇ/ਟਿੱਪਣੀਆਂ: ਹ. ਪੁ. –ਹਿੰ. ਵਿ. ਕੋ. 5 : 358

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.