ਤਾਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਾਲ [ਨਾਂਇ] (ਸੰਗੀ) ਨੇਮਾਂ ਵਿੱਚ ਬੰਨ੍ਹੀ ਲੈਅ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12387, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤਾਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਾਲ. ਸੰ. ਸੰਗ੍ਯਾ—ਹਥੇਲੀ. ਹੱਥ ਦਾ ਤਲ। ੨ ਸੰਗੀਤ ਅਨੁਸਾਰ ਸਮੇਂ ਅਤੇ ਲੈ ਦੀ ਵੰਡ ਕਰਨ ਲਈ ਤਾਲੀ ਦੀ ਧੁਨਿ. “ਰੋਟੀਆ ਕਾਰਣਿ ਪੂਰਹਿ ਤਾਲ.” (ਵਾਰ ਆਸਾ) ਸੰਗੀਤਸ਼ਾਸਤ੍ਰ ਵਿੱਚ ਲਿਖਿਆ ਹੈ ਕਿ ਸ਼ਿਵ ਦੀ ਤਾਂਡਵ ਨ੍ਰਿਤ੍ਯ ਤੋਂ ‘ਤਾ’ ਅਤੇ ਪਾਰਵਤੀ ਦੀ ਲਾਸ੍ਯ ਨ੍ਰਿਤ੍ਯ ਤੋਂ “ਲ” ਲੈ ਕੇ ‘ਤਾਲ’ ਸ਼ਬਦ ਬਣਿਆ ਹੈ. ਦੇਖੋ, ਸੰਗੀਤਗ੍ਰੰਥਾਂ ਵਿੱਚ ਤਾਲਾਂ ਦੇ ਅਨੇਕ ਭੇਦ। ੩ ਝਾਂਜ. ਛੈਣੇ. “ਭਗਤਿ ਕਰਤ ਮੇਰੇ ਤਾਲ ਛਿਨਾਏ.” (ਭੈਰ ਨਾਮਦੇਵ) “ਰਬਾਬ ਪਖਾਵਜ ਤਾਲ ਘੁੰਘਰੂ.” (ਆਸਾ ਮ: ੫) ੪ ਹਾਥੀ ਦੇ ਕੰਨਾਂ ਦੇ ਹਿੱਲਣ ਤੋਂ ਹੋਈ ਧੁਨਿ। ੫ ਇੱਕ ਗਿੱਠ ਦੀ ਲੰਬਾਈ. ਗਜ਼ ਦਾ ਚੌਥਾ ਭਾਗ । ੬ ਤਾਲਾ. ਜਿੰਦਾ (ਜੰਦ੍ਰਾ). ੭ ਤਲਵਾਰ ਦੀ ਮੁੱਠ. ਕ਼ਬ। ੮ ਤਾਲ ਬਿਰਛ. Borassus Flabelliformis. “ਤਾਲ ਤਮਾਲ ਕਦੰਬਨ ਜਾਲ.” (ਗੁਪ੍ਰਸੂ) ੯ ਤਲਾਉ. ਸਰ. “ਧਰਤਿ ਸੁਹਾਵੀ ਤਾਲ ਸੁਹਾਵਾ.” (ਸੂਹੀ ਛੰਤ ਮ: ੫) ੧੦ ਦੇਖੋ, ਤਾਲਿ ਅਤੇ ਤਾਲੁ। ੧੧ ਹਰਿਤਾਲ. ਹੜਤਾਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12353, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਤਾਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਾਲ ਦੇਖੋ, ਤਾਲੁ ੩ ਅਤੇ ੪.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਤਾਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਤਾਲ (ਸੰ.। ਸੰਸਕ੍ਰਿਤ ਤਾਲ=ਹੱਥ ਦੀ ਤਲੀ ਤੇ ਦੂਸਰੀ ਤਲੀ ਵਜਣੀ ਜੋ ਗਾਉਣ ਵਿਚ ਰਾਗ ਦਾ ਵਜ਼ਨ ਯਾ ਵਕਤ ਦੱਸਣ ਲਈ ਗਵੱਯੇ ਮਾਰਦੇ ਹਨ) ੧. ਤਾਰ , ਤਾਲ, ਰਾਗ ਦਾ ਵਜ਼ਨ। ਯਥਾ-‘ਗਿੜਿ ਮੁੜਿ ਪੂਰਹਿ ਤਾਲ’।
੨. (ਕ੍ਰਿ. ਵਿ.। ਸੰਸਕ੍ਰਿਤ ਤਾਲ=ਜਿੰਨੀ ਛੇਤੀ ਗਾਣ ਵਾਲੇ ਦਾ ਤਾਲ ਮੁੜ ਆ ਵੱਜੇ) ਇੰਨੀ ਛੇਤੀ ਕਿ ਜਿੰਨੀ ਛੇਤੀ ਤਾਲੀ ਬਜੇ। ਤਾਲ ਦੀ ਇਕ ਮਾਤ੍ਰਾ ਵੱਜਣ ਜਿੰਨਾ ਚਿਰ। ਛੇਤੀ, ਜਲਦੀ। ਯਥਾ-‘ਹੁਣਿ ਉਠਿ ਚਲਣਾ ਮੁਹਤਿ ਕਿ ਤਾਲਿ’।
੩. (ਸੰ.। ਸੰਸਕ੍ਰਿਤ ਤਾਲ। ਉਹ ਕੋਈ ਸ਼ੈ ਜੋ ਤਾਲ ਦਾ ਪਤਾ ਦੇਵੇ) ਕੈਂਸੀਆਂ*, ਛੈਣੇ। ਯਥਾ-‘ਤਾਲ ਮਦੀਰੇ ਘਟ ਕੇ ਘਾਟ ’।
ਦੇਖੋ , ‘ਘਟ ਕੇ ਘਾਟ’
੪. (ਸੰ.। ਪੰਜਾਬੀ ਤਲਾਉ ਦਾ ਦੂਸਰਾ ਰੂਪ। ਦੇਖੋ, ਤਲਾਉ) ਸਰੋਵਰ। ਯਥਾ-‘ਧਰਤਿ ਸੁਹਾਵੀ ਤਾਲੁ ਸੁਹਾਵਾ’।
੫. ਪ੍ਰਕਾਰ, ਵਲ । ਦੇਖੋ, ‘ਤਪ ਤਾਲੁ’
----------
* ਫ਼ਾਰਸੀ ਵਿਚ ਬੀ ਤਾਲ ਪਦ ਕੈਂਸੀਆ ਅਰਥ ਵਿਚ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12348, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਤਾਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਤਾਲ : ਸੰਸਕ੍ਰਿਤ ਭਾਸ਼ਾ ਦੇ ‘ਤਲ’ ਧਾਤੂ ਤੋਂ ਤਾਲ ਸ਼ਬਦ ਬਣਿਆ ਹੈ ਜਿਸ ਦਾ ਅਰਥ ਹੈ ਹੱਥ ਦੀਆਂ ਤਲੀਆਂ ਭਾਵ ਹੱਥਾਂ ਦੀਆਂ ਤਲੀਆਂ ਨਾਲ ਹੀ ਮੌਲਿਕ ਰੂਪ ਵਿਚ ਤਾਲੀ ਲਗਾ ਕੇ ਤਾਲ ਦੀਆਂ ਮਾਤਰਾਂ ਦੀ ਗਿਣਤੀ ਕੀਤੀ ਜਾਂਦੀ ਹੈ ਅਤੇ ਹੱਥਾਂ ਨਾਲ ਹੀ ਵੱਖ ਵੱਖ ਸਾਜ਼ਾਂ ਉਪਰ ਤਾਲ ਵਜਾਏ ਜਾਂਦੇ ਹਨ। ਭਰਤ ਕ੍ਰਿਤ ਨਾਟਯ ਸ਼ਾਸਤਰ ਅਨੁਸਾਰ ਤਾਲ ਦੀ ਉਪਰੋਕਤ ਪਰਿਭਾਸ਼ਾ ਸਿੱਧਾਂਤਕ ਰੂਪ ਵਿਚ ਸਰਵ ਸੰਮਤੀ ਨਾਲ ਮੰਨੀ ਜਾਂਦੀ ਹੈ। ਢੋਲ, ਢੋਲਕ, ਮ੍ਰਿਦੰਗ, ਪਖਾਵਜ ਅਤੇ ਤਬਲਾ ਆਦਿ ਸਾਜ਼ਾਂ ਉਪਰ ਵਜਾਏ ਜਾਣ ਵਾਲੇ ਨਿਸ਼ਚਿਤ ਮਾਤਰਾ ਦੇ ਨਿਸ਼ਚਿਤ ਬੋਲਾਂ ਦੇ ਕੁਝ ਵਿਸ਼ੇਸ਼ ਨਿਯਮਾਂ ਅਨੁਸਾਰ ਵਜਾਏ ਜਾਣ ਨੂੰ ਤਾਲ ਕਹਿੰਦੇ ਹਨ। ਚਾਰ ਮਾਤਰਾਂ ਤੋਂ ਘੱਟ ਕੋਈ ਤਾਲ ਨਹੀਂ ਹੁੰਦਾ, 28 ਮਾਤਰਾਂ ਤੋਂ ਵੱਧ ਦੇ ਤਾਲ ਅੱਜਕੱਲ ਪ੍ਰਯੋਗ ਨਹੀਂ ਕੀਤੇ ਜਾਂਦੇ। ਤਾਲ ਦੀ ਰਚਨਾ ਕੁਝ ਮਾਤਰਾਂ ਦੇ ਸਮੂਹ ਤੋਂ ਹੁੰਦੀ ਹੈ। ਮਾਤਰਾ ਨੂੰ ਲੈਅ ਦੀ ਅਨੁਪਾਤ ਜਾਂ ਲੈਅ ਦੀ ਛੋਟੀ ਤੋਂ ਛੋਟੀ ਇਕਾਈ ਕਿਹਾ ਜਾਂਦਾ ਹੈ। ਇਕ ਮਾਤਰਾ ਦੀ ਤੁਲਨਾ ਇਕ ਸਕਿੰਟ ਨਾਲ ਕੀਤੀ ਜਾਂਦੀ ਹੈ ਪਰ ਸੰਗੀਤ ਵਿਚ ਪ੍ਰਮੁੱਖ ਤੌਰ ਤੇ ਤਿੰਨ ਪ੍ਰਕਾਰ ਦੀ ਲੈਅ ਹੁੰਦੀ ਹੈ, ਇਸ ਲਈ ਲੈਅ ਅਨੁਸਾਰ ਹੀ ਮਾਤਰਾਂ ਦੀ ਗਿਣਤੀ ਕੀਤੀ ਜਾਂਦੀ ਹੈ। ਸੰਗੀਤ ਵਿਚ ਤਾਲ ਦਾ ਮਹੱਤਵਪੂਰਨ ਸਥਾਨ ਹੈ ਕਿਉਂਕਿ ਤਾਲ ਤੋਂ ਬਿਨਾਂ ਸੰਗੀਤ ਅਧੂਰਾ ਹੈ। ਸੰਗੀਤ ਵਿਚ ਆਨੰਦ ਤੇ ਮਸਤੀ ਤਾਲ ਤੋਂ ਉਪਜਦੀ ਹੈ, ਤਾਲ ਹੀ ਸੰਗੀਤ ਦਾ ਗਣਿਤ ਅਤੇ ਵਿਆਕਰਣ ਹੈ। ਤਾਲ ਵਿਚ ਸੰਗੀਤ ਦੀ ‘ਸ਼ੁੱਧਤਾ’ ਅਤੇ ਬੇਤਾਲ ਵਿਚ ‘ਅਸ਼ੁੱਧਤਾ’ ਮੰਨੀ ਜਾਂਦੀ ਹੈ।
ਤਾਲ ਅਨੇਕਾਂ ਪ੍ਰਕਾਰ ਦੀਆਂ ਲੈਕਾਰੀਆਂ ਵਿਚ ਵਜਾਏ ਜਾਂਦੇ ਹਨ। ਜਿਵੇਂ – ਵਿਲੰਬਿਤ, ਮੱਧ ਅਤੇ ਦੁਰੱਤ ਆਦਿ। ਇਨ੍ਹਾਂ ਤੋਂ ਇਲਾਵਾ ਦੁੱਗਣ, ਤਿੱਗੁਣ ਅਤੇ ਚੌਗੁਣ ਅਰਥਾਤ: ਦੋ ਗੁਣਾਂ ਤੇਜ਼, ਤਿੰਨ ਗੁਣਾਂ ਤੇਜ਼ ਅਤੇ ਚਾਰ ਗੁਣਾਂ ਤੇਜ਼ ਲੈਕਾਰੀਆਂ ਮੰਨੀਆਂ ਗਈਆਂ ਹਨ। ਕਠਿਨ ਲੈਕਾਰੀਆਂ ਨਿਮਨਲਿਖਤ ਹਨ :
* ਅਰਥਾਤ ਸਵਾਗੁਣ ਤੇਜ਼ ਨੂੰ ਕੁਆੜੀ ਲੈਅ ਕਹਿੰਦੇ ਹਨ।
ਅਰਥਾਤ ਡੇਢ ਗੁਣ ਤੇਜ਼ ਨੂੰ ਆੜੀ ਲੈਅ ਕਹਿੰਦੇ ਹਨ।
ਅਰਥਾਤ ਪੌਣੇ ਦੋ ਗੁਣ ਤੇਜ਼ ਨੂੰ ਵਿਆੜੀ ਲੈਅ ਕਹਿੰਦੇ ਹਨ।
* ਤਾਲ ਦੇ ਜ਼ਰੂਰੀ ਨਿਯਮ ਠੇਕਾ (ਬੋਲ) ਸਮ, ਤਾਲੀ, ਖਾਲੀ ਵਿਭਾਗ ਅਤੇ ਅਵਰਤਨ ਮੰਨੇ ਜਾਂਦੇ ਹਨ।
* ਤਬਲਾ ਆਦਿ ਸਾਜ਼ਾਂ ਉਪਰ ਵਜਣ ਵਾਲੇ ਤਾਲ ਦੇ ਨਿਸ਼ਚਿਤ ਬੋਲਾਂ ਨੂੰ ਠੇਕਾ ਜਾਂ ਬੋਲ ਕਹਿੰਦੇ ਹਨ। ਤਾਲ ਦੇ ਬੋਲ ਹੇਠ ਲਿਖੇ ਵਰਣਾਂ ਤੋਂ ਬਣਦੇ ਹਨ :
‘‘ ਧਾ ਧਿਨ ਤਿਟ ਤਿਨ ਨਾ ਕ ਧੀ ਤਾ ਕਿਨ ਕੱਤ ਵਿਚਾਰ।
ਤਬਲਾ ਕੇ ਦਸ ਵਰਣ ਹੈ, ਇਨਕੋ ਲੇਉ ਸੁਧਾਰ ‖’’
ਸੱਜੇ ਹੱਥ ਨਾਲ : ਨਾ, ਤਾ, ਦਿ, ਕਿਟ, ਦਿਨ ਤੁਨ ਜਾਂ ਤਿਨ ; ਖੱਬੇ ਹੱਥ ਨਾਲ : ਧਿੰ ਜਾਂ ਧੀ, ਗ, ਕ, ਕੱਤ, ਕਿਨ ਅਤੇ ਦੋਹਾਂ ਹੱਕਾਂ ਨਾਲ ਧਿੰਨਾ, ਧਾ, ਧਿੜਨਗ, ਕਿੜਨਗ, ਤਕਿਟ, ਕਿਟਤਕ, ਤਿਰਕਿਟ, ਤ੍ਰਕ, ਕੜਾਂਨਤਾ ਆਦਿ ਬੋਲ ਵਜਾਏ ਜਾਂਦੇ ਹਨ। ਤਾਲ ਦੀ ਪਹਿਲੀ ਮਾਤਰਾ ਨੂੰ ਸਮ ਕਹਿੰਦੇ ਹਨ। ਸੰਗੀਤਕ ਰਚਨਾਵਾਂ ਜਾਂ ਤਾਲਾਂ ਦੀ ਜ਼ੁਬਾਨੀ ਪਰਖ ਕਰਨ ਲਈ ਤਾਲੀਆਂ ਨਿਸ਼ਚਿਤ ਹੁੰਦੀਆਂ ਹਨ। ਤਾਲੀ ਦਾ ਕ੍ਰਮ ਅੰਕ ਸਬੰਧਤ ਮਾਤਰਾ ਦੇ ਹੇਠਾਂ ਲਿਖਿਆ ਜਾਂਦਾ ਹੈ।
ਹਰੇਕ ਤਾਲ ਵਿਚ ਦੋ ਤਰ੍ਹਾਂ ਦੇ ਬੋਲ ਹੁੰਦੇ ਹਨ। ਦੋਹਾਂ ਹੱਥਾਂ ਨਾਲ (ਸੱਜੇ-ਖੱਬੇ) ਵੱਜਣ ਵਾਲੇ ਬੋਲਾਂ ਨੂੰ ‘ਭਰੀ’ ਅਤੇ ਕੇਵਲ ਇਕ (ਸੱਜੇ) ਹੱਥ ਨਾਲ ਵੱਜਣ ਵਾਲੇ ਬੋਲਾਂ ਨੂੰ ‘ਖਾਲੀ’ ਕਿਹਾ ਜਾਂਦਾ ਹੈ। ਖਾਲੀ ਵਾਲੀ ਮਾਤਰਾ ਦੇ ਹੇਠਾਂ ਸਿਫ਼ਰ ਦਾ ਚਿੰਨ੍ਹ ਲਗਾਇਆ ਜਾਂਦਾ ਹੈ।
‘ਸਮ’, ‘ਤਾਲੀ’, ‘ਖਾਲੀ’ ਅਤੇ ‘ਭਰੀ’ ਅਨੁਸਾਰ ਤਾਲਾਂ ਦੇ ‘ਵਿਭਾਗ’ (ਹਿੱਸੇ) ਖੜੀ ਰੇਖਾ ਨਾਲ ਬਣਾਏ ਜਾਂਦੇ ਹਨ।
ਆਵਰਤਨ – ਹਰੇਕ ਤਾਲ ਦੀ ਪਹਿਲੀ ਤੋਂ ਆਖ਼ਰੀ ਮਾਤਰਾ ਤਕ ਉਸ ਦਾ ਇਕ ਆਵਰਤਨ ਅਰਥਾਤ ਚਕ੍ਰ ਮੰਨਿਆ ਜਾਂਦਾ ਹੈ।
ਉੱਤਰੀ ਸੰਗੀਤ ਪ੍ਰਣਾਲੀ ਵਿਚ ਤਾਲਾਂ ਲਈ ਹੇਠ ਲਿਖੇ ਚਿੰਨ੍ਹ ਪ੍ਰਯੋਗ ਕੀਤੇ ਜਾਂਦੇ ਹਨ, ਜਿਵੇਂ ਆਦਿ ਤਾਲ (ਤੀਨਤਾਲ) ਨੂੰ ਇਸ ਤਰ੍ਹਾਂ ਲਿਪੀ ਬੱਧ ਕੀਤਾ ਜਾਂਦਾ ਹੈ :–
ਅਰਥਾਤ – ਮਾਤਰਾ = 16 ਤਾਲੀ = 1,5,3 ਅਤੇ ਖਾਲੀ 9 ਵੀਂ ਤੇ।
ਉੱਤਰੀ ਭਾਰਤੀ ਸੰਗੀਤ ਵਿਚ ‘ਤਬਲਾ’ (ਤਾਲ ਵਾਦਯ) ਅਤੇ ਦੱਖਣੀ ਭਾਰਤੀ ਸੰਗੀਤ ਵਿਚ ‘ਮਰਦੰਗ’ (ਤਾਲ ਵਾਦਯ) ਪ੍ਰਯੋਗ ਕੀਤਾ ਜਾਂਦਾ ਹੈ।‘ਪਖਾਵਜ’ ਦਾ ਪ੍ਰਯੋਗ ਉੱਤਰੀ ਸੰਗੀਤ ਪ੍ਰਣਾਲੀ ਦੇ ਧਰੁਪਦ – ਧਮਾਰ ਗੀਤਾਂ ਲਈ ਕੀਤਾ ਜਾਂਦਾ ਹੈ।
ਯਤੀ – ਪ੍ਰਾਚੀਨ ਸੰਗੀਤ ਸ਼ਾਸਤਰਾਂ ਵਿਚ ‘ਲੈਅ ਜਾਂ ਗਤੀ’ ਦੇ ‘ਚਾਲ-ਕ੍ਰਮ’ ਨੂੰ ਯਤੀ ਕਿਹਾ ਜਾਂਦਾ ਸੀ। ਇਸ ਦੇ ਪੰਜ ਪ੍ਰਕਾਰ ਹਨ – ਸਮਾ, ਸ਼ਰੋਤਾਵਹਾ, ਮ੍ਰਦੰਗਾ, ਪਿਪੀਲਿਕਾ ਅਤੇ ਗੋਪੁੱਛਾ। ਆਧੁਨਿਕ ਉੱਤਰ ਭਾਰਤੀ ਸੰਗੀਤ ਵਿਚ ਵਧੇਰੇ ਕਰਕੇ ‘ਸ਼ਰੋਤਾਵਹਾ’ ਯਤੀ ਪ੍ਰਚੱਲਤ ਹੈ ਅਰਥਾਤ ਸੰਗੀਤ ਪ੍ਰਦਰਸ਼ਨ ਵੇਲੇ ਆਰੰਭ ਵਿਚ ਵਿਲੰਬਿਤ ਲੈਅ, ਵਿਚਕਾਰ ਮੱਧ ਲੈਅ ਅਤੇ ਅੰਤ ਵਿਚ ਦੁਰੱਤ ਲੈਅ ਪ੍ਰਯੋਗ ਕਰਨ ਨੂੰ ਸ਼ਰੋਤਾਵਹਾ ਕਿਹਾ ਜਾਂਦਾ ਹੈ। ਤਾਲਾਂ ਦੀ ਤਾਲੀਮ ਵਿਚ ਕਾਇਦੇ, ਪ੍ਰਕਾਰ, ਰੇਲੇ, ਤਿੱਪਲੀ, ਚੌਪੱਲੀ, ਨੌਕਾ, ਮੋਹਰੇ, ਮੁਖੜੇ, ਤਿਹਾਈਆਂ, ਟੁਕੜੇ, ਪੇਸ਼ਕਾਰੇ, ਉਠਾਨ ਅਤੇ ਲੜੀ, ਲੱਗੀ, ਪਰਨਾ ਆਦਿ ਸਿਖਾਈਆਂ ਅਤੇ ਵਜਾਈਆਂ ਜਾਂਦੀਆਂ ਹਨ।
ਤਾਲ ਦੇ ਦਸ ਪ੍ਰਾਣ (ਪ੍ਰਮੁੱਖ ਸਿੱਧਾਂਤ) ਮੰਨੇ ਜਾਂਦੇ ਹਨ ਜਿਵੇਂ ਕਾਲ, ਕ੍ਰਿਆ, ਕਲਾ, ਮਾਰਗ, ਅੰਗ, ਪ੍ਰਸਤਾਰ, ਜਾਤੀ, ਗ੍ਰਹਿ, ਲਯ, ਗਤੀ। ਇਨ੍ਹਾਂ ਵਿਚੋਂ ਮਾਰਗ, ਅੰਗ, ਜਾਤੀ ਅਤੇ ਪ੍ਰਸਤਾਰ ਦੱਖਣੀ ਤਾਲ ਪ੍ਰਣਾਲੀ ਵਿਚ ਪ੍ਰਯੋਗ ਕੀਤੇ ਜਾਂਦੇ ਹਨ।
ਪ੍ਰਚੱਲਤ ਤਾਲਾਂ ਨੂੰ ਪੰਜ ਗੀਤ ਸ਼ੈਲੀਆਂ ਵਿਚ ਵੰਡਿਆ ਗਿਆ ਹੈ:–
1. ਧਰੁਪਦ ਅੰਗ ਦੇ ਤਾਲ-ਚਾਰਤਾਲ, ਆੜਾਚੌਤਾਲ, ਸੂਲਤਾਲ, ਧਮਾਰ, ਤੀਵਰਾ, ਝੰਪਾ, ਬ੍ਰਹਮਤਾਲ, ਰੁਦਰ ਤਾਲ ਆਦਿ।
2. ਖ਼ਿਆਲ ਅੰਗ ਦੇ ਤਾਲ-ਤਲਵਾੜਾ, ਆੜਾਚੌਤਾਲ, ਏਕਤਾਲ, ਝੂਮਰਾ ਆਦਿ।
3. ਟੱਪਾ ਅੰਗ ਦੇ ਤਾਲ – ਪੰਜਾਬੀ ਤਾਲ, ਜਤਤਾਲ ਆਦਿ
4. ਠੁਮਰੀ ਅੰਗ ਦੇ ਤਾਲ – ਦੀਪਚੰਦੀ, ਤੀਨਤਾਲ, ਕਹਿਰਵਾ ਆਦਿ।
5. ਸੁਗਮ ਸੰਗੀਤ ਦੇ ਤਾਲ - ਕਹਿਰਵਾ, ਦਾਦਰਾ, ਰੂਪਕ, ਧੁਮਾਲੀ, ਪਸ਼ਤੋ ਆਦਿ। ਗਾਇਲ, ਵਾਦਨ ਅਤੇ ਨਿਰਤ ਦੀਆਂ ਵੱਖ ਵੱਖ ਸ਼ੈਲੀਆਂ ਵਾਸਤੇ ਵੱਖ-ਵੱਖ ਤਾਲਾਂ ਦੀ ਰਚਨਾ ਹੋਈ ਪਰੰਤੂ ਅਨੇਕਾਂ ਸਮਾਨ ਮਾਤਰਾਂ ਵਾਲੇ ਤਾਲਾਂ ਦੀ ਪਿੱਠ-ਭੂਮੀ ਵਿਚ ਵੀ ਇਹ ਕਾਰਣ ਪ੍ਰਮੁੱਖ ਹੈ ਜਿਵੇਂ – ਧਰੁਪਦ ਵਰਗੀ ਗੰਭੀਰ ਸ਼ੈਲੀ ਲਈ 12 ਮਾਤਰਾਂ ਦਾ ਚਾਰਤਾਲ ਪ੍ਰਯੋਗ ਕੀਤਾ ਜਾਂਦਾ ਹੈ ਪਰੰਤੂ ਖਿਆਲ ਵਰਗੀ ਸ਼ਿੰਗਾਰ ਸ਼ੈਲੀ ਲਈ 12 ਮਾਤਰਾ ਦਾ ਏਕਤਾਲ ਪ੍ਰਯੋਗ ਹੁੰਦਾ ਹੈ। ਇਹੀ ਅੰਤਰ 10 ਮਾਤਰਾ, 14 ਮਾਤਰਾ ਅਤੇ 16 ਮਾਤਰਾ ਵਾਲੇ ਸਮਾਨ ਮਾਤਰਾ ਤਾਲਾਂ ਵਿਚ ਪਾਇਆ ਜਾਂਦਾ ਹੈ। ਸੋ ਗੀਤ ਤੇ ਗਤੀ ਸ਼ੈਲੀਆਂ ਦੀ ਭਿੰਨਤਾ ਦਾ ਮੂਲ ਕਾਰਨ ਹੈ।
ਸਰੋਤਿਆਂ ਦੀ ਰੁਚੀ ਦਾ ਮਨੋਵਿਸ਼ਲੇਸ਼ਣ ਕਰਨ ਤੋਂ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਥੋੜ੍ਹੀਆਂ ਮਾਤਰਾ ਵਾਲੇ (ਛੋਟੇ ਤਾਲਾਂ) ਤਾਲਾਂ ਦੀਆਂ ਸੰਗੀਤਕ ਰਚਨਾਵਾਂ ਆਮ ਲੋਕਾਂ ਵਿਚ ਵਧੇਰੇ ਲੋਕਪ੍ਰਿਯ ਹਨ। ਛੇ ਮਾਤਰਾ ਵਾਲੇ, ਸੱਤ ਮਾਤਰਾ ਵਾਲੇ, ਅੱਠ ਮਾਤਰਾ ਵਾਲੇ ਅਤੇ ਦਸ ਮਾਤਰਾ ਵਾਲੇ ਤਾਲਾਂ ਦੀਆਂ ਗੀਤ ਸ਼ੈਲੀਆਂ ਨੂੰ ਬਹੁ-ਗਿਣਤੀ ਲੋਕ ਪਸੰਦ ਕਰਦੇ ਹਨ ; ਜਿਵੇਂ ਲੋਕ ਗੀਤ, ਫ਼ਿਲਮੀ ਗੀਤ, ਗ਼ਜ਼ਲ, ਸ਼ਬਦ ਅਤੇ ਭਜਨ ਆਦਿ ਪ੍ਰੰਤੂ ਬਹੁਤੀਆਂ ਮਾਤਰਾ ਵਾਲੇ (ਵੱਡੇ ਤਾਲਾਂ) ਤਾਲਾਂ ਦੀਆਂ ਸੰਗੀਤਕ ਰਚਨਾਵਾਂ ਨੂੰ ਕੇਵਲ ਇਕ ਵਰਗ ਵਿਸ਼ੇਸ਼ ਦੇ ਲੋਕ ਹੀ ਪਸੰਦ ਕਰਦੇ ਹਨ ਜਿਵੇਂ 12 ਮਾਤਰਾ, 14 ਮਾਤਰਾ ਅਤੇ 16 ਮਾਤਰਾ ਵਾਲੇ ਤਾਲਾਂ ਦੀਆਂ ਰਚਨਾਵਾਂ ਕ੍ਰਮ ਅਨੁਸਾਰ ਧਰੁਪਦ, ਖਿਆਲ, ਟੱਪਾ ਠੁਮਰੀ ਨੂੰ ਪਸੰਦ ਕਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ।
ਉੱਤਰੀ ਸੰਗੀਤ ਪ੍ਰਣਾਲੀ ਦੇ ਪ੍ਰਮੁੱਖ ਤਾਲਾਂ ਦਾ ਸੰਖੇਪ ਵੇਰਵਾ :–
ਨਾਮ ਮਾਤਰਾ ਤਾਲੀ ਖਾਲੀ ਵਿਭਾਗ ਵੰਡ ਕੇ ਕੁਲ ਵਿਭਾਗ
1. ਦਾਦਰਾ =6 1 ਮਾਤਰਾ ਤੇ 4 ਮਾਤਰਾ ਤੇ 3+3 = (2)
2. ਰੂਪਕ =7 1,4 1 3+2+2 = (3)
3. ਤੀਵਰਾ =7 1,4,6 X 3+2+2 = (3)
4. ਕਹਿਰਵਾ =8 1 5 4+4 = (2)
5. ਧੁਮਾਲੀ =8 1,3,7 5 2+2+2+2 = (4)
6. ਝਪਤਾਲ =10 1,3,8 6 2+3+2+3 =(4)
7.ਸ਼ੂਲਤਾਲ =10 1,5,7 3,9 2+2+2+2+2 = (5)
8. ਏਕਤਾਲ =12 1,5,9,11 3,7 2+2+2+2+2+2 = (6)
9. ਚਾਰਤਾਲ =12 1,5,9,11 3,7 2+2+2+2+2+2 = (6)
10. ਧਮਾਰ =14 1,6,11 8 5+2+3+4 = (4)
11. ਆੜਾਚੌਤਾਲ =14 1,3,7,11 5,9,13 2+2+2+2+2+2+2 =(7)
12. ਝੁਮਰਾ =14 1,4,11 8 3+4+3+4 = (4)
13. ਦੀਪਚੰਦੀ = 14 1,4,11 8 3+4+3+4 =(4)
14. ਯਤੀਸ਼ੇਖਰ = 15 1,2,4,6,7,8 X 1+2+2+1+1+2+1+1+2
10,11,12,14 +2 = (10)
15.ਚਿੱਤਰਾ =15 1,3,6,10 14 2+3+4+2 = (5)
16.ਸਵਾਰੀ =15 1,4,8,12 (6,10,14) 3+2+2+2+2+2+2 =(7)
17. ਤੀਨਤਾਲ =16 1,5,13 9 4+4+4+4 =(4)
18. ਪੰਜਾਬੀ = 16 1,5,13 9 4+4+4+4 = (4)
19. ਤਲਵਾੜਾ = 16 1,5,13 9 4+4+4+4 =(4)
20. ਸਿਖ਼ਰ = 17 1,13,15 7 6+6+2+3 = (4)
21. ਵਿਸ਼ਣੂ =17 1,3,6,10 14 2+3+4+4+4 = (5)
22. ਮਤਤਾਲ =18 1,5,7,11,13 (3,9,17) 2+2+2+2+2+2+2++2+2
15 = (9)
23.ਲਖਸ਼ਮੀ ਤਾਲ =18 1,2,3,5,6,7, (4,8,18) 1X18 = (18)
9, 10,11,12,13 14,15
24. ਬ੍ਰਹਮਤਾਲ = 28 1,5,7,11,13, (3,9,17,27 ) 2X14 = (28) 15,19, 21,23,25
ਦੱਖਣੀ ਤਾਲ ਪ੍ਰਣਾਲੀ – ਉੱਤਰੀ ਅਤੇ ਦੱਖਣੀ ਤਾਲ ਪ੍ਰਣਾਲੀ ਵਿਚ ਕਾਫ਼ੀ ਅੰਤਰ ਹੈ। ਦੋਹਾਂ ਦੇ ਤੁਲਨਾਤਮਕ ਅਧਿਐਨ ਤੋਂ ਨਿਮਨ ਲਿਖਤ ਮਤਭੇਦ ਸਪਸ਼ਟ ਹੁੰਦੇ ਹਨ :
1. ਦੱਖਣੀ ਤਾਲ ਪ੍ਰਣਾਲੀ ਵਿਚ ‘ਲਘੂ’ ਦੀਆਂ ਮਾਤਰਾ ਜਾਤੀ ਭੇਦ ਅਨੁਸਾਰ ਬਦਲ ਜਾਂਦੀਆਂ ਹਨ, ਪਰ ਉੱਤਰੀ ਪ੍ਰਣਾਲੀ ਵਿਚ ਅਜਿਹਾ ਕੋਈ ਚਿੰਨ੍ਹ ਨਹੀਂ।
2. ਦੱਖਣੀ ਤਾਲਾਂ ਵਿਚ ‘ਖਾਲੀ’ ਨਹੀਂ ਹੁੰਦੀ, ਇਸ ਕਰਕੇ ਜਿਤਨੇ ਚਿੰਨ੍ਹ ਹੁੰਦੇ ਹਨ, ਉਤਨੀਆਂ ਤਾਲੀਆਂ (ਥਾਪ) ਜਾਂ ਭਰੀਆਂ ਹੁੰਦੀਆਂ ਹਨ, ਪਰੰਤੂ ਉੱਤਰੀ ਤਾਲਾਂ ਵਿਚ ‘ਖਾਲੀ’ ਦਾ ਚਿੰਨ੍ਹ ਜ਼ਰੂਰੀ ਹੈ। ਇਸ ਕਰਕੇ ਇਸ ਵਿਚ ਸਮ, ਤਾਲੀ, ਖਾਲੀ ਦੇ ਆਧਾਰ ਤੇ ਚਿੰਨ੍ਹ ਅਤੇ ਵਿਭਾਗ ਬਣਦੇ ਹਨ।
3. ਦੱਖਣੀ ਪ੍ਰਣਾਲੀ ਵਿਚ ਪ੍ਰਮੁੱਖ ਤਾਲਾਂ ਵਿਚ ਸੰਖਿਆ ਸੱਤ ਹੈ ਪਰ ਉੱਤਰੀ ਤਾਲਾਂ ਦੀ ਸੰਖਿਆ 300 ਤੋਂ ਉਪਰ ਹੈ ਜਿਸ ਵਿਚੋਂ 20/25 ਤਾਲ ਹੀ ਲੋਕ-ਪ੍ਰਿਯ ਹਨ।
4. ਦੱਖਣੀ ਤਾਲਾਂ ਦੀਆਂ ਪੰਜ ਪੰਜ ਜਾਤੀਆਂ ਅਨੁਸਾਰ 5X7 35 ਤਾਲ ਸੰਖਿਆ ਜਾਤੀ-ਭੇਦ ਅਨੁਸਾਰ ਬਣਦੀ ਹੈ, ਪਰ ਉੱਤਰੀ ਪ੍ਰਣਾਲੀ ਵਿਚ ਤਾਲਾਂ ਦੀਆਂ ਜਾਤੀਆਂ ਨਹੀਂ ਹੁੰਦੀਆਂ।
5. ਦੱਖਣੀ ਤਾਲਾਂ ਦੇ ਪੰਜ ਪੰਜ ਗਤੀ-ਭੇਦ ਹੋਣ ਕਰਕੇ ਤਾਲਾਂ ਦੀ ਕੁਲ ਸੰਖਿਆ 5X33 = 175 ਬਣਦੀ ਹੈ, ਪਰੰਤੂ ਉੱਤਰੀ ਤਾਲ ਪ੍ਰਣਾਲੀ ਵਿਚ ‘ਗਤੀ-ਭੇਦ’ ਦਾ ਕੋਈ ਸਿਧਾਂਤ ਨਹੀਂ, ਹਰੇਕ ਤਾਲ ਵਿਲੰਬਤ, ਮੱਧ ਤੇ ਦਰੁੱਤ ਲੈਅ ਵਿਚ ਵਜਾਇਆ ਜਾ ਸਕਦਾ ਹੈ।
ਸੋ ਸਪਸ਼ਟ ਹੈ ਕਿ ‘‘ਦੋਹਾਂ ਪ੍ਰਣਾਲੀਆਂ ਦੇ ਤਾਲ ਸਮ ਤੋਂ ਆਰੰਭ ਹੁੰਦੇ ਹਨ’’ ਇਸ ਨੁਕਤੇ ਤੋਂ ਇਲਾਵਾ ਹੋਰ ਕੋਈ ਵੀ ਸਮਾਨਤਾ ਨਹੀਂ ਹੈ, ਨਾ ਮਾਤਰਾ ਪੱਖੋਂ, ਨਾ ਸਮਤਾਲੀ, ਖ਼ਾਲੀ ਪੱਖ ਤੋਂ ਤੇ ਨਾ ਹੀ ਬੋਲਾਂ ਦੇ ਪੱਖ ਤੋਂ।
ਦੱਖਣੀ (ਕਰਨਾਟਕੀ) ਤਾਲ ਪੱਧਤੀ,
ਤਾਲ-ਲਿਪੀ ਦੇ ਚਿੰਨ੍ਹ ਇਸ ਪ੍ਰਕਾਰ ਹਨ–
1. ਮਾਤਰਾ (ਅਣੂ ਦਰੁੱਤ ਜਾਂ ਵਿਰਾਮ) ਚਿੰਨ੍ਹ
2. ਮਾਤਰਾ (ਦਰੁੱਤ) ੦
4. ਮਾਤਰਾ (ਲਘੂ) 1
8. ਮਾਤਰਾ (ਗੁਰੂ)
12. ਮਾਤਰਾ (ਪਲੁਤ) 3
16. ਮਾਤਰਾ (ਕਾਕਪਦ) X
ਉਪਰੋਕਤ ਚਿੰਨ੍ਹਾਂ ਵਿਚੋਂ ਪ੍ਰਥਮ ਤਿੰਨ ਚਿੰਨ੍ਹ ਗਾਇਨ ਤੇ ਵਾਦਨ ਵਿਚ ਪ੍ਰਯੋਗ ਕੀਤੇ ਜਾਂਦੇ ਹਨ ਅਤੇ ਆਖ਼ਰੀ ਤਿੰਨ ਚਿੰਨ੍ਹਾਂ ਦਾ ਪ੍ਰਯੋਗ, ਦੱਖਣੀ ਨਿਰਤ ਵਿਚ ਪ੍ਰਯੋਗ ਹੋਣ ਵਾਲੀਆਂ 108 ਤਾਲਾਂ ਵਿਚ ਕੀਤਾ ਜਾਂਦਾ ਹੈ।
੦ ‘ਲਘੂ’ ਸਾਰੇ ਚਿੰਨ੍ਹਾਂ ਮਹੱਤਵਪੂਰਨ ਹੈ ਕਿਉਂਕਿ ਇਸ ਦੀਆਂ ਮਾਤਰਾਂ ਜਾਤੀ ਭੇਦ ਅਨੁਸਾਰ ਬਦਲਦੀਆਂ ਰਹਿੰਦੀਆਂ ਹਨ ਜਿਵੇਂ :–
1. ਚਤੁਸਤਰ ਜਾਤੀ ਵਿਚ ‘ਲਘੂ’ ਦੀਆਂ ‘ਚਾਰ’ ਮਾਤਰਾਂ ਮੰਨੀਆਂ ਜਾਂਦੀਆਂ ਹਨ।
2. ਤਿਸਤਰ ਜਾਤੀ ਵਿਚ ‘ਲਘੂ’ ਦੀਆਂ ‘ਤਿੰਨ’ ਮਾਤਰਾਂ ਮੰਨੀਆਂ ਜਾਂਦੀਆਂ ਹਨ।
3. ਖੰਡ ਜਾਤੀ ਲਈ ‘ਲਘੂ’ ਦੀਆਂ ‘ਪੰਜ’ ਮਾਤਰਾਂ ਮੰਨੀਆਂ ਜਾਂਦੀਆਂ ਹਨ।
4. ਮਿਸਰ ਜਾਤੀ ਵਿਚ ‘ਲਘੂ’ ਦੀਆਂ ‘ਸੱਤ’ ਮਾਤਰਾਂ ਮੰਨੀਆਂ ਜਾਂਦੀਆਂ ਹਨ।
5. ਸੰਕੀਰਣ ਜਾਤੀ ਵਿਚ ‘ਲਘੂ’ ਦੀਆਂ ‘ਨੌ’ ਮਾਤਰਾਂ ਮੰਨੀਆਂ ਜਾਂਦੀਆਂ ਹਨ।
* ਤਾਲ ਦੇ ਬੋਲ ਵੀ ‘ਜਾਤੀ-ਭੇਦ’ ਅਨੁਸਾਰ ਨਿਸ਼ਚਿਤ ਹਨ ਜਿਵੇਂ:–
1. ਚਤਸਤਰ ਜਾਤੀ ਦੇ ਬੋਲ (ਚਾਰ ਮਾਤਰਾਂ) ‘ਤਕ ਧਿਨ’
2. ਤਿਸਤਰ ਜਾਤੀ ਦੇ ਬੋਲ (ਤਿੰਨ ਮਾਤਰਾ) ‘ਤਕਿਟ’
3. ਖੰਡ ਜਾਤੀ ਦੇ ਬੋਲ (ਪੰਜ ਮਾਤਰਾ) ‘ਤਕਿਟ ਕਿਟ’
4. ਮਿਸ਼ਰ ਜਾਤੀ ਦੇ ਬੋਲ (ਸੱਤ-- ਮਾਤਰਾ) ‘ਤਕਧਿਨ ਤਕਿਟ’
5. ਸੰਕੀਰਣ ਜਾਤੀ ਦੇ ਬੋਲ (ਨੌ ਮਾਤਰਾ) ‘ਤਕਧਿਨ ਤਕ ਤਕਿਟ’
ਸੱਤ ਤਾਲਾਂ ਦੇ ਜਾਤੀ ਭੇਦ ਅਨੁਸਾਰ (35) ਪ੍ਰਕਾਰ
ਤਾਲ ਨਾਮ ਜਾਤੀ ਭੇਦ ਤਾਲ ਚਿੰਨ੍ਹ ਮਾਤਰਾ ਵਿਭਾਗ ਕੁਲ ਮਾਤਰਾ
1. ਧਰੁਵ ਤਾਲ ਚਤੁਸਤਰ 1401414 4+2+4+4 = 14 ਤਿਸਤਰ 1301313 3+2+3+3 = 11
ਮਿਸ਼ਰ 170177 7+2+7+7 = 23
ਖੰਡ 150155 5+2+5+5 = 17
ਸੰਕੀਰਣ 1901909 9+2+9+9 = 29
2. ਮਠ ਤਾਲ ਚਤੁਸਤਰ 14014 4+2+4 = 10
ਤਿਸਤਰ 13013 3+2+3 = 9
ਮਿਸ਼ਰ 17017 7+2+7 = 16
ਖੰਡ 15015 5+2+5 = 12
ਸੰਕੀਰਣ 19019 9+2+9 = 20
3. ਰੂਪਕ ਤਾਲ ਚਤੁਸਤਰ 140 4+2 = 6
ਤਿਸਤਰ 130 3+2 = 5
ਮਿਸ਼ਰ 170 7+2 = 9
ਖੰਡ 150 5+2 = 7
ਸੰਕੀਰਣ 190 9+2 = 11
4. ਝਪਤਾਲ ਚਤੁਸਤਰ 140 4+1+2 =7
ਤਿਸਤਰ 130 3+1+2 = 6
ਮਿਸ਼ਰ 170 7+1+2 = 10
ਖੰਡ 150 5+1+2 = 8
ਸੰਕੀਰਣ 190 9+1+2 = 12
5. ਤਿਰਪੁਨ ਤਾਲ ਚਤੁਸਤਰ 1400 4+2+2 = 8
ਤਿਸਤਰ 1300 3+2+2 = 7
ਮਿਸ਼ਰ 1700 7+2+2 = 11
ਖੰਡ 1500 5+2+2 = 9
ਸੰਕੀਰਣ 1900 9+2+2 = 13
6. ਅੱਠਤਾਲ ਚਤੁਸਤਰ 141400 4+4+2+2 =12
ਤਿਸਤਰ 131300 3+3+2+2 = 10
ਮਿਸ਼ਰ 171700 7+7+2+2 = 18
ਖੰਡ 151500 5+5+2+2 = 14
ਸੰਕੀਰਣ 191900 9+9+2+2 = 22
7. ਏਕਤਾਲ ਚਤੁਸਤਰ 14 4 = 4
ਤਿਸਤਰ 13 3 = 3
ਮਿਸ਼ਰ 17 7 = 7
ਖੰਡ 15 5 = 5
ਸੰਕੀਰਣ 19 9 = 9
‘ਪੰਜਗਤੀ-ਭੇਦ’ ਅਨੁਸਾਰ (ਅੱਠ ਤਾਲ’ ਦੇ (25) ਪ੍ਰਕਾਰ ਇਸ ਤਰ੍ਹਾਂ ਬਣਦੇ ਹਨ:
ਜਾਤੀ ਮਾਤਰਾ ਚਤੁਸਤਰ ਤਿਸਤਰ ਮਿਸ਼ਰ ਖੰਡ ਸੰਕਰੀਣ
ਨੋਟ : ਉਪਰੋਕਤ ਸਾਰੇ ਤਾਲ ਚਤੁਸਤਰ ਜਾਤੀ ਵਿਚ ਦਿੱਤੇ ਗਏ ਹਨ। ਜੇਕਰ ਇਨ੍ਹਾਂ ਤਾਲਾਂ ਨੂੰ ਤਿਸਤਰ ਜਾਤੀ ਵਿਚ -3, ਤਿਸਤਰ ਜਾਤੀ ਵਿਚ =7, ਖੰਡ ਜਾਤੀ ਵਿਚ =5, ਅਤੇ ਸੰਕੀਰਣ ਵਿਚ – ਲਘੂ ਦੀਆਂ = 9 ਮਾਤਰਾ ਮੰਨ ਕੇ ਲਿਖੀਏ ਤਾਂ ਸਾਰੇ ਤਾਲਾਂ ਦੀਆਂ ਮਾਤਰਾਂ ਅਤੇ ਚਿੰਨ੍ਹ ਜਾਂ ਵਿਭਾਗ ਬਦਲ ਜਾਣਗੇ।
ਉੱਤਰੀ ਪ੍ਰਣਾਲੀ ਦੇ ਸਰਲ ਸੰਗੀਤ ਵਿਚ ਸਭ ਤੋ ਵੱਧ ਵਰਤੇ ਜਾਣ ਵਾਲੇ ਲੋਕ-ਪ੍ਰਿਯ ਤਾਲ :
1. ਤਾਲ : ਦਾਦਰਾ । ਧਾ ਧਿੰ ਨਾ । ਧਾ ਤਿੰਨ ਨਾ ।
2. ਤਾਲ : ਰੂਪਕ । ਤੀ ਤੀ ਨਾ । ਧੀ ਨਾ । ਧੀ ਨਾ ।
3. ਤਾਲ : ਕਹਿਰਵਾ । ਧਾ ਗੇ ਨਾ ਤੀ । ਨਾ ਕੇ ਧਿੰ ਨਾ ।
ਸ਼ਾਸਤਰੀ ਸੰਗੀਤ ਵਿਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਤਾਲ :
1. ਝੱਪਤਾਲ : । ਧੀ ਨਾ । ਧੀ ਧੀ ਨਾ । ਤੀ ਨਾ । ਧੀ ਧੀ ਨਾ ।
2. ਏਕਤਾਲ : । ਧਿੰ ਧਿੰ । ਧਾਗੇ ਤਿਰਕਿਟ । ਤੂ ਨਾ ।ਕੱ ਤਾ । ਧਾਗੇ ਤਿਰਕਿਟ ਧੀ ਨਾ ।
3. ਤੀਨਤਾਲ । ਧਾ ਧਿੰ ਧਿੰ ਧਾ । ਧਾ ਧਿੰ ਧਿੰ ਧਾ। ਧਾ ਤਿੰ ਤਿੰ ਤਾ। ਤਾ ਧਿੰ ਧਿੰ ਧਾ ।
ਨੋਟ : ਵਾਦਯ ਸੰਗੀਤ ਅਤੇ ਨਿਰਤ ਸੰਗੀਤ ਵਿਚ ਵੀ ਸਭ ਤੋਂ ਵੱਧ ਵਰਤੇ ਜਾਣ ਵਾਲੇ ਤਾਲ ਕਹਿਰਵਾ ਅਤੇ ਤੀਨਤਾਲ ਹਨ। ਸੋ ਭਾਰਤੀ ਸੰਗੀਤ ਦੀਆਂ ਵੱਖ ਵੱਖ ਸ਼ੈਲੀਆਂ ਵਿਚ ਤਾਲ ਦੀ ਭੂਮਿਕਾ ਸੰਗਤ ਅਤੇ ਸਹਿਯੋਗ ਵਾਲੀ ਹੈ। ਕੇਵਲ ਸੁਤੰਤਰ ਵਾਦਨ (ਸੋਲੋ) ਵਿਚ ਇਸ ਦੀ ਪ੍ਰਵ੍ਰਿਤੀ ਕਲਾਤਮਕ- ਪ੍ਰਦਰਸ਼ਨ ਦੀ ਹੁੰਦੀ ਹੈ। ਮੂਲ ਰੂਪ ਵਿਚ ‘ ਸੰਗੀਤ ਦੀ ਸੰਗਤ’, ਤਾਲ ਅਤੇ ਤਾਲ ਵਾਦਯ ਨਾਲ ਕਰਨੀ ਆਪਣੇ ਆਪ ਵਿਚ ਸਹੁਜਮਈ ਕ੍ਰਿਆ ਹੈ ਜਿਸ ਦਾ ਮੂਲ ਮਨੋਰਥ ਆਨੰਦ ਪ੍ਰਾਪਤੀ, ਰਸ ਜਾਂ ਮਨੋਰੰਜਨ ਹੈ। ਇਹ ਤਦ ਹੀ ਮਿਲਦਾ ਹੈ ਜੋ ‘ਸੰਗਤ-ਵਾਦਕ ਸਹਿਯੋਗੀ ਪ੍ਰਵ੍ਰਿਤੀ ਦਾ ਹੋਵੇ।
ਲੇਖਕ : ਦਰਸ਼ਨ ਸਿੰਘ ਨਰੂਲਾ ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9149, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-15-12-54-28, ਹਵਾਲੇ/ਟਿੱਪਣੀਆਂ:
ਤਾਲ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਤਾਲ : ਸੰਗੀਤ ਵਿਚ ਤਾਲ ਮਹੱਤਵਪੂਰਨ ਸਥਾਨ ਹੈ। ਇਹ ਸੰਗੀਤ ਰੂਪੀ ਭਵਨ ਦਾ ਇਕ ਪ੍ਰਮੁੱਖ ਥੰਮ੍ਹ ਹੈ। ਤਾਲ ਸ਼ਬਦ ਦੀ ਉਤਪਤੀ ‘ਤਲ’ ਧਾਤੂ ਤੋਂ ਹੋਈ ਹੈ। ‘ਤਲ’ ਤੋਂ ਭਾਵ ਹੈ ਆਧਾਰ। ਸੰਗੀਤ ਰਤਨਾਕਰ ਅਨੁਸਾਰ ਤਾਲ ਦਾ ਅਰਥ ਹੈ ਜਿਸ ਦੇ ਨਾਲ ਗਾਇਨ, ਵਾਦਨ ਅਤੇ ਨਰਿਤ ਨੂੰ ਪ੍ਰਤਿਸ਼ਠਾ ਪ੍ਰਾਪਤ ਹੋਵੇ। ਪ੍ਰਤਿਸ਼ਠਾ ਤੋਂ ਭਾਵ ਹੈ ਆਧਾਰ ਦੇਣਾ, ਸਥਿਰਤਾ ਪ੍ਰਦਾਨ ਕਰਨਾ, ਕਾਇਦੇ ਵਿਚ ਕਰਨਾ ਆਦਿ। ਤਾਲ ਯੰਤਰਾਂ ਦੁਆਰਾ ਸੰਗੀਤ ਖੇਤਰ ਦੀਆਂ ਵੱਖ ਵੱਖ ਕਲਾਵਾਂ ਦੇ ਸਮੇਂ ਜਾਂ ਕਾਲ ਨੂੰ ਮਾਪਿਆ ਜਾਂਦਾ ਹੈ। ਗਾਉਣ, ਵਜਾਉਣ ਅਤੇ ਨੱਚਣ ਦੀ ਕ੍ਰਿਆ ਵਿਚ ਜੋ ਸਮਾਂ ਲੱਗਦਾ ਹੈ ਉਸ ਸਮੇਂ ਜਾਂ ਕਾਲ ਨੂੰ ਮਾਪਣ ਦੇ ਪੈਮਾਨੇ ਨੂੰ ਤਾਲ ਕਿਹਾ ਜਾਂਦਾ ਹੈ। ਤਾਲ ਇਕ ਅਜਿਹਾ ਸਾਧਨ, ਮਾਧਿਅਮ ਜਾਂ ਢੰਗ ਹੈ ਜਿਸ ਦੁਆਰਾ ਅਸੀਂ ਗਾਉਣ , ਵਜਾਉਣ ਦੀ ਕ੍ਰਿਆ ਵਿਚ ਲੱਗੇ ਸਮੇਂ ਨੂੰ ਮਾਪ ਸਕਦੇ ਹਾਂ। ਇਸ ਕਾਲ ਨੂੰ ਮਾਪਣ ਦੇ ਪੈਮਾਨੇ ਨੂੰ ਤਾਲ ਕਿਹਾ ਜਾਂਦਾ ਹੈ। ਤਾਲ ਦੀ ਗਤੀ ਨੂੰ ਲੈਅ ਕਿਹਾ ਜਾਂਦਾ ਹੈ। ਲੈਅ ਤੇ ਮਾਤਰਾ ਦਾ ਸਮੂਹ ਹੀ ਤਾਲ ਅਖਵਾਉਂਦਾ ਹੈ।
ਸੰਗੀਤ ਸ਼ਾਸਤਰੀਆਂ ਨੇ ਤਾਲ ਦੇ ਕਾਲ, ਮਾਰਗ, ਕ੍ਰਿਆ, ਅੰਗ, ਗ੍ਰੇਹ, ਜਾਤੀ, ਕਲਾ, ਲੈਆ, ਯਾਤੀ, ਪ੍ਰਸਤਾਰ ਆਦਿ ਦਸ ਪ੍ਰਾਣ ਸਵੀਕਾਰ ਕੀਤੇ ਹਨ। ਤਾਲ ਨੂੰ ਆਮ ਭਾਸ਼ਾ ਵਿਚ ਠੇਕਾ ਵੀ ਕਿਹਾ ਜਾਂਦਾ ਹੈ। ਹਰ ਤਾਲ ਦੀਆਂ ਕੁਝ ਮਾਤਰਾ ਨਿਸ਼ਚਿਤ ਹੁੰਦੀਆਂ ਹਨ । ਉਨ੍ਹਾਂ ਮਾਤਰਾਵਾਂ ਦੇ ਸਮੂਹ ਨੂੰ ਹੀ ਤਾਲ ਅਥਵਾ ਠੇਕਾ ਕਿਹਾ ਜਾਂਦਾ ਹੈ। ਤਾਲ ਦੇ ਮਾਪਣ ਦੇ ਸਾਧਨ ਨੂੰ ਮਾਤਰਾ ਕਿਹਾ ਜਾਂਦਾ ਹੈ। ਮਾਤਰਾ ਇਕ ਇਕਾਈ (ਯੂਨਿਟ) ਹੈ। ਕੁਝ ਇਕਾਈਆਂ ਦਾ ਸਮੂਹ ਹੀ ਤਾਲ ਦਾ ਰੂਪ ਧਾਰਨ ਕਰ ਲੈਂਦਾ ਹੈ।
ਹਰ ਤਾਲ ਦੀ ਪਛਾਣ ਲਈ ਕੋਈ ਨਾ ਕੋਈ ਨਾਂ ਰਖਿਆ ਜਾਂਦਾ ਹੈ ਜਿਵੇਂ ਛੇ ਮਾਤਰਾਵਾਂ ਦੋ ਤਾਲ ਨੂੰ ਦਾਦਰਾ ਤਾਲ ਕਿਹਾ ਜਾਂਦਾ ਹੈ। ਕਿਸੇ ਵੀ ਤਾਲ ਦੀਆਂ ਸਾਰੀਆਂ ਮਾਤਰਾਵਾਂ ਦੇ ਸਮੂਹ ਨੂੰ ਚਕਰ ਜਾਂ ਆਵਰਤਨ ਕਿਹਾ ਜਾਂਦਾ ਹੈ। ਤਾਲ ਦੇ ਇਕ ਆਵਰਤਨ ਦੇ ਬੋਲਾਂ ਦੇ ਸਮੂਹ ਨੂੰ ਜਦੋਂ ਕਿਸੇ ਤਾਲ ਯੰਤਰ ਤੇ ਵਜਾਇਆ ਜਾਂਦਾ ਹੈ ਤਾਂ ਉਸ ਨੂੰ ਠੇਕਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਹਰ ਤਾਲ ਜਾਂ ਠੇਕੇ ਦੀ ਮਾਤਰਾਵਾਂ ਦੀ ਸੰਖਿਆ ਭਿੰਨ ਭਿੰਨ ਹੁੰਦੀ ਹੈ ਅਤੇ ਤਾਲ ਸਾਜ਼ ਉੱਤੇ ਵਜਾਏ ਜਾਣ ਵਾਲੇ ਬੋਲ ਵੀ ਭਿੰਨ ਹੁੰਦੇ ਹਨ। ਕਈ ਤਾਲਾਂ ਦੀ ਮਾਤਰਾ ਸੰਖਿਆ ਸਮਾਨ ਵੀ ਹੁੰਦੀ ਹੈ ਪਰ ਉਨ੍ਹਾਂ ਦੇ ਬੋਲ ਪ੍ਰਯੋਗ ਵਿਧੀ ਅਤੇ ਨਾਂ ਆਦਿ ਇਕ ਦੂਜੇ ਤੋਂ ਭਿੰਨ ਹੁੰਦੇ ਹਨ। ਤਾਲ ਦੇ ਪ੍ਰਥਮ ਬੋਲ ਅਥਵਾ ਮਾਤਰਾ ਨੂੰ ‘ਸਮ’ ਕਿਹਾ ਜਾਂਦਾ ਹੈ। ਹਰੇਕ ਤਾਲ ਦੇ ਵੱਖ ਵੱਖ ਭਾਗ ਹੁੰਦੇ ਹਨ । ਉਨ੍ਹਾਂ ਭਾਗਾਂ ਨੂੰ ਦੱਸਣ ਲਈ ਤਾਲੀ ਜਾਂ ਖਾਲੀ ਦਾ ਨਿਸ਼ਾਨ ਅਥਵਾ ਇਸ਼ਾਰਾ ਪ੍ਰਯੋਗ ਕੀਤਾ ਜਾਂਦਾ ਹੈ। ਕਿਸੇ ਵੀ ਤਾਲ ਦੇ ਕਿਸੇ ਭਾਗ ਦੀ ਪਹਿਲੀ ਮਾਤਰਾ ਤੇ ਤਾਲੀ ਜਾਂ ਖਾਲੀ ਦਾ ਚਿੰਨ੍ਹ ਲਗਾਇਆ ਜਾਂਦਾ ਹੈ ਅਤੇ ਹੱਥ ਨਾਲ ਤਾਲੀ ਵਜਾ ਕੇ ਸਪਸ਼ਟ ਕੀਤਾ ਜਾਂਦਾ ਹੈ। ਇਸ ਕਰ ਕੇ ਇਸ ਨੂੰ ਤਾਲੀ ਜਾਂ ਭਰੀ ਕਹਿੰਦੇ ਹਨ। ਤਲ ਤੋਂ ਤਾਲੀ ਅਤੇ ਤਾਲੀ ਤੋਂ ਤਾਲ ਸ਼ਬਦ ਦੀ ਉਤਪਤੀ ਹੋਈ ਜਾਪਦੀ ਹੈ। ਹਕੀਕਤ ਵਿਚ ਤਾਲ ਸੰਗੀਤ ਦੀ ਰੂਹ ਅਤੇ ਜਾਨ ਹੈ।
ਲੇਖਕ : ਡਾ. ਜੋਗਿੰਦਰ ਸਿੰਘ ਬਾਵਰਾ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8671, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-04-54-45, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First