ਤਿਲਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਿਲਕ [ਨਾਂਪੁ] ਚੰਦਨ ਕੇਸਰ ਅਤੇ ਭਸਮ ਆਦਿ ਦਾ ਮੱਥੇ ਉੱਤੇ ਲਾਇਆ ਟਿੱਕਾ; ਇੱਕ ਪ੍ਰਕਾਰ ਦੀ ਤੁਰਕੀ ਪੋਸ਼ਾਕ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6851, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤਿਲਕ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਤਿਲਕ: ਮਸਤਕ ਉਪਰ ਲਗਾਇਆ ਜਾਣ ਵਾਲਾ ਤਿਲ ਦੇ ਫੁਲ ਵਾਂਗ ਸ਼ੋਭਾਸ਼ਾਲੀ ਚਿੰਨ੍ਹ। ਇਸ ਦਾ ਮੁੱਖ ਤੌਰ ’ਤੇ ਮਹੱਤਵ ਧਾਰਮਿਕ ਹੈ। ਇਸ ਨੂੰ ਹਿੰਦੂ-ਮਤ ਵਾਲੇ ਪੁਰਸ਼ ਅਤੇ ਇਸਤਰੀਆਂ ਦੋਵੇਂ ਆਪਣੇ ਮੱਥੇ ਉਪਰ ਲਗਾ ਕੇ ਮਾਂਗਲਿਕ ਕਾਰਜਾਂ ਵਿਚ ਸ਼ਰੀਕ ਹੁੰਦੇ ਹਨ। ਇਹ ਤਿਲਕ ਚੰਦਨ , ਕਸਤੂਰੀ , ਰੋਲੀ ਆਦਿ ਕਈ ਪਦਾਰਥਾਂ ਦਾ ਬਣਾਇਆ ਜਾਂਦਾ ਹੈ, ਪਰ ਅਧਿਕ ਪ੍ਰਚਲਿਤ ਚੰਦਨ ਦਾ ਤਿਲਕ ਹੀ ਹੈ। ਰਾਜ-ਸਿੰਘਾਸਨ ਜਾਂ ਗੱਦੀ-ਨਸ਼ੀਨੀ ਵੇਲੇ ਵੀ ਤਿਲਕ ਲਗਾਏ ਜਾਣ ਦੀ ਪ੍ਰਥਾ ਹੈ। ਤਿਲਕ ਅਤੇ ਜੰਜੂ ਨੂੰ ਹਿੰਦੁਤ੍ਵ ਦੇ ਪ੍ਰਤੀਕ ਸਮਝਿਆ ਜਾਂਦਾ ਹੈ। ਇਨ੍ਹਾਂ ਦੀ ਰਖਿਆ ਲਈ ਨੌਵੇਂ ਗੁਰੂ ਜੀ ਨੂੰ ਆਪਣਾ ਮਹਾ-ਬਲਿਦਾਨ ਦੇਣਾ ਪਿਆ— ਤਿਲਕ ਜੰਞੂ ਰਾਖਾ ਪ੍ਰਭੁ ਤਾਕਾ। ਕੀਨੋ ਬਡੋ ਕਲੂ ਮਹਿ ਸਾਕਾ। (ਬਚਿਤ੍ਰ ਨਾਟਕ)।
ਹਿੰਦੂ ਧਰਮ ਵਿਚ ਅਨੇਕ ਮਤਾਂ ਵਾਲਿਆਂ ਨੇ ਤਿਲਕ ਦੇ ਸਰੂਪ ਜਾਂ ਸ਼ਕਲ ਨੂੰ ਦੂਜਿਆਂ ਨਾਲੋਂ ਨਿਖੇੜਿਆ ਹੋਇਆ ਹੈ ਅਤੇ ਇਸ ਨਿਖੇੜ ਕਾਰਣ ਵੈਸ਼ਣਵਾਂ ਦੇ ਤਿਲਕ ਦੇ ਬਾਰ੍ਹਾਂ ਭੇਦ ਹੋ ਗਏ ਹਨ। ਭਾਈ ਗੁਰਦਾਸ ਨੇ ਲਿਖਿਆ ਹੈ ਕਿ ਗੁਰਮੁਖਾਂ ਨੇ ਵੈਸ਼ਣਵਾਂ ਦੇ ਬਾਰ੍ਹਾਂ ਤਿਲਕਾਂ ਨੂੰ ਛਡ ਕੇ ਆਪਣੇ ਮਸਤਕ ਉਪਰ ‘ਗੁਰਮੁਖਤਾ’ ਦਾ ਤਿਲਕ ਲਗਾ ਲਿਆ ਹੈ— ਬਾਰਹਿੰ ਤਿਲਕ ਮਿਟਾਇਕੈ ਗੁਰਮੁਖ ਤਿਲਕ ਨੀਸਾਣੁ ਚੜ੍ਹਾਇਆ। (7/12)।
ਗੁਰਬਾਣੀ ਵਿਚ ਤਿਲਕ ਨੂੰ ਕੋਈ ਵਿਸ਼ੇਸ਼ ਮਹੱਤਵ ਨਹੀਂ ਦਿੱਤਾ ਗਿਆ। ਇਸ ਦੀ ਥਾਂ ਅਧਿਆਤਮਿਕ ਕਰਮਾਂ ਦੇ ਕਰਨ ਦੀ ਪ੍ਰੇਰਣਾ ਦਿੱਤੀ ਗਈ ਹੈ। ‘ਆਸਾ ਕੀ ਵਾਰ ’ ਵਿਚ ਬ੍ਰਾਹਮਣ ਦੇ ਬਾਹਰਲੇ ਕਰਮਾਚਾਰ ਦੀ ਗੱਲ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਤਿਲਕ ਆਦਿ ਨੂੰ ਵਿਅਰਥ ਮੰਨਿਆ ਹੈ ਕਿਉਂਕਿ ਜੋ ਬ੍ਰਹਮ-ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ, ਉਸ ਲਈ ਬਾਕੀ ਸਭ ਕੁਝ ਫੋਕਟ ਬਣ ਕੇ ਰਹਿ ਜਾਂਦਾ ਹੈ— ਗਲਿ ਮਾਲਾ ਤਿਲਕੁ ਲਿਲਾਟੰ। ਦੁਇ ਧੋਤੀ ਬਸਤ੍ਰ ਕਪਾਟੰ। ਜੇ ਜਾਣਸਿ ਬ੍ਰਹਮੰ ਕਰਮੰ। ਸਭਿ ਫੋਕਟ ਨਿਸਚਉ ਕਰਮੰ। (ਗੁ.ਗ੍ਰੰ.470)। ਗੁਰੂ ਅਰਜਨ ਦੇਵ ਜੀ ਨੇ ‘ਡਖਣੇ’ ਪ੍ਰਕਰਣ ਵਿਚ ਕਿਹਾ ਹੈ ਕਿ ਇਸ਼ਨਾਨ ਕਰਕੇ ਤਿਲਕ ਲਗਾਉਣਾ ਵਿਅਰਥ ਹੈ ਜੇ ਅੰਦਰ ਕਾਲਖ ਨਾਲ ਭਰਿਆ ਹੋਇਆ ਹੋਵੇ। ਸੱਚੀ ਸਿਖਿਆ ਤੋਂ ਬਿਨਾ, ਭੇਖਾਂ ਨਾਲ ਪ੍ਰਭੂ-ਪ੍ਰਾਪਤੀ ਸੰਭਵ ਨਹੀਂ ਹੋ ਸਕਦੀ—ਤਿਲਕੁ ਕਢਹਿ ਇਸਨਾਨੁ ਕਰਿ ਅੰਤਰਿ ਕਾਲੇਖੰ। ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ। (ਗੁ.ਗ੍ਰੰ.1099)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6498, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਤਿਲਕ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਤਿਲਕ : ਮੱਥੇ ਤੇ ਲਾਏ ਹੋਏ ਟਿੱਕੇ ਨੂੰ ਤਿਲਕ ਕਿਹਾ ਜਾਂਦਾ ਹੈ। ਇਹ ਚਿੰਨ੍ਹ ਚੰਦਨ, ਕੇਸਰ, ਭਸਮ ਆਦਿ ਨਾਲ ਮੱਥੇ ਅਤੇ ਸਰੀਰ ਦੇ ਅੰਗਾਂ ਉਪਰ ਲਗਾਇਆ ਜਾਂਦਾ ਹੈ। ਹਿੰਦੂ ਮਤ ਦੇ ਕਈ ਫਿਰਕੇ ਹੋਣ ਕਰਕੇ ਤਿਲਕ ਕਈ ਢੰਗਾਂ ਨਾਲ ਲਾਏ ਜਾਂਦੇ ਹਨ। ਸ਼ੈਵ ਤ੍ਰਿਪੰਡ (ਟੇਢਾ) ਤਿਲਕ ਅਤੇ ਵੈਸ਼ਨਵ ਊਰਧਪੁੰਡ (ਖੜਾ) ਤਿਲਕ ਲਗਾਉਂਦੇ ਹਨ।
ਪਦਮ ਪੁਰਾਣ ਅਨੁਸਾਰ ਵੈਸ਼ਨਵ ਮਤ ਵਿਚ ਬਾਰਾਂ ਤਿਲਕਾਂ ਨੂੰ ਬਾਰਾਂ ਅੰਗਾਂ ਤੇ ਬਾਰਾਂ ਨਾਮ ਲੈ ਕੇ ਲਾਉਣਾ ਚਾਹੀਦਾ ਹੈ। ਮੱਥੇ ਉਪਰ ਕੇਸ਼ਵ, ਪੇਟ ਤੇ ਨਾਰਾਇਣ, ਛਾਤੀ ਤੇ ਮਾਧਵ, ਕੰਠ ਤੇ ਗੋਵਿੰਦ, ਸੱਜੀ ਕੁੱਖ ਤੇ ਵਿਸ਼ਨੂੰ, ਸੱਜੀ ਬਾਂਹ ਤੇ ਮਧੁਸੂਦਨ, ਸੱਜੇ ਮੋਢੇ ਤੇ ਤ੍ਰਿਵਿਕ੍ਰਮ, ਖੱਬੀ ਕੁੱਖ ਤੇ ਵਾਮਨ, ਖੱਬੀ ਬਾਂਹ ਤੇ ਸ੍ਰੀਧਰ, ਖੱਬੇ ਮੋਢੇ ਤੇ ਰਿਸ਼ੀਕੇਸ਼, ਪਿੱਠ, ਤੇ ਪਦਮ, ਨਾਭ ਅਤੇ ਕਮਰ ਤੇ ਦਾਮੋਦਰ ਨਾਮ ਲੈ ਕੇ ਤਿਲਕ ਲਾਉਣਾ ਚਾਹੀਦਾ ਹੈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4494, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-20-04-44-24, ਹਵਾਲੇ/ਟਿੱਪਣੀਆਂ: ਹ. ਪੁ. –ਸੰ. ਕੋ. ; ਮ. ਕੋ.
ਤਿਲਕ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਤਿਲਕ : ਕੇਸਰ, ਚੰਦਨ ਜਾਂ ਭਸਮ (ਸੁਆਹ) ਆਦਿ ਦਾ ਮੱਥੇ ਉੱਤੇ ਲਗਿਆ ਟਿੱਕਾ ਜਿਸ ਦਾ ਰਿਵਾਜ ਵੈਦਿਕ ਕਾਲ ਤੋਂ ਚਲਿਆ ਆ ਰਿਹਾ ਹੈ।
ਵੱਖ ਵੱਖ ਮਤਾਂ ਵਿਚ ਵੱਖ ਵੱਖ ਤਰ੍ਹਾਂ ਦੇ ਤਿਲਕ ਲਗਾਏ ਜਾਂਦੇ ਹਨ। ਵੈਸ਼ਨਵ ਮਤ ਵਾਲੇ ਖੜਾ ਤਿਲਕ ਲਗਾਉਂਦੇ ਹਨ। ਕਈ ਵੈਸ਼ਨਵ ਸਾਰੇ ਸਰੀਰ ਉੱਤੇ ਪ੍ਰਭੂ ਦੇ 12 ਨਾਂ ਲੈ ਕੇ ਤਿਲਕ ਲਗਾਉਂਦੇ ਹਨ ਅਤੇ ਸਾਰੇ ਸਰੀਰ ਨੂੰ ਪਵਿੱਤਰ ਹੋਇਆ ਮੰਨਦੇ ਹਨ।
ਸ਼ਿਵ ਜੀ ਨੂੰ ਮੰਨਣ ਵਾਲੇ ਦੂਜ ਦੇ ਚੰਦ ਵਾਂਗ ਟੇਡਾ ਤਿਲਕ ਲਗਾਉਂਦੇ ਹਨ ਜਿਸ ਨੂੰ ਤ੍ਰਿਪੁੰਡ ਕਿਹਾ ਜਾਂਦਾ ਹੈ।
ਯੋਗੀ ਭਸਮ ਦਾ ਤਿਲਕ ਲਗਾਉਂਦੇ ਹਨ ਅਤੇ ਨਰਸਿੰਘ ਦੇ ਉਪਾਸ਼ਕ ਕੇਸਰ ਦਾ ਤਿਲਕ ਲਗਾ ਕੇ ਭਿੱਜੇ ਹੋਏ ਚਾਵਲ ਉੱਪਰ ਚਿਪਕਾਉਂਦੇ ਹਨ।
ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਰਾਜਿਆਂ ਦੇ ਰਾਜ ਤਿਲਕ ਹੁੰਦੇ ਸਨ ਅਰਥਾਤ ਨਵੇਂ ਰਾਜੇ ਦੇ ਗੱਦੀ ਉੱਤੇ ਬੈਠਣ ਲੱਗਿਆਂ ਉਸ ਦੇ ਮੱਥੇ ਉੱਤੇ ਕੇਸਰ ਦਾ ਤਿਲਕ ਲਗਾਇਆ ਜਾਂਦਾ ਸੀ ।
ਉੱਤਰ ਭਾਰਤ ਦੇ ਲੋਕਾਂ ਵਿਚ ਜਦੋਂ ਕੰਨਿਆ ਪੱਖ ਦੇ ਲੋਕ ਵਰ ਨੂੰ ਸ਼ਗਨ ਪਾਉਂਦੇ ਹਨ ਤਾਂ ਕੇਸਰ ਦਾ ਤਿਲਕ ਲਾਇਆ ਜਾਂਦਾ ਹੈ।
ਦੀਵਾਲੀ ਤੋਂ ਦੋ ਦਿਨ ਬਾਅਦ ਭਾਈ ਦੂਜ ਨੂੰ ਭੈਣਾਂ ਆਪਣੇ ਭਰਾਵਾਂ ਨੂੰ ਕੇਸਰ ਦਾ ਤਿਲਕ ਲਾਉਂਦੀਆਂ ਹਨ। ਕਈ ਸਿੱਖਾਂ ਵਿਚ ਕੱਤਕ ਦੀ ਪੂਰਨਮਾਸ਼ੀ ਨੂੰ ਭੈਣਾਂ ਆਪਣੇ ਭਰਾਵਾਂ ਨੂੰ ਤਿਲਕ ਲਗਾਉਂਦੀਆਂ ਹਨ।
ਕਈ ਥਾਈਂ ਜੁਆਈ ਦੇ ਘਰ ਆਉਣ ਤੇ ਅਤੇ ਫਿਰ ਜਦੋਂ ਉਹ ਆਪਣੀ ਪਤਨੀ ਨੂੰ ਲੈ ਕੇ ਵਾਪਸ ਜਾਣ ਲਗਦਾ ਹੈ ਤਾਂ ਵੀ ਉਸ ਨੂੰ ਤਿਲਕ ਲਗਾਇਆ ਜਾਂਦਾ ਹੈ।
ਅਸਲ ਵਿਚ ਤਿਲਕ ਲਗਾਉਣ ਦਾ ਆਧਾਰ ਜਾਦੂ ਟੂਣਾ ਹੀ ਹੈ। ਤਿਲਕ ਦਾ ਮਨੋਰਥ ਮਾੜੀਆਂ ਰੂਹਾਂ ਨੂੰ ਇਹ ਪ੍ਰਗਟ ਕਰਨਾ ਹੈ ਕਿ ਤਿਲਕ ਧਾਰਨ ਕਰਨ ਵਾਲਾ ਵਿਅਕਤੀ ਦੈਵੀ ਸੁਰੱਖਿਆ ਦੇ ਅਧੀਨ ਹੈ। ਇਸ ਲਈ ਉਹ ਉਸ ਤੋਂ ਦੂਰ ਰਹਿਣ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4031, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-22-11-49-30, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ਪੰ. ਲੋ. ਵਿ. ਕੋ. ; ਥਿੰਗਜ ਇੰਡੀਅਨ
ਵਿਚਾਰ / ਸੁਝਾਅ
Please Login First