ਤੀਰਥ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੀਰਥ [ਨਾਂਪੁ] ਧਾਰਮਿਕ ਸਥਾਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9934, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤੀਰਥ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਤੀਰਥ: ਸੰਸਕ੍ਰਿਤ ਮੂਲ ਦੇ ‘ਤੀਰਥ’ ਸ਼ਬਦ ਦਾ ਅਰਥ ਹੈ ‘ਪਾਪ ਤੋਂ ਛੁਟਕਾਰਾ ਦਿਵਾਉਣ ਵਾਲਾ’। ਇਸ ਤਰ੍ਹਾਂ ਤੀਰਥ ਦਾ ਭਾਵ ਬਣਿਆ ਉਹ ਪਵਿੱਤਰ ਸਥਾਨ ਜਿਥੇ ਲੋਕੀਂ ਧਰਮ ਦੀ ਭਾਵਨਾ ਨਾਲ ਪਾਪ ਦੂਰ ਕਰਨ ਲਈ ਜਾਣ ।
ਉਂਜ ਤਾਂ ਪਾਪ-ਪੁੰਨ ਦੀ ਭਾਵਨਾ ਕਿਸੇ ਨ ਕਿਸੇ ਰੂਪ ਵਿਚ ਸਾਰਿਆਂ ਦੇਸ਼ਾਂ ਦੇ ਧਰਮਾਂ ਨਾਲ ਜੁੜੀ ਹੋਈ ਹੈ, ਪਰ ਭਾਰਤ ਵਿਚ ਇਸ ਧਰਮ-ਭਾਵਨਾ ਪ੍ਰਤਿ ਵਿਸ਼ੇਸ਼ ਰੁਚੀ ਵਿਖਾਈ ਗਈ ਹੈ। ਪੁੰਨਾਂ ਨੂੰ ਇਕੱਠਾ ਕਰਨਾ ਅਤੇ ਪਾਪਾਂ ਦਾ ਨਿਵਾਰਣ ਕਰਨਾ ਇਹ ਦੋਵੇਂ ਕਿਸੇ ਵੀ ਧਰਮ ਦੇ ਮੁੱਖ ਉਦੇਸ਼ਾਂ ਵਿਚ ਸ਼ਾਮਲ ਹਨ। ਇਸ ਭਾਵਨਾ ਦੇ ਵਿਕਸਿਤ ਹੋਣ ਦੇ ਨਾਲ ਨਾਲ ਤੀਰਥਾਂ ਦੀ ਕਲਪਨਾ ਵੀ ਹੋਣ ਲਗ ਗਈ। ਹਿੰਦੂ ਧਰਮ ਵਿਚ ‘ਅਠਸਠ ਤੀਰਥ’ (ਵੇਖੋ) ਵਿਸ਼ੇਸ਼ ਆਦਰ ਅਤੇ ਇਸ਼ਨਾਨ ਕਰਨ ਯੋਗ ਮੰਨੇ ਗਏ ਹਨ।
ਤੀਰਥ ਦੀ ਸਥਿਤੀ ਆਮ ਤੌਰ ’ਤੇ ਕਿਸੇ ਵਗਦੀ ਨਦੀ ਜਾਂ ਜਲਾਸ਼ਯ ਦੇ ਕੰਢੇ ਹੁੰਦੀ ਹੈ। ਪਰ ‘ਪਦਮ-ਪੁਰਾਣ’ ਵਿਚ ਤੀਰਥ ਦਾ ਲਾਕੑਸ਼ਣਿਕ ਆਧਾਰ’ਤੇ ਵਿਆਪਕ ਅਰਥ ਕਰਦਿਆਂ ਗੁਰੂ-ਤੀਰਥ, ਮਾਤਾ-ਪਿਤਾ ਤੀਰਥ, ਪਤਿ -ਤੀਰਥ, ਪਤਨੀ-ਤੀਰਥ ਆਦਿ ਦਾ ਉੱਲੇਖ ਕੀਤਾ ਗਿਆ ਹੈ। ਜੋ ਗੁਰੂ ਆਪਣੇ ਸ਼ਿਸ਼ (ਸੇਵਕ) ਦੇ ਅਗਿਆਨ ਰੂਪ ਅੰਧਕਾਰ ਦਾ ਨਾਸ਼ ਕਰਦਾ ਹੈ, ਉਹ ਸ਼ਿਸ਼ ਲਈ ਗੁਰੂ- ਤੀਰਥ ਹੈ, ਜਾਂ ਉਹ ਗੁਰੂ ਤੀਰਥ ਦੇ ਸਮਾਨ ਹੈ।
ਪੁਰਾਣਾਂ ਵਿਚ ਤੀਰਥਾਂ ਦੀਆਂ ਹੋਰ ਵੀ ਕਈ ਕਿਸਮਾਂ ਦਾ ਉੱਲੇਖ ਮਿਲਦਾ ਹੈ। ‘ਸਕੰਦ-ਪੁਰਾਣ’ (ਕਾਸ਼ੀ ਖੰਡ) ਵਿਚ ਤਿੰਨ ਤਰ੍ਹਾਂ ਦੇ ਤੀਰਥਾਂ ਦਾ ਜ਼ਿਕਰ ਹੋਇਆ ਹੈ, ਜਿਵੇਂ ਸੰਗਮ, ਸਥਾਵਰ ਅਤੇ ਮਾਨਸ। ਬ੍ਰਾਹਮਣਾਂ ਨੂੰ ‘ਜੰਗਮ- ਤੀਰਥ’ ਦਸਿਆ ਗਿਆ ਹੈ ਕਿਉਂਕਿ ਇਹ ਪਵਿੱਤਰ ਸਮਝੇ ਜਾਂਦੇ ਹਨ; ਇਨ੍ਹਾਂ ਦੀ ਸੇਵਾ ਕਰਨ ਨਾਲ ਤੀਰਥ ਉਤੇ ਜਾਣ ਦਾ ਫਲ ਪ੍ਰਾਪਤ ਹੁੰਦਾ ਹੈ। ‘ਸਥਾਵਰ-ਤੀਰਥ’ ਧਰਤੀ ਉਤੇ ਸਥਿਤ ਪਵਿੱਤਰ ਧਾਮਾਂ ਨੂੰ ਕਹਿੰਦੇ ਹਨ। ਅਜਿਹੇ ਤੀਰਥ ਉਤੇ ਜਾਣ ਨਾਲ ਪਾਪਾਂ ਦਾ ਨਾਸ਼ ਹੁੰਦਾ ਹੈ ਅਤੇ ਉਤਮ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ‘ਮਾਨਸ-ਤੀਰਥ’ ਦਾ ਸੰਬੰਧ ਆਤਮ-ਸੰਜਮ ਨਾਲ ਹੈ। ਸਤਿ, ਦਇਆ, ਇੰਦ੍ਰੀਆਂ ਦਾ ਦਮਨ, ਖਿਮਾ, ਦਾਨ , ਬ੍ਰਹਮਚਰਯ, ਗਿਆਨ ਅਤੇ ਧੀਰਜ ਆਦਿ ਮਨ ਦੀਆਂ ਬਿਰਤੀਆ ਨੂੰ ਵਿਕਸਿਤ ਕਰਨਾ ‘ਮਾਨਸ -ਤੀਰਥ’ ਹੈ। ਇਨ੍ਹਾਂ ਤਿੰਨਾਂ ਤੀਰਥਾਂ ਵਿਚੋਂ ‘ਮਾਨਸ-ਤੀਰਥ’ ਸ੍ਰੇਸ਼ਠ ਹੈ।
ਤੀਰਥ ਦੀ ਫਲ-ਪ੍ਰਾਪਤੀ ਤਦ ਹੀ ਸੰਭਵ ਹੈ ਜੇ ਅੰਤਹਕਰਣ ਸ਼ੁੱਧ ਹੈ। ਅਸ਼ੁੱਧ ਆਚਰਣ ਵਾਲੇ ਪਾਪੀਆਂ, ਮਾਨਸਿਕ ਵਿਕਾਰਾਂ ਵਿਚ ਗ੍ਰਸੇ ਨਾਸਤਿਕਾਂ ਅਤੇ ਸ਼ੰਸੇ ਨਾਲ ਭਰੇ ਮਨ ਵਾਲਿਆਂ ਨੂੰ ਤੀਰਥ ਦਾ ਫਲ ਪ੍ਰਾਪਤ ਨਹੀਂ ਹੁੰਦਾ। ਸਪੱਸ਼ਟ ਹੈ ਕਿ ਸ਼ੁੱਧ ਅੰਤਹਕਰਣ ਵਾਲਿਆਂ ਨੂੰ ਹੀ ਤੀਰਥ ਕਰਨ ਦੀ ਫਲ-ਪ੍ਰਾਪਤੀ ਹੁੰਦੀ ਹੈ। ਗੁਰਬਾਣੀ ਵਿਚ ਸਾਫ਼ ਕਿਹਾ ਗਿਆ ਹੈ—ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੇ ਗੁਮਾਨੁ। ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ। (ਗੁ.ਗ੍ਰੰ.1428)। ਗੁਰੂ ਅਮਰਦਾਸ ਜੀ ਨੇ ਵੀ ਕਿਹਾ ਹੈ—ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ। ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ। (ਗੁ.ਗ੍ਰੰ.789)।
ਧਨਾਸਰੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਨੇ ਹਰਿ ਦੇ ਨਾਮ ਦੀ ਆਰਾਧਨਾ ਨੂੰ ਤੀਰਥ-ਇਸ਼ਨਾਨ ਤੁਲ ਮੰਨਿਆ ਹੈ। ਸ਼ਬਦ ਨੂੰ ਵਿਚਾਰਨਾ ਅਤੇ ਹਿਰਦੇ ਵਿਚ ਬ੍ਰਹਮ -ਗਿਆਨ ਨੂੰ ਵਸਾਉਣਾ ਹੀ ਸ੍ਰੇਸ਼ਠ ਤੀਰਥ-ਯਾਤ੍ਰਾ ਹੈ— ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ। ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ। (ਗੁ.ਗ੍ਰੰ.687)। ਗੁਰੂ ਅਰਜਨ ਦੇਵ ਜੀ ਅਨੁਸਾਰ ਘਰ (ਹਿਰਦੇ) ਵਿਚ ਵਸਦੇ ਪਰਮਾਤਮਾ ਨੂੰ ਛਿਣ ਭਰ ਲਈ ਵੀ ਨ ਮੰਨ ਕੇ, ਤੀਰਥਾਂ ਉਤੇ ਕੀਤੇ ਗਏ ਇਸ਼ਨਾਨ ਕੇਵਲ ਬੁੱਧੀ ਨੂੰ ਹਉਮੈ ਦੀ ਮੈਲ ਲਗਾਉਣਾ ਹੈ— ਜੇਤੇ ਰੇ ਤੀਰਥ ਨਾਏ ਅਹੰਬੁਧਿ ਮੈਲੁ ਲਾਏ ਘਰ ਕੋ ਠਾਕੁਰੁ ਇਕੁ ਤਿਲੁ ਨ ਮਾਨੈ। (ਗੁ.ਗ੍ਰੰ.687)।
ਕਿਸੇ ਸਥਾਨ ਦੇ ਤੀਰਥ ਬਣਨ ਪਿਛੇ ਉਥੇ ਕਿਸੇ ਮਹਾਪੁਰਸ਼ ਦੇ ਜਨਮ ਲੈਣ , ਕਿਸੇ ਇਤਿਹਾਸਿਕ ਘਟਨਾ ਦੇ ਘਟਣ, ਕੁਦਰਤੀ ਸੁੰਦਰਤਾ ਹੋਣ, ਦੇਵੀ ਦੇਵਤੇ ਨਾਲ ਸੰਬੰਧ ਰਖਣ ਦੀ ਗੱਲ ਵਿਸ਼ੇਸ਼ ਮਹੱਤਵ ਰਖਦੀ ਹੈ। ਅਸਲ ਵਿਚ, ‘ਤੀਰਥ’ ਤੋਂ ਮਤਲਬ ਹੈ ਉਹ ਪਵਿੱਤਰ ਸਥਾਨ ਜੋ ਆਪਣੇ ਆਪ ਵਿਚ ਪਵਿੱਤਰ ਹੋਵੇ ਅਤੇ ਆਪਣੇ ਪਾਸ ਆਉਣ ਵਾਲਿਆਂ ਵਿਚ ਪਵਿੱਤਰਤਾ ਦਾ ਸੰਚਾਰ ਕਰੇ ।
ਤੀਰਥਾਂ ਨਾਲ ਧਾਰਮਿਕ ਪਰਵਾਂ/ਪੁਰਬਾਂ ਜਾਂ ਦਿਨਾਂ ਦਾ ਵੀ ਵਿਸ਼ੇਸ਼ ਸੰਬੰਧ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਪਰਵਾਂ ਉਤੇ ਕੀਤੀ ਜਾਣ ਵਾਲੀ ਤੀਰਥ-ਯਾਤ੍ਰਾ ਵਿਸ਼ੇਸ਼ ਮਹੱਤਵਪੂਰਣ ਸਮਝੀ ਜਾਂਦੀ ਹੈ। ਅਜਿਹਾ ਵਿਸ਼ਵਾਸ ਬਣ ਗਿਆ ਹੈ ਕਿ ਅਜਿਹੇ ਪਰਵਾਂ’ਤੇ ਕੀਤੀ ਤੀਰਥ-ਯਾਤ੍ਰਾ ਜਾਂ ਤੀਰਥ-ਇਸ਼ਨਾਨ ਵਿਸ਼ੇਸ਼ ਪੁੰਨ ਅਰਜਿਤ ਕਰਨ ਦਾ ਅਵਸਰ ਦਿੰਦਾ ਹੈ। ਇਸ ਨੂੰ ਇਕ ਪ੍ਰਕਾਰ ਦਾ ਧਾਰਮਿਕ ਕਰਤੱਵ ਵੀ ਮੰਨਿਆ ਜਾਣ ਲਗਿਆ ਹੈ। ਸਿੱਖ ਧਰਮ ਵਿਚ ਅੰਮ੍ਰਿਤਸਰ (ਦਰਬਾਰ ਸਾਹਿਬ) ਦੇ ਸਰੋਵਰ ਦੇ ਇਸ਼ਨਾਨ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੈ। ਇਕ ਸ਼ਲਿਸ਼ਟ ਪ੍ਰਯੋਗ ਵਿਚ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ—ਰਾਮਦਾਸਿ ਸਰੋਵਰ ਨਾਤੇ। ਸਭ ਲਾਥੇ ਪਾਪ ਕਮਾਤੇ। (ਗੁ.ਗ੍ਰੰ.624)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9560, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਤੀਰਥ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਤੀਰਥ (ਸੰ.। ਸੰਸਕ੍ਰਿਤ ਤੀਰਥ (ਤ੍ਰੀ ਧਾਤੂ ਤੋਂ)=ਜੋ ਪਾਪਾਂ ਤੋਂ ਤਾਰੇ) ਪਵਿਤ੍ਰ ਮੰਨੇ ਗਏ ਸਥਾਨ। ਜਿਹਾਕੁ ਹਿੰਦੂਆਂ ਨੇ ਗੰਗਾ , ਜਗਨਨਾਥ, ਕਾਂਸ਼ੀ ਆਦਿ ਮੰਨੇ ਹਨ। ੨. (ਸੰਪ੍ਰਦਾ) ਪਰਮੇਸ਼ੁਰ ਦਾ ਨਾਮ ਹੀ ਤੀਰਥ ਹੈ। ਯਥਾ-ਪ੍ਰਮਾਣ-‘ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9557, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਤੀਰਥ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਤੀਰਥ : ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਕੋਸ਼ਗਤ ਅਰਥ ਉਸ ਪਵਿੱਤਰ ਅਸਥਾਨ ਤੋਂ ਲਿਆ ਜਾਂਦਾ ਹੈ ਜਿਥੇ ਸ਼ਰਧਾਲੂ ਧਾਰਮਿਕ ਭਾਵਨਾ ਨਾਲ ਪੂਜਾ, ਇਸ਼ਨਾਨ ਅਤੇ ਉਪਾਸਨਾ ਲਈ ਜਾਂਦੇ ਹਨ। ਤੀਰਥ ਦਾ ਅਰਥ ਘਾਟ ਜਾਂ ਉਸ ਸਥਾਨ ਤੋਂ ਵੀ ਲਿਆ ਜਾਂਦਾ ਹੈ ਜਿਥੋਂ ਨਦੀ ਪਾਰ ਕੀਤੀ ਜਾਂਦੀ ਹੈ। ਹੌਲੀ ਹੌਲੀ ਜਿਨ੍ਹਾਂ ਸਥਾਨਾਂ ਨਾਲ ਧਾਰਮਿਕ ਵਿਸ਼ਵਾਸ਼ ਜੁੜ ਗਏ ਉਨ੍ਹਾਂ ਨੂੰ ਤੀਰਥ ਕਿਹਾ ਜਾਣ ਲੱਗਾ ਕਿਉਂਕਿ ਇਹ ਜੀਵ ਨੂੰ ਸੰਸਾਰ ਰੂਪੀ ਭਵਸਾਗਰ ਤੋਂ ਪਾਰ ਕਰਾਉਣ ਵਾਲੇ ਘਾਟ ਹਨ। ਇਸ ਤਰ੍ਹਾਂ ਤੀਰਥ ਸ਼ਬਦ ਦੇ ਅਰਥ ਦਾ ਵਿਕਾਸ ਹੋ ਗਿਆ ਭਾਵ ਪਾਪਾਂ ਤੋਂ ਮੁਕਤੀ ਦਿਵਾਉਣ ਵਾਲਾ ਸਥਾਨ। ਬਹੁਤੇ ਤੀਰਥ ਅਸਥਾਨ ਨਦੀਆਂ ਜਾਂ ਸਰੋਵਰਾਂ ਦੇ ਕੰਢੇ ਬਣੇ ਹੋਣ ਕਾਰਨ ਪ੍ਰਤੀਕਾਤਮਕ ਰੂਪ ਵਿਚ ਭਵਸਾਗਰ ਨੂੰ ਪਾਰ ਕਰਨ ਦੀ ਪ੍ਰੇਰਣਾ ਦਿੰਦੇ ਹਨ। ਤੀਰਥ ਅਸਥਾਨਾਂ ਤੇ ਜਾ ਕੇ ਯਾਤਰੀ ਇਸ਼ਨਾਨ ਕਰਕੇ ਪੁੰਨ ਦਾਨ ਕਰਦੇ ਹਨ ਅਤੇ ਸਾਧਾਂ-ਸੰਤਾਂ ਦੀ ਸੰਗਤ ਵਿਚ ਹਰਿ ਕਥਾ, ਹਰਿ ਕੀਰਤਨ ਅਤੇ ਹਰੀ ਦਾ ਰਸ ਸੁਣ ਕੇ ਆਪਣਾ ਅਧਿਆਤਮਕ ਭਵਿੱਖ ਸੁਧਾਰਦੇ ਹਨ।
ਤੀਰਥ ਸ਼ਬਦ ਮੁੱਖ ਤੌਰ ਤੇ ਹਿੰਦੂ ਧਰਮ ਦੇ ਪਵਿੱਤਰ ਅਸਥਾਨਾਂ ਲਈ ਪ੍ਰਚਲੱਤ ਹੈ। ਭਾਰਤ ਵਿਚ ਹਿੰਦੂ ਧਰਮ ਨਾਲ ਸਬੰਧਤ ਅਠਾਹਠ ਪਵਿੱਤਰ ਸਥਾਨ ਮੰਨੇ ਜਾਂਦੇ ਹਨ ਜਿਨ੍ਹਾਂ ਵਿਚੋਂ ਮੁੱਖ ਤੌਰ ਤੇ ਅਯੁਧਿਆ, ਮਥੁਰਾ, ਮਾਯਾ, ਕਾਸ਼., ਕਾਂਚੀ, ਅਵੰਤਿਕਾ ਅਤੇ ਦ੍ਵਾਰਿਕਾ, ਸਤ ਪੁਰੀਆਂ ਨੂੰ ਮੁਕਤੀ ਪ੍ਰਦਾਤਾ ਮੰਨਿਆ ਗਿਆ ਹੈ। ਸੱਤ ਪੁਰੀਆਂ ਤੋਂ ਇਲਾਵਾ ਚਾਰ ਧਰਮ-ਧਾਮ ਵੀ ਮੰਨੇ ਗਏ ਹਨ । ਇਸ ਤਰ੍ਹਾਂ ਹਿੰਦੂ ਧਰਮ ਦੇ ਇਹ ਦੱਸ ਮਹਾਨ ਤੀਰਥ ਅਸਥਾਨ ਮੰਨੇ ਗਏ ਹਨ। ਹਿੰਦੂ ਧਰਮ ਦੇ ਅਠਾਹਠ ਤੀਰਥ ਅਰਥਾਤ ਪਵਿੱਤਰ ਸਥਾਨਾਂ ਦੀ ਸਥਾਪਨਾ ਕਪਿਲ ਤੰਤ੍ਰ ਵਿਚ ਹੋਈ ਹੈ। ਹਿੰਦੂ ਧਰਮ ਦੇ ਉਪਰੋਕਤ ਦਸ ਮੁੱਖ ਤੀਰਥਾਂ ਤੋਂ ਇਲਾਵਾ 58 ਤੀਰਥਾਂ ਦੇ ਨਾਂ ਇਸ ਪ੍ਰਕਾਰ ਹਨ–ਓਅੰਕਾਰ, ਏਰਾਵਤੀ, ਸ਼ਤਦ੍ਰ, ਸਰਸਵਤੀ, ਸਰਯੂ ਸਿੰਘੁ, ਸ਼ਿਪ੍ਰਾ, ਸ਼ੋਣ, ਸ਼੍ਰੀਸੈਲ, ਸ਼੍ਰੀਰੰਗ, ਹਰਿਦ੍ਵਾਰ, ਕਪਾਲਮੋਚਨ, ਕਪਿਲ-ਲੋਦਕ, ਕਾਲੰਜਰ, ਕਾਵੇਰੀ, ਕੁਰਕਸ਼ੇਤ੍ਰ, ਕੇਦਾਰਨਾਥ,ਕੌਸ਼ਿਕੀ, ਗਯਾ ਗੋਕਰਣ, ਗੋਦਾਵਰੀ,ਗੋਮਤੀ, ਗੋਵਰਧਨ, ਗੰਗਾਸਾਗਰ, ਗੰਡਕਾ, ਘਰਘਰਾ, ਚਰਮਨਵਤੀ, ਚਿਤ੍ਰਕੂਟ, ਚੰਦ੍ਰਭਾਗਾ, ਜ੍ਵਾਲਾ-ਮੁਖੀ, ਤਪਤੀ, ਤਾਮ੍ਰਪਰਣੀ, ਤੁਕਭਦ੍ਰਾ, ਦਸ਼ਾਸ੍ਵਮੇਧ, ਦ੍ਰਿਸ਼ਦਵਤੀ, ਧਾਰਾ, ਨਰਮਦਾ, ਨਾਗਤੀਰਥ, ਨੈਮਿਸ਼,ਪੁਸ਼ਕਰ, ਪ੍ਰਯਾਗ (ਤ੍ਰਿਵੇਣੀ ਸੰਗਮ), ਪ੍ਰਿਥੂਦਕ, ਭਦ੍ਰੇਸ੍ਵਰ, ਭੀਮੇਸ਼੍ਵਰ, ਭ੍ਰਿੰਗਤੁੰਗ, ਮਹਾਕਾਲ ਮਹਾਬੋਧਿ, ਮਾਨ ਸਰੋਵਰ, ਮੰਦਾਕਿਨੀ, ਯਮੁਨਾ, ਵਿਤਸਤਾ, ਵਿੰਧ੍ਰਯ ਵਿਪਾਸ਼, ਵਿਮਲਸ਼੍ਵੇਰ, ਵੇਣਾ, ਵੇਤਵਤੀ, ਵੈਸ਼ਨਵੀ ਅਤੇ ਵੈਦਯਨਾਥ।
ਉਪਰੋਕਤ ਤੀਰਥਾਂ ਵਿਚੋਂ ਜ਼ਿਆਦਾ ਦੇ ਨਾਂ ਨਦੀਆਂ ਅਤੇ ਪਰਬਤਾਂ ਨਾਲ ਸਬੰਧਤ ਹਨ। ਹਿੰਦੂਆਂ ਵਿਚ ਇਹ ਵਿਸ਼ਵਾਸ਼ ਹੈ ਕਿ ਇਨ੍ਹਾਂ ਅਠਾਹਠ ਤੀਰਥਾਂ ਦੇ ਜਲ ਵਿਚ ਇਸ਼ਨਾਨ ਕਰਨ ਨਾਲ ਸ਼ਰਧਾਲੂ ਦੀ ਸੰਸਾਰਿਕ ਬੰਧਨਾਂ ਤੋਂ ਮੁਕਤੀ ਹੋ ਜਾਂਦੀ ਹੈ।
ਹਿੰਦੂ ਧਰਮ ਤੋਂ ਇਲਾਵਾ ਸਿੱਖ ਧਰਮ ਵਿਚ ਵੀ ਤੀਰਥ ਦਾ ਜ਼ਿਕਰ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਆਪਣੀ ਸ਼ਾਹਕਾਰ ਰਚਨਾ ‘ਜਪੁਜੀʼ ਵਿਚ ਲਿਖਦੇ ਹਨ :–
‘‘ਸੁਣਿਐ ਅਠਸਠਿ ਕਾ ਇਸਨਾਨੁ ।ʼʼ
ਇਥੇ ਗੁਰੂ ਜੀ ਦਾ ਕਹਿਣ ਦਾ ਭਾਵ ਹੈ ਪਰਮਾਤਮਾ ਦੇ ਨਾਮ ਨੂੰ ਸੁਣਨ ਨਾਲ ਅਠਸਠ ਅਰਥਾਤ ਅਠਾਹਠ ਤੀਰਥ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ਉਸ ਪਵਿੱਤਰ ਸਥਾਨ ਨੂੰ ਅਠਾਹਠ ਤੀਰਥਾਂ ਜਿੰਨਾ ਪਵਿੱਤਰ ਮੰਨਿਆ ਹੈ ਜਿਥੇ ਸਾਧੂ ਪੁਰਸ਼ ਆਪਣੇ ਪੈਰ ਧਰਦਾ ਹੈ। ਗੁਰੂ ਜੀ ਲਿਖਦੇ ਹਨ :
ਅਠਸਠਿ ਤੀਰਥ ਜਿਹ ਸਾਧੁ ਪਗ ਧਰਹਿ ‖
(ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨ 890)
ਗੁਰੂ ਨਾਨਕ ਦੇਵ ਜੀ ਹਿੰਦੂ ਧਰਮ ਦੇ ਉਪਰੋਕਤ ਮੰਨੇ ਜਾਂਦੇ ਅਠਾਹਠ ਤੀਰਥਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਤੋਂ ਇਲਾਵਾ ਤੀਰਥ ਨੂੰ ਨਾਮ ਸਿਮਰਨ ਦਾ ਦਰਜਾ ਦਿੱਤਾ ਹੈ। ਨਾਮ ਸਿਮਰਨ ਨਾਲ ਹੀ ਅੰਤਰ-ਆਤਮਾ ਦੀ ਮੈਲ ਉਤਾਰੀ ਜਾ ਸਕਦੀ ਹੈ। ਗੁਰੂ ਜੀ ਲਿਖਦੇ ਹਨ–
ਤੀਰਥ ਨਾਵਣ ਜਾਉ ਤੀਰਥ ਨਾਮੁ ਹੈ
ਤੀਰਥ ਸਬਦ ਬੀਚਾਰੁ ਅੰਤਰਿ ਗਿਆਨ ਹੈ
(ਧਨਾਸਰੀ ਮਹਲਾ ੧ ਛੰਤ)
ਲੋਕਾਂ ਦੇ ਮੰਨੇ ਹੋਏ ਤੀਰਥਾਂ ਬਾਰੇ ਸਤਿਗੁਰੂ ਜੀ ਫਰਮਾਉਂਦੇ ਹਨ :
ਤੀਰਥ ਨ੍ਹਾਤਾ ਕਿਆ ਕਰੈ ਮਨ ਮਹਿ ਮੈਲ ਗੁਮਾਨ’’
ਸਿੱਖ ਧਰਮ ਵਿਚ ਦਸ ਗੁਰੂ ਸਾਹਿਬਾਨਾਂ ਦੀਆਂ ਵੱਖੋ ਵਖਰੀਆਂ ਥਾਵਾਂ ਅਰਥਾਤ ਸ਼ਹਿਰਾਂ ਵਿਚ ਜਿੱਥੇ ਜਿਥੇ ਉਨ੍ਹਾਂ ਨੇ ਚਰਣ ਪਾਏ ਦੀਆਂ ਯਾਦਾਂ ਨੂੰ ਸਮਰਪਿਤ ਗੁਰਦੁਆਰਿਆਂ ਨੂੰ ਤੀਰਥ ਅਸਥਾਨ ਕਿਹਾ ਜਾਂਦਾ ਹੈ। ਇਸਲਾਮ ਧਰਮ ਵਿਚ ਮੱਕਾ ਅਤੇ ਮਦੀਨਾ ਪ੍ਰਮੁਖ ਤੀਰਥ ਅਸਥਾਨ ਹਨ। ਪਵਿੱਤਰ ਧਰਮ ਅਸਥਾਨ ਮੱਕਾ ਵਿਚ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਹੋਇਆ। ਇਥੇ ਮੁਸਲਮਾਨਾਂ ਦਾ ਧਰਮ ਸਥਾਨ ਕਾਅਬਾ ਸਥਿਤ ਹੈ। ਕਾਅਬੇ ਦੀ ਇਮਾਰਤ ਕਾਲੇ ਰੇਸ਼ਮੀ ਕੱਪੜੇ ਨਾਲ ਢੱਕੀ ਰਹਿੰਦੀ ਹੈ। ਇਸ ਇਮਾਰਤ ਤੇ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ। ਹਜ ਦੇ ਮੌਕੇ ਤੇ ਲੱਖਾਂ ਯਾਤਰੀ ਇਸ ਤੀਰਥ ਅਸਥਾਨ ਉੱਤੇ ਹਜ ਦਾ ਫਰਜ਼ ਅਦਾ ਕਰਨ ਪਹੁੰਚਦੇ ਹਨ। ਪਵਿੱਤਰ ਧਰਮ ਸਥਾਨ ਮਦੀਨਾ ਵਿਖੇ ਹਜ਼ਰਤ ਮੁਹੰਮਦ ਸਾਹਿਬ ਦਾ ਦੇਹਾਂਤ ਹੋਇਆ । ਇਜ਼ਰਾਈਲ ਵਿਚ ਬੈਤਲ ਮੁਕਦਮ ਅਤੇ ਇਰਾਕ ਵਿਚ ਕਰਬਲਾ ਮੁੱਖ ਪਵਿੱਤਰ ਧਰਮ ਸਥਾਨ ਮੰਨੇ ਗਏ ਹਨ। ਪੱਛਮੀ ਪੰਜਾਬ ਦੇ ਫਤਹਿਗੜ੍ਹ ਜ਼ਿਲ੍ਹੇ ਵਿਚ ਵੀ ਮੁਜੱਦਦ ਅਲਫ਼ ਸਾਨੀ ਦੀ ਦਰਗਾਹ ਬਣੀ ਹੋਈ ਹੈ ਜਿਥੇ ਮੁਸਲਮਾਨ ਹਜ ਦਾ ਫਰਜ਼ ਅਦਾ ਕਰਨ ਲਈ ਜਾਂਦੇ ਹਨ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7054, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-21-02-25-25, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਸੰਦ. ਕੋ –ਡਾ. ਜੱਗੀ; ਮ.ਕੋ.
ਤੀਰਥ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ
ਤੀਰਥ : ਤੀਰਥ ਦਾ ਕੋਸ਼ਗਤ ਅਰਥ ਹੈ–ਰਸਤਾ, ਮਾਰਗ, ਘਾਟ, ਜਲ-ਸਥਾਨ, ਪਵਿੱਤਰ ਸਥਾਨ, ਮਾਧਿਅਮ, ਪਵਿੱਤਰ ਵਿਅਕਤੀ ਆਦਿ। ਤੀਰਥ ਨੂੰ ਇਉਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਕਿ ਜਿਸ ਨੂੰ ਮਾਧਿਅਮ ਬਣਾ ਕੇ ਧਾਰਮਿਕ ਪ੍ਰਗਤੀ ਕੀਤੀ ਜਾਵੇ ਜਾਂ ਮੁਕਤੀ ਪ੍ਰਾਪਤ ਕੀਤੀ ਜਾਵੇ। ਤੀਰਥ ਉਹ ਸਥਾਨ ਹੈ ਜਿੱਥੇ ਲੋਕ ਧਰਮ-ਭਾਵਨਾ ਨਾਲ ਯਾਤਰਾ ਲਈ ਜਾਂਦੇ ਹਨ ਅਤੇ ਉੱਥੇ ਪੁੰਨ-ਦਾਨ, ਇਸ਼ਨਾਨ ਆਦਿ ਧਾਰਮਿਕ ਕਾਰਜ ਕਰਦੇ ਹਨ। ਤੀਰਥ ਉਹ ਪਵਿੱਤਰ-ਸਥਾਨ ਹੈ, ਜਿਸ ਦਾ ਸੰਬੰਧ ਕਿਸੇ ਦੇਵਤਾ, ਮਹਾਂਪੁਰਖ, ਮਹਾਨ ਘਟਨਾ, ਪਵਿੱਤਰ ਨਦੀ, ਸਰੋਵਰ ਨਾਲ ਹੁੰਦਾ ਹੈ। ਇਹੀ ਕਾਰਨ ਹੈ ਕਿ ਵਿਦਵਾਨ ਤੀਰਥ ਦਾ ਅਰਥ ਨਦੀ ਪਾਰ ਕਰਨ ਦਾ ਸਥਾਨ ਕਰਦੇ ਹਨ। ਹਿੰਦੂ ਧਰਮ ਵਾਲਿਆਂ ਦਾ ਵਿਸ਼ਵਾਸ ਹੈ ਕਿ ਤੀਰਥ ਭਵ ਸਾਗਰ ਪਾਰ ਕਰਨ ਦਾ ਸਥਾਨ ਹੈ। ਇੱਥੇ ਆ ਕੇ ਸ਼ੁੱਭ ਕਾਰਜ ਕਰਨੇ ਜ਼ਿਆਦਾ ਲਾਭਕਾਰੀ ਹੁੰਦੇ ਹਨ।
ਮੁੱਖ ਤੀਰਥਾਂ ਵਿੱਚ ਸੱਤ ਪੁਰੀਆਂ, ਚਾਰ ਧਾਮ ਅਤੇ ਹੋਰ ਬੇਅੰਤ ਪਵਿੱਤਰ ਸਥਾਨ ਹਨ। ਹਿੰਦੂ ਧਰਮ ਵਿੱਚ 68 ਪ੍ਰਮੁੱਖ ਤੀਰਥ ਮੰਨੇ ਗਏ ਹਨ ਓਅੰਕਾਰ ਏਰਾਵਤੀ, ਸ਼ਤਦ੍ਰ, ਸਰਸਵਤੀ, ਸਰਯੂ, ਸਿੰਧੂ, ਸ਼ਿਪ੍ਰਾ, ਸ਼ੋਣ, ਸ੍ਰੀਸ਼ੈਲ, ਸ੍ਰੀਰੰਗ, ਹਰਿਦੁਆਰ, ਕਪਾਲਮੋਚਨ, ਕਪਿਲੋਦਕ, ਕਾਲੰਜਰ, ਕਾਵੇਰੀ, ਕੁਰੂਕਸ਼ੇਤਰ, ਕੇਦਾਰਨਾਥ, ਕੌਸ਼ਕੀ, ਗਯਾ, ਗੋਕਰਣ, ਗੋਦਾਵਰੀ, ਗੋਮਤੀ, ਗੋਵਰਧਨ, ਗੰਗਾਸਾਗਰ, ਗੰਡਕਾ, ਘਰਘਰਾ, ਚਰਮਨ੍ਰਵਤੀ, ਚਿਤ੍ਰਕੂਟ, ਚੰਦ੍ਰਭਾਗਾ, ਜਵਾਲਾਮੁਖੀ, ਤਾਪਤੀ, ਤਾਮ੍ਰਪਰਣੀ, ਤੁੰਗਭਦ੍ਰਾ, ਦਸ਼ਾਸ੍ਵਮੇਧ, ਦ੍ਰਿਸ਼ਦਵਤੀ, ਧਾਰਾ, ਨਰਮਦਾ, ਨਾਗਤੀਰਥ, ਨੈਮਿਸ਼, ਪੁਸ਼ਕਰ, ਪ੍ਰਯਾਗ, ਪ੍ਰਿਥੂਦਕ, ਭਦਰੇਸ਼੍ਵਰ, ਭੀਮੇਸ਼੍ਵਰ, ਭ੍ਰਿਗੁਤੁੰਗ, ਮਹਾਕਾਲ, ਮਹਾਬੋਧਿ, ਮਾਨ ਸਰੋਵਰ, ਮੰਦਾਕਨੀ, ਯਮੁਨਾ, ਵਿਤਸਤਾ ,ਵਿੰਧ੍ਰਯ ਵਿਪਾਸ਼, ਵਿਮਲੇਸ਼੍ਵਰ, ਵੇਣਾ, ਵੇਤ੍ਰਵਤੀ, ਵੈਸ਼ਨਵੀ ਅਤੇ ਵੈਦ੍ਰਯਨਾਥ। ਇਹਨਾਂ ਤੋਂ ਇਲਾਵਾ ਹੋਰ ਵੀ ਤੀਰਥ ਹਨ।
ਹਿੰਦੂ ਸ਼ਾਸਤਰਾਂ ਵਿੱਚ ਛੇ ਹੋਰ ਤੀਰਥ ਮੰਨੇ ਗਏ ਹਨ:
1. ਭਗਤ ਤੀਰਥ : ਇਹਨਾਂ ਦੇ ਹਿਰਦੇ ਵਿੱਚ ਭਗਵਾਨ ਦਾ ਨਿਵਾਸ ਹੁੰਦਾ ਹੈ ਤੇ ਇਹ ਜਿੱਥੇ ਵੀ ਜਾਂਦੇ ਹਨ ਉਹ ਸਥਾਨ ਤੀਰਥ ਤੁਲ ਬਣ ਜਾਂਦਾ ਹੈ।
2. ਗੁਰ-ਤੀਰਥ : ਗੁਰੂ ਹਰ ਵੇਲੇ ਪ੍ਰਕਾਸ਼ ਕਰਦਾ ਹੈ, ਅਗਿਆਨ-ਅੰਧਕਾਰ ਦਾ ਵਿਨਾਸ਼ ਕਰਦਾ ਹੈ, ਸ਼ਿਸ਼ ਨੂੰ ਗਿਆਨਵਾਨ ਬਣਾਉਂਦਾ ਹੈ ਤੇ ਆਖ਼ਰ ਪ੍ਰਭੂ ਨਾਲ ਮਿਲਾ ਕੇ ਸਦਾ ਲਈ ਮੁਕਤੀ ਦਾ ਸੁਆਮੀ ਬਣਾ ਦਿੰਦਾ ਹੈ।
3-4. ਮਾਤਾ-ਪਿਤਾ ਤੀਰਥ : ਪੁੱਤਰ ਦੇ ਇਸ ਲੋਕ ਤੇ ਪਰਲੋਕ ਵਿੱਚ ਕਲਿਆਣ ਲਈ ਮਾਪਿਆਂ ਵਰਗਾ ਕੋਈ ਤੀਰਥ ਨਹੀਂ ਹੈ। ਮਾਪਿਆਂ ਦੀ ਸੇਵਾ ਹੀ ਪੁੱਤਰ ਲਈ ਤੀਰਥ ਹੈ, ਧਰਮ ਹੈ। ਮੁਕਤੀ ਹੈ ਤੇ ਜਨਮ ਦਾ ਸ਼ੁਭ ਫਲ ਹੈ।
5. ਪਤੀ-ਤੀਰਥ : ਜੋ ਪਤਨੀ ਆਪਣੇ ਪਤੀ ਦੇ ਸੱਜੇ ਚਰਨ ਨੂੰ ਪ੍ਰਯਾਗ ਅਤੇ ਖੱਬੇ ਚਰਨ ਨੂੰ ਪੁਸ਼ਕਰ ਸਮਝ ਕੇ ਚਰਣੋਕਦ ਨਾਲ ਇਸ਼ਨਾਨ ਕਰਦੀ ਹੈ, ਉਸ ਨੂੰ ਸਭ ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ ਹੈ। ਇਹ ਪਤੀ ਤੀਰਥ ਸਮਾਨ ਹੈ।
6. ਪਤਨੀ-ਤੀਰਥ : ਜੋ ਇਸਤਰੀ ਪਤੀ-ਵਰਤਾ ਬਣ ਕੇ ਆਚਰਨਵਾਨ ਰਹਿੰਦੀ ਹੈ, ਪਤੀ ਦਾ ਪਰਮਾਤਮਾ ਵਾਂਗੂ ਸਨਮਾਨ ਕਰਦੀ ਹੈ, ਉਸ ਦੇ ਹੁਕਮ ਵਿੱਚ ਰਹਿੰਦੀ ਹੈ, ਸੇਵਾ ਕਰਦੀ ਹੈ, ਉਸ ਪਤਨੀ ਤੇ ਸਭ ਦੇਵਤਿਆਂ ਦੀ ਕਿਰਪਾ ਰਹਿੰਦੀ ਹੈ ਤੇ ਸਭ ਦੇਵਤੇ ਉਸ ਦੇ ਘਰ ਵਿੱਚ ਨਿਵਾਸ ਕਰਦੇ ਹਨ। ਉਹ ਘਰ ਹਮੇਸ਼ਾ ਖ਼ੁਸ਼ਹਾਲ ਰਹਿੰਦਾ ਹੈ। ਉਹ ਪਤਨੀ ਤੀਰਥ ਸਮਾਨ ਹੈ।
ਇਸੇ ਤਰ੍ਹਾਂ ਕੁਝ ਮਾਨਸ ਤੀਰਥ ਵੀ ਮੰਨੇ ਗਏ ਹਨ ਜਿਵੇਂ ਸਤਿ, ਖਿਮਾ, ਇੰਦਰੀਆਂ ਉੱਪਰ ਕਾਬੂ, ਦਇਆ, ਸਾਦਾਪਣ, ਦਾਨ, ਮਨ ਦਾ ਸੰਜਮ, ਸੰਤੋਖ, ਬ੍ਰਹਮਚਰਯ, ਮਿੱਠਾ ਬੋਲਣਾ, ਗਿਆਨ, ਧੀਰਜ, ਤਪ-ਸਾਧਨਾ, ਆਤਮ-ਸ਼ੁੱਧੀ, ਮਨ-ਇੰਦਰੀਆਂ ਨੂੰ ਕਾਬੂ ਕਰਕੇ ਆਪਣੇ ਧੁਰ ਅੰਦਰ ਇਸ਼ਨਾਨ ਵੀ ਤੀਰਥ ਹੈ।
ਉਸ ਤੀਰਥ ਯਾਤਰੀ ਨੂੰ ਤੀਰਥ ਯਾਤਰਾ ਦਾ ਫਲ ਮਿਲਦਾ ਹੈ ਜੋ ਹਰ ਰੰਗ ਵਿੱਚ ਸੰਤੁਸ਼ਟ ਹੈ, ਨਿਰਹੰਕਾਰ ਹੈ, ਨਿਰਲੋਭ ਹੈ, ਪਖੰਡੀ ਨਹੀਂ ਹੈ, ਅਲਪ ਅਹਾਰੀ ਹੈ, ਇੰਦਰੀਜਿੱਤ ਹੈ, ਸੱਚ ਬੋਲਦਾ ਹੈ, ਕ੍ਰੋਧ-ਰਹਿਤ ਹੈ, ਨਿਰਮੋਹ ਹੈ, ਨਿਰਮਲ ਬੁੱਧੀ ਵਾਲਾ ਹੈ, ਪੱਕੇ ਇਰਾਦੇ ਵਾਲਾ ਹੈ। ਤੀਰਥ ਯਾਤਰਾ ਪ੍ਰਭੂ-ਪ੍ਰਾਪਤੀ ਲਈ ਕੀਤੀ ਜਾਂਦੀ ਹੈ। ਤੀਰਥਾਂ ਤੇ ਦਰਗਾਹੋਂ ਬਖ਼ਸ਼ੇ ਹੋਏ ਸਾਧੂ-ਸੰਤ ਮਿਲਦੇ ਹਨ, ਜਿਨ੍ਹਾਂ ਤੋਂ ਪ੍ਰਭੂ ਦਾ ਗਿਆਨ ਪ੍ਰਾਪਤ ਹੁੰਦਾ ਹੈ। ਸਾਧੂ-ਸੰਗ ਪ੍ਰਾਪਤ ਹੁੰਦਾ ਹੈ। ਸਾਧੂ ਦੇ ਉਪਦੇਸ਼ ਨਾਲ ਦੁਨਿਆਵੀ ਮੋਹ ਮਾਇਆ ਦੇ ਬੰਧਨ ਟੁੱਟ ਜਾਂਦੇ ਹਨ ਤੇ ਇਹਨਾਂ ਦੇ ਬਚਨਾਂ ਕਾਰਨ ਪਾਪ ਦੇ ਪੁੰਜ ਸੜ-ਬਲ ਜਾਂਦੇ ਹਨ। ਤੀਰਥ ਇਸ਼ਨਾਨ ਨਾਲ ਤਨ-ਮਨ ਸ਼ੁੱਧ ਹੁੰਦਾ ਹੈ। ਜਿਸ ਤੀਰਥ ਤੇ ਸਾਧੂ ਮਹਾਤਮਾ ਰਹਿੰਦੇ ਹਨ, ਉੱਥੇ ਜਾਣ ਦਾ ਜ਼ਿਆਦਾ ਲਾਭ ਹੈ।
ਹਿੰਦੂ ਸ਼ਾਸਤਰਾਂ ਵਿੱਚ ਤੀਰਥ ਯਾਤਰਾ ਦੀ ਵਿਧੀ ਵੀ ਦੱਸੀ ਗਈ ਹੈ ਕਿ ਤੀਰਥ ਯਾਤਰਾ ਘਰ ਨਾਲੋਂ ਮੋਹ ਤੋੜ ਕੇ, ਮਨ ਪ੍ਰਭੂ ਨਾਲ ਜੋੜ ਕੇ ਅਰੰਭ ਕਰਨੀ ਚਾਹੀਦੀ ਹੈ ਤੇ ਘਰੋਂ ਕੋਹ ਭਰ ਦੀ ਦੂਰੀ ਤੇ ਜਾ ਕੇ ਕਿਸੇ ਤਲਾਬ, ਸਰੋਵਰ, ਨਦੀ ਆਦਿ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਫਿਰ ਕੋਈ ਬਿਨਾਂ ਗੰਢ ਵਾਲਾ ਡੰਡਾ ਕਰਮੰਡਲ ਤੇ ਆਸਨ ਹੱਥ ਵਿੱਚ ਲੈ ਕੇ ਸਾਦੀ ਪੁਸ਼ਾਕ ਪਾ ਕੇ ਲੋਭ ਆਦਿ ਸਭ ਦਾ ਤਿਆਗ ਕਰਕੇ ਪ੍ਰਭੂ ਸਿਮਰਨ ਕਰਦਿਆਂ ਯਾਤਰਾ ਕਰਨੀ ਚਾਹੀਦੀ ਹੈ, ਜਿਸ ਦਾ ਫਲ ਅਕਹਿ ਹੈ।
ਗੁਰਮਤਿ ਵਿੱਚ ਪ੍ਰਭੂ-ਨਾਮ ਨੂੰ ਤੀਰਥ ਮੰਨਿਆ ਗਿਆ ਹੈ ਤੇ ਹੋਰ ਕਿਸੇ ਪ੍ਰਕਾਰ ਦੀ ਤੀਰਥ ਯਾਤਰਾ ਨੂੰ ਫੋਕਟ ਕਰਮ ਆਖਿਆ ਗਿਆ ਹੈ ਪਰ ਸਮਾਂ ਪਾ ਕੇ ਨਨਕਾਣਾ ਸਾਹਿਬ, ਹਰਿਮੰਦਰ ਸਾਹਿਬ, ਅੰਮ੍ਰਿਤਸਰ, ਅਨੰਦਪੁਰ ਸਾਹਿਬ, ਪਟਨਾ ਸਾਹਿਬ, ਹਜ਼ੂਰ ਸਾਹਿਬ, ਨਾਂਦੇੜ ਆਦਿ ਗੁਰ ਸਥਾਨ ਤੀਰਥ ਦਾ ਰੂਪ ਧਾਰਨ ਕਰ ਗਏ ਹਨ ਜਿੱਥੇ ਸਿੱਖ ਯਾਤਰਾ ਲਈ ਜਾਂਦੇ ਹਨ।
ਲੇਖਕ : ਗੁਰਮੁਖ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 3901, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-24-03-57-26, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First