ਤੀਸ ਹਜ਼ਾਰੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਤੀਸ ਹਜ਼ਾਰੀ: ਦਿੱਲੀ ਨਗਰ ਦੀ ਕਚਹਿਰੀਆਂ ਵਾਲੀ ਥਾਂ ਨੂੰ ‘ਤੀਸ ਹਜ਼ਾਰੀ’ ਕਿਹਾ ਜਾਂਦਾ ਹੈ। ਇਸ ਨਾਂ ਦਾ ਪਿਛੋਕੜ ਸਿੱਖ ਇਤਿਹਾਸ ਨਾਲ ਜਾ ਜੁੜਦਾ ਹੈ। ਸੰਨ 1783 ਈ. ਵਿਚ ਕੁਝ ਸਿੱਖ ਮਿਸਲਾਂ ਦੇ ਸਰਦਾਰਾਂ ਨੇ ਆਪਣੇ ਦਲਾਂ ਨੂੰ ਇਕੱਠਾ ਕਰਕੇ ਦਿੱਲੀ ਵਲ ਪ੍ਰਸਥਾਨ ਕੀਤਾ ਕਿਉਂਕਿ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਸਾਨੀ ਨੇ ਅੰਗ੍ਰੇਜ਼ਾਂ ਅਤੇ ਮਰਹਟਿਆਂ ਤੋਂ ਡਰਦਿਆਂ ਆਪਣੀ ਸਹਾਇਤਾ ਲਈ ਸਿੱਖਾਂ ਨੂੰ ਨਿਮੰਤਰਿਤ ਕੀਤਾ ਸੀ। ਸਿੱਖਾਂ ਦੀ ਦਿੱਲੀ ਵਲ ਹੋਈ ਚੜ੍ਹਤ ਨੂੰ ਵੇਖ ਕੇ ਅੰਗ੍ਰੇਜ਼ ਅਤੇ ਮਰਹਟੇ ਦਿੱਲੀ ਤੋਂ ਟਲ ਗਏ। ਸ਼ਾਹ ਆਲਮ ਨੇ ਬਦਲੀ ਹੋਈ ਸਥਿਤੀ ਵਿਚ ਸਿੱਖ ਸਰਦਾਰਾਂ ਨੂੰ ਦਿੱਲੀ ਆਉਣ ਦਾ ਖ਼ਰਚਾ ਦਿੱਤੇ ਬਿਨਾ ਪਰਤ ਜਾਣ ਲਈ ਕਿਹਾ। ਸਿੱਖ ਸਰਦਾਰਾਂ ਤੋਂ ਇਹ ਸਹਿਨ ਨ ਹੋਇਆ ਅਤੇ ਸਾਰਾ ਸੈਨਾ-ਦਲ ਦਿੱਲੀ ਦੀ ਪੁਰਾਣੀ ਸਬਜ਼ੀ ਮੰਡੀ ਤੋਂ ਲੈ ਕੇ ਅਜਮੇਰੀ ਗੇਟ ਤਕ ਪਸਰ ਗਿਆ। ਉਸ ਵੇਲੇ ਸਿੱਖ ਘੋੜਸਵਾਰਾਂ ਦੀ ਕੁਲ ਗਿਣਤੀ ਤੀਹ ਹਜ਼ਾਰ ਸੀ। ਇਸ ਕਰਕੇ ਉਨ੍ਹਾਂ ਦੇ ਠਹਿਰਨ ਵਾਲੀ ਥਾਂ ਨੂੰ ‘ਤੀਸ ਹਜ਼ਾਰੀ’ ਕਿਹਾ ਜਾਣ ਲਗਿਆ। ਇਹ ਇਲਾਕਾ ਨਵੀਂ ਦਿਲੀ ਦੇ ਰੇਲਵੇ ਸਟੇਸ਼ਨ ਦੇ ਬਣਨ ਨਾਲ ਸੁਕੜਦਾ ਸੁਕੜਦਾ ਸਬਜ਼ੀ ਮੰਡੀ ਅਤੇ ਮੋਰੀਗੇਟ ਦੇ ਵਿਚਾਲੇ ਸੀਮਿਤ ਹੋ ਗਿਆ। ਸ. ਬਘੇਲ ਸਿੰਘ ਦਾ ਦਲ ‘ਗੁਰਦੁਆਰਾ ਮਜਨੂੰ ਟਿੱਲਾ ’ ਦੇ ਨੇੜੇ ਕਿਤੇ ਰੁਕਿਆ ਹੋਇਆ ਸੀ। ਉਥੋਂ ਅਰਦਾਸਾ ਸੋਧ ਕੇ ਮਲਕਾਗੰਜ ਅਤੇ ਪੁਰਾਣੀ ਸਬਜ਼ੀ ਮੰਡੀ ਤੋਂ ਹੁੰਦਾ ਹੋਇਆ ਸ. ਬਘੇਲ ਸਿੰਘ ਮੁੱਖ ਦਲ ਨਾਲ ਆ ਰਲਿਆ ਅਤੇ ਅਜਮੇਰੀ ਦਰਵਾਜ਼ੇ ਵਾਲੇ ਪਾਸਿਓਂ ਹਮਲਾ ਕੀਤਾ। ਉਦੋਂ ਸ. ਜੱਸਾ ਸਿੰਘ ਆਹਲੂਵਾਲੀਆ , ਸ. ਜੱਸਾ ਸਿੰਘ ਰਾਮਗੜ੍ਹੀਆ , ਸ. ਤਾਰਾ ਸਿੰਘ ਗ਼ੈਬਾ , ਸ. ਮਹਾਂ ਸਿੰਘ ਸੁਕਰਚਕੀਆ , ਸ. ਖੁਸ਼ਹਾਲ ਸਿੰਘ ਸਿੰਘਪੁਰੀਆ ਆਦਿ ਮੁਖੀ ਸਰਦਾਰ ਹਮਲੇ ਵਿਚ ਸ਼ਾਮਲ ਹੋਏ ਸਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1748, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First