ਤੁਖਾਰੀ ਰਾਗ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਤੁਖਾਰੀ ਰਾਗ (ਬਾਣੀ): ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਸ ਰਾਗ ਵਿਚ ਕੁਲ 11 ਛੰਦ ਹਨ। ਪਹਿਲਾ ਛੰਦ ‘ਬਾਰਹਮਾਹਾ’ ਦਾ ਹੈ।
ਛੰਤ ਪ੍ਰਕਰਣ ਵਿਚ ਗੁਰੂ ਨਾਨਕ ਦੇਵ ਜੀ ਦੇ ਕੁਲ ਛੇ ਛੰਤ ਹਨ। ਪਹਿਲੇ ਛੰਤ ਦੇ ਰੂਪ ਵਿਚ ‘ਬਾਰਹਮਾਹਾ’ ਹੈ (ਇਸ ਬਾਰੇ ਵਿਚਾਰ ਵਖਰੇ ਇੰਦਰਾਜ ਵਿਚ ਕੀਤਾ ਹੈ), ਬਾਕੀ ਪੰਜ ਛੰਤਾਂ ਵਿਚੋਂ ਤਿੰਨ ਵਿਚ ਚਾਰ ਚਾਰ ਪਦੇ ਹਨ ਅਤੇ ਦੋ ਵਿਚ ਪੰਜ ਪੰਜ। ਪਹਿਲੇ ਵਿਚ ਚਾਰ ਪਹਿਰਾਂ ਦੁਆਰਾ ਮਨੁੱਖ ਦੀ ਉਮਰ ਦੀ ਸਥਿਤੀ ਦਸੀ ਗਈ ਹੈ। ਦੂਜੇ ਵਿਚ ਜੀਵਨ ਰੂਪੀ ਅੰਧਕਾਰਮਈ ਰਾਤ ਵਿਚ ਆਤਮ- ਪ੍ਰਕਾਸ਼ ਰੂਪੀ ਤਾਰੇ ਦੇ ਚੜ੍ਹਨ ਨਾਲ ਮਨੁੱਖ ਨੂੰ ਸਹੀ ਮਾਰਗ ਪਛਾਣਨ ਲਈ ਕਿਹਾ ਗਿਆ ਹੈ। ਤੀਜੇ ਵਿਚ ਪਤੀ-ਪਤਨੀ ਦੇ ਰੂਪਕ ਰਾਹੀਂ ਪਰਮਾਤਮਾ ਤੋਂ ਵਿਛੜੀ ਜੀਵਾਤਮਾ ਨੂੰ ਗੁਣ ਗ੍ਰਹਿਣ ਕਰਲ ਦੀ ਪ੍ਰੇਰਣਾ ਦਿੱਤੀ ਗਈ ਹੈ। ਚੌਥੇ ਵਿਚ ਗੁਰੂ ਰਾਹੀਂ ਜੀਵਾਤਮਾ ਦੇ ਪਰਮਾਤਮਾ ਨਾਲ ਮੇਲ ਦੀ ਕਾਰਵਾਈ ਉਤੇ ਪ੍ਰਕਾਸ਼ ਪਾਇਆ ਗਿਆ ਹੈ। ਪੰਜਵੇਂ ਵਿਚ ਮਨੁੱਖ ਨੂੰ ਸੱਚੀ ਦਰਗਾਹ ਵਿਚ ਪਹੁੰਚਣ ਲਈ ਤਿਆਰ ਕੀਤਾ ਗਿਆ ਹੈ।
ਗੁਰੂ ਰਾਮਦਾਸ ਜੀ ਨੇ ਆਪਣੇ ਛੰਤਾਂ ਵਿਚੋਂ ਤਿੰਨ ਵਿਚ ਚਾਰ ਚਾਰ ਪਦੇ ਅਤੇ ਇਕ ਵਿਚ ਛੇ ਪਦੇ ਸਮੋਏ ਹਨ। ਇਨ੍ਹਾਂ ਵਿਚ ਪਰਮਾਤਮਾ ਰੂਪੀ ਪ੍ਰੀਤਮ ਨੂੰ ਮਿਲਣ ਦੀ ਤਾਂਘ ਦਸ ਕੇ ਭਗਤੀ , ਸੇਵਾ , ਨਾਮ-ਜਾਪ ਆਦਿ ਉਪਾ ਵੀ ਦਸੇ ਗਏ ਹਨ, ਪਰ ਤੀਰਥਾਂ ਦੀ ਯਾਤ੍ਰਾ ਨੂੰ ਵਿਅਰਥ ਦਰਸਾਇਆ ਗਿਆ ਹੈ। ਗੁਰੂ ਅਰਜਨ ਦੇਵ ਜੀ ਨੇ ਚਾਰ ਪਦਿਆਂ ਦੇ ਆਪਣੇ ਇਕ ਛੰਤ ਵਿਚ ਮੱਛੀ ਅਤੇ ਪਪੀਹੇ ਦੀ ਜਲ ਲਈ ਪ੍ਰਗਟਾਈ ਤਾਂਘ ਦੇ ਉਪਮਾਨਾਂ ਰਾਹੀਂ ਪ੍ਰਭੂ ਦੇ ਮਿਲਾਪ ਦੀ ਇੱਛਾ ਪ੍ਰਗਟ ਕੀਤੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2306, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First