ਤੁਲਸੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੁਲਸੀ (ਨਾਂ,ਇ) ਕਫ਼-ਨਾਸ਼ਕ ਅਤੇ ਭੁੱਖ ਵਧਾਉਣ ਵਾਲੇ ਖੁਸ਼ਬੋਦਾਰ ਪੱਤਿਆਂ ਵਾਲਾ ਮਰੂਏ ਦੀ ਕਿਸਮ ਦਾ ਗੁਣਕਾਰੀ ਪੌਦਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3676, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਤੁਲਸੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੁਲਸੀ [ਨਾਂਪੁ] ਹਿੰਦੀ ਦਾ ਇੱਕ ਪ੍ਰਸਿੱਧ ਰਾਮ ਭਗਤ ਕਵੀ ਤੁਲਸੀਦਾਸ : ਇੱਕ ਪਵਿੱਤਰ ਬੂਟਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3666, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤੁਲਸੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੁਲਸੀ. ਸੰ. ਸੰਗ੍ਯਾ—ਜੋ ਆਪਣੀ ਤੁਲ੍ਯਤਾ (ਬਰਾਬਰੀ) ਨੂੰ ਫੈਂਕ ਦੇਵੇ, ਸੋ ਤੁਲਸੀ. ਅਰਥਾਤ ਜਿਸ ਦੇ ਤੁਲ੍ਯ ਹੋਰ ਬੂਟਾ ਨਹੀਂ. ਤੁਲਸੀ ਮਰੂਏ ਦੀ ਕਿ਼ਸਮ ਦਾ ਇੱਕ ਚਰਪਰਾ ਪੌਦਾ ਹੈ. ਇਸ ਦੇ ਪੱਤੇ ਕਫ ਨਾਸ਼ਕ ਅਤੇ ਭੁੱਖ ਵਧਾਉਣ ਵਾਲੇ ਹਨ. ਵੈਦ ਤਪ ਆਦਿਕ ਕਈ ਰੋਗਾਂ ਵਿੱਚ ਤੁਲਸੀ ਵਰਤਦੇ ਹਨ. ਜੇ ਤੁਲਸੀ ਦੇ ਪੱਤੇ ਚਾਯ ਵਾਂਙ ਉਬਾਲਕੇ ਦੁੱਧ ਅਤੇ ਮਿੱਠਾ ਮਿਲਾਕੇ ਪੀਤੇ ਜਾਣ ਤਾਂ ਮੇਦੇ ਅਤੇ ਫਿਫੜੇ ਦੇ ਅਨੇਕ ਰੋਗ ਦੂਰ ਹੋਂਦੇ ਹਨ. L. Ocymum Sacrum. ਅੰ. Sweet basil.
ਵੈਨਵ ਧਰਮ ਅਨੁਸਾਰ ਇਸ ਨੂੰ ਬਹੁਤ ਹੀ ਪਵਿਤ੍ਰ ਮੰਨਿਆ ਹੈ ਅਰ ਸ਼ਾਲਗ੍ਰਾਮ ਦੀ ਪੂਜਾ ਤਾਂ ਬਿਨਾ ਤੁਲਸੀ ਹੋ ਹੀ ਨਹੀਂ ਸਕਦੀ
ਬ੍ਰਹਵੈਵਰਤ ਪੁਰਾਣ ਵਿੱਚ ਕਥਾ ਹੈ ਕਿ ਗੋਲੋਕ ਵਿੱਚ ਤੁਲਸੀ ਨਾਮ ਦੀ ਇੱਕ ਰਾਧਾ ਦੀ ਸਖੀ ਸੀ. ਇੱਕ ਦਿਨ ਕ੍ਰਿਨ ਜੀ ਨਾਲ ਤੁਲਸੀ ਨੂੰ ਕੇਲ ਕਰਦੇ ਦੇਖਕੇ ਰਾਧਾ ਨੇ ਸ੍ਰਾਪ ਦਿੱਤਾ ਕਿ ਤੂੰ ਮਨੁੱਖ ਸ਼ਰੀਰ ਧਾਰਣ ਕਰ. ਇਸ ਪੁਰ ਤੁਲਸੀ ਰਾਜਾ ਧਰਮਧ੍ਵਜ ਦੀ ਕੰਨ੍ਯਾ ਹੋਈ, ਅਤੇ ਸ਼ੰਖਚੂੜ ਰਾਖਸ ਨਾਲ ਵਿਆਹ ਹੋਇਆ. ਸ਼ੰਖਚੂੜ ਨੂੰ ਇਹ ਵਰ ਮਿਲਿਆ ਹੋਇਆ ਸੀ ਕਿ ਜਦ ਤੀਕ ਉਸ ਦੀ ਇਸਤ੍ਰੀ ਦਾ ਸਤ ਭੰਗ ਨਹੀਂ ਹੋਊ, ਓਦੋਂ ਤੀਕ ਉਸ ਨੂੰ ਕੋਈ ਨਹੀਂ ਜਿੱਤ ਸਕੇਗਾ. ਸ਼ੰਖਚੂੜ ਨੇ ਸਾਰੇ ਦੇਵਤੇ ਜਿੱਤ ਲਏ ਅਰ ਤਿੰਨ ਲੋਕਾਂ ਦਾ ਮਾਲਿਕ ਬਣ ਗਿਆ. ਦੇਵਤਿਆਂ ਨੇ ਵਿਨੁ ਦੀ ਸ਼ਰਣ ਲਈ ਅਤੇ ਸਹਾਇਤਾ ਮੰਗੀ. ਵਿਨੁ ਨੇ ਸ਼ੰਖਚੂੜ ਦਾ ਭੇਸ ਧਾਰਕੇ ਤੁਲਸੀ ਦਾ ਸਤ ਭੰਗ ਕੀਤਾ. ਤੁਲਸੀ ਨੇ ਵਿਨੁ ਨੂੰ ਸ੍ਰਾਪ ਦਿੱਤਾ ਕਿ ਤੂੰ ਪੱਥਰ ਹੋਜਾ. ਵਿਨੁ ਨੇ ਆਖਿਆ ਕਿ ਤੂੰ ਭੀ ਇਸ ਸ਼ਰੀਰ ਨੂੰ ਛੱਡਕੇ ਸਦਾ ਲਮੀ ਵਾਂਙ ਮੇਰੀ ਪ੍ਯਾਰੀ ਰਹੇਂਗੀ. ਤੇਰੇ ਸ਼ਰੀਰ ਤੋਂ ਗੰਡਕਾ ਨਦੀ ਅਤੇ ਕੇਸ਼ਾਂ ਤੋਂ ਤੁਲਸੀ ਦਾ ਬੂਟਾ ਹੋਵੇਗਾ. ਦੋਹਾਂ ਦੇ ਪਰਸਪਰ ਸ੍ਰਾਪ ਦੇ ਕਾਰਣ ਵਿਨੁ ਸ਼ਾਲਗ੍ਰਾਮ ਹੋਏ, ਜੋ ਗੰਡਕਾ ਨਦੀ ਵਿੱਚੋਂ ਮਿਲਦੇ ਹਨ ਅਤੇ ਤੁਲਸੀ ਬੂਟਾ ਬਣੀ. ਦੇਖੋ, ਜਲੰਧਰ ਸ਼ਬਦ.
ਬਹੁਤ ਵੈਨਵ ਤੁਲਸੀ ਅਤੇ ਸ਼ਾਲਗ੍ਰਾਮ ਦਾ ਵਿਆਹ ਧੂਮ ਧਾਮ ਨਾਲ ਕਰਦੇ ਹਨ ਅਰ ਤੁਲਸੀ ਦੀ ਲੱਕੜ ਦੀ ਮਾਲਾ ਅਤੇ ਕੰਠੀ ਪਹਿਰਦੇ ਹਨ. ਤੁਲਸੀ ਦਾ ਖ਼ਾ ਕਰਕੇ ਪੂਜਨ ਕੱਤਕ ਬਦੀ ਅਮਾਵਸ (ਮੌਸ) ਨੂੰ ਹੁੰਦਾ ਹੈ ਕਿਉਂਕਿ ਇਹ ਤਿਥਿ ਤੁਲਸੀ ਦੇ ਜਨਮ ਦੀ ਮੰਨੀ ਗਈ ਹੈ. ਤੁਲਸੀ ਦੇ ਸੰਸਕ੍ਰਿਤ ਨਾਮ ਹਨ—
ਵਿਨੁਵੱਲਭਾ, ਹਰਿਪ੍ਰਿਯਾ, ਵਿ੍ਰੰਦਾ, ਪਾਵਨੀ, ਵਹੁਪਤ੍ਰੀ, ਸ਼੍ਯਾਮਾ, ਤ੍ਰਿਦਸ਼ ਮੰਜਰੀ, ਮਾਧਵੀ, ਅਮ੍ਰਿਤਾ, ਸੁਰਵੱਲੀ. “ਨਾ ਸੁਚਿ ਸੰਜਮ ਤੁਲਸੀ ਮਾਲਾ.” (ਮਾਰੂ ਸੋਲਹੇ ਮ: ੫) ੨ ਸ਼੍ਰੀ ਗੁਰੂ ਅਰਜਨਦੇਵ ਦਾ ਇੱਕ ਪਰੋਪਕਾਰੀ ਸਿੱਖ । ੩ ਦੇਖੋ, ਤੁਲਸੀਦਾਸ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3465, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਤੁਲਸੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਤੁਲਸੀ (ਸੰ.। ਸੰਸਕ੍ਰਿਤ ਤੁਲਾ=ਬਰਾਬਰ+ਖੋ=ਨਾਸ ਕਰਨਾ+ਙ ਤੇ ਙੀਪੑ ਪ੍ਰਤੇ*। ਜੋ ਤੁੱਲਤਾ ਨੂੰ ਸਿਟ ਦੇਵੇ , ਜਿਸ ਦੇ ਤੁੱਲ ਕੋਈ ਨਹੀਂ ਭਾਵ) ੧. ਬ੍ਰਹਮ। ਯਥਾ-‘ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ’।
ਦੇਖੋ, ‘ਖੇਚਰ’ ‘ਸਾਲਗ੍ਰਾਮ’
‘ਤੁਲਸੀ ਮਾਲਾ’
੨. (ਸੰਸਕ੍ਰਿਤ) ਇਕ ਖੁਸ਼ਬੂਦਾਰ ਬੂਟਾ ਹੈ ਜਿਸ ਦੇ ਸਿਰ ਤੇ ਫ਼ੁਲਾਂ ਦੀ ਥਾਂ ਮੁੰਜਰਾਂ ਨਿਕਲਦੀਆਂ ਹਨ, ਜੋ ਹਿੰਦੂ ਮੱਤ ਵਿਚ ਇਕ ਪਤਿਬ੍ਰਤਾ ਇਸਤ੍ਰੀ ਦੀ ਜੜ੍ਹ ਬਿਵਸਥਾ ਦੱਸਦੇ ਹਨ। ਇਸ ਦੀਆਂ ਮਾਲਾ ਬੀ ਬਣਾਂਦੇ ਤੇ ਬੈਰਾਗੀ ਪਹਿਨਦੇ ਹਨ। ਦਵਾਈਆਂ ਵਿਚ ਬੀ ਵਰਤੀਂਦਾ ਹੈ*। ਰੀਹਾਂਨ ਯਾਂ ਨਿਆਜ਼-ਬੋ ਇਸ ਦੀ ਦੂਸਰੀ ਕਿਸਮ ਹੈ।
----------
* ਵਿਲਸਨ ਵਿਲਸਨ ਕੋਸ਼ੇ ।
----------
* ਪਾਲੇ ਦੇ ਤਾਪ ਲਈ ਇਸ ਦਾ ਖਾਣਾ ਗੁਣਕਾਰੀ ਹੈ। ਤੁਲਸੀ ਦੇ ਬਨ ਰਿਹਾਂ ਬੀ ਤਾਪ ਨਹੀਂ ਚੜ੍ਹਦਾ, ਐਸਾ ਖ੍ਯਾਲ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3431, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਤੁਲਸੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਤੁਲਸੀ : ਇਹ ਲੇਬੀਏਟੀ (Labiateae) ਕੁਲ ਦਾ ਪੌਦਾ ਹੈ। ਇਸ ਦਾ ਵਿਗਿਆਨਕ ਨਾਂ ਔਸਿਮਮ ਸੈਂਕਟਮ (Ocimum sanctum) ਹੈ। ਇਹ ਇਕ-ਰੁੱਤੀ ਅਤੇ ਬਹੁ-ਰੁੱਤੀ ਪੌਦੇ ਹਨ। ਇਹ ਪੌਦਾ ਝਾੜੀਨੁਮਾ ਹੁੰਦਾ ਹੈ ਜਿਸ ਦੇ ਪੱਤੇ ਆਮੋ ਸਾਹਮਣੇ ਲੱਗੇ ਹੁੰਦੇ ਹਨ। ਫੁੱਲ ਛੋਟੇ-ਛੋਟੇ ਅਤੇ ਸਫੈਦ ਜਿਹੇ ਹੁੰਦੇ ਹਨ। ਕਈ ਜਾਤੀਆਂ ਦੇ ਫੁੱਲ ਪੀਲੇ ਵੀ ਹੁੰਦੇ ਹਨ। ਆਮ ਤੌਰ ਤੇ ਇਕ ਚੱਕਰ ਵਿਚ 6 ਫੁੱਲ ਲਗੇ ਹੁੰਦੇ ਹਨ। ਸੈਪਲ-ਪੁੰਜ (Calyx) ਆਮ ਤੌਰ ਤੇ ਦੰਦੇਦਾਰ ਹੁੰਦਾ ਹੈ ਅਤੇ ਦੰਦੇ ਵੱਡੇ ਛੋਟੇ ਹੁੰਦੇ ਹਨ। ਪੈਟਲ-ਪੁੰਜ (Corolla) ਨਲੀ ਆਮ ਤੌਰ ਤੇ ਸੈਪਲ-ਪੁੰਜ ਤੋਂ ਵੱਡੀ ਨਹੀਂ ਹੁੰਦੀ। ਇਸ ਦੇ ਦੋ ਬੁੱਲ੍ਹ ਹੁੰਦੇ ਹਨ। ਉਪਰਲੇ ਬੁੱਲ੍ਹ ਦੇ 4 ਖੰਨ ਹੁੰਦੇ ਹਨ। ਪੁੰਕੇਸਰ (Stamen) 4 ਹੁੰਦੇ ਹਨ ਜੋ ਦੋ-ਦੀਰਘ ਪੁੰਕੇਸਰੀ (didynamous) ਕਿਸਮ ਦੇ ਹੁੰਦੇ ਹਨ। ਸਟਾਈਲ ਦੇ ਦੋ ਹਿੱਸੇ ਹੋਏ ਹੁੰਦੇ ਹਨ।
ਤੁਲਸੀ ਦੁਨੀਆ ਦੇ ਗਰਮ ਭਾਗਾਂ ਵਿਚ ਉੱਗਾਈ ਜਾਂਦੀ ਹੈ। ਇਹ ਭਾਰਤ ਅਤੇ ਪਾਕਿਸਤਾਨ ਦੇ ਲਗਭਗ ਸਭ ਭਾਗਾਂ ਵਿਚ ਮਿਲਦੀ ਹੈ। ਇਸ ਦੇ ਪੱਤੇ, ਬੀਜ ਅਤੇ ਸਾਰਾ ਪੌਦਾ ਹੀ ਦਵਾਈ ਦੇ ਤੌਰ ਤੇ ਵਰਤਿਆ ਜਾਂਦਾ ਹੈ। ਤੁਲਸੀ ਕਫ਼-ਨਿਵਾਰਕ ਅਤੇ ਪੇਟ ਦੀਆਂ ਬੀਮਾਰੀਆਂ ਨੂੰ ਠੀਕ ਕਰਨ ਵਾਲੀ ਹੈ। ਇਸ ਦਾ ਕਾੜ੍ਹਾ ਨਜ਼ਲੇ, ਜ਼ੁਕਾਮ ਅਤੇ ਬ੍ਰੋਂਕਾਈਟਸ ਵਿਚ ਵਰਤਿਆ ਜਾਂਦਾ ਹੈ। ਇਹ ਦਿਲ ਨੂੰ ਉਤੇਜਨਾ ਦੇਣ ਵਾਸਤੇ, ਜ਼ਿਆਦਾ ਪਿਸ਼ਾਬ ਲਿਆਉਣ ਲਈ ਜਾਂ ਐਂਟੀਸੈਪਟਿਕ ਦਵਾਈ ਵਜੋਂ ਵੀ ਵਰਤਿਆ ਜਾਂਦਾ ਹੈ।
ਤੁਲਸੀ ਦੇ ਪੱਤਿਆਂ ਦਾ ਕਾੜ੍ਹਾ ਮਲੇਰੀਆ, ਬੱਚਿਆਂ ਦੀਆਂ ਪੇਟ ਦੀਆਂ ਬੀਮਾਰੀਆਂ ਅਤੇ ਜਿਗਰ ਦੀਆਂ ਬੀਮਾਰੀਆਂ ਠੀਕ ਕਰਨ ਲਈ ਵਰਤਿਆ ਜਾਂਦਾ ਹੈ। ਇਸ ਦੇ ਤਾਜ਼ੇ ਪੱਤਿਆਂ ਨੂੰ ਕਾਲੀ ਮਿਰਚ ਲਗਾ ਕੇ ਖਾਣ ਨਾਲ ਮਲੇਰੀਏ ਵਿਚ ਬਹੁਤ ਲਾਭ ਪਹੁੰਚਦਾ ਹੈ। ਇਸਦੇ ਪੱਤੇ ਸਵੇਰੇ ਜਾਂ ਦੋ ਖਾਣਿਆਂ ਦੇ ਦਰਮਿਆਨ ਖਾਣੇ ਚਾਹੀਦੇ ਹਨ। ਇਕ ਬਾਲਗ਼ ਵਿਅਕਤੀ ਲਈ ਇਸ ਦੀ ਮਾਤਰਾ ਪੰਜ ਤਾਜ਼ੇ ਪੱਤੇ ਅਤੇ ਤਿੰਨ ਕਾਲੀਆਂ ਮਿਰਚਾਂ ਹਨ। ਇਹ ਹਫ਼ਤੇ ਵਿਚ ਦੋ ਵਾਰੀ ਲੈਣੇ ਚਾਹੀਦੇ ਹਨ। ਬੱਚਿਆਂ ਨੂੰ ਇਸ ਤੋਂ ਘੱਟ ਮਾਤਰਾ ਦੇਣੀ ਚਾਹੀਦੀ ਹੈ। ਇਸ ਦੇ ਪੱਤਿਆਂ ਦਾ ਰਸ ਜੇਕਰ ਹਰ ਰੋਜ਼ ਸਵੇਰ ਵੇਲੇ ਲਿਆ ਜਾਵੇ ਤਾਂ ਪੁਰਾਣਾ ਬੁਖ਼ਾਰ ਵੀ ਠੀਕ ਹੋ ਜਾਂਦਾ ਹੈ। ਪੱਤਿਆਂ ਦਾ ਰਸ ਰੱਤਵਾਹ, ਪੇਚਸ ਅਤੇ ਉਲਟੀਆਂ ਰੋਕਣ ਲਈ ਵੀ ਵਰਤਿਆ ਜਾਂਦਾ ਹੈ। ਇਸ ਨਾਲ ਪੇਟ ਦੇ ਕੀੜੇ ਜਾਂ ਵਰਮ ਵੀ ਖ਼ਤਮ ਹੋ ਜਾਂਦੇ ਹਨ।
ਇਸ ਦੀਆਂ ਜੜ੍ਹਾਂ ਦਾ ਕਾੜ੍ਹਾ ਵੀ ਮਲੇਰੀਆ ਬੁਖ਼ਾਰ ਠੀਕ ਕਰਦਾ ਹੈ। ਇਸ ਦੀਆਂ ਤਾਜ਼ੀਆਂ ਜੜ੍ਹਾਂ ਦਾ ਪੇਸਟ ਮੱਛਰਾਂ, ਮਧੂ-ਮੱਖੀਆਂ, ਭਰਿੰਡਾਂ ਦੇ ਲੜ ਜਾਣ ਅਤੇ ਜੋਕਾਂ ਦੇ ਕੱਟ ਜਾਣ ਤੇ ਵਰਤਿਆ ਜਾਂਦਾ ਹੈ।
ਤੁਲਸੀ ਦੇ ਫੁੱਲ ਸ਼ਹਿਦ, ਅਦਰਕ ਦੇ ਰਸ ਅਤੇ ਪਿਆਜ ਦੇ ਰਸ ਨਾਲ ਮਿਲਾਕੇ ਖਾਣ ਨਾਲ ਖ਼ਾਂਸੀ ਅਤੇ ਬਲਗ਼ਮ ਤੋਂ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਤੁਲਸੀ ਦੇ ਬੀਜ ਜਣਨ ਅਤੇ ਪਿਸ਼ਾਬ-ਅੰਗਾਂ ਦੀਆਂ ਬੀਮਾਰੀਆਂ ਵਿਚ ਵੀ ਵਰਤੇ ਜਾਂਦੇ ਹਨ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2140, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-21-04-29-20, ਹਵਾਲੇ/ਟਿੱਪਣੀਆਂ: ਹ. ਪੁ. –ਐਨ. ਆੱਫ. ਹਾਰਟੀ. 2 : 2319; ਮੈਡੀ. ਪਲਾਂਟਸ : 173
ਤੁਲਸੀ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਤੁਲਸੀ : ਹਿੰਦੂ ਘਰਾਂ ਅਤੇ ਮੰਦਰਾਂ ਵਿਚ ਪਵਿੱਤਰ ਸਮਝ ਕੇ ਲਗਾਏ ਜਾਣ ਵਾਲੇ ਇਸ ਬੂਟੇ ਦਾ ਵਿਗਿਆਨਕ ਨਾਂ ਔਸਿਮਮ ਸੈਂਕਟਮ (Ocimum sanctum) ਹੈ ਜਿਹੜਾ ਲੇਬੀਏਟੀ (Liabiateae) ਕੁਲ ਨਾਲ ਸਬੰਧਤ ਹੈ।
ਇਹ ਪੌਦਾ ਸਖ਼ਤ ਮੁੱਢ ਅਤੇ ਕਈ ਸ਼ਾਖ਼ਾਂ ਵਾਲਾ ਹੁੰਦਾ ਹੈ ਜਿਨ੍ਹਾਂ ਉੱਤੇ ਲੂੰਦਾਰ, ਖੁਸ਼ਬੂਦਾਰ ਅਤੇ ਛੋਟੇ ਛੋਟੇ ਨਿਸ਼ਾਨਾਂ ਵਾਲੇ ਹਰੇ ਪੱਤੇ ਹੁੰਦੇ ਹਨ। ਜਾਮਨੀ ਗੁਲਾਬੀ ਰੰਗ ਦੇ ਖੁਸ਼ਬੂਦਾਰ ਪੁਸ਼ਪ ਕ੍ਰਮ ਇਕ ਗੁੱਛੇ ਦੇ ਰੂਪ ਵਿਚ ਅਕਤੂਬਰ ਵਿਚ ਖਿੜਨੇ ਸ਼ੁਰੂ ਹੋ ਜਾਂਦੇ ਹਨ।
ਇਸ ਦੇ ਪੱਤੇ ਸਲਾਦ ਅਤੇ ਭੋਜਨ ਦੀਆਂ ਹੋਰ ਵਸਤੂਆਂ ਵਿਚ ਮਿਲਾਏ ਜਾਂਦੇ ਹਨ। ਇਸ ਪੌਦੇ ਦੇ ਕਈ ਰੋਗ ਨਾਸ਼ਕ ਗੁਣ ਹਨ। ਪੱਤੇ ਅਤੇ ਉਨ੍ਹਾਂ ਦਾ ਰਸ ਨਜ਼ਲਾ, ਜ਼ੁਕਾਮ ਅਤੇ ਸਾਹ ਨਲੀ ਦੀ ਸੋਜਸ਼ ਦੂਰ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਜੜ੍ਹ ਦਾ ਕਾੜ੍ਹਾ ਮਲੇਰੀਏ ਦੇ ਮਰੀਜ਼ ਨੂੰ ਪਸੀਨਾ ਲਿਆਉਣ ਲਈ ਦਿੱਤਾ ਜਾਂਦਾ ਹੈ।
ਹਿੰਦੂ ਅਤੇ ਖਾਸ ਕਰ ਕੇ ਵੈਸ਼ਨਵ ਇਸ ਨੂੰ ਬੜਾ ਪਵਿੱਤਰ ਮੰਨ ਕੇ ਸਵੇਰੇ ਇਸ ਦੀ ਪੂਜਾ ਕਰਦੇ ਹਨ। ਪੌਰਾਣਿਕ ਕਥਾ ਅਨੁਸਾਰ ਤੁਲਸੀ ਜਲੰਧਰ ਦੈਂਤ ਦੀ ਪਤਨੀ ਸੀ ਅਤੇ ਇਸ ਦਾ ਨਾਂ ਵਰਿੰਦਾ ਸੀ। ਵਿਸ਼ਨੂੰ ਭਗਵਾਨ ਦੇ ਸਰਾਪ ਕਾਰਨ ਇਹ ਤੁਲਸੀ ਦਾ ਬੂਟਾ ਬਣ ਗਈ ਅਤੇ ਇਸ ਦੇ ਸਰਾਪ ਕਾਰਨ ਭਗਵਾਨ ਪੱਥਰ (ਸਾਲਗਰਾਮ) ਬਣ ਗਏ। ਇਸ ਲਈ ਅੱਜ ਵੀ ਲੋਕ ਸਾਲਗਰਾਮ ਨੂੰ ਵਿਸ਼ਨੂੰ ਅਤੇ ਤੁਲਸੀ ਨੂੰ ਵਰਿੰਦਾ ਦਾ ਪ੍ਰਤੀਕ ਮੰਨ ਕੇ ਪੂਜਦੇ ਹਨ। ਕਈ ਹਿੰਦੂ 11 ਸੁਦੀ ਕਤਕ ਨੂੰ ਸਾਲਗਰਾਮ ਅਤੇ ਤੁਲਸੀ ਦਾ ਵਿਆਹ ਵੀ ਰਚਾਂਦੇ ਹਨ।
ਕਈਆਂ ਅਨੁਸਾਰ ਜੇਕਰ ਮ੍ਰਿਤਕ ਦੇ ਹੱਥ ਵਿਚ ਤੁਲਸੀ ਦਾ ਪੱਤਾ ਹੋਵੇ ਤਾਂ ਜਮਦੂਤ ਉਸ ਦੀ ਆਤਮਾ ਨੂੰ ਖਿਚਦੇ ਧੂੰਹਦੇ ਨਹੀਂ ਅਤੇ ਆਦਰ ਸਾਹਿਤ ਸਵਰਗ ਵਿਚ ਲੈ ਜਾਂਦੇ ਹਨ।
ਕਈ ਧਨੀ ਲੋਕ ਜਿਨ੍ਹਾਂ ਦੇ ਘਰ ਧੀ ਨਹੀਂ ਹੁੰਦੀ ਉਹ ਤੁਲਸੀ ਦਾ ਕਿਸੇ ਬ੍ਰਾਹਮਣ ਨੂੰ ਕੰਨਿਆਦਾਨ ਕਰਦੇ ਹਨ । ਤੁਲਸੀ ਨੂੰ ਡੋਲੀ ਵਿਚ ਪਾ ਕੇ ਵਿਦਾ ਕੀਤਾ ਜਾਂਦਾ ਹੈ ਅਤੇ ਦਾਜ ਵੀ ਦਿੱਤਾ ਜਾਂਦਾ ਹੈ। ਬ੍ਰਾਹਮਣ ਨੂੰ ਉਸ ਘਰ ਦਾ ਜਵਾਈ ਮੰਨ ਕੇ ਹਮੇਸ਼ਾ ਹੀ ਆਦਰ ਸਤਿਕਾਰ ਦਿੱਤਾ ਜਾਂਦਾ ਹੈ।
ਜਦੋਂ ਕੋਈ ਆਦਮੀ ਤੀਜੀ ਵਾਰ ਵਿਆਹ ਕਰਨ ਲਗੇ ਤਾਂ ਤਿੰਨ ਅੰਕ ਨੂੰ ਅਸ਼ੁਭ ਗਿਣਦਿਆਂ ਹੋਇਆਂ ਪਹਿਲਾਂ ਉਸ ਦਾ ਵਿਆਹ ਤੁਲਸੀ ਨਾਲ ਕੀਤਾ ਜਾਂਦਾ ਹੈ।
ਸੂਰਜ ਜਾਂ ਚੰਨ ਗ੍ਰਹਿਣ ਸਮੇਂ ਘਰ ਦੀ ਪਵਿੱਤਰਤਾ ਕਾਇਮ ਰੱਖਣ ਲਈ ਕਈ ਤੀਵੀਆਂ ਤੁਲਸੀ ਦੇ ਪੱਤਿਆਂ ਉੱਤੇ ਗੰਗਾ ਜਲੀ ਦਾ ਛਿੱਟਾ ਮਾਰ ਕੇ ਭਾਂਡਿਆਂ ਵਿਚ ਰੱਖ ਦਿੰਦੀਆਂ ਹਨ ਅਤੇ ਇਸ ਤਰ੍ਹਾਂ ਰਸੋਈ ਨੂੰ ਗ੍ਰਹਿਣ ਦੇ ਪ੍ਰਭਾਵ ਤੋਂ ਦੂਰ ਰੱਖਣ ਦਾ ਯਤਨ ਕਰਦੀਆਂ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1674, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-22-12-11-54, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਪੰ. ਗ. ਪੋ. ਡਾ. ਸ਼ਰਮਾ. ਪੰ. ਲੋ. ਵਿ. ਕੋ. ਪੰ. ਸਾ. ਸੰ. ਕੋ.
ਵਿਚਾਰ / ਸੁਝਾਅ
Please Login First