ਤੁੜਾਉ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Dissolution_ਤੁੜਾਉ: ਬਰਤਾਨਵੀ ਤਰਜ਼ ਦੀ ਸੰਸਦੀ ਪ੍ਰਕਾਰ ਦੀ ਸਰਕਾਰ ਵਿਚ ਤੁੜਾਉ ਇਕ ਤਕਨੀਕੀ ਸ਼ਬਦ ਬਣ ਗਿਆ ਹੈ। ਇੰਗਲੈਂਡ ਵਿਚ ਪਾਰਲੀਮੈਂਟ ਦੇ ਤੁੜਾਉ ਨੂੰ ਕਈ ਵਾਰੀ ਸੰਸਦ ਦੀ ਸਿਵਲ ਮੌਤ ਕਿਹਾ ਜਾਂਦਾ ਹੈ। ਇਸ ਨਾਲ ਸੰਸਦ ਅੱਗੇ ਲੰਬਤ ਬਿਲ ਬੀਤ ਜਾਂਦੇ ਹਨ। ਉਥੇ ਸੰਸਦ ਦਾ ਤੁੜਾਉ ਸ਼ਾਹੀ ਫ਼ਰਮਾਨ ਨਾਲ ਹੁੰਦਾ ਹੈ ਅਤੇ ਉਦੋਂ ਤਕ ਪਾਸ ਨ ਹੋਏ ਬਿਲ ਸਲੇਟ ਤੋਂ ਪੂਰੀ ਤਰ੍ਹਾਂ ਸਾਫ਼ ਹੋ ਜਾਂਦੇ ਹਨ। ਸੰਸਦ ਦਾ ਤੁੜਾਉ ਅਤੇ ਸੰਸਦ ਨੂੰ ਉਠਾਉਣਾ ਦੋ ਵਖ ਵਖ ਚੀਜ੍ਹਾਂ ਹਨ। ਸੰਸਦ ਨੂੰ ਉਠਾਉਣ ਦਾ ਮਤਲਬ ਹੈ ਕਿਸੇ ਇਕ ਸਮਾਗਮ ਦਾ ਅੰਤ ਕਰਨਾ ਜਦ ਕਿ ਤੁੜਾਉ ਦਾ ਮਤਲਬ ਹੈ ਉਸ ਸੰਸਦ ਵਿਸ਼ੇਸ਼ ਨੂੰ ਖ਼ਤਮ ਕਰਨਾ। ਤੁੜਾਉ ਤੋਂ ਬਾਦ ਚੋਣ ਕਰਵਾਈ ਜਾਂਦੀ ਹੈ ਅਤੇ ਨਵੀਂ ਸੰਸਦ ਹੋਂਦ ਵਿਚ ਆਉਂਦੀ ਹੈ।
ਭਾਰਤੀ ਸੰਸਦ ਦੋ ਸਦਨਾਂ ਅਰਥਾਤ ਲੋਕ ਸਭਾ , ਰਾਜ ਸਭਾ ਅਤੇ ਰਾਸ਼ਟਰਪਤੀ ਤੋਂ ਮਿਲ ਕੇ ਬਣਦੀ ਹੈ। ਲੋਕ ਸਭਾ ਦੀ ਮਿਆਦ ਉਸ ਦੀ ਪਹਿਲੀ ਬੈਠਕ ਤੋਂ ਪੰਜ ਸਾਲ ਤਕ ਹੁੰਦੀ ਹੈ, ਪਰ ਰਾਸ਼ਟਰਪਤੀ ਲੋਕ ਸਭਾ ਨੂੰ ਉਸ ਤੋਂ ਪਹਿਲਾਂ ਵੀ ਤੋੜ ਸਕਦਾ ਹੈ। ਸਾਧਾਰਨ ਤੌਰ ਤੇ ਲੋਕ ਸਭਾ ਦਾ ਤੁੜਾਉ ਪ੍ਰਧਾਨ ਮੰਤਰੀ ਦੀ ਸਿਫ਼ਾਰਸ਼ ਤੇ ਹੁੰਦਾ ਹੈ ਅਤੇ ਇਸ ਦਾ ਮਨੋਰਥ ਅੰਤਮ ਪ੍ਰਭਤਾਧਾਰੀ ਅਰਥਾਤ ਜਨਤਾ ਦਾ ਫ਼ੈਸਲਾ ਲੈਣਾ ਹੁੰਦਾ ਹੈ। ਚੌਧਰੀ ਚਰਨ ਸਿੰਘ ਘਟ ਗਿਣਤੀ ਸਰਕਾਰ ਦੇ ਪ੍ਰਧਾਨ ਮੰਤਰੀ ਸਨ ਅਤੇ ਉਨ੍ਹਾਂ ਨੇ ਸੰਸਦ ਦਾ ਵਿਸ਼ਵਾਸ ਪ੍ਰਾਪਤ ਕਰਨ ਲਈ ਸਮਾਗਮ ਵੀ ਬੁਲਾਇਆ ਸੀ। ਪਰ ਸੰਸਦ ਦੇ ਸਾਹਮਣੇ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਸੰਸਦ ਨੂੰ ਤੋੜ ਦੇਣ ਦੀ ਸਿਫ਼ਾਰਸ਼ ਕਰ ਦਿੱਤੀ ਅਤੇ ਉਸ ਅਨੁਸਾਰ ਸੰਸਦ ਤੋੜ ਦਿੱਤੀ ਗਈ ।
ਸੰਸਦ ਦਾ ਸਮਾਗਮ ਬੁਲਾਉਣ ਅਤੇ ਉਸ ਨੂੰ ਉਠਾਉਣ ਦਾ ਇਖ਼ਤਿਆਰ ਰਾਸ਼ਟਰਪਤੀ ਨੂੰ ਪ੍ਰਾਪਤ ਹੈ। ਸਮਾਗਮ ਉਠਾ ਦੇਣ ਨਾਲ ਸੰਸਦ ਅੱਗੇ ਲੰਬਤ ਬਿਲ ਬੀਤ ਨਹੀਂ ਜਾਂਦੇ ਜਦ ਕਿ ਤੁੜਾਉ ਨਾਲ ਲੋਕ ਸਭਾ ਅੱਗੇ ਲੰਬਤ ਬਿਲ ਬੀਤ ਜਾਂਦੇ ਹਨ। ਜਿਹੜੇ ਬਿਲ ਲੋਕ ਸਭਾ ਪਾਸ ਕਰ ਚੁੱਕੀ ਹੋਵੇ ਅਤੇ ਰਾਜ ਸਭਾ ਅੱਗੇ ਲੰਬਤ ਹੋਣ ਉਹ ਲੋਕਸਭਾ ਦੇ ਤੁੜਾਉ ਨਾਲ ਵੀ ਨਹੀਂ ਬੀਤਦੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1959, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First