ਤੇਜਾ ਸਿੰਘ ਸਮੁੰਦਰੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤੇਜਾ ਸਿੰਘ ਸਮੁੰਦਰੀ (1882-1926 ਈ.): ਗੁਰਦੁਆਰਾ ਸੁਧਾਰ ਲਹਿਰ ਦੇ ਇਕ ਪ੍ਰਮੁਖ ਆਗੂ ਸ. ਤੇਜਾ ਸਿੰਘ ਦਾ ਜਨਮ ਰਿਸਾਲਦਾਰ ਮੇਜਰ ਸ. ਦੇਵਾ ਸਿੰਘ ਦੇ ਘਰ ਮਾਈ ਨੰਦ ਕੌਰ ਦੀ ਕੁੱਖੋਂ ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਤਰਨਤਾਰਨ ਦੇ ਪਿੰਡ ‘ਰਾਇ ਕਾ ਬੁਰਜ ’ ਵਿਚ 20 ਫਰਵਰੀ 1882 ਈ. ਵਿਚ ਹੋਇਆ। ਇਸ ਦੀ ਤਾਲੀਮ ਪ੍ਰਾਇਮਰੀ ਪੱਧਰ ਤੋਂ ਵਧ ਨ ਹੋ ਸਕੀ, ਪਰ ਸਿੱਖ ਇਤਿਹਾਸ ਅਤੇ ਗੁਰਬਾਣੀ ਵਿਚ ਇਸ ਦੀ ਚੰਗੀ ਪਕੜ ਹੋ ਗਈ। ਇਸ ਦੇ ਪਿਤਾ ਨੂੰ ਲਾਇਲਪੁਰ ਜ਼ਿਲ੍ਹੇ ਦੀ ਸਮੁੰਦਰੀ ਤਹਿਸੀਲ ਵਿਚ ਚੱਕ ਨੰਬਰ 140, ਗੋਗੇਰਾ ਬ੍ਰਾਂਚ ਵਿਚ ਮੁਰਬੇ ਮਿਲ ਗਏ ਅਤੇ ਸਾਰਾ ਪਰਿਵਾਰ ਉਥੇ ਜਾ ਵਸਿਆ। ਇਸ ਨੇ ਪਹਿਲਾਂ ਫ਼ੌਜ ਵਿਚ ਦਫ਼ੇਦਾਰ ਵਜੋਂ ਨੌਕਰੀ ਸ਼ੁਰੂ ਕੀਤੀ, ਪਰ ਤਿੰਨ ਚਾਰ ਸਾਲਾਂ ਵਿਚ ਹੀ ਛਡ ਕੇ ਘਰ ਦੇ ਕੰਮ ਵਿਚ ਰੁਚਿਤ ਹੋ ਗਿਆ। ਇਸ ਦੀ ਰੁਚੀ ਧਾਰਮਿਕ ਅਤੇ ਸਮਾਜਿਕ ਸੁਧਾਰ ਦੇ ਕੰਮਾਂ ਵਿਚ ਅਧਿਕ ਸੀ। ਇਸ ਨੇ ਚੀਫ਼ ਖ਼ਾਲਸਾ ਦੀਵਾਨ ਦਾ ਮੈਂਬਰ ਬਣ ਕੇ, ਸਮੁੰਦਰੀ ਵਿਚ ਖ਼ਾਲਸਾ ਦੀਵਾਨ ਕਾਇਮ ਕੀਤਾ ਅਤੇ ਬਾਦ ਵਿਚ ਸਮਾਨ ਉਦੇਸ਼ਾਂ ਵਾਲੀਆਂ ਕੁਝ ਸੰਸਥਾਵਾਂ ਜਾਂ ਪਾਰਟੀਆਂ ਨੂੰ ਮਿਲਾ ਕੇ ‘ਖ਼ਾਲਸਾ ਦੀਵਾਨ ਬਾਰ’ ਦੀ ਸਥਾਪਨਾ ਕੀਤੀ। ਇਸ ਨੇ ਆਪਣੇ ਪਿੰਡ ਵਿਚ ਖ਼ਾਲਸਾ ਮਿਡਲ ਸਕੂਲ ਅਤੇ ਸਰਹਾਲੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਹਾਈ ਸਕੂਲ ਚਲਾਉਣ ਦੀ ਵਿਵਸਥਾ ਕੀਤੀ।

            ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਰੋਜ਼ਾਨਾ ‘ਅਕਾਲੀ ’ ਪਤ੍ਰਿਕਾ ਸ਼ੁਰੂ ਕੀਤੀ ਅਤੇ ਆਪਣੇ ਵਲੋਂ ਮਾਇਕ ਸਹਾਇਤਾ ਦਿੱਤੀ। ਰਕਾਬਗੰਜ, ਦਿੱਲੀ ਦੇ ਮੋਰਚੇ ਵੇਲੇ ਇਸ ਨੇ ਸਿੰਘਾਂ ਦੇ ਇਕ ਸੌ ਦੇ ਪਹਿਲੇ ਜੱਥੇ ਲਈ ਆਪਣਾ ਨਾਂ ਦਿੱਤਾ। ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਦ ਇਸ ਨੂੰ ਉਸ ਗੁਰੂ-ਧਾਮ ਦੀ ਵਿਵਸਥਾ ਕਰਨ ਲਈ ਬਣਾਈ ਗਈ ਪ੍ਰਬੰਧਕ ਕਮੇਟੀ ਵਿਚ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਇਹ ਸ਼ੁਰੂ ਤੋਂ ਸੰਬੰਧਿਤ ਸੀ ਅਤੇ ਉਸ ਦਾ ਮੀਤ ਪ੍ਰਧਾਨ ਵੀ ਰਿਹਾ ਸੀ। ਚਾਬੀਆਂ ਦੇ ਮੋਰਚੇ ਵੇਲੇ ਇਸ ਨੂੰ ਕੈਦ ਕੀਤਾ ਗਿਆ। ਫਿਰ ਜੈਤੋ ਦੇ ਮੋਰਚੇ ਵੇਲੇ ਵੀ 13 ਅਕਤੂਬਰ 1923 ਈ. ਵਿਚ ਪਕੜ ਲਿਆ ਗਿਆ। ਪਰ ਸਿੱਖ ਗੁਰਦੁਆਰਾ ਐਕਟ 1925 ਦੇ ਪਾਸ ਹੋਣ ਤੋਂ ਬਾਦ ਉਸ ਅਨੁਸਾਰ ਕਾਰਵਾਈ ਕਰਨ ਵਾਲੇ ਸਿੰਘਾਂ ਨਾਲ ਰਿਹਾਈ ਹਾਸਲ ਕਰਨ ਲਈ ਤਿਆਰ ਨ ਹੋਇਆ। 17 ਜੁਲਾਈ 1926 ਈ. ਨੂੰ ਦਿਲ ਦਾ ਦੌਰਾ ਪੈਣ ਕਾਰਣ ਇਸ ਦਾ ਦੇਹਾਂਤ ਜੇਲ੍ਹ ਵਿਚ ਹੀ ਹੋ ਗਿਆ।

            ਆਪਣੀ ਸਾਦਗੀ, ਸਿਦਕ ਦਿਲੀ ਅਤੇ ਨਿਸ਼ਕਾਮ ਸੇਵਾ ਦੀ ਭਾਵਨਾ ਕਰਕੇ ਇਹ ਸਿੱਖ ਸਮਾਜ ਦੀ ਬਹੁਤ ਪ੍ਰਤਿਸਠਿਤ ਸ਼ਖ਼ਸੀਅਤ ਸੀ। ਇਸ ਦੀ ਯਾਦ ਨੂੰ ਕਾਇਮ ਰਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਦਫ਼ਤਰ ਲਈ ਬਣਾਏ ਹਾਲ ਦਾ ਨਾਂ ‘ਤੇਜਾ ਸਿੰਘ ਸਮੁੰਦਰੀ ਹਾਲ’ ਰਖਿਆ। ਇਸ ਦਾ ਸੁਪੁੱਤਰ ਸ. ਬਿਸ਼ਨ ਸਿੰਘ ਸਮੁੰਦਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ ਬਣਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2330, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.