ਤਖ਼ਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਖ਼ਤ [ਨਾਂਪੁ] ਰਾਜ-ਗੱਦੀ , ਸਿੰਘਾਸਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10789, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤਖ਼ਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਖ਼ਤ. ਫ਼ਾ.  ਅ਼  ਸੰਗ੍ਯਾ—ਬੈਠਣ ਦੀ ਚੌਕੀ। ੨ ਰਾਜਸਿੰਘਾਸਨ. “ਤਖਤਿ ਬਹੈ ਤਖਤੈ ਕੀ ਲਾਇਕ.” (ਮਾਰੂ ਸੋਲਹੇ ਮ: ੧) ੩ ਸ਼੍ਰੀ ਗੁਰੂ ਸਾਹਿਬਾਨ ਦਾ ਸਿੰਘਾਸਨ. ਖ਼ਾ੉ ਕਰਕੇ ਗੁਰੂ ਸਾਹਿਬ ਦੇ ਚਾਰ ਤਖ਼ਤ:—ਅਕਾਲਬੁੰਗਾ, ਪਟਨਾ ਸਾਹਿਬ ਦਾ ਹਰਿਮੰਦਿਰ, ਕੇਸਗੜ੍ਹ ਅਤੇ ਹ਼੒੤ਰ ਸਾਹਿਬ (ਅਬਿਚਲ ਨਗਰ).


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10429, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਖ਼ਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤਖ਼ਤ: ਫ਼ਾਰਸੀ ਭਾਸ਼ਾ ਦੇ ਇਸ ਸ਼ਬਦ ਦਾ ਅਰਥ ਹੈ ਸਿੰਘਾਸਨ, ਸ਼ਾਹੀ ਆਸਣ। ਗੁਰਬਾਣੀ ਵਿਚ ਪਰਮਾਤਮਾ ਜਾਂ ਪਰਮ-ਸੱਤਾ ਨੂੰ ਸੱਚਾ ਪਾਤਿਸ਼ਾਹ ਕਿਹਾ ਗਿਆ ਹੈ ਅਤੇ ਉਸ ਦੁਆਰਾ ਵਰਤੇ ਜਾਣ ਵਾਲੇ ਤਖ਼ਤ ਦੀ ‘ਸੱਚਾ ਤਖ਼ਤ’ ਵਜੋਂ ਕਲਪਨਾ ਕੀਤੀ ਗਈ ਹੈ— ਸਚੈ ਤਖਤਿ ਸਚ ਮਹਲੀ ਬੈਠੇ ਨਿਰਭਉ ਤਾੜੀ ਲਾਈ (ਗੁ.ਗ੍ਰੰ.907); ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ (ਗੁ.ਗ੍ਰੰ.1279)। ਗੁਰਬਾਣੀ ਵਿਚ ਚੂੰਕਿ ਪਰਮਾਤਮਾ ਅਤੇ ਗੁਰੂ ਨੂੰ ਅਭੇਦ ਮੰਨਿਆ ਗਿਆ ਹੈ (ਗੁਰੁ ਗੋਵਿੰਦ ਗੋਵਿੰਦੁ ਗੁਰੂ ਹੈ ਨਾਨਕ ਭੇਦੁ ਭਾਈ।—ਗੁ.ਗ੍ਰੰ.442; ਪਾਰਬ੍ਰਹਮ ਗੁਰ ਨਾਹੀ ਭੇਦ—ਗੁ. ਗ੍ਰੰ.1142)। ਇਸ ਲਈ ਗੁਰੂ ਦੇ ਸਿੰਘਾਸਨ ਨੂੰ ‘ਸੱਚਾ ਤਖ਼ਤ’ ਕਿਹਾ ਜਾਣ ਲਗਿਆ ਹੈ। ਭੱਟਾਂ ਦੀ ਬਾਣੀ ਵਿਚ ਇਸ ਤੱਥ ਦੀ ਸਪੱਸ਼ਟ ਸਥਾਪਨਾ ਹੋਈ ਹੈ। ਗੁਰੂ ਰਾਮਦਾਸ ਜੀ ਬਾਰੇ ਨਲ੍ਹ ਭੱਟ ਨੇ ਕਿਹਾ ਹੈ— ਸਭ ਬਿਧਿ ਮਾਨ੍ਹਿਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸੇ (ਗੁ.ਗ੍ਰੰ.1399) ਮਥੁਰਾ ਭੱਟ ਦਾ ਕਥਨ ਹੈ—ਬਿਦੁਮਾਨ ਗੁਰਿ ਆਪਿ ਧਪ੍ਹਉ ਥਿਰੁ ਸਾਚਉ ਤਖਤੁ ਗੁਰੂ ਰਾਮਦਾਸੈ (ਗੁ.ਗ੍ਰੰ.1404)। ਬਲਵੰਡ ਡੂਮ ਦੇ ਕਥਨ ਅਨੁਸਾਰ— ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ (ਗੁ.ਗ੍ਰੰ.967)।

            ਗੁਰੂ-ਗਦੀ ਨੂੰ ਗੁਰੂ-ਸਿੰਘਾਸਨ ਦਾ ਮਹੱਤਵ ਛੇਵੇਂ ਗੁਰੂ ਜੀ ਤੋਂ ਦਿੱਤਾ ਜਾਣ ਲਗਾ ਜਦੋਂ ਉਨ੍ਹਾਂ ਨੇ ‘ਪੀਰੀ’ ਦੇ ਨਾਲ ‘ਮੀਰੀ’ ਨੂੰ ਗ੍ਰਹਿਣ ਕੀਤਾ ਅਤੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਸਾਹਮਣੇ ਥੜਾ ਸਾਹਿਬ ਬਣਵਾ ਕੇ ਉਸ ਉਪਰ ਆਪਣੀ ਮਸਨਦ ਸਜਾਈ। ਇਹ ਥੜਾ ਸਾਹਿਬ ਹੀ ਕਾਲਾਂਤਰ ਵਿਚ ‘ਅਕਾਲ ਤਖ਼ਤ ’ ਅਖਵਾਇਆ। ਛੇਵੇਂ ਗੁਰੂ ਤੋਂ ਬਾਦ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਵਿਚ ਆਤਮ ਸੁਰਖਿਆ ਦੀ ਚੇਤਨਾ ਪੈਦਾ ਕੀਤੀ। ਸੰਤ ਨੂੰ ਸਿਪਾਹੀ ਬਣਾਇਆ, ਭਗਤੀ ਦੇ ਪ੍ਰਤੀਕ ਮਾਲਾ ਦੇ ਨਾਲ ਸ਼ਕਤੀ ਦੇ ਪ੍ਰਤੀਕ ਕ੍ਰਿਪਾਣ ਨੂੰ ਸੰਯੁਕਤ ਕੀਤਾ। ਫਲਸਰੂਪ ਦਸਮ ਗੁਰੂ ਦੇ ਜਨਮ, ਖ਼ਾਲਸਾ ਸਿਰਜਨ ਅਤੇ ਮਹਾਪ੍ਰਸਥਾਨ ਨਾਲ ਸੰਬੰਧਿਤ ਸਥਾਨਾਂ ਨੂੰ ਤਖ਼ਤ ਘੋਸ਼ਿਤ ਕੀਤਾ ਗਿਆ। ਇਨ੍ਹਾਂ ਚਾਰ ਤਖ਼ਤਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ 18 ਨਵੰਬਰ 1966 ਈ. ਦੀ ਮੀਟਿੰਗ ਵਿਚ ਦਮਦਮਾ ਸਾਹਿਬ ਨੂੰ ਵੀ ਤਖ਼ਤਾਂ ਵਿਚ ਸ਼ਾਮਲ ਕਰਕੇ ਇਨ੍ਹਾਂ ਦੀ ਗਿਣਤੀ ਪੰਜ ਕਰ ਦਿੱਤੀ। ਇਨ੍ਹਾਂ ਪੰਜਾਂ ਵਿਚੋਂ ‘ਅਕਾਲ ਤਖ਼ਤ’ ਦੀ ਸਰਦਾਰੀ ਹੈ। ਹਰ ਪ੍ਰਕਾਰ ਦੇ ਧਾਰਮਿਕ ਮਸਲਿਆਂ ਬਾਰੇ ਦਲ ਖ਼ਾਲਸਾ ਇਥੋਂ ਹੀ ਫ਼ੈਸਲੇ ਕਰਿਆ ਕਰਦਾ ਸੀ। ਆਧੁਨਿਕ ਯੁਗ ਵਿਚ ਅਧਿਕਤਰ ਸਿੱਖ ਮੋਰਚੇ ਇਥੋਂ ਹੀ ਪ੍ਰੇਰਣਾ ਲੈਂਦੇ ਹਨ। ਇਨ੍ਹਾਂ ਪੰਜਾਂ ਤਖ਼ਤਾਂ ਦੇ ਜੱਥੇਦਾਰ ਜੱਥੇਦਾਰੀ ਦੇ ਪਦ ਕਾਰਣ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੁੰਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10399, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਤਖ਼ਤ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਤਖ਼ਤ : ਤਖ਼ਤ ਫ਼ਾਰਸੀ ਬੋਲੀ ਦਾ ਬਹੁ-ਅਰਥ ਸ਼ਬਦ ਹੈ ਜਿਸਦਾ ਆਖ਼ਰੀ ਅਰਥ ਲੱਕੜੀ ਦੇ ਫੱਟੇ ਦੀ ਬਣੀ ਵੱਡੀ ਚੌਂਕੀ ਹੋ ਸਕਦੀ ਹੈ। ਫ਼ਾਰਸੀ-ਅੰਗਰੇਜ਼ੀ ਦੇ ਸ਼ਬਦ ਕੋਸ਼ ਸਟੈਨਗਾਸ ਵਿਚ ਇਸਦੇ ਕਈ ਅਰਥ ਦਿੱਤੇ ਹਨ ਜੋ ਈਰਾਨ ਦੇ ਇਤਿਹਾਸ ਨਾਲ ਜੁੜਦੇ ਹਨ ਜਿਵੇਂ ਤਖ਼ਤ-ਇ-ਜਮਸ਼ੇਦ (ਜਮਸ਼ੇਦ ਬਾਦਸ਼ਾਹ ਦਾ ਤਖ਼ਤ, ਤਖ਼ਤ-ਇ-ਸੁਲੇਮਾਨ) (ਪਾਕਿਸਤਾਨ ਦੇ ਉੱਤਰ-ਪੱਛਮ ਵਿਚ ਪਹਾੜਾਂ ਦੀ ਲੜੀ ਦਾ ਨਾਂ ਹੈ) ਆਦਿ। ਤਖ਼ਤ ਨਾਲ ਜੁੜਵੇਂ ਕਈ ਫ਼ਾਰਸੀ ਦੇ ਸ਼ਬਦ ਬਣਦੇ ਹਨ ਜੋ ਪੰਜਾਬੀ ਵਿਚ ਵੀ ਵਰਤੇ ਜਾਂਦੇ ਹਨ ਜਿਵੇਂ ਤਖ਼ਤ ਪੋਸ਼, ਤਖ਼ਤ-ਨਸ਼ੀਨੀ (ਤਖ਼ਤ ਤੇ ਬੈਠਣ ਦੀ ਰਸਮ) ਆਦਿ।

ਭਾਰਤ ਦੇ ਮੁਗ਼ਲ ਸਮਰਾਟ ਸ਼ਾਹ ਜਹਾਨ (1627) ਨੇ ਇਕ ਸੋਨੇ ਦਾ ਤਖ਼ਤ ਮੋਰ ਦੇ ਖੰਭਾਂ ਦੀ ਸ਼ਕਲ ਦਾ ਬਣਾਇਆ ਜਿਸ ਨੂੰ ਤਖ਼ਤ-ਇ-ਤਾਊਸ ਕਹਿੰਦੇ ਹੁੰਦੇ ਸਨ। ਮੁਗ਼ਲ ਸਮਰਾਟਾਂ ਦੀ ਇਹ ਪ੍ਰਸਿੱਧ ਕਿਰਤ ਸੀ। ਜਦੋਂ 1739 ਈ. ਵਿਚ ਨਾਦਰ ਸ਼ਾਹ ਨੇ ਭਾਰਤ ਤੇ ਹਮਲਾ ਕੀਤਾ ਤਾਂ ਉਹ ਉਸ ਨੂੰ ਈਰਾਨ ਹੀ ਲੈ ਗਿਆ। ਉਸ ਦੀ ਮੌਤ ਪਿੱਛੋਂ ਉਸ ਦੇ ਵਾਰਸਾਂ ਨੇ ਇਸ ਨੂੰ ਤੋੜ ਕੇ ਆਪਸ ਵਿਚ ਵੰਡ ਲਿਆ।

ਪੰਜਾਬੀ ਬੋਲੀ ਵਿਚ ਤਖ਼ਤ ਦਾ ਭਾਵ ਰਾਜ ਸਿੰਘਾਸਨ ਜਾਂ ਮਹਾਂਪੁਰਖਾਂ ਦੇ ਬੈਠਣ ਦੀ ਥਾਂ ਹੈ। ਸਿੱਖ ਇਤਿਹਾਸ ਵਿਚ ਸਿੱਖ ਗੁਰੂ ਸਾਹਿਬਾਨ ਦੇ ਬੈਠਣ ਦੀ ਥਾਂ ਨੂੰ ਤਖ਼ਤ ਕਹਿੰਦੇ ਹਨ। ਜਿਵੇਂ ਕਿ ਸਿੱਖਾਂ ਦੇ ਪਹਿਲਾਂ ਚਾਰ ਤਖ਼ਤ ਅਤੇ ਹੁਣ ਪੰਜ ਤਖ਼ਤ ਪ੍ਰਸਿੱਧ ਹਨ– ਸ੍ਰੀ ਅਕਾਲ ਤਖ਼ਤ (ਅੰਮ੍ਰਿਤਸਰ), ਸ੍ਰੀ ਕੇਸਗੜ੍ਹ ਸਾਹਿਬ (ਆਨੰਦਪੁਰ ਸਾਹਿਬ), ਸ੍ਰੀ ਪਟਨਾ ਸਾਹਿਬ (ਬਿਹਾਰ), ਸ੍ਰੀ ਹਜ਼ੂਰ ਸਾਹਿਬ (ਮਹਾਂਰਾਸ਼ਟਰ) ਅਤੇ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ-ਪੰਜਾਬ)। ਤਖ਼ਤ ਹਜ਼ਾਰਾ ਪੱਛਮੀ ਪੰਜਾਬ ਪਾਕਿਸਤਾਨ ਦੇ ਜ਼ਿਲ੍ਹੇ ਸ਼ਾਹਪੁਰ ਵਿਚ ਇਕ ਇਤਿਹਾਸਕ ਪਿੰਡ ਹੈ ਜਿਥੇ ਪੰਜਾਬ ਦਾ ਪ੍ਰਸਿੱਧ ਨਾਇਕ ਰਾਂਝਾ ਵੱਸਦਾ ਸੀ। ਪਾਕਿਸਤਾਨ ਦੇ ਉੱਤਰ-ਪੱਛਮੀ ਸਰਹੱਦੀ ਸੂਬੇ ਵਿਚ ਤਖ਼ਤ-ਇ-ਸੁਲੇਮਾਨ ਦੇ ਨਾਲ ਲਗਦੇ ਇਲਾਕੇ ਨੂੰ ਵੀ ਤਖ਼ਤ ਹਜ਼ਾਰਾ ਕਹਿੰਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤਖ਼ਤ ਦਾ ਪ੍ਰਯੋਗ ਬਹੁ-ਅਰਥ ਹੈ। ਰਾਜ ਸਿੰਘਾਸਨ ਦੇ ਅਰਥਾਂ ਵਿਚ ਕਈ ਥਾਂ ਆਉਂਦਾ ਹੈ ਜਿਵੇਂ ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ :–

ਤਖਤਿ ਰਾਜਾ ਸੋ ਬਹੈ

ਜਿ ਤਖਤੈ ਲਾਇਕ ਹੋਈ।

                                       ਗੁਰੂ ਗ੍ਰੰਥ ਸਾਹਿਬ ਪੰਨਾ – 1088

ਗੁਰੂ ਨਾਨਕ ਸਾਹਿਬ ਫੁਮਾਉਂਦੇ ਹਨ :–

ਤਖਤਿਬਹੈ ਤਖਤੈ ਕੀ ਲਾਇਕ ‖

                               ਗੁ. ਗ. ਪੰਨਾ 1039

ਬਲਵੰਡ ਤੇ ਸਤਾ ਨੇ ਰਾਮਕਲੀ ਵਾਰ ਵਿਚ ਲਿਖਿਆ ਹੈ :

ਤਖਤਿ ਬੈਠਾ ਅਰਜਨ ਗੁਰੂ

ਸਤਿਗੁਰ ਕਾ ਖਿਵੈ ਚੰਦੋਆ ‖

               ਗੁ. ਗ. ਪੰਨਾ–968

ਗੁਰੂ ਨਾਨਕ ਸਾਹਿਬ ਨੇ ਕਈ ਥਾਂਈ ਅਕਾਲ ਪੁਰਖ ਦੇ ਨਿਵਾਸ ਨੂੰ ਤਖ਼ਤ ਕਿਹ ਹੈ ਜਿਥੇ ਉਹ ਹਰ ਇਕ ਨਾਲ ਇਨਸਾਫ਼ ਕਰਦਾ ਹੈ।

ਤਖਤਿ ਬਹੈ ਅਦਲੀ ਪ੍ਰਭ ਆਪੇ

ਭਰਮੁ ਭੇਦੁ ਭਉ ਜਾਈ ਹੈ ‖

                   ਗੁ. ਗ. ਪੰਨਾ–1022

ਗੁਰੂ ਨਾਨਕ ਸਾਹਿਬ ਅਨੁਸਾਰ ਅਕਾਲ ਪੁਰਖ ਦਾ ਤਖ਼ਤ ਹਰ ਇਕ ਮਨੁੱਖ ਦੇ ਅੰਦਰ ਮੌਜੂਦ ਹੈ :

ਕਾਇਆਗੜ ਮਹਲ ਮਹਲੀ ਪ੍ਰਭੂ ਸਾਚਾ

ਸਚੁ ਸਾਚਾ ਤਖਤੁ ਰਚਾਇਆ

                      ਗੁ. ਗ. ਪੰਨਾ–1039

ਇਹ ਅੰਦਰਲਾ ਪਰਮਾਤਮਾ ਦਾ ਤਖ਼ਤ ਕਿਸ ਤਰ੍ਹਾਂ ਅਨੁਭਵ ਹੁੰਦਾ ਹੈ ਜਾਂ ਨਜ਼ਰੀਂ ਆਉਂਦਾ ਹੈ, ਦਾ ਪੂਰਾ ਵਿਸਥਾਰ ਗੁਰੂ ਨਾਨਕ ਸਾਹਿਬ ਨੇ ਮਲਾਰ ਰਾਗ ਦੀ ਵਾਰ ਦੀ ਪਉੜੀ ਸਤਾਈਵੇਂ ਦੇ ਸਲੋਕ ਵਿਚੋਂ ਦਿੱਤਾ ਹੈ। ਉਹ ਅਵਸਥਾ ਕਿੰਨੀ ਆਨੰਦਮਈ ਅਤੇ ਵਿਸਮਾਦ ਵਾਲੀ ਹੋੇਵੇਗੀ ਇਸ ਦਾ ਧਿਆਨ ਅਸੰਭਵ ਹੈ :–

ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦ ਨੀਸਾਣੁ ‖

ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ‖

ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ ‖

                                   ਗੁ. ਗ. ਪੰਨਾ–1291


ਲੇਖਕ : ਕਿਰਪਾਲ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-06-02-31-09, ਹਵਾਲੇ/ਟਿੱਪਣੀਆਂ:

ਤਖ਼ਤ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਤਖ਼ਤ : ‘ਤਖ਼ਤ’ ਦਾ ਅਰਥ ਹੈ ਰਾਜ ਸਿੰਘਾਸਨ । ਇਹ ਅਰਬੀ ਦਾ ਸ਼ਬਦ ਹੈ। ਬੈਠਣ ਦੀ ਉੱਚੀ ਚੌਕੀ ਜਾਂ ਉੱਚਾ ਅਸਥਾਨ ਵੀ ਅਰਬੀ ਭਾਸ਼ਾ ਵਿਚ ਤਖ਼ਤ ਅਖ਼ਵਾਉਂਦਾ ਹੈ। ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ :

                    ‘ਤਖਤਿ ਬਹੈ ਤਖਤੇ ਕੀ ਲਾਇਕ॥

ਸਿੱਖ ਸ਼ਬਦਾਵਲੀ ਵਿਚ ਤਖ਼ਤ ਉਹ ਅਸਥਾਨ ਹਨ ਜਿਥੇ ਸਿੰਘਾਸਨ, ਉੱਪਰ ਬੈਠ ਕੇ ਗੁਰੂ ਸਾਹਿਬਾਨ ਸਿੱਖ ਪੰਥ ਦੇ ਧਾਰਮਿਕ ਕਾਰਜਾਂ ਦੇ ਨਾਲ ਨਾਲ ਦੁਨਿਆਵੀ ਕੰਮਾਂ ਦੀ ਵੀ ਨਿਗਰਾਨੀ ਕਰਦੇ ਸਨ। ਇਥੋਂ ਸੰਗਤਾਂ ਨੂੰ ਹੁਕਮਨਾਮੇ ਜਾਰੀ ਹੁੰਦੇ ਸਨ। ਧਾਰਮਿਕ ਤੇ ਪੰਥਕ ਮਾਮਲਿਆਂ ਉੱਪਰ ਵਿਚਾਰ ਕਰਨ ਲਈ ਇਥੇ ਸੰਗਤਾਂ ਜੁੜਦੀਆਂ ਸਨ ਅਤੇ ਹੁਣ ਵੀ ਜੁੜਦੀਆਂ ਹਨ।ਆਪਸੀ ਝਗੜੇ ਧਰਮ-ਨਿਆਂ ਰਾਹੀਂ ਇਥੋਂ ਨਿਪਟਾਏ ਜਾਂਦੇ ਹਨ। ਹੋਰ ਭੇਟਾਵਾਂ ਦੇ ਨਾਲ ਸੰਗਤਾਂ ਇਥੇ ਸ਼ਸਤਰ-ਅਸਤਰ ਵੀ ਭੇਟਾ ਕਰਦੀਆਂ ਸਨ। ਇਨ੍ਹਾਂ ਤਖ਼ਤਾਂ ਅਤੇ ਖ਼ਾਸ ਕਰ ਕੇ ਅਕਾਲ ਤਖ਼ਤ ਤੋਂ ਪੰਥਕ ਮੁਹਿੰਮਾਂ ਦੇ ਫੈਸਲੇ ਕੀਤੇ ਜਾਂਦੇ ਹਨ। ਇਸ ਤਰ੍ਹਾਂ ਸਰਕਾਰੀ ਸ਼ਾਸਨ ਦੇ ਮੁਕਾਬਲੇ ਵਿਚ ਪੰਥ ਦਾ ਆਪਣਾ ਸ਼ਾਸਨ ਸਥਾਪਤ ਹੁੰਦਾ ਹੈ।

ਤਖ਼ਤ ਉਹ ਸੰਸਥਾਵਾਂ ਅਥਵਾ ਕੇਂਦਰ ਹਨ ਜਿਥੋਂ ਸਮੂਹਕ ਕਾਰਜਾਂ ਲਈ ਗੁਰਮਤੇ ਦੇ ਰੂਪ ਵਿਚ ਗੁਰੂ ਦਾ ਹੁਕਮ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਅਕਾਲ ਪੁਰਖ ਦੀ ਆਗਿਆ ਲਈ ਜਾਂਦੀ ਹੈ।

ਖ਼ਾਲਸਾ ਪੰਥ ਦੇ ਪੰਜ ਤਖ਼ਤ ਹਨ। ਚੋਖਾ ਸਮਾਂ ਪੰਥ ਵਿਚ ਚਾਰ ਤਖ਼ਤ ਪਰਵਾਨ ਰਹੇ। ਇਹ ਸਨ (1) ਅਕਾਲ ਬੁੰਗਾ ਜਾਂ ਸ੍ਰੀ ਅਕਾਲ ਤਖ਼ਤ (ਅੰਮ੍ਰਿਤਸਰ) (2) ਤਖ਼ਤ ਸ੍ਰੀ ਪਟਨਾ ਸਾਹਿਬ (3) ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਆਨੰਦੁਪਰ ਸਾਹਿਬ) ਤੇ (4) ਤਖ਼ਤ ਅਬਚਲ ਨਗਰ, ਹਜ਼ੂਰ ਸਾਹਿਬ (ਨਾਂਦੇੜ)। ਕੁਝ ਪੁਰਾਤਨ ਇਤਿਹਾਸਕ ਹਵਾਲਿਆਂ ਤੋਂ ਇਹ ਸਿੱਧ ਹੋ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੀ ਦਮਦਮਾ ਸਾਹਿਬ (ਸਾਬੋ ਕੀ ਤਲਵੰਡੀ) ਤਖ਼ਤ ਕਾਇਮ ਹੋ ਚੁੱਕਾ ਸੀ । ਭਾਈ ਕਾਨ੍ਹ ਸਿੰਘ ਨਾਭਾ ਨੇ ਚਾਰ ਤਖ਼ਤ ਹੀ ਲਿਖੇ ਹਨ ਅਤੇ ਕੀਰਤਪੁਰ ਦੇ ਦਮਦਮਾ ਸਾਹਿਬ ਵਿਚ ‘ਤਖ਼ਤ ਸਾਹਿਬ’ ਨਾਉਂ ਦੇ ਗੁਰਦੁਆਰੇ ਦਸੇ ਹਨ ਪਰ ਪੰਜ ਤਖ਼ਤ ਇਸ ਤਰ੍ਹਾਂ ਦਸੇ ਹਨ :- ਅਕਾਲ ਬੁੰਗਾ, ਪਟਨਾ ਸਾਹਿਬ, ਕੇਸਗੜ੍ਹ ਸਾਹਿਬ, ਅਬਚਲ ਨਗਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਖ਼ਾਲਸਾ ਦੀਵਾਨ ।

ਮਾਰਚ, 1960 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰਦਾਸ    ਵਿਚ ਕੇ ਸੋਧ ਕਰ ਕੇ ‘ਚਾਰ ਤਖ਼ਤਾਂ’ ਦੀ ਥਾਂ ‘ਪੰਜ ਤਖ਼ਤਾਂ ’ ਨੂੰ ਸ਼ਾਮਲ ਕੀਤਾ। ਕਮੇਟੀ ਨੇ ਇਕ ਮਤੇ ਰਾਹੀਂ ਮੰਗ ਕੀਤੀ ਕਿ ਪੰਜਾਬ ਗੁਰਦੁਆਰਾ ਕਾਨੂੰਨ 1925 ਵਿਚ ਸੋਧ ਕਰ ਕੇ ਉਸ ਵਿਚ ਪੰਜਵਾਂ ਤਖ਼ਤ ਸ਼ਾਮਲ ਕੀਤਾ ਜਾਵੇ।

ਪੰਜਾਂ ਤਖ਼ਤਾਂ ਵਿਚੋਂ ਸਰਬ ਪ੍ਰਥਮ ਅਕਾਲ ਤਖ਼ਤ (ਅਕਾਲ ਬੁੰਗਾ) ਹੈ। ਇਹ ਤਖ਼ਤ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਨੇ ਸੰਮਤ 1665(ਸੰਨ 1609) ਵਿਚ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਦੇ ਸਾਹਮਣੇ ਇਕ ਉੱਚੇ ਰਾਜ ਸਿੰਘਾਸਨ ਦੇ ਰੂਪ ਵਿਚ ਤਿਆਰ ਕੀਤਾ ਜਿਥੇ ਆਪ ਦੀਵਾਨ ਲਗਾ ਕੇ ਸੰਗਤਾਂ ਦੇ ਦੁਖ ਨਵਿਰਤ ਕਰਦੇ ਅਤੇ ਮਾਮਲੇ ਨਿਪਟਾਂਦੇ ਸਨ। ਗੁਰੂ ਜੀ ਦੇ ਦਰਬਾਰੀ ਢਾਡੀਆਂ ਅਬਦੁਲਾ ਤੇ ਨੱਥਾ ਨੇ ਗੁਰੂ ਜੀ ਨੇ ਤਖ਼ਤ-ਨਸ਼ੀਨ ਹੋਣ ਦੀ ਵਾਰਤਾ ਇਕ ਵਾਰ ਵਿਚ ਇਸ ਤਰ੍ਹਾਂ ਬਿਆਨ ਕੀਤੀ ਹੈ :-

       “ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਬਾਇਕੈ ।

       ਛਬਿ ਵਰਨੀ ਨਹਿ ਜਾਇ, ਕਹਉ ਕਿਆ ਗਾਇਕੈ ?

        ਰਵਿ ਸਸਿ ਭਏ ਮਲੀਨ ਸੁ ਦਰਸ ਦਿਖਾਇਕੈ।

         ਸ੍ਰੀ ਗੁਰੂ ਤਖ਼ਤ ਬਿਰਾਜੇ ਪ੍ਰਭੂ ਧਿਆਇਕੈ ।’

‘ਅਕਾਲ ਤਖ਼ਤ’ ਤੋਂ ਭਾਵ ਹੈ ‘ਅਕਾਲ ਪੁਰਖ ਦਾ ਸਿੰਘਾਸਨ’। ਇਥੇ ਪੂਜਾ ਪਾਠ ਤੇ ਪ੍ਰਚਾਰ ਤੋਂ ਇਲਾਵਾ ਸਿੱਖਾਂ ਦੀ ਸਮੁੱਚੀ ਭਲਾਈ ਲਈ ਵਿਚਾਰ ਵਟਾਂਦਰਾ ਵੀ ਹੁੰਦਾ ਹੈ। ਸ਼ੁਰੂ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ 52 ਤਕੜੇ ਤੇ ਮਜ਼ਬੂਤ ਸਿੱਖਾਂ ਨੂੰ ਸੁਰੱਖਿਆ ਲਈ ਭਰਤੀ ਕੀਤਾ ਜੋ ਕਿ ਭਵਿੱਖ ਵਿਚ ਬਣਨ ਵਾਲੀ ਸਿੱਖ ਫ਼ੌਜ ਦਾ ਧੁਰਾ ਸਾਬਤ ਹੋਏ। ਛੇਤੀ ਹੀ ਮਾਝੇ, ਮਾਲਵੇ ਤੇ ਦੁਆਬੇ ਵਿਚੋਂ ਲਗਭਗ ਪੰਜ ਸੌ ਸਿੱਖਾਂ ਨੇ ਆਪਣੀਆਂ ਸੇਵਾਵਾਂ ਗੁਰੂ ਜੀ ਨੂੰ ਅਰਪਨ ਕੀਤੀਆਂ। ਉਨ੍ਹਾਂ ਕਿਹਾ ਕਿ ਸਾਨੂੰ ਤਨਖਾਹ ਨਹੀਂ ਚਾਹੀਦੀ । ਗੁਰੂ ਸਾਹਿਬ ਨੇ ਉਨ੍ਹਾਂ ਨੂੰ ਇਕ ਇਕ ਘੋੜਾ ਦਿੱਤਾ ਅਤੇ ਜੰਗੀ ਹਥਿਆਰ ਵੀ ਦਿੱਤੇ। ਆਪ ਉਨ੍ਹਾਂ ਤੋਂ ਸ਼ਸਤਰਾਂ ਦੇ ਕਰਤਬ ਕਰਵਾਉਂਦੇ । ਅਕਾਲ ਤਖ਼ਤ ਤੇ ਬੀਰ ਰਸ ਦੀਆਂ ਵਾਰਾਂ ਗਾਈਆਂ ਜਾਣ ਲਗੀਆਂ ਅਤੇ ਤਖ਼ਤ ਦੇ ਸਾਹਮਣੇ ਸਿੱਖ ਸਰੀਰਕ ਕਸਰਤਾਂ ਕਰਦੇ।

ਇਥੇ ਗੁਰੂ ਸਾਹਿਬਾਨ ਅਤੇ ਸ਼ਹੀਦ ਸਿੰਘਾਂ ਦੇ ਕਈ ਸ਼ਸਤਰ ਸੁਰੱਖਿਅਤ ਹਨ ਜਿਨ੍ਹਾਂ ਵਿਚੋਂ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ ਤੇ ਪੀਰੀ ਦੇ ਸ੍ਰੀ ਸਾਹਿਬ ਅਤੇ ਹੋਰ ਸ਼ਸਤਰ; ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ੍ਰੀ ਸਾਹਿਬ ਅਤੇ ਤੀਰ; ਬਾਬਾ ਬੁੱਢਾ ਜੀ, ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਕਈ ਸ਼ਸਤਰ , ਬਾਬਾ ਗੁਰਬਖਸ਼ ਸਿੰਘ ਸ਼ਹੀਦ ਦੇ ਕੁਝ ਸ਼ਸਤਰ , ਭਾਈ ਬਿਧੀ ਚੰਦ, ਬਾਬਾ ਨੌਧ ਸਿੰਘ, ਭਾਈ ਬਚਿਤਰ ਸਿੰਘ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਸਤਰ ਵਰਣਨਯੋਗ ਹਨ।

ਪਟਨਾ ਸਾਹਿਬ ਦਾ ਹਰਿਮੰਦਰ ਸਾਹਿਬ ਖਾ਼ਲਸੇ ਦਾ ਦੂਜਾ ਤਖ਼ਤ ਹੈ। ਇਸ ਥਾਂ ਉੱਤੇ ਪਹਿਲਾਂ ਸਾਲਸ ਰਾਏ ਜੌਹਰੀ ਦੁਆਰਾ ਬਣਵਾਈ ਇਕ ਧਰਮਸ਼ਾਲਾ ਸੀ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਬਹੁਤ ਸ਼ਰਧਾਲੂ ਸਿੱਖ ਸੀ । ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਆਪਣੇ ਪਰਿਵਾਰ ਸਮੇਤ ਕੁਝ ਸਮਾਂ ਇਥੇ ਰਹੇ ਸਨ। ਇਸ ਅਸਥਾਨ ਦੀ ਇਮਾਰਤ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ, ਫ਼ਿਰ ਸਿੱਖ ਸੰਗਤਾਂ ਨੇ ਵੀ ਸੇਵਾ ਕੀਤੀ। ਸੰਨ 1934 ਵਿਚ ਜਦੋਂ ਬਿਹਾਰ ਵਿਚ ਬਹੁਤ ਵੱਡਾ ਭੁਚਾਲ ਆਇਆ ਤਾਂ ਇਥੋਂ ਦੀਆਂ ਇਮਾਰਤਾਂ ਨੂੰ ਭਾਰੀ ਨੁਕਸਾਨ ਪੁੱਜਾ। ਫ਼ਿਰ 1957 ਈ. ਵਿਚ ਇਸ ਦੀ ਉਸਾਰੀ ਵੱਡੇ ਪੈਮਾਨੇ ਤੇ ਆਰੰਭੀ ਗਈ। ਉਦੋਂ ਸੰਤ ਨਿਸਚਲ ਸਿੰਘ ਜੀ ਜਗਾਧਰੀ ਵਾਲਿਆਂ ਨੇ ਇਥੇ ਬੜੀ ਸੇਵਾ  ਕੀਤੀ ।

ਇਥੇ ਗੁਰੂ ਗੋਬਿੰਦ ਸਿੰਘ ਜੀ ਦੇ ਕੁਝ ਸ਼ਸਤਰ ਪਏ ਹਨ। ਗੁਰੂ ਤੇਗ ਬਹਾਦਰ ਸਾਹਿਬ ਦੀ ਦੀਆਂ ਚੰਦਨ ਦੀਆਂ ਅਤੇ ਦਸਮੇਸ਼ ਪਿਤਾ ਦੀਆਂ ਹਾਥੀ ਦੰਦ ਦੀਆਂ ਖੜਾਵਾਂ ਅਤੇ ਇਕ ਪੰਘੂੜਾ ਵੀ ਹੈ। ਇਥੇ ਗੁਰੂ ਸਾਹਿਬ ਜੀ ਦੇ ਕੁਝ ਹੁਕਮਨਾਮੇ ਵੀ ਸਾਂਭੇ ਹੋਏ ਹਨ।

ਅਨੰਦਪੁਰ ਸਾਹਿਬ ਵਿਖੇ ਕੇਸਗੜ੍ਹ ਸਾਹਿਬ , ਖ਼ਾਲਸੇ ਦਾ ਤੀਜਾ ਤਖ਼ਤ ਹੈ। ਇਹ ਉਹ ਇਤਿਹਾਸਕ ਗੁਰ-ਅਸਥਾਨ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1756 (1699 ਈ.) ਵਿਚ ਵਿਸਾਖੀ ਦੇ ਦਿਨ ਪੰਜ ਪਿਆਰਿਆਂ ਦੀ ਚੋਣ ਕੀਤੀ । ਉਨ੍ਹਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਪਿਲਾ ਕੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਫਿਰ ਆਪ ਉਨ੍ਹਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ। ਇਸ ਨਾਤੇ ਇਹ  ਖ਼ਾਲਸੇ ਦਾ ਜਨਮ ਅਸਥਾਨ ਹੈ ।ਅਤੇ ਇਸੇ ਲਈ ਖ਼ਾਲਸੇ ਨੂੰ ਅਨੰਦਪੁਰ ਸਾਹਿਬ ਦਾ ਵਾਸੀ ਕਿਹਾ ਜਾਂਦਾ ਹੈ। ਇਸ ਤਖ਼ਤ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕਈ ਸ਼ਸਤਰ ਸਾਂਭੇ ਹੋਏ ਹਨ ਜਿਨ੍ਹਾਂ ਵਿਚ ਉਹ ਇਤਿਹਾਸਕ ਖੰਡਾ ਵੀ ਹੈ ਜਿਸ ਨਾਲ ਗੁਰੂ ਜੀ ਨੇ ਅੰਮ੍ਰਿਤ ਤਿਆਰ ਕੀਤਾ ਸੀ ।

ਇਥੇ ਹੋਲੇ ਮਹੱਲੇ ਦਾ ਮੇਲਾ ਬਹੁਤ ਭਾਰੀ ਜੁੜਦਾ ਹੈ ਅਤੇ ਵਿਸਾਖੀ ਦਾ ਮੇਲਾ ਵੀ ਲਗਦਾ ਹੈ।

ਨਾਂਦੇੜ ਵਿਖੇ ਅਬਚਲ ਨਗਰ, ਹਜ਼ੂਰ ਸਾਹਿਬ ਸਿੱਖਾਂ ਦਾ ਚੌਥਾ ਤਖ਼ਤ ਹੈ। ਇਹ ਗੋਦਾਵਰੀ ਨਦੀ ਦੇ ਨੇੜੇ ਵਾਕਿਆ ਹੈ।ਇਥੇ ਗੁਰੂ ਗੋਬਿੰਦ ਸਿੰਘ ਜੀ ਸੰਮਤ 1765 (ਸੰਨ 1708) ਵਿਚ ਜੋਤੀ ਜੋਤਿ ਸਮਾਏ ਸਨ। ਇਸ ਤਖ਼ਤ ਦੀ ਇਮਾਰਤ ਵੀ ਪਹਿਲੋਂ ਪਹਿਲ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ । ਮਗਰੋਂ ਸਿੱਖ ਸੰਗਤਾਂ ਨੇ ਇਸ ਤਖ਼ਤ ਨੂੰ ਹੋਰ ਵੀ ਸੁੰਦਰ ਬਣਾ ਦਿੱਤਾ ਹੈ।

ਇਥੇ ਦਸਮੇਸ਼ ਪਿਤਾ ਗੁਰੂ ਜੀ ਦੇ ਕੁਝ ਸ਼ਸਤਰ ਸੁਰੱਖਿਅਤ ਹਨ। ਦਸਮ ਗ੍ਰੰਥ ਦੀਆਂ ਹੱਥ ਲਿਖਤਾਂ , ਬੀੜਾਂ ਦੇ ਨੁਸਖੇ ਵੀ ਸਾਂਭੇ ਪਏ ਹਨ।

ਇਨ੍ਹਾਂ ਤਖ਼ਤਾਂ ਉੱਪਰ ਗੁਰੂ ਸਾਹਿਬਾਂ ਤੋਂ ਇਲਾਵਾਂ ਕੁਝ ਧਰਮਵੀਰ ਸ਼ਹੀਦਾਂ ਦੇ ਅਸਤਰ ਸ਼ਸਤਰ ਅਤੇ ਕੁਝ ਹੋਰ ਇਤਿਹਾਸਕ ਵਸਤੂਆਂ ਵੀ ਸਾਂਭੀਆਂ ਪਈਆਂ ਹਨ।

ਸਾਬੋ ਕੀ ਤਲਵੰਡੀ (ਜ਼ਿਲ੍ਹਾ ਬਠਿੰਡਾ) ਵਿਖੇ ਦਮਦਮਾ ਸਾਹਿਬ ਖਾਲਸੇ ਦਾ ਪੰਜਵਾਂ ਤਖ਼ਤ ਹੈ। ਸੰਨ 1706 ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਸਾਢੇ ਨੌਂ ਮਹੀਨੇ ਨਿਵਾਸ ਕੀਤਾ ਸੀ। ਇਥੇ ਆਪ ਦੇ ਦਰਸ਼ਨਾਂ ਲਈ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨੂੰ ਨਾਲ ਲੈ ਕੇ ਦਿੱਲੀ ਤੋਂ ਆਏ। ਗੁਰੂ ਜੀ ਨੇ ਇਸੇ ਥਾਂ ਆਤਮਿਕ ਸ਼ਕਤੀ ਨਾਲ ਆਪਣੇ ਅਨੁਭਵ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਭਾਈ ਮਨੀ ਸਿੰਘ ਜੀ ਤੋਂ ਲਿਖਵਾਇਆ ।

ਦਮਦਮਾ ਸਾਹਿਬ ਸਿੱਖ ਲਿਖਾਰੀਆਂ ਅਤੇ ਵਿਦਵਾਨਾਂ ਦੀ ਟਕਸਾਲ ਹੈ। ਇਸ ਨੂੰ ‘ਸਿੱਖਾਂ ਦੀ ਕਾਸ਼ੀ’ ਅਥਵਾ ‘ਗੁਰੂ ਕੀ ਕਾਸ਼ੀ’ ਕਿਹਾ ਜਾਂਦਾ ਹੈ। ਗੁਰੂ ਜੀ ਨੇ ਇਹ ਵਰ ਦਿੱਤਾ ਕਿ ਮੂਰਖ ਵੀ ਇਥੋਂ ਸਿੱਖਿਆ ਪ੍ਰਾਪਤ ਕਰ ਕੇ ਵਿਦਵਾਨ ਹੋਣਗੇ।

ਇਸ ਤਖ਼ਤ ਦੀ ਸੇਵਾ, ਪੰਥ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸਪੁਰਦ ਕੀਤੀ ਜੋ ਮਗਰੋਂ ਉਨ੍ਹਾਂ ਦੀ ਬੰਸ ਦੇ ਹੱਥਾਂ ਵਿਚ ਰਹੀ। ਵੀਹਵੀਂ ਸਦੀਂ ਦੇ ਸ਼ੁਰੂ ਵਿਚ ਸੰਤ ਅਤਰ ਸਿੰਘ ਜੀ ਨੇ ਇਸ ਤਖ਼ਤ ਦੀ ਬਹੁਤ ਸੇਵਾ ਕਰਵਾਈ। ਇਥੇ ਵਿਸਾਖੀ ਦਾ ਭਾਰੀ ਮੇਲਾ ਲਗਦਾ ਹੈ।

ਇਨ੍ਹਾਂ ਤਖ਼ਤਾਂ ਦੇ ਜਥੇਦਾਰ ਸਾਹਿਬਾਂ ਦੀ ਸੱਤਾ ਨਿਰੀ ਧਾਰਮਿਕ ਨਹੀਂ ਸਗੋਂ ਸਮਾਜਿਕ ਤੇ ਦੁਨਿਆਵੀ ਵੀ ਹੈ। ਸਭ ਤਖ਼ਤ ਸਾਹਿਬਾਂ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸਿੱਖਾਂ ਦੀ ਸਮਾਜਿਕ ਤੇ ਰਾਜਸੀ ਅਲੰਬਰਦਾਰੀ ‘ਸ਼ਬਦ  ਗੁਰੂ ਦੀ’ ਪ੍ਰਭੂ-ਸੱਤਾ ਤੋਂ ਉੱਪਰ ਨਹੀਂ ।

ਸਿੱਖ, ਇਨ੍ਹਾਂ ਤਖ਼ਤਾਂ ਨੂੰ ਨਿਤ ਦੀ ਅਰਦਾਸ ਵਿਚ ਚਿਤਵਦੇ ਹਨ ਤਾਂ ਜੋ ਗੁਰੂ ਗ੍ਰੰਥ ਸਾਹਿਬ ਦੀ ਪ੍ਰਭੂ ਸੱਤਾ ਦੇ ਨਾਲ ਨਾਲ ਪੰਥ ਦੀ ਰਾਜਸੀ ਤੇ ਸਮਾਜਿਕ ਸੱਤਾ ਨੂੰ ਵੀ ਧਿਆਨ ਵਿਚ ਲਿਆਂਦਾ ਜਾਏ ।


ਲੇਖਕ : ਪ੍ਰਿੰ. ਪ੍ਰਕਾਸ਼ ਸਿੰਘ ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-11-59-14, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਏ ਸ਼ਾ. ਹਿ. ਸਿ. ਤੇਜਾ ਸਿੰਘ, ਗੰਡਾ ਸਿੰਘ; ਹੈਂ. ਬੁ. ਆ. ਸਿੱਖਸ. –ਐਸ. ਐਸ. ਜੀਰ. ਐਨ. ਆਫ. ਸਿੱਖੀ. ਪ੍ਰੋ. ਹਰਬੰਸ ਸਿੰਘ

ਤਖ਼ਤ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਤਖ਼ਤ : ਤਖ਼ਤ ਸ਼ਬਦ ਫ਼ਾਰਸੀ ਭਾਸ਼ਾ ਵਿੱਚੋਂ ਲਿਆ ਗਿਆ ਹੈ ਜਿੱਥੇ ਇਸ ਨੂੰ ਬਾਦਸ਼ਾਹ ਦੀ ਗੱਦੀ ਜਾਂ ਉਸ ਦੇ ਬੈਠਣ ਵਾਲੀ ਕਿਸੇ ਹੋਰ ਵਸਤੂ ਲਈ ਵਰਤਿਆ ਜਾਂਦਾ ਹੈ ਪਰ ਗੁਰਬਾਣੀ ਵਿੱਚ ਇਸ ਨੂੰ ਕੁਝ ਬਦਲਵੇਂ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਸਿੱਖ ਪਰੰਪਰਾ ਵਿੱਚ ਗੁਰੂ ਸਾਹਿਬਾਨ ਨੂੰ ਸੱਚਾ ਪਾਤਸ਼ਾਹ ਦੇ ਸੰਬੋਧਨ ਨਾਲ ਵੀ ਯਾਦ ਕੀਤਾ ਜਾਂਦਾ ਹੈ। ਭੱਟਾਂ ਨੇ ਆਪਣੇ ਕਈ ਸਵੱਯਾਂ ਵਿੱਚ ਵੀ ਗੁਰੂ ਸਾਹਿਬਾਨ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਹੈ। ਸਿੱਖ ਪਰੰਪਰਾ ਵਿੱਚ ਗੁਰੂ ਨੂੰ ਦੁਨਿਆਵੀ ਬਾਦਸ਼ਾਹ ਦੇ ਬਰਾਬਰ ਸੱਚਾ ਪਾਤਸ਼ਾਹ ਹੋਣ ਦਾ ਰੁਤਬਾ ਦਿੱਤੇ ਜਾਣ ਦੇ ਨਾਲ-ਨਾਲ ਇਹਨਾਂ ਗੁਰੂਆਂ ਦੇ ਬੈਠਣ ਵਾਲੀ ਗੱਦੀ ਨੂੰ ਵੀ ਹੌਲੀ-ਹੌਲੀ ਤਖ਼ਤ ਕਿਹਾ ਜਾਣ ਲੱਗਾ।

ਪੁਰਾਤਨ ਭਾਰਤੀ ਪਰੰਪਰਾ ਵਿੱਚ ਇਹ ਅਕਸਰ ਵੇਖਣ ਵਿੱਚ ਆਇਆ ਹੈ ਕਿ ਜਦੋਂ ਵੀ ਕੋਈ ਧਾਰਮਿਕ ਮਹਾਂਪੁਰਖ ਵਿਖਿਆਨ ਦਿਆ ਕਰਦਾ ਸੀ ਤਾਂ ਉਹ ਉੱਚੀ ਥਾਂ ਉੱਪਰ ਬੈਠਦਾ ਸੀ ਅਤੇ ਸ੍ਰੋਤੇ ਸੰਗਤ ਰੂਪ ਵਿੱਚ ਨੀਵੀਂ ਥਾਂ ਉੱਪਰ ਬੈਠਦੇ ਸਨ। ਭਾਰਤ ਵਿੱਚ ਇਹ ਪਰੰਪਰਾ ਹਾਲੇ ਵੀ ਕਾਇਮ ਹੈ। ਜਦੋਂ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਵਿਭਿੰਨ ਥਾਂਵਾਂ ਉੱਪਰ ਗਏ ਤਾਂ ਸ਼ਾਇਦ ਲੋਕਾਂ ਨੇ ਉਹਨਾਂ ਨੂੰ ਇੰਞ ਹੀ ਸਤਿਕਾਰ ਦਿੱਤਾ ਹੋਵੇ। ਪਰੰਤੂ ਜਦੋਂ ਤੀਜੇ ਸਿੱਖ ਗੁਰੂ ਅਮਰਦਾਸ ਜੀ ਨੇ ਮਹਿਸੂਸ ਕੀਤਾ ਕਿ ਦੂਰ-ਦੁਰਾਡੇ ਦੀਆਂ ਸਿੱਖ ਸੰਗਤਾਂ ਨਾਲ ਲਗਾਤਾਰ ਨਿੱਜੀ ਸੰਪਰਕ ਰੱਖਣਾ ਗੁਰੂ ਲਈ ਸੰਭਵ ਨਹੀਂ ਤਾਂ ਉਹਨਾਂ ਨੇ ਮੰਜੀ ਸਿਸਟਮ ਅਰੰਭ ਕੀਤਾ। ਉਹਨਾਂ ਨੇ 22 ਮੰਜੀਆਂ ਦੀ ਸਥਾਪਨਾ ਕਰਕੇ ਮੰਜੀਦਾਰ ਨਿਯੁਕਤ ਕੀਤੇ। ਸਮੁੱਚੇ ਇਲਾਕੇ ਨੂੰ 22 ਪ੍ਰਚਾਰ/ਜ਼ਿਲ੍ਹਿਆਂ ਵਿੱਚ ਵੰਡ ਕੇ ਹਰ ਜ਼ਿਲ੍ਹਾ ਇੱਕ ਮੰਜੀਦਾਰ ਦੇ ਅਧੀਨ ਦੇ ਦਿੱਤਾ। ਇਹ ਮੰਜੀਦਾਰ ਆਪਣੇ-ਆਪਣੇ ਖੇਤਰ ਵਿੱਚ ਗੁਰਬਾਣੀ ਦਾ ਪ੍ਰਚਾਰ ਕਰਦੇ ਸਨ। ਪ੍ਰਚਾਰ ਕਰਦੇ ਸਮੇਂ ਇਹ ਲੋਕ ਮੰਜੀ ਉੱਪਰ ਬੈਠਦੇ ਅਤੇ ਸੰਗਤ ਨੀਵੇਂ ਥਾਂ ਬੈਠ ਕੇ ਇਹਨਾਂ ਦੇ ਪ੍ਰਵਚਨ ਸੁਣਦੀ। ਹੌਲੀ-ਹੌਲੀ ਇਹਨਾਂ ਮੰਜੀਦਾਰਾਂ ਦੀ ਥਾਂ ਮਸੰਦ ਸੰਸਥਾ ਨੇ ਲੈ ਲਈ। ਇਹ ਮਸੰਦ ਗੁਰੂ ਦੇ ਨੁਮਾਇੰਦੇ ਵਜੋਂ ਆਪਣੇ ਖੇਤਰ ਵਿੱਚ ਪ੍ਰਚਾਰ ਕਰਦੇ, ਦਸਵੰਧ ਇਕੱਤਰ ਕਰਦੇ ਅਤੇ ਸੰਗਤਾਂ ਦੀ ਅਗਵਾਈ ਕਰਦੇ।

ਸਿੱਖ ਪਰੰਪਰਾ ਵਿੱਚ ਤਖ਼ਤ ਦੀ ਹੋਂਦ ਦਾ ਪਹਿਲਾ ਸਬੂਤ ਗੁਰੂ ਹਰਿਗੋਬਿੰਦ ਜੀ ਦੁਆਰਾ ਅਕਾਲ ਤਖ਼ਤ ਦੀ ਸਥਾਪਨਾ ਨਾਲ ਮਿਲਦਾ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਪਿੱਛੋਂ 1606 ਈ. ਵਿੱਚ ਗੁਰਗੱਦੀ ਉੱਪਰ ਬੈਠਣ ਸਮੇਂ ਗੁਰੂ ਹਰਿਗੋਬਿੰਦ ਨੇ ਗੁਰਿਆਈ ਦੀ ਰਸਮ ਦਾ ਨਿਰਬਾਹ ਅਕਾਲ ਤਖ਼ਤ ਉੱਪਰ ਕਰਨ ਦਾ ਫ਼ੈਸਲਾ ਕੀਤਾ। ਉਸ ਸਮੇਂ ਅਕਾਲ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਦੇ ਸਾਮ੍ਹਣੇ ਇੱਕ ਛੋਟਾ ਜਿਹਾ ਥੜ੍ਹਾ ਸੀ। ਇਹ ਤਖ਼ਤ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਨੇ ਆਪਣੇ ਹੱਥੀਂ ਖੜ੍ਹਾ ਕੀਤਾ ਸੀ। ਉਪਰੰਤ ਇਸ ਜਗ੍ਹਾ ਉੱਪਰ ਉਸਾਰੇ ਗਏ ਅਕਾਲ ਬੁੰਗੇ ਨੂੰ ਵੀ ਅਕਾਲ ਤਖ਼ਤ ਹੀ ਕਿਹਾ ਜਾਣ ਲੱਗਾ। ਇਸ ਸਮੇਂ ਸਿੱਖ ਜਗਤ ਨੇ ਪੰਜ ਤਖ਼ਤ ਸ੍ਵੀਕਾਰ ਕੀਤੇ ਹਨ। ਇਹਨਾਂ ਵਿੱਚੋਂ ਸਭ ਤੋਂ ਪ੍ਰਾਚੀਨ ਅਤੇ ਅਹਿਮ ਅਕਾਲ ਤਖ਼ਤ ਹੈ। ਬਾਕੀ ਦੇ ਚਾਰੋ ਤਖ਼ਤ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਹਨ। ਇਹ ਤਖ਼ਤ ਹਨ-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ; ਤਖ਼ਤ ਸ੍ਰੀ ਹਰਿਮੰਦਰ ਸਾਹਿਬ, ਪਟਨਾ; ਤਖ਼ਤ ਸ੍ਰੀ ਹਜ਼ੂਰ ਸਾਹਿਬ, ਅਬਚਲ ਨਗਰ, ਨਾਂਦੇੜ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ।

1. ਅਕਾਲ ਤਖ਼ਤ : ਅਕਾਲ ਤਖ਼ਤ ਦੀ ਸਥਾਪਨਾ ਗੁਰੂ ਹਰਿਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਦੇ ਹੱਥੀਂ 1606 ਈ. ਵਿੱਚ ਕਰਵਾਈ। ਮੰਨਿਆ ਜਾਂਦਾ ਹੈ ਕਿ ਇਹ ਤਖ਼ਤ 15 ਜੂਨ, 1606 ਈ. ਨੂੰ ਉਸਾਰਿਆ ਗਿਆ। ਗੁਰੂ ਹਰਿਗੋਬਿੰਦ ਜੀ ਦੀ ਗੁਰਿਆਈ ਦੀ ਰਸਮ ਇਸ ਤਖ਼ਤ ਉੱਪਰ 24 ਜੂਨ, 1606 ਨੂੰ ਹੋਈ ਮੰਨੀ ਜਾਂਦੀ ਹੈ। ਪਰੰਪਰਾ ਅਨੁਸਾਰ ਗੁਰੂ ਹਰਿਗੋਬਿੰਦ ਸਮੇਂ ਢਾਡੀ ਇਸ ਤਖ਼ਤ ਉੱਪਰ ਵਾਰਾਂ ਗਾਇਆ ਕਰਦੇ ਸਨ ਅਤੇ ਗੁਰੂ ਸਾਹਿਬ ਸਿੱਖਾਂ ਦੇ ਦੁਨਿਆਵੀ ਮਸਲੇ ਵੀ ਇੱਥੇ ਬੈਠ ਕੇ ਸੁਣਿਆ ਕਰਦੇ ਸਨ ਅਤੇ ਉਹਨਾਂ ਦਾ ਨਿਪਟਾਰਾ ਕਰਿਆ ਕਰਦੇ ਸਨ। 18ਵੀਂ ਸਦੀ ਸਮੇਂ ਜਦੋਂ ਸਿੱਖ ਮੁਗ਼ਲ ਰਾਜ ਅਤੇ ਅਫ਼ਗਾਨ ਹਮਲਾਵਰਾਂ ਦੇ ਜ਼ੁਲਮ ਦਾ ਸ਼ਿਕਾਰ ਸਨ ਤਾਂ ਉਹ ਅਕਾਲ ਤਖ਼ਤ ਉੱਪਰ ਹਰ ਸਾਲ ਸਰਬੱਤ ਖ਼ਾਲਸਾ ਦੇ ਰੂਪ ਵਿੱਚ ਇਕੱਤਰ ਹੁੰਦੇ। ਇਹ ਇਕੱਤਰਤਾ ਵਿਸਾਖੀ ਜਾਂ ਦਿਵਾਲੀ ਦੇ ਸਮੇਂ ਹੁੰਦੀ ਅਤੇ ਇਸ ਇਕੱਤਰਤਾ ਸਮੇਂ ਕੌਮ ਦੇ ਹਿਤ ਲਈ ਗੁਰਮਤੇ ਪਾਸ ਕੀਤੇ ਜਾਂਦੇ। ਅਫ਼ਗਾਨ ਹਮਲਾਵਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਤਰ੍ਹਾਂ ਅਕਾਲ ਤਖ਼ਤ ਨੂੰ ਵੀ ਕਈ ਵਾਰ ਢਾਹਿਆ ਅਤੇ ਸਿੱਖਾਂ ਨੇ ਇਸ ਨੂੰ ਮੁੜ ਉਸਾਰਿਆ। ਆਧੁਨਿਕ ਸਮੇਂ ਵਿੱਚ 1984 ਦੇ ਉਪਰੇਸ਼ਨ ਨੀਲਾ ਤਾਰਾ ਸਮੇਂ ਅਕਾਲ ਤਖ਼ਤ ਦੀ ਇਮਾਰਤ ਨੂੰ ਭਾਰੀ ਨੁਕਸਾਨ ਪੁੱਜਾ ਸੀ ਅਤੇ ਇਸ ਦੀ ਮੁੜ ਉਸਾਰੀ ਕਰਨੀ ਪਈ ਸੀ। ਬੇਸ਼ਕ ਸਾਰੇ ਦੇ ਸਾਰੇ ਤਖ਼ਤ ਸਿੱਖ ਕੌਮ ਅੰਦਰ ਇੱਕੋ ਜਿਹਾ ਸਤਿਕਾਰ ਰੱਖਦੇ ਹਨ ਪਰੰਤੂ ਪਰੰਪਰਾ ਅਨੁਸਾਰ ਹੁਕਮਨਾਮਾ ਜਾਰੀ ਕਰਨ ਦਾ ਅਧਿਕਾਰ ਸਿਰਫ਼ ਅਕਾਲ ਤਖ਼ਤ ਪਾਸ ਹੈ। ਧਾਰਮਿਕ ਰਹਿਤ ਦੀ ਉਲੰਘਣਾ ਕਰਨ ਵਾਲੇ ਅਤੇ ਸਿੱਖ ਕੌਮ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਸਿੱਖ ਨੂੰ ਅਕਾਲ ਤਖ਼ਤ ਤਲਬ ਕਰ ਸਕਦਾ ਹੈ, ਉਸ ਪਾਸੋਂ ਜਵਾਬ ਮੰਗ ਸਕਦਾ ਹੈ ਅਤੇ ਜਵਾਬ ਤਸੱਲੀਬਖ਼ਸ਼ ਨਾ ਹੋਣ ਦੀ ਸੂਰਤ ਵਿੱਚ ਉਸ ਨੂੰ ਸਜ਼ਾ ਸੁਣਾ ਸਕਦਾ ਹੈ। ਸਜ਼ਾ ਨੂੰ ਨਾ ਮੰਨਣ ਵਾਲੇ ਵਿਅਕਤੀ ਨੂੰ ਕੌਮ ਵਿੱਚੋਂ ਖ਼ਾਰਜ ਕੀਤਾ ਜਾ ਸਕਦਾ ਹੈ। 1928 ਈ. ਵਿੱਚ ਅਕਾਲ ਤਖ਼ਤ ਨੇ ਪੰਚ ਖ਼ਾਲਸਾ ਦੀਵਾਨ, ਭਸੌੜ, ਦੇ ਵਿਰੁੱਧ ਹੁਕਮਨਾਮਾ ਜਾਰੀ ਕੀਤਾ ਸੀ ਕਿਉਂਕਿ ਇਸ ਦੀਵਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਬਿਨਾਂ ਭਗਤ ਬਾਣੀ ਦੇ ਛਪਵਾਇਆ ਸੀ। ਇਸ ਤੋਂ ਵੀ ਪਹਿਲਾਂ ਇੱਕ ਵਾਰ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਨਿਰਧਾਰਿਤ ਸਿੱਖ ਵਿਹਾਰ ਦੀ ਉਲੰਘਣਾ ਕਰਨ ਕਰਕੇ ਅਕਾਲ ਤਖ਼ਤ ਉੱਪਰ ਤਲਬ ਕਰ ਦਿੱਤਾ ਸੀ। ਆਧੁਨਿਕ ਸਮੇਂ ਵਿੱਚ ਸਾਡੇ ਪਾਸ ਅਨੇਕ ਉਦਾਹਰਨਾਂ ਹਨ ਜਦੋਂ ਅਕਾਲ ਤਖ਼ਤ ਨੇ ਬੁੱਧੀਜੀਵੀਆਂ, ਧਾਰਮਿਕ ਆਗੂਆਂ ਅਤੇ ਰਾਜਨੀਤਿਕ ਨੇਤਾਵਾਂ ਨੂੰ ਤਲਬ ਕਰਕੇ ਉਹਨਾਂ ਪਾਸੋਂ ਜਵਾਬਦੇਹੀ ਕੀਤੀ। ਅਕਾਲ ਤਖ਼ਤ ਸਿੱਖ ਕੌਮ ਦੀ ਸ਼ਿਰੋਮਣੀ ਦੁਨਿਆਵੀ ਸੰਸਥਾ ਹੈ ਜੋ ਸਿੱਖਾਂ ਦੇ ਧਾਰਮਿਕ ਅਤੇ ਸਮਾਜਿਕ ਜੀਵਨ ਦੀ ਰਹਿਨੁਮਾਈ ਕਰਦੀ ਹੈ।

2. ਤਖ਼ਤ ਸ੍ਰੀ ਹਰਿਮੰਦਰ ਸਾਹਿਬ, ਪਟਨਾ : ਇਹ ਸਥਾਨ ਗੁਰੂ ਗੋਬਿੰਦ ਸਿੰਘ ਦੇ ਜਨਮ ਨਾਲ ਸੰਬੰਧਿਤ ਹੈ। ਆਪਣੇ ਜੀਵਨ ਦੇ ਪਹਿਲੇ ਕਈ ਵਰ੍ਹੇ ਗੁਰੂ ਸਾਹਿਬ ਨੇ ਇੱਥੇ ਬਿਤਾਏ। ਤਖ਼ਤ ਵਾਲੀ ਥਾਂ ਮੂਲ ਰੂਪ ਵਿੱਚ ਸਾਲਸ ਰਾਇ ਨਾਮ ਦੇ ਇੱਕ ਜੌਹਰੀ ਦਾ ਘਰ ਹੁੰਦਾ ਸੀ ਜਿੱਥੇ ਮਾਤਾ ਗੁਜਰੀ ਨੇ ਗੁਰੂ ਸਾਹਿਬ ਨੂੰ ਜਨਮ ਦਿੱਤਾ। ਇਸ ਤਖ਼ਤ ਦੀ ਪਹਿਲੀ ਉਸਾਰੀ 1665 ਈ. ਵਿੱਚ ਰਾਜਾ ਫਤਿਹ ਚੰਦ ਮੈਣੀ ਨੇ ਕੀਤੀ। 1839 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੀ ਪੁਨਰ ਉਸਾਰੀ ਕੀਤੀ ਅਤੇ ਹੋਰ ਕਈ ਰਾਜਿਆਂ ਨੇ ਇਸ ਵਿੱਚ ਵਾਧੇ ਕੀਤੇ। ਪਰੰਤੂ ਇਹ ਇਮਾਰਤ 1934 ਈ. ਦੇ ਭੁਚਾਲ ਵਿੱਚ ਢਹਿ ਗਈ ਸੀ ਅਤੇ ਮੌਜੂਦਾ ਇਮਾਰਤ 1957 ਈ. ਵਿੱਚ ਕਾਰ ਸੇਵਾ ਰਾਹੀਂ ਉਸਾਰੀ ਗਈ।

3. ਤਖ਼ਤ ਸ੍ਰੀ ਕੇਸਗੜ੍ਹ ਸਾਹਿਬ : ਇਹ ਉਹ ਸਥਾਨ ਹੈ ਜਿੱਥੇ 1699 ਈ. ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਾਜਿਆ ਸੀ। ਇਸ ਤਖ਼ਤ ਦੀ ਮੌਜੂਦਾ ਇਮਾਰਤ ਦੀ ਉਸਾਰੀ ਦਾ ਕੰਮ 1936-44 ਵਿੱਚ ਕਾਰ ਸੇਵਾ ਰਾਹੀਂ ਮੁਕੰਮਲ ਹੋਇਆ। ਇਸ ਤਖ਼ਤ ਦੇ ਅਜਾਇਬ ਘਰ ਵਿੱਚ ਗੁਰੂ ਗੋਬਿੰਦ ਸਿੰਘ ਦੇ ਕਈ ਯਾਦਗਾਰੀ ਚਿੰਨ੍ਹ ਉਪਲਬਧ ਹਨ।

4. ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ : ਤਖ਼ਤ ਸ੍ਰੀ ਹਜ਼ੂਰ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੇ ਅੰਤਿਮ ਦਿਨਾਂ ਨਾਲ ਜੁੜਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਆਗਰੇ ਤੋਂ ਬਾਦਸ਼ਾਹ ਬਹਾਦਰ ਸ਼ਾਹ ਨਾਲ ਗੱਲ-ਬਾਤ ਕਰਨ ਦੇ ਮੰਤਵ ਨੂੰ ਲੈ ਕੇ ਬਾਦਸ਼ਾਹ ਦੇ ਨਾਲ-ਨਾਲ ਨਾਂਦੇੜ ਤੱਕ ਪਹੁੰਚੇ। ਇੱਥੇ ਹੀ ਉਹਨਾਂ ਨੇ ਮਾਧੋ ਦਾਸ ਨਾਂ ਦੇ ਵੈਸ਼ਨਵ ਵਿਰਾਗੀ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ ਅਤੇ ਇੱਕ ਵਿਸ਼ੇਸ਼ ਮਕਸਦ ਨਾਲ ਪੰਜਾਬ ਵੱਲ ਤੋਰਿਆ। ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਵਾਸ ਤਿਆਗੇ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਤਖ਼ਤ ਵਿੱਚ ਗੁਰੂ ਸਾਹਿਬ ਦੇ ਕਈ ਯਾਦਗਾਰੀ ਚਿੰਨ੍ਹ ਸੰਭਾਲੇ ਪਏ ਹਨ।

5. ਤਖ਼ਤ ਸ੍ਰੀ ਦਮਦਮਾ ਸਾਹਿਬ : ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਖ਼ਾਲੀ ਕਰਨ ਉਪਰੰਤ ਅਤੇ ਖ਼ਿਦਰਾਣੇ (ਮੁਕਤਸਰ) ਦੀ ਢਾਬ ਉੱਪਰ ਹੋਈ ਲੜਾਈ ਤੋਂ ਬਾਅਦ ਕੁਝ ਸਮਾਂ ਦਮ ਲਿਆ। ਪਰੰਪਰਾ ਅਨੁਸਾਰ ਇਹ ਵੀ ਕਿਹਾ ਜਾਂਦਾ ਹੈ ਕਿ ਪਹਿਲਾਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੇ ਵੀ ਆਪਣੀ ਚਰਨ-ਛੋਹ ਨਾਲ ਇਸ ਧਰਤੀ ਨੂੰ ਪਵਿੱਤਰ ਕੀਤਾ ਸੀ। ਆਪਣੀ ਲਗਪਗ 9 ਮਹੀਨੇ ਦੀ ਠਹਿਰ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ਦੀ ਬੀੜ ਨੂੰ ਮੁੜ ਲਿਖਵਾਇਆ ਅਤੇ ਉਸ ਵਿੱਚ ਨੌਂਵੇਂ ਮਹੱਲੇ ਦੀ ਬਾਣੀ ਦਰਜ ਕੀਤੀ। ਇਹ ਬੀੜ ਭਾਈ ਮਨੀ ਸਿੰਘ ਦੇ ਹੱਥੀਂ ਲਿਖੀ ਗਈ ਮੰਨੀ ਜਾਂਦੀ ਹੈ। 18ਵੀਂ ਸਦੀ ਦੇ ਸਮੇਂ ਦਮਦਮਾ ਸਿੱਖਾਂ ਦਾ ਵਿੱਦਿਅਕ ਖੇਤਰ ਵੀ ਰਿਹਾ ਅਤੇ ਫ਼ੌਜੀ ਛਾਉਣੀ ਵੀ। ਬਾਬਾ ਦੀਪ ਸਿੰਘ ਸ਼ਹੀਦ ਦੇ ਸਮੇਂ ਵੀ ਇਸ ਨਗਰ ਨੇ ਬਹੁਤ ਪ੍ਰਸਿੱਧੀ ਹਾਸਲ ਕੀਤੀ। ਅਰੰਭ ਵਿੱਚ ਸਿੱਖਾਂ ਦੇ ਚਾਰ ਹੀ ਤਖ਼ਤ ਸਨ ਤੇ 1966 ਈ. ਵਿੱਚ ਇਸ ਸਥਾਨ ਨੂੰ ਵੀ ਪੰਜਵੇਂ ਤਖ਼ਤ ਵਜੋਂ ਪ੍ਰਵਾਨ ਕੀਤਾ ਗਿਆ।


ਲੇਖਕ : ਧਰਮ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 5246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-24-03-37-11, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.