ਤੰਤਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਤੰਤਰ: ਪ੍ਰਾਚੀਨ ਭਾਰਤ ਵਿੱਚ ਜਾਦੂ-ਚਿੰਤਨ ਨਾਲ ਸੰਬੰਧਿਤ ਗਿਆਨ ਨੂੰ ਤੰਤਰ-ਸ਼ਾਸਤਰ ਆਖਿਆ ਜਾਂਦਾ ਸੀ। ਤੰਤਰ ਵਿੱਦਿਆ ਵਿੱਚ ਜੰਤਰ ਅਤੇ ਮੰਤਰ ਸ਼ਾਮਲ ਰਹਿੰਦੇ ਹਨ। ਤੰਤਰ ਵਿੱਦਿਆ ਵਿੱਚ ਵਿਸ਼ਵਾਸ ਕਰਨ ਵਾਲਿਆਂ ਵਿੱਚ ਆਮ ਕਰ ਕੇ ਸ਼ਕਤੀ ਦੀ ਉਪਾਸ਼ਨਾ ਪ੍ਰਧਾਨ ਹੈ। ਤਾਂਤਰਿਕ ਮਤ ਦੇ ਗ੍ਰੰਥਾਂ ਵਿੱਚ ਜੰਤਰਾਂ-ਮੰਤਰਾਂ, ਟੂਣਿਆਂ, ਟੋਟਕਿਆਂ ਦੀ ਭਰਮਾਰ ਹੁੰਦੀ ਹੈ। ਤੰਤਰ ਵਿੱਦਿਆ ਦੇ ਮਾਹਰ ਨੂੰ ਤਾਂਤਰਿਕ, ਮਾਂਦਰੀ, ਮਿਆਦਾ, ਤੰਤਰ-ਸ਼ਾਸਤਰੀ, ਚੇਲਾ ਆਦਿ ਆਖਿਆ ਜਾਂਦਾ ਹੈ। ਅਸਲ ਵਿੱਚ ਤੰਤਰ ਵਿੱਦਿਆ ਦਾ ਖੇਤਰ ਕੋਈ ਨਿਸ਼ਚਿਤ ਅਤੇ ਪਰਿਭਾਸ਼ਾਬੱਧ ਨਹੀਂ ਹੈ। ਇਸ ਦੀਆਂ ਜੜ੍ਹਾਂ ਆਦਿ ਮਾਨਵ ਦੇ ਜਾਦੂ ਚਿੰਤਨ ਵਿੱਚ ਮੰਨੀਆਂ ਜਾ ਸਕਦੀਆਂ ਹਨ। ਤੰਤਰ ਅਸਲ ਵਿੱਚ ਉਹ ਢੰਗ ਤਰੀਕੇ, ਸਮਗਰੀ, ਪੂਜਾ ਵਿਧੀਆਂ ਆਦਿ ਹਨ ਜਿਨ੍ਹਾਂ ਦੁਆਰਾ ਦੈਵੀ ਸ਼ਕਤੀ ਤੋਂ ਇੱਛਤ ਕੰਮ ਕਰਾਇਆ ਜਾ ਸਕਦਾ ਹੋਵੇ। ਪ੍ਰਾਚੀਨ ਭਾਰਤ ਵਿੱਚ ਤੰਤਰ ਵਿੱਦਿਆ ਦੇ ਅਨੇਕ ਗ੍ਰੰਥ ਮਿਲਦੇ ਹਨ। ਇਹਨਾਂ ਗ੍ਰੰਥਾਂ ਵਿੱਚ ਯੱਗ, ਬਲੀ ਕਾਰਜਾਂ ਨੂੰ ਕਰਨ ਦਾ ਕ੍ਰਮ ਆਦਿ ਸ਼ਾਮਲ ਹੈ। ਤੰਤਰ ਵਿੱਚ ਭਾਵੇਂ ਬਹੁਤ ਸਾਰੇ ਜੰਤਰ-ਮੰਤਰ, ਟੂਣੇ ਆ ਜਾਂਦੇ ਹਨ ਅਤੇ ਇਹਨਾਂ ਵਿੱਚੋਂ ਬਹੁਤ ਸਾਰੇ ਟੂਣੇ ਆਮ ਲੋਕ ਕਰਦੇ ਹਨ।

     ਜਿਨ੍ਹਾਂ ਵਿਸ਼ੇਸ਼ ਤਾਂਤਰਿਕ ਕਿਰਿਆਵਾਂ ਬਾਰੇ ਲੋਕ- ਵਿਸ਼ਵਾਸ ਮੌਜੂਦ ਹਨ। ਉਹਨਾਂ ਵਿੱਚੋਂ ਇੱਕ ਸਿਵਾ ਜਗਾਉਣ ਨਾਲ ਸੰਬੰਧਿਤ ਹੈ। ਤਾਂਤਰਿਕ ਕਿਸੇ ਵਿਅਕਤੀ ਦੀ ਮੌਤ ਹੋ ਜਾਣ ਤੇ ਉਸ ਦੇ ਸੰਸਕਾਰ ਸਮੇਂ ਸਰੀਰ ਦੇ ਪੂਰਨ ਰੂਪ ਵਿੱਚ ਸੜ ਜਾਣ ਤੋਂ ਪਹਿਲਾਂ ਉਸ ਨੂੰ ਮੰਤਰਾਂ ਨਾਲ ਜਗਾ ਲੈਂਦਾ ਹੈ ਅਤੇ ਫਿਰ ਉਸ ਮਰੇ ਹੋਏ ਵਿਅਕਤੀ ਨੂੰ ਮੁੜ ਜੀਵਤ ਕਰ ਉਸ ਪ੍ਰੇਤ ਤੋਂ ਮਨਮਰਜ਼ੀ ਦੇ ਕੰਮ ਕਰਵਾਉਂਦਾ ਹੈ। ਲੋਕ ਵਿਸ਼ਵਾਸਾਂ ਅਨੁਸਾਰ ਮੰਨੇ-ਪ੍ਰਮੰਨੇ ਤਾਂਤਰਿਕ ਇਉਂ ਸਿਵਾ ਜਗਾਉਣ ਦੀ ਵਿਧੀ ਜਾਣਦੇ ਹਨ। ਇਸੇ ਲਈ ਮੁਰਦੇ ਦੇ ਸੰਸਕਾਰ ਸਮੇਂ ਸਰੀਰ ਦੇ ਪੂਰਨ ਤੌਰ ਤੇ ਜਲ ਜਾਣ ਤੱਕ ਉਸ ਦੇ ਬਲਦੇ ਸਿਵੇ ਦੀ ਰਾਖੀ ਕੀਤੀ ਜਾਂਦੀ ਹੈ ਤੇ ਸਰੀਰ ਦੇ ਅੰਗਾਂ ਦੇ ਸੜ ਜਾਣ ਤੋਂ ਬਾਅਦ ਅੰਗ-ਭੰਗ ਕੀਤਾ ਜਾਂਦਾ ਹੈ। ਖ਼ਾਸ ਕਰ ਕੇ ਕਪਾਲ ਕਿਰਿਆ ਕਰ ਕੇ ਖੋਪੜੀ ਭੰਨ ਦਿੱਤੀ ਜਾਂਦੀ ਹੈ ਤਾਂ ਕਿ ਕੋਈ ਸਿਆਣਾ ਸੜੇ ਪਰ ਸਾਬਤ ਅੰਗਾਂ ਨੂੰ ਜੋੜ ਕੇ ਮੁੜ ਮੁਰਦਾ ਜੀਵਿਤ ਨਾ ਕਰ ਲਵੇ ਅਤੇ ਉਸ ਪ੍ਰੇਤ ਤੋਂ ਆਪਣੇ ਮਨਮਰਜੀ ਦੇ ਕੰਮ ਨਾ ਕਰਵਾਵੇ। ਇਹ ਸਮਝਿਆ ਜਾਂਦਾ ਹੈ ਕਿ ਸਿਵਾ ਜਗਾਉਣ ਲਈ ਖ਼ਾਸ ਸਮੇਂ ਖ਼ਾਸ ਢੰਗ ਨਾਲ ਖ਼ਾਸ ਸਮਗਰੀ ਦੀ ਵਰਤੋਂ ਕਰਦਿਆਂ ਜੇ ਖ਼ਾਸ ਮੰਤਰਾਂ ਦਾ ਉਚਾਰਨ ਕੀਤਾ ਜਾਵੇ ਤਾਂ ਉੱਠਿਆ ਮੁਰਦਾ ਤਾਂਤਰਿਕ ਨੂੰ ਕੁਝ ਨਹੀਂ ਕਹਿੰਦਾ ਸਗੋਂ ਉਸ ਦਾ ਗ਼ੁਲਾਮ ਬਣ ਜਾਂਦਾ ਹੈ।

     ਇਸੇ ਪ੍ਰਕਾਰ ਲੋਕ ਵਿਸ਼ਵਾਸਾਂ ਅਨੁਸਾਰ ਨਿਰਸੰਤਾਨ ਔਰਤ ਦੇ ਬੱਚਾ ਪੈਦਾ ਕਰਨ ਲਈ ਬਹੁਤ ਸਾਰੀਆਂ ਤਾਂਤਰਿਕ ਵਿਧੀਆਂ ਪ੍ਰਚਲਿਤ ਹਨ। ਇਹਨਾਂ ਵਿੱਚ ਬਲੀ ਦੇਣ ਵਰਗੀ ਘਿਣਾਉਣੀ ਕਿਰਿਆ ਵੀ ਸ਼ਾਮਲ ਹੈ। ਸਮਝਿਆ ਜਾਂਦਾ ਹੈ ਕਿ ਜੇ ਬਾਂਝ ਇਸਤਰੀ ਮਰੇ ਬਾਲਕ ਜਾਂ ਨੌਜੁਆਨ ਦੀ ਚਿਖ਼ਾ ਉੱਤੇ ਪਾਣੀ ਗਰਮ ਕਰ ਕੇ ਨਹਾ ਲਵੇ ਅਤੇ ਉਪਰ ਭੋਜਨ ਬਣਾ ਕੇ ਖਾ ਲਵੇ ਤਾਂ ਉਸ ਨਾਲ ਮਰੇ ਆਦਮੀ ਦੀ ਆਤਮਾ ਔਰਤ ਦੀ ਕੁੱਖ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਇਸੇ ਦਾ ਹੀ ਇੱਕ ਰੂਪ ਇਹ ਵੀ ਹੈ ਕਿ ਬਾਂਝ ਤੀਵੀਂ ਵਿਸ਼ੇਸ਼ ਮੰਤਰਾਂ ਦਾ ਉਚਾਰਨ ਕਰ ਕੇ ਕਿਸੇ ਦਰੱਖਤ ਥੱਲੇ ਨਗਨ ਨਹਾਵੇ ਤਾਂ ਦਰੱਖਤ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਅਤੇ ਔਰਤ ਦੀ ਕੁੱਖ ਹਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਅਸਲ ਵਿੱਚ ਅਜਿਹੀ ਕਿਸੇ ਵੀ ਵਿਧੀ ਦਾ ਕੋਈ ਵੀ ਵਿਗਿਆਨਿਕ ਆਧਾਰ ਨਹੀਂ। ਇਹ ਆਦਿ ਮਨੁੱਖ ਦੇ ਅਗਿਆਨਤਾ ਵਿੱਚੋਂ ਉਪਜੇ ਵਿਸ਼ਵਾਸ ਸਨ ਜੋ ਅੱਜ ਅੰਧ-ਵਿਸ਼ਵਾਸਾਂ ਵਿੱਚ ਪਲਟ ਗਏ ਹਨ ਅਤੇ ਕਈ ਵਾਰ ਇਹਨਾਂ ਅੰਧ-ਵਿਸ਼ਵਾਸਾਂ ਵਿੱਚ ਫਸਿਆ ਮਨੁੱਖ ਬੱਚੇ ਦੀ ਬਲੀ ਦੇਣ ਵਰਗਾ ਨਾਮੁਅਫ਼ਕ ਅਪਰਾਧ ਕਰ ਬੈਠਦਾ ਹੈ। ਤੰਤਰ ਵਿੱਚ ਹੀ ਤਥਾ-ਕਥਿਤ ਭੂਤਾਂ-ਪ੍ਰੇਤਾਂ ਨੂੰ ਕਾਬੂ ਕਰਨ, ਕਿਸੇ ਵੀ ਸਰੀਰ ਵਿੱਚੋਂ ਕੱਢਣ ਜਾਂ ਕਿਸੇ ਵੀ ਸਰੀਰ ਵਿੱਚ ਪ੍ਰਵੇਸ਼ ਕਰਾਉਣ ਦੀਆਂ ਵਿਧੀਆਂ ਦੱਸੀਆਂ ਜਾਂਦੀਆਂ ਹਨ। ਅਸਲ ਵਿੱਚ ਭੂਤ-ਪ੍ਰੇਤ ਕੁਝ ਨਹੀਂ ਹੁੰਦੇ ਇਹ ਮਨੁੱਖੀ ਮਨ ਦੀ ਕਲਪਨਾ ਮਾਤਰ ਹੈ। ਜਦੋਂ ਕਿਸੇ ਵਿਅਕਤੀ ਨੂੰ ਭੂਤ ਦਾ ਸਾਇਆ ਜਾਂ ਕਸਰ ਆਈ ਸਮਝੀ ਜਾਂਦੀ ਹੈ ਤਾਂ ਅਸਲ ਵਿੱਚ ਉਹ ਵਿਅਕਤੀ ਮਾਨਸਿਕ ਰੋਗੀ ਹੁੰਦਾ ਹੈ ਪਰੰਤੂ ਲੋਕ-ਚਿਕਿਤਸਾ ਅਨੁਸਾਰ ਉਸ ਨੂੰ ਤਾਂਤਰਿਕ ਕੋਲ ਲਿਜਾਇਆ ਜਾਂਦਾ ਹੈ ਜੋ ਉਸ ਨੂੰ ਖ਼ਾਸ ਪਦਾਰਥਾਂ (ਗੁੱਗਲ, ਮਿਰਚਾਂ, ਆਦਿ) ਦੀ ਧੂਣੀ ਦਿੰਦਾ ਹੈ। ਤੇਜ ਸੰਗੀਤ ਦੀ ਤਾਲ ਉੱਤੇ ਰੋਗੀ ਨੂੰ ਖਿਡਾਇਆ (ਨਚਾਇਆ) ਜਾਂਦਾ ਹੈ। ਉਸ ਦੇ ਸਰੀਰ ਨੂੰ ਵੱਖ-ਵੱਖ ਢੰਗਾਂ ਨਾਲ ਯਾਚਨਾਵਾਂ (ਸੰਗਲ ਜਾਂ ਚਿਮਟੇ ਮਾਰੇ ਜਾਂਦੇ ਹਨ, ਗਰਮ ਸਲਾਖਾਂ ਲਗਾਈਆਂ ਜਾਂਦੀਆਂ ਹਨ, ਵਾਲ ਪੁੱਟੇ ਜਾਂਦੇ ਹਨ) ਦਿੱਤੀਆਂ ਜਾਂਦੀਆਂ ਹਨ। ਚੇਲਾ ਜਾਂ ਸਿਆਣਾ ਸੰਬੰਧਿਤ ਵਿਅਕਤੀ ਨਾਲ ਸੰਵਾਦ ਰਚਾਉਂਦਾ ਹੈ। ਉਸ ਨੂੰ ਰੋਗੀ ਦਾ ਸਰੀਰ ਛੱਡ ਦੇਣ ਲਈ ਕਦੇ ਭੇਟਾ ਦਾ ਲਾਲਚ ਦਿੰਦਾ ਹੈ ਅਤੇ ਧਮਕੀ ਦਿੰਦਾ ਹੈ।

     ਲੋਕ-ਵਿਸ਼ਵਾਸਾਂ ਅਨੁਸਾਰ ਤਾਂਤਰਿਕ ਆਪਣੀ ਤੰਤਰ ਵਿੱਦਿਆ ਨਾਲ ਹੀ ਭੂਤ-ਪ੍ਰੇਤਾਂ ਨੂੰ ਭਜਾਉਣ ਦੇ ਸਮਰੱਥ ਹੁੰਦਾ ਹੈ। ਆਮ ਆਦਮੀ ਨੂੰ ਤਾਂ ਇਹ ਭੂਤ-ਪ੍ਰੇਤਾਂ ਮਾਰ ਸਕਦੀਆਂ ਹਨ। ਅਸਲ ਵਿੱਚ ਭੂਤ-ਪ੍ਰੇਤਾਂ ਦੇ ਬਹੁਤੇ ਕੇਸਾਂ ਵਿੱਚ ਵਿਅਕਤੀ ਮਾਨਸਿਕ ਰੋਗੀ ਹੁੰਦਾ ਹੈ। ਰੋਗੀ ਪਖੰਡ ਕਰਦਾ ਹੋਵੇ ਤਾਂ ਮਾਰ-ਕੁੱਟ ਦੇ ਡਰ ਤੋਂ ਸੁਧਰ ਜਾਂਦਾ ਹੈ ਪਰੰਤੂ ਕਈ ਹਾਲਤਾਂ ਵਿੱਚ ਸਰੀਰਕ ਯਾਚਨਾਵਾਂ ਸਹਿੰਦਾ ਮਾਨਸਿਕ ਰੋਗੀ ਅਪੰਗ ਵੀ ਹੋ ਜਾਂਦਾ ਹੈ ਜਾਂ ਮਰ ਜਾਂਦਾ ਹੈ। ਅੰਧ-ਵਿਸ਼ਵਾਸੀ ਲੋਕ ਕਿਸੇ ਵੀ ਹਾਲਤ ਵਿੱਚ ਸਿਆਣੇ ਜਾਂ ਚੇਲੇ ਨੂੰ ਦੋਸ਼ੀ ਨਹੀਂ ਮੰਨਦੇ ਸਗੋਂ ਉਹਨਾਂ ਅਨੁਸਾਰ ਭੂਤ-ਪ੍ਰੇਤ ਹੀ ਇਸ ਦਾ ਦੋਸ਼ੀ ਹੈ। ਤੰਤਰ ਸਾਧਨਾਂ ਦੇ ਗ੍ਰੰਥਾਂ ਨੂੰ ਲੋਕਧਾਰਾ, ਮਾਨਵ ਸ਼ਾਸਤਰ, ਸਮਾਜ ਸ਼ਾਸਤਰ ਆਦਿ ਦੇ ਨੁਕਤੇ ਤੋਂ ਪੜ੍ਹਨਾ ਤਾਂ ਠੀਕ ਹੋਵੇਗਾ ਜਿਸ ਨਾਲ ਅਸੀਂ ਮਨੁੱਖ ਦੇ ਸੋਚ-ਪ੍ਰਬੰਧ ਦੇ ਵਿਕਾਸ ਨੂੰ ਸਮਝ ਸਕਦੇ ਹਾਂ ਪਰ ਇਸ ਵਿੱਚ ਦਰਜ ਗ਼ੈਰ-ਵਿਗਿਆਨਿਕ ਧਾਰਨਾਵਾਂ ਨੂੰ ਠੀਕ ਸਮਝਣਾ ਜਾਂ ਅਭਿਆਸ ਵਿੱਚ ਲਿਆਉਣਾ ਯੋਗ ਨਹੀਂ ਹੈ। ਪੰਜਾਬ ਦੀ ਇੱਕ ਸਮਾਜ ਸੇਵੀ ਜਥੇਬੰਦੀ (ਤਰਕਸ਼ੀਲ ਸੁਸਾਇਟੀ, ਪੰਜਾਬ) ਵੱਲੋਂ ਤੰਤਰ-ਮੰਤਰ ਰਾਹੀਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਜਾਂ ਮਨ-ਇੱਛਤ ਫਲ ਪਾਉਣ ਆਦਿ ਸੰਬੰਧੀ ਲੱਖਾਂ ਰੁਪਏ ਦੇ ਇਨਾਮ ਵੀ ਰੱਖੇ ਹੋਏ ਹਨ ਜੋ ਕਿ ਅਜੇ ਤੱਕ ਕੋਈ ਸਿਆਣਾ, ਚੇਲਾ ਜਾਂ ਮਾਂਦਰੀ ਨਹੀਂ ਜਿੱਤ ਸਕਿਆ।


ਲੇਖਕ : ਰਾਜਿੰਦਰ ਪਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7295, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਤੰਤਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੰਤਰ 1 [ਨਾਂਪੁ] ਜਾਦੂਈ 2 [ਪਿਛੇ] ਇੱਕ ਪਿਛੇਤਰ ਜਿਵੇਂ ਗਣਤੰਤਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7282, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੰਤਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਤੰਤਰ : ਇਹ ਵੱਖ ਵੱਖ ਕਿਸਮ ਦੇ ਨਿਯਮ, ਸੰਸਕਾਰ ਜਾਂ ਜਾਦੂ-ਟੂਣੇ ਹੁੰਦੇ ਹਨ। ਤੰਤਰ ਸ਼ਾਸਤਰ ਵਿਚ ਜਾਦੂ ਟੂਣੇ ਅਤੇ ਮੰਤਰਾਂ ਦੀ ਸ਼ਕਤੀ ਦਾ ਵਰਣਨ ਹੈ ਅਤੇ ਸ਼ਕਤੀ ਦਾ ਉਪਾਸਨਾ ਪ੍ਰਧਾਨ ਹੈ। ਆਮ ਤੌਰ ਤੇ ਪੁਰਾਣਾਂ ਤੋਂ ਪੁਰਾਤਨ ਅਤੇ ਧਰਮ ਦੀ ਪਿਛਲੀ ਉੱਨਤੀ ਨੂੰ ਦੱਸਣ ਵਾਲੇ ਧਾਰਮਿਕ ਤੇ ਜਾਦੂ ਸਬੰਧੀ ਗ੍ਰੰਥਾਂ ਦਾ ਨਾਂ ਤੰਤਰ ਹੈ। ਤੰਤਰ ਸ਼ਾਸਤਰ ਸ਼ਿਵ ਦੀ ਰਚਨਾ ਦੱਸੀ ਜਾਂਦੀ ਹੈ। ਇਸਤਰੀ ਸ਼ਕਤੀ ਦੀ ਪੂਜਾ ਇਸ ਤੋਂ ਪਹਿਲਾਂ ਵੀ ਸ਼ੁਰੂ ਹੋ ਚੁੱਕੀ ਸੀ। ਤੰਤਰਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਦੇਵਤੇ ਦੀ ਇਸਤਰੀ ਸ਼ਕਤੀ ਨੂੰ ਉੱਘਾ ਕਰਨਾ ਹੈ। ਉਸ ਦੀ ਅਮਲੀ ਖਸਲਤ ਦਾ ਸ਼ਕਤੀ ਜਾਂ ਇਸਤਰੀ ਦੇ ਰੂਪ ਵਿਚ ਮਾਨਵੀਕਰਨ ਕੀਤਾ ਜਾਂਦਾ ਹੈ। ਕੁਝ ਤੰਤਰ ਇਹੋ ਜਿਹੇ ਹਨ ਜਿਨ੍ਹਾਂ ਵਿਚ ਵਿਸ਼ਨੂੰ ਦੀ ਪਤਨੀ ਜਾਂ ਰਾਧਾ ਨੂੰ ਭਗਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਉਨ੍ਹਾਂ ਦੀ ਬਹੁ ਸੰਮਤੀ ਦੇਵੀ, ਸ਼ਿਵ ਦੀ ਸ਼ਕਤੀ ਦੇ ਬਹੁਤ ਸਾਰਿਆਂ ਰੂਪਾਂ ਨੂੰ ਮੰਨਦੀ ਹੈ ਅਤੇ ਉਹ ਆਮ ਤੌਰ ਤੇ ਦੋ ਦੇਵਤਿਆਂ ਵਿਚਕਾਰ ਹੋਈ ਗੱਲ ਬਾਤ ਦੀ ਸ਼ਕਲ ਵਿਚ ਲਿਖੇ ਜਾਂਦੇ ਹਨ। ਦੇਵੀ ਸ਼ਿਵ ਦੀ ਸ਼ਕਤੀ ਦੇ ਦੌਰ ਤੇ ਉਹ ਵਿਸ਼ੇਸ਼ ਸ਼ਕਤੀ ਹੈ ਜਿਸ ਦਾ ਸਬੰਧ ਜਿਨਸੀ ਮਿਲਾਪ ਅਤੇ ਜਾਦੂ ਦੀਆਂ ਸ਼ਕਤੀਆਂ ਨਾਲ ਹੈ ਅਤੇ ਇਹ ਤੰਤਰਾਂ ਦੇ ਮੁੱਖ ਵਿਸ਼ੇ ਹਨ। ਤੰਤਰ ਪੂਜਾ ਲਈ ਪੰਜ ਲੋੜੀਂਦੀਆਂ ਚੀਜਾਂ ਪੰਜ ਮਕਾਰ ਜਾਂ ‘ਮ’ ਹਨ :– 1. ਮਦ, (ਸ਼ਰਾਬ) 2. ਮਾਸ, 3. ਮਤਸੱਯ, ਮੱਛੀ 4. ਮੁਦਰਾ, ਭੁੱਜੇ ਹੋਏ ਚਿੜਵੇ ਅਤੇ ਕਣਕ ਦਾ ਬੇਰੜਾ, 5. ਮੈਥੁਨ, ਜਿਨਸੀ ਮਿਲਾਪ। ਹਰ ਸ਼ਕਤੀ ਦੇ ਦੋ ਪੱਖ ਹੁੰਦੇ ਹਨ, ਚਿੱਟਾ ਤੇ ਕਾਲਾ, ਨਰਮੀ ਵਾਲਾ ਅਤੇ ਡਰਾਉਣਾ। ਜਿਵੇਂ ਊਸ਼ਾ ਅਤੇ ਗੌਰੀ ਸ਼ਿਵ ਦੀ ਸ਼ਕਤੀ ਦੇ ਨਰਮੀ ਵਾਲੇ ਪੱਖ ਹਨ, ਜਦੋਂ ਕਿ ਦੁਰਗਾ ਅਤੇ ਕਾਲੀ ਡਰਾਉਣੇ ਪੱਖ ਹਨ। ਸ਼ਾਕਤ ਜਾਂ ਸ਼ਕਤੀ ਦੀ ਪੂਜਾ ਕਰਨ ਵਾਲਿਆਂ ਦੀ ਦੋ ਸ਼ਰੇਣੀਆਂ ਵਿਚ ਵੰਡ ਕੀਤੀ ਜਾਂਦੀ ਹੈ ਜਿਵੇ ਦਕਸ਼ਿਨਾਚਾਰੀ ਤੇ ਵਾਮਾਚਾਰੀ, ਸੱਜੇ ਪੱਖ ਵਾਲੇ ਜਾਂ ਪੱਬੇ ਪੱਖ ਵਾਲੇ। ਸੱਜੇ ਪੱਖ ਵਾਲਿਆਂ ਦੀ ਪੂਜਾ ਤੁਲਨਾਤਮਕ ਰੂਪ ਵਿਚ ਰੰਗੀ ਹੈ, ਪਰ ਖੱਬੇ ਪੱਖ ਵਾਲੇ ਸ਼ਕਤੀ ਦੀ ਡਰਾਉਣੀ ਪ੍ਰਕਿਰਤੀ ਨੂੰ ਪੂਜਦੇ ਹਨ ਅਤੇ ਇਹ ਬਹੁਤ ਹੀ ਵਿਭਚਾਰ ਭਰੀ ਹੈ।ਇਸਤਰੀ ਯੋਨੀ ਦੀ ਪੂਜਾ ਨਾ ਕੇਵਲ ਚਿੰਨ੍ਹ ਰੂਪ ਵਿਚ ਹੀ ਸਗੋਂ ਵਾਸਤਵ ਵਿਚ ਇਸਤਰੀ ਦੇ ਰੂਪ ਵਿਚ ਕੀਤੀ ਜਾਂਦੀ ਹੈ ਅਤੇ ਖੁੱਲ੍ਹਾ ਜਿਨਸੀ ਮਿਲਾਪ ਰੰਗਰਲੀਆਂ ਦਾ ਇਕ ਭਾਗ ਹੈ। ਤੰਤਰ ਪੂਜਾ ਮੁੱਖ ਰੂਪ ਵਿਚ ਬੰਗਲਾ ਅਤੇ ਪੂਰਬੀ ਪ੍ਰਾਂਤਾਂ ਵਿਚ ਪ੍ਰਚਲੱਤ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4065, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-06-03-37-42, ਹਵਾਲੇ/ਟਿੱਪਣੀਆਂ: ਹ. ਪੁ. –ਹਿੰ. ਮਿ. ਕੋ. :ਮ. ਕੋ.

ਤੰਤਰ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਤੰਤਰ : ਤਾਂਤ੍ਰਿਕ ਮਤ ਵਾਲਿਆਂ ਦੇ 64 ਗ੍ਰੰਥ ਜਿਨ੍ਹਾਂ ਵਿਚ ਸ਼ਕਤੀ ਦੀ ਉਪਾਸਨਾ ਦੇ ਨਾਲ ਨਾਲ ਜਾਦੂ ਟੂਣੇ ਤੇ ਮੰਤਰਾਂ ਦੀ ਰਹੱਸਮਈ ਸ਼ਕਤੀ ਦਾ ਵਰਣਨ ਹੈ। ਇਨ੍ਹਾਂ ਦੀ ਰਚਨਾ ਸ਼ਿਵ ਜੀ ਦੁਆਰਾ ਕੀਤੀ ਮੰਨੀ ਜਾਂਦੀ ਹੈ ਪਰ ਕਈ ਇਨ੍ਹਾਂ ਨੂੰ ਦੱਤਾਤ੍ਰੇਯ ਦੀ ਰਚਨਾ ਮੰਨਦੇ ਹਨ।

    ਬਹੁਤੇ ਤੰਤਰ ਗੋਸ਼ਟਾਂ ਦੇ ਰੂਪ ਵਿਚ ਹਨ ਜੋ ਸ਼ਿਵ ਜੀ ਅਤੇ ਪਾਰਵਤੀ ਵਿਚਕਾਰ ਹੋਈਆਂ। ਵਿਸ਼ੇ ਪੱਖੋਂ ਇਨ੍ਹਾਂ ਗੋਸ਼ਟਾਂ ਵਿਚ ਕਾਲਾ ਚਿੱਟਾ ਜਾਦੂ, ਪਵਨ ਚੱਕਰ, ਤਵੀਤ, ਰੱਖਾਂ , ਨਕਸ਼ ਅਤੇ ਮੁਦਰਾ ਆਦਿ ਵਿਧੀਆਂ ਸ਼ਾਮਲ ਹਨ। ਕਿਹਾ ਜਾਂਦਾ ਹੈ ਕਿ ਤੰਤਰਾਂ ਦਾ ਉਚਾਰਣ ਸ਼ਿਵ ਜੀ ਦੇ ਪੰਜਵੇਂ ਮੂੰਹ ਤੋਂ ਹੋਇਆ । ਇਸ ਲਈ ਇਹ ਗੁਪਤ ਅਥਵਾ ਰਹੱਸਮਈ ਬੋਲੀ ਜਾਂ ਸ਼ਬਦਾਵਲੀ ਵਿਚ ਹਨ। ਤੰਤਰ ਵਿਦਿਆ ਦੇ ਮਾਹਰਾਂ ਨੂੰ ‘ਤੰਤਰੀ’ ਕਿਹਾ ਜਾਂਦਾ ਹੈ।

ਸਿਧਾਂਤਕ ਤੌਰ ਤੇ ਹਰ ਤੰਤਰ ਵਿਚ ਪੰਜ ਵਿਸ਼ਿਆਂ ਉੱਤੇ ਵਿਚਾਰ ਕੀਤੀ ਗਈ ਹੈ : -1. ਸੰਸਾਰ ਦੀ ਉਤਪਤੀ 2. ਸੰਸਾਰ ਦਾ ਵਿਨਾਸ਼, 3. ਦੇਵ ਉਪਾਸਨਾ, 4. ਜਾਦੂ ਟੂਣੇ ਦੁਆਰਾ ਪਰਾ ਸਰੀਰਕ ਸ਼ਕਤੀ ਦੀ ਪ੍ਰਾਪਤੀ ਅਤੇ 5. ਬ੍ਰਹਮ ਵਿਚ ਲੀਨਤਾ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3428, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-02-31-08, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੇ. ਪੰ. ਲੋ. ਵਿ. ਕੋ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.