ਤੱਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੱਤ [ਨਾਂਪੁ] ਪਦਾਰਥ ਦਾ ਮੂਲ ਅੰਸ਼ ਜਿਸ ਦਾ ਰਸਾਇਣਕ ਵਿਸ਼ਲੇਸ਼ਣ ਨਹੀਂ ਹੋ ਸਕਦਾ, ਅਣੂ; ਨਿਚੋੜ, ਸਾਰ, ਸਤ; ਪਾਰਬ੍ਰਹਮ; ਰੱਬੀ ਗਿਆਨ , ਮੂਲ ਭਾਵ, ਅਸਲ; ਅਸਤਿਤਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25135, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੱਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੱਤ. ਦੇਖੋ, ਤਤੁ। ੨ ਵਿ—ਤਤ (ਪੌਣ) ਰੂਪ. ਹਵਾ ਜੇਹਾ ਚਾਲਾਕ. “ਚੜ੍ਯੋ ਤੱਤ ਤਾਜੀ.” (ਪਾਰਸਾਵ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25026, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤੱਤ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਤੱਤ (Element) : ਸਾਹਿਤ ਵਿਚ ਤੱਤ ਸ਼ਬਦ ਦ ਅਨੇਕਾਂ ਅਰਥ ਹੋ ਸਕਦੇ ਹਨ ਪਰ ਰਸਾਇਣ-ਵਿਗਿਆਨ ਵਿਚ ਇਸ ਦੇ ਵਿਸ਼ੇਸ਼ ਅਰਥ ਹਨ। ਰਸਾਇਣਿਕ ਤੱਤ ਅਜਿਹੇ ਪਦਾਰਥ ਹਨ ਜਿਹੜੇ ਰਸਾਇਣਿਕ ਕ੍ਰਿਆ ਰਾਹੀਂ ਅਗੋਂ ਹੋਰ ਸਾਧਾਰਣ ਪਦਾਰਥਾਂ ਵਿਚ ਨਹੀਂ ਵੰਡੇ ਜਾ ਸਕਦੇ। ਇਹ ਉਹ ਸਾਧਾਰਣ ਪਦਾਰਥ ਹਨ ਜਿਨ੍ਹਾਂ ਤੋਂ ਸੈਂਕੜਿਆਂ ਅਤੇ ਹਜ਼ਾਰਾਂ ਕਿਸਮਾਂ ਦਾ ਮਾਦਾ (ਭੌਤਿਕ ਤੱਤ) ਬਣੇ ਹੋਏ ਹਨ ਅਤੇ ਇਹ ਸਾਰੇ ਪਦਾਰਥ ਜਾਂ ਮਿਸ਼ਰਣ ਅਖੀਰ ਤੱਤਾਂ ਵਿਚ ਵੰਡੇ ਜਾਂਦੇ ਹਨ। ਹੁਣ ਤੱਕ ਪਤਾ ਲੱਗ ਚੁਕੇ ਤੱਤਾਂ ਦੀ ਗਿਣਤੀ 106 ਹੈ, ਜਿਨ੍ਹਾਂ ਵਿਚੋਂ ਲਗਭਗ 90 ਤੱਤ ਕੁਦਰਤ ਵਿਚ ਰਸਾਇਣਿਕ ਰੂਪ ਵਿਚ ਸੁਤੰਤਰ ਅਵਸਥਾ ਵਿਚ ਜਾਂ ਹੋਰ ਦੂਜੇ ਤੱਤਾਂ ਨਾਲ ਮਿਲੇ ਹੋਏ ਮਿਲਦੇ ਹਨ। ਪੁਰਾਤਨ ਸਮੇਂ ਵਿਚ ਕੇਵਲ ਅਸੰਯੁਕਤ ਅਵਸਥਾ ਵਿਚ ਮਿਲਣ ਵਾਲੇ 10 ਤੱਤਾਂ : ਕਾਰਬਨ, ਸਲਫਰ, ਤਾਂਬਾ, ਐਂਟੀਮਨੀ, ਲੋਹਾ, ਕਲਈ, ਸੋਨਾ, ਚਾਂਦੀ, ਪਾਰਾ ਅਤੇ ਸਿੱਕੇ ਬਾਰੇ ਹੀ ਪਤਾ ਸੀ। ਪ੍ਰਾਚੀਨ ਅਤੇ ਮੱਧਕਾਲੀ ਫ਼ਲਸਫ਼ੇ ਅਨੁਸਾਰ ਧਰਤੀ, ਹਵਾ, ਅੱਗ ਅਤੇ ਪਾਣੀ ਚਾਰ ਤੱਤ ਹਨ ਜਿਨ੍ਹਾਂ ਤੋਂ ਸਾਰੇ ਬ੍ਰਹਿਮੰਡੀ ਪਦਾਰਥ ਅਤੇ ਪ੍ਰਾਣੀ ਸਰੀਰ ਬਣਿਆ ਹੋਇਆ ਹੈ। ਵਿਗਿਆਨਕ (ਰਸਾਇਣਿਕ) ਯੁੱਗ ਤੋਂ ਪਹਿਲਾਂ ਤੱਤਾਂ ਦੀ ਗਿਣਤੀ ਕੇਵਲ 5 ਜਾਂ 6 ਤੱਕ ਹੀ ਸੀਮਤ ਸੀ ਜਿਵੇਂ ਕਿ ਸਪਿਰਟ, ਲੂਣ, ਸਲਫ਼ਰ, ਪਾਣੀ ਅਤੇ ਧਰਤੀ। ਆਧੁਨਿਕ ਰੂਪ ਵਿਚ ਤੱਤ ਸ਼ਬਦ ਦੀ ਵਰਤੋਂ ਕੇਵਲ 1961 ਈ. ਤੋਂ ਸ਼ੁਰੂ ਹੋਈ ਜਦੋਂ ਰਾੱਬਰਟ ਬਾੱਇਲ (Robert Boyle) ਨੇ ਪਹਿਲੀ ਵੇਰ ਤੱਤਾਂ ਦੀ ਸਹੀ ਅਰਥਾਂ ਵਿਚ ਵਿਆਖਿਆ ਕੀਤੀ। ਇਸ ਤੋਂ ਬਾਅਦ ਤੱਤ ਸ਼ਬਦ ਕੇਵਲ ਪਦਾਰਥਕ ਚੀਜ਼ਾਂ ਲਈ ਹੀ ਵਰਤਿਆ ਜਾਂਦਾ ਸੀ ਕਿਉਂਕਿ ਉਸ ਸਮੇਂ ਕੋਈ ਅਜਿਹਾ ਢੰਗ ਨਹੀਂ ਸੀ, ਜਿਸ ਤੋਂ ਇਹ ਪਤਾ ਲਗ ਸਕੇ ਕਿ ਕਿਹੜੇ ਤੱਤ ਹਨ ਅਤੇ ਕਿਹੜੇ ਯੋਗਿਕ। ਸੰਨ 1789 ਵਿਚ ਏ. ਐੱਲ. ਲਾਵਾਜ਼ਿਆ (A.L.Lavoisier) ਨੇ ਆਪਣੀ ਰਚਨਾ ਵਿਚ ਪਦਾਰਥ ਦੇ ਸਰੂਪ ਬਾਰੇ ਇਕ ਨਵਾਂ ਅਤੇ ਸਪਸ਼ਟ ਵਿਚਾਰ ਦਿੱਤਾ। ਭੌਤਿਕ ਢੰਗਾਂ ਦੇ ਵਿਕਾਸ ਤੋਂ ਪਹਿਲਾਂ ਤੱਤਾਂ ਅਤੇ ਯੋਗਿਕਾਂ ਨੂੰ ਰਸਾਇਣਿਕ ਕ੍ਰਿਆਵਾਂ ਦੇ ਆਧਾਰ ਤੇ ਹੀ ਨਿਖੇੜਿਆ ਜਾਂਦਾ ਸੀ।

ਸੰਨ 1789 ਵਿਚ ਲਾਵਾਜ਼ਿਆ ਨੇ ਆਪਣੀ ਪੁਸਤਕ ‘Traite elementaire de chimie’ ਵਿਚ ਤੱਤਾਂ ਦੀ ਸੂਚੀ ਪ੍ਰਕਾਸ਼ਿਤ ਕੀਤੀ। ਇਸ ਵਿਚ ਉਸ ਨੇ ਅਸਲ ਤੱਤ 23, ਐਲੱਕਲੀ (alkalies) ਅਤੇ ਹੋਰ ਆੱਕਸਾਈਡ (Oxides) ਸ਼ਾਮਲ ਕੀਤੇ। ਸੰਨ 1800 ਵਿਚ ਏ. ਵਾੱਲਟਾ (A.Volta) ਰਾਹੀਂ ਕਰੰਟ ਬਿਜਲੀ ਦੀ ਖੋਜ ਉਪਰੰਤ ਜ਼ਿਆਦਾ ਕਿਰਿਆਸ਼ੀਲ ਤੱਤਾਂ ਨੂੰ ਉਨ੍ਹਾਂ ਦੇ ਯੋਗਿਕਾਂ ਨਾਲੋਂ ਨਿਖੇੜਨ ਵਾਲਾ ਵਧੀਆ ਢੰਗ ਲੱਭ ਗਿਆ। ਉਸ ਤੋਂ ਥੋੜ੍ਹੀ ਹੀ ਦੇਰ ਬਾਅਦ ਸਰ ਹੰਫ਼ਰੀ ਡੇਵੀ (Sir Humphry Davy) ਨੇ ਸੋਡੀਅਮ ਅਤੇ ਪੋਟਾਸ਼ੀਅਮ ਦੇ ਹਾਈਡ੍ਰਾੱਕਸਾਈਡਾਂ ਐੱਲਕਲੀਆਂ ਦਾ ਬਿਜਲੱਈ ਅਪਘਟਨ (ਇਲੈੱਕਟ੍ਰਾਲਿਸਿਜ਼) ਕਰਕੇ ਦੋ ਤੱਤ ਸੋਡੀਅਮ ਅਤੇ ਪੋਟਾਸ਼ੀਅਮ ਬਣਾਏ। ਇਸ ਤੋਂ ਸਿੱਧ ਹੋ ਗਿਆ ਕਿ ਉਨ੍ਹਾਂ ਤੱਤਾਂ ਦੇ ਹਾਈਡ੍ਰਾੱਕਸਾਈਡ ਯੋਗਿਕ ਸਨ। ਉਨੀਵੀਂ ਸਦੀ ਦੇ ਅਖ਼ੀਰ ਤੱਕ 82 ਤੱਤਾਂ ਦੀ ਖੋਜ ਹੋ ਚੁੱਕੀ ਸੀ। ਪ੍ਰਕਿਰਤੀ ਦੇ ਅਰਥ ਅਤੇ ਪਦਾਰਥ ਦੀ ਬਣਤਰ ਵਿਚ ਤਬਦੀਲੀ ਦਾ ਆਰੰਭ ਹੋਣਾ ਸੁਭਾਵਕ ਸੀ।

ਸਮਸਥਾਨਕ ਜਾਂ ਆਈਸੋਟੋਪ (Isotopes) – ਤੱਤਾਂ ਦੇ ਛੋਟੇ ਕਣਾਂ ਨੂੰ ਪਰਮਾਣੂ (atom) ਆਖਦੇ ਹਨ। ਪਹਿਲੋਂ ਪਹਿਲ ਪਰਮਾਣੂ ਨੂੰ ਅਗੋਂ ਹੋਰ ਨਾ ਵੰਡੇ ਜਾ ਸਕਣ ਵਾਲੀ ਇਕ ਸਾਧਾਰਣ ਇਕਾਈ ਸਮਝਿਆ ਜਾਂਦਾ ਸੀ ਪਰੰਤੂ ਇਹ ਇਕ ਗੁੰਝਲਦਾਰ ਬਣਤਰ ਹੈ, ਜਿਸ ਦੇ ਕੇਂਦਰ ਵਿਚ ਨਿਊਕਲੀਅਸ ਹੁੰਦਾ ਹੈ। ਨਿਊਕਲੀਅਸ ਇਲੈੱਕਟ੍ਰਾੱਨਾਂ ਨਾਲ ਘਿਰਿਆ ਹੁੰਦਾ ਹੈ ਇਸ ਵਿਚ ਪ੍ਰੋਟਾੱਨ (ਧਨ-ਚਾਰਜ) ਅਤੇ ਨਿਊਟ੍ਰਾੱਨ (ਚਾਰਜ ਰਹਿਤ) ਹੁੰਦੇ ਹਨ। ਹਰ ਤੱਤ ਅਤੇ ਉਸ ਦੇ ਪਰਮਾਣੂਆਂ ਦਾ ਇਕ ਵਿਸ਼ੇਸ਼ ਗੁਣ, ਉਸ ਦੇ ਨਿਊਕਲੀਅਸ ਵਿਚਲੇ ਪ੍ਰੋਟਾੱਨਾਂ ਦੀ ਗਿਣਤੀ ਹੈ, ਜਿਸ ਨੂੰ ਪਰਮਾਣੁ-ਕ੍ਰਮ-ਅੰਕ (atomic number) ਆਖਦੇ ਹਨ। ਇਲੈੱਕਟ੍ਰਾਨਾਂ ਦੀ ਗਿਣਤੀ ਵੀ ਪਰਮਾਣੂ-ਕ੍ਰਮ-ਅੰਕ ਦੇ ਬਰਾਬਰ ਹੁੰਦੀ ਹੈ। ਪ੍ਰੋਟਾੱਨਾਂ ਅਤੇ ਨਿਊਟ੍ਰਾੱਨਾਂ ਦੀ ਗਿਣਤੀ ਦਾ ਜੋੜ ਪੁੰਜ-ਸੰਖਿਆ (mass number) ਹੁੰਦਾ ਹੈ ਜਿਹੜਾ ਲਗਭਗ ਪਰਮਾਣੂ-ਭਾਰ (atomic weight) ਦੇ ਬਰਾਬਰ ਹੁੰਦਾ ਹੈ।

20 ਵੀਂ ਸਦੀ ਦੇ ਆਰੰਭ ਵਿਚ ਦੋ ਅਜਿਹੇ ਪਦਾਰਥਾਂ ਦਾ ਪਤਾ ਲੱਗਿਆ, ਜਿਨ੍ਹਾਂ ਦੇ ਰਸਾਇਣਕ ਗੁਣ ਮਿਲਦੇ -ਜੁਲਦੇ ਸਨ ਪਰੰਤੂ ਉਨ੍ਹਾਂ ਦੀ ਘਣਤਾ ਅਤੇ ਰੇਡੀਓ-ਐੱਕਟਿਵ ਗੁਣ ਵੱਖੋ ਵੱਖਰੇ ਸਨ। ਇਹ ਦੋਵੇਂ ਤੱਤ ਥੋਰੀਅਮ ਦੀਆਂ ਵਿਭਿੰਨਤਾਵਾਂ ਸਨ ਜਿਨ੍ਹਾਂ ਨੂੰ ਆਈਸੋਟੋਪ ਦਾ ਨਾਂ ਦਿੱਤਾ ਗਿਆ। ਇਨ੍ਹਾਂ ਦਾ ਪਰਮਾਣੂ-ਕ੍ਰਮ-ਅੰਕ ਇਕੋ ਹੋਣ ਕਰਕੇ ਇਹ ਆਵਰਤੀ ਸਾਰਣੀ (periodic table) ਵਿਚ ਵੀ ਇਕੋ ਸਥਾਨ ਤੇ ਆਉਂਦੇ ਸਨ ਪਰ ਇਨ੍ਹਾਂ ਦੇ ਨਿਊਕਲੀਅਸਾਂ ਵਿਚ ਨਿਊਟ੍ਰਾੱਨਾਂ ਦੀ ਸੰਖਿਆ ਵੱਖਰੀ ਸੀ। ਸੰਨ 1912 ਵਿਚ ਸਰ ਜੇ.ਜੇ. ਟਾਮਸਨ (J.J. Thomson) ਨੇ ਖੋਜ ਕੀਤੀ ਕਿ ਸਥਿਰ ਤੱਤ ਨੀਆੱਨ, ਜਿਸ ਦਾ ਪਰਮਾਣੂ-ਕ੍ਰਮ-ਅੰਕ 10 ਅਤੇ ਪਰਮਾਣੁ-ਭਾਰ 10.183 ਹੈ, ਆਈਸੋਟੋਪਾਂ ਦਾ ਮਿਸ਼ਰਣ ਹੈ। ਇਸ ਤਰ੍ਹਾਂ ਨੀਆੱਨ ਦੇ ਦੋ ਆਈਸੋਟੋਪ Ne20 ਅਤੇ Ne22 ਨੂੰ ਵੱਖ ਕੀਤਾ ਗਿਆ। ਕੁਝ ਚਿਰ ਪਿਛੋਂ ਇਕ ਤੀਜਾ ਆਈਸੋਟੋਪ Ne21 ਵੀ ਵੱਖ ਕੀਤਾ ਗਿਆ। ਇਸ ਤਰ੍ਹਾਂ ਤੱਤਾਂ ਦੇ ਆਈਸੋਟੋਪ ਵੱਖ ਕੀਤੇ ਗਏ ਅਤੇ ਪਛਾਣ ਕੀਤੀ ਗਈ। ਕੁਦਰਤੀ ਆਈਸੋਟੋਪਾਂ ਤੋਂ ਇਲਾਵਾ 1,000 ਤੋਂ ਵੀ ਵੱਧ ਬਣਾਉਟੀ ਰੇਡੀਓ-ਐੱਕਟਿਵ ਆਈਸੋਟੋਪ ਬਣਾਏ ਜਾ ਚੁਕੇ ਹਨ। ਇਕ ਜਾਂ ਦੋ ਤੱਤਾਂ ਨੂੰ ਛੱਡ ਕੇ, ਬਿਖਮ ਪਰਮਾਣੂ-ਕ੍ਰਮ-ਅੰਕ ਵਾਲੇ ਤੱਤ ਦੇ ਦੋ ਤੋਂ ਵੱਧ ਆਈਸੋਟੋਪ ਨਹੀਂ ਹੁੰਦੇ ਜਦੋਂ ਕਿ ਯੁਗਮ ਪਰਮਾਣੂ-ਕ੍ਰਮ-ਅੰਕ ਵਾਲੇ ਤੱਤਾਂ ਦੇ ਦੋ ਤੋਂ ਵੱਧ ਆਈਸੋਟੋਪ ਮਿਲਦੇ ਹਨ। ਇਸ ਲਈ ਤੱਤ ਉਹ ਵਸਤਾਂ ਹਨ ਜਿਨ੍ਹਾਂ ਦੇ ਪਰਮਾਣੂ ਸਮਰੂਪ ਨਹੀਂ ਹੁੰਦੇ ਸਗੋਂ ਅਜਿਹੇ ਪਰਮਾਣੂ ਹੁੰਦੇ ਹਨ ਜਿਨ੍ਹਾਂ ਦਾ ਪਰਮਾਣੂ ਕ੍ਰਮ-ਅੰਕ ਇਕੋ ਜਿੰਨਾ ਹੁੰਦਾ ਹੈ।

ਅਣੂ ਅਤੇ ਰੂਪਾਂਤਰ (Molecules & Modifications)– ਵਾਸ਼ਪ ਜਾਂ ਤਰਲ ਹਾਲਤ ਵਿਚ ਰਸਾਇਣਿਕ ਤੌਰ ਤੇ ਮੁਕਤ ਤੱਤ, ਅਣੂਆਂ ਦੇ ਬਣੇ ਹੋਏ ਹੁੰਦੇ ਹਨ। ਅਣੂਆਂ ਵਿਚ ਇਕ ਪਰਮਾਣੂ ਜਾਂ ਪਰਮਾਣੂਆਂ ਦਾ ਸੰਗ੍ਰਹਿ ਹੁੰਦਾ ਹੈ ਜਿਹੜੇ ਸੰਯੋਜਕਤਾ ਬਲ (Valence forces) ਦੁਆਰਾ ਇਕ ਦੂਜੇ ਨਾਲ ਜਕੜੇ ਹੁੰਦੇ ਹਨ। ਉਤਕ੍ਰਿਸ਼ਟ ਗੈਸਾਂ (noble gases) ਜਿਨ੍ਹਾਂ ਦੀ ਇਲੈੱਕਟ੍ਰਾੱਨੀ ਬਣਤਰ ਵਿਸ਼ੇਸ਼ ਕਿਸਮ ਦੀ ਹੁੰਦੀ ਹੈ ਇਕ ਪਰਮਾਣਵੀ ਗੈਸਾਂ (Monatomic) ਹੁੰਦੀਆਂ ਹਨ ਭਾਵ ਇਨ੍ਹਾਂ ਦੇ ਅਣੂ ਅੰਦਰ ਇਕ ਪਰਮਾਣੂ ਹੁੰਦਾ ਹੈ ਅਤੇ ਇਨ੍ਹਾਂ ਦੇ ਫਾਰਮੂਲੇ He, Ne, Ar, kr, Xe, ਅਤੇ Rn (ਹੀਲੀਅਮ, ਨੀਆੱਨ, ਆਰਗਾੱਨ, ਕ੍ਰਿਪਟਾੱਨ, ਜ਼ੀਨਾੱਨ ਅਤੇ ਰੇਡਾੱਨ) ਹਨ। ਹਾਈਡ੍ਰੋਜਨ, ਆੱਕਸੀਜਨ, ਨਾਈਟ੍ਰੋਜਨ ਅਤੇ ਕਲੋਰੀਨ ਆਦਿ ਗੈਸਾਂ ਦੇ ਅਣੂ, ਦੋ-ਪਰਮਾਣਵੀ ਹੁੰਦੇ (diatomic) ਹਨ। ਇਨ੍ਹਾਂ ਦੇ ਫਾਰਮੂਲੇ ਕ੍ਰਮ ਅਨੁਸਾਰ H2, O2, N2 ਅਤੇ CI2 ਹਨ। ਘੱਟ ਤਾਪਮਾਨ ਉੱਤੇ ਫ਼ਾਸਫੋਰਸ ਵਾਸ਼ਪ ਦੇ ਹਰ ਅਣੂ ਵਿਚ ਚਾਰ ਪਰਮਾਣੂ (P4) ਅਤੇ ਵੱਧ ਤਾਪਮਾਨ ਉੱਤੇ ਦੇ ਪਰਮਾਣੂ (P2) ਹੁੰਦੇ ਹਨ।

ਠੋਸ ਅਵਸਥਾ ਵਿਚ ਕੁੱਝ ਅਜਿਹੇ ਤੱਤ ਹਨ, ਜਿਨ੍ਹਾਂ ਦੇ ਕ੍ਰਿਸਟਲ ਸਮਰੂਪੀ ਅਣੂਆਂ ਦੇ ਬਣੇ ਹੁੰਦੇ ਹਨ। ਇਨ੍ਹਾਂ ਦੇ ਪਰਮਾਣੂ ਵਧੇਰੇ ਚੰਗੀ ਤਰ੍ਹਾਂ ਇਕ ਦੂਜੇ ਨਾਲ ਜਕੜੇ ਹੋਏ ਹੁੰਦੇ ਹਨ; ਉਦਾਹਰਨ ਵਜੋਂ ਸਲਫ਼ਰ (S8) ਅਤੇ ਆਇਓਡੀਨ (I2) । ਕਾਰਬਨ ਦੇ ਚਾਰ ਸੰਯੋਜਕ ਇਲੈਕਟ੍ਰਾੱਨ (Valency electron) ਹਨ ਅਤੇ ਇਹ ਚਾਰ ਸਹਿਸੰਯੋਜਕ ਬੰਧਨ (covalent bond) ਬਣਾ ਸਕਦੇ ਹਨ। ਹੀਰਾ, ਜਿਹੜਾ ਕਿ ਕਾਰਬਨ ਦੀ ਹੀ ਇਕ ਰਵੇਦਾਰ ਕਿਸਮ ਹੈ, ਦਾ ਹਰ ਪਰਮਾਣੂ ਚਾਰ ਕੋਨਿਆਂ ਉੱਤੇ ਚਾਰ ਹੋਰ ਪਰਮਾਣੂਆਂ ਨਾਲ ਬੰਨਿਆ ਹੁੰਦਾ ਹੈ, ਜਿਹੜੇ ਅਗੋਂ ਫੇਰ ਚਾਰ ਚਾਰ ਪਰਮਾਣੂਆਂ ਨਾਲ ਜੁੜੇ ਹੋਏ  ਹੁੰਦੇ ਹਨ। ਇਸ ਨੂੰ ਵਿਸ਼ਾਲ ਅਣੂ (giant molecule) ਆਖਦੇ ਹਨ। ਜਰਮੇਨੀਅਮ (Germanium), ਸਿਲੀਕਾੱਨ (Silicon) ਅਤੇ ਗ੍ਰੇ-ਕਲੱਈ (Gray tin) ਦੇ ਵੀ ਚਾਰ ਸੰਯੋਜਕ ਇਲੈੱਕਟ੍ਰਾਨ (Valency electrons) ਹੁੰਦੇ ਹਨ। ਠੋਸ ਧਾਤਾਂ ਰਵੇਦਾਰ ਹੁੰਦੀਆਂ ਹਨ ਪਰੰਤੂ ਇਨ੍ਹਾਂ ਵਿਚ ਪਰਮਾਣੂਆਂ ਦਾ ਕੋਈ ਵਖਰਾ ਗਰੁੱਪ ਨਹੀਂ ਹੁੰਦਾ। ਧਾਤਵੀ ਬੰਧਨ (metallic bond) ਵਿਸ਼ੇਸ਼ ਪ੍ਰਕਾਰ ਦਾ ਹੈ, ਜਿਸ ਦੀ ਦੂਜੀ ਕਿਸਮਾਂ ਦੇ ਬੰਧਨਾਂ (bonds) ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ।

ਬਹੁਤ ਸਾਰੇ ਤੱਤ ਦੋ ਜਾਂ ਦੋ ਤੋਂ ਵੱਧ ਕਿਸਮਾਂ ਦੇ ਰੂਪਾਂਤਰਾਂ (modifications) ਵਿਚ ਮਿਲਦੇ ਹਨ। ਇਸ ਕਿਰਿਆ ਨੂੰ ਭਿੰਨ ਰੂਪਤਾ ਜਾਂ ਐਲੋਟ੍ਰੋਪੀ (allotropy) ਆਖਦੇ ਹਨ। ਇਹ ਕਿਰਿਆ ਵਖਰੀ ਵਖਰੀ ਕਿਸਮਾਂ ਦੇ ਅਣੂ ਬਣਨ ਕਰਕੇ ਵਾਪਰਦੀ ਹੈ ਜਿਵੇਂ ਆੱਕਸੀਜਨ ਵਿਚ O2 (ਆਮ ਆੱਕਸੀਜਨ) ਅਤੇ O3 (ਓਜ਼ੋਨ), ਜਾਂ ਦੋ ਜਾਂ ਦੋ ਤੋਂ ਵੱਧ ਰਵੇਦਾਰ ਕਿਸਮਾਂ ਬਣਨ ਕਰਕੇ ਹੁੰਦੀ ਹੈ ਜਿਵੇਂ ਕਿ ਕਾਰਬਨ ਹੀਰਾ ਅਤੇ ਗ੍ਰੇਫ਼ਾਈਟ ਜਾਂ ਸਲਫ਼ਰ (ਬਿਖਮ-ਲੰਬਧੁੱਰਈ (Rhombic)  ਅਤੇ ਇੱਕ-ਨਤਧੁਰੱਈ (monoclinic) ਵਿਚ ਰਵੇਦਾਰ ਬਣਤਰਾਂ ਨਾਲ ਸਬੰਧਤ ਕਿਰਿਆਵਾਂ ਲਈ ਤਕਨੀਕੀ ਸ਼ਬਦ, ਬਹੁ-ਰੂਪਤਾ ਜਾਂ ਪਾੱਲੀਮਾੱਰਫ਼ਿਜ਼ਮ (Polymorphism) ਵੀ ਵਰਤਿਆ ਜਾਂਦਾ ਹੈ।

ਪ੍ਰਾਪਤੀ-ਸਥਾਨ : ਕੁਦਰਤੀ ਰੂਪ ਵਿਚ ਮਿਲਣ ਵਾਲੇ 90 ਤੱਤਾਂ ਵਿੱਚੋਂ ਲਗਭਗ 30 ਤੱਤ ਧਰਤੀ ਉੱਤੇ ਰਸਾਇਣਿਕ ਤੌਰ ਤੇ ਸੁਤੰਤਰ ਰੂਪ ਵਿਚ ਮਿਲਦੇ ਹਨ ਭਾਵ ਇਹ ਤੱਤ ਕਿਸੇ ਹੋਰ ਦੂਜੇ ਤੱਤ ਨਾਲ ਰਸਾਇਣਿਕ ਤੌਰ ਤੇ ਮਿਲੇ ਹੋਏ ਨਹੀਂ ਮਿਲਦੇ। ਇਹ ਤੱਤ ਰਸਾਇਣਿਕ ਤੌਰ ਤੇ ਬਹੁਤੇ ਕਿਅਰਆਸ਼ੀਲ ਨਹੀਂ ਹੁੰਦੇ ਉਦਾਹਰਣ ਵਜੋਂ, ਨਾਈਟ੍ਰੋਜਨ, ਸੋਨਾ, ਪਲੈਟੀਨਮ, ਤਾਂਬਾ ਅਤੇ ਅਕਿਰਿਆਸ਼ੀਲ ਗੈਸਾਂ (Inert gases) ਨੂੰ ਲਿਆ ਜਾ ਸਕਦਾ ਹੈ। ਆੱਕਸੀਜਨ ਜਿਹੜੀ ਕਿ ਬਹੁਤ ਹੀ ਕਿਰਿਆਸ਼ੀਲ ਤੱਤ ਹੈ, ਜਿਸ ਦੀ ਵੱਡੀ ਮਾਤਰਾ ਵਾਤਾਵਰਣ ਵਿਚ ਸੁਤੰਤਰ ਰੂਪ ਵਿਚ ਅਤੇ ਮਿਸ਼ਰਤ ਰੂਪ ਵਿਚ ਪਾਣੀ, ਚਟਾਨਾਂ ਤੇ ਧਰਤੀ ਦੇ ਖਣਿਜਾਂ ਵਿਚ ਮਿਲਦੀ ਹੈ। ਸੁਤੰਤਰ ਰੂਪ ਵਿਚ ਵਾਤਾਵਰਣ ਵਿਚ ਮਿਲਣ ਵਾਲੀ ਆੱਕਸੀਜਨ ਪ੍ਰਾਣੀ ਢਾਹ-ਉਸਾਰ ਕਿਰਿਆ (metabolism) ਅਤੇ ਪੌਦਿਆਂ ਦੀਆਂ ਕਈ ਕਿਰਿਆਵਾਂ ਵਿਚ ਵਰਤੀ ਜਾਂਦੀ ਹੈ।

ਧਰਤੀ ਦੇ ਪੇਪੜੀ ਵਿਚ ਮਿਲਣ ਵਾਲੇ ਤੱਤਾਂ ਦੀ ਔਸਤ ਮਾਤਰਾ ਸਾਰਣੀ ਵਿਚ ਦਰਸਾਈ ਗਈ ਹੈ। ਇਨ੍ਹਾਂ ਵਿਚੋਂ 8 ਤੱਤ ਸਭ ਤੋਂ ਜ਼ਿਆਦਾ ਮਾਤਰਾ ਵਿਚ ਮਿਲਦੇ ਹਨ ਜਿਵੇਂ ਕਿ ਆੱਕਸੀਜਨ (466,000 ਹਿੱਸੇ ਪ੍ਰਤਿ 1,000,000 ਜਾਂ 46.6%), ਸਿਲੀਕਾੱਨ (27.72%), ਐਲੂਮਿਨੀਅਮ (8.13%), ਲੋਹਾ (5%), ਕੈਲਸ਼ੀਅਮ (3.63%), ਸੋਡੀਅਮ (2.83%), ਪੋਟਾਸ਼ੀਅਮ (2.59%) ਅਤੇ ਮੈਗਨੀਸ਼ੀਅਮ (2.09%)। ਇਹ ਧਰਤੀ ਦੀ ਪੇਪੜੀ ਦੇ 98.5% ਹਿੱਸੇ ਤੋਂ ਵੀ ਵੱਧ ਬਣਦਾ ਹੈ।

ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕਿਸੇ ਤੱਤ ਦੀ ਬਹੁਲਤਾ ਦਾ ਉਸ ਤੱਤ ਦੇ ਨਿਊਕਲੀਅਸ ਦੀ ਬਣਤਰ ਨਾਲ ਕੋਈ ਗੂੜਾ ਸਬੰਧ ਹੈ। ਇਸ ਸਬੰਧ ਵਿਚ ਡਬਲਯੂ.ਡੀ. ਹਰਕਿਨਸ (W.D. Harkins) ਅਤੇ ਹੋਰ ਖੋਜੀਆਂ ਦੁਆਰਾ ਇਕੱਤਰ ਕੀਤੇ ਕੁਝ ਇਕ ਤੱਥ ਹੇਠ ਲਿਖੇ ਅਨੁਸਾਰ ਹੁਨ :–

1. ਸਮਾਨ ਪਰਮਾਣੂ–ਕ੍ਰਮ–ਅੰਕ ਵਾਲੇ ਤੱਤ ਵੱਡੀ ਗਿਣਤੀ ਵਿਚ ਹਨ ਅਤੇ ਇਨ੍ਹਾਂ ਦੇ ਆਈਸੋਟੋਪਾਂ ਦੀ ਗਿਣਤੀ ਵੀ ਬਿਖਮ ਪਰਮਾਣੂ-ਕ੍ਰਮ ਅੰਕ ਵਾਲੇ ਤੱਤਾਂ ਨਾਲੋਂ ਵੱਧ ਹੈ। ਧਰਤੀ ਵਿਚ ਸਮਾਨ ਪਰਮਾਣੂ-ਕ੍ਰਮ ਅੰਕ ਵਾਲੇ ਤੱਤ ਬਿਖਮ ਪਰਮਾਣੂ-ਅੰਕਾਂ ਵਾਲੇ ਤੱਤਾਂ ਨਾਲੋਂ ਦਸ ਗੁਣਾ ਵੱਧ ਹਨ। ਉਲਕਾ ਪਿੰਡਾਂ (meteorites) ਵਿਚ ਇਹ ਅਨੁਪਾਤ 70 ਅਤੇ 1 ਦਾ ਹੈ।

2. ਅਜਿਹੇ ਪਰਮਾਣੂ ਜਿਨ੍ਹਾਂ ਦੇ ਨਿਊਕਲੀਅਸ ਵਿਚ ਨਿਊਟ੍ਰਾੱਨਾਂ ਦੀ ਗਿਣਤੀ ਸਮਾਨ ਹੁੰਦੀ ਹੈ ਉਹ ਉਨ੍ਹਾਂ ਪਰਮਾਣੂਆਂ ਜਿਨ੍ਹਾਂ ਦੇ ਨਿਊਕਲੀਅਸ ਵਿਚ ਬਿਖਮ ਗਿਣਤੀ ਵਾਲੇ ਨਿਊਟ੍ਰਾੱਨ ਹੁੰਦੇ ਹਨ ਨਾਲੋਂ ਵੱਧ ਮਿਲਦੇ ਹਨ।

3. ਸਮਾਨ ਪੁੰਜ-ਸੰਖਿਆ (Mass number)  ਵਾਲੇ ਨਿਊਕਲੀਅਸਾਂ ਦੀ ਗਿਣਤੀ ਬਿਖਮ ਪੁੰਜ-ਸੰਖਿਆ ਵਾਲੇ ਨਿਊਕਲੀਅਸਾਂ ਦੇ ਮੁਕਾਬਲੇ ਵਿਚ ਵੱਧ ਹੈ।

ਵਿਆਖਿਆ ਲਈ ਨੀਆੱਨ ਤੱਤ, ਜਿਸ ਦਾ ਪਰਮਾਣੂ-ਕ੍ਰਮ-ਅੰਕ 10 ਹੈ, ਦੇ ਤਿੰਨ ਆਈਸੋਟੋਪ ਹਨ, ਜਿਨ੍ਹਾਂ ਦੀ ਬਹੁਲਤਾ ਇਸ ਤਰ੍ਹਾਂ ਹੈ :

Ne20 (90.8%), Ne21 (0.26%) ਅਤੇ Ne22 (8.9%) ।

ਬ੍ਰਹਿਮੰਡ ਵਿਚ ਹਾਈਡ੍ਰੋਜਨ ਤੱਤ ਸਭ ਤੋਂ ਜ਼ਿਆਦਾ ਮਾਤਰਾ ਵਿਚ ਮਿਲਦਾ ਹੈ। ਇਹ ਕੁਲ ਪਰਮਾਣੂਆਂ ਦਾ 90% ਤੋਂ ਵੀ ਵੱਧ ਭਾਗ ਬਣਾਉਂਦਾ ਹੈ। ਇਸ ਤੋਂ ਘੱਟ ਮਾਤਰਾ ਹੀਲੀਅਮ ਦੀ ਹੈ।

ਗੁਣ (Properties) ਤੱਤਾਂ ਦੇ ਗੁਣ ਉਨ੍ਹਾਂ ਦੇ ਪਰਮਾਣੂਆਂ ਦੀ ਇਲੈੱਕਟ੍ਰਾੱਨੀ ਬਣਤਰ ਅਤੇ ਆਕਾਰ ਦੇ ਲਿਹਾਜ ਨਾਲ ਬਹੁਤ ਹੀ ਅੱਡੋ ਅੱਡ ਹੁੰਦੇ ਹਨ। ਉਦਾਹਰਣ ਵਜੋਂ 26 ਵਾਯੂਮੰਡਲੀ ਦਬਾਉ ਉੱਤੇ ਹੀਲੀਅਮ ਦਾ ਪਿਘਲਣ-ਦਰਜਾ ਬਹੁਤ ਘੱਟ ਭਾਵ -272° ਸੈਂ. ਅਤੇ ਉਬਾਲ ਦਰਜਾ –268.9° ਸੈਂ. ਹੈ ਜਦੋਂ ਕਿ ਟੰਗਸਟਲ ਦਾ ਪਿਘਲਣ-ਦਰਜਾ 3,387° ਸੈਂ. ਅਤੇ ਉਬਾਲ ਦਰਜਾ 6,700° ਸੈਂ. ਸਭ ਤੋਂ ਵੱਧ ਹਨ। ਇਸੇ ਤਰ੍ਹਾਂ ਤੱਤਾਂ ਦੀ ਘਣਤਾ ਵਿਚ ਵੀ ਬਹੁਤ ਅੰਤਰ ਹੈ। ਹਾਈਡ੍ਰੋਜਨ ਦੀ ਘਣਤਾ 0° ਸੈਂ. ਅਤੇ ਵਾਯੂਮੰਡਲੀ ਦਬਾਉ ਉੱਤੇ 8.986x10-5 ਗ੍ਰਾ. ਪ੍ਰਤਿ ਘਣ ਸੈਂਟੀਮੀਟਰ ਅਤੇ ਇਰੀਡੀਅਮ ਅਤੇ ਆੱਸਮੀਅਮ (osmium) ਦੀ 22.56 ਗ੍ਰਾ. ਪ੍ਰਤਿ ਘਣ ਸੈਂਟੀਮੀਟਰ ਹੁੰਦੀ ਹੈ।

ਵਰਗੀਕਰਨ (Classifcation) – ਤੱਤਾਂ ਨੂੰ ਉਨ੍ਹਾਂ ਦੇ ਗੁਣਾਂ ਅਤੇ ਬਣਤਰ ਦੇ ਅਧਾਰ ਤੇ ਤਿੰਨ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ: ਅਕਿਰਿਆਸ਼ੀਲ ਗੈਸਾਂ, ਧਾਤਾਂ ਅਤੇ ਅਧਾਤਾਂ।

ਅਕਿਰਿਆਸ਼ੀਲ ਗੈਸਾਂ – ਇਨ੍ਹਾਂ ਛੇ ਤੱਤਾਂ, ਜਿਨ੍ਹਾਂ ਵਿਚੋਂ ਇਕ ਨੀਆੱਨ ਵੀ ਹੈ ਦੇ ਰਸਾਇਣ-ਵਿਗਿਆਨ ਬਾਰੇ ਬਹੁਤ ਘੱਟ ਪਤਾ ਹੈ। ਇਨ੍ਹਾਂ ਦੇ ਬਾਹਰੀ ਸੰਯੋਜਕ ਖ਼ੋਲਾਂ (Valency shells) ਵਿਚ ਇਲੈੱਕਟ੍ਰਾੱਨ ਭਰੇ ਹੁੰਦੇ ਹਨ, ਹੀਲੀਅਮ ਵਿਚ ਦੋ ਅਤੇ ਬਾਕੀਆਂ ਵਿਚ ਅੱਠ ਇਲੈਕਟ੍ਰਾੱਨ ਹੁੰਦੇ ਹਨ।

ਧਾਤਾਂ – ਤੱਤਾਂ ਵਿਚੋਂ ਇਨ੍ਹਾਂ ਦੀ ਗਿਣਤੀ ਸਭ ਤੋਂ ਜ਼ਿਆਦਾ 65 ਹੈ। ਇਨਾਂ ਦਾ ਇਕ ਵਿਸ਼ੇਸ਼ ਲੱਛਣ ਇਹ ਹੈ ਕਿ ਇਨ੍ਹਾਂ ਦੇ ਸੰਯੋਜਕ ਇਲੈੱਕਟ੍ਰਾੱਨਾਂ (valence electrons) ਦੀ ਗਿਣਤੀ ਘੱਟ ਹੁੰਦੀ ਹੈ ਅਤੇ ਬੜੀ ਅਸਾਨੀ ਨਾਲ ਇਨ੍ਹਾਂ ਨੂੰ ਖ਼ਤਮ ਕਰਕੇ ਧਨ-ਆਇਨ (positive ion) ਬਣਾਏ ਜਾ ਸਕਦੇ ਹਨ। ਇਨ੍ਹਾਂ ਦੇ ਆੱਕਸਾਈਡ ਅਤੇ ਹਾਈਡ੍ਰਾੱਕਸਾਈਡ ਖਾਰੇ ਹੁੰਦੇ ਹਨ। ਧਾਤਾਂ ਰਿਣ-ਆਇਨਾਂ (negative ions) ਜਾਂ ਰੈਡੀਕਲਾਂ (radicals) ਨਾਲ ਕਈ ਕਿਸਮ ਦੇ ਲੂਣ ਬਣਾਉਂਦੀਆਂ ਹਨ। ਸੁਤੰਤਰ ਰੂਪ ਵਿਚ ਮਿਲਣ ਵਾਲੀਆਂ ਧਾਤਾਂ ਵਿਚ ਬਹੁਤ ਜ਼ਿਆਦਾ ਚਮਕ ਹੁੰਦੀ ਹੈ। ਤਾਂਬੇ ਅਤੇ ਸੋਨੋ ਤੋਂ ਛੁੱਟ ਬਾਕੀ ਧਾਤਾਂ ਚਾਂਦੀ ਵਰਗੀਆਂ ਚਿੱਟੀਆਂ ਜਾਂ ਸਿੱਕੇ ਰੰਗੀਆਂ ਹੁੰਦੀਆਂ ਹਨ। ਇਨ੍ਹਾਂ ਧਾਤਾਂ ਦੇ ਪਰਮਾਣੂਆਂ ਵਿਚਕਾਰ ਵਿਸ਼ੇਸ਼ ਪ੍ਰਕਾਰ ਦੇ ਬੰਧਨਾਂ ਕਰਕੇ ਇਹ ਤਾਪ ਅਤੇ ਬਿਜਲੀ ਲਈ ਵਧੀਆ ਸੁਚਾਲਕ ਹੁੰਦੇ ਹਨ। ਬਹੁਤੀਆਂ ਧਾਤਾਂ ਕੁਟੀਣਯੋਗ, ਖਿਚੀਣਯੋਗ ਅਤੇ ਮਜ਼ਬੂਤ ਹੁੰਦੀਆਂ ਹਨ, ਜਿਨ੍ਹਾਂ ਦਾ ਪਿਘਲਣ-ਦਰਜਾ ਅਤੇ ਉਬਾਲ-ਦਰਜਾ ਉੱਚਾ ਹੁੰਦਾ ਹੈ।

ਅਧਾਤਾਂ – ਅਧਾਤਾਂ ਦੇ ਕੁੱਝ ਹੀ ਅਜਿਹੇ ਭੌਤਿਕ ਗੁਣ ਹਨ ਜਿਹੜੇ ਸਾਰੀਆਂ ਅਧਾਤਾਂ ਵਿਚ ਸਾਂਝੇ ਹਨ। ਕੁਝ ਅਧਾਤਾਂ ਵਾਯੂਮੰਡਲੀ ਤਾਪਮਾਨ ਤੇ ਗੈਸਾਂ ਹਨ, ਇਕ ਤਰਲ ਹੈ ਅਤੇ ਬਾਕੀ ਦੀਆਂ ਠੋਸ ਹਨ। ਇਨ੍ਹਾਂ ਦੇ ਸੰਯੋਜਕ ਇਲੈੱਕਟ੍ਰਾੱਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਰਸਾਇਣਿਕ ਕਿਰਿਆਵਾਂ ਦੌਰਾਨ ਕਈ ਅਧਾਤਾਂ ਵਾਧੂ ਇਲੈੱਕਟ੍ਰਾੱਨ ਗ੍ਰਹਿਣ ਕਰਕੇ ਰਿਣ ਆਇਨ ਦੀ ਗਿਣਤੀ ਵਧਾ ਲੈਂਦੀਆਂ ਹਨ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 17473, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-06-03-32-20, ਹਵਾਲੇ/ਟਿੱਪਣੀਆਂ: ਹ. ਪੁ. –ਐਨ. ਬ੍ਰਿ. 8 : 270

ਤੱਤ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਤੱਤ : ਪੁਰਾਣੇ ਵਿਦਵਾਨਾਂ ਨੇ ਪੰਜ ਤੱਤ ਅਥਵਾ ਪੰਜ ਭੂਤ ਨੂੰ ਜਗਤ ਦਾ ਮੂਲ ਕਾਰਨ ਮੰਨਿਆ ਹੈ। ਸਾਂਖ ਸ਼ਾਸਤਰ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਤੱਤਾਂ ਦੇ ਸਮੁਦਾਇ ਤੋਂ ਹੋਈ ਹੈ ਅਤੇ ਇਨ੍ਹਾਂ ਦੀ ਸੰਖਿਆ 24 ਹੈ। ਜਿਸ ਤਰ੍ਹਾਂ ਜਗਤ ਦੀ ਰਚਨਾ ਤੱਤਾਂ ਤੋਂ ਹੋਈ ਹੈ ਉਸੇ ਤਰ੍ਹਾਂ ਹੀ ਸਰੀਰ ਵੀ ਪੰਜ ਤੱਤਾਂ ਤੋਂ ਬਣਿਆ ਹੈ। ਇਸ ਕਾਰਨ ਹੀ ਸਰੀਰ ਨੂੰ ‘ਪੰਜ ਭੌਤਕ ਸਰੀਰ’ ਕਿਹਾ ਜਾਂਦਾ ਹੈ ਪਰ ਅਰਬੀ ਅਤੇ ਫ਼ਾਰਸੀ ਵਾਲਿਆਂ ਨੇ ਜਿਸਮ ਦੀ ਬਣਾਵਟ ‘ਅਰਬਾ ਅਨਾਸਰ’ ਭਾਵ ਆਕਾਸ਼ ਨੂੰ ਛੱਡ ਕੇ ਬਾਕੀ ਦੇ ਚਾਰ ਤੱਤਾਂ ਰਾਹੀਂ ਮੰਨੀ ਹੈ।

ਪੁਰਾਣੀ ਭਾਰਤੀ ਖੋਜ ਅਨੁਸਾਰ ਸਰੀਰ ਪੰਜ ਭੂਤਾਂ ਤੋਂ ਬਣਿਆ ਹੈ– ‘ਪਾਂਚ ਤੱਤ ਕੋ ਤਨ ਰਚਿਓ’ ਵਿਗਿਆਨੀਆਂ ਨੇ ਤੱਤ ਲੱਭੇ ਹਨ। ਪੰਜ ਤੱਤ ਅਤੇ ਇਨ੍ਹਾਂ ਦੇ ਗੁਣ ਵੇਰਵੇ ਸਮੇਤ ਹੇਠ ਅਨੁਸਾਰ ਹਨ –

 (1) ਪ੍ਰਿਥਵੀ ਦੇ ਗੁਣ–ਹੱਡ, ਮਾਸ, ਨਖ, ਤੁਚਾ, ਰੋੋਮ।

 (2) ਜਲ ਦੇ ਗੁਣ–ਵੀਰਜ, ਲਹੂ, ਮਿੰਜ, ਮਲ, ਮੂਤ੍ਰ।

 (3) ਅਗਨੀ ਦੇ ਗੁਣ–ਨੀਂਦ , ਭੁੱਖ, ਪਿਆਸ, ਪਸੀਨਾ, ਆਲਸ।

 (4) ਵਾਯੂ ਦੇ ਗੁਣ–ਧਾਰਣ (ਫੜਨਾ),ਚਾਲਨ (ਧਕੇਲਨਾ), ਸੁਟਣ, ਸਮੇਟਣਾ, ਫੈਲਾਉਣਾ।

 (5) ਆਕਾਸ਼ ਦੇ ਗੁਣ–ਕਾਮ, ਕ੍ਰੋਧ, ਲੱਜਾ, ਮੋਹ ਅਤੇ ਲੋਭ।

ਤਾਂਤ੍ਰਿਕਾਂ ਅਨੁਸਾਰ ਤੱਤਾਂ ਦੀ ਗਿਣਤੀ 36 ਹੈ ਅਤੇ ਸ਼ੈਵ ਯੋਗੀ ਵੀ ਇਸ ਦੀ ਸੰਖਿਆ 36 ਮੰਨਦੇ ਹਨ। ਤਾਂਤ੍ਰਿਕਾਂ ਅਨੁਸਾਰ ਭਗਵਾਨ ਸ਼ਿਵ ਨੇ ਆਪਣੇ ਪੰਜ ਮੁੱਖਾਂ ਤੋਂ ਪੰਜ ਅਗਨੀਆਂ ਦਾ ਉਪਦੇਸ਼ ਦਿੱਤਾ। ਇਨ੍ਹਾਂ ਪੰਜਾਂ ਅਗਨੀਆਂ ਤੋਂ ਹੀ ਇਨ੍ਹਾਂ 36 ਤੱਤਾਂ ਦਾ ਨਿਰਣਾ ਕੀਤਾ ਗਿਆ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 17471, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-06-03-34-40, ਹਵਾਲੇ/ਟਿੱਪਣੀਆਂ: ਹ. ਪੁ. –ਸੰ. ਕੋ. 69; ਮ. ਕੋ. 572; ਹਿੰ. ਸਾ. ਕੋ. 1:348.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.