ਤੱਤ-ਖ਼ਾਲਸਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤੱਤ-ਖ਼ਾਲਸਾ: ਇਥੇ ‘ਤੱਤ ’ ਤੋਂ ਭਾਵ ਹੈ ਮੂਲ , ਅਸਲ , ਯਥਾਰਥ, ਸ਼ੁੱਧ , ਖ਼ਲਾਸ, ਸ੍ਵੱਛ। ਇਸ ਤਰ੍ਹਾਂ ‘ਤੱਤ-ਖ਼ਾਲਸਾ’ ਤੋਂ ਭਾਵ ਹੈ ‘ਅਸਲ ਖ਼ਾਲਸਾ ’ ਜਾਂ ਸ਼ੁੱਧ ਖ਼ਾਲਸਾ, ਜੋ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਥਾਪਿਤ ‘ਮਰਯਾਦਾ’ ਅਨੁਰੂਪ ਆਚਰਣ ਕਰਦਾ ਹੈ।

            ਗੁਰੂ ਗੋਬਿੰਦ ਸਿੰਘ ਜੀ ਦੁਆਰਾ ਵਰਸਾਏ ਬੰਦਾ ਬਹਾਦਰ ਨੇ ਜਦ ਪੰਜਾਬ ਵਿਚ ਕੁਝ ਜਿੱਤਾਂ ਪ੍ਰਾਪਤ ਕਰ ਲਈਆਂ, ਤਾਂ ਉਸ ਦੇ ਮਨ ਵਿਚ ਹਉਮੈ ਦਾ ਵਰਤਾਰਾ ਹੋ ਗਿਆ। ਫਲਸਰੂਪ ਉਸ ਨੇ ਪਰਸਪਰ ਮਿਲਣ ਵੇਲੇ ਅਭਿਵਾਦਨ ਲਈ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ ’ ਦੀ ਥਾਂ ‘ਫਤਹਿ-ਦਰਸ਼ਨ’ ਅਖਵਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਦ ਅਗਲਾ ਗੁਰੂ ਮੰਨਵਾਉਣ ਲਗ ਪਿਆ। ਇਸ ਨਾਲ ਪਰੰਪਰਾਗਤ ਸਿੰਘ ਉਸ ਦੀ ਸਰਦਾਰੀ ਤੋਂ ਮੂੰਹ ਮੋੜ ਕੇ ਸੁਤੰਤਰ ਹੋਣ ਲਗ ਗਏ। ਗੁਰਦਾਸ ਨੰਗਲ ਦੇ ਕਿਲ੍ਹੇ ਵਿਚ ਘਿਰ ਜਾਣ ਵੇਲੇ ਇਹ ਵਿਰੋਧ ਜ਼ਿਆਦਾ ਉਭਰ ਕੇ ਸਾਹਮਣੇ ਆਇਆ। ਬਾਬਾ ਬਿਨੋਦ ਸਿੰਘ, ਜੋ ਦਸਮ ਗੁਰੂ ਨੇ ਬੰਦਾ ਬਹਾਦਰ ਨਾਲ ਨਾਂਦੇੜ ਤੋਂ ਤੋਰਿਆ ਸੀ ਅਤੇ ਉਸ ਦਾ ਪੁੱਤਰ ਕਾਹਨ ਸਿੰਘ ਬੰਦਾ ਬਹਾਦਰ ਨਾਲੋਂ ਤੋੜ-ਵਿਛੋੜ ਕਰਕੇ ਕਿਲ੍ਹਿਓ ਬਾਹਰ ਆ ਗਏ। ਜੂਨ 1716 ਈ. ਵਿਚ ਬੰਦਾ ਬਹਾਦਰ ਨੂੰ ਦਿੱਲੀ ਵਿਚ ਸ਼ਹੀਦ ਕਰ ਦਿੱਤਾ ਗਿਆ, ਪਰ ਦੋਹਾਂ ਧੜਿਆਂ ਵਿਚ ਵਿਰੋਧ ਚਲਦਾ ਰਿਹਾ। ਸੰਨ 1719 ਈ. ਵਿਚ ਮੁਗ਼ਲ ਬਾਦਸ਼ਾਹ ਫ਼ਰੁਖ਼ਸਈਅਰ ਦੇ ਕਤਲ ਤੋਂ ਬਾਦ ਸਿੱਖਾਂ ਨੂੰ ਕੁਝ ਰਾਹਤ ਮਿਲੀ ਅਤੇ ਉਹ ਗਾਹੇ ਬਗਾਹੇ ਅੰਮ੍ਰਿਤਸਰ ਇਕੱਠੇ ਹੋਣ ਲਗੇ। ਬੰਦਈ ਖ਼ਾਲਸੇ ਨੇ ਦਰਬਾਰ ਸਾਹਿਬ ਦੀ ਚੜ੍ਹਤ ਵਿਚੋਂ ਆਪਣਾ ਅੱਧਾ ਹਿੱਸਾ ਮੰਗਿਆ, ਪਰ ਤੱਤ-ਖ਼ਾਲਸੇ ਨੇ ਦੇਣੋਂ ਨਾਹ ਕਰ ਦਿੱਤੀ।

            ਆਖ਼ਿਰ ਮਾਮਲਾ ਮਾਤਾ ਸੁੰਦਰੀ ਜੀ ਤਕ ਪਹੁੰਚਿਆ। ਉਨ੍ਹਾਂ ਨੇ ਦਰਬਾਰ ਸਾਹਿਬ ਦੀ ਵਿਵਸਥਾ ਠੀਕ ਕਰਨ ਲਈ ਭਾਈ ਮਨੀ ਸਿੰਘ ਨੂੰ ਛੇ ਹੋਰ ਸਿੰਘਾਂ ਸਹਿਤ ਦਿੱਲੀ ਤੋਂ ਅੰਮ੍ਰਿਤਸਰ ਭੇਜਿਆ ਅਤੇ ਇਹ ਵੀ ਹਦਾਇਤ ਕੀਤੀ ਕਿ ਚੜ੍ਹਤ ਨੂੰ ਗੁਰੂ ਦੇ ਲੰਗਰ ਲਈ ਵਰਤਿਆ ਜਾਏ। ਸੰਨ 1721 ਈ. ਦੀ ਵਿਸਾਖੀ ਵਾਲੇ ਦਿਨ ਮਾਮਲਾ ਅਧਿਕ ਤਿਖਾ ਰੂਪ ਧਾਰਣ ਕਰ ਗਿਆ। ਭਾਈ ਮਨੀ ਸਿੰਘ ਦੇ ਕਹੇ ’ਤੇ ਦੋਹਾਂ ਧੜਿਆਂ ਦੀਆਂ ਪਰਚੀਆਂ (‘ਵਾਹਿਗੁਰੂ ਜੀ ਕੀ ਫਤਹਿ’ ਅਤੇ ‘ਫਤਹਿ ਦਰਸ਼ਨ’) ਲਿਖ ਕੇ ਸਰੋਵਰ ਵਿਚ ਪਾਈਆਂ ਗਈਆਂ ਅਤੇ ਇਹ ਤਹਿ ਹੋਇਆ ਕਿ ਜੋ ਪਰਚੀ ਪਹਿਲਾਂ ਜਲ ਤੋਂ ਬਾਹਰ ਆਏਗੀ ਉਸ ਦੀ ਸਰਦਾਰੀ ਨੂੰ ਗੁਰੂ-ਸੰਪੁਸ਼ਟ ਮੰਨਿਆ ਜਾਵੇਗਾ। ‘ਵਾਹਿਗੁਰੂ ਜੀ ਕੀ ਫਤਹਿ’ ਵਾਲੀ ਪਰਚੀ ਪਹਿਲਾਂ ਬਾਹਰ ਆ ਗਈ। ਤੱਤ- ਖ਼ਾਲਸੇ ਦੀ ਸਰਦਾਰੀ ਘੋਸ਼ਿਤ ਹੋ ਗਈ ਅਤੇ ਅਧਿਕਾਂਸ਼ ਬੰਦਈ ਤੱਤ-ਖ਼ਾਲਸੇ ਦੇ ਧੜੇ ਵਿਚ ਮਿਲ ਗਏ। ਪਰ ਕਈ ਹਠੀ ਬੰਦਈਆਂ ਨੇ ਨਿਰਣੇ-ਵਿਧੀ ਨੂੰ ਉਚਿਤ ਨ ਮੰਨ ਕੇ ਦੋਹਾਂ ਧੜਿਆਂ ਦੇ ਇਕ ਇਕ ਬੰਦੇ ਦਾ ਪਰਸਪਰ ਮੱਲ-ਯੁੱਧ ਕਰਵਾ ਕੇ ਜਿਤਣ ਵਾਲੇ ਧੜੇ ਦੀ ਸਰਦਾਰੀ ਨੂੰ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ। ਮੱਲ-ਯੁੱਧ ਵਿਚ ਤੱਤ-ਖ਼ਾਲਸੇ ਵਲੋਂ ਬਾਬਾ ਕਾਹਨ ਸਿੰਘ ਦਾ ਲੜਕਾ ਮੀਰੀ ਸਿੰਘ ਅਤੇ ਬੰਦਈ ਖ਼ਾਲਸੇ ਵਲੋਂ ਭਾਈ ਲਹੌਰਾ ਸਿੰਘ ਦਾ ਲੜਕਾ ਸੰਗਤ ਸਿੰਘ ਅਖਾੜੇ ਵਿਚ ਉਤਰੇ। ਮੀਰੀ ਸਿੰਘ ਜਿਤ ਗਿਆ ਅਤੇ ਤੱਤ-ਖ਼ਾਲਸੇ ਦੀ ਸਰਦਾਰੀ ਕਾਇਮ ਹੋ ਗਈ। ਬਹੁਤ ਬੰਦਈ ਤੱਤ-ਖ਼ਾਲਸੇ ਵਿਚ ਮਿਲ ਗਏ। ਜੋ ਬੰਦਈ ਨ ਮਿਲੇ, ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ। ਇਸ ਤਰ੍ਹਾਂ ਬੰਦਈ ਖ਼ਾਲਸੇ ਦਾ ਵਜੂਦ ਲਗਭਗ ਖ਼ਤਮ ਹੋ ਗਿਆ ਅਤੇ ਇਸ ਨਾਂ ਦੀ ਵਰਤੋਂ ਸਿੱਖ ਸਮਾਜ ਵਿਚ ਬੰਦ ਜਿਹੀ ਹੋ ਗਈ।

            ਸਿੰਘ ਸਭਾ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਵੇਲੇ ‘ਤੱਤ-ਖ਼ਾਲਸਾ’ ਨਾਂ ਦੀ ਫਿਰ ਵਰਤੋਂ ਸ਼ੁਰੂ ਹੋਈ, ਪਰ ਬਦਲਵੇਂ ਅਰਥ ਵਿਚ। ਹੁਣ ਇਸ ਤੋਂ ਭਾਵ ਸੀ ਹਰ ਪ੍ਰਕਾਰ ਦੀ ਕੁਰਬਾਨੀ ਦੇਣ ਲਈ ਸਦਾ ਤਤਪਰ ਤਿਆਰ ਬਰ ਤਿਆਰ ਖ਼ਾਲਸਾ। ਇਸ ਦੇ ਮੁਕਾਬਲੇ’ਤੇ ਨਰਮ ਦਲੀਏ, ਪਿਛਾਂ ਖਿਚੂ ਜਾਂ ਡਰੂ ਸਿੰਘਾਂ ਲਈ ‘ਢਿਲੜ ਖ਼ਾਲਸਾ’ ਨਾਂ ਦੀ ਵਰਤੋਂ ਸ਼ੁਰੂ ਹੋ ਗਈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1004, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.