ਦਖਿਣਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਖਿਣਾ   ਸੰ. ਦ੡੖ਣਾ. ਸੰਗ੍ਯਾ—ਦ੡੖ਣ (ਸੱਜੇ) ਹੱਥ ਨਾਲ ਅਰਪਨ ਕੀਤੀ ਭੇਟਾ । ੨ ਗੁਰੂ ਅਥਵਾ ਪੁਰੋਹਿਤ ਆਦਿ ਨੂੰ ਅਰਪਨ ਕੀਤੀ ਭੇਟਾ। ੩ ਭਾਵ—ਦਾਨ. “ਇਕ ਦਖਿਣਾ ਹਉ ਤੈ ਪਹਿ ਮਾਗਉ.” (ਪ੍ਰਭਾ ਮ: ੧) ੪ ਦੱਖਣ ਦਿਸ਼ਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1071, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦਖਿਣਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦਖਿਣਾ: ਸੰਸਕ੍ਰਿਤ ਭਾਸ਼ਾ ਦੇ ‘ਦਕੑਸ਼ਿਣ’ ਦਾ ਸ਼ਾਬਦਿਕ ਅਰਥ ਹੈ ‘ਸੱਜਾ ਹੱਥ ’ ਜਾਂ ‘ਸੱਜੀ ਦਿਸ਼ਾ’ ਅਤੇ ‘ਦਕੑਸ਼ਿਣਾ’ ਤੋਂ ਭਾਵ ਹੈ ਸੱਜੇ ਹੱਥ ਨਾਲ ਦਿੱਤਾ ਦਾਨ ਜਾਂ ਭੇਂਟ। ਹੁਣ ਇਹ ਸ਼ਬਦ ਯੱਗ , ਦਾਨ-ਕਰਮ ਆਦਿ ਦੇ ਅੰਤ ਵਿਚ ਬ੍ਰਾਹਮਣਾਂ ਜਾਂ ਪਰੋਹਿਤਾਂ ਨੂੰ ਦਿੱਤਾ ਜਾਣ ਵਾਲਾ ਪਦਾਰਥ, ਵਸਤੂ ਜਾਂ ਧਨ ਲਈ ਰੂੜ੍ਹ ਹੋ ਗਿਆ ਹੈ।

            ਦਖਿਣਾ ਦੇਣ ਦੀ ਭਾਰਤ ਵਿਚ ਬਹੁਤ ਪੁਰਾਣੀ ਪ੍ਰਥਾ ਹੈ। ਪੁਰਾਤਨ ਕਾਲ ਵਿਚ ਵਿਦਿਆਰਥੀ ਗੁਰੂ-ਕੁਲਾਂ ਵਿਚ ਪੜ੍ਹਨ ਜਾਂਦੇ ਸਨ , ਉਹ ਗੁਰੂ ਅਤੇ ਗੁਰੂ ਦੇ ਪਰਿਵਾਰ ਦੀ ਸੇਵਾ ਕਰਕੇ ਜਾਂ ਕਿਸੇ ਹੋਰ ਢੰਗ ਨਾਲ ਵਿਦਿਆ- ਪ੍ਰਾਪਤੀ ਦੇ ਬਦਲੇ ਕੁਝ ਭੇਂਟ ਕਰਦੇ ਸਨ। ਧਨਵਾਨ ਪਰਿਵਾਰਾਂ ਨਾਲ ਸੰਬੰਧਿਤ ਵਿਦਿਆਰਥੀ ਜਦੋਂ ਆਪਣੀ ਪੜ੍ਹਾਈ ਖ਼ਤਮ ਕਰ ਚੁਕਦੇ ਤਾਂ ਸਨਮਾਨ ਅਤੇ ਸ਼ਰਧਾ ਵਜੋਂ ਜੋ ਕੁਝ ਭੇਂਟ ਕਰਦੇ ਜਾਂ ਗੁਰੂ ਨੂੰ ਅਰਪਿਤ ਕਰਦੇ, ਉਹ ‘ਦਖਿਣਾ’ ਅਖਵਾਉਂਦੀ ਸੀ। ਹੌਲੀ ਹੌਲੀ ਗੁਰੂ-ਦਖਿਣਾ ਦੀ ਰੀਤ ਚਲ ਪਈ ਅਤੇ ਨਿਰਧਨ ਵਿਦਿਆਰਥੀ ਵੀ ਕਿਸੇ ਨ ਕਿਸੇ ਤਰ੍ਹਾਂ ਕੁਝ ਨ ਕੁਝ ਦਖਿਣਾ ਜ਼ਰੂਰ ਦੇਣ ਲਗੇ। ਇਹ ਸਭ ਕੁਝ ਸਵੈ -ਇੱਛਾ ਉਤੇ ਨਿਰਭਰ ਕਰਦਾ ਸੀ। ਇਸ ਨਾਲ ਗੁਰੂ- ਪਰਿਵਾਰ ਦੀਆਂ ਆਰਥਿਕ ਜਾਂ ਪਾਲਣ-ਪੋਸ਼ਣ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਸਨ। ਹੁਣ ਵੀ ਪ੍ਰਾਚੀਨ ਪ੍ਰਥਾ ਅਨੁਸਾਰ ਪੜ੍ਹਨ ਵਾਲਾ ਵਿਦਿਆਰਥੀ ਗੁਰੂ-ਪੂਰਣਿਮਾ (ਹਾੜ ਮਹੀਨੇ ਦੀ ਪੂਰਣਮਾਸੀ) ਦੇ ਦਿਨ ਪਦਾਰਥ, ਫਲ- ਫੁਲ ਜਾਂ ਮਿਠਾਈ ਆਦਿ ਦੀ ਦਖਿਣਾ ਨਾਲ ਆਪਣੇ ਗੁਰੂ ਦੀ ਪੂਜਾ ਕਰਦੇ ਹਨ।

            ਦਖਿਣਾ ਦਾ ਇਕ ਹੋਰ ਰੂਪ ਵੀ ਹੈ। ਇਸ ਦਾ ਸੰਬੰਧ ਧਾਰਮਿਕ ਕਰਮਾਂ ਨਾਲ ਹੈ। ਪੁਰਾਣੇ ਸਮੇਂ ਵਿਚ ਜਦੋਂ ਕੋਈ ਯੱਗ ਪੂਰਣ ਹੁੰਦਾ ਤਾਂ ਬ੍ਰਾਹਮਣ ਜਾਂ ਪਰੋਹਿਤ ਨੂੰ ਤੁਰਤ ਦਖਿਣਾ ਦਿੱਤੀ ਜਾਂਦੀ। ਦਖਿਣਾ ਨ ਦੇਣ ਵਾਲਿਆਂ ਲਈ ਕਈ ਤਰ੍ਹਾਂ ਦੇ ਮਾੜੇ ਫਲਾਂ ਦੀ ਕਲਪਨਾ ਵੀ ਕੀਤੀ ਜਾਂਦੀ ਰਹੀ ਹੈ। ਇਸ ਵਿਧਾਨ ਦੇ ਪਿਛੋਕੜ ਵਿਚ ਬ੍ਰਾਹਮਣਾਂ, ਪਰੋਹਿਤਾਂ ਦੀਆਂ ਆਰਥਿਕ ਲੋੜਾਂ ਅਤੇ ਜੀਵਨ-ਨਿਰਵਾਹ ਲਈ ਹੋਰ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਮਜਬੂਰੀ ਰਹੀ ਹੋਵੇਗੀ।

            ਦਖਿਣਾ ਦੀ ਪ੍ਰਥਾ ਅਜ ਵੀ ਪ੍ਰਚਲਿਤ ਹੈ। ਧਾਰਮਿਕ ਕਰਮਾਂ, ਯੱਗਾਂ, ਸ਼੍ਰਾਧਾਂ ਅਤੇ ਕਹੀ ਪ੍ਰਕਾਰ ਦੇ ਸੰਸਕਾਰਾਂ ਨੂੰ ਕਰਨ ਵੇਲੇ ਦਖਿਣਾ ਦਿੱਤੀ ਜਾਂਦੀ ਹੈ। ਦਖਿਣਾ ਦਾ ਸਰੂਪ ਯਜਮਾਨ ਦੀ ਆਰਥਿਕ ਸਥਿਤੀ ਉਤੇ ਨਿਰਭਰ ਕਰਦਾ ਹੈ। ਆਮ ਤੌਰ ’ਤੇ ਸੋਨਾ , ਚਾਂਦੀ , ਨਕਦੀ , ਅੰਨ , ਬਸਤ੍ਰ ਆਦਿ ਦਖਿਣਾ ਵਿਚ ਦਿੱਤੇ ਜਾਂਦੇ ਹਨ। ਦਖਿਣਾ ਕਿਤਨੀ ਹੋਵੇ, ਕਿਹੋ ਜਿਹੀ ਹੋਵੇ ? ਇਸ ਬਾਰੇ ਕੋਈ ਨਿਸਚਿਤ ਸੀਮਾ ਜਾਂ ਬੰਧਨ ਨਹੀਂ ਹੈ। ਹਸਬ-ਹੈਸੀਅਤ ਹੀ ਸਭ ਕੁਝ ਹੁੰਦਾ ਆਇਆ ਹੈ। ਪਰ ਅਜ-ਕਲ ਇਸ ਪ੍ਰਕਾਰ ਦੇ ਸੰਜਮ ਨੂੰ ਕਈ ਵਾਰ ਪਰੋਹਿਤ ਲੋਕ ਲਾਲਚ ਵਸ ਤੋੜਦੇ ਵੀ ਵੇਖੇ ਗਏ ਹਨ।

            ਸਿੱਖ ਧਰਮ ਵਿਚ ਕਿਸੇ ਪ੍ਰਕਾਰ ਦੀ ਦਖਿਣਾ ਦੀ ਮਰਯਾਦਾ ਨਹੀਂ ਹੈ। ਪਰ ਅਜਿਹਾ ਵੀ ਨਹੀਂ ਕਿ ਧਾਰਮਿਕ ਕਰਮ ਕਰਨ ਵਾਲਿਆਂ ਨੂੰ ਕੁਝ ਦਿੱਤਾ ਹੀ ਨਹੀਂ ਜਾਂਦਾ। ਹਰ ਵਿਅਕਤੀ ਆਪਣੀ ਇੱਛਾ , ਸ਼ਰਧਾ ਅਤੇ ਸ਼ਕਤੀ ਅਨੁਸਾਰ ਚੜ੍ਹਾਵੇ ਦੇ ਰੂਪ ਵਿਚ ਦਖਿਣਾ ਪੇਸ਼ ਕਰਦਾ ਹੈ।

            ਗੁਰੂ ਅਮਰਦਾਸ ਜੀ ਨੇ ਪਰਮਾਤਮਾ ਨੂੰ ‘ਜਜਮਾਨਮਿਥ ਕੇ ਉਸ ਤੋਂ ਹਰਿਨਾਮ ਰੂਪੀ ਦਖਿਣਾ ਦੀ ਯਾਚਨਾ ਕਰਦਿਆਂ ਲਿਖਿਆ ਹੈ— ਕਰਤਾ ਤੂ ਮੇਰਾ ਜਜਮਾਨੁ ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ (ਗੁ.ਗ੍ਰੰ.1239)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1047, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਦਖਿਣਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਦਖਿਣਾ (ਸੰ.। ਸੰਸਕ੍ਰਿਤ ਦਕਿਸ਼ੑਣਾ) ਉਹ ਦਾਨ ਜੋ ਕਿਸੇ ਸ਼ੁਭ ਸਮੇਂ ਬ੍ਰਾਹਮਣਾਂ ਨੂੰ ਦਿੱਤਾ ਜਾਂਦਾ ਹੈ। ਦਾਨ, ਭੇਟਾ। ਪੰਜਾਬ ਵਿਚ ਬ੍ਰਾਹਮਣ ਨੂੰ ਰੋਟੀ ਖੁਆ ਕੇ ਜੋ ਪੈਸੇ ਦੇਂਦੇ ਹਨ ਉਹ ਦੱਖਣਾ ਹੈ। ਯਥਾ-‘ਏਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1047, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.