ਦਯਾਲ ਸਿੰਘ ਮਜੀਠੀਆ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦਯਾਲ ਸਿੰਘ ਮਜੀਠੀਆ (1849-1898 ਈ.): ਮਹਾਰਾਜਾ ਰਣਜੀਤ ਸਿੰਘ ਦੇ ਇਕ ਉਘੇ ਦਰਬਾਰੀ ਸ. ਲਹਿਣਾ ਸਿੰਘ ਮਜੀਠੀਆ (ਵੇਖੋ) ਦੇ ਘਰ ਬਨਾਰਸ ਵਿਚ ਸੰਨ 1849 ਈ. ਵਿਚ ਪੈਦਾ ਹੋਇਆ ਦਯਾਲ ਸਿੰਘ ਸ਼ੁਰੂ ਤੋਂ ਹੀ ਪੰਜਾਬ ਦੀ ਧਰਤੀ ਤੋਂ ਵਿਛੁੰਨਾ ਰਿਹਾ। ਹੀਰਾ ਸਿੰਘ ਡੋਗਰਾ ਦੇ ਮੰਤਰੀ-ਕਾਲ ਵਿਚ ਇਸ ਦੇ ਪਿਤਾ ਨੇ ਆਪਣੇ ਆਪ ਨੂੰ ਅਸੁਰਖਿਅਤ ਸਮਝਿਆ ਅਤੇ ਹਰਿਦੁਆਰ ਚਲਾ ਗਿਆ। ਉਸ ਤੋਂ ਬਾਦ ਉਹ ਸਥਾਈ ਤੌਰ ’ਤੇ ਬਨਾਰਸ ਵਿਚ ਵਸ ਗਿਆ। ਉਥੇ ਹੀ ਉਸ ਦੇ ਘਰ ਦਯਾਲ ਸਿੰਘ ਨੇ ਜਨਮ ਲਿਆ। ਜਦੋਂ ਇਹ ਕੇਵਲ ਛੇ ਸਾਲਾਂ ਦਾ ਸੀ ਤਾਂ ਸੰਨ 1854 ਈ. ਵਿਚ ਲਹਿਣਾ ਸਿੰਘ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਦ ਇਸ ਨੂੰ ਬਨਾਰਸ ਤੋਂ ਮਜੀਠਾ ਲਿਆਉਂਦਾ ਗਿਆ।

            ਇਸ ਨੂੰ ਘਰ ਵਿਚ ਹੀ ਧਰਮ , ਸਾਇੰਸ ਅਤੇ ਅੰਗ੍ਰੇਜ਼ੀ ਭਾਸ਼ਾ ਦਾ ਗੰਭੀਰ ਅਧਿਐਨ ਕਰਾਇਆ ਗਿਆ। ਇਸ ਦਾ ਪਾਲਣ ਪੋਸ਼ਣ ਰਈਸੀ ਢੰਗ ਨਾਲ ਹੋਇਆ। ਇਹ ਸ਼ੁਰੂ ਤੋਂ ਹੀ ਭਾਰਤੀ ਅਤੇ ਪੱਛਮੀ ਦੋਹਾਂ ਸਭਿਆਚਾਰਾਂ ਨੂੰ ਆਤਮਸਾਤ ਕਰਕੇ ਚਲਿਆ। ਇਸ ਨੇ ਵਖ ਵਖ ਧਰਮਾਂ, ਖ਼ਾਸ ਕਰ ਈਸਾਈ ਮਤ ਦਾ ਡੂੰਘਾਈ ਨਾਲ ਅਧਿਐਨ ਕੀਤਾ। ਇਸ ਨੇ ਉਦਾਰਤਾ ਨਾਲ ਸਾਰਿਆਂ ਧਰਮਾਂ ਨੂੰ ਸਮਝਿਆ, ਪਰ ਸਿੱਖ ਸਰੂਪ ਸਦਾ ਕਾਇਮ ਰਖਿਆ। ਆਰਯ -ਸਮਾਜ ਅਤੇ ਬ੍ਰਹਮੋ ਸਮਾਜ ਨੂੰ ਵੀ ਚੰਗੀ ਤਰ੍ਹਾਂ ਨਾਲ ਸਮਝਣ ਦਾ ਯਤਨ ਕੀਤਾ, ਪਰ ਇਨ੍ਹਾਂ ਵਿਚੋਂ ਕਿਸੇ ਨੂੰ ਅਪਣਾਉਣ ਤੋਂ ਦੂਰ ਰਿਹਾ। ਇਸ ਨੇ ਆਪਣਾ ਜੀਵਨ-ਢੰਗ ਰਈਸੀ ਠਾਠ ਦੇ ਅਨੁਰੂਪ ਚਲਾਇਆ। ਖੇਡਾਂ ਵਿਚ ਰੁਚੀ ਲਈ , ਕੁਸ਼ਤੀਆਂ ਕਰਵਾਈਆਂ, ਸੰਗੀਤਕਾਰਾਂ ਨੂੰ ਆਦਰ ਦਿੱਤਾ ਅਤੇ ਕਵੀ ਦਰਬਾਰ ਜਾਂ ਮੁਸ਼ਾਹਰੇ ਕਰਵਾਏ। ਇਸ ਨੇ ਕਈ ਵਿਦਿਅਕ ਸੰਸਥਾਵਾਂ ਨਾਲ ਆਪਣੇ ਆਪ ਨੂੰ ਸੰਬੰਧਿਤ ਰਖਿਆ।

            ਪੰਜਾਬ ਵਿਚ ਕਾਂਗ੍ਰਸ ਪਾਰਟੀ ਦੀ ਸਥਾਪਨਾ ਲਈ ਉਚੇਚਾ ਯਤਨ ਕਰਨ ਵਾਲੇ ਦਯਾਲ ਸਿੰਘ ਨੇ ਅਨੇਕ ਸੰਸਥਾਵਾਂ ਨੂੰ ਸਰਪ੍ਰਸਤੀ ਦਿੱਤੀ ਅਤੇ ਵਿਦਿਆਰਥੀਆਂ, ਪੱਤਰਕਾਰਾਂ, ਸੁਧਾਰਕਾਂ ਆਦਿ ਦੀ ਮਾਲੀ ਸਹਾਇਤਾ ਕੀਤੀ। ਇਹ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਬੰਧਕੀ ਕਮੇਟੀ ਦਾ ਵੀ ਮੈਂਬਰ ਰਿਹਾ। ਇਸ ਦੀ ਮਾਨਸਿਕਤਾ ਭਾਵੇਂ ਅੰਗ੍ਰੇਜ਼ ਸਰਕਾਰ ਨਾਲ ਜੁੜੀ ਹੋਈ ਸੀ, ਪਰ ਇਸ ਨੇ ਉਸ ਦੇ ਦੋਸ਼ਾਂ ਵਲ ਵੀ ਲੋਕਾਂ ਦਾ ਧਿਆਨ ਦਿਵਾਇਆ। ਇਸ ਨੇ ਇਕ ਸਫ਼ੈਦਪੋਸ਼ ਸਾਊ ਰਈਸ ਵਾਲੀ ਜ਼ਿੰਦਗੀ ਜੀਵੀ, ਕਿਸੇ ਮਸਲੇ ਬਾਰੇ ਇਸ ਨੇ ਗਰਮਜੋਸ਼ੀ ਦਾ ਪ੍ਰਦਰਸ਼ਨ ਬਿਲਕੁਲ ਨਹੀਂ ਕੀਤਾ। ਇਸ ਨੇ ਲਾਹੌਰ ਵਿਚੋਂ ਸੰਨ 1881 ਈ. ਵਿਚ ਰੋਜ਼ਾਨਾ ਅੰਗ੍ਰੇਜ਼ੀ ਅਖ਼ਬਾਰ ‘ਟ੍ਰਿਬਿਊਨ’ ਦਾ ਪ੍ਰਕਾਸ਼ਨ ਸ਼ੁਰੂ ਕੀਤਾ। ਇਸ ਪੱਤਰ ਰਾਹੀਂ ਉੱਤਰੀ ਭਾਰਤ ਵਿਚ ਅਤੇ ਖ਼ਾਸ ਕਰ ਪੰਜਾਬ ਵਿਚ ਰਾਸ਼ਟਰਵਾਦੀ ਭਾਵਨਾਵਾਂ ਨੂੰ ਵਿਕਸਿਤ ਕੀਤਾ। ਇਸ ਨੇ ਵਿਦਿਆ ਦੇ ਪ੍ਰਸਾਰ ਲਈ ਦਯਾਲ ਸਿੰਘ ਕਾਲਜ ਅਤੇ ਦਯਾਲ ਸਿੰਘ ਲਾਇਬ੍ਰੇਰੀ ਦੀ ਲਾਹੌਰ ਵਿਚ ਸਥਾਪਨਾ ਕੀਤੀ। ਦੇਸ਼ ਵੰਡ ਤੋਂ ਬਾਦ ਉਕਤ ਪਹਿਲੀ ਸੰਸਥਾ ਕਰਨਾਲ ਵਿਚ ਸਥਾਪਿਤ ਹੈ ਅਤੇ ਦੂਜੀ ਦਿੱਲੀ ਵਿਚ। ਇਸ ਤਰ੍ਹਾਂ ਇਸ ਨੇ ਪੰਜਾਬ ਨੂੰ ਆਧੁਨਿਕ ਲੀਹਾਂ ਉਤੇ ਚਲਾਉਣ ਲਈ ਬੜੀ ਮਹੱਤਵਪੂਰਣ ਭੂਮਿਕਾ ਨਿਭਾਈ। ਇਸ ਦਾ ਦੇਹਾਂਤ 9 ਸਤੰਬਰ 1898 ਈ. ਵਿਚ ਹੋਇਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1038, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First