ਦਸਵੰਧ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਸਵੰਧ (ਨਾਂ,ਪੁ) ਧਰਮ-ਅਰਥ ਦਾਨ ਕੀਤਾ ਜਾਣ ਵਾਲਾ ਆਮਦਨ ਦਾ ਦਸਵਾਂ ਹਿੱਸਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9298, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਦਸਵੰਧ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਸਵੰਧ [ਨਾਂਪੁ] ਇੱਕ ਪ੍ਰਚੱਲਿਤ ਸਿੱਖ ਰੀਤ ਜਿਸ ਅਨੁਸਾਰ ਆਮਦਨ ਦਾ ਦਸਵਾਂ ਹਿੱਸਾ ਧਰਮ ਅਰਥ ਲਈ ਭੇਟ ਕੀਤਾ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਦਸਵੰਧ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਸਵੰਧ. ਦਸ਼ਮਾਂਸ਼. ਦਸਵਾਂ ਭਾਗ. “ਜੋ ਅਪਨੀ ਕਛੁ ਕਰਹੁ ਕਮਾਈ। ਗੁਰੁ ਹਿਤ ਦਿਹੁ ਦਸਵੰਧ ਬਨਾਈ.” (ਗੁਪ੍ਰਸੂ) ਦੇਖੋ, ਦਸੌਂਧ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8982, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦਸਵੰਧ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦਸਵੰਧ: ‘ਦਸਮਾਂਸਸ਼ਬਦ ਤੋਂ ਵਿਉਤਪੰਨ ਇਸ ਸ਼ਬਦ ਦਾ ਅਰਥ ਹੈ ‘ਦਸਵਾਂ ਹਿੱਸਾ ’ ਜਾਂ ‘ਦਸਵਾਂ ਭਾਗ ’। ਸਿੱਖ ਸਮਾਜ ਵਿਚ ਇਸ ਦਾ ਪਰਿਭਾਸ਼ਿਕ ਅਰਥ ਹੈ ਧਰਮ ਦੀ ਕੀਤੀ ਕਮਾਈ ਵਿਚੋਂ ਦਸਵਾਂ ਹਿੱਸਾ ਪੰਥਕ ਕੰਮਾਂ ਲਈ ਵਖਰਾ ਕਢਣਾ। ਇਹ ਹਰ ਸਿੱਖ ਦਾ ਧਾਰਮਿਕ ਕਰਤੱਵ ਹੈ। ਗੁਰੂ ਨਾਨਕ ਦੇਵ ਜੀ ਦੀ ਹਰੇਕ ਸਿੱਖ ਲਈ ਸਥਾਪਨਾ ਹੈ— ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣੀਹ ਸੇਇ (ਗੁ.ਗ੍ਰੰ.1245)। ਇਥੇ ‘ਕਿਛੁ’ ਨੂੰ ਬਾਦ ਵਿਚ ਦਸਵਾਂ ਹਿੱਸਾ ਮਿਥਿਆ ਗਿਆ। ਗੁਰੂ ਅਮਰਦਾਸ ਜੀ ਦੁਆਰਾ ਮੰਜੀਆਂ ਦੀ ਸਥਾਪਨਾ ਅਤੇ ਗੁਰੂ ਅਰਜਨ ਦੇਵ ਜੀ ਦੁਆਰਾ ਮਸੰਦਾਂ ਦੀ ਨਿਯੁਕਤੀ ਦਾ ਮੁੱਖ ਉਦੇਸ਼ ਵੀ ਇਹੀ ਸੀ ਕਿ ਮੰਜੀਦਾਰ ਜਾਂ ਮਸੰਦ ਆਪਣੇ ਆਪਣੇ ਖੇਤਰ ਵਿਚ ਧਰਮ-ਪ੍ਰਚਾਰ ਕਰਨ ਅਤੇ ਸਿੱਖਾਂ ਦੁਆਰਾ ਭੇਟ ਕੀਤੀ ਦਸਵੰਧ ਦੀ ਰਕਮ ਨੂੰ ‘ਗੁਰੂ ਦੀ ਕੋਲਕ ’ ਵਿਚ ਪਹੁੰਚਾਉਣ ਤਾਂ ਜੋ ਗੁਰੂ-ਦਰਬਾਰ ਦੇ ਲੰਗਰ ਦੀ ਵਿਵਸਥਾ ਠੀਕ ਤਰ੍ਹਾਂ ਚਲ ਸਕੇ ਅਤੇ ਵਿਕਾਸ ਦੇ ਕਾਰਜਾਂ, ਜਿਵੇਂ ਗੁਰੂ-ਧਾਮਾਂ ਦੀ ਉਸਾਰੀ, ਸਰੋਵਰਾਂ ਦੀ ਖੁਦਾਈ, ਸਸ਼ਸਤ੍ਰ ਕ੍ਰਾਂਤੀ ਲਈ ਸ਼ਸਤ੍ਰਾਂ, ਘੋੜਿਆਂ ਦੀ ਖ਼ਰੀਦ, ਕਿਲ੍ਹਿਆਂ ਦੀ ਉਸਾਰੀ ਆਦਿ ਨੂੰ ਨਿਰਵਿਘਨ ਜਾਰੀ ਰਖਿਆ ਜਾ ਸਕੇ।

            ਮਸੰਦਾਂ ਦੁਆਰਾ ਕੀਤੀਆਂ ਮਨਮਰਜ਼ੀਆਂ ਅਤੇ ਮਰਯਾਦਾਹੀਨਤਾ ਦੇ ਯਤਨਾਂ ਦੇ ਫਲਸਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਪ੍ਰਥਾ ਖ਼ਤਮ ਕਰ ਦਿੱਤੀ ਅਤੇ ਸੰਗਤਾਂ ਨੂੰ ਸਿੱਧਾ ਗੁਰੂ ਦਰਬਾਰ ਨਾਲ ਜੋੜ ਦਿੱਤਾ। ਉਸ ਤੋਂ ਬਾਦ ਦਸਵੰਧ ਕਢਣਾ ਸਿੱਖੀ ਦੇ ਚਲਨ ਦਾ ਇਕ ਹਿੱਸਾ ਬਣ ਗਿਆ। ਇਸ ਪਰਥਾਇ ਰਹਿਤਨਾਮਿਆਂ ਵਿਚ ਸਪੱਸ਼ਟ ਕਿਹਾ ਗਿਆ ਹੈ :

(1)      ਭਾਈ ਦੇਸਾ ਸਿੰਘ ਦੇ ਰਹਿਤਨਾਮੇ ਅਨੁਸਾਰ :

           ਦਸ ਨਖ ਕਰ ਜੋ ਕਾਰ ਕਮਾਵੈ

           ਤਾਂ ਕਰ ਜੋ ਧਨ ਘਰ ਮੇਂ ਲਿਆਵੈ

           ਤਿਸ ਤੇ ਗੁਰੁ ਦਸੌਂਧ ਜੋ ਦੇਈ

           ਸਿੰਘ ਸੁਯਸ ਬਹੁ ਜਗ ਮੇਂ ਲੇਈ

(2)    ਗੁਰਪ੍ਰਤਾਪ ਸੂਰਯ’ ਵਿਚ ਲਿਖਿਆ ਹੈ :

           ਜੋ ਅਪਨੀ ਕਛੁ ਕਰੇ ਕਮਾਈ

            ਗੁਰੁ ਹਿਤ ਇਹੁ ਦਸਵੰਧ ਬਨਾਈ

ਦਸਵੰਦ ਨ ਦੇਣ ਵਾਲੇ ਬਾਰੇ ਭਾਈ ਨੰਦ ਲਾਲ ਨੇ ਤਨਖ਼ਾਹਨਾਮੇ ਵਿਚ ਅੰਕਿਤ ਕੀਤਾ ਹੈ :

          ਦਸਵੰਧ ਗੁਰੂ ਨਹਿ ਦੇਵਈ,

          ਝੂਠ ਬੋਲ ਜੇ ਖਾਇ

          ਕਹੈ ਗੋਬਿੰਦ ਸਿੰਘ ਲਾਲ ਜੀ,

            ਤਿਸ ਕਾ ਕਛੁ ਬਿਸਾਹਿ

ਧਰਮ-ਅਰਥ ਕਾਰਜਾਂ ਲਈ ਹੋਰਨਾਂ ਧਰਮਾਂ ਵਿਚ ਵੀ ਆਮਦਨ ਵਿਚੋਂ ਕੁਝ ਕੁ ਅੰਸ਼ ਰਾਖਵਾਂ ਰਖਣ ਦਾ ਵਿਧਾਨ ਹੈ। ਮੁਸਲਮਾਨਾਂ ਵਿਚ ‘ਜ਼ਕਾਤ’ ਪ੍ਰਥਾ ਰਾਹੀਂ ਆਮਦਨ ਦਾ 40ਵੀਂ ਹਿੱਸਾ ਧਰਮ-ਅਰਥ ਲਈ ਰਾਖਵਾਂ ਰਖਿਆ ਜਾਂਦਾ ਹੈ। ਪਰਾਸ਼ਰ ਰਿਸ਼ੀ ਨੇ ਗ੍ਰਿਹਸਥੀਆਂ ਦੀ ਆਮਦਨ ਦਾ 21ਵਾਂ ਹਿੱਸਾ ਬ੍ਰਾਹਮਣਾਂ ਲਈ ਅਤੇ 31ਵਾਂ ਹਿੱਸਾ ਦੇਵਤਿਆਂ ਲਈ ਨਿਸਚਿਤ ਕੀਤਾ ਹੈ। ਬਾਈਬਲ ਵਿਚ ਵੀ ਇਸ ਕਿਸਮ ਦਾ ਪ੍ਰਕਾਰਾਂਤਰ ਨਾਲ ਵਿਧਾਨ ਹੈ। ਸਿੱਖ ਧਰਮ ਵਿਚ ਹੁਣ ਇਸ ਮਰਯਾਦਾ ਦਾ ਪਾਲਨ ਕੁਝ ਢਿਲਾ ਜ਼ਰੂਰ ਪੈ ਗਿਆ ਹੈ, ਪਰ ਸਾਤਵਿਕ ਰੁਚੀਆਂ ਵਾਲੇ ਸਿੱਖ ਇਸ ਦਾ ਪਾਲਨ ਕਰਦੇਰਹੇ ਹਨ। ਦਸਵੰਧ ਦਾਨ ਨਾਲੋਂ ਵਖਰੀ ਮਰਯਾਦਾ ਹੈ। ਇਹ ਇਕ ਪ੍ਰਕਾਰ ਦਾ ਧਾਰਮਿਕ ਕਰ ਹੈ, ਜਦ ਕਿ ਦਾਨ ਕੋਈ ਵੀ ਕਿਸੇ ਨੂੰ ਜਿਤਨਾ ਮਰਜ਼ੀ ਦੇ ਸਕਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8957, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਦਸਵੰਧ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਦਸਵੰਧ : ਦਸਵੰਧ ਤੋਂ ਭਾਵ ਹੈ ਕਿ ਆਮਦਨ ਦਾ ਦਸਵਾਂ ਹਿੱਸਾ ਜੋ ਕਿਸੇ ਧਾਰਮਿਕ ਕਾਰਜ ਲਈ ਜਾਂ ਪੁੰਨ ਦਾਨ ਵੱਜੋਂ ਦਿੱਤਾ ਜਾਵੇ। ਦਸਵੰਧ ਕੱਢਣਾ ਗੁਰਮਤਿ ਜੀਵਨ ਸ਼ੈਲੀ ਦਾ ਇਕ ਵਿਸ਼ੇਸ਼ ਲੱਛਣ ਹੈ।

ਗੁਰੂ ਦੇ ਹਜ਼ੂਰ ਵਿਚ ਭੇਟਾ ਅਰਪਣ ਕਰਨ ਦੀ ਪ੍ਰਥਾ ਭਾਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ ਪਰ ਸਿੱਖਾਂ ਵਿਚ ਦਸਵੰਧ ਕੱਢਣ ਦੀ ਰੀਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪ੍ਰਚਲਿਤ ਹੋਈ।

ਦਸਵੰਧ ਇਕੱਠਾ ਕਰਨ ਲਈ ਗੁਰੂ ਸਾਹਿਬ ਵੱਲੋਂ ਮਸੰਦ ਨਿਯੁਕਤ ਕੀਤੇ ਗਏ ਸਨ ਜੋ ਗੁਰਸਿੱਖਾਂ ਦੇ ਘਰੀ ਜਾ ਕੇ ਦਸਵੰਧ ਇਕੱਠਾ ਕਰਦੇ ਅਤੇ ਅੱਗੇ  ਗੁਰੂ ਜੀ ਤਕ ਪਹੁੰਚਾਉਂਦੇ ਸਨ। ਦਸਵੰਧ ਪੈਸੇ ਟਕੇ ਜਾਂ ਕਿਸੇ ਵਸਤੂ ਦੇ ਰੂਪ ਵਿਚ ਹੋ ਸਕਦਾ ਸੀ । ਸਮਾਂ ਪਾ ਕੇ ਮਸੰਦ ਭ੍ਰਿਸ਼ਟਾਚਾਰੀ ਹੋ ਗਏ ਤੇ ਗੁਰੂ ਘਰ ਲਈ ਪ੍ਰਾਪਤ ਕੀਤੇ ਦਸਵੰਧ ਦੀ ਵਰਤੋਂ ਨਿੱਜੀ ਸੁਆਰਥਾਂ ਲਈ ਕਰਨ ਲੱਗ ਪਏ ਜਿਸ ਕਾਰਨ ਗੁਰੂ ਜੀ ਨੇ ਮਸੰਦ ਸੰਸਥਾ ਖਤਮ ਕਰ ਦਿੱਤੀ ਤੇ ਵਿਭਚਾਰੀ ਮਸੰਦਾਂ ਨੂੰ ਦੰਡ ਦਿੱਤਾ। ਮਸੰਦ ਸੰਸਥਾ ਭਾਵੇਂ ਖਤਮ ਹੋ ਗਈ ਪਰ ਸਿੱਖ ਆਪਣੀ ਨੇਕ ਕਮਾਈ ਵਿਚੋਂ ਇਕੱਠਾ ਕੀਤਾ ਦਸਵੰਧ ਗੁਰੂ ਜੀ ਤਕ ਖੁਦ ਹੀ ਪਹੁੰਚਦਾ ਕਰ ਦਿੰਦੇ ਸਨ।

ਦਸਾਂ ਨਹੁੰਆਂ ਦੀ ਸੁੱਚੀ ਕਿਰਤ ਕਮਾਈ ਵਿਚੋਂ ਧਾਰਮਿਕ ਕਾਰਜਾਂ ਜਾਂ ਪੁੰਨ ਦਾਨ ਲਈ ਹਿੱਸਾ ਕੱਢਣ ਦੀ ਰੀਤ ਕਾਫ਼ੀ ਪ੍ਰਾਚੀਨ ਹੈ ਤੇ ਇਹ ਦੁਨੀਆ ਦੇ ਅਨੇਕਾਂ ਮੱਤਾਂ ਵਿਚ ਪ੍ਰਚਲਿਤ ਹੈ। ਮੁਸਲਮਾਨ ਦਸਵੰਧ ਕੱਢਣ ਨੂੰ ‘ਉਸ਼ਰ’ ਕਹਿੰਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4444, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-22-02-03-35, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲੋ. ਵਿ. ਕੋ.; ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.