ਦਾਵੇ ਦਾ ਕਾਰਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Cause of action_ਦਾਵੇ ਦਾ ਕਾਰਨ: ਮੁਦਈ ਦੁਆਰਾ ਅਦਾਲਤ ਤੋਂ ਆਪਣੇ ਪਖ ਵਿਚ ਨਿਰਨਾ ਲੈਣ ਦਾ ਮੰਤਵ ਨਾਲ ਸਾਬਤ ਕੀਤੇ ਜਾਣ ਵਾਲਾ ਹਰਿਕ ਤੱਥ। ਇਸ ਵਿਚ ਸ਼ਹਾਦਤ ਦੀ ਹਰ ਛੋਟੀ ਮੋਟੀ ਗੱਲ ਸ਼ਾਮਲ ਨਹੀਂ ਹੁੰਦੀ ਜੋ ਤੱਥ ਨੂੰ ਸਾਬਤ ਕਰਨ ਲਈ ਪੇਸ਼ ਕੀਤੀ ਜਾਂਦੀ ਹੈ ਸਗੋਂ ਇਸ ਵਿਚ ਹਰਿਕ ਉਹ ਤੱਥ ਸ਼ਾਮਲ ਹੁੰਦਾ ਹੈ ਜਿਸ ਦਾ ਸਾਬਤ ਕੀਤਾ ਜਾਣਾ ਜ਼ਰੂਰੀ ਹੁੰਦਾ ਹੈ।
ਦਾਵੇ ਦਾ ਕਾਰਨ ਉਨ੍ਹਾਂ ਕਾਨੂੰਨੀ ਆਧਾਰਾਂ ਦਾ ਸਮੂਹ ਹੁੰਦਾ ਹੈ ਜਿਨ੍ਹਾਂ ਉਤੇ ਮੁਦਈ ਆਪਣੇ ਦਾਵੇ ਦੀ ਟੇਕ ਰਖਦਾ(maintain) ਹੈ। ਜਦ ਅਜਿਹਾ ਕੋਈ ਆਧਾਰ ਨ ਹੋਵੇ ਤਾਂ ਦਾਵੇ ਦਾ ਕੋਈ ਆਧਾਰ ਨਹੀਂ ਹੁੰਦਾ। ਦਾਵੇ ਦਾ ਕਾਰਨ ਵਿਚ ਕੇਵਲ ਇਕੋ ਤੱਥ ਵੀ ਹੋ ਸਕਦਾ ਜਾਂ ਇਕ ਤੋਂ ਵਧ ਤੱਥਾਂ ਦਾ ਜੋੜ ਵੀ ਹੋ ਸਕਦਾ, ਜੋ ਝਗੜੇ ਅਧੀਨ ਵਿਸ਼ੇ ਬਾਰੇ ਮੁਦਈ ਨੂੰ ਆਪਣੇ ਦਾਵੇ ਦੇ ਸਮਰਥਨ ਦੇ ਮੰਤਵ ਨਾਲ ਸਾਬਤ ਕਰਨੇ ਜ਼ਰੂਰੀ ਹੁੰਦੇ ਹਨ। ‘ਦਾਵੇ ਦਾ ਕਾਰਨ’ ਇਕ ਹੋ ਸਕਦਾ ਹੈ, ਪਰ ਉਸ ਵਿਚ ਵਿਸ਼ੇ ਇਕ ਤੋਂ ਵਧ ਵੀ ਹੋ ਸਕਦੇ ਹਨ ਜਦ ਕਿ ਦਾਵੇ ਦੇ ਨਿਖੜਵੇਂ ਕਾਰਨ ਇਕ ਵਿਸ਼ੇ ਦਾ ਰੂਪ ਧਾਰਨ ਨਹੀਂ ਕਰ ਸਕਦੇ।
ਮੁਹੰਮਦ ਖ਼ਲੀਲ ਬਨਾਮ ਮਹਿਬੂਬ ਅਲੀ (ਏ ਆਈ ਆਰ 1949 ਪੀ ਸੀ 78) ਵਿਚ ਪ੍ਰੀਵੀ ਕੌਂਸਲ ਨੇ ਇਸ ਵਾਕੰਸ਼ ਦੇ ਅਰਥਾਂ ਬਾਰੇ ਭਾਰਤੀ ਅਤੇ ਅੰਗਰੇਜ਼ੀ ਕਾਨੂੰਨ ਤੇ ਚਰਚਾ ਕਰਨ ਉਪਰੰਤ ਨਿਮਨ ਅਨੁਸਾਰ ਕਿਹਾ ਸੀ:-
(1) ਜ਼ਾਬਤਾ ਦੀਵਾਨੀ ਸੰਘਤਾ ਦੇ ਹੁਕਮ II ਨਿਯਮ 2 ਅਧੀਨ ਆਉਣ ਵਾਲੇ ਕੇਸਾਂ ਦਾ ਸਹੀ ਟੈਸਟ ਇਹ ਹੈ ਕਿ ਕੀ ਨਵੇਂ ਮੁਕੱਦਮੇ ਅਧੀਨ ਦਾਅਵੇ (Claim) ਦੀ ਬੁਨਿਆਦ ਦਰਅਸਲ ਉਸ ਦਾਵੇ ਦੇ ਕਾਰਨ ਤੇ ਰਖੀ ਗਈ ਹੈ, ਜਿਸ ਤੇ ਪਹਿਲੇ ਮੁਕੱਦਮੇ ਦੀ ਬੁਨਿਆਦ ਰਖੀ ਗਈ ਸੀ।
(2) ਦਾਵੇ ਦਾ ਕਾਰਨ ਦਾ ਮਤਲਬ ਹੈ ਹਰਿਕ ਉਹ ਤੱਥ ਜਿਸ ਦਾ, ਜੇ ਵਿਰੋਧ ਕੀਤਾ ਜਾਵੇ ਤਾਂ, ਮੁਦਈ ਦੁਆਰਾ ਸਾਬਤ ਕੀਤਾ ਜਾਣਾ ਜਰੂਰੀ ਹੋਵੇਗਾ, ਜੇ ਉਹ ਅਦਾਲਤ ਤੋਂ ਨਿਰਨਾ ਆਪਣੇ ਹੱਕ ਵਿਚ ਲੈਣਾ ਚਾਹੁੰਦਾ ਹੈ।
(3) ਜੇ ਦੋ ਦਾਅਵਿਆਂ ਦੇ ਸਮਰਥਨ ਲਈ ਸ਼ਹਾਦਤ ਵਖ ਵਖ ਹੈ ਤਦ ਦਾਵਿਆਂ ਦੇ ਕਾਰਨ ਵੀ ਵਖ ਵਖ ਹਨ।
(4) ਦੋ ਦਾਵਿਆਂ ਵਿਚ ਦਾਵੇ ਦੇ ਕਾਰਨ ਇਕ (ਉਹੀ) ਸਮਝੇ ਜਾ ਸਕਦੇ ਹਨ ਜੇ ਸਾਰ (substansce) ਰੂਪ ਵਿਚ ਉਹ ਇਕ-ਸਮਾਨ (identical) ਹਨ।
(5) ਦਾਵੇ ਦੇ ਕਾਰਨ ਦਾ ਮੁਦਾਲੇ ਦੁਆਰਾ ਪੇਸ਼ ਕੀਤੀ ਜਾਣ ਵਾਲੀ ਸਫ਼ਾਈ/ਪੇਸ਼ ਕੀਤੇ ਜਾਣ ਵਾਲੇ ਉੱਤਰ ਨਾਲ ਕੋਈ ਸਬੰਧ ਨਹੀਂ ਅਤੇ ਨ ਹੀ ਦਾਵੇ ਦਾ ਕਾਰਨ ਮੁਦਈ ਦੁਆਰਾ ਮੰਗੀ ਗਈ ਦਾਦਰਸੀ ਦੀ ਪ੍ਰਕਿਰਤੀ ਤੇ ਨਿਰਭਰ ਕਰਦਾ ਹੈ। ਇਸ ਦਾ ਹਵਾਲਾ ਉਸ ਮਾਧਿਅਮ ਵਲ ਹੁੰਦਾ ਹੈ ਜਿਸ ਦੇ ਆਧਾਰ ਤੇ ਮੁਦਈ ਅਦਾਲਤ ਨੂੰ ਬੇਨਤੀ ਕਰਦਾ ਹੈ ਕਿ ਉਹ ਉਸ ਦੇ ਪੱਖ ਵਿਚ ਸਿਟੇ ਤੇ ਪੁਜੇ (ਮਸਮਾਤ ਚਾਂਦ ਕੌਰ ਬਨਾਮ ਪ੍ਰਤਾਪ ਸਿੰਘ [(1887) 15 ਇੰਡ. ਅਪ. 156]। ਇਹ ਪ੍ਰੇਖਣ ਲਾਰਡ ਵਾਟਸਨ ਦੁਆਰਾ 1882 ਦੇ ਐਕਟ ਦੀ ਧਾਰਾ 43 ਅਧੀਨ ਇਕ ਕੇਸ ਵਿਚ ਕੀਤਾ ਗਿਆ ਸੀ ਅਤੇ ਉਹ ਧਾਰਾ ਜ਼ਾਬਤਾ ਦੀਵਾਨੀ ਸੰਘਤਾ ਦੇ ਹੁਕਮ II ਦੇ ਨਿਯਮ 2 ਦੀ ਤਤਸਥਾਨੀ ਸੀ। ਉਸ ਵਿਚ ਮੁਦਈ ਨੇ ਇਕੋ ਦਾਵੇ ਵਿਚ ਵਖ ਵਖ ਦਾਅਵੇ ਕੀਤੇ ਸਨ ।
ਸੂਰਜ ਰਤਨ ਬਨਾਮ ਆਜ਼ਮ ਆਬਾਦ ਟੀ ਕੰਪਨੀ (ਏ ਆਈ ਆਰ 1965 ਐਸ ਸੀ 295) ਵਿਚ ਸਰਵ ਉੱਚ ਅਦਾਲਤ ਨੇ ਇਸ ਫ਼ੈਸਲੇ ਨੂੰ ਸਹੀ ਕਾਨੂੰਨ ਮੰਨਿਆਂ ਹੈ।
ਫ਼ੌਜਦਾਰੀ ਕੇਸਾਂ ਵਿਚ ‘ਦਾਵੇ ਦਾ ਕਾਰਨ’ ਵਾਕੰਸ਼ ਦੀ ਵਰਤੋਂ ਢੁਕਵੀਂ ਪ੍ਰਤੀਤ ਨਹੀਂ ਹੁੰਦੀ। ਦੀਵਾਨੀ ਦਾਵਿਆਂ ਵਿਚ ਇਸ ਵਾਕੰਸ਼ ਨੇ ਤਕਨੀਕੀ ਅਰਥ ਗ੍ਰਹਿਣ ਕਰ ਲਏ ਹਨ ਅਤੇ ਫ਼ੌਜਦਾਰੀ ਮੁਕੱਦਮਿਆਂ ਵਿਚ ਇਸ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ, ਜੇ ਫ਼ੌਜਦਾਰੀ ਕਾਰਵਾਈਆਂ ਵਿਚ ਇਸ ਵਰਤੋਂ ਕੀਤੀ ਜਾਵੇ ਤਾਂ ਮੈਜਿਸਟਰੇਟ ਨੂੰ ਚਾਹੀਦਾ ਹੈ ਕਿ ਉਹ ਇਸ ਦੀ ਵਿਆਖਿਆ ਕਰੇ ਕਿ ਇਸ ਵਾਕੰਸ਼ ਦੀ ਉਹ ਕਿਨ੍ਹਾਂ ਅਰਥਾਂ ਵਿਚ ਵਰਤੋਂ ਕਰ ਰਿਹਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1214, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First