ਦਿੱਲੀ ਦੇ ਗੁਰੂ-ਧਾਮ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦਿੱਲੀ ਦੇ ਗੁਰੂ-ਧਾਮ: ਦਿੱਲੀ ਵਿਚ ਸਿੱਖ ਇਤਿਹਾਸ ਨਾਲ ਸੰਬੰਧਿਤ ਨੌਂ ਗੁਰੂ-ਧਾਮ ਹਨ। ਇਨ੍ਹਾਂ ਵਿਚੋਂ ਸੱਤਾਂ ਦੀ ਨਿਸ਼ਾਨਦੇਹੀ ਅਤੇ ਉਸਾਰੀ ਕਰੋੜੀਆ ਮਿਸਲ ਦੇ ਸ. ਬਘੇਲ ਸਿੰਘ ਨੇ ਸੰਨ 1783 ਈ. ਵਿਚ ਕਰਵਾਈ। ‘ਗੁਰਦੁਆਰਾ ਨਾਨਕ ਪਿਆਓ’ ਪਹਿਲਾਂ ਹੀ ਮੌਜੂਦ ਸੀ ਅਤੇ ‘ਗੁਰਦੁਆਰਾ ਦਮਦਮਾ ਸਾਹਿਬ ’ ਬਾਦ ਵਿਚ ਬਣਵਾਇਆ ਗਿਆ। ਇਨ੍ਹਾਂ ਗੁਰਦੁਆਰਿਆਂ ਬਾਰੇ ਸੰਖੇਪ ਜਾਣਕਾਰੀ ਇਸ ਪ੍ਰਕਾਰ ਹੈ :

(1)  ਗੁਰਦੁਆਰਾ ਸੀਸ ਗੰਜ: ਚਾਂਦਨੀ ਚੌਕ ਵਿਚ ਸਥਿਤ, ਇਹ ਗੁਰਦੁਆਰਾ ਉਸ ਥਾਂ’ਤੇ ਉਸਰਿਆ ਹੋਇਆ ਹੈ, ਜਿਥੇ ਗੁਰੂ ਤੇਗ ਬਹਾਦਰ ਜੀ ਨੂੰ 11 ਨਵੰਬਰ 1675 ਈ. ਨੂੰ ਔਰੰਗਜ਼ੇਬ ਬਾਦਸ਼ਾਹ ਦੇ ਹੁਕਮ ਨਾਲ ਸ਼ਹੀਦ ਕੀਤਾ ਗਿਆ ਸੀ। ਸਭ ਤੋਂ ਪਹਿਲਾਂ ਸ. ਬਘੇਲ ਸਿੰਘ ਨੇ ਸੰਨ 1783 ਈ. ਵਿਚ ਦਿੱਲੀ ਜਿਤਣ ਉਪਰੰਤ ਇਸ ਸਥਾਨ ਉਤੇ ਗੁਰੂ ਜੀ ਦਾ ਸਮਾਰਕ ਬਣਵਾਇਆ। ਪਰ ਬਾਦ ਵਿਚ ਮੁਸਲਮਾਨਾਂ ਨੇ ਉਸ ਨੂੰ ਢਾਹ ਕੇ ਮਸਜਿਦ ਉਸਾਰ ਲਈ। ਸੰਨ 1857 ਈ. ਦੇ ਗ਼ਦਰ ਤੋਂ ਬਾਦ ਜੀਂਦ-ਪਤਿ ਰਾਜਾ ਸਰੂਪ ਸਿੰਘ ਨੇ ਫਿਰ ਗੁਰਦੁਆਰੇ ਦਾ ਨਿਰਮਾਣ ਕਰਵਾਇਆ। ਪਰ ਇਸ ਸਥਾਨ ਉਤੇ ਗੁਰਦੁਆਰਾ ਜਾਂ ਮਸਜਿਦ ਹੋਣ ਬਾਰੇ ਲਿੰਬਾ ਵਿਵਾਦ ਚਲਦਾ ਰਿਹਾ। ਆਖ਼ਿਰ ਸੰਨ 1930 ਈ. ਵਿਚ ਬ੍ਰਿਟਿਸ਼ ਪਰਿਵੀ ਕੌਂਸਲ ਦੁਆਰਾ ਕੀਤੇ ਗਏ ਫ਼ੈਸਲੇ ਅਨੁਸਾਰ ਇਥੇ ਗੁਰੂ-ਧਾਮ ਬਣਵਾਇਆ ਗਿਆ।

      ਸੰਨ 1947 ਈ. ਵਿਚ ਪੰਜਾਬ ਦੇ ਬਟਵਾਰੇ ਤੋਂ ਬਾਦ ਦਿੱਲੀ ਵਿਚ ਸਿੱਖ ਸਮਾਜ ਦੀ ਵ੍ਰਿਧੀ ਕਾਰਣ ਇਸ ਗੁਰੂ-ਧਾਮ ਦੇ ਵਿਕਾਸ ਲਈ ਯੋਜਨਾਵਾਂ ਬਣਾਈਆਂ ਜਾਣ ਲਗੀਆਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਨ 1971 ਈ. ਵਿਚ ਕੋਤਵਾਲੀ ਦਾ ਅੱਧਾ ਹਿੱਸਾ 16 ਲੱਖ, 25 ਹਜ਼ਾਰ ਅਦਾ ਕਰਕੇ ਖ਼ਰੀਦਿਆ ਗਿਆ। ਬਾਕੀ ਅੱਧਾ ਹਿੱਸਾ ਸੰਨ 1983 ਈ. ਵਿਚ ਸਰਕਾਰ ਨੇ ਗੁਰਦੁਆਰੇ ਨੂੰ ਖ਼ੁਦ ਹੀ ਦੇ ਦਿੱਤਾ। ਹੁਣ ਇਸ ਗੁਰਦੁਆਰੇ ਦਾ ਕਾਫ਼ੀ ਵਿਕਾਸ ਹੋ ਗਿਆ ਹੈ। ਕਾਰਾਂ ਦੀ ਪਾਰਕਿੰਗ ਲਈ ਵੀ ਧਰਤੀ ਹੇਠ ਵਿਵਸਥਾ ਹੋ ਗਈ ਹੈ। ਗੁਰੂ ਕਾ ਲਿੰਗਰ, ਯਾਤ੍ਰੀ ਨਿਵਾਸ -ਸਥਾਨ, ਪ੍ਰਬੰਧਕ ਕਮੇਟੀ ਦੇ ਦਫ਼ਤਰ ਅਤੇ ਲੜਕੀਆਂ ਦੇ ਸਕੂਲ ਦੀ ਵਿਵਸਥਾ ਗੁਰਦੁਆਰੇ ਦੇ ਪਰਿਸਰ ਵਿਚ ਹੀ ਕੀਤੀ ਗਈ ਹੈ। ਇਸ ਤੋਂ ਇਲਾਵਾ ਫਵਾਰਾ ਚੌਂਕ ਅਤੇ ਨਾਲ ਲਗਦੇ ਸਿਨੇਮਾ-ਘਰ ਵਾਲੀਆਂ ਥਾਂਵਾਂ’ਤੇ ਵੀ ਸਿੱਖ ਸ਼ਹੀਦਾਂ (ਭਾਈ ਮਤੀ ਦਾਸ , ਭਾਈ ਦਿਆਲਾ, ਬਾਬਾ ਬੰਦਾ ਬਹਾਦਰ ਆਦਿ) ਦਾ ਸਮਾਰਕ ਬਣਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਥੇ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਦਿਨਾਂ ਨੂੰ ਉਚੇਚ ਨਾਲ ਮੰਨਾਇਆ ਜਾਂਦਾ ਹੈ।

(2) ਗੁਰਦੁਆਰਾ ਰਕਾਬ ਗੰਜ: ਇਸ ਗੁਰੂ-ਧਾਮ ਵਾਲੀ ਥਾਂ ਉਤੇ ਪਹਿਲਾਂ ਭਾਈ ਲੱਖੀ ਸ਼ਾਹ ਵਣਜਾਰੇ ਦਾ ਘਰ ਸੀ। ਜਦ 11 ਨਵੰਬਰ 1675 ਈ. ਨੂੰ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਵਿਚ ਸ਼ਹੀਦ ਕੀਤਾ ਗਿਆ, ਤਾਂ ਉਨ੍ਹਾਂ ਦੇ ਸੀਸ ਅਤੇ ਧੜ ਨੂੰ ਹਕੂਮਤ ਤੋਂ ਡਰਦਿਆਂ ਕੋਈ ਚੁਕਣ ਨ ਆਇਆ। ਰਾਤ ਪੈਣ ਤੇ ਭਾਈ ਜੈਤਾ ਗੁਰੂ ਜੀ ਦਾ ਸੀਸ ਲੈ ਕੇ ਆਨੰਦਪਰ ਨੂੰ ਤੁਰ ਗਿਆ ਅਤੇ ਧੜ ਨੂੰ ਭਾਈ ਲੱਖੀ ਸ਼ਾਹ ਨੇ ਆਪਣੇ ਪੁੱਤਰ ਭਾਈ ਨਿਗਾਹੀਆ ਦੀ ਸਹਾਇਤਾ ਨਾਲ ਰੂੰ ਨਾਲ ਲਦੇ ਗਡਿਆਂ ਵਿਚੋਂ ਕਿਸੇ ਇਕ ਵਿਚ ਲੁਕਾ ਕੇ ਰਾਇਸੀਨਾ ਪਿੰਡ ਵਿਚ ਆਪਣੇ ਘਰ ਲੈ ਆਇਆ। ਮੁਗ਼ਲ ਹਕੂਮਤ ਦੇ ਡਰੋਂ ਗੁਰੂ ਜੀ ਦੀ ਦੇਹ ਦਾ ਬਾਹਰ ਸਸਕਾਰ ਨ ਕੀਤਾ ਅਤੇ ਆਪਣੇ ਘਰ ਨੂੰ ਅੱਗ ਲਗਾ ਕੇ ਅੰਦਰ ਹੀ ਸਸਕਾਰ ਕਰ ਦਿੱਤਾ। ਫਿਰ ਫੁਲ ਚੁਣ ਕੇ ਮਿੱਟੀ ਦੇ ਇਕ ਘੜੇ ਵਿਚ ਪਾ ਕੇ ਉਥੇ ਹੀ ਦਬ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਦਿੱਲੀ ਦੀ ਫੇਰੀ ਵੇਲੇ ਇਥੇ ਇਕ ਸਮਾਰਕ ਬਣਵਾਇਆ ਪਰ ਬਾਦ ਵਿਚ ਮੁਸਲਮਾਨਾਂ ਨੇ ਢਵਾ ਕੇ ਮਸਜਿਦ ਬਣਾ ਲਈ। ਸ. ਬਘੇਲ ਸਿੰਘ ਨੇ ਸੰਨ 1783 ਈ. ਵਿਚ ਉਹ ਮਸਜਿਦ ਢਵਾ ਕੇ ਫਿਰ ਗੁਰੂ-ਧਾਮ ਬਣਵਾਇਆ। ਸੰਨ 1857 ਈ. ਦੇ ਗ਼ਦਰ ਵੇਲੇ ਮੁਸਲਮਾਨਾਂ ਨੇ ਫਿਰ ਮਸਜਿਦ ਉਸਾਰ ਲਈ। ਪਰ ਸਿੱਖਾਂ ਨੇ ਕਾਨੂੰਨੀ ਲੜਾਈ ਜਿਤ ਕੇ ਉਥੇ ਫਿਰ ਗੁਰਦੁਆਰਾ ਬਣਵਾਇਆ। ਸੰਨ 1914 ਈ. ਵਿਚ ਵਾਇਸਰਾਇ ਦੇ ਨਿਵਾਸ ਲਈ ਬਣਾਈ ਗਈ ਇਮਾਰਤ ਦੀ ਸੜਕ ਨੂੰ ਸਿੱਧਾ ਕਰਨ ਲਈ ਸਰਕਾਰ ਨੇ ਇਸ ਗੁਰਦੁਆਰੇ ਦੀ ਦੀਵਾਰ ਨੂੰ ਢਵਾ ਦਿੱਤਾ। ਇਸ ਦੇ ਵਿਰੋਧ ਵਿਚ ਸਿੱਖਾਂ ਨੇ ਮੋਰਚਾ ਲਗਾਇਆ ਅਤੇ ਸਰਕਾਰ ਵਲੋਂ 28 ਅਪ੍ਰੈਲ 1921 ਈ. ਨੂੰ ਦੀਵਾਰ ਦੀ ਪੁਨਰ-ਉਸਾਰੀ ਕਰਵਾਈ ਗਈ। ਇਸ ਗੁਰਦੁਆਰੇ ਦੀ ਵਰਤਮਾਨ ਇਮਾਰਤ ਦੀ ਉਸਾਰੀ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿਚ ਕਰਵਾਈ ਗਈ। ਹੁਣ ਇਸ ਗੁਰੂ-ਧਾਮ ਪਰਿਸਰ ਵਿਚ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਇਲਾਵਾ ਸਿੰਘ ਸਭਾ ਦਾ ਵੀ ਦਫ਼ਤਰ ਹੈ ਅਤੇ ਕੀਰਤਨ ਸਿਖਾਉਣ ਦੀ ਸੰਸਥਾ ਵੀ ਹੈ। ਇਸ ਗੁਰੂ-ਧਾਮ ਵਿਚ ਗੁਰੂ ਗੋਬਿੰਦ ਸਾਹਿਬ ਦੇ ਮਾਤਾ ਸਾਹਿਬ ਦੇਵਾਂ ਨੂੰ ਦਿੱਤੇ ਸ਼ਸਤ੍ਰ (ਦੋ ਕ੍ਰਿਪਾਣਾਂ, ਇਕ ਖੰਜਰ , ਦੋ ਕਟਾਰਾਂ) ਵੀ ਸੁਰਖਿਅਤ ਹਨ। ਇਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਵਸ ਬੜੇ ਸ਼ੋਭਾ-ਸ਼ਾਲੀ ਢੰਗ ਨਾਲ ਮੰਨਾਇਆ ਜਾਂਦਾ ਹੈ।

(3) ਗੁਰਦੁਆਰਾ ਮਜਨੂੰ ਟਿੱਲਾ: ਇਹ ਗੁਰੂ-ਧਾਮ ਦਰਿਆਏ ਜਮਨਾ ਦੇ ਕੰਢੇ ਤੀਮਾਰਪੁਰ ਦੇ ਨੇੜੇ ਸਥਿਤ ਹੈ। ਇਤਿਹਾਸ ਅਨੁਸਾਰ ਸੁਲਤਾਨ ਸਿੰਕਦਰ ਲੋਧੀ ਦੇ ਰਾਜ-ਕਾਲ ਵੇਲੇ ਇਥੇ ਇਕ ਮੁਸਲਮਾਨ ਫ਼ਕੀਰ ਵਸਦਾ ਸੀ ਜੋ ਅਕਸਰ ਰੱਬ ਦੀ ਬੰਦਗੀ ਵਿਚ ਮਗਨ ਰਹਿੰਦਾ ਹੋਇਆ ਯਾਤ੍ਰੀਆਂ ਨੂੰ ਦਰਿਆ ਪਾਰ ਕਰਾਉਂਦਾ ਸੀ। ਲੋਕਾਂ ਨੇ ਇਸ ਦਾ ਨਾਂ ਮਜਨੂੰ ਰਖ ਦਿੱਤਾ ਜਿਸ ਕਰਕੇ ਇਸ ਸਥਾਨ ਦਾ ਨਾਂ ‘ਮਜਨੂੰ ਕਾ ਟਿੱਲਾ ’ ਪ੍ਰਚਲਿਤ ਹੋ ਗਿਆ। ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਵੇਲੇ ਇਸ ਸਥਾਨ ਉਤੇ ਆਏ ਸਨ ਅਤੇ ਉਸ ਫ਼ਕੀਰ ਨਾਲ ਕੀਤੇ ਸੰਵਾਦ ਦੌਰਾਨ ਸੇਵਾ ਉਤੇ ਬਲ ਦਿੱਤਾ ਸੀ। ਇਥੇ ਹੀ ਜਨਮ- ਸਾਖੀ ਸਾਹਿਤ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਨਦੀ ਦੇ ਬਰੇਤੇ ਵਿਚ ਮਹਾਵਤ ਦਾ ਮੋਇਆ ਹਾਥੀ ਜੀਵਾਇਆ ਸੀ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜਹਾਂਗੀਰ ਬਾਦਸ਼ਾਹ ਵਲੋਂ ਦਿੱਲੀ ਬੁਲਾਏ ਗਏ ਤਾਂ ਉਹ ਇਸੇ ਥਾਂ ਉਤੇ ਠਹਿਰੇ ਸਨ। ਬਾਬਾ ਰਾਮ ਰਾਇ ਵੀ ਆਪਣੀ ਦਿੱਲੀ ਦੀ ਠਹਿਰ ਦੌਰਾਨ ਇਥੇ ਹੀ ਰਹੇ ਸਨ।

      ਦਿੱਲੀ ਉਤੇ ਆਕ੍ਰਮਣ ਕਰਨ ਵੇਲੇ ਜੱਥੇਦਾਰ ਬਘੇਲ ਸਿੰਘ ਆਪਣੇ ਪੰਜ ਹਜ਼ਾਰ ਘੋੜ ਚੜ੍ਹੇ ਸਿੰਘਾਂ ਸਮੇਤ ਇਥੇ ਹੀ ਰੁਕੇ ਸਨ ਅਤੇ ਇਥੋਂ ਹੀ ਅਰਦਾਸਾ ਸੋਧ ਕੇ ਮਲਕਾਗੰਜ ਅਤੇ ਸਬਜ਼ੀ ਮੰਡੀ ਵਾਲੇ ਰਸਤੇ ਦਿੱਲੀ ਨਗਰ ਵਲ ਵਧੇ ਸਨ ਅਤੇ ਦਿੱਲੀ ਦੀਆਂ ਕਚਹਿਰੀਆਂ ਤੋਂ ਲੈ ਕੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤਕ ਦੇ ਸਾਰੇ ਮੈਦਾਨ ਵਿਚ ਮੁੱਖ ਸੈਨਾ ਨਾਲ ਮਿਲ ਕੇ ਅਤੇ ਇਕੱਠੇ ਹੋ ਕੇ ਅਜਮੇਰੀ ਗੇਟ ਰਾਹੀਂ ਹਮਲਾ ਕੀਤਾ ਸੀ। ਉਸ ਵੇਲੇ ਸਿੱਖ ਘੋੜ ਚੜ੍ਹਿਆਂ ਦੀ ਗਿਣਤੀ ਤੀਹ ਹਜ਼ਾਰ ਸੀ। ਇਸ ਲਈ ਇਸ ਮੈਦਾਨ ਨੂੰ ਤੀਸ ਹਜ਼ਾਰੀ ਨਾਂ ਦਿੱਤਾ ਗਿਆ। ਇਹ ਨਾਂ ਹੁਣ ਵੀ ਕਚਹਿਰੀਆਂ ਵਾਲੇ ਇਲਾਕੇ ਲਈ ਵਰਤਿਆ ਜਾਂਦਾ ਹੈ। ਇਸ ਥਾਂ’ਤੇ ਸ. ਬਘੇਲ ਸਿੰਘ ਨੇ ਸੰਨ 1783 ਈ. ਵਿਚ ਗੁਰੂ- ਧਾਮ ਕਾਇਮ ਕੀਤਾ। ਇਸ ਦੀ ਵਰਤਮਾਨ ਇਮਾਰਤ ਸੰਨ 1980 ਈ. ਤਕ ਮੁਕੰਮਲ ਹੋ ਗਈ ਸੀ। ਇਥੇ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪਾਂ ਦੇ ਸਸਕਾਰ ਦੀ ਵਿਵਸਥਾ ਵੀ ਕੀਤੀ ਹੋਈ ਹੈ। ਬਾਕੀ ਗੁਰਪੁਰਬਾਂ ਤੋਂ ਇਲਾਵਾ ਵਿਸਾਖੀ ਵੇਲੇ ਦਿਨ ਇਥੇ ਬਹੁਤ ਵੱਡਾ ਧਾਰਮਿਕ ਮੇਲਾ ਲਗਦਾ ਹੈ।

(4) ਗੁਰਦੁਆਰਾ ਨਾਨਕ ਪਿਆਓ: ਆਜ਼ਾਦਪੁਰ ਦੇ ਨੇੜੇ ਜੀ.ਟੀ.ਰੋਡ ਉਤੇ ਇਹ ਗੁਰੂ-ਧਾਮ ਉਸ ਥਾਂ ਉਤੇ ਉਸਰਿਆ ਹੋਇਆ ਹੈ, ਜਿਥੇ ਇਕ ਖੂਹ ਦੇ ਕੰਢੇ ਗੁਰੂ ਨਾਨਕ ਦੇਵ ਜੀ ਬੈਠੇ ਸਨ ਅਤੇ ਪਿਆਸੇ ਰਾਹੀਆਂ ਨੂੰ ਪਾਣੀ ਪਿਲਾਇਆ ਸੀ। ਇਸ ਦੀ ਵਰਤਮਾਨ ਇਮਾਰਤ ਵੀਹਵੀਂ ਸਦੀ ਦੇ ਨੌਵੇਂ ਦਹਾਕੇ ਵਿਚ ਮੁਕੰਮਲ ਹੋਈ। ਇਸ ਵਿਚ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਦੀ ਇਕ ਸ਼ਾਖਾ ਤੋਂ ਇਲਾਵਾ ‘ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ਼ ਇਲਕਟਰੋਨਿਕਸ’ ਵੀ ਸਥਾਪਿਤ ਹੈ ਅਤੇ ਜਿਗਿਆਸੂਆਂ ਦੇ ਇਸ਼ਨਾਨ ਲਈ ਸੁੰਦਰ ਸਰੋਵਰ ਵੀ ਬਣਿਆ ਹੋਇਆ ਹੈ। ਇਸ ਗੁਰਦੁਆਰੇ ਵਿਚ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਦਾ ਪੁਰਬ ਬੜੀ ਧੂਮ-ਧਾਮ ਨਾਲ ਮੰਨਾਇਆ ਜਾਂਦਾ ਹੈ।

(5) ਗੁਰਦੁਆਰਾ ਬੰਗਲਾ ਸਾਹਿਬ: ਨਵੀਂ ਦਿੱਲੀ ਦੇ ਗੋਲ ਡਾਕਖ਼ਾਨੇ ਦੇ ਨੇੜੇ ਬਣਿਆ ਇਕ ਗੁਰੂ-ਧਾਮ ਜਿਥੇ ਪਹਿਲਾਂ ਮਿਰਜ਼ਾ ਰਾਜਾ ਜੈ ਸਿੰਘ ਦੀ ਹਵੇਲੀ (ਬੰਗਲਾ) ਸੀ। ਜਦੋਂ ਬਾਦਸ਼ਾਹ ਔਰੰਗਜ਼ੇਬ ਦੇ ਸੱਦੇ ਤੇ ਸੰਨ 1664 ਈ. ਵਿਚ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਆਏ ਤਾਂ ਰਾਜਾ ਜੈ ਸਿੰਘ ਪਾਸ ਇਥੇ ਹੀ ਉਸ ਦੀ ਹਵੇਲੀ ਵਿਚ ਰਹੇ। ਇਥੇ ਹੀ ਚੇਚਕ ਨਾਲ ਰੁਗਣ ਹੋਣ ਕਾਰਣ ਉਨ੍ਹਾਂ ਨੇ ਪ੍ਰਾਣ ਤਿਆਗੇ ਅਤੇ ਉਨ੍ਹਾਂ ਦੀ ਦੇਹ ਦਾ ਸਸਕਾਰ ਬਾਲਾ ਸਾਹਿਬ ਗੁਰਦੁਆਰੇ ਵਾਲੀ ਥਾਂ ਤੇ ਕੀਤਾ ਗਿਆ। ਰਾਜਾ ਜੈ ਸਿੰਘ ਨੇ ਇਸ ਹਵੇਲੀ ਨੂੰ ਗੁਰੂ ਹਰਿਕ੍ਰਿਸ਼ਨ ਦੀ ਆਮਦ ਦੀ ਯਾਦ ਦੇ ਸਮਾਰਕ ਵਿਚ ਬਦਲ ਦਿੱਤਾ। ਕਾਲਾਂਤਰ ਵਿਚ ਮੁਸਲਮਾਨਾਂ ਨੇ ਇਸ ਨੂੰ ਢਾਹ ਕੇ ਮਸੀਤ ਬਣਾ ਦਿੱਤੀ। ਜਦੋਂ ਸਿੱਖਾਂ ਨੇ ਦਿੱਲੀ ਜਿਤੀ ਤਾਂ ਸ. ਬਘੇਲ ਸਿੰਘ ਨੇ ਸੰਨ 1783 ਈ. ਵਿਚ ਇਥੇ ਗੁਰੂ-ਧਾਮ ਉਸਾਰਿਆ। ਇਸ ਦੀ ਵਰਤਮਾਨ ਇਮਾਰਤ ਸੰਨ 1947 ਈ. ਤੋਂ ਬਾਦ ਹੌਲੀ ਹੌਲੀ ਹੋਂਦ ਵਿਚ ਆਈ। ਹੁਣ ਇਸ ਗੁਰੂ-ਧਾਮ ਦੇ ਪਰਿਸਰ ਵਿਚ ਇਕ ਸਰੋਵਰ ਵੀ ਬਣਿਆ ਹੋਇਆ ਹੈ। ਇਥੇ ਇਕ ਖ਼ਰੈਤੀ ਹਸਪਤਾਲ ਅਤੇ ਅਜਾਇਬ ਘਰ ਕਾਇਮ ਹਨ ਅਤੇ ਇਕ ਲੜਕੀਆਂ ਦਾ ਸਕੂਲ ਵੀ ਚਲਦਾ ਹੈ। ਇਥੇ ਹਰ ਸੰਗ੍ਰਾਂਦ ਨੂੰ ਬਹੁਤ ਵੱਡਾ ਦੀਵਾਨ ਸਜਦਾ ਹੈ। ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ-ਦਿਨ ਉਚੇਚ ਨਾਲ ਮੰਨਾਇਆ ਜਾਂਦਾ ਹੈ। ਇਥੇ ਬਣੇ ‘ਚੁਬੱਚਾ ਸਾਹਿਬ’ ਦੇ ਜਲ ਨੂੰ ਰੋਗ -ਨਿਵਾਰਕ ਦਸਿਆ ਜਾਂਦਾ ਹੈ।

(6) ਗੁਰਦੁਆਰਾ ਬਾਲਾ ਸਾਹਿਬ: ਇਹ ਗੁਰੂ-ਧਾਮ ਦਿੱਲੀ ਦੀ ਬਾਹਰਲੀ ਰਿੰਗ ਰੋਡ ਉਤੇ ‘ਬਾਰਾਪੁਲਾ’ ਦੇ ਨੇੜੇ ਸਥਿਤ ਹੈ। ਇਹ ਸਥਾਨ ਕਦੇ ਜਮਨਾ ਦਰਿਆ ਦੇ ਕੰਢੇ ਦੇ ਬਹੁਤ ਨੇੜੇ ਸੀ। ਇਥੇ ਛੋਟੀ ਉਮਰ ਦੇ ‘ਬਾਲਾ ਪੀਰ ’ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਦਾਹ-ਸਸਕਾਰ ਕੀਤਾ ਗਿਆ ਸੀ। ਇਸੇ ਕਰਕੇ ਇਸ ਧਾਮ ਦਾ ਨਾਂ ‘ਗੁਰਦੁਆਰਾ ਬਾਲਾ ਸਾਹਿਬ’ ਪ੍ਰਚਲਿਤ ਹੋਇਆ। ਬਾਦ ਵਿਚ ਮਾਤਾ ਸਾਹਿਬ ਦੇਵਾਂ ਅਤੇ ਮਾਤਾ ਸੁੰਦਰੀ ਜੀ ਦਾ ਸਸਕਾਰ ਵੀ ਇਥੇ ਹੀ ਕੀਤਾ ਗਿਆ। ਗੁਰਦੁਆਰਾ ਪਰਿਸਰ ਵਿਚ ਇਨ੍ਹਾਂ ਤਿੰਨਾਂ ਦੀਆਂ ਸਮਾਧਾਂ ਬਣੀਆਂ ਹੋਈਆਂ ਹਨ। ਸੰਨ 1783 ਈ. ਵਿਚ ਸ. ਬਘੇਲ ਸਿੰਘ ਨੇ ਇਥੇ ਗੁਰੂ-ਧਾਮ ਦੀ ਉਸਾਰੀ ਕਰਵਾਈ। ਇਸ ਦੀ ਵਰਤਮਾਨ ਇਮਾਰਤ ਸੰਨ 1955 ਈ. ਵਿਚ ਬਣਵਾਈ ਗਈ। ਇਥੇ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤਿ ਸਮਾਉਣ ਵਾਲੇ ਦਿਨ ਨੂੰ ਉਚੇਚ ਨਾਲ ਮੰਨਾਇਆ ਜਾਂਦਾ ਹੈ।

(7) ਗੁਰਦੁਆਰਾ ਮੋਤੀ ਬਾਗ: ਧੌਲਾ ਕੂਆਂ , ਨਵੀਂ ਦਿੱਲੀ ਦੇ ਨੇੜੇ ਰਿੰਗ ਰੋਡ ਉਤੇ ਸਥਿਤ, ਇਹ ਗੁਰਦੁਆਰਾ ਉਸ ਸਥਾਨ ਉਤੇ ਬਣਿਆ ਹੋਇਆ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਸੰਨ 1707 ਈ. ਵਿਚ ਰਾਜਸਥਾਨ ਤੋਂ ਆ ਕੇ ਦਿੱਲੀ ਠਹਿਰੇ ਸਨ। ਸਿੱਖ ਇਤਿਹਾਸ ਅਨੁਸਾਰ ਗੁਰੂ ਜੀ ਦਾ ਇਕ ਸ਼ਰਧਾਲੂ ਮੋਤੀ ਸ਼ਾਹ ਇਥੇ ਰਹਿੰਦਾ ਸੀ ਜੋ ਚਮੜੇ ਦਾ ਵਪਾਰ ਕਰਦਾ ਸੀ। ਗੁਰੂ ਜੀ ਨੂੰ ਉਸ ਦਾ ਬਾਗ਼ ਅਤੇ ਹਵੇਲੀ ਬਹੁਤ ਪਸੰਦ ਆਈ। ਨਾਲੇ ਨੇੜੇ-ਤੇੜੇ ਦੇ ਖੁਲ੍ਹੇ ਮੈਦਾਨ ਘੋੜਿਆਂ ਅਤੇ ਸੂਰਮਿਆਂ ਦੇ ਰਹਿਣ ਲਈ ਉਚਿਤ ਪ੍ਰਤੀਤ ਹੋਏ। ਮੋਤੀ ਸ਼ਾਹ ਨੇ ਗੁਰੂ ਜੀ ਨੂੰ ਬੜੇ ਆਦਰ ਨਾਲ ਰਖਿਆ। ਇਸ ਹਵੇਲੀ ਦੀ ਅਟਾਰੀ ਉਪਰ ਬੈਠ ਕੇ ਹੀ ਗੁਰੂ ਜੀ ਨੇ ਦੋ ਤੀਰ ਚਲਾ ਕੇ ਲਾਲ ਕਿਲ੍ਹੇ ਵਿਚ ਬੈਠੇ ਸ਼ਹਿਜ਼ਾਦਾ ਮੁਅੱਜ਼ਮ (ਬਹਾਦਰ ਸ਼ਾਹ) ਨੂੰ ਆਪਣੀ ਆਮਦ ਦੀ ਸੂਚਨਾ ਦਿੱਤੀ। ਇਸ ਸਥਾਨ ਦੀ ਨਿਸ਼ਾਨਦੇਹੀ ਕਰਕੇ ਸਭ ਤੋਂ ਪਹਿਲਾਂ ਸ. ਬਘੇਲ ਸਿੰਘ ਨੇ ਸੰਨ 1783 ਈ. ਵਿਚ ਗੁਰਦੁਆਰਾ ਉਸਰਵਾਇਆ। ਇਸ ਦੀ ਵਰਤਮਾਨ ਇਮਾਰਤ ਸੰਨ 1980 ਈ. ਵਿਚ ਬਾਬਾ ਹਰਬੰਸ ਸਿੰਘ ਕਾਰਸੇਵਾ ਵਾਲਿਆਂ ਨੇ ਮੁਕੰਮਲ ਕਰਵਾਈ। ਇਥੇ ਹਰ ਸਾਲ ਗੁਰੂ ਗ੍ਰੰਥ ਸਾਹਿਬ ਦੇ ਪ੍ਰਥਮ ਪ੍ਰਕਾਸ਼ ਦਿਵਸ (16 ਅਗਸਤ, ਹੁਣ 1 ਸਤੰਬਰ) ਨੂੰ ਬੜੀ ਧੂਮ-ਧਾਮ ਨਾਲ ਮੰਨਾਇਆ ਜਾਂਦਾ ਹੈ।

(8) ਗੁਰਦੁਆਰਾ ਦਮਦਮਾ ਸਾਹਿਬ: ਇਹ ਗੁਰੂ-ਧਾਮ ਹੁਮਾਯੂੰ ਦੇ ਮਕਬਰੇ ਦੇ ਨੇੜੇ ਬਾਹਰਲੀ ਰਿੰਗ ਰੋਡ ਉਤੇ ਸਥਿਤ ਹੈ। ਇਥੇ ਗੁਰੂ ਜੀ ਦੀ ਮੁਲਾਕਾਤ ਸ਼ਹਿਜ਼ਾਦਾ ਮੁਅੱਜ਼ਮ ਨਾਲ ਜੂਨ 1707 ਈ. ਵਿਚ ਹੋਈ ਦਸੀ ਜਾਂਦੀ ਹੈ। ਇਥੇ ਹੀ ਗੁਰੂ ਜੀ ਨੇ ਸ਼ਹਿਜ਼ਾਦੇ ਨੂੰ ਦਿੱਲੀ ਦੀ ਬਾਦਸ਼ਾਹੀ ਪ੍ਰਾਪਤ ਕਰਨ ਲਈ ਸਹਾਇਤਾ ਦੇਣ ਦਾ ਵਚਨ ਕੀਤਾ ਸੀ। ਇਸ ਸਥਾਨ ਉਤੇ ਇਕ ਝੋਟੇ ਅਤੇ ਸ਼ਾਹੀ ਮਸਤ ਹਾਥੀ ਦੀ ਲੜਾਈ ਕਰਵਾਈ ਗਈ ਸੀ। ਇਸ ਦੀ ਵਰਤਮਾਨ ਇਮਾਰਤ ਸੰਨ 1984 ਈ. ਵਿਚ ਮੁਕੰਮਲ ਹੋਈ। ਇਥੇ ਹੋਲੇ ਮਹੱਲੇ ਦੇ ਅਵਸਰ ਉਤੇ ਭਾਰੀ ਦੀਵਾਨ ਸਜਦਾ ਹੈ।

(9)       ਗੁਰਦੁਆਰਾ ਮਾਤਾ ਸੁੰਦਰੀ ਜੀ: ਦਿੱਲੀ ਦੇ ਤੁਰਕਮਾਨ ਦਰਵਾਜ਼ੇ ਤੋਂ ਬਾਹਰ ਲਗਭਗ ਇਕ ਕਿ.ਮੀ. ਦੀ ਵਿਥ ਉਤੇ ਸਥਿਤ ਇਹ ਗੁਰੂ-ਧਾਮ ਉਸ ਸਥਾਨ ਉਤੇ ਬਣਿਆ ਹੋਇਆ ਹੈ ਜਿਥੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਸੰਨ 1727 ਈ. ਤੋਂ ਬਾਦ ਠਹਿਰੀਆਂ ਸਨ ਅਤੇ ਮ੍ਰਿਤੂ ਤਕ ਇਥੇ ਹੀ ਰਹੀਆਂ ਸਨ। ਇਸ ਤੋਂ ਪਹਿਲਾਂ ਉਹ ਕੂਚਾ ਦਿਲਵਾਲੀ ਸਿੰਘਾਂ ਦੇ ਇਕ ਘਰ ਵਿਚ ਰਹਿੰਦੀਆਂ ਸਨ, ਪਰ ਸੰਨ 1725 ਈ. ਵਿਚ ਪਾਲਿਤ ਪੁੱਤਰ ਅਜੀਤ ਸਿੰਘ ਦੇ ਮਾਰੇ ਜਾਣ ਤੋਂ ਬਾਦ ਇਹ ਦੋਵੇਂ ਮਥੁਰਾ ਚਲੀਆਂ ਗਈਆਂ। ਦੋ ਸਾਲ ਬਾਦ ਜਦੋਂ ਸਥਿਤੀ ਠੀਕ ਹੋ ਗਈ, ਤਾਂ ਇਹ ਦਿੱਲੀ ਪਰਤ ਆਈਆਂ ਅਤੇ ਤੁਰਕਮਾਨ ਦਰਵਾਜ਼ੇ ਤੋਂ ਬਾਹਰ ਸਰਦਾਰ ਜਵਾਹਰ ਸਿੰਘ ਦਿਲਵਾਲੀ ਦੀ ਹਵੇਲੀ ਵਿਚ ਰਹਿਣ ਲਗੀਆਂ। ਇਹ ਰਿਹਾਇਸ਼ਗਾਹ ਕਾਲਾਂਤਰ ਵਿਚ ‘ਹਵੇਲੀ ਮਾਤਾ ਸੁੰਦਰੀ ਜੀ’ ਕਰਕੇ ਜਾਣੀ ਜਾਣ ਲਗੀ। ਇਸ ਦੀ ਵਰਤਮਾਨ ਇਮਾਰਤ ਦੀ ਉਸਾਰੀ ਸੰਨ 1970 ਈ. ਤਕ ਹੋ ਗਈ ਸੀ। ਇਸ ਧਰਮ-ਧਾਮ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਬੜੇ ਉਤਸਾਹ ਨਾਲ ਮੰਨਾਏ ਜਾਂਦੇ ਹਨ।

ਅਜ-ਕਲ ਇਨ੍ਹਾਂ ਸਾਰਿਆਂ ਗੁਰੂ-ਧਾਮਾਂ ਦੀ ਵਿਵਸਥਾ ‘ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3598, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.