ਦੁਖ-ਸੁਖ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦੁਖ-ਸੁਖ: ਗੁਰੂ ਗ੍ਰੰਥ ਸਾਹਿਬ ਵਿਚ ਦੁਖ ਅਤੇ ਸੁਖ ਸੰਬੰਧੀ ਕਈ ਪ੍ਰਕਾਰ ਦੇ ਕਥਨ ਮਿਲਦੇ ਹਨ। ਇਨ੍ਹਾਂ ਦੋਹਾਂ ਦਾ ਸੰਬੰਧ ਸੰਸਾਰਿਕ ਪ੍ਰਾਪਤੀ ਜਾਂ ਅਪ੍ਰਾਪਤੀ ਨਾਲ ਹੈ। ਸੰਸਾਰਿਕ ਜੀਵਨ ਵਿਚ ਅਨੁਕੂਲ ਸਥਿਤੀ ‘ਸੁਖ’ ਦੀ ਵਾਚਕ ਹੈ ਅਤੇ ਪ੍ਰਤਿਕੂਲ ਸਥਿਤੀ ਦੁਖ ਦੀ ਸੂਚਕ ਹੈ। ਨਿਆਇ-ਸ਼ਾਸਤ੍ਰ ਵਾਲਿਆਂ ਨੇ ਸੁਖ-ਦੁਖ ਨੂੰ ਆਤਮਾ ਦਾ ਗੁਣ ਮੰਨਿਆ ਹੈ ਅਤੇ ਸਾਂਖੑਯ-ਸ਼ਾਸਤ੍ਰ ਵਾਲਿਆਂ ਨੇ ਇਸ ਨੂੰ ਚਿੱਤ ਦਾ ਗੁਣ ਦਸਿਆ ਹੈ। ਹੋਰ ਕਈ ਵਿਦਵਾਨਾਂ ਨੇ ਇਨ੍ਹਾਂ ਨੂੰ ਬੁੱਧੀ ਦਾ ਪਰਿਣਾਮ ਜਾਂ ਵਿਕਾਰ ਕਿਹਾ ਹੈ। ਨੈਤਿਕ ਵਿਚਾਰਾਂ ਵਾਲਿਆਂ ਨੇ ਦੁਖ ਅਤੇ ਸੁਖ ਦਾ ਸੰਬੰਧ ਕ੍ਰਮਵਾਰ ਧਰਮ ਅਤੇ ਅਧਰਮ ਦੇ ਪ੍ਰਕਾਰਜਾਂ ਦੇ ਪ੍ਰਭਾਵਾਂ ਜਾਂ ਪਰਿਣਾਮਾਂ ਨਾਲ ਸਥਾਪਿਤ ਕੀਤਾ ਹੈ।

            ਨਿਆਇ-ਸ਼ਾਸਤ੍ਰ ਵਾਲਿਆਂ ਦੀ ਸਥਾਪਨਾ ਹੈ ਕਿ ਇਸ ਸੰਸਾਰ ਵਿਚ ਕੋਈ ਵੀ ਜੀਵ ਦੁਖ ਤੋਂ ਮੁਕਤ ਨਹੀਂ ਹੈ। ਸਾਡੀਆਂ ਕ੍ਰਿਆਵਾਂ ਦੇ ਫਲ ਨੂੰ ਵੀ ਦੁਖ ਤੋਂ ਕਦੇ ਮੁਕਤੀ ਨਹੀਂ ਮਿਲਦੀ। ਇਸ ਲਈ ਸੁਖ ਨੂੰ ਦੁਖ ਦੇ ਅੰਤਰਗਤ ਹੀ ਮੰਨਿਆ ਜਾਵੇਗਾ। ਪਰ ਜੇ ਸੁਤੰਤਰਤਾ ਪੂਰਵਕ ਵਿਚਾਰ ਕਰੀਏ ਤਾਂ ਸੁਖ ਅਤੇ ਦੁਖ ਦੋਵੇਂ ਜੀਵਨ ਵਿਚ ਘੁਲੇ-ਮਿਲੇ ਅਤੇ ਇਕ ਦੂਜੇ ਉਤੇ ਨਿਰਭਰ ਹਨ। ਗੁਰੂ ਨਾਨਕ ਦੇਵ ਜੀ ਅਨੁਸਾਰ—ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ (ਗੁ.ਗ੍ਰੰ.149)। ਜੀਵਨ ਵਿਚ ਅਧਿਕ ਸੁਖ ਮੰਨਣ ਵਾਲੇ ਸੁਖਵਾਦੀ ਹਨ ਅਤੇ ਅਧਿਕ ਦੁਖ ਮੰਨਣ ਵਾਲੇ ਦੁਖਵਾਦੀ ਹਨ। ਫਲਸਰੂਪ ਸੁਖਵਾਦੀ ਆਸ਼ਾਵਾਦ ਵਲ ਝੁਕਿਆ ਹੋਇਆ ਅਤੇ ਦੁਖਵਾਦੀ ਨਿਰਾਸ਼ਾਵਾਦ ਵਲ। ਸੁਖਵਾਦੀ ਮਾਨਵ ਜੀਵਨ ਦਾ ਪ੍ਰਯੋਜਨ ਸੁਖ ਭੋਗ ਮੰਨਦਾ ਹੈ ਅਤੇ ਦੁਖਵਾਦੀ ਦੁਖ ਜਾਂ ਉਸ ਤੋਂ ਪੈਦਾ ਹੋਣ ਵਾਲੀ ਵੇਦਨਾ ਨੂੰ ਹੰਢਾਉਣਾ ਜੀਵਨ ਦਾ ਮਨੋਰਥ ਸਮਝਦਾ ਹੈ।

            ਸੁਖਵਾਦ ਨੂੰ ਸਿੱਧਾਂਤਿਕ ਆਧਾਰ ਚਾਰਵਾਕ ਦਰਸ਼ਨ ਨੇ ਦਿੱਤਾ ਹੈ ਅਤੇ ਦੁਖਵਾਦੀ ਦ੍ਰਿਸ਼ਟੀਕੋਣ ਨੂੰ ਸਿੱਧਾਂਤਿਕ ਰੂਪ ਮਹਾਤਮਾ ਬੁੱਧ ਨੇ ਪ੍ਰਦਾਨ ਕੀਤਾ ਹੈ। ਬੌਧ- ਮਤ ਦੇ ‘ਨਿਰਵਾਣ’ ਤੋਂ ਮਤਲਬ ਦੁਖ ਤੋਂ ਸ਼ਾਂਤੀ ਪ੍ਰਾਪਤ ਕਰਨਾ ਹੈ, ਨ ਕਿ ਸੁਖ ਦੀ ਪ੍ਰਾਪਤੀ ਕਰਨਾ ਹੈ।

ਮੱਧ-ਯੁਗ ਵਿਚ ਸੰਤਾਂ ਭਗਤਾਂ ਨੇ ਵੈਰਾਗ ਨੂੰ ਆਪਣੇ ਦੁਖਵਾਦ ਦੀ ਆਧਾਰ-ਭੂਮੀ ਬਣਾਇਆ ਹੈ। ਉਨ੍ਹਾਂ ਅਨੁਸਾਰ ਆਤਮਾ ਸ਼ਰੀਰ ਦੇ ਬੰਧਨ ਕਾਰਣ ਦੁਖ ਭੋਗ ਰਹੀ ਹੈ। ਸੰਸਾਰ ਦਾ ਸਭ ਕੁਝ ਉਨ੍ਹਾਂ ਲਈ ਦੁਖ ਹੈ। ਇਸ ਦੁਖ ਤੋਂ ਬਚਣ ਦਾ ਇਕੋ ਇਕ ਉਪਾ ਹੈ ‘ਵੈਰਾਗ’, ਕਿਉਂਕਿ ਵੈਰਾਗ ਤੋਂ ਹੀ ਪਰਮਾਤਮਾ ਦੀ ਭਗਤੀ ਦੀ ਭਾਵਨਾ ਵਿਕਸਿਤ ਹੁੰਦੀ ਹੈ।

            ਗੁਰਬਾਣੀ ਵਿਚ ਵੀ ਸੰਸਾਰ ਨੂੰ ਦੁਖਮਈ ਮੰਨਿਆ ਗਿਆ ਹੈ—ਨਾਨਕ ਦੁਖੀਆ ਸਭੁ ਸੰਸਾਰੁ ਸਾਰਾ ਜਗਤ ਦੁਖੀ ਹੈ। ਹਰ ਕਿਸੇ ਨੂੰ ਕੋਈ ਨ ਕੋਈ ਦੁਖ ਵਿਆਪਤ ਹੈ, ਕੋਈ ਵਿਰਲਾ ਹੀ ਸੁਖੀ ਹੈ—ਜਗੁ ਦੁਖੀਆ ਸੁਖੀਆ ਜਨੁ ਕੋਇ ਜਗੁ ਰੋਗੀ ਭੋਗੀ ਗੁਣ ਰੋਇ (ਗੁ.ਗ੍ਰੰ.413)। ‘ਸਾਰੰਗ ਦੀ ਕਾਰ ’ ਵਿਚ ਅੰਕਿਤ ਹੈ ਕਿ ਮਨੁੱਖ ਦੁਖ ਵਿਚ ਜੰਮਦਾ ਹੈ, ਦੁਖ ਵਿਚ ਮਰਦਾ ਹੈ ਅਤੇ ਦੁਖ ਵਿਚ ਹੀ ਸੰਸਾਰ ਵਿਚ ਵਿਵਹਾਰ ਕਰਦਾ ਹੈ। ਸੰਸਾਰਿਕ ਜੀਵਨ ਦੀ ਸਮਾਪਤੀ ਉਤੇ ਵੀ ਦੁਖ ਹੀ ਦੁਖ ਮਿਲਦਾ ਹੈ। ਕਿਉਂਕਿ ਜਦੋਂ ਈਸ਼ਵਰੀ ਦਰਗਾਹ ਵਿਚ ਪਾਪਾਂ ਦੀ ਗੰਢ ਖੁਲ੍ਹਦੀ ਹੈ, ਤਾਂ ਉਸ ਵਿਚ ਸੁਖਾਂ ਦੇ ਨਿਕਲਣ ਦੀ ਕੋਈ ਆਸ ਹੀ ਨਹੀਂ ਹੁੰਦੀ। ਸਚ ਤਾਂ ਇਹ ਹੈ ਕਿ ਇਸ ਸੰਸਾਰ ਵਿਚ ਰਹਿੰਦੇ ਹੋਇਆਂ ਜੀਵ ਦੁਖਾਂ ਵਿਚ ਸੜਦਾ ਹੈ ਅਤੇ ਦੁਖੀ ਹੋ ਕੇ ਇਥੋਂ ਚਲਦਾ ਹੈ—ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ ਦੁਖੁ ਦੁਖੁ ਅਗੈ ਆਖੀਐ ਪੜ੍ਹਿ ਪੜ੍ਹਿ ਕਰਹਿ ਪੁਕਾਰ ਦੁਖ ਕੀਆ ਪੰਡਾ ਖੁਲ੍ਹੀਆ ਸੁਖੁ ਨਿਕਲਿਓ ਕੋਇ ਦੁਖ ਵਿਚਿ ਜੀਉ ਜਲਾਇਆ ਦੁਖੀਆ ਚਲਿਆ ਰੋਇ (ਗੁ.ਗ੍ਰੰ.1240)।

            ਸ਼ਾਸਤ੍ਰਾਂ ਵਿਚ ਦੁਖ ਕਈ ਪ੍ਰਕਾਰ ਦੇ ਮੰਨੇ ਗਏ ਹਨ। ਸਾਂਖੑਯ-ਮਤ ਵਾਲਿਆਂ ਅਨੁਸਾਰ ਆਮ ਤੌਰ ’ਤੇ ਦੁਖ ਤਿੰਨ ਪ੍ਰਕਾਰ ਦੇ ਹਨ— ਅਧਿਆਤਮਿਕ, ਆਧਿਭੌਤਿਕ ਅਤੇ ਆਧਿਦੈਵਿਕ। ਇਨ੍ਹਾਂ ਨੂੰ ਕ੍ਰਮਵਾਰ ਦੈਹਿਕ, ਭੌਤਿਕ ਅਤੇ ਦੈਵਿਕ ਦੁਖ ਵੀ ਕਿਹਾ ਜਾਂਦਾ ਹੈ। ਇਨ੍ਹਾਂ ਦੀ ਵਿਆਖਿਆ ਕਰਦਿਆਂ ਦਸਿਆ ਗਿਆ ਹੈ ਕਿ ਸਥੂਲ ਅਤੇ ਸੂਖਮ ਦੇਹ ਤੋਂ ਪੈਦਾ ਹੋਣ ਵਾਲਾ ਦੁਖ ਅਧਿਆਤਮਿਕ ਹੈ। ਸ਼ਰੀਰਿਕ ਅਤੇ ਮਾਨਸਿਕ ਆਧਿ-ਵਿਆਧਿ, ਜਿਵੇਂ ਰੋਗ , ਕ੍ਰਿੋਧ, ਸੰਤਾਪ, ਆਦਿ ਦੁਖ ਇਸ ਵਰਗ ਦੇ ਅੰਤਰਗਤ ਹਨ। ਬਾਹਰਲੇ ਭੌਤਿਕ ਪਦਾਰਥਾਂ ਕਰਕੇ ਪੈਦਾ ਹੋਣ ਵਾਲੇ ਦੁਖ ਆਧਿਭੌਤਿਕ ਦੁਖ ਹਨ, ਜਿਵੇਂ ਸਟ ਵਜਣ ਜਾਂ ਸੂਈ ਚੁਭਣ ਨਾਲ ਹੋਣ ਵਾਲਾ ਦੁਖ। ਆਧਿਦੈਵਿਕ ਦੁਖ ਉਹ ਹਨ ਜੋ ਬਾਹਰਲੇ ਅਲੌਕਿਕ ਕਾਰਣਾਂ ਕਰਕੇ ਪੈਦਾ ਹੁੰਦੇ ਹਨ, ਜਿਵੇਂ ਭੂਤਾਂ-ਪ੍ਰੇਤਾਂ ਦੇ ਦੁਖ, ਬਿਜਲੀ ਡਿਗਣ ਨਾਲ ਉਤਪੰਨ ਹੋਏ ਦੁਖ, ਆਦਿ।

            ਗੁਰੂ ਗ੍ਰੰਥ ਸਾਹਿਬ ਵਿਚ ਦੁਖਾਂ ਦਾ ਉੱਲੇਖ ਕਿਸੇ ਸ਼ਾਸਤ੍ਰੀ ਵਿਧੀ ਨਾਲ ਨਹੀਂ ਹੋਇਆ। ਹਾਂ ਕਿਤੇ ਕਿਤੇ ਇਨ੍ਹਾਂ ਵਲ ਸੰਕੇਤ ਜ਼ਰੂਰ ਕੀਤਾ ਗਿਆ ਹੈ, ਜਿਵੇਂ ਇਕ ਵਿਯੋਗ ਦਾ ਦੁਖ ਹੈ ਅਤੇ ਇਕ ਭੁਖ ਦਾ ਦੁਖ ਹੈ। ਇਕ ਦੁਖ ਯਮਦੂਤ ਦਾ ਹੈ ਅਤੇ ਇਕ ਸ਼ਰੀਰ ਵਿਚ ਕਿਸੇ ਰੋਗ ਕਾਰਣ ਪੈਦਾ ਹੋਇਆ ਦੁਖ ਹੈ—ਦੁਖੁ ਵੇਛੋੜਾ ਇਕੁ ਦੁਖੁ ਭੂਖ ਇਕੁ ਦੁਖੁ ਸਕਤਵਾਰ ਜਮਦੂਤ ਇਕੁ ਦੁਖੁ ਰੋਗੁ ਲਗੈ ਤਨਿ ਧਾਇ ਵੈਦ ਭੋਲੇ ਦਾਰੂ ਲਾਇ... ਖਸਮੁ ਵਿਸਾਰਿ ਕੀਏ ਰਸ ਭੋਗ ਤਾਂ ਤਨਿ ਉਠਿ ਖਲੋਏ ਰੋਗ (ਗੁ.ਗ੍ਰੰ.1256)। ਸਪੱਸ਼ਟ ਹੈ ਕਿ ਗੁਰਬਾਣੀ ਵਿਚ ਸੰਸਾਰ ਨੂੰ ਦੁਖਮਈ ਮੰਨਿਆ ਗਿਆ ਹੈ। ਬਾਬਾ ਫ਼ਰੀਦ ਨੇ ਵੀ ਕਿਹਾ ਹੈ—ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ (ਗੁ.ਗ੍ਰੰ.1382)।

            ਉਕਤ ਵਿਸ਼ਲੇਸ਼ਣ ਤੋਂ ਸਪੱਸ਼ਟ ਹੁੰਦਾ ਹੈ ਕਿ ਗੁਰਬਾਣੀ ਵਿਚ ਪ੍ਰਤਿਪਾਦਿਤ ਦੁਖਵਾਦ ਬੌਧ-ਮਤ ਵਾਲਾ ਜਾਂ ਸੂਫ਼ੀਮਤ ਤੋਂ ਪ੍ਰਭਾਵਿਤ ਜਾਂ ਅਨੁਪ੍ਰਾਣਿਤ ਨਹੀਂ ਹੈ। ਗੁਰਬਾਣੀ ਵਿਚਲੇ ਦੁਖ ਦਾ ਮੂਲ ਕਾਰਣ ਪਰਮਾਤਮਾ ਦੀ ਭਗਤੀ ਅਤੇ ਹਰਿ-ਨਾਮ ਦੇ ਸਿਮਰਨ ਦਾ ਅਭਾਵ ਹੈ। ਜੋ ਸਿਮਰਨ ਵਿਚ ਲੀਨ ਹੋ ਜਾਂਦੇ ਹਨ, ਉਨ੍ਹਾਂ ਦਾ ਤਨ-ਮਨ ਸੁਖੀ ਹੋ ਜਾਂਦਾ ਹੈ। ਉਹ ਹਰਿ-ਨਾਮ ਦੀ ਆਰਾਧਨਾ ਦੇ ਫਲਸਰੂਪ ਸਾਰਿਆਂ ਦੁਖਾਂ ਨੂੰ ਅੰਮ੍ਰਿਤ ਸਮਝ ਕੇ ਪੀ ਲੈਂਦੇ ਹਨ, ਅਰਥਾਤ ਉਨ੍ਹਾਂ ਨੂੰ ਪ੍ਰਭੂ ਵਲੋਂ ਦਿੱਤੇ ਹੋਏ ਮੰਨ ਕੇ ਉਨ੍ਹਾਂ ਨੂੰ ਸਹਿਨ ਕਰ ਲੈਂਦੇ ਹਨ ਅਤੇ ਫਿਰ ਦੁਖ ਦੇ ਅਨੁਭਵ ਤੋਂ ਖ਼ਲਾਸ ਹੋ ਜਾਂਦੇ ਹਨ—ਸਗਲੇ ਦੁਖ ਅੰਮ੍ਰਿਤੁ ਕਰਿ ਪੀਵੈ ਬਾਹੁੜਿ ਦੂਖੁ ਪਾਇਦਾ (ਗੁ.ਗ੍ਰੰ.1034)।

            ਗੁਰਬਾਣੀ ਵਿਚ ਦੁਖ ਨੂੰ ਦੂਰ ਕਰਨ ਦੇ ਉਪਾ ਵੀ ਦਸੇ ਗਏ ਹਨ। ਮੁੱਖ ਉਪਾ ਇਹ ਹੈ ਕਿ ਦੁਖ ਨੂੰ ਭੁਲਾਉਣ ਲਈ ਪਰਮਾਤਮਾ ਦੀ ਭਗਤੀ ਭਾਵਨਾ ਜਾਂ ਵੈਰਾਗ ਦੀ ਰੁਚੀ ਪੈਦਾ ਹੁੰਦੀ ਹੈ, ਜਿਸ ਦਾ ਸੁਖ ਦੀ ਅਵਸਥਾ ਵਿਚ ਪੈਦਾ ਹੋਣਾ ਸੰਭਵ ਨਹੀਂ ਹੈ। ਇਸ ਲਈ ਗੁਰਬਾਣੀ ਦੀ ਮਾਨਤਾ ਹੈ ਕਿ ਸੰਸਾਰਿਕ ਸੁਖ ਤਾਂ ਰੋਗ ਦੇ ਸਮਾਨ ਹਨ। ਕੇਵਲ ਦੁਖ ਦੀ ਅਵਸਥਾ ਹੀ ਮਨੁੱਖ ਨੂੰ ਹਰਿ-ਭਗਤੀ ਨਾਲ ਜੋੜਦੀ ਹੈ ਅਤੇ ਉਸ ਨੂੰ ਵਾਸਤਵਿਕ ਸੁਖ ਪ੍ਰਾਪਤ ਕਰਨ ਦੇ ਸਮਰਥ ਬਣਾਉਂਦੀ ਹੈ— ਦੁਖੁ ਦਾਰੂ ਸੁਖੁ ਰੋਗ ਭਇਆ ਜਾ ਸੁਖੁ ਤਾਮਿ ਹੋਈ (ਗੁ.ਗ੍ਰੰ.469)।

            ਇਸ ਦੁਖਦਾਇਕ ਸੰਸਾਰ ਵਿਚ ਹਰ ਕੋਈ ਸੁਖ ਦੀ ਅਭਿਲਾਸ਼ਾ ਕਰਦਾ ਹੈ, ਪਰ ਵਾਸਤਵਿਕਤਾ ਨੂੰ ਸਮਝਣ ਲਈ ਕੋਈ ਤਿਆਰ ਨਹੀਂ ਹੈ। ਜੋ ਸੁਖ ਦੀ ਆਸ਼ਾ ਕਰਦਾ ਹੈ, ਉਹ ਹੋਰ ਦੁਖ ਪ੍ਰਾਪਤ ਕਰਦਾ ਹੈ। ਅਸਲ ਵਿਚ ਸੁਖ ਅਤੇ ਦੁਖ ਦੋਵੇਂ ਰੋਗ ਹਨ। ਇਹ ਪ੍ਰਭੂ-ਪ੍ਰਦਤ ਹਨ। ਇਨ੍ਹਾਂ ਦੀ ਪ੍ਰਾਪਤੀ ਪੂਰਬਲੇ ਜਨਮਾਂ ਦੇ ਕਰਮਾਂ ਉਤੇ ਨਿਰਭਰ ਕਰਦੀ ਹੈ।

            ਗੁਰਬਾਣੀ ਵਿਚ ‘ਸੁਖ’ ਸ਼ਬਦ ਦੀ ਵਰਤੋਂ ਸਾਧਾਰਣ ਅਰਥਾਂ ਤੋਂ ਇਲਾਵਾ ਅਧਿਆਤਮਿਕ ਸੁਖ ਦੇ ਅਰਥਾਂ ਵਿਚ ਵੀ ਹੋਈ ਹੈ। ਇਸ ਸੁਖ ਨੂੰ ‘ਆਨੰਦ’ (ਵੇਖੋ) ਜਾਂ ਸਹਿਜ ਸੁਖ ਕਹਿੰਦੇ ਹਨ। ਸੰਸਾਰਿਕ ਸੁਖ ਅਤੇ ਅਧਿਆਤਮਿਕ ਸੁਖ ਵਿਚ ਬਹੁਤ ਫ਼ਰਕ ਹੈ। ਸੰਸਾਰਿਕ ਸੁਖ ਪਰਿਵਰਤਨਸ਼ੀਲ ਹੈ, ਅਸਥਿਰ ਹੈ, ਛਿਣ-ਭੰਗਰ ਹੈ। ਇਸ ਦੇ ਮੁਕਾਬਲੇ’ਤੇ ਆਨੰਦ ਨਿੱਤ ਹੈ, ਸਥਾਈ ਹੈ। ਸੁਖ ਦੁਖ ਦੀ ਲੋੜ ਮਹਿਸੂਸ ਕਰਦਾ ਹੈ। ਇਨ੍ਹਾਂ ਦੋਹਾਂ ਦਾ ਪਰਸਪਰ ਦੁਅੰਦ ਹੈ। ਪਰ ਆਨੰਦ ਇਸ ਪ੍ਰਕਾਰ ਦੇ ਦੁਅੰਦ ਤੋਂ ਅਤੀਤ ਹੈ ਕਿਉਂਕਿ ਇਹ ਦੁਅੰਦ ਅਨੁਭੂਤੀ ਨ ਹੋ ਕੇ ਅਦ੍ਵੈਤ ਅਨੁਭੂਤੀ ਹੈ। ਗੁਰੂ ਨਾਨਕ ਦੇਵ ਜੀ ਨੇ ਭੌਤਿਕ ਜਾਂ ਲੌਕਿਕ ਸੁਖ ਨੂੰ ਬਿਲਕੁਲ ਭਿੰਨ ਮੰਨਿਆ ਹੈ। ਇਸ ਗੱਲ ਨੂੰ ਉਨ੍ਹਾਂ ਨੇ ਗਉੜੀ ਰਾਗ ਦੀ ਦਸਵੀਂ ਅਸ਼ਟਪਦੀ ਵਿਚ ਬੜੇ ਵਿਸਤਾਰ ਨਾਲ ਦਰਸਾਇਆ ਹੈ। ਗੁਰੂ ਅਰਜਨ ਦੇਵ ਜੀ ਨੇ ਵੀ ਗਉੜੀ ਰਾਗ ਵਿਚ ਰਾਜਸੀ ਠਾਠ ਅਤੇ ਹਰ ਪ੍ਰਕਾਰ ਦੀਆਂ ਸੁਖ-ਸੁਵਿਧਾਵਾਂ ਨੂੰ ਅਧਿਆਤਮਿਕ ਸੁਖ ਤੋਂ ਭਿੰਨ ਅਤੇ ਅਸਥਾਈ ਦਸਦੇ ਹੋਇਆਂ ਹਰਿ-ਕੀਰਤਨ ਅਤੇ ਸਾਧ-ਸੰਗਤ ਕਰਨ ਦੁਆਰਾ ‘ਆਨੰਦ’ ਦੀ ਪ੍ਰਾਪਤੀ ਲਈ ਪ੍ਰੇਰਿਤ ਕੀਤਾ ਹੈ—ਅਸੁ ਪਵਨ ਹਸਤਿ ਅਸਵਾਰੀ ਚੋਆ ਚੰਦਨੁ ਸੇਜ ਸੁੰਦਰਿ ਨਾਰੀ ਨਟ ਨਾਟਿਕ ਆਖਾਰੇ ਗਾਇਆ ਤਾ ਮਹਿ ਮਨਿ ਸੰਤੋਖੁ ਪਾਇਆ ਤਖਤੁ ਸਭਾ ਮੰਡਨ ਦੋਲੀਚੇ ਸਗਲ ਮੇਵੇ ਸੁੰਦਰ ਬਾਗੀਚੇ ਆਖੇੜ ਬਿਰਤਿ ਰਾਜਨ ਕੀ ਲੀਲਾ ਮਨੁ ਸੁਹੇਲਾ ਪਰਪੰਚੁ ਹੀਲਾ ਕਰਿ ਕਿਰਪਾ ਸੰਤਨ ਸਚੁ ਕਹਿਆ ਸਰਬ ਸੂਖ ਇਹੁ ਆਨੰਦੁ ਲਹਿਆ ਸਾਧ ਸੰਗਿ ਹਰਿ ਕੀਰਤਨੁ ਗਾਈਐ ਕਹੁ ਨਾਨਕ ਵਡਭਾਗੀ ਪਾਈਐ (ਗੁ.ਗ੍ਰੰ.179)।

            ਸਹਿਜ ਸੁਖ ਅਥਵਾ ਆਨੰਦ ਦੀ ਪ੍ਰਾਪਤੀ ਲਈ ਗੁਰਬਾਣੀ ਵਿਚ ਜਿਥੇ ਕਿਥੇ ਜੋ ਸਾਧਨ ਦਸੇ ਗਏ ਹਨ, ਉਨ੍ਹਾਂ ਦਾ ਸੰਖੇਪ ਇਸ ਪ੍ਰਕਾਰ ਹੈ— (1) ਜਿਗਿਆਸੂ ਦੁਆਰਾ ਪ੍ਰਭੂ ਦੀ ਉਸਤਤ ਅਤੇ ਗੁਣਗਾਨ ਕਰਨਾ—ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ਕਲਿ ਕਲੇਸ ਤਨ ਮਾਹਿ ਮਿਟਾਵਉ (ਗੁ.ਗ੍ਰੰ.262)। (2) ਗੁਰੂ ਦੀ ਸ਼ਰਣ ਵਿਚ ਜਾਣਾ ਅਤੇ ਉਪਦੇਸ਼ ਮੰਨਣਾ—ਸਰਬ ਸੁਖਾ ਸੁਖੁ ਸਾਚਾ ਏਹੁ ਗੁਰ ਉਪਦੇਸੁ ਮਨੈ ਮਹਿ ਲੇਹੁ (ਗੁ.ਗ੍ਰੰ.178)। (3) ਨਾਮ ਦਾ ਸਿਮਰਨ ਕਰਨਾ —ਨਾਮਿ ਬਿਸਾਰਿ ਕਰੇ ਰਸ ਭੋਗ ਸੁਖੁ ਸੁਪਨੈ ਨਹੀ ਤਨ ਮਹਿ ਰੋਗ (ਗੁ.ਗ੍ਰੰ.240)। (4) ਸੇਵਾ ਕਰਨਾ, (5) ਹਉਮੈ ਦਾ ਤਿਆਗ ਕਰਨਾ, ਅਤੇ (6) ਸਮਦਰਸ਼ੀ ਭਾਵਨਾ ਅਧੀਨ ਸੁਖ ਦੁਖ ਨੂੰ ਸਮਾਨ ਸਮਝਣਾ—ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ (ਗੁ.ਗ੍ਰੰ. 57); ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ (ਗੁ.ਗ੍ਰੰ.219); ਜੋ ਕਿਛੂ ਕਰੈ ਸੁ ਪ੍ਰਭ ਕੈ ਰੰਗਿ ਸਦਾ ਸਦਾ ਬਸੈ ਹਰਿ ਸੰਗਿ ਸਹਜ ਸੁਭਾਇ ਹੋਵੈ ਸੋ ਹੋਇ ਕਰਣੈਹਾਰੁ ਪਛਾਣੈ ਸੋਇ (ਗੁ.ਗ੍ਰੰ.282)।

            ਸਾਰਾਂਸ਼ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਗੁਰਬਾਣੀ ਸੰਸਾਰ ਨੂੰ ਦੁਖਮਈ ਮੰਨਦੀ ਹੈ, ਪਰ ਉਸ ਦੇ ਦੁਖਵਾਦ ਦਾ ਆਧਾਰ ਬੌਧ-ਮਤ ਜਾਂ ਸੂਫ਼ੀਮਤ ਵਾਲਾ ਨਹੀਂ। ਬਾਣੀਕਾਰਾਂ ਅਨੁਸਾਰ ਹਰਿ-ਭਗਤੀ ਨ ਕਰਨਾ ਅਤੇ ਨਾਮ ਨੂੰ ਭੁਲਾ ਦੇਣਾ ਹੀ ਦੁਖ ਦਾ ਮੂਲ ਕਾਰਣ ਹੈ। ਪਰ ਸੁਖ ਵੀ ਕੋਈ ਉਤਮ ਵਸਤੂ ਜਾਂ ਗੌਰਵਮਈ ਪ੍ਰਾਪਤੀ ਨਹੀਂ ਹੈ। ਦੋਵੇਂ ਰੋਗ ਹਨ। ਇਨ੍ਹਾਂ ਦੋਹਾਂ ਤੋਂ ਸ੍ਰੇਸ਼ਠ ਅਲੌਕਿਕ ਸੁਖ ਹੈ, ਜਿਸ ਨੂੰ ‘ਆਨੰਦ’ ਵੀ ਕਿਹਾ ਜਾਂਦਾ ਹੈ। ਸੁਖ ਦੀ ਅਵਸਥਾ ਵਿਚ ਅਲੌਕਿਕ ਸੁਖ ਦੀ ਪ੍ਰਾਪਤੀ ਸੰਭਵ ਨਹੀਂ, ਪਰ ਦੁਖ ਦੀ ਅਵਸਥਾ ਵਿਚ ਅਲੌਕਿਕ ਸੁਖ ਦੀ ਪ੍ਰਾਪਤੀ ਦੀ ਸਥਿਤੀ ਪੈਦਾ ਹੋ ਸਕਣ ਦੀ ਸੰਭਾਵਨਾ ਹੈ। ਅਲੌਕਿਕ ਜਾਂ ਸਹਿਜ ਸੁਖ ਦੀ ਪ੍ਰਾਪਤੀ ਵਿਚ ਭ-ਗਤੀ, ਹਰਿ-ਕੀਰਤਨ, ਨਾਮ- ਸਿਮਰਨ, ਵਾਸਨਾਵਾਂ ਦਾ ਤਿਆਗ, ਸੇਵਾ ਦੀ ਭਾਵਨਾ ਅਤੇ ਸਮਦਰਸ਼ੀ ਬਿਰਤੀ ਦੀ ਮਹੱਤਵਪੂਰਣ ਭੂਮਿਕਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6382, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.