ਦੁਹਰੁਕਤੀ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਦੁਹਰੁਕਤੀ: ਦੁਹਰੁਕਤੀ ਸੰਕਲਪ ਦੀ ਵਰਤੋਂ ਭਾਵਾਂਸ਼-ਵਿਉਂਤ ਵਿਚ ਕੀਤੀ ਜਾਂਦੀ ਹੈ। ਜਦੋਂ ਦੋ ਸ਼ਾਬਦਕ ਰੂਪ ਇਕੱਠੇ ਵਿਚਰਦਿਆਂ ਹੋਇਆਂ ਇਕ ਸ਼ਰੇਣੀ ਵਜੋਂ ਕਾਰਜ ਕਰਦੇ ਹੋਣ ਉਨ੍ਹਾਂ ਰੂਪਾਂ\ਜੜੁੱਤ ਸ਼ਬਦਾਂ ਨੂੰ ਦੁਹਰੁਕਤੀ ਆਖਿਆ ਜਾਂਦਾ ਹੈ। ਇਹ ਦੋ ਰੂਪ ਜਦੋਂ ਕਿਸੇ ਵਾਕਾਤਮਕ ਜੁਗਤ ਵਿਚ ਇਕੱਠਿਆਂ ਵਿਚਰਦੇ ਹਨ ਤਾਂ ਉਸ ਜੁਗਤ ਵਿਚ ਇਨ੍ਹਾਂ ਦਾ ਵਿਸ਼ੇਸ਼ ਅਰਥ ਹੁੰਦਾ ਹੈ। ਪੰਜਾਬੀ ਵਿਆਕਰਨਾਂ ਵਿਚ ਅਤੇ ਆਮ ਵਰਤੋਂ ਵਿਚ ਦੁਹਰੁਕਤੀ ਅਤੇ ਸਮਾਸ ਨੂੰ ਵਿਕਲਪੀ ਸੰਕਲਪਾਂ ਦੇ ਤੌਰ ’ਤੇ ਸਮਝ ਲਿਆ ਜਾਂਦਾ ਹੈ ਅਤੇ ਵਿਕਲਪ ਵਜੋਂ ਵਰਤੋਂ ਵੀ ਕੀਤੀ ਜਾਂਦੀ ਹੈ ਜਦੋਂ ਕਿ ਦੁਹਰੁਕਤੀ ਇਕਾਈ ਦੀ ਬਣਤਰ ਵਿਚ ਇਕੋ ਸ਼ਬਦ ਦਾ ਦੁਹਰਾ ਹੁੰਦਾ ਹੈ ਜਾਂ ਦੁਹਰਾਏ ਗਏ ਸ਼ਬਦਾਂ ਵਿਚ ਧੁਨਾਤਮਕ ਸਾਂਝ ਹੁੰਦੀ ਹੈ, ਜਿਵੇਂ : ਪਿੰਡ ਪਿੰਡ, ਪਿੰਡੋਂ ਪਿੰਡ, ਗੱਪ ਸ਼ੱਪ, ਖਾ ਖੂ ਆਦਿ। ਪਰ ਦੂਜੇ ਪਾਸੇ ਸਮਾਸ ਜੁਗਤਾਂ ਨੂੰ ਘੜਨ ਵੇਲੇ ਦੋ ਵੱਖਰੀ ਭਾਂਤ ਦੇ ਸੁਤੰਤਰ ਜਾਂ ਬੰਧੇਜੀ ਭਾਵਾਂਸ਼ (ਸ਼ਬਦ) ਮਿਲਦੇ ਹਨ ਅਤੇ ਨਵੇਂ ਸ਼ਬਦ ਦੀ ਸਿਰਜਨਾ ਕਰਦੇ ਹਨ। ਦੁਹਰੁਕਤੀ ਦੁਆਰਾ ਵਿਸ਼ੇਸ਼ ਅਰਥਾਂ ਦੀ ਸਿਰਜਨਾ ਕੀਤੀ ਜਾਂਦੀ ਹੈ ਜਿਵੇਂ : ਪਾਣੀ ਧਾਣੀ ਪੀ ਲਿਆ ਜੇ? ਵਾਕ ਵਿਚ ‘ਧਾਣੀ’ ਸ਼ਬਦ ਦੇ ਕੋਈ ਕੋਸ਼ਗਤ ਅਰਥ ਨਹੀਂ ਹਨ ਪਰ ਪਹਿਲੇ ਸ਼ਬਦ ਰੂਪ ਨਾਲ ਜੁੜ ਕੇ ਇਹ ਵਿਸ਼ੇਸ਼ ਅਰਥਾਂ ਦਾ ਧਾਰਨੀ ਹੁੰਦਾ ਹੈ ਜਿਵੇਂ : ‘ਪਾਣੀ ਪੀ ਲਿਆ ਜੇ?’ ਦਾ ਅਰਥ ਹੈ ਕੀ ਤੁਸੀਂ ਪਾਣੀ ਪੀ ਲਿਆ ਹੈ ਜਾਂ ਨਹੀਂ। ‘ਪਾਣੀ ਧਾਣੀ’ ਦੀ ਵਰਤੋਂ ਦਾ ਅਰਥ ਹੈ ਕੀ ਤੁਸੀਂ ਪਾਣੀ ਜਾਂ ਹੋਰ ਖਾਣ ਪੀਣ ਵਾਲੀ ਚੀਜ਼ ਖਾ ਪੀ ਲਈ ਹੈ ਜਾਂ ਨਹੀਂ। ਦੁਹਰੁਕਤੀ ਸੰਕਲਪ ਨੂੰ ਦੁਹਰਾ ਦੇ ਸਮਅਰਥੀ ਸਮਝਿਆ ਜਾਂਦਾ ਹੈ। ਰੂਪ ਦੇ ਪੱਖ ਤੋਂ ਕਈ ਵਾਰ ਸਮੁੱਚੇ ਰੂਪ ਦਾ ਦੁਹਰਾ ਹੁੰਦਾ ਹੈ ਅਤੇ ਕਈ ਵਾਰ ਕੁਝ ਧੁਨੀਆਂ ਦਾ ਦੁਹਰਾ ਹੁੰਦਾ ਹੈ ਪਰ ਅਰਥ ਪੱਖੋਂ ਇਕ ਸ਼ਬਦ ਰੂਪ ਨੂੰ ਦੋ ਵਾਰੀ ਜੜੁੱਤ ਰੂਪ ਵਿਚ ਜਾਂ ਦੋ ਮਿਲਦੇ ਜੁਲਦੇ ਰੂਪਾਂ ਨੂੰ ਇਕ ਜੁਗਤ ਵਿਚ ਵਰਤਣ ਨਾਲ ਅੰਤਰ ਆਉਂਦਾ ਹੈ। ਇਸ ਪਰਿਵਰਤਨ ਦਾ ਵਿਕਲਪ ਕੋਈ ਹੋਰ ਵਾਕਾਤਮਕ ਬਣਤਰ ਬਣ ਜਾਂਦੀ ਹੈ ਪਰ ਫਿਰ ਵੀ ਉਹ ਪੂਰਾ ਆਸ਼ਾ ਨਹੀਂ ਪਰਗਟਾ ਸਕਦੀ ਜਿਵੇਂ : ਉਹ ਘਰ ਘਰ ਗਿਆ ਵਿਚਲੀ ‘ਘਰ ਘਰ’ ਦੁਹਰੁਕਤੀ ਦਾ ਸੰਕਲਪ ‘ਘਰ’ ਸ਼ਬਦ ਦਾ ਬਹੁਵਚਨ ਬਣਾਉਣ ਨਾਲ ਨਹੀਂ ਹੁੰਦਾ, ਜਿਵੇਂ : ‘ਉਹ ਘਰਾਂ ਵਿਚ ਗਿਆ’, ਜਾਂ ‘ਉਹ ਬਹੁਤ ਘਰਾਂ ਵਿਚ ਗਿਆ’, ‘ਉਹ ਸਾਰੇ ਘਰਾਂ ਵਿਚ ਗਿਆ’। ਇਨ੍ਹਾਂ ਬਣਤਰਾਂ ਰਾਹੀਂ ਦੁਹਰੁਕਤੀ ਦੇ ਭਾਵ ਨੂੰ ਕੁਝ ਹੱਦ ਤੱਕ ਪੇਸ਼ ਕੀਤਾ ਜਾ ਸਕਦਾ ਹੈ। ਜਿਵੇਂ : ਉਹ ਕੱਲੇ ਕੱਲੇ ਘਰ ਗਿਆ। ਪਰ ਇਸ ਵਿਚ ਫੇਰ ਵੱਖਰੀ ਦੁਹਰੁਕਤੀ ਦੀ ਵਰਤੋਂ ਹੋਈ ਹੈ। ਦੁਹਰੁਕਤੀ ਵਿਚ ਵਿਚਰਨ ਵਾਲੇ ਤੱਤਾਂ ਨੂੰ ਰੂਪਾਂ ਅਨੁਸਾਰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ : (i) ਸਾਂਵੇ ਰੂਪਾਂ ਦਾ ਦੁਹਰਾ ਅਤੇ (ii) ਅਸਾਵੇਂ ਰੂਪਾਂ ਦਾ ਦੁਹਰਾ। ਸਾਵੇਂ ਰੂਪਾਂ ਦੇ ਦੁਹਰਾ ਵਾਲੀਆਂ ਬਣਤਰਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ : (i) ਇਕੋ ਸ਼ਰੇਣੀ ਦੇ ਰੂਪਾਂ ਦਾ ਦੁਹਰਾ ਅਤੇ (ii) ਇਕੋ ਪਰਕਾਰ ਦੇ ਰੂਪਾਂ ਵਿਚਕਾਰ ਸਬੰਧ ਪੈਦਾ ਕਰਨ ਵਾਲੇ ਸ਼ਬਦਾਂ ਦੀ ਵਰਤੋਂ। ਜਦੋਂ ਇਕ ਸ਼ਰੇਣੀ ਦੇ ਸ਼ਬਦਾਂ ਦਾ ਦੁਹਰਾ ਹੁੰਦਾ ਹੈ ਤਾਂ ਉਸ ਬਣਤਰ ਵਿਚ ਇਕੋ ਸ਼ਰੇਣੀ ਦੇ ਦੋ ਰੂਪ ਇਕੱਠੇ ਵਿਚਰਦੇ ਹਨ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਤਕਰੀਬਨ ਸਾਰੀਆਂ ਸ਼ਬਦ-ਸ਼ਰੇਣੀਆਂ ਦਾ ਦੁਹਰੁਕਤੀਕਰਨ ਕੀਤਾ ਜਾ ਸਕਦਾ ਹੈ ਜਿਵੇਂ : ਦਾਣੇ ਦਾਣੇ, ਜੋ ਜੋ, ਛੋਟੇ ਛੋਟੇ, ਛੇਤੀ ਛੇਤੀ, ਨੱਚ ਨੱਚ ਆਦਿ। ਦੂਜੇ ਭਾਗ ਵਿਚ ਇਨ੍ਹਾਂ ਹੀ ਬਣਤਰਾਂ ਵਿਚ ਕੋਈ ਸ਼ਬਦ (ਸਬੰਧਕ, ਯੋਜਕ, ਪਾਰਟੀਕਲ) ਜੁੜਦਾ ਹੈ ਜਿਵੇਂ : ਦਾਣੇ ਹੀ ਦਾਣੇ, ਛੋਟੇ ਤੋਂ ਛੋਟੇ, ਪਿੰਡ ਦਾ ਪਿੰਡ, ਛੇਤੀ ਤੋਂ ਛੇਤੀ, ਘੜੀ ਦੀ ਘੜੀ, ਵੇਲੇ ਦੇ ਵੇਲੇ ਆਦਿ। ਅਸਾਵੇਂ ਰੂਪਾਂ ਦੇ ਦੁਹਰਾ ਲਈ ਵਰਤੀ ਜਾਂਦੀ ਦੁਹਰੁਕਤੀ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ, ਜਿਵੇਂ : (i) ਸੁਤੰਤਰ ਹੋਂਦ ਵਾਲੇ ਦੋ ਰੂਪ ਅਤੇ (ii) ਇਕ ਸੁਤੰਤਰ ਤੇ ਦੂਜਾ ਬੰਧੇਜੀ ਰੂਪ। ਉਹ ਦੋ ਸ਼ਬਦ ਰੂਪ ਜੋ ਵੱਖਰੀ ਸਥਿਤੀ ਵਿਚ ਸੁਤੰਤਰ ਤੌਰ ’ਤੇ ਵਿਚਰ ਸਕਣ ਦੀ ਸਮਰੱਥਾ ਰੱਖਦੇ ਹਨ ਜਦੋਂ ਇਕ ਬਣਤਰ ਵਿਚ ਇਕੱਠੇ ਵਿਚਰਦੇ ਹੋਣ ਤਾਂ ਦੁਹਰੁਕਤੀ ਵਜੋਂ ਕਾਰਜ ਕਰਦੇ ਹਨ। ਇਹ ਸ਼ਬਦ ਆਮ ਤੌਰ ’ਤੇ ਇਕੋ ਸ਼ਬਦ-ਸ਼ਰੇਣੀ ਦੇ ਮੈਂਬਰ ਹੁੰਦੇ ਹਨ ਪਰ ਇਨ੍ਹਾਂ ਵਿਚ ਧੁਨਾਤਮਕ ਪੱਧਰ ਦੀ ਸਾਂਝ ਹੁੰਦੀ ਹੈ ਜਿਵੇਂ : ਤਨ ਮਨ, ਮਾੜਾ ਮੋਟਾ, ਪੌਣ ਪਾਣੀ, ਜਿੰਦ ਜਾਨ, ਲਾਲ ਸੂਹੇ ਆਦਿ। ਦੂਜੀ ਭਾਂਤ ਦੇ ਅਸਾਵੇਂ ਰੂਪਾਂ ਦੇ ਦੁਹਰਾ ਵਿਚ ਉਨ੍ਹਾਂ ਸ਼ਬਦਾਂ ਨੂੰ ਰੱਖਿਆ ਜਾਂਦਾ ਹੈ ਜਿਨ੍ਹਾਂ ਵਿਚੋਂ ਘੱਟੋ ਘੱਟ ਇਕ ਮੈਂਬਰ ਸੁਤੰਤਰ ਸ਼ਬਦ ਵਜੋਂ ਵਿਚਰ ਸਕਦਾ ਹੋਵੇ ਅਤੇ ਆਮ ਤੌਰ ’ਤੇ ਇਹ ਸ਼ਬਦ ਪਹਿਲਾਂ ਵਿਚਰਦਾ ਹੈ ਜਿਵੇਂ : ਗੱਪ ਸ਼ੱਪ, ਪੀ ਪੂ, ਖਾ ਖੂ, ਨੱਚ ਨੁੱਚ, ਉਡ ਪੁੱਡ, ਲਿਖ ਲੁਖ, ਪੱਠੇ ਪੁੱਠੇ, ਭੀੜ ਭਾੜ, ਧੂਮ ਧਾਮ, ਘੜੀ ਮੁੜੀ ਆਦਿ। ਦੁਹਰੁਕਤੀ ਦੀ ਬਣਤਰ ਵਿਚ ਵਿਚਰਨ ਵਾਲੇ ਸ਼ਬਦ ਰੂਪ ਆਪਣੇ ਮੂਲ ਅਰਥ ਗੁਆ ਬੈਠਦੇ ਹਨ ਅਤੇ ਇਨ੍ਹਾਂ ਸ਼ਬਦਾਂ ਦੇ ਅਰਥਾਂ ਨੂੰ ਵਾਕ ਦੇ ਸੰਦਰਬ ਵਿਚ ਹੀ ਸਮਝਿਆ ਜਾ ਸਕਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 6010, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.