ਦੋ-ਭਾਸ਼ਕਤਾ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਦੋ-ਭਾਸ਼ਕਤਾ: ਇਸ ਸੰਕਲਪ ਦੀ ਵਰਰਤੋਂ ਸਮਾਜ ਭਾਸ਼ਾ ਵਿਗਿਆਨ ਵਿਚ ਕੀਤੀ ਜਾਂਦੀ ਹੈ। ਜਦੋਂ ਇਕੋ ਹੀ ਭਾਸ਼ਾ ਦੀਆਂ ਦੋ ਵੱਖਰੀਆਂ ਵੰਨਗੀਆਂ ਦੀ ਵਰਤੋਂ ਇਕੋ ਸਮਾਜ ਵਿਚ ਕੀਤੀ ਜਾਂਦੀ ਹੋਵੇ। ਇਹ ਦੋਵੇਂ ਵੰਨਗੀਆਂ ਇਕ ਹੱਦ ਤੱਕ ਸਥਾਪਤ ਹੁੰਦੀਆਂ ਹਨ ਅਤੇ ਇਸ ਨੂੰ ਸਥਾਨਕ ਬੁਲਾਰੇ ਬੋਲਣ ਦੀ ਸਮਰੱਥਾ ਰਖਦੇ ਹਨ। ਆਮ ਤੌਰ ’ਤੇ ਸਮਾਜ ਭਾਸ਼ਾ ਵਿਗਿਆਨੀ ਇਨ੍ਹਾਂ ਨੂੰ ਦੋ ਭਾਗਾਂ ਵਿਚ ਵੰਡਦੇ ਹਨ : (i) ਉਚਾ ਦਰਜਾ ਅਤੇ (ii) ਨੀਵਾਂ ਦਰਜਾ। ਜਦੋਂ ਕੋਈ ਵਕਤਾ ਕਿਸੇ ਉਸ ਮੌਕੇ ’ਤੇ ਬੋਲਦਾ ਹੈ ਜਿਹੜਾ ਮੌਕਾ ਇਕ ਰਵਾਇਤੀ ਪੱਧਰ ਦਾ ਹੈ ਤਾਂ ਉਹ ਉਚ-ਦਰਜੇ ਦੀ ਭਾਸ਼ਾ ਦੀ ਵਰਤੋਂ ਕਰਦਾ ਹੈ ਜਾਂ ਫਿਰ ਇਸ ਪਰਕਾਰ ਦੇ ਭਾਸ਼ਾਈ ਰੂਪ ਦੀ ਵਰਤੋਂ ਲਿਖਤ ਭਾਸ਼ਾ ਲਈ ਕੀਤੀ ਜਾਂਦੀ ਹੈ। ਦੂਜੇ ਪਾਸੇ ਨੀਵੇਂ ਦਰਜੇ ਦੀ ਭਾਸ਼ਾ ਉਸ ਨੂੰ ਕਿਹਾ ਜਾਂਦਾ ਹੈ ਜਿਸ ਦੀ ਵਰਤੋਂ ਸਧਾਰਨ ਸਥਿਤੀਆਂ ਵਿਚ ਕੀਤੀ ਜਾਂਦੀ ਹੈ ਅਤੇ ਆਮ ਤੌਰ ’ਤੇ ਇਸ ਦੀ ਵਰਤੋਂ ਗੈਰ-ਰਵਾਇਤੀ ਤੌਰ ’ਤੇ ਬੋਲਚਾਲ ਲਈ ਕੀਤੀ ਜਾਂਦੀ ਹੈ। ਉਚ ਦਰਜੇ ਦੀ ਭਾਸ਼ਾ ਦੀ ਵਰਤੋਂ ਵਿਦਿਅਕ ਅਦਾਰਿਆਂ, ਧਾਰਮਿਕ ਸਥਾਨਾਂ, ਰੇਡੀਓ, ਟੀ. ਵੀ. ਪਰੋਗਰਾਮਾਂ ਜਾਂ ਸਾਹਿਤ ਰਚਨਾ ਲਈ ਕੀਤੀ ਜਾਂਦੀ ਹੈ। ਇਸ ਸੰਕਲਪ ਦੀ ਵਰਤੋਂ ਚਾਰਲਸ ਫਰਗੂਸਨ ਨੇ ਗਰੀਸ, ਅਰਬ ਅਤੇ ਜਰਮਨ ਵਾਲੇ ਸਵਿਸ ਵਾਸੀਆਂ ਦੀ ਭਾਸ਼ਾਈ ਸਥਿਤੀ ਬਿਆਨ ਕਰਨ ਲਈ ਕੀਤੀ। ਫਰਗੂਸਨ ਅਨੁਸਾਰ ਉਚ ਦਰਜੇ ਜਾਂ ਨੀਵੇਂ ਦਰਜੇ ਦੇ ਭਾਸ਼ਾਈ ਰੂਪ ਇਕੋ ਭਾਸ਼ਾ ਦੀਆਂ ਦੋ ਕਿਸਮਾਂ ਹਨ ਪਰ ਕੁਝ ਵਿਦਵਾਨਾਂ ਨੇ ਇਸ ਸੰਕਲਪ ਦੇ ਘੇਰੇ ਨੂੰ ਹੋਰ ਮੋਕਲਾ ਕਰ ਦਿੱਤਾ ਜਿਨ੍ਹਾਂ ਵਿਚੋਂ ਫਿਸ਼ਮੈਨ ਦਾ ਨਾਂ ਲਿਆ ਜਾ ਸਕਦਾ ਹੈ। ਉਹ ਇਕ ਭਾਸ਼ਾ ਸਮੂਹ ‘ਪੈਰਾਗੋਈ’ ਦੀ ਉਦਾਹਰਨ ਦਿੰਦਾ ਹੈ। ਉਸ ਅਨੁਸਾਰ ਸਪੇਨਿਸ਼ ਅਤੇ ਗੁਰਾਨੀ ਉੱਚ ਦਰਜੇ ਅਤੇ ਨੀਵੇਂ ਦਰਜੇ ਦੇ ਭਾਸ਼ਾਈ ਰੂਪ ਹਨ। ਉਸ ਅਨੁਸਾਰ ਇਹ ਦੋ ਵੱਖੋ ਵੱਖਰੀਆਂ ਭਾਸ਼ਾਵਾਂ ਹਨ ਪਰ ਫਿਰ ਵੀ ਇਸ ਨੂੰ ਦੋ ਭਾਸ਼ਕਤਾ ਦੇ ਘੇਰੇ ਵਿਚ ਲਿਆ ਜਾਂਦਾ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1366, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First